Makkar Giddar : Lok Kahani

ਮੱਕਾਰ ਗਿੱਦੜ : ਲੋਕ ਕਹਾਣੀ

ਬਾਘ, ਕਾਂ ਅਤੇ ਗਿੱਦੜ ਤਿੰਨੋਂ ਸ਼ੇਰ ਦੇ ਪੱਕੇ ਮਿੱਤਰ ਬਣ ਗਏ। ਸ਼ੇਰ ਮਨ ਦਾ ਬੜਾ ਸਾਫ਼ ਸੀ। ਉਸ ਨੂੰ ਇਸ ਗੱਲ ਦਾ ਰੱਤੀ ਭਰ ਵੀ ਖਿਆਲ ਨਹੀਂ ਸੀ ਕਿ ਉਨ੍ਹਾਂ ਦੀ ਮਿੱਤਰਤਾ ਪਿੱਛੇ ਸਿਰਫ਼ ਸਵਾਰਥ ਹੈ। ਸ਼ੇਰ ਤਾਂ ਸ਼ਿਕਾਰ ਆਪ ਕਰਦਾ ਹੈ। ਇਹ ਜਿਹੜੇ ਪਾਸੇ ਵੀ ਨਿਕਲਦਾ ਹੈ ਸਾਰੇ ਜਾਨਵਰ ਡਰ ਦੇ ਮਾਰੇ ਕੰਬਣ ਲੱਗਦੇ ਹਨ। ਇਹੋ ਜਿਹੇ ਜਾਨਵਰ ਦੇ ਮਿੱਤਰਾਂ ਦੀ ਮੌਜ ਹੀ ਮੌਜ ਸੀ। ਢਿੱਡ ਭਰਨ ਲਈ ਰੋਜ਼ ਵਧੀਆ ਮਾਸ, ਰਹਿਣ ਨੂੰ ਕੋਈ ਡਰ ਨਹੀਂ ਸੀ। ਭਲਾ ਕੌਣ ਸ਼ੇਰ ਦੇ ਘੁਰਨੇ ਵਿੱਚ ਵੜਨ ਦਾ ਹੌਂਸਲਾ ਕਰਦਾ।
ਇੱਕ ਵਾਰ ਤਿੰਨੋਂ ਮਿੱਤਰ ਸ਼ੇਰ ਨਾਲ ਪਹਾੜੀ ’ਤੇ ਬੈਠੇ ਸਨ। ਦੂਰੋਂ ਹੀ ਇੱਕ ਊਠ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ।
ਕਾਂ ਝੱਟ ਦੇਣੀ ਬੋਲਿਆ, ‘‘ਮਹਾਰਾਜ, ਇਹ ਊਠ ਤਾਂ ਮੈਦਾਨੀ ਜਾਨਵਰ ਹੈ। ਇਸ ਦਾ ਮਾਸ ਬੜਾ ਹੀ ਮਜ਼ੇਦਾਰ ਹੁੰਦਾ ਹੈ। ਤੁਸੀਂ ਇਸ ਨੂੰ ਮਾਰ ਸੁੱਟੋ ਅਤੇ ਅਸੀਂ ਸਾਰੇ ਇਸ ਨੂੰ ਬੜੇ ਮਜ਼ੇ ਨਾਲ ਖਾਵਾਂਗੇ।’’
‘‘ਮੈਂ ਘਰ ਆਏ ਮਹਿਮਾਨ ਨੂੰ ਕਦੇ ਨਹੀਂ ਮਾਰਦਾ।’’ ਸ਼ੇਰ ਨੇ ਝੱਟ ਜਵਾਬ ਦਿੱਤਾ,‘‘ਇਹ ਕਦੇ ਨਾ ਭੱੁਲੋ ਜੇਕਰ ਡਰਿਆ ਹੋਇਆ ਕੋਈ ਦੁਸ਼ਮਣ ਵੀ ਆਪਣੇ ਕੋਲ ਆ ਜਾਵੇ ਤਾਂ ਉਸ ਨੂੰ ਮਾਰਨ ਵਾਲੇ ’ਤੇ ਬ੍ਰਾਹਮਣ ਦੀ ਹੱਤਿਆ ਦਾ ਪਾਪ ਲੱਗਦਾ ਹੈ। ਇਸ ਲਈ ਤੁਸੀਂ ਤਿੰਨੋਂ ਜਣੇ ਜਾ ਕੇ ਉਸ ਦਾ ਸਵਾਗਤ ਕਰਦੇ ਹੋਏ ਉਸ ਨੂੰ ਮੇਰੇ ਕੋਲ ਲੈ ਆਵੋ, ਇਹ ਸਾਡਾ ਮਹਿਮਾਨ ਹੈ।’’
ਸ਼ੇਰ ਦੀ ਆਗਿਆ ਦਾ ਪਾਲਣ ਕਰਨਾ ਤਾਂ ਉਨ੍ਹਾਂ ਦਾ ਫਰਜ਼ ਸੀ। ਸ਼ੇਰ ਨੇ ਜੋ ਕਿਹਾ, ਉਨ੍ਹਾਂ ਨੇ ਖਿੜੇ ਮੱਥੇ ਮੰਨਿਆ। ਉਹ ਤਿੰਨੋਂ ਉੱਠ ਕੇ ਗਏ ਅਤੇ ਮਹਿਮਾਨ ਊਠ ਨੂੰ ਬੜੇ ਆਦਰ ਨਾਲ ਆਪਣੇ ਨਾਲ ਲੈ ਆਏ।
‘‘ਕਿਉਂ ਭਰਾ ਊਠ ਤੂੰ ਇਸ ਜੰਗਲ ਵਿੱਚ ਕਿਵੇਂ ਆਇਆ? ਤੂੰ ਤਾਂ ਮੈਦਾਨੀ ਜਾਨਵਰ ਹੈਂ।’’ ਸ਼ੇਰ ਨੇ ਪੁੱਛਿਆ।
ਊਠ ਨੇ ਸ਼ੇਰ ਅੱਗੇ ਆਪਣੀ ਲੰਮੀ ਧੌਣ ਨੀਵੀਂ ਕਰਦਿਆਂ ਕਿਹਾ, ‘‘ਮਹਾਰਾਜ, ਮੈਂ ਆਪਣੇ ਸਾਥੀਆਂ ਨਾਲੋਂ ਵਿੱਛੜ ਕੇ ਰਾਹ ਤੋਂ ਭਟਕ ਕੇ ਇੱਧਰ ਆ ਗਿਆ ਹਾਂ। ਹੁਣ ਮੈਂ ਤੁਹਾਡੀ ਸ਼ਰਨ ਵਿੱਚ ਹਾਂ ਚਾਹੇ ਮਾਰੋ ਚਾਹੇ ਰੱਖੋ।’’
‘‘ਨਹੀਂ ਭਰਾ ਊਠ, ਅਸੀਂ ਤੈਨੂੰ ਨਹੀਂ ਮਾਰਾਂਗੇ। ਤੂੰ ਚਾਹੇਂ ਤਾਂ ਅੱਜ ਤੋਂ ਸਾਡੇ ਨਾਲ ਰਹਿ ਸਕਦਾ ਏਂ। ਅੱਜ ਤੋਂ ਤੂੰ ਸਾਡਾ ਮਹਿਮਾਨ ਹੈਂ। ਸ਼ਾਹੀ ਮਹਿਮਾਨ। ਅਸੀਂ ਤੇਰੀ ਸੇਵਾ ਕਰਾਂਗੇ।’’
‘‘ਧੰਨਵਾਦ ਮਹਾਰਾਜ।’’ ਊਠ ਨੇ ਖੁਸ਼ ਹੋ ਕੇ ਆਪਣੀ ਧੌਣ ਨੀਵੀਂ ਕਰ ਦਿੱਤੀ। ਜੰਗਲ ਦੇ ਰਾਜੇ ਦਾ ਦੋਸਤ ਅਤੇ ਮਹਿਮਾਨ ਬਣ ਕੇ ਰਹਿਣਾ ਉਸ ਲਈ ਬੜੇ ਮਾਣ ਦੀ ਗੱਲ ਸੀ।
ਹੁਣ ਸ਼ੇਰ ਦੇ ਚਾਰ ਮਿੱਤਰ ਹੋ ਗਏ ਸਨ। ਇੱਕ ਵਾਰ ਸ਼ੇਰ ਦਾ ਜੰਗਲੀ ਹਾਥੀ ਨਾਲ ਯੁੱਧ ਹੋ ਗਿਆ ਜਿਸ ਵਿੱਚ ਸ਼ੇਰ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਹਦੇ ਵਿੱਚ ਇੰਨੀ ਹਿੰਮਤ ਵੀ ਨਾ ਰਹੀ ਕਿ ਆਪਣੇ ਘੁਰਨੇ ’ਚੋਂ ਬਾਹਰ ਨਿਕਲ ਸਕੇ।
ਹੁਣ ਸ਼ੇਰ ਜ਼ਖ਼ਮੀ ਹੋ ਗਿਆ ਤਾਂ ਖਾਣ ਨੂੰ ਕੌਣ ਲਿਆਵੇ? ਸਾਰੇ ਤਾਂ ਸ਼ੇਰ ’ਤੇ ਹੀ ਪਲਦੇ ਸਨ। ਦੋ ਦਿਨਾਂ ਬਾਅਦ ਮਜਬੂਰ ਹੋ ਕੇ ਸ਼ੇਰ ਨੂੰ ਉਨ੍ਹਾਂ ਸਾਹਮਣੇ ਗਿੜਗਿੜਾ ਕੇ ਕਹਿਣਾ ਪਿਆ,‘‘ਭਰਾਵੋ, ਹੁਣ ਤਾਂ ਮੈਂ ਵੀ ਭੁੱਖਾ ਮਰ ਰਿਹਾ ਹਾਂ। ਮੇਰੇ ਲਈ ਕੁਝ ਖਾਣ ਨੂੰ ਲਿਆਉ। ਇੱਕ ਤਾਂ ਮੈਂ ਜ਼ਖ਼ਮਾਂ ਤੋਂ ਪੀੜਤ ਹਾਂ ਦੂਜਾ ਭੁੱਖ ਨਾਲ। ਕੀ ਤੁਸੀਂ ਮੇਰੇ ਲਈ ਖਾਣੇ ਦਾ ਪ੍ਰਬੰਧ ਵੀ ਨਹੀਂ ਕਰ ਸਕਦੇ?’’
ਸ਼ੇਰ ਦੀ ਗੱਲ ਸੁਣ ਕੇ ਕਾਂ, ਗਿੱਦੜ, ਬਾਘ ਇੱਧਰ ਉੱਧਰ ਦੇਖਣ ਲੱਗੇ। ਉਨ੍ਹਾਂ ਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਕਰਨ ਤਾਂ ਕੀ ਕਰਨ। ਸ਼ੇਰ ਬਿਨਾਂ ਉਹ ਸਾਰੇ ਕੀਹਦਾ ਸ਼ਿਕਾਰ ਕਰ ਸਕਦੇ ਸਨ?
ਉਹ ਤਿੰਨੋਂ ਜੰਗਲ ਵਿੱਚ ਗਏ ਪਰ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਕੀੜਾ ਵੀ ਨਹੀਂ ਸੀ ਮਾਰਿਆ। ਬੱਸ ਸ਼ੇਰ ਸ਼ਿਕਾਰ ਕਰ ਕੇ ਲਿਆਉਂਦਾ ਸੀ ਅਤੇ ਉਹ ਖਾ ਲੈਂਦੇ ਸਨ। ਹੁਣ ਤਾਂ ਸ਼ੇਰ ਖ਼ੁਦ ਵੀ ਭੁੱਖਾ ਬੈਠਾ ਸੀ।
ਗਿੱਦੜ ਨੇ ਕਾਂ ਨੂੰ ਕਿਹਾ, ‘‘ਭਰਾਵਾ, ਮੇਰੇ ਖਿਆਲ ਨਾਲ ਇਸ ਬਿਪਤਾ ਦੀ ਘੜੀ ਵਿੱਚ ਤਾਂ ਸਾਨੂੰ ਇਸ ਊਠ ਨੂੰ ਆਪਣੇ ਰਾਜੇ ਦਾ ਸ਼ਿਕਾਰ ਬਣਾ ਦੇਣਾ ਚਾਹੀਦਾ ਹੈ। ਆਖਰ ਇਹ ਇੰਨੇ ਦਿਨਾਂ ਤੋਂ ਮੁਫ਼ਤ ਦਾ ਖਾਣਾ ਖਾ ਕੇ ਹੀ ਪਲ ਰਿਹਾ ਹੈ। ਫਿਰ ਇਹ ਕਿਹੜਾ ਆਪਣੀ ਜਾਤ, ਬਿਰਾਦਰੀ ਅਤੇ ਦੇਸ਼ ਦਾ ਹੈ।’’
ਕਾਂ ਕੁਝ ਸੋਚਦਾ ਹੋਇਆ ਕਹਿਣ ਲੱਗਾ,‘‘ਤੇਰੀ ਗੱਲ ਤਾਂ ਸਹੀ ਹੈ ਪਰ ਇਹ ਨਾ ਭੁੱਲ ਕਿ ਸਾਡੇ ਰਾਜੇ ਨੇ ਇਸ ਨੂੰ ਆਪਣਾ ਮਹਿਮਾਨ ਬਣਾਇਆ ਹੈ ਅਤੇ ਨਾਲ ਹੀ ਮਿੱਤਰ ਵੀ ਕਿਹਾ ਹੈ। ਭਲਾ ਉਹ ਇਸ ਨੂੰ ਕਿਵੇਂ ਖਾਣਗੇ?’’
ਗਿੱਦੜ ਨੇ ਹੱਸਦੇ ਹੋਏ ਕਿਹਾ, ‘‘ਇਹਦੀ ਚਿੰਤਾ ਨਾ ਕਰੋ। ਮੈਂ ਰਾਜੇ ਦੇ ਸਾਹਮਣੇ ਇਸ ਢੰਗ ਨਾਲ ਗੱਲ ਆਖਾਂਗਾ ਕਿ ਉਹ ਖ਼ੁਦ ਹੀ ਆਪਣੇ ਮੂੰਹੋਂ ਇਹ ਕਹਿਣ ’ਤੇ ਮਜਬੂਰ ਹੋ ਜਾਣਗੇ ਕਿ ਮੈਂ ਇਸ ਨੂੰ ਖਾ ਲਵਾਂ।’’
ਇੰਨੀ ਗੱਲ ਕਹਿ ਕੇ ਗਿੱਦੜ ਅੰਦਰ ਸ਼ੇਰ ਕੋਲ ਗਿਆ ਅਤੇ ਜਾਂਦਿਆਂ ਹੀ ਸਿਰ ਨਿਵਾ ਕੇ ਬੋਲਿਆ, ‘‘ਮਹਾਰਾਜ, ਅਸੀਂ ਤਾਂ ਪੂਰਾ ਜੰਗਲ ਗਾਹ ਸੁੱਟਿਆ ਪਰ ਸਾਨੂੰ ਕਿਤੋਂ ਵੀ ਕੋਈ ਸ਼ਿਕਾਰ ਨਹੀਂ ਮਿਲਿਆ। ਹੁਣ ਤਾਂ ਸਾਡੀ ਹਿੰਮਤ ਵੀ ਜਵਾਬ ਦੇ ਗਈ ਹੈ। ਤੁਹਾਨੂੰ ਭੁੱਖ ਡਾਹਢੀ ਸਤਾ ਰਹੀ ਹੈ। ਹੁਣ ਤਾਂ ਤੁਹਾਨੂੰ ਬਚਾਉਣ ਦਾ ਇੱਕ ਹੀ ਰਾਹ ਬਾਕੀ ਹੈ ਕਿ ਇਸ ਊਠ ਨੂੰ ਮਾਰ ਕੇ ਤੁਹਾਡੀ ਭੁੱਖ ਮਿਟਾਈ ਜਾਵੇ।’’
ਗਿੱਦੜ ਦੀ ਗੱਲ ’ਤੇ ਸ਼ੇਰ ਨੂੰ ਬਹੁਤ ਗੁੱਸਾ ਆਇਆ। ਉਸ ਨੇ ਗਿੱਦੜ ਨੂੰ ਡਾਂਟਦੇ ਹੋਏ ਕਿਹਾ,‘‘ਇਹ ਕਿਵੇਂ ਹੋ ਸਕਦਾ ਹੈ? ਊਠ ਸਾਡਾ ਮਹਿਮਾਨ ਹੈ। ਜੇਕਰ ਤੂੰ ਇਹ ਗੱਲ ਦੁਬਾਰਾ ਆਖੀ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ। ਗਊ ਦਾਨ, ਪ੍ਰਿਥਵੀ ਦਾਨ ਅਤੇ ਅੰਨ ਦਾਨ ਨਾਲੋਂ ਵਧ ਕੇ ਜੀਵਨ ਦਾਨ ਹੈ।’’
ਗਿੱਦੜ ਨੇ ਸ਼ੇਰ ਦਾ ਉੱਤਰ ਸੁਣ ਕੇ ਕਿਹਾ,‘‘ਮਹਾਰਾਜ, ਇੱਥੇ ਤਾਂ ਤੁਹਾਡੀ ਜਾਨ ਬਚਾਉਣ ਦਾ ਸੁਆਲ ਹੈ। ਇਹ ਗੱਲ ਵੀ ਸਿਧਾਂਤ ਦੀ ਹੈ ਕਿ ਪਰਜਾ ਦੀ ਜਾਨ ਰਾਜੇ ਦੀ ਜਾਨ ਨਾਲੋਂ ਕੀਮਤੀ ਨਹੀਂ ਹੁੰਦੀ। ਇਹ ਪਾਪ ਅਤੇ ਅਨਿਆਂ ਤਾਂ ਉਸ ਸਮੇਂ ਮੰਨਿਆ ਜਾਵੇਗਾ ਜਦ ਤੁਸੀਂ ਜ਼ਬਰਦਸਤੀ ਉਸ ਨੂੰ ਆਪਣਾ ਸ਼ਿਕਾਰ ਬਣਾਓਗੇ। ਜੇ ਉਹ ਖੁਸ਼ੀ ਨਾਲ ਆਪਣੇ-ਆਪ ਨੂੰ ਅਰਪਣ ਕਰ ਦੇਵੇ ਤਾਂ ਇਹ ਪਾਪ ਨਹੀਂ ਮੰਨਿਆ ਜਾਂਦਾ।’’
‘‘ਤੁਸੀਂ ਲੋਕ ਜੋ ਮਰਜ਼ੀ ਸਮਝੋ। ਮੇਰਾ ਦਿਮਾਗ ਇਸ ਵੇਲੇ ਬਿਲਕੁਲ ਕੰਮ ਨਹੀਂ ਕਰ ਰਿਹਾ।’’ ਸ਼ੇਰ ਭੁੱਖ ਅਤੇ ਦਰਦ ਨਾਲ ਤੜਫ਼ਦਾ ਹੋਇਆ ਬੋਲਿਆ। ਗਿੱਦੜ ਉੱਥੋਂ ਬਾਹਰ ਆ ਗਿਆ। ਬਾਹਰ ਆਉਂਦੇ ਸਾਰ ਹੀ ਕਹਿਣ ਲੱਗਿਆ,‘‘ਦੇਖੋ ਮਿੱਤਰੋ, ਸਾਡਾ ਰਾਜਾ ਸ਼ੇਰ ਇਸ ਸਮੇਂ ਭੁੱਖ ਅਤੇ ਜ਼ਖ਼ਮਾਂ ਕਾਰਨ ਮਰ ਰਿਹਾ ਹੈ। ਇਸ ਸਮੇਂ ਉਸ ਦੇ ਪ੍ਰਾਣਾਂ ਦੀ ਰੱਖਿਆ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿਉਂਕਿ ਧਰਮ ਗਿਆਨ ਵਿੱਚ ਕਿਹਾ ਗਿਆ ਹੈ ਕਿ ਜਿਸ ਸੇਵਕ ਦੇ ਦੇਖਦੇ ਹੋਏ ਸਵਾਮੀ ਦੁੱਖ ਭੋਗੇ, ਉਹ ਸਿੱਧਾ ਨਰਕ ਵਿੱਚ ਜਾਂਦਾ ਹੈ। ਤੁਸੀਂ ਸਾਰੇ ਜਾ ਕੇ ਰਾਜੇ ਦੀ ਹਾਲਤ ਦੇਖੋ, ਫਿਰ ਫੈਸਲਾ ਕਰੋ ਕਿ ਅਸੀਂ ਕੀ ਕਰਨਾ ਹੈ?’’
ਗਿੱਦੜ ਦੇ ਨਾਲ ਹੀ ਊਠ, ਬਾਘ ਅਤੇ ਕਾਂ ਰਾਜੇ ਕੋਲ ਗਏ ਤਾਂ ਉਸ ਨੇ ਦੁਖੀ ਹੁੰਦੇ ਹੋਏ ਪੁੱਛਿਆ,‘‘ਕਿਉਂ ਭਰਾਵੋ, ਖਾਣੇ ਦਾ ਪ੍ਰਬੰਧ ਹੋਇਆ?’’
ਕਾਂ ਬੋਲਿਆ,‘‘ਮਾਲਕ, ਅਸੀਂ ਤਾਂ ਥੱਕ ਹਾਰ ਗਏ ਪਰ ਕਿਤੋਂ ਵੀ ਕੁਝ ਨਹੀਂ ਮਿਲਿਆ। ਇਸ ਲਈ ਤੁਸੀਂ ਮੈਨੂੰ ਖਾ ਕੇ ਹੀ ਆਪਣਾ ਢਿੱਡ ਭਰ ਲਵੋ। ਮੈਂ ਖ਼ੁਦ ਮਰ ਸਕਦਾ ਹਾਂ ਪਰ ਤੁਹਾਨੂੰ ਭੁੱਖ ਨਾਲ ਤੜਫ਼ਦੇ ਹੋਏ ਨਹੀਂ ਦੇਖ ਸਕਦਾ।’’
ਕਾਂ ਦੀ ਗੱਲ ਸੁਣਦੇ ਸਾਰ ਹੀ ਗਿੱਦੜ ਤੁਰੰਤ ਬੋਲਿਆ,‘‘ਭਰਾ ਤੂੰ ਤਾਂ ਉਂਜ ਵੀ ਨਿੱਕਾ ਜਿਹਾ ਹੈਂ। ਤੈਨੂੰ ਖਾ ਕੇ ਕੀ ਮਾਲਕ ਦਾ ਢਿੱਡ ਭਰੇਗਾ? ਇਸ ਲਈ ਮੈਂ ਮਾਲਕ ਨੂੰ ਕਹਿੰਦਾ ਹਾਂ ਕਿ ਮੈਨੂੰ ਖਾ ਲਵੇ।’’ ਗਿੱਦੜ ਮਗਰੋਂ ਬਾਘ ਬੋਲਿਆ,‘‘ਤੁਹਾਨੂੰ ਦੋਹਾਂ ਨੂੰ ਮਰਨ ਦੀ ਜ਼ਰੂਰਤ ਨਹੀਂ, ਮੈਨੂੰ ਆਪਣਾ ਫਰਜ਼ ਪੂਰਾ ਕਰਨ ਦਿਓ। ਆਪਣਾ ਰਾਜਾ ਭੁੱਖਾ ਹੈ। ਮੈਂ ਇਹ ਕਿਵੇਂ ਸਹਿਣ ਕਰ ਸਕਦਾ ਹਾਂ? ਮੈਂ ਆਪਣੇ ਮਾਲਕ ਦਾ ਲੂਣ ਖਾਧਾ ਹੈ। ਇਸ ਲਈ ਪਹਿਲਾਂ ਮੈਂ ਹੀ ਉਸ ਦੀ ਭੁੱਖ ਮਿਟਾਊਂਗਾ। ਮੇਰੇ ਸਰੀਰ ’ਤੇ ਤੁਹਾਡੇ ਦੋਹਾਂ ਨਾਲੋਂ ਵੱਧ ਮਾਸ ਹੈ। ਇਸ ਨਾਲ ਰਾਜੇ ਦੇ ਕਈ ਦਿਨ ਲੰਘ ਸਕਦੇ ਹਨ।’’
ਊਠ ਸਿੱਧਾ ਸਾਦਾ ਜਾਨਵਰ ਸੀ। ਉਸ ਨੂੰ ਕੀ ਪਤਾ ਸੀ ਕਿ ਇਹ ਤਿੰਨਾਂ ਦੀ ਮਿਲੀ ਭੁਗਤ ਸੀ ਜੋ ਉਸ ਨੂੰ ਆਪਣੇ ਜਾਲ ਵਿੱਚ ਫਸਾ ਰਹੇ ਸਨ। ਉਸ ਨੇ ਸੋਚਿਆ ਕਿ ਜਦ ਇਹ ਤਿੰਨੋਂ ਵਾਰੋ-ਵਾਰੀ ਆਪਣੇ-ਆਪ ਨੂੰ ਸ਼ੇਰ ਹਵਾਲੇ ਕਰਨ ਲਈ ਤਿਆਰ ਹੋ ਗਏ ਹਨ ਤਾਂ ਫਿਰ ਮੈਂ ਹੀ ਕਿਉਂ ਪਿਛਾਂਹ ਰਹਾਂ।
ਊਠ ਨੇ ਆਪਣੀ ਚੁੱਪ ਤੋੜਦਿਆਂ ਕਿਹਾ,‘‘ਇਸ ਸਮੇਂ ਤੁਸੀਂ ਹੀ ਦੁਖੀ ਨਹੀਂ ਹੋ। ਤੁਹਾਡੇ ਨਾਲੋਂ ਵੱਧ ਦੁਖੀ ਤਾਂ ਮੈਂ ਹਾਂ। ਜੋ ਰਾਜੇ ਦੇ ਇੱਥੇ ਮਹਿਮਾਨ ਬਣ ਕੇ ਆਇਆ। ਰਾਜੇ ਨੇ ਮੇਰੀ ਬੜੀ ਸੇਵਾ ਕੀਤੀ। ਮੈਂ ਤਾਂ ਇਹੋ ਜਿਹੇ ਮਹਾਨ ਜੀਵ ਨੂੰ ਕਦੀ ਨਹੀਂ ਭੁੱਲ ਸਕਦਾ। ਮੈਨੂੰ ਘਰ ਵਿੱਚ ਬਿਠਾ ਕੇ ਪਿਆਰ ਨਾਲ ਸਾਰਾ ਕੁਝ ਲਿਆ ਕੇ ਦਿੱਤਾ। ਹੁਣ ਤੁਸੀਂ ਲੋਕ ਚਾਹੋ ਤਾਂ ਮੇਰਾ ਮਾਸ ਸ਼ੇਰ ਨੂੰ ਖੁਆ ਸਕਦੇ ਹੋ। ਮੈਂ ਤਾਂ ਇਸ ਨੂੰ ਆਪਣੇ ਚੰਗੇ ਭਾਗ ਸਮਝਾਂਗਾ ਕਿ ਮੇਰਾ ਜੀਵਨ ਕਿਸੇ ਭਲੇ ਪੁਰਸ਼ ਦੇ ਕੰਮ ਆਇਆ। ਮੌਤ ਤਾਂ ਟਲ ਨਹੀਂ ਸਕਦੀ। ਇਹ ਤਾਂ ਇੱਕ ਦਿਨ ਆਉਣੀ ਹੀ ਹੈ। ਫਿਰ ਕਿਉਂ ਨਾ ਇਹ ਜੀਵਨ ਆਪਣੇ ਇੱਕ ਮਿੱਤਰ ’ਤੇ ਕੁਰਬਾਨ ਕਰ ਦਿੱਤਾ ਜਾਵੇ?’’
ਊਠ ਦੇ ਮੂੰਹ ’ਚੋਂ ਇਹ ਸ਼ਬਦ ਨਿਕਲੇ ਹੀ ਸਨ ਕਿ ਬਾਘ ਅਤੇ ਗਿੱਦੜ ਉਸ ਨੂੰ ਟੁੱਟ ਕੇ ਪੈ ਗਏ। ਦੇਖਦੇ ਹੀ ਦੇਖਦੇ ਊਠ ਦਾ ਜੀਵਨ ਸਮਾਪਤ ਹੋ ਗਿਆ।

(ਨਿਰਮਲ ਪ੍ਰੇਮੀ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ