Bacche Di Sianap (Punjabi Story) : Bahadur Singh Gosal

ਬੱਚੇ ਦੀ ਸਿਆਣਪ (ਕਹਾਣੀ) : ਬਹਾਦਰ ਸਿੰਘ ਗੋਸਲ

ਬੱਚਿਓ! ਇਕ ਵਾਰ ਇਕ ਦੇਸ਼ ਦੇ ਰਾਜੇ ਦੇ ਘਰ ਕੋਈ ਔਲਾਦ ਨਹੀਂ ਸੀ। ਹਰ ਤਰ੍ਹਾਂ ਦਾ ਉਪਾਅ ਕਰਨ ਨਾਲ ਵੀ ਉਨ੍ਹਾਂ ਦੇ ਘਰ ਬੱਚਾ ਪੈਦਾ ਨਾ ਹੋਇਆ। ਇਕ ਦਿਨ ਰਾਜੇ ਨੇ ਜੋਤਸ਼ੀ ਨੂੰ ਕਿਹਾ ਕਿ ਉਹ ਉਸਨੂੰ ਕੋਈ ਉਪਾਅ ਦੱਸੇ ਤਾਂ ਕਿ ਰਾਜ ਨੂੰ ਸਾਂਭਣ ਵਾਲਾ ਕੋਈ ਬੱਚਾ ਉਨ੍ਹਾਂ ਦੇ ਘਰ ਆ ਜਾਵੇ। ਜੋਤਸ਼ੀ ਨੇ ਦੱਸਿਆ, 'ਤੁਹਾਡੇ ਘਰ ਬੱਚਾ ਪੈਦਾ ਹੋ ਸਕਦਾ ਹੈ, ਜੇਕਰ ਤੁਸੀਂ ਕਿਸੇ ਗ਼ਰੀਬ ਬੱਚੇ ਦੀ ਬਲੀ ਦੇ ਦੇਵੋ। ਪਰ ਇਹ ਬਲੀ ਬੱਚਾ ਆਪਣੀ ਖ਼ੁਸ਼ੀ ਨਾਲ ਦੇਵੇ।’ ਰਾਜੇ ਨੂੰ ਅਜਿਹਾ ਬੱਚਾ ਲੱਭਣਾ ਬੜਾ ਮੁਸ਼ਕਿਲ ਲੱਗਦਾ ਸੀ, ਪਰ ਉਸ ਨੇ ਆਪਣੇ ਰਾਜ ਵਿਚ ਢੰਡੋਰਾ ਪਿਟਵਾ ਦਿੱਤਾ ਕਿ ਅਜਿਹਾ ਬੱਚਾ ਜੋ ਆਪਣੇ ਆਪ ਖ਼ੁਸ਼ੀ ਨਾਲ ਬਲੀ ਦੇਣ ਲਈ ਤਿਆਰ ਹੋਵੇਗਾ ਤਾਂ ਰਾਜਾ ਉਸਦੇ ਮਾਪਿਆਂ ਨੂੰ ਮੂੰਹ ਮੰਗਿਆ ਇਨਾਮ ਦੇਵੇਗਾ।
ਉਸਦੇ ਰਾਜ ਵਿਚ ਹੀ ਇਕ ਪਿੰਡ ਵਿਚ ਗ਼ਰੀਬ ਬ੍ਰਾਹਮਣ ਰਹਿੰਦਾ ਸੀ ਜਿਸਦੇ ਤਿੰਨ ਪੁੱਤਰ ਸਨ, ਪਰ ਸਭ ਤੋਂ ਛੋਟਾ ਗਿਆਰਾਂ ਸਾਲਾਂ ਦਾ ਪੁੱਤਰ ਬਹੁਤ ਸਾਧਾਰਨ ਅਤੇ ਪ੍ਰਭੂ ਬੰਦਗੀ ਵਿਚ ਮਗਨ ਰਹਿੰਦਾ ਸੀ। ਘਰ ਦਾ ਕੋਈ ਕੰਮ-ਕਾਜ ਵੀ ਨਹੀਂ ਕਰਦਾ ਸੀ। ਘਰ ਵਿਚ ਅੰਤਾਂ ਦੀ ਗ਼ਰੀਬੀ ਸੀ ਤਾਂ ਉਸਦੇ ਮਾਤਾ-ਪਿਤਾ ਨੇ ਮੂੰਹ ਮੰਗੀ ਮਾਇਆ ਬਦਲੇ ਬੱਚੇ ਨੂੰ ਰਾਜੇ ਨੂੰ ਵੇਚਣ ਦਾ ਮਨ ਬਣਾ ਲਿਆ। ਉਨ੍ਹਾਂ ਨੇ ਬੱਚੇ ਨੂੰ ਕਿਹਾ, 'ਪੁੱਤਰ, ਜੇ ਤੂੰ ਖ਼ੁਸ਼ੀ-ਖ਼ੁਸ਼ੀ ਬਲੀ ਲਈ ਮੰਨ ਜਾਵੇ ਤਾਂ ਘਰ ਵਿਚ ਗ਼ਰੀਬੀ ਖ਼ਤਮ ਹੋ ਜਾਵੇਗੀ। ਮਾਂ-ਪਿਓ ਦੀ ਅਜਿਹੀ ਇੱਛਾ ਜਾਣ ਕੇ ਉਹ ਖ਼ੁਸ਼ੀ-ਖ਼ੁਸ਼ੀ ਮੰਨ ਗਿਆ। ਗ਼ਰੀਬ ਬ੍ਰਾਹਮਣ ਨੇ ਬਹੁਤ ਸਾਰੀ ਦੌਲਤ ਬਦਲੇ ਆਪਣੇ ਬੱਚੇ ਨੂੰ ਬਲੀ ਲਈ ਰਾਜੇ ਕੋਲ ਭੇਜ ਦਿੱਤਾ।
ਜਦੋਂ ਬੱਚਾ ਰਾਜੇ ਕੋਲ ਗਿਆ ਤਾਂ ਰਾਜੇ ਨੇ ਪੁੱਛਿਆ, 'ਬੇਟਾ! ਤੈਨੂੰ ਪਤਾ ਹੈ ਕਿ ਤੇਰੀ ਬਲੀ ਦਿੱਤੀ ਜਾਣੀ ਹੈ, ਕੀ ਤੂੰ ਇਸ ਲਈ ਤਿਆਰ ਹੈ?’ ਬੱਚੇ ਨੇ ਕਿਹਾ, 'ਹਾਂ ਰਾਜਨ! ਜੇ ਮੇਰੀ ਬਲੀ ਨਾਲ ਤੁਹਾਡੇ ਘਰ ਔਲਾਦ ਹੋ ਸਕਦੀ ਹੈ ਤਾਂ ਮੈਂ ਖ਼ੁਸ਼ੀ-ਖ਼ੁਸ਼ੀ ਬਲੀ ਦੇਣ ਨੂੰ ਤਿਆਰ ਹਾਂ। ਤੁਸੀਂ ਜਲਦੀ ਮੇਰੀ ਬਲੀ ਲੈ ਸਕਦੇ ਹੋ। ਰਾਜਾ ਬੜਾ ਖ਼ੁਸ਼ ਹੋਇਆ ਅਤੇ ਤੁਰੰਤ ਉਸਨੇ ਬੱਚੇ ਦੀ ਬਲੀ ਦਾ ਪ੍ਰਬੰਧ ਕਰਨ ਦਾ ਹੁਕਮ ਦਿੱਤਾ। ਬੱਚੇ ਨੂੰ ਬਲੀ ਵਾਲੀ ਥਾਂ ’ਤੇ ਲਿਜਾਇਆ ਗਿਆ ਅਤੇ ਸਿਰ ਕਲਮ ਕਰਨ ਤੋਂ ਪਹਿਲਾਂ ਰਾਜੇ ਨੇ ਪੁੱਛਿਆ, 'ਬੱਚਾ, ਤੇਰੀ ਕੋਈ ਆਖਰੀ ਇੱਛਾ ਹੈ ਤਾਂ ਸੱਚ-ਸੱਚ ਦੱਸ।’ ਬੱਚੇ ਨੇ ਆਪਣੀ ਬੁੱਧੀ ਤੋਂ ਕੰਮ ਲਿਆ ਅਤੇ ਕਿਹਾ, 'ਹਾਂ ਜੀ, ਮੇਰੀ ਇਕ ਆਖਰੀ ਇੱਛਾ ਹੈ, ਮੈਂ ਮਰਨ ਤੋਂ ਪਹਿਲਾਂ ਨਦੀ ’ਤੇ ਇਸ਼ਨਾਨ ਕਰਨਾ ਚਾਹੁੰਦਾ ਹਾਂ, ਮੈਨੂੰ ਇਸ਼ਨਾਨ ਕਰਾਇਆ ਜਾਵੇ।’
ਬਲੀ ਦੇਣ ਦਾ ਕੰਮ ਰੋਕ ਕੇ ਬੱਚੇ ਨੂੰ ਨਦੀ ’ਤੇ ਲਿਜਾਇਆ ਗਿਆ ਜਿੱਥੇ ਬੱਚੇ ਨੇ ਪਹਿਲਾਂ ਇਸ਼ਨਾਨ ਕੀਤਾ, ਕੱਪੜੇ ਪਾਏ ਅਤੇ ਫਿਰ ਨਦੀ ਕਿਨਾਰੇ ਰੇਤੇ ਨਾਲ ਖੇਡਣ ਲੱਗਿਆ। ਹੁਣ ਉਸਨੇ ਰੇਤ ਦੀਆਂ ਚਾਰ ਢੇਰੀਆਂ ਬਣਾਈਆਂ ਅਤੇ ਫਿਰ ਉਨ੍ਹਾਂ ਵਿਚੋਂ ਤਿੰਨ ਢਾਹ ਦਿੱਤੀਆਂ। ਰਾਜਾ ਕੋਲ ਖੜ੍ਹਾ ਸਭ ਕੁਝ ਦੇਖ ਰਿਹਾ ਸੀ ਤਾਂ ਉਸਨੇ ਬੱਚੇ ਨੂੰ ਪੁੱਛਿਆ, 'ਬੇਟਾ! ਇਹ ਦੱਸ ਤੂੰ ਪਹਿਲਾਂ ਚਾਰ ਢੇਰੀਆਂ ਬਣਾਈਆਂ ਤੇ ਫਿਰ ਤਿੰਨ ਢਾਹ ਵੀ ਦਿੱਤੀਆਂ। ਇਹ ਚੌਥੀ ਕਿਉਂ ਨਹੀਂ ਢਾਹੀ?’ ਬੱਚੇ ਨੇ ਇਸ ਗੱਲ ਦਾ ਉੱਤਰ ਬਹੁਤ ਹੀ ਸਿਆਣਪ ਨਾਲ ਦਿੱਤਾ ਅਤੇ ਦੱਸਿਆ, 'ਮੈਂ ਪਹਿਲੀ ਢੇਰੀ ਆਪਣੇ ਮਾਂ-ਪਿਓ ਦੇ ਨਾਂ ’ਤੇ ਬਣਾਈ, ਪਰ ਮੇਰੇ ਬਚਾਅ ਲਈ ਉਨ੍ਹਾਂ ਤੋਂ ਕੋਈ ਆਸ ਨਹੀਂ ਸੀ, ਉਨ੍ਹਾਂ ਨੇ ਤਾਂ ਖ਼ੁਦ ਹੀ ਮੈਨੂੰ ਵੇਚਿਆ ਹੈ, ਇਸ ਲਈ ਮੈਂ ਢੇਰੀ ਢਾਹ ਦਿੱਤੀ। ਦੂਜੀ ਢੇਰੀ ਮੈਂ ਦੇਵੀ ਦੇਵਤਿਆਂ ਦੇ ਨਾਂ ’ਤੇ ਬਣਾਈ ਅਤੇ ਆਪਣੀ ਜਾਨ ਬਚਾਉਣ ਲਈ ਉਨ੍ਹਾਂ ਨੂੰ ਯਾਦ ਕੀਤਾ, ਪਰ ਮੇਰੀ ਮਦਦ ਲਈ ਕੋਈ ਨਹੀਂ ਬਹੁੜਿਆ ਤਾਂ ਮੈਂ ਦੂਜੀ ਰੇਤ ਦੀ ਢੇਰੀ ਵੀ ਢਾਹ ਦਿੱਤੀ। ਤੀਜੀ ਢੇਰੀ ਮੈਂ ਦੇਸ਼ ਦੇ ਰਾਜੇ ਦੇ ਨਾਂ ਦੀ ਬਣਾਈ ਜੋ ਪਰਜਾ ਦੀ ਰਖਵਾਲੀ ਕਰਦਾ ਏ, ਪਰ ਉਹ ਤਾਂ ਮੇਰੀ ਜਾਨ ਲੈਣ ਲਈ ਕਾਹਲਾ ਹੈ, ਇਸ ਲਈ ਮੈਂ ਤੀਜੀ ਢੇਰੀ ਵੀ ਢਾਹ ਦਿੱਤੀ। ਚੌਥੀ ਢੇਰੀ ਮੈਂ ਆਪਣੇ ਪ੍ਰਭੂ ਪਰਮਾਤਮਾ ਦੇ ਨਾਂ ਬਣਾਈ ਹੈ ਅਤੇ ਉਸ ਨੂੰ ਅਰਦਾਸ ਕੀਤੀ ਹੈ ਕਿ 'ਹੁਣ ਤੱਕਿਆ ਸਹਾਰਾ ਤੇਰੇ ਨਾਮ ਦਾ ਹੋਰ ਸਭੇ ਢਾਹੀਆਂ ਢੇਰੀਆਂ।’ ਹੁਣ ਇਕੋ ਇਕ ਆਸਰਾ ਉਸ ਪਰਮਾਤਮਾ ਦਾ ਹੈ ਜੇ ਉਹ ਵੀ ਮੈਨੂੰ ਨਹੀਂ ਬਚਾ ਸਕਦਾ ਤਾਂ ਤੁਸੀਂ ਜੋ ਮਰਜ਼ੀ ਕਰਨਾ।’ ਇੰਨਾ ਕਹਿ ਬੱਚਾ ਚੁੱਪ ਕਰ ਗਿਆ। ਇਹ ਸੁਣ ਰਾਜੇ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ ਅਤੇ ਉਸਨੇ ਬੱਚੇ ਨੂੰ ਘੁੱਟ ਕੇ ਆਪਣੀ ਛਾਤੀ ਨਾਲ ਲਾ ਲਿਆ ਅਤੇ ਕਿਹਾ, 'ਪੁੱਤਰ! ਤੂੰ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ, ਹੁਣ ਮੈਨੂੰ ਔਲਾਦ ਦੀ ਲੋੜ ਨਹੀਂ, ਤੂੰ ਹੀ ਮੇਰਾ ਪਿਆਰਾ ਪੁੱਤਰ ਏ, ਅੱਜ ਤੋਂ ਤੂੰ ਰਾਜ ਕੁਮਾਰ ਏ, ਇਹ ਸਭ ਰਾਜ ਭਾਗ ਤੇਰਾ ਏ, ਮੇਰੀ ਮੌਤ ਤੋਂ ਬਾਅਦ ਤੂੰ ਰਾਜਾ ਹੋਵੇਗਾ।’
ਇਸ ਤਰ੍ਹਾਂ ਹੀ ਹੋਇਆ ਕਿ ਰਾਜੇ ਦੀ ਮੌਤ ਤੋਂ ਬਾਅਦ ਉਹ ਬੱਚਾ ਉਸ ਦੇਸ਼ ਦਾ ਰਾਜਾ ਬਣ ਗਿਆ। ਉਸਨੇ ਸੱਚ ਅਤੇ ਇਨਸਾਫ ਦਾ ਰਾਜ ਦਿੱਤਾ ਅਤੇ ਸਭ ਲੋਕ ਉਸਦੀ ਸਿਆਣਪ ਦੇ ਕਾਇਲ ਸਨ। ਉਹ ਉਸਦੇ ਹਰ ਹੁਕਮ ’ਤੇ ਫੁੱਲ ਚੜ੍ਹਾਉਂਦੇ ਸਨ।

  • ਮੁੱਖ ਪੰਨਾ : ਕਹਾਣੀਆਂ, ਬਹਾਦਰ ਸਿੰਘ ਗੋਸਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ