Paghal (Punjabi Story) : Maqsood Saqib

ਪਾਗ਼ਲ (ਕਹਾਣੀ) : ਮਕ਼ਸੂਦ ਸਾਕ਼ਿਬ

ਦਾੜ੍ਹੇ ਝੁਲਾਂਦੇ ਤਸਬੇ ਖੜਕਾਂਦੇ ਸਿਰਾਂ ’ਤੇ ਨੇਚੇ (ਹੁੱਕੇ ਦੀਆਂ ਨੜੀਆਂ ਵਾਕਣ ਕੱਪੜਾ ਵਲ੍ਹੇਟੀ) ਬੰਨ੍ਹੀ ਨੰਗੇ ਗਿੱਟਿਆਂ ਨਾਲ ਧੂੜ ਉਡਾਂਦੇ ਉਹ ਕੋਈ ਦਸ ਜਣੇ ਪਿੰਡ ਦੀ ਮਸੀਤੇ ਜਾ ਉਤਰੇ। ਪੇਸ਼ੀ (ਬਾਅਦ ਦੁਪਹਿਰ ਦੀ ਨਮਾਜ਼) ਉਨ੍ਹਾਂ ਰਾਹ ਵਿਚ ਪੜ੍ਹ ਲਈ ਸੀ। ਦਿਗਰ (ਦੁਪਹਿਰ ਤੇ ਸ਼ਾਮ ਦੇ ਵਿਚਕਾਰਲੀ ਨਮਾਜ਼) ਹੋਣ ਵਾਲੀ ਸੀ। ਉਨ੍ਹਾਂ ਆਪਣੇ ਲੋਟੇ ਬਿਸਤਰੇ ਮਸੀਤ ਦੇ ਬਰਾਂਡੇ ਵਿਚ ਛੱਡੇ। ਇਕ ਭਰਾ ਬੰਦ ਨੂੰ ਓਥੇ ਬਿਠਾਇਆ ਤੇ ਛੇਤੀ-ਛੇਤੀ ਕਰੂਲੀਆਂ (ਮੂੰਹ ਵਿਚ ਪਾਣੀ ਫੇਰਨਾ) ਅਸਤੰਜੇ (ਟੱਟੀ-ਪਿਸ਼ਾਬ ਕਰਕੇ ਸਰੀਰ ਸਾਫ਼ ਕਰਨਾ) ਕਰ ਕੇ ਪਿੰਡ ਨੂੰ ਧਾਏ। ਥੋੜ੍ਹੀ ਈ ਵਿੱਥ ਉੱਤੇ ਇਹ ਇੱਕ ਘਰ ਸੀ ਉੱਚੀਆਂ ਪਰ ਕੱਚੀਆਂ ਕੰਧਾਂ ਵਾਲਾ ਉੱਤੇ ਪਾਥੀਆਂ ਤੋੜੋ-ਤੋੜ ਪਾਲਾਂ ਦੀਆਂ ਪਾਲਾਂ… ਲੱਕੜ ਦਾ ਬੇਢੱਬਾ ਬੂਹਾ। ਸਰਦਲ ਉੱਤੇ ਵੱਡਾ ਸਾਰਾ ਮਿੱਟੀ ਦਾ ਬੱਨਾ ਤੇ ਥੱਲੇ ਮੁਹਾਠਾਂ ਵੀ ਮਿੱਟੀ ਦੀਆਂ। …ਸਭ ਜਾ ਖਲੋਤੇ ਉਹਦੇ ਅੱਗੇ ਅੱਧ-ਘੇਰਾ ਬਣਾ ਕੇ ਤਸਬੇ ਗੇੜਦੇ ਦਾੜ੍ਹੇ ਪਲੋਸਦੇ ਕੁੰਡਾ ਹੋਵੇ ਵਾਹਵਾ ਮੋਟਾ… ਸਭ ਨੇ ਹਸਨ ਦੀਨ ਵੱਲ ਡਿੱਠਾ। ਉਹਨੇ ਖੰਗੂਰਾ ਮਾਰ ਕੇ ਜ਼ੋਰ ਜ਼ੋਰ ਦੀ ਕੁੰਡਾ ਲੱਕੜ ਦੇ ਨਿੱਗਰ ਤਖ਼ਤੇ ਉੱਤੇ ਮਾਰਿਆ… ਇਕੱਠਾ ਤਿੰਨ ਚਾਰ ਵਾਰੀ… ਅੰਦਰੋਂ ਕੋਈ ਤੀਵੀਂ ਬੂਹੇ ਲਾਗੇ ਆ ਕੇ ਪੁੱਛਿਆ, ''ਕੌਣ ਏਂ?’’
ਪੂਰੀ ਜਮਾਤ ਨੇ ਧੁੰਨੀਆਂ (ਨਾਭੀਆਂ) ਉੱਤੇ ਹੱਥ ਬੰਨ੍ਹ ਲਏ। ਸਾਰੇ ਇੱਕ-ਇੱਕ ਹੱਥ ਨਾਲ ਖੂਹ ਦੀ ਮਾਹਲ ਵਾਕਣ ਲਮਕਦੇ ਤਸਬਿਆਂ ਦੇ ਮਣਕੇ ਪਏ ਗੇੜਦੇ ਹੋਣ।
ਹਸਨ ਦੀਨ ਬੋਲਿਆ, ''ਭੈਣ ਜੀ ਸਲਾਮਾ ਲੈਕਮ। ਅਸੀਂ ਆਂ ਦੀਨ ਦਾ ਸੁਨੇਹਾ ਲੈ ਕੇ ਨਿਕਲੇ ਹੋਏ ਸਭ ਨੂੰ ਨਮਾਜ਼ ਦਾ ਸੱਦਾ ਦੇਨੇ ਆਂ ਕਿ ਆਓ ਤੇ ਸਾਡੇ ਨਾਲ ਬਾਜਮਾਤ ਨਮਾਜ਼ ਪੜ੍ਹੋ… ਅੱਲਾਹ ਨੇਕੀਆਂ ਦੇ ਗਾ ਤੇ ਆਖ਼ਰਤ ਦਾ ਸਫ਼ਰ ਆਸਾਨ ਫ਼ਰਮਾਏਗਾ।’’
ਅੰਦਰੋਂ ਕੋਈ ਵਾਜ ਨਾ ਆਈ।
ਹਸਨ ਦੀਨ ਸਿਰ ’ਤੇ ਵਲੇ ਕੱਪੜੇ ਦਾ ਲੜ ਕੁੰਜਦਾ ਹੋਇਆ ਫੇਰ ਬੋਲਿਆ, ''ਭੈਣ ਜੀ ਬਾਂਗ (ਆਖਣਾ ਤੇ ਉਹ ਅਜ਼ਾਨ ਚਾਹੁੰਦਾ ਸੀ ਪਰ ਘਰ ਦੀ ਅਨਪੜ੍ਹਤਾ ਦਾ ਕਰ ਕੇ ਬਾਂਗ ਆਖਿਓਸ) ਦਾ ਵੇਲਾ ਹੁੰਦਾ ਪਿਆ ਏ ਤੁਸੀਂ ਜਿਹੜਾ ਵੀ ਮਰਦ ਉਸ ਵੇਲੇ ਤੀਕਰ ਆ ਜਾਵੇ ਉਹਨੂੰ ਮਸੀਤੇ ਜ਼ਰੂਰ ਭੇਜ ਦਿਆ ਜੇ।’’
ਅੰਦਰੋਂ ਫੇਰ ਕੋਈ ਵਾਜ ਨਾ ਆਈ। ਹਸਨ ਦੀਨ ਦੇ ਨਾਲ ਈ ਤਾਜ ਦੀਨ ਖਲੋਤਾ ਸੀ। ਉਹਨੇ ਬੜੇ ਬਣੇ ਸੌਰੇ ਵਾਜ ਵਿਚ ਕਿਹਾ, ''ਭੈਣ ਜੀ, ਏਸ ਵੇਲੇ ਜੇ ਕੋਈ ਘਰ ਵਿਚ ਜੰਨਾ ਹੈ ਤਾਂ ਉਹਨੂੰ ਕਹੋ ਕਿ ਦੀਨ ਦਾ ਪੈਗ਼ਾਮ ਦੇਣ ਵਿਚ ਸਾਡੇ ਨਾਲ ਹਿੱਸਾ ਪਾਵੇ। ਜੱਜ਼ਾਕ ਅੱਲਾਹ।’’ ਹੁਣ ਅੰਦਰੋਂ ਵਾਜ ਆਈ ਵਾਹਵਾ ਠਰ੍ਹੰਮੇ ਵਾਲੀ।
''ਸੁਣੋ ਮੇਰਿਓ ਵੀਰ ਭਰਾਓ ਤੇ ਬਾਬਿਓ… ਸਾਈਂ ਮੇਰਾ ਸ਼ਹਿਰ ਮੰਡੀ ਵਿਚ ਪੱਲੇਦਾਰੀ ਕਰਦਾ ਏ ਸਵੇਰ ਦਾ ਗਿਆ ਰਾਤ ਨੂੰ ਮੁੜਦਾ ਏ। ਇਕ ਪੁੱਤਰ ਨੇ ਖੋਤੀ ਰੇੜ੍ਹੀ ਬਣਾਈ ਹੋਈ ਏ। ਉਹ ਵੀ ਦਿਹਾੜੀ ਕਰਨ ਸ਼ਹਿਰ ਜਾਂਦਾ ਏ। ਉਹਦੋਂ ਛੋਟਾ ਲੰਬੜਦਾਰਾਂ ਦਾ ਕਾਮਾ ਏ। ਸਭ ਤੋਂ ਨਿੱਕਾ ਜਿਹੜਾ ਏ ਉਹ ਛੇੜੂ ਏ।’’
ਉਹ ਪੂਰੀ ਜਮਾਤ ਇੱਕ ਵਾਜ ਹੋ ਕੇ ਬੋਲੀ, ''ਮਾਸ਼ਾ ਅੱਲਾਹ।’’
ਅੰਦਰੋਂ ਫੇਰ ਵਾਜ ਆਈ, ''ਪਹਿਲਾਂ ਮੇਰੀ ਪੂਰੀ ਗੱਲ ਸੁਣ ਲਓ ਇਹ ਮੌਲਬੀਪੁਣਾ ਫੇਰ ਕਰਿਆ ਜੇ… ਮੈਂ ਘਰ ਵਿਚ ਚੱਕੀ ਪੀਹਨੀ ਆਂ। ਬੱਚੀਆਂ ਨੂੰਹਵਾਂ ਮੇਰੀਆਂ ਲੋਕਾਂ ਦੇ ਕੱਪੜੇ ਸਿਊਂਦੀਆਂ ਨੇ। ਅਸੀਂ ਦਸਾਂ ਨਹੂਆਂ ਦੀ ਕਰ ਕੇ ਹਲਾਲ ਖਾਨੇ ਆਂ। ਇਹ ਕੰਮ ਕਾਰ ਈ ਸਾਡੀ ਨਮਾਜ਼ ਤੇ ਸਾਡਾ ਰੋਜ਼ਾ ਏ… ਤੁਸੀਂ ਜਿੱਥੇ ਜਾਣਾ ਏ ਜਾਓ। ਤੁਸਾਂ ਜੇ ਮੁੜ ਕੇ ਏਸ ਘਰ ਦਾ ਕੁੰਡਾ ਖੜਕਾਇਆ ਤਾਂ ਮੈਥੋਂ ਬੁਰਾ ਕੋਈ ਨਹੀਂ ਜੇ ਹੋਣਾ। ਸੁਣੀ ਜੇ ਨਾ ਮੇਰੀ?’’
ਤੇ ਉਹ ਸਾਰਾ ਜਥਾ ਕੰਨਾਂ ਨੂੰ ਹੱਥ ਲਾਂਦਾ ਤੇ ਲੋਕਾਂ ਦੀ ਜਹਾਲਤ ਉੱਤੇ ਤੋਵਾ ਅਸਤਾ ਗ਼ੁਫ਼ਾਰ (ਰੱਬ ਮਾਫ਼ੀ ਦੇਵੇ) ਕਰਦਾ ਓਥੋਂ ਟੁਰ ਪਿਆ…
ਹਸਨ ਦੀਨ ਦੇ ਤੇ ਕੰਨਾਂ ਵਿਚੋਂ ਲੰਘ ਕੇ ਇਹ ਗੱਲ ਦਿਲ ਵਿਚ ਵੜ ਕੇ ਬਹਿ ਗਈ। ਉਹ ਨਮਾਜ਼ ਪੜ੍ਹੇ ਤਾਂ ਇਹ ਗੱਲ ਉਹਦੇ ਅੰਦਰ ਛਿੜ ਪਏ। ਕੁਰਆਨ ਪੜ੍ਹੇ ਤੇ ਤਾਂ ਉਹ ਤੀਂਵੀਂ ਉਹਦੇ ਕੰਨਾਂ ਵਿਚ ਬੋਲਣ ਲੱਗ ਪਵੇ, ''ਅਸੀਂ ਦਸਾਂ ਨੰਹਵਾਂ ਦੀ ਹਲਾਲ ਕਮਾਈ ਖਾਣੇ ਆਂ। ਇਹੋ ਸਾਡੀ ਨਮਾਜ਼ ਏ ਤੇ ਇਹੋ ਸਾਡਾ ਰੋਜ਼ਾ ਏ। ਖ਼ਬਰਦਾਰ ਮੁੜ ਕੇ ਸਾਡਾ ਕੁੰਡਾ ਖੜਕਾਇਆ ਤੇ, ਮੈਥੋਂ ਬੁਰਾ ਕੋਈ ਨਹੀਂ ਜੇ ਹੋਵੇਗਾ… ਚੱਲੋ ਤਿੱਤਰ ਹੋਵੋ ਇਥੋਂ।’’
ਹਸਨ ਦੀਨ ਤੋਂ ਤਫ਼ਸੀਰਾਂ ਸ਼ਰਾਂ ਪੜ੍ਹਨੀਆਂ ਔਖੀਆਂ ਹੋ ਗਈਆਂ। ਹਰ ਵੇਲੇ ਸੋਚੀਂ ਪਿਆ ਰਹਵੇ। ਉਹਦੇ ਜਮਾਤ ਵਾਲੇ ਵੀ ਹੱਕੇ-ਬੱਕੇ, ਬਈ ਚੰਗੇ ਭਲੇ ਭਾਈ ਹਸਨ ਦੀਨ ਨੂੰ ਕੀ ਵਰਤ ਗਈਆਂ ਨੇਂ। ਏਨਾ ਮੁੱਤਕੀ ਪਰਹੇਜ਼ਗਾਰ ਤੇ ਅੱਲਾਹ-ਤਾਅਲਾ ਦੇ ਦੀਨ ਦੇ ਰਸਤੇ ਉੱਤੇ ਏਡੇ ਪੱਕੇ ਪੈਰੀਂ ਯਾਨੀ ਇਸਤਿਕਾਮਤ (ਪਕਿਆਈ) ਨਾਲ ਟੁਰੇ ਬੰਦੇ ਨੂੰ ਸ਼ੈਤਾਨ ਨੇ ਗੁੰਮਰਾਹ ਕਰ ਦਿੱਤਾ ਏ। ਅੱਲਾਹ ਇਹਦੇ ਉੱਤੇ ਆਪਣਾ ਫ਼ਜ਼ਲ ਕਰੇ।
ਇੱਕ ਦਿਹਾੜੇ ਘੱਟ ਵੱਧ ਇਹੋ ਈ ਰੁੱਤ ਸੀ। ਸਿਆਲ਼ ਅਜੇ ਥੋੜ੍ਹੀ ਜਿਹੀ ਸੀ ਈ ਵਿਖਾਈ ਸੀ। ਹਸਨ ਦੀਨ ਸ਼ਹਿਰ ਦੇ ਚੌਕ ਵਿਚ ਆਪਣੇ ਤਿੰਨ ਮੰਜ਼ਿਲੇ ਘਰੋਂ ਨਿਕਲਿਆ… ਸ਼ਹਿਰ ਦੇ ਆਪਣੇ ਤਬਲੀਗ਼ੀ ਸਾਥੀਆਂ ਨੂੰ ਉਸ ਸੱਦਾ ਦਿੱਤਾ ਹੋਇਆ ਸੀ ਓਥੇ ਆਪਣੇ ਚੌਕ ਵਿਚ ਆਉਣ ਦਾ। ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਈ ਉਹ ਫੱਟਾ ਲਾਈ ਬੈਠੇ ਨਾਈ ਦੀ ਕੁਰਸੀ ’ਤੇ ਬਹਿ ਗਿਆ। ਨਾਈ ਪੁੱਛਣ ਲੱਗਾ, ''ਹਾਂ ਜੀ ਸਰਕਾਰ … ਗਲ੍ਹਾਂ ਉਤਲੇ ਵਾਲ ਚੁਗਣੇ ਨੇਂ ਤਾਂ ਕਢਾਂ ਮੋਚਣਾ?’’
ਹਸਨ ਦੀਨ ਨੇ ਆਪਣੀ ਦਾੜ੍ਹੀ ਵੱਲ ਇਸ਼ਾਰਾ ਕੀਤਾ ਤੇ ਫੇਰ ਸਫ਼ਾਚੱਟ ਕਰਨ ਦੀ ਖੁੱਲੀ ਸੈਣਤ ਕੀਤੀਓਸ। ਨਾਈ ਹੈਰਾਨ ਪ੍ਰੇਸ਼ਾਨ…
''ਮਾਸ਼ਾ ਅੱਲਾਹ ਜੀ ਐਡੀ ਵੱਡੀ ਦਾੜ੍ਹੀ…’’
''ਓਏ ਆਹੋ ਯਾਰ ਮੂਤਰ ਕਰਨ ਲੱਗਿਆਂ ਕੱਛੇ ਮਾਰਨੀ ਪੈਂਦੀ ਏ। ਜੋ ਤੈਨੂੰ ਕਿਹਾ ਏ ਨਾ ਉਹ ਕਰ ਦੇ…’’ ਤੇ ਨਾਈ ਨੇ ਅਪਣਾ ਕੰਮ ਛੋਹ ਲਿਆ …
ਹਸਨ ਦੀਨ ਦੇ ਕਈ ਜਮਾਤ ਵਾਲੇ ਆਏ ਖਲੋਤੇ ਸਨ ਵੱਡੇ-ਵੱਡੇ ਦਾੜ੍ਹਿਆਂ ਤੇ ਤਸਬਿਆਂ ਸਣੇ… ਤੇ ਪਾਟੀਆਂ-ਪਾਟੀਆਂ ਅੱਖਾਂ ਨਾਲ ਉਹਨੂੰ ਵੇਖਦੇ ਸਨ ਪਏ।
ਉਹਦਾ ਮੂੰਹ ਸਫ਼ਾਚੱਟ ਹੋ ਗਿਆ। ਉਹਦੀ ਦਾੜ੍ਹੀ ਦੇ ਵਾਲ ਖ਼ਬਰੇ ਸੇਰਾਂ ਧੜੀਆਂ ਵਿਚ ਈ ਹੋਣ। ਉਹਨੇ ਨਾਈ ਦੇ ਕੱਪੜੇ ਦੀ ਝੋਲੀ ਭਰੀ ਹੋਈ ਸੀ। ਕੁਰਸੀ ਤੋਂ ਉੱਠ ਕੇ ਹਸਨ ਦੀਨ ਨੇ ਉਹ ਝੋਲੀ ਆਪਣੇ ਪੁਰਾਣੇ ਸਾਥੀਆਂ ਵੱਲ ਉਛਾਲ ਦਿੱਤੀ… ''ਇਹ ਲਓ ਅਪਣਾ ਮਾਲ ਲੈ ਲਓ।’’
''ਮਿਹਨਤ ਦੀ ਕਰਨੀ ਤੋਂ ਵੱਡੀ ਹੋਰ ਕਿਹੜੀ ਇਬਾਦਤ ਹੋ ਸਕਦੀ ਏ।’’
ਹਸਨ ਦੀਨ ਏਨੀ ਆਖ ਕੇ ਆਪਣੇ ਬੂਹੇ ਲਾਗੇ ਗੱਡ ਤੋਂ ਬੋਰੀਆਂ ਲਾਹੁੰਦੇ ਮਜ਼ਦੂਰਾਂ ਨਾਲ ਜਾ ਰਲਿਆ।

  • ਮੁੱਖ ਪੰਨਾ : ਕਹਾਣੀਆਂ, ਮਕਸੂਦ ਸਾਕਿਬ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ