Punjabi Stories/Kahanian
ਓਮਕਾਰ ਸੂਦ
Omkar Sood
Punjabi Kavita
  

Aakhri Ichha Omkar Sood

ਆਖਰੀ ਇੱਛਾ ਓਮਕਾਰ ਸੂਦ

ਜਦੋਂ ਕੱਬੂ ਤਾਰੇ ਦੀ ਹੱਟੀ ਤੋਂ ਸੋਢੇ ਦੀਆ ਬੋਤਲਾਂ ਚੁਰਾ ਕੇ ਪੀਂਦਾ ਫੜ੍ਹਿਆ ਗਿਆ ਸੀ ਤਾਂ ਉਹਦੇ ਪਿਓ ਨੇ ਉਹਨੂੰ ਬਹੁਤ ਕੁੱਟਿਆ ਸੀ । ਤਾਹੀਓਂ ਤਾਂ ਹੁਣ ਉਹ ਅੰਦਰ ਬੈਠਾ ਰੋ ਰਿਹਾ ਸੀ । ਉਹਦੀ ਮਾਂ ਉਹਦੇ ਵਾਲਾਂ 'ਚ ਉਂਗਲਾਂ ਫੇਰਦਿਆਂ ਬੋਲੀ, "ਪੁੱਤ ਚੋਰੀ ਕਰਨਾ ਬਹੁਤ ਵੱਡਾ ਗੁਨਾਹ ਹੈ । ਆ ਤੈਨੂੰ ਇੱਕ ਚੋਰ ਮੁੰਡੇ ਕੇਤੂ ਦੀ ਕਹਾਣੀ ਸੁਣਾਵਾਂ, ਧਿਆਨ ਨਾਲ ਸੁਣੀਂ!

…………ਤੇ ਮਾਂ ਕੱਬੂ ਨੂੰ ਕਹਾਣੀ ਸੁਣਾਉਣ ਲੱਗ ਪਈ, "ਇੱਕ ਪਿੰਡ ਵਿੱਚ ਇੱਕ ਵਿਧਵਾ ਔਰਤ ਰਹਿੰਦੀ ਸੀ । ਉਹਦਾ ਇੱਕੋ-ਇੱਕ ਪੁੱਤਰ ਕੇਤੂ ਸਕੂਲ ਵਿੱਚ ਤੀਜੀ ਜਮਾਤ ਵਿੱਚ ਪੜ੍ਹਦਾ ਸੀ । ਉਹ ਪੜ੍ਹਨ ਵਿੱਚ ਏਨਾ ਹੁਸ਼ਿਆਰ ਨਹੀਂ ਸੀ ਜਿੰਨਾ ਸ਼ਰਾਰਤਾਂ ਕਰਨ ਵਿੱਚ । ਇਸੇ ਕਰਕੇ ਉਹਦੇ ਸਾਥੀ ਬੱਚੇ ਉਹਨੂੰ ਇਲਤੀ ਕੇਤੂ ਕਹਿ ਕੇ ਸੱਦਦੇ ਸਨ । ਕੇਤੂ ਨੂੰ ਚੋਰੀ ਕਰਨ ਦੀ ਵੀ ਭੈੜੀ ਆਦਤ ਸੀ । ਜਦੋਂ ਉਹਦੇ ਹਾਣੀ ਮੁੰਡੇ ਅੱਧੀ ਛੁੱਟੀ ਵੇਲੇ ਕਲਾਸ 'ਚੋ ਬਾਹਰ ਖੇਡ ਰਹੇ ਹੁੰਦੇ ਤਾਂ ਕੇਤੂ ਉਨ੍ਹਾਂ ਦੇ ਬਸਤਿਆਂ ਵਿੱਚੋਂ ਚੀਜਾਂ ਚੁਰਾ ਲੈਂਦਾ ਸੀ । ਕਿਸੇ ਦਿਨ ਕਿਸੇ ਬੱਚੇ ਦੀ ਸਿਆਹੀ ਵਾਲੀ ਦਵਾਤ ਕੱਢ ਲੈਂਦਾ ਤੇ ਕਿਸੇ ਦਿਨ ਕਿਸੇ ਦੀ ਸਲੇਟੀ । ਕਦੇ ਕਿਸੇ ਦੀ ਕਿਤਾਬ ਤੇ ਕਦੇ ਕਿਸੇ ਦੀ ਸਲੇਟ ਹੀ ਚੋਰੀ ਕਰਕੇ ਆਪਣੇ ਬਸਤੇ ਵਿੱਚ ਲੁਕੋ ਲੈਂਦਾ ਸੀ । ਉਹ ਇਹ ਕੰਮ ਏਨੀ ਹੁਸ਼ਿਆਰੀ ਨਾਲ ਕਰਦਾ ਸੀ ਕਿ ਕਿਸੇ ਨੂੰ ਸ਼ੱਕ ਵੀ ਨਹੀਂ ਸੀ ਹੁੰਦੀ । ਉਹ ਘਰ ਆ ਕੇ ਚੋਰੀ ਕੱਢੀਆਂ ਚੀਜ਼ਾਂ ਆਪਣੀ ਮਾਂ ਨੂੰ ਦਿਖਾਉਂਦਾ । ਮਾਂ ਉਹਨੂੰ ਹਟਕਣ-ਵਰਜਣ ਦੀ ਬਜਾਏ ਖੁਸ਼ ਹੋ ਜਾਂਦੀ ਸੀ । ਉਹ ਮਾਂ ਨੂੰ ਖੁਸ਼ ਕਰਨ ਦੀ ਲਾਲਸਾ ਵਿੱਚ ਦੂਜੇ ਦਿਨ ਹੋਰ ਚੋਰੀ ਕਰਦਾ । ਫਿਰ ਹੋਰ ਤੇ ਫਿਰ ਹੋਰ………ਇਸ ਤਰ੍ਹਾਂ ਇਹ ਸਿਲਸਲਾ ਚਲਦਾ ਰਿਹਾ! ਉਸ ਨੇ ਸਕੂਲ ਜਾਣਾ ਵੀ ਚਿਰੋਕਣਾ ਛੱਡ ਦਿੱਤਾ ਸੀ । ਇੰਜ ਬਹੁਤ ਸਾਲ ਬੀਤ ਗਏ । ਕੇਤੂ ਵੱਡਾ ਹੋ ਗਿਆ । ਹੁਣ ਉਹਦੀਆਂ ਚੋਰੀਆਂ ਵੀ ਵੱਡੀਆਂ ਹੋ ਗਈਆਂ ਸਨ । ਹੁਣ ਉਹ ਸਲੇਟੀਆਂ-ਸਿਆਹੀਆਂ ਦੀ ਥਾਂ ਲੋਕਾਂ ਦੇ ਘਰਾਂ 'ਚੋਂ ਰਾਤਾਂ ਨੂੰ ਸੋਨਾ-ਚਾਂਦੀ, ਰੁਪਏ ਆਦਿ ਚੋਰੀ ਕਰਦਾ ਸੀ । ਚੁਰਾਏ ਪੈਸੇ ਕੁਝ ਮਾਂ ਦੇ ਹਵਾਲੇ ਕਰ ਦਿੰਦਾ ਤੇ ਕੁਝ ਆਪਣੀ ਮੌਜ-ਮਸਤੀ ਵਾਸਤੇ ਰੱਖ ਲੈਂਦਾ ਸੀ । ਸ਼ਰਾਬ ਖੂਬ ਪੀਂਦਾ ਸੀ । ਨਸ਼ੇ ਦੀਆਂ ਗੋਲੀਆਂ ਰੱਜ ਕੇ ਖਾਂਦਾ ਸੀ । ਕੋਈ ਨਾ ਹਟਕਦਾ-ਵਰਜਦਾ । ਉਹ ਆਪਣੀ ਮਰਜ਼ੀ ਦਾ ਖ਼ੁਦ ਮਾਲਕ ਸੀ ।

ਇੱਕ ਵਾਰ ਕੇਤੂ ਨਾਲ ਵਾਲੇ ਪਿੰਡ ਸੇਠ ਦੌਲੇ ਸ਼ਾਹ ਹੋਰਾਂ ਦੇ ਘਰ ਚੋਰੀ ਕਰਨ ਗਿਆ । ਸੇਠ ਦੇ ਲੜਕੇ ਰਾਹੁਲ ਨੇ ਉਸ ਨੂੰ ਚੋਰੀ ਕਰਦਿਆਂ ਰੰਗੇ ਹੱਥੀਂ ਪਕੜ ਲਿਆ । ਖੂੰਖਾਰ ਕੇਤੂ ਨੇ ਆਪਣਾ ਵੱਡ-ਆਕਾਰੀ ਚਾਕੂ ਰਾਹੁਲ ਦੇ ਪੇਟ ਵਿੱਚ ਘੁਸੇੜ ਦਿੱਤਾ । ਰਾਹੁਲ ਥਾਂਏ ਹੀ ਮਰ ਗਿਆ । ਰਾਹੁਲ ਦੀਆਂ ਚੀਕਾਂ ਸੁਣ ਕੇ ਘਰ ਦੇ ਸਭ ਮੈਂਬਰ ਉੱਠ ਗਏ । ਸਭ ਨੇ ਰਲ ਕੇ ਕੇਤੂ ਨੂੰ ਪਕੜ ਲਿਆ । ਪਿੰਡ ਦੇ ਲੋਕ ਇਕੱਠੇ ਹੋ ਗਏ । ਹਰ ਕੋਈ ਕੇਤੂ 'ਤੇ ਥੂਹ-ਥੂਹ ਕਰ ਰਿਹਾ ਸੀ । ਰਾਹੁਲ ਬੜਾ ਹੋਣਹਾਰ ਲੜਕਾ ਸੀ । ਪੜ੍ਹਿਆ-ਲਿਖਿਆ ਤੇ ਸੂਝਵਾਨ ਸੀ । ਗਰੀਬਾਂ 'ਤੇ ਦਇਆ ਕਰਨ ਵਾਲਾ, ਨੇਕ ਤੇ ਬਹਾਦਰ ਇਨਸਾਨ ਸੀ । ਉਹਦਾ ਵਿਆਹ ਹੋਇਆਂ ਅਜੇ ਦੋ-ਤਿੰਨ ਮਹੀਨੇ ਹੀ ਹੋਏ ਸਨ । ਉਹਦੀ ਵਿਧਵਾ ਹੋ ਗਈ ਪਤਨੀ ਨੂੰ ਗਸ਼ੀਆਂ ਪੈ ਰਹੀਆਂ ਸਨ । ਰਾਹੁਲ ਦਾ ਸਾਰਾ ਪਰੀਵਾਰ ਰੋ ਰਿਹਾ ਸੀ ।

ਲੋਕਾਂ ਨੇ ਕੇਤੂ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ ਸੀ । ਅਦਾਲਤ ਵਿੱਚ ਕੇਸ ਚਲਿਆ । ਕੇਤੂ ਨੂੰ ਫਾਂਸੀ ਦੀ ਸਜਾ ਹੋ ਗਈ । ਜਦੋਂ ਫਾਂਸੀ ਦਾ ਦਿਨ ਆਇਆ ਤਾਂ ਕੇਤੂ ਨੂੰ ਉਹਦੀ ਆਖਰੀ ਇੱਛਾ ਪੁੱਛੀ ਗਈ । ਕੇਤੂ ਨੇ ਕਿਹਾ ਕਿ ਮੈਂ ਆਪਣੀ ਮਾਂ ਦੇ ਕੰਨ ਵਿੱਚ ਇੱਕ ਰਾਜ਼ ਦੀ ਗੱਲ ਦੱਸਣੀ ਚਾਹੁੰਦਾ ਹਾਂ । ਕੇਤੂ ਦੀ ਮਾਂ ਰੋਂਦੀ, ਅੱਖਾਂ ਪੂੰਝਦੀ ਕੇਤੂ ਸਾਹਮਣੇ ਪੇਸ਼ ਹੋਈ । ਕੇਤੂ ਨੇ ਆਪਣਾ ਮੂੰਹ ਮਾਂ ਦੇ ਕੰਨ ਕੋਲ ਕੀਤਾ ਤਾਂ ਮਾਂ ਦੀ ਰੱਬ ਜਿੱਡੀ ਲੇਰ ਨਿਕਲ ਗਈ, ਕਿਉਂਕਿ ਕੇਤੂ ਨੇ ਆਪਣੀ ਮਾਂ ਦੇ ਕੰਨ ਉੱਤੇ ਜ਼ੋਰ ਦੀ ਦੰਦੀ ਵੱਢ ਦਿੱਤੀ ਸੀ । ਮਾਂ ਚਿਲਾਅ ਰਹੀ ਸੀ, ਪਰ ਕੇਤੂ ਮਾਂ ਦਾ ਕੰਨ ਆਪਣੇ ਦੰਦਾਂ ਵਿੱਚ ਘੁੱਟੀ ਜਾ ਰਿਹਾ ਸੀ, ਘੁੱਟੀ ਜਾ ਰਿਹਾ ਸੀ । ਅਖ਼ੀਰ ਕੇਤੂ ਨੇ ਮਾਂ ਦਾ ਕੰਨ ਆਪਣੇ ਦੰਦਾਂ ਨਾਲ ਵੱਢ ਕੇ ਥੂਹ ਕਰਕੇ ਧਰਤੀ ਉੱਤੇ ਥੁੱਕ ਦਿੱਤਾ । ਆਸ-ਪਾਸ ਸਾਰੇ ਲੋਕ ਹੈਰਾਨ- ਪਰੇਸ਼ਾਨ ਇਹ ਅਜਬ ਤਮਾਸ਼ਾ ਵੇਖ ਰਹੇ ਸਨ । ਕੇਤੂ ਬੋਲਿਆ, "ਇਹ ਇੱਕ ਐਸੀ ਚੰਦਰੀ ਮਾਂ ਹੈ, ਜਿਸ ਦੀ ਵਜ੍ਹਾ ਨਾਲ ਅੱਜ ਮੈਂ ਫਾਂਸੀ ਦੇ ਤਖਤੇ ਉੱਤੇ ਖੜ੍ਹਾ ਹਾਂ । ਜੇ ਮੇਰੀ ਮਾਂ ਨੇ ਮੈਨੂੰ ਬਚਪਨ ਵਿੱਚ ਬੁਰੀਆਂ ਆਦਤਾਂ ਤੋਂ ਰੋਕਿਆ ਹੁੰਦਾ ਤਾਂ ਅੱਜ ਮੈਂ ਇੱਕ ਚੰਗਾ, ਪੜ੍ਹਿਆ-ਲਿਖਿਆ ਇਨਸਾਨ ਹੁੰਦਾ । ਮੇਰੇ ਸਾਰੇ ਗੁਨਾਹਾਂ ਦੀ ਜ਼ਿੰਮੇਵਾਰ ਮੇਰੀ ਮਾਂ ਹੈ । " ਕੇਤੂ ਨੇ ਥੂਹ ਕਰਕੇ ਮਾਂ ਉੱਤੇ ਥੱਕ ਦਿੱਤਾ । ਕੇਤੂ ਨੂੰ ਫਾਂਸੀ 'ਤੇ ਪਟਕਾ ਦਿੱਤਾ ਗਿਆ । ਮਾਂ ਰੋਂਦੀ, ਡੁਸਰਦੀ, ਪਛਤਾਵੇ ਦੇ ਅੱਥਰੂ ਕੇਰਦੀ ਆਪਣੇ ਘਰ ਮੁੜ ਆਈ । ਹੁਣ ਉਹਦਾ ਕੋਈ ਵੀ ਨਹੀਂ ਸੀ । ਉਹ ਇਕੱਲੀ ਸੀ । '

"…………ਵੇਖਿਆ ਪੁੱਤਰ, ਕੇਤੂ ਦੀ ਮਾਂ ਨੇ ਉਹਨੂੰ ਮੰਦੇ ਕੰਮੋਂ ਨਹੀਂ ਵਰਜਿਆ ਤਾਂ ਉਹ ਕਿੱਡਾ ਵੱਡਾ ਚੋਰ ਬਣ ਗਿਆ । ਤੇਰੇ ਪਿਓ ਨੇ ਤੇਰੇ ਭਲੇ ਲਈ ਹੀ ਤੈਨੂੰ ਮਾਰਿਆ ਹੈ । " ਕੱਬੂ ਦੀ ਮਾਂ ਨੇ ਕਿਹਾ ਤਾਂ ਅੱਗਿਓਂ ਕੱਬੂ ਬੋਲਿਆ, "ਹਾਂ ਮਾਂ, ਪਿਤਾ ਜੀ ਨੇ ਚੰਗਾ ਹੀ ਕੀਤਾ ਹੈ । ਮੈਨੂੰ ਕੁਰਾਹੇ ਪੈਣ ਤੋਂ ਰੋਕ ਲਿਆ । ਮੈਨੂੰ ਮੇਰੇ ਗੁਨਾਹ ਦੀ ਸਜ਼ਾ ਮਿਲੀ ਹੈ । ਹੁਣ ਮੈਂ ਅੱਗੇ ਤੋਂ ਚੋਰੀ ਕਦੇ ਵੀ ਨਹੀਂ ਕਰਾਂਗਾ!"

ਪੰਜਾਬੀ ਕਹਾਣੀਆਂ (ਮੁੱਖ ਪੰਨਾ)