ਤੀਆਂ ਵੇ ਲਵਾਉਣ ਵਾਲ਼ਿਆ... (ਲੇਖ) : ਅੰਮ੍ਰਿਤ ਕੌਰ
ਰਾਜੇ ਮਹਾਰਾਜਿਆਂ ਸਮੇਂ ਤੀਆਂ ਦਾ ਇਤਿਹਾਸ ਭਾਵੇਂ ਵਧੀਆ ਨਾ ਰਿਹਾ ਹੋਵੇ। ਪਰ ਬਦਲਦੀ-ਬਦਲਦੀ ਇਹ ਰੀਤ ਕੁੜੀਆਂ ਦਾ ਖੁਸ਼ੀਆਂ ਚਾਵਾਂ ਭਰਿਆ ਪਿਆਰਾ ਤਿਉਹਾਰ ਬਣ ਗਈ। ਸਾਉਣ ਮਹੀਨੇ ਜਦੋਂ ਵੀ ਤੀਆਂ ਦਾ ਗਿੱਧਾ ਪਾਉਂਦੀਆਂ ਆਪਣੀਆਂ ਪਿਆਰੀਆਂ ਸਹੇਲੀਆਂ ਨੂੰ ਮਿਲਦੀਆਂ ਕੁੜੀਆਂ ਦੀ ਖੁਸ਼ੀ ਹੱਦਾਂ ਤੋਂ ਪਾਰ ਹੋ ਜਾਂਦੀ ਹੈ ਤਾਂ ਉਹ ਤੀਆਂ ਲਵਾਉਣ ਵਾਲ਼ਿਆਂ ਲਈ ਅਸੀਸਾਂ ਦੀ ਝੜੀ ਲਾ ਦਿੰਦੀਆਂ ਹਨ-
ਤੀਆਂ ਵੇ ਲਵਾਉਣ ਵਾਲ਼ਿਆ,
ਤੇਰੀ ਜੀਵੇ ਪੁੱਤਰਾਂ ਦੀ ਜੋੜੀ,
ਸਾਉਣ ਦਾ ਮਹੀਨਾ ਸਾਡੇ ਸੱਭਿਆਚਾਰ ਵਿੱਚ ਖਾਸ ਥਾਂ ਰੱਖਦਾ ਹੈ। ਜੇਠ ਹਾੜ੍ਹ ਦੀਆਂ ਹੱਡ ਸਾੜਦੀਆਂ ਧੁੱਪਾਂ ਤੋਂ ਬਾਅਦ ਕੁਦਰਤ ਮਿਹਰਬਾਨ ਹੁੰਦੀ ਹੈ। ਮੀਂਹ ਪੈਂਦਾ ਹੈ। ਬਨਸਪਤੀ ਅਤੇ ਫ਼ਸਲਾਂ ਹਰੀਆਂ ਭਰੀਆਂ ਹੋ ਜਾਂਦੀਆਂ ਹਨ। ਸਾਰੇ ਪਾਸੇ ਹਰਿਆਵਲ ਹੁੰਦੀ ਹੈ। ਧਰਤੀ, ਰੁੱਖ, ਵੇਲ-ਬੂਟਿਆਂ, ਜੀਵ ਜੰਤੂਆਂ ਦੀ ਪਿਆਸ ਬੁੱਝਦੀ ਹੈ। ਚਾਰੇ ਪਾਸੇ ਕੁਦਰਤ ਦੀ ਖੂਬਸੂਰਤੀ ਭਰੀ ਹਰਿਆਵਲ ਦੇਖ ਕੇ ਅੱਖਾਂ ਰੱਜਦੀਆਂ ਹਨ। ਮੋਰ, ਬਬੀਹੇ, ਕੋਇਲ, ਬੁਲਬੁਲ, ਚਿੜੀਆਂ, ਤੋਤੇ ਆਦਿ ਪੰਛੀਆਂ ਦੇ ਗੀਤ, ਬਾਰਿਸ਼ ਦੀਆਂ ਬੂੰਦਾਂ ਦੀ ਟਿੱਪ-ਟਿੱਪ, ਹਰੇ ਭਰੇ ਰੁੱਖਾਂ ਦੇ ਨਾਲ਼ ਖਹਿ ਕੇ ਲੰਘਦੀਆਂ ਹਵਾਵਾਂ ਦਾ ਸੰਗੀਤ ਕੰਨਾਂ ਰਾਹੀਂ ਰੂਹ ਤੱਕ ਅੱਪੜਦਾ ਹੈ। ਚਮੇਲੀ, ਮੋਤੀਆ, ਰਾਤ ਦੀ ਰਾਣੀ ਆਦਿ ਫੁੱਲਾਂ ਦੀ ਖੁਸ਼ਬੂਦਾਰ ਹਵਾ ਸਾਹਾਂ ਨਾਲ਼ ਘੁਲ਼-ਮਿਲ਼ ਕੇ ਧੁਰ ਅੰਦਰ ਤੱਕ ਲਹਿ ਜਾਂਦੀ ਹੈ। ਘਰ-ਪਰਿਵਾਰ ਗਲ਼ੀਆਂ-ਮੁਹੱਲੇ ਖੀਰ-ਪੂੜਿਆਂ ਦੀਆਂ ਮਹਿਕਾਂ ਨਾਲ਼ ਭਰ ਜਾਂਦੇ ਹਨ ਇਹਨਾਂ ਦਾ ਨਾਂ ਲੈਣ ਸਾਰ ਜੀਭ ਲਲਚਾਉਣ ਲੱਗ ਪੈਂਦੀ ਹੈ। ਮੀਂਹ ਦੀਆਂ ਫੁਹਾਰਾਂ ਤਨ ਮਨ ਨੂੰ ਠੰਢ ਪਾਉਂਦੀਆਂ ਖੁਸ਼ੀਆਂ ਖੇੜੇ ਬਖਸ਼ਦੀਆਂ ਹਨ।
ਕੁੱਝ ਦਹਾਕੇ ਪਹਿਲਾਂ ਦੇ ਸਾਉਣ ਮਹੀਨੇ ਦੀਆਂ ਰੌਣਕਾਂ ਬਾਰੇ ਸੋਚ ਕੇ ਹੁਣ ਵੀ ਦ੍ਰਿਸ਼ ਅੱਖਾਂ ਅੱਗੇ ਆ ਜਾਂਦੇ ਹਨ। ਇਹ ਮਹੀਨਾ ਕੁੜੀਆਂ ਦੀਆਂ ਉਮੰਗਾਂ ਸੱਧਰਾਂ ਦਾ ਮਹੀਨਾ ਹੁੰਦਾ। ਇਸ ਮਹੀਨੇ ਉਹਨਾਂ ਦਾ ਸਭ ਤੋਂ ਪਿਆਰਾ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ। ਚਾਨਣੀ ਦੂਜ ਨੂੰ ਮਹਿੰਦੀ ਲਾ ਕੇ ਤੀਜ ਨੂੰ ਤੀਆਂ ਸ਼ੁਰੂ ਹੋ ਜਾਂਦੀਆਂ। ਵਿਆਹੀਆਂ ਕੁਆਰੀਆਂ ਸਾਰੀਆਂ ਕੁੜੀਆਂ ਮਹਿੰਦੀ ਲਾਉਂਦੀਆਂ। ਬਜ਼ੁਰਗ ਔਰਤਾਂ ਵੀ ਆਪਣੀ ਹਥੇਲੀ ਦੇ ਵਿਚਕਾਰ ਮਹਿੰਦੀ ਦਾ ਵੱਡਾ ਸਾਰਾ ਟਿੱਕਾ ਲਾ ਕੇ ਸ਼ਗਨ ਪੂਰਾ ਕਰਦੀਆਂ। ਤੀਜ ਵਾਲ਼ੇ ਦਿਨ ਜਦੋਂ ਮਹਿੰਦੀ ਦਾ ਰੰਗ ਖ਼ੂਬ ਗੂੜ੍ਹਾ ਚੜ੍ਹਿਆ ਹੁੰਦਾ। ਇੱਕ ਦੂਜੀ ਦੇ ਹੱਥਾਂ 'ਤੇ ਚੜ੍ਹੀ ਮਹਿੰਦੀ ਦੇ ਰੰਗ ਤੋਂ ਕੋਈ ਸੱਸ ਤੋਂ ਮਿਲਦੇ ਪਿਆਰ ਦਾ ਅੰਦਾਜ਼ਾ ਲਾਉਂਦੀ, ਕੋਈ ਪਤੀ ਦੇ ਪਿਆਰ ਦਾ। ਜਦੋਂ ਕੋਈ ਮਾਣਮੱਤੀ ਮੁਟਿਆਰ ਮਹਿੰਦੀ ਵਾਲ਼ੇ ਹੱਥਾਂ ਦਾ ਊਂਜਲ਼ ਬਣਾ ਕੇ ਪਾਣੀ ਪੀਂਦੀ ਤਾਂ ਊਂਜਲ਼ ਵਿੱਚ ਭਰੇ ਪਾਣੀ ਵਿੱਚ ਦੀ ਦਿਸਦੀ ਮਹਿੰਦੀ ਵੱਡੇ-ਵੱਡੇ ਚਿੱਤਰਕਾਰਾਂ ਦੀ ਚਿੱਤਰਕਾਰੀ ਨੂੰ ਮਾਤ ਪਾਉਂਦੀ।
ਆਮ ਕਰਕੇ ਵਿਆਹੀਆਂ ਕੁੜੀਆਂ ਦੇ ਵੀਰ ਉਹਨਾਂ ਨੂੰ ਪੇਕੇ ਲੈ ਆਉਂਦੇ। ਜਿਸ ਰਿਸ਼ਤੇ ਤੋਂ ਵੀ ਉਹਨਾਂ ਨੂੰ ਕੋਈ ਔਖ ਹੁੰਦੀ। ਤੀਆਂ ਦੇ ਗਿੱਧੇ ਵਿੱਚ ਉਸ ਰਿਸ਼ਤੇ ਨਾਲ਼ ਸੰਬੰਧਿਤ ਬੋਲੀਆਂ ਪਾ ਕੇ ਆਪਣੀ ਪੂਰੀ ਭੜਾਸ ਕੱਢ ਕੇ ਹੌਲ਼ੀਆਂ ਫੁੱਲ ਹੋ ਜਾਂਦੀਆਂ। ਜਿਹਨਾਂ ਦੇ ਵੀਰ ਕੰਮਾਂ ਤੋਂ ਵਿਹਲ ਨਾ ਹੋਣ ਕਰਕੇ ਭੈਣਾਂ ਨੂੰ ਲੈਣ ਨਾ ਜਾ ਸਕਦੇ। ਉਹ ਆਪਣੀ ਸੱਸ ਦੇ ਤਾਹਨੇ ਤੋਂ ਕੁਰਲਾ ਉੱਠਦੀਆਂ-
ਸੱਸ ਮਾਰਦੀ ਗਲ਼ੀ ਦੇ ਵਿੱਚ ਤਾਹਨੇ,
ਤੀਆਂ ਨੂੰ ਨਾ ਆਇਆ ਵੀਰਨਾ।
ਕੇਰਾਂ ਆ ਜਾ ਵੇ ਭੈਣ ਦੇ ਵਿਹੜੇ ,
ਪੁੰਨਿਆਂ ਦਾ ਚੰਨ ਬਣ ਕੇ।
ਉਹਨਾਂ ਦੇ ਸਾਰੇ ਉਲ੍ਹਾਮੇ, ਚਾਅ, ਰੀਝਾਂ, ਉਮੰਗਾਂ, ਖੁਸ਼ੀਆਂ, ਦੁਆਵਾਂ ਗਿੱਧੇ ਦੀਆਂ ਬੋਲੀਆਂ ਦੇ ਰੂਪ ਵਿੱਚ ਬਦਲ ਜਾਂਦੀਆਂ ਹਨ।
ਸਾਉਣ ਮਹੀਨੇ ਚੜ੍ਹੀਆਂ ਕਾਲ਼ੀਆਂ ਘਟਾਵਾਂ ਹੇਠ ਉੱਡਦੇ ਚਿੱਟੇ ਬਗ਼ਲੇ ਆਪਣੇ ਹੀ ਚਿੱਟੇ ਰੰਗ ਨੂੰ ਮਾਤ ਪਾਉਂਦੇ ਵਿਖਾਈ ਦਿੰਦੇ ਹਨ। ਜੇ ਕਿਤੇ ਕਾਲ਼ੀ ਘਟਾ ਬਿਨਾਂ ਵਰਸੇ ਹੀ ਲੰਘ ਜਾਵੇ ਤਾਂ ਕੁੜੀਆਂ ਆਪਣੇ ਵੀਰ ਨੂੰ ਆਖਦੀਆਂ -
ਕਾਲ਼ੀ ਘਟਾ ਵੇ ਬਨੇਰੇ ਕੋਲੋਂ ਮੁੜਗੀ,
ਵੀਰਾ ਕੁਛ ਪੁੰਨ ਕਰ ਦੇ।
ਆਪਣੇ ਭਰਾ ਦੇ ਦਾਨੀ ਅਤੇ ਧਰਮੀ ਹੋਣ ਦੀ ਸਿਫ਼ਤ ਵੀ ਕਰਦੀਆਂ -
ਸਣੇ ਬੈਲ ਗੱਡਾ ਪੁੰਨ ਕੀਤਾ,
ਵੀਰ ਮੇਰੇ ਧਰਮੀ ਨੇ।
ਆਪਣੇ ਵੀਰ 'ਤੇ ਬਹੁਤ ਮਾਣ ਕਰਦੀਆਂ। ਉਸ ਦੇ ਆਉਣ ਨਾਲ ਭੈਣਾਂ ਦਾ ਮਾਣ ਵੱਧਦਾ। ਜਦੋਂ ਵੀਰ ਨੂੰ ਆਉਂਦਾ ਵੇਖਦੀਆਂ ਤਾਂ ਆਪ-ਮੁਹਾਰੇ ਰੁਤਬਾ ਉੱਚਾ ਮਹਿਸੂਸ ਹੋਣ ਲੱਗ ਪੈਂਦਾ ਹੈ-
ਜਦੋਂ ਵੇਖਿਆ ਵੀਰ ਨੂੰ ਆਉਂਦਾ,
ਮੱਲ (ਪਹਿਲਵਾਨ) ਵਾਂਗੂੰ ਪੱਬ ਚੱਕਦੀ।
ਨਵੀਆਂ ਵਿਆਹੀਆਂ ਦੇ ਕੰਤ ਤੀਆਂ ਵੇਖਣ ਦੇ ਬਹਾਨੇ ਸਹੁਰੇ ਪਿੰਡ ਗੇੜਾ ਮਾਰਦੇ। ਕੁੜੀਆਂ ਦੇ ਮਖ਼ੌਲ ਝੱਲਦੇ। ਆਪ ਵੀ ਬਣਦਾ ਸਰਦਾ ਉੱਤਰ ਦਿੰਦੇ। ਸਿਆਣੇ ਸੰਸਕਾਰੀ ਘਰਾਂ ਦੇ ਪੁੱਤ ਪਤਨੀ ਦੀਆਂ ਸਹੇਲੀਆਂ ਨਾਲ ਹਾਸਾ-ਠੱਠਾ ਮਰਿਆਦਾ ਵਿੱਚ ਰਹਿ ਕੇ ਕਰਦੇ। ਇਸੇ ਤਰ੍ਹਾਂ ਸਿਆਣੀਆਂ ਕੁੜੀਆਂ ਪਿਉ ਦੇ ਨਾਲ਼-ਨਾਲ਼ ਚਾਚੇ-ਤਾਇਆਂ ਦੀ ਸ਼ਰਮ ਵੀ ਮੰਨਦੀਆਂ। ਕਈ ਕੁੜੀਆਂ ਦੇ ਮਨ ਵਿੱਚ ਰੀਝ ਹੁੰਦੀ ਕਿ ਉਹਨਾਂ ਦੇ ਮਾਹੀ ਵੀ ਤੀਆਂ ਵੇਖਣ ਆਉਣ ਪਰ ਉਹ ਕੰਮਾਂ ਦੇ ਰੁਝੇਵਿਆਂ ਕਾਰਨ ਨਹੀਂ ਆ ਸਕਦੇ। ਉਹਨਾਂ ਕੁੜੀਆਂ ਦੇ ਵਲਵਲੇ ਇਸ ਤਰ੍ਹਾਂ ਪ੍ਰਗਟ ਹੁੰਦੇ -
ਹੋਰਾਂ ਦੇ ਮਾਹੀਏ ਤੀਆਂ ਵੇਖਣ,
ਮੇਰਾ ਗੁੱਡੇ ਕਪਾਹ।
ਵੇ ਕੀ ਰਾਹ ਨੀ ਜਾਣਦਾ?
ਤੀਆਂ ਵੇਖਣ ਆ।
ਉਹਨਾਂ ਦਾ ਗਿੱਧਾ ਅਤੇ ਅੱਡੀਆਂ ਦੀ ਧਮਕ ਜਿੱਥੇ ਉਹਨਾਂ ਨੂੰ ਮਨੋਂ-ਤਨੋਂ ਤੰਦਰੁਸਤੀ ਬਖਸ਼ਦੀ ਉੱਥੇ ਪੇਕੇ ਪਿੰਡ ਨੂੰ ਬਰਕਤਾਂ ਨਾਲ ਭਰਦੀ। ਪੀਂਘਾਂ ਝੂਟਦੀਆਂ, ਹੱਸਦੀਆਂ-ਖੇਡਦੀਆਂ, ਨੱਚਦੀਆਂ-ਟੱਪਦੀਆਂ, ਗਾਉਂਦੀਆਂ ਨੂੰ ਪਤਾ ਵੀ ਨਾ ਲੱਗਦਾ ਕਦੋਂ ਤੀਆਂ ਦਾ ਆਖ਼ਰੀ ਦਿਨ ਆ ਜਾਂਦਾ। ਤੀਆਂ ਦੇ ਅਖ਼ੀਰਲੇ ਪੂਰਨਮਾਸ਼ੀ ਵਾਲੇ ਦਿਨ ਬੱਲੋ ਪਾਈ ਜਾਂਦੀ। ਸਾਰਾ ਗੁੱਸਾ ਭਾਦੋਂ 'ਤੇ ਉਤਾਰਿਆ ਜਾਂਦਾ-
ਭਾਦੋਂ ਕਟਕ ਚੜ੍ਹੀ,
ਕੁੜੀਆਂ ਦੇ ਪੈਣ ਵਿਛੋੜੇ।
ਸਾਉਣ ਵੀਰ 'ਕੱਠੀਆਂ ਕਰੇ,
ਭਾਦੋਂ ਚੰਦਰੀ ਵਿਛੋੜੇ ਪਾਵੇ।
ਤੀਆਂ ਵਾਲ਼ੀ ਥਾਂ ਦੇ ਨੇੜੇ ਟੋਭੇ ਜਾਂ ਢਾਬ ਦੇ ਕੰਢੇ ਤੋਂ ਦੁੱਬ ਪੁੱਟ ਕੇ ਘਰੀਂ ਲਿਆਂਦੀ ਜਾਂਦੀ। ਬਾਬਲ ਦੇ ਵਿਹੜੇ ਦੀ ਸੁੱਖ ਮੰਗਦੀਆਂ ਅਤੇ ਵੀਰਾਂ ਦੇ ਗੁੱਟ 'ਤੇ ਪਹੁੰਚੀ(ਰੱਖੜੀ) ਬੰਨ੍ਹਦੀਆਂ। ਬਾਬਲ, ਭਾਈ-ਭਤੀਜਿਆਂ ਦੇ ਘਰ ਲਈ ਅੰਨ ਧਨ ਦੀਆਂ ਬਰਕਤਾਂ ਮੰਗਦੀਆਂ, ਦੁਆਵਾਂ ਕਰਦੀਆਂ। ਅਗਲੇ ਸਾਲ ਫਿਰ 'ਕੱਠੀਆਂ ਹੋਣ ਦਾ 'ਕਰਾਰ ਕਰਦੀਆਂ ਗਾਉਂਦੀਆਂ ।
ਵਰ੍ਹੇ ਦਿਨਾਂ ਨੂੰ ਫੇਰ,
ਤੀਆਂ ਤੀਜ ਦੀਆਂ।
ਅਜੋਕੇ ਸਮੇਂ ਦੀਆਂ ਤੀਆਂ ਭਾਵੇਂ ਸਟੇਜਾਂ ਦਾ ਸ਼ਿੰਗਾਰ ਬਣ ਕੇ ਈ ਰਹਿ ਗਈਆਂ ਹਨ। ਪਰ ਬਹੁਤੀ ਥਾਈਂ ਥੋੜ੍ਹੇ ਕੁ ਸਾਲਾਂ ਤੋਂ ਪਿੰਡਾਂ ਵਾਲ਼ੇ ਫਿਰ ਕੋਸ਼ਿਸ਼ ਕਰ ਰਹੇ ਹਨ ਕਿ ਪਿੰਡ ਦੀਆਂ ਧੀਆਂ ਪੰਦਰਾਂ ਦਿਨ ਨਾ ਸਹੀ ਇੱਕ ਦੋ ਦਿਨ ਜ਼ਰੂਰ ਆ ਕੇ ਪਿੰਡ ਵਿੱਚ ਰੌਣਕਾਂ ਲਾਉਣ। ਹੁਣ ਥੋੜ੍ਹੀਆਂ ਬਹੁਤੀਆਂ ਬੋਲੀਆਂ ਪਾ ਕੇ ਵੀਡੀਓ ਬਣਾ ਲਈ ਜਾਂਦੀ ਹੈ। ਫਿਰ ਡੀ ਜੇ ਤੇ ਗਾਣੇ ਲਾ ਕੇ ਹੀ ਨੱਚ ਟੱਪ ਲੈਂਦੀਆਂ ਹਨ। ਪਹਿਲਾਂ ਵਾਲੀ ਸਾਦਗੀ ਅਤੇ ਚਿਹਰਿਆਂ 'ਤੇ ਕੁਦਰਤੀ ਚਮਕ ਤਾਂ ਨਹੀਂ ਪਰ ਨਕਲੀ ਰੰਗ ਰੂਪ ਜ਼ਰੂਰ ਚਿਹਰਿਆਂ 'ਤੇ ਚੜ੍ਹਾ ਲਿਆ ਜਾਂਦਾ ਹੈ। ਕੁਦਰਤੀ ਚਮਕ ਵਾਲ਼ੇ ਚਿਹਰੇ ਹਿੱਕ ਦੇ ਜ਼ੋਰ ਨਾਲ ਬੋਲੀਆਂ ਪਾਉਣ ਤੇ ਹੋਰ ਚਮਕਦੇ ਹਨ ਪਰ ਨਕਲੀ ਰੂਪ ਚੜ੍ਹਾਉਣ ਵਾਲ਼ੀਆਂ ਦਾ ਰੰਗ ਖ਼ੁਰਨ ਲੱਗ ਪੈਂਦਾ ਹੈ। ਹੁਣ ਕੋਈ ਨੈਣ ਨੂੰ ਸਿਰ ਗੁੰਦ ਕੇ ਡਾਕ ਬੰਗਲਾ ਪਾਉਣ ਲਈ ਨਹੀਂ ਆਖਦੀ। ਨਾ ਹੀ ਕਿਸੇ ਦੀ ਗੁੱਤ 'ਤੇ ਕਚਹਿਰੀ ਲੱਗ ਸਕਦੀ ਹੈ। ਇਹ ਕੰਮ ਬਿਊਟੀ ਪਾਰਲਰ ਵਾਲ਼ਿਆਂ ਨੇ ਸਾਂਭ ਲਿਆ। ਖ਼ੈਰ ਪਰਿਵਰਤਨ ਤਾਂ ਕੁਦਰਤ ਦਾ ਨਿਯਮ ਹੈ ਜਦੋਂ ਹਰ ਪਾਸੇ ਬਦਲਾਅ ਆਇਆ ਹੈ ਤਾਂ ਫਿਰ ਇਸ ਤਿਉਹਾਰ ਵਿੱਚ ਆਈ ਤਬਦੀਲੀ ਨੂੰ ਵੀ ਸਵੀਕਾਰ ਕਰਨਾ ਪਵੇਗਾ।