Jadon Mainu Kaan Chimbre : Hari Krishan Mayer

ਜਦੋਂ ਮੈਨੂੰ ਕਾਂ ਚਿੰਬੜੇ (ਆਪ ਬੀਤੀ) : ਹਰੀ ਕ੍ਰਿਸ਼ਨ ਮਾਇਰ

ਉਸ ਦਿਨ ਮੈਂ ਜਲਦੀ ਘਰ ਆ ਗਿਆ ਸਾਂ। ਮਾਂ ਵੀ ਜਿਵੇਂ ਮੈਨੂੰ ਹੀ ਉਡੀਕ ਰਹੀ ਸੀ। ਮੈਂ ਆਪਣਾ ਬੈਗ ਰੱਖਿਆ ਹੀ ਸੀ ਕਿ ਮਾਂ ਬੋਲੀ, ''ਦੀਪੇ, ਦਸਮੀਂ ਦੀ ਰੋਟੀ ਦੇ ਆਏਂਗਾ, ਸ਼ਹੀਦਾਂ ਦੇ ਗੁਰਦੁਆਰੇ?" ਮੈਂ ਕੀ ਹੀਲ-ਹੁੱਜਤ ਕਰਨੀ ਸੀ। ਘਰੇ ਬੈਠਾ ਰਹਿੰਦਾ ਤਾਂ ਸਕੂਲੋਂ ਪਹਿਲਾਂ ਘਰ ਆਉਣ ਬਾਰੇ ਸਭ ਨੇ ਸੌ-ਸੌ ਗੱਲਾਂ ਪੁੱਛਣੀਆਂ ਸਨ। ਮਾਂ ਨੇ ਰੋਟੀਆਂ ਪੌਣੇ ਵਿੱਚ ਲਪੇਟ ਕੇ ਥਾਲ ਵਿੱਚ ਰੱਖ ਦਿੱਤੀਆਂ। ਡੋਲੂਆਂ ਵਿੱਚ ਸਬਜ਼ੀ, ਦਾਲ ਅਤੇ ਖੀਰ ਪਾ ਕੇ ਮੇਰੇ ਸਪੁਰਦ ਕਰ ਦਿੱਤੀ। ਮੈਂ ਫੌਰਨ ਸ਼ਹੀਦਾਂ ਦੇ ਗੁਰਦੁਆਰੇ ਵੱਲ ਤੁਰ ਪਿਆ। ਲਾਜਵਾਬ ਸੁਗੰਧਾਂ ਮੇਰੇ ਨੱਕ ਰਾਹੀਂ ਮੇਰੀ ਰੂਹ ਤੱਕ ਪਹੁੰਚ ਰਹੀਆਂ ਸਨ। ਭੁੱਖ ਨੇ ਮੇਰੇ ਢਿੱਡ ਵਿੱਚ ਕੋਹਰਾਮ ਮਚਾ ਦਿੱਤਾ ਸੀ। ਮੈਂ ਆਪਣੇ-ਆਪ ਨੂੰ ਕਾਬੂ ਵਿੱਚ ਰੱਖਿਆ। ਆਪਣੇ ਅੰਦਰਲੇ ਮਨ ਨੂੰ ਸ਼ਹੀਦਾਂ ਦਾ ਡਰਾਵਾ ਦਿੱਤਾ ਕਿ ਸਾਡੇ ਸ਼ਹੀਦ ਤਾਂ ਬੜੇ ਅੜਬ ਸੁਭਾਅ ਵਾਲੇ ਸਨ, ਭੋਰਾ ਗਲਤੀ ਹੋ ਗਈ ਤਾਂ ਸ਼ਾਮਤ ਲਿਆ ਦਿੰਦੇ ਸਨ। ਮਾਂ ਨੇ ਇੱਕ ਰੋਟੀ ਕੁੱਤਿਆਂ ਨੂੰ ਜ਼ਰੂਰ ਪਾਉਣ, ਭੋਰਾ ਖੀਰ ਕੀੜਿਆਂ ਦੇ ਭੌਣ 'ਤੇ ਪਾਉਣ ਅਤੇ ਇੱਕ ਰੋਟੀ ਕਾਵਾਂ ਨੂੰ ਪਾਉਣ ਲਈ ਵੀ ਸਮਝਾਇਆ ਸੀ। ਬਾਕੀ ਸਭ ਕੁਝ ਗੁਰਦੁਆਰੇ ਬਾਬਾ ਜੀ ਨੂੰ ਦੇ ਆਉਣਾ ਸੀ ਅਤੇ ਖਾਲੀ ਭਾਂਡੇ ਘਰ ਮੋੜ ਲਿਆਉਣੇ ਸਨ।
ਅਜੇ ਰਸਤਾ ਅੱਧਾ ਹੀ ਮੁੱਕਿਆ ਸੀ ਕਿ ਮੇਰੇ ਢਿੱਡ 'ਚ ਭੁੱਖ ਹਾਕਾਂ ਮਾਰਨ ਲੱਗੀ। ਮੇਰੀ ਅਕਲ ਅਤੇ ਸੋਚ ਨੂੰ ਤਾਂ ਜਿਵੇਂ ਜੰਦਰੇ ਵੱਜ ਗਏ। ਦਿਮਾਗ ਨੇ ਸਹੀ-ਗਲਤ ਦਾ ਸਿਗਨਲ ਦੇਣਾ ਹੀ ਬੰਦ ਕਰ ਦਿੱਤਾ। ਥਾਲ ਅਤੇ ਡੋਲੂਆਂ ਵਿੱਚੋਂ ਉਠ ਰਹੀਆਂ ਸੁਗੰਧਾਂ ਨੇ ਰਲ ਕੇ ਮੈਨੂੰ ਤੜਫਾਉਣਾ ਸ਼ੁਰੂ ਕਰ ਦਿੱਤਾ ਸੀ। ਫੇਰ ਕੀ ਸੀ, ਉਹੀ ਗੱਲ ਹੋ ਗਈ ਜੀਹਦਾ ਮੈਨੂੰ ਡਰ ਸੀ। ਭੁੱਖ ਮੂਹਰੇ ਨਾ ਮਾਂ ਨਜ਼ਰ ਆਈ, ਨਾ ਸ਼ਹੀਦ ਹੀ ਦਿਸੇ। ਡੋਲੂ ਵਿੱਚੋਂ ਖੀਰ, ਕੌਲੀ ਵਿੱਚ ਉਲੱਦ ਲਈ। ਜੀਅ ਭਰ ਕੇ, ਸਬਜ਼ੀ ਤੇ ਦਾਲ ਨਾਲ ਫੁਲਕੇ ਖਾਧੇ। ਖੀਰ ਖਾਧੀ। ਖਾਣਾ ਤਾਂ ਮੈਂ ਖਾ ਲਿਆ, ਪਰ ਮੇਰੇ ਦਿਮਾਗ 'ਤੇ ਸ਼ਹੀਦਾਂ ਦਾ ਬੋਝ ਪੈ ਗਿਆ। ਮੈਂ ਸ਼ਹੀਦਾਂ ਵੱਲ ਮੂੰਹ ਕਰ ਕੇ ਕਹਿਣ ਲੱਗਾ, ''ਭੁੱਲਾਂ ਬਖਸ਼ਾਉ ਮੇਰੇ ਵੱਡੇ-ਵਡੇਰਿਉ, ਮੈਨੂੰ ਤਾਂ ਭੁੱਖ ਨੇ ਕਮਲਾ ਕਰ ਕੇ ਰੱਖ ਦਿੱਤਾ। ਲਾਹਨਤ ਪੈਂਦੀ ਆ ਮੈਨੂੰ ਮੇਰੇ ਅੰਦਰੋਂ ਕਿ ਮੈਂ ਥੋਡੀ ਰੋਟੀ ਤਾਂ ਖਾਧੀ ਹੀ ਸੀ, ਮੈਂ ਤਾਂ ਕਾਂ, ਕੁੱਤੇ ਦੀ ਬੁਰਕੀ ਵੀ ਖਾ ਗਿਆ।"
ਭਾਂਡੇ ਮੈਂ ਗੋਰੇ ਖੂਹ 'ਤੇ ਆ ਕੇ ਖਾਲ 'ਚ ਪਾਣੀ ਨਾਲ ਧੋ ਲਏ। ਭਾਂਡੇ ਲੈ ਕੇ ਮੈਂ ਘਰ ਮੁੜ ਆਇਆ। ਖਾਲੀ ਭਾਂੜੇ ਮਾਂ ਨੂੰ ਫੜਾ ਦਿੱਤਾ। ਮਾਂ ਕਿਹਾ, ''ਦੇ ਆਇਆਂ ਰੋਟੀ?"
''ਹਾਂ, ਮਾਂ।" ਮੈਂ ਸੰਖੇਪ ਜਿਹਾ ਆਖਿਆ।
''ਕਾਵਾਂ ਨੂੰ ਰੋਟੀ ਪਾ ਦਿੱਤੀ ਸੀ?" ਮਾਂ ਨੇ ਪੁੱਛਿਆ।
''ਹਾਂ।" ਮੈਂ ਬੱਸ ਏਨਾ ਹੀ ਕਿਹਾ। ''ਅਜੇ ਭੁੱਖ ਨੀਂ ਮਾਂ।" ਮੈਂ ਰੋਟੀ ਖਾਣ ਤੋਂ ਆਨਾਕਾਨੀ ਕੀਤੀ।
''ਐਹੋ ਜਿਹਾ ਕੀ ਖਾ ਲਿਐ, ਜਿਹੜਾ ਰੋਟੀ ਵੱਲ ਨੱਕ ਨੀਂ ਕਰਦਾ…ਅੱਗੇ ਤਾਂ ਸਕੂਲੋਂ ਆਉਂਦੇ ਸਾਰ ਹੀ ਰੋਟੀ ਲਈ ਦੁਹਾਈ ਚੁੱਕ ਲੈਨਾਂ।" ਮਾਂ ਨੇ ਪੁੱਛਿਆ। ਮੈਂ ਚੁੱਪ ਰਹਿਣ ਵਿੱਚ ਹੀ ਭਲਾ ਸਮਝਿਆ। ਬਹੁਤਾ ਬੋਲਣ ਨਾਲ ਪੋਲ ਖੁੱਲਣ ਦਾ ਡਰ ਸੀ। ਰਾਤ ਨੂੰ ਸਾਰੇ ਹੀ ਸੌਂ ਗਏ ਸਨ। ਮੈਂ ਰਾਤ ਦੀ ਰੋਟੀ ਵੀ ਨਾ ਖਾਧੀ। ਮਾਂ ਨੇ ਮੈਨੂੰ ਕਈ ਵਾਰ ਹਲੂਣ ਕੇ, ਰੋਟੀ ਖਾਣ ਲਈ ਆਖਿਆ ਵੀ ਸੀ, ਪਰ ਮੈਨੂੰ ਘੂਕੀ ਚੜ੍ਹ ਗਈ ਸੀ। ਮੈਂ ਸੌਂ ਗਿਆ ਸਾਂ। ਮਾਂ ਨੇ ਹਲੂਣਿਆਂ ਹੋਣਾਂ, ਪਰ ਮੈਂ ਬੋਲਿਆ ਨਹੀਂ ਸਾਂ।

ਅਚਾਨਕ ਅੱਧੀ ਰਾਤ ਨੂੰ ਮੈਂ ਸੁੱਤਾ ਪਿਆ ਡਰ ਕੇ ਚੀਕਾਂ ਮਾਰਦਾ ਉਠ ਬੈਠਾ।
''ਵੇ ਕੀ ਹੋਇਆ?" ਮਾਂ ਨੇ ਪੁੱਛਿਆ।
''ਮਾਂ ਕਿੰਨੇ ਸਾਰੇ ਕਾਂ ਨੇ ਜਿਵੇਂ 'ਕੱਠੇ ਹੋ ਕੇ ਮੈਨੂੰ ਚਿੰਬੜ ਗਏ ਸਨ। ਕੋਈ ਮੇਰੇ ਸਿਰ 'ਤੇ ਠੁੰਗੇ ਮਾਰਦਾ ਸੀ ਤੇ ਕੋਈ ਮੂੰਹ 'ਤੇ।" ਮੈਂ ਕਿਹਾ।
''ਹੇ ਮੇਰੇ ਸੱਚੇ ਪਾਤਸ਼ਾਹ! ਇੱਦਾਂ ਕਿਉਂ ਹੋ ਰਿਹੈ?" ਮਾਂ ਨੇ ਬਾਬਿਆਂ ਨੂੰ ਮਨੋ-ਮਨ ਧਿਆਇਆ।
''ਮਾਂ ਪਹਿਲਾਂ ਮੈਂ ਜਿਵੇਂ ਸੁਪਨੇ 'ਚ ਭੱਜੀ ਜਾਨਾਂ… ਭੱਜੀ ਜਾਨਾਂ…ਮੇਰੇ ਪਿੱਛੇ ਕੁੱਤੇ ਪੈ ਗਏ ਸਨ।" ਮੈਂ ਸੁਪਨੇ ਬਾਰੇ ਮਾਂ ਨੂੰ ਹੋਰ ਵਿਸਥਾਰ ਨਾਲ ਦੱਸਿਆ।
''ਰੱਬ ਖੈਰ ਕਰੇ! ਇੰਜ ਕੁੱਤੇ, ਕਾਂ ਦਿਸਣੇ ਖਰੇ ਨਹੀਂ ਹੁੰਦੇ।" ਮਾਂ ਨੇ ਡਰ ਜਤਾਇਆ। ''ਮੈਂ ਕਾਵਾਂ ਤੇ ਕੁੱਤਿਆਂ ਨੂੰ ਰੋਟੀ ਨਹੀਂ ਪਾਈ ਸੀ।" ਮੈਂ ਸੱਚੋ-ਸੱਚ ਦੱਸ ਦਿੱਤਾ ਸੀ।
''ਕਾਂ ਅਤੇ ਕੁੱਤੇ ਆਪਣਾ-ਆਪਣਾ ਹਿੱਸਾ ਮੰਗਣ ਆਏ ਹੋਣੇ ਨੇ।" ਮਾਂ ਨੇ ਟਿਚਕਰ ਕੀਤੀ। ਮੈਂ ਤਾਂ ਡਰ ਨਾਲ ਕੰਬ ਰਿਹਾ ਸਾਂ। ਮਾਂ ਮੁਸਕਣੀ ਹੱਸੀ ਜਾਵੇ।
''ਫੇਰ ਤਾਂ ਦੀਪੇ, ਬਾਬਾ ਜੀ ਵੀ ਤੇਰੇ ਸੁਪਨੇ ਵਿੱਚ ਆਉਣਗੇ।" ਮਾਂ ਨੇ ਅਗਲੇ ਆਉਣ ਵਾਲੇ ਸੁਪਨੇ ਬਾਰੇ ਭਵਿੱਖਬਾਣੀ ਕਰ ਦਿੱਤੀ ਸੀ।
''ਕਿਉਂ ਮਾਂ?" ਮੈਂ ਕਿਹਾ।
''ਕਿਉਂਕਿ ਤੂੰ ਅੱਜ ਰੋਟੀ ਨਹੀਂ ਖਾਧੀ।" ਮਾਂ ਨੇ ਗੋਲਮੋਲ ਉਤਰ ਦਿੱਤਾ।
ਮੇਰਾ ਮਨ ਕਹਿ ਰਿਹਾ ਸੀ ਕਿ ਮੇਰੀ ਮਾਂ ਨੇ ਸਾਰੀ ਕਹਾਣੀ ਬੁੱਝ ਲਈ ਸੀ। ਮੈਂ ਬਸ ਮਾਂ ਦੇ ਚਿਹਰੇ ਦੇ ਹਾਵ-ਭਾਵ ਪੜ੍ਹ ਰਿਹਾ ਸਾਂ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਹਰੀ ਕ੍ਰਿਸ਼ਨ ਮਾਇਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ