Aakhri Pattra (Russian Story in Punjabi) : Alexander Bek
ਆਖਰੀ ਪੱਤਰਾ (ਰੂਸੀ ਕਹਾਣੀ) : ਅਲੈਕਸਾਂਦਰ ਬੇਕ
ਰੈਜਮੈਂਟ ਦੀ ਅਲਮਾਰੀ ਵਿਚੋਂ ਇਕ ਪੁਰਾਣਾ ਨਕਸ਼ਾ ਲਿਆਂਦਾ ਗਿਆ, ਜਿਹੜਾ ਛੋਟੇ- ਛੋਟੇ ਬਹੁਤ ਸਾਰੇ ਪਤਰਿਆਂ ਨੂੰ ਜੋੜਕੇ ਬਣਿਆ ਹੋਇਆ ਸੀ। ਮੇਜ਼ ਉਤੇ ਵਿਛਾਇਆ ਗਿਆ ਤਾਂ ਪਤਾ ਲੱਗਾ ਕਿ ਉਹ ਆਮ ਚੌਰਸ ਨਕਸ਼ਾ ਨਹੀਂ ਸੀ ਸਗੋਂ ਪੂਰੇ ਮੇਜ਼ ਦੀ ਲੰਬਾਈ ਜੇਡੀ ਲੰਮੀ ਇਕ ਪੱਟੀ ਸੀ। ਛੱਤ ਨਾਲ ਲਟਕਦੀ ਇਕ ਛੋਟੀ ਜਿਹੀ ਬਿਜਲੀ ਦੀ ਲੈਂਪ ਦਾ ਚਾਨਣ ਨਕਸ਼ਾਕਸ਼ੀ ਦੇ ਚਿੰਨ੍ਹਾਂ ਦੇ ਧੁੰਦਲੇ ਜਿਹੇ ਪੈਮਾਨੇ ਉੱਤੇ ਸਿੱਧਾ ਪੈ ਰਿਹਾ ਸੀ, ਜਿਥੇ ਨੀਲੀ ਤੇ ਲਾਲ ਪਿਨਸਲ ਨਾਲ ਲੱਗੀਆਂ ਲਾਈਨਾਂ ਸਨ । ਨਕਸ਼ੇ ਦਾ ਪੈਮਾਨਾ ਸੀ : ਇਕ ਸੈਂਟੀਮੀਟਰ ਬਰਾਬਰ ਇਕ ਕਿਲੋਮੀਟਰ ਦੇ।
ਮਾਸਕੋ ਦੀ ਲੜਾਈ ਦੇ ਦਿਨਾਂ ਵਿਚ ਨਕਸ਼ੇ ਉਤੇ ਦਿਖਾਏ ਗਏ ਇਲਾਕੇ ਨੂੰ ਵੋਲੋਕੋਲਾਮਸਕ ਪਾਸਾ ਆਖਿਆ ਜਾਂਦਾ ਸੀ। ਜਨਰਲ ਪਾਨਫੀਲੋਵ ਦੇ ਜਵਾਨ ਇਸ ਥਾਂ ਜੂਝੇ ਸਨ।ਇਸ ਦੀ ਆ ਰਹੀ ਵਰ੍ਹੇਗੰਢ ਵਾਸਤੇ ਡਿਵੀਜ਼ਨ ਦੇ ਗੌਰਵਸ਼ਾਲੀ ਇਤਿਹਾਸ ਦੀ ਪੁਨਰ- ਸਿਰਜਣਾ ਕੀਤੀ ਜਾ ਰਹੀ ਸੀ।
ਰੈਜਮੈਂਟ ਦੇ ਕਮਾਂਡਰ ਬਾਊਰਜਨ ਮੋਮੀਸ਼-ਉਲੀ ਦੇ ਦਫਤਰ ਵਿਚ ਉਸ ਸ਼ਾਮ ਜਿਹੜੇ ਅਫਸਰ ਬੈਠੇ ਹੋਏ ਸਨ, ਉਹਨਾਂ ਵਿਚੋਂ ਬਹੁਤਿਆਂ ਨੂੰ ਨਕਸ਼ਾ ਮੂੰਹ-ਜਬਾਨੀ ਯਾਦ ਸੀ। ਇਸ ਦੇ ਇਕ ਸਿਰੇ ਉਤੇ ਵੋਲੋਕੋਲਾਮਸਕ ਸੀ ਅਤੇ ਦੂਜੇ ਸਿਰੇ ਉੱਤੇ ਮਾਸਕੋ।
ਇਕ ਜਣੇ ਨੇ ਮੇਜ਼ ਦੇ ਇਕ ਪਾਸੇ ਲਟਕਦਾ ਸਿਰਾ ਫੜਿਆ ਤੇ ਇਸ ਨੂੰ ਵੇਖਦਿਆਂ ਪੁੱਛਿਆ:
“ਇਹ ਆਖਰੀ ਪੱਤਰਾ ਪਾਟਾ ਹੋਇਆ ਕਿਉਂ ਹੈ ? ਏਥੇ ਮਾਸਕੋ ਕਿਉਂ ਨਹੀਂ ?”
ਸਾਰਿਆਂ ਨੇ ਨਕਸ਼ੇ ਵੱਲ ਵੇਖਿਆ। ਆਖਰੀ ਪੱਤਰਾ ਅਜੀਬ ਜਿਹਾ ਲੱਗ ਰਿਹਾ ਸੀ। ਸਿਰਾ ਬਿਲਕੁਲ ਸਾਫ ਸੀ, ਪਰ ਵਿਚਕਾਰੋਂ ਕਾਗਜ਼ ਪਾਟਾ ਹੋਇਆ ਸੀ ਜਿਥੇ ਲਫਜ਼ “ਕਰੀਊਕੋਵੋ” – ਸਟੇਸ਼ਨ ਅਤੇ ਪਿੰਡ – ਵੱਖ ਵੱਖ ਲਿਖਾਈਆਂ ਵਿਚ ਦੋ ਵਾਰ ਲਿਖਿਆ ਹੋਇਆ ਸੀ।
“ਇਸ ਪੱਤਰੇ ਦਾ ਆਪਣਾ ਇਕ ਇਤਿਹਾਸ ਹੈ,” ਮੋਮੀਸ਼-ਉਲੀ ਨੇ ਆਖਿਆ।“ਕੀ ਤੁਹਾਨੂੰ ਨਹੀਂ ਪਤਾ ਇਸ ਦਾ ?”
ਉਸ ਨੇ ਆਪਣੀਆਂ ਟੱਡੀਆਂ ਹੋਈਆਂ ਕਾਲੀਆਂ ਅੱਖਾਂ ਨਾਲ ਸਾਰਿਆਂ ਵੱਲ ਸਵਾਲੀਆ ਨਜ਼ਰਾਂ ਨਾਲ ਵੇਖਿਆ। ਆਖਰੀ ਪੱਤਰੇ ਦੀ ਕਹਾਣੀ ਕੋਈ ਨਹੀਂ ਸੀ ਜਾਣਦਾ ਅਤੇ ਸਾਰੇ ਸੁਣਨ ਵਾਸਤੇ ਉਤਾਵਲੇ ਸਨ:
“ਸੁਣਾਓ!..”
“ਸੂਲੀਮਾ ਦਾ ਚੇਤਾ ਜੇ,” ਮੋਮੀਸ਼-ਉਲੀ ਨੇ ਪੁੱਛਿਆ, “ਜਿਹੜਾ ਮੇਰਾ ਐਡਜੂਟੈਂਟ ਸੀ ? ਉਹਨੇ ਇਹ ਬੜੀ ਚੰਗੀ ਤਰ੍ਹਾਂ ਸੁਣਾਉਣੀ ਸੀ.. ਸਾਨੂੰ ਕਰੀਊਕੋਵੋ ਵੱਲ ਪਿੱਛੇ ਹੱਟਣ ਦਾ ਹੁਕਮ ਕਦੋਂ ਮਿਲਿਆ ਸੀ ?"
“ਉਨੱਤੀ ਨੂੰ।”
“ਹਾਂ, ਉਨੱਤੀ ਨਵੰਬਰ ਉਨੀ ਸੌ ਇਕਤਾਲੀ ਨੂੰ। ਉਸ ਦਿਨ ਸੂਲੀਮਾ ਨੇ ਮੈਨੂੰ ਇਕ ਲਫਾਫਾ ਲਿਆ ਕੇ ਫੜਾਇਆ: “ਪਿੱਛੇ ਹੱਟ ਜਾਓ, ਕਰੀਊਕੋਵੋ ਵਿਚ ਸੁਰੱਖਿਆ ਮੋਰਚੇ ਮੱਲ ਲਓ।” ਮੈਂ ਨਕਸ਼ਾ ਕੱਢਿਆ ਪਰ ਇਸ ਉੱਤੇ ਮੈਨੂੰ ਕਰੀਊਕੋਵੋ ਨਾ ਲੱਭਿਆ। ਫੇਰ ਮੈਂ ਅਗਲਾ ਹਿੱਸਾ ਲੱਭਿਆ ਤੇ ਉਸ ਨੂੰ ਖੋਹਲਿਆ... ਔਹ ਜਿਹੜਾ ... ਤੇ ਓਥੇ, ਇਸ ਪੱਤਰੇ ਦੇ ਨਾਲ ਹੀ ਨਕਸ਼ਾਕਸ਼ੀ ਦੇ ਚਿੰਨ੍ਹਾਂ ਵਿਚ ਇਕ ਵੱਡਾ ਸਾਰਾ ਬਿੰਦੂ ਸੀ-ਮਾਸਕੋ। ਲੋੜ ਇਹ ਸੀ ਕਿ ਮੈਂ ਰਸਤਾ ਤੈਅ ਕਰਾਂ ਤੇ ਹੁਕਮ ਦੇਵਾਂ, ਪਰ ਇਸ ਦੀ ਥਾਂ ਮੈਂ ਬੈਠਾ ਉਹਨਾਂ ਚਕੌਰਾਂ, ਚਰਖੜੀਆਂ ਤੇ ਲਾਈਨਾਂ ਵੱਲ ਝਾਕੀ ਜਾ ਰਿਹਾ ਸਾਂ ਅਤੇ ਮਾਸਕੋ ਦੀਆਂ ਕੋਣਵੀਆਂ ਤੇ ਗੋਲ ਸੜਕਾਂ ਦੀਆਂ ਸਾਫ ਪਛਾਣੀਆਂ ਜਾਂਦੀਆਂ ਰੇਖਾਵਾਂ ਵੱਲ ਵੇਖ ਰਿਹਾ ਸੀ।
ਸੂਲੀਮਾ ਨੇ ਹੌਲੀ ਜਿਹੀ ਆਖਿਆ:
“ਬਟਾਲੀਅਨਾਂ ਹੁਕਮ ਉਡੀਕ ਰਹੀਆਂ ਨੇ, ਕਾਮਰੇਡ ਕਮਾਂਡਰ।”
ਉਹ ਨੀਲੀਆਂ ਅੱਖਾਂ ਵਾਲਾ ਗੱਭਰੂ ਕੋਮਲਭਾਵੀ ਆਤਮਾ ਸੀ।ਮੈਂ ਨਜ਼ਰਾਂ ਉਹਦੇ ਵੱਲ ਫੇਰੀਆਂ ਤੇ ਵੇਖਿਆ ਕਿ ਉਹ ਮੇਰੇ ਦਿਲ ਦੀਆਂ ਭਾਵਨਾਵਾਂ ਨੂੰ ਸਮਝਦਾ ਸੀ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਕਜ਼ਾਖ ਹਾਂ, ਸੂਲੀਮਾ ਯੂਕਰੇਨੀ ਸੀ। ਸਾਡੇ ਵਿਚੋਂ ਕੋਈ ਵੀ ਕਦੇ ਮਾਸਕੋ ਵਿਚ ਨਹੀਂ ਸੀ ਰਿਹਾ, ਪਰ ਜਦੋਂ ਅਸੀਂ ਮੇਜ਼ ਉੱਤੇ ਵਿਛਿਆ ਮਾਸਕੋ ਦਾ ਨਕਸ਼ਾ ਵੇਖਿਆ ਜਿਸ ਇਲਾਕੇ ਵਿਚ ਕਾਰਵਾਈ ਕਰਨੀ ਸੀ ਤਾਂ ਸਾਡਾ ਦਿਲ ਇਉਂ ਨਪੀੜਿਆ ਗਿਆ ਜਿਵੇਂ ਕਿਸੇ ਸ਼ਿਕੰਜੇ ਵਿਚ ਆ ਗਿਆ ਹੋਵੇ। ਮੈਂ ਆਪਣੀ ਬਾਂਹ ਨਾਲ ਮਾਸਕੋ ਨੂੰ ਕੱਜ ਲਿਆ, ਰਸਤਾ ਤੈਅ ਕੀਤਾ ਅਤੇ ਜਵਾਨਾਂ ਨੂੰ ਇਕੱਠੇ ਕਰਨ ਲਈ ਆਖਿਆ। ਸੂਲੀਮਾ ਬਾਹਰ ਗਿਆ ਤਾਂ ਮੈਂ ਬਾਂਹ ਹਟਾ ਕੇ ਇਕ ਵਾਰੀ ਫੇਰ ਨਕਸ਼ਾ ਵੇਖਿਆ। ਮੈਂ ਪੈਮਾਨਾ ਫੜਿਆ ਤੇ ਫਾਸਲਾ ਮਿਣਿਆ। ਕਰੀਊਕੋਵੋ ਤੋਂ ਮਾਸਕੋ ਦੀਆਂ ਸਰਹੱਦਾਂ ਤੱਕ ਦਾ ਫਾਸਲਾ ਵੀਹ ਕਿਲੋਮੀਟਰ ਤੋਂ ਥੋੜ੍ਹਾ ਜਿਹਾ ਵੱਧ ਸੀ। ਤੁਸੀਂ, ਸਾਥੀਓ ! ਮਾੜੀ ਤੋਂ ਮਾੜੀ ਅਚਿੰਤੀ ਹਾਲਤ ਵਿਚ ਵੀ ਕਾਰਵਾਈ ਦੀ ਵਿਉਂਤ ਤਿਆਰ ਕਰਨ ਲਈ ਕਮਾਂਡਰ ਦੇ ਨੇਮ ਤੋਂ ਜਾਣੂ ਹੋ। ਵੀਹ ਜਾਂ ਤੀਹ ਕਿਲੋਮੀਟਰ ਫਾਸਲਾ ਕੀ ਹੁੰਦਾ ਏ ? ਇਕ ਝਟਕਾ ਤੇ ਲੜਾਈ ਸੜਕਾਂ ਗਲੀਆਂ ਵਿਚ ਪਹੁੰਚ ਗਈ।ਮੈਂ ਇਸ ਤਰ੍ਹਾਂ ਬੈਠਾ ਹੋਇਆ ਸਾਂ...”
ਮੋਮੀਸ਼-ਉਲੀ ਨੇ ਸਿਰ ਫੜ ਲਿਆ ਤੇ ਨਕਸ਼ੇ ਦੇ ਇਕ ਨੁਕਤੇ ਉੱਤੇ ਇਉਂ ਝਾਕਣ ਲੱਗਾ ਜਿਵੇਂ ਡੂੰਘੀ ਸੋਚ ਵਿਚ ਹੋਵੇ ਜਾਂ ਦੁਖੀ ਹੋਵੇ।ਉਸ ਦੇ ਖਿੰਡੇ ਹੋਏ ਕਾਲੇ ਵਾਲਾਂ ਉੱਤੇ ਲੈਂਪ ਦਾ ਚਾਨਣ ਪੈ ਰਿਹਾ ਸੀ।
ਕੋਈ ਵੀ ਹਿੱਲਿਆ-ਜੁੱਲਿਆ ਨਹੀਂ, ਕੋਈ ਖੰਘਿਆ ਤੱਕ ਨਹੀਂ, ਕਿਸੇ ਨੇ ਚੁੱਪ ਨਹੀਂ ਤੋੜੀ।
“ਮੈਂ ਇਸ ਤਰ੍ਹਾਂ ਬੈਠਾ ਹੋਇਆ ਸਾਂ,” ਮੋਮੀਸ਼-ਉਲੀ ਨੇ ਤਣ ਕੇ ਬਹਿੰਦਿਆਂ ਫੇਰ ਗੱਲ ਸ਼ੁਰੂ ਕੀਤੀ।“ਮੈਂ ਇਸ ਤਰ੍ਹਾਂ ਬੈਠਾ ਸਾਂ ਤੇ ਨਕਸ਼ੇ ਦੇ ਅਗਲੇ ਹਿੱਸੇ ਵਿਚੋਂ ਨਿਕਲਦੇ ਵੱਡੇ ਸਾਰੇ ਕਾਲੇ ਅੱਧ-ਘੇਰੇ ਵੱਲ ਝਾਕ ਰਿਹਾ ਸਾਂ। ਮੇਰਾ ਯਕੀਨ ਹੈ ਕਿ ਤੁਸੀਂ ਸਾਰੇ ਸਮਝ ਗਏ ਹੋਵੇਗੇ ਕਿ ਮਾਸਕੋ ਵਿਚ ਦੁਸਮਣ ਦੀ ਕਲਪਨਾ ਕਰਕੇ ਮੈਂ ਕਿਵੇਂ ਮਹਿਸੂਸ ਕੀਤਾ ਸੀ... ਮੈਂ ਨਕਸ਼ੇ ਉੱਤੇ ਝਾਤ ਮਾਰ ਰਿਹਾ ਸਾਂ ਤੇ ਵੇਖ ਰਿਹਾ ਸਾਂ ਕਿ ਸੜਕਾਂ ਉੱਤੇ ਟਰਾਮਾਂ ਤੇ ਟਰਾਲੀਬੱਸਾਂ ਮੂਧੀਆਂ ਹੋਈਆਂ ਪਈਆਂ ਨੇ, ਤਾਰਾਂ ਦੇ ਖੰਬੇ ਲੁੜਕੇ ਹੋਏ ਨੇ, ਸੈਨਿਕਾਂ ਤੇ ਸ਼ਹਿਰੀਆਂ ਦੀਆਂ ਲਾਸ਼ਾਂ ਵਿਛੀਆਂ ਹੋਈਆਂ ਨੇ ਅਤੇ ਵਰਦੀ ਪਾ ਕੇ, ਚਿੱਟੇ ਦਸਤਾਨੇ ਚਾੜ੍ਹ ਕੇ, ਬੈਂਤ ਫੜੀ ਜਰਮਨ ਲੈਫਟੀਨੈਂਟ ਮਟਰਗਸ਼ਤੀ ਕਰ ਰਹੇ ਨੇ ਤੇ ਉਹਨਾਂ ਦੇ ਚਿਹਰਿਆਂ ਉੱਤੇ ਜੇਤੂਆਂ ਵਾਲ਼ੀ ਗੁਸਤਾਖ ਮੁਸਕ੍ਰਾਹਟ ਹੈ। ਮੈਨੂੰ ਉਹਨਾਂ ਜਰਮਨ ਕੈਦੀਆਂ ਦਾ ਚੇਤਾ ਆਇਆ ਜਿਹੜੇ ਬੁਜ਼ਦਿਲਾਂ ਵਾਲੀ ਘਿਣਾਉਣੀ ਮੁਸਕਾਨ ਨਾਲ ਤੋੜੇ ਮਰੋੜੇ ਰੂਸੀ ਲਫਜ਼ ਬੋਲ ਰਹੇ ਸਨ “ਵੋਲਯਾਕਾਲਯਾਮਸਕ-ਮਾਸਕਾਊ।”
“ਇਹ ਟੋਲੀ ਸਾਡੇ ਉੱਤੇ ਫਤਿਹ ਨਹੀਂ ਪਾ ਸਕਦੀ, ਮੈਂ ਸੋਚਦਾ ਸਾਂ। ਮੈਂ ਨਕਸ਼ੇ ਉੱਤੇ ਨਜ਼ਰ ਗੱਡ ਕੇ ਵੇਖਿਆ ਅਤੇ ਵੱਧ ਤੋਂ ਵੱਧ ਮਾੜਾ ਜੋ ਵਾਪਰ ਸਕਦਾ ਸੀ ਉਸ ਬਾਰੇ ਸੋਚਣ ਲੱਗਾ ਅਤੇ ਕਰੀਊਕੋਵੋ ਤੇ ਮਾਸਕੋ ਦੇ ਵਿਚਕਾਰ ਕੋਈ ਐਸੀ ਥਾਂ ਲੱਭਣ ਲੱਗਾ ਜਿੱਥੇ ਅਸੀਂ ਪੱਕੀ ਤਰ੍ਹਾਂ ਪੈਰ ਜਮਾ ਸਕੀਏ। ਪਰ ਮੈਨੂੰ ਕੋਈ ਐਸੀ ਥਾਂ ਨਾ ਲੱਭੀ। ਕਰੀਊਕੋਵੋ ਹੀ ਸਾਡੀ ਆਖਰੀ ਸਰਹੱਦ ਸੀ ।
“ਯਾਦ ਨਹੀਂ ਕਿ ਮੈਂ ਕਿੰਨਾ ਕੁ ਚਿਰ ਇਸ ਤਰ੍ਹਾਂ ਬੈਠਾ ਰਿਹਾ ਸਾਂ। ਸੂਲੀਮਾ ਵਾਪਸ ਆਇਆ ਤੇ ਉਸ ਨੇ ਰਿਪੋਰਟ ਕੀਤੀ ਕਿ ਯੂਨਿਟ ਕਤਾਰਬੰਦ ਹੋ ਗਈ ਹੈ। ਮੈਂ ਆਮ ਕਰਕੇ ਨਕਸ਼ਾ ਇਸ ਤਰ੍ਹਾਂ ਵਲ੍ਹੇਟਦਾ ਹੁੰਦਾ ਸਾਂ-ਪੂਰਬ ਤੋਂ ਪੱਛਮ ਵੱਲ-ਤਾਂ ਜੋ ਮੈਂ ਜਦੋਂ ਇਸ ਨੂੰ ਖੋਹਲਾਂ ਤਾਂ ਵੋਲੋਕੋਲਾਮਸਕ ਤੇ ਲੈਨਿਨਗ੍ਰਾਦ ਵੱਡੀਆਂ ਸੜਕਾਂ ਮੇਰੇ ਸਾਮ੍ਹਣੇ ਹੋਣ। ਇਸ ਵਾਰੀ ਮੈਂ ਨਕਸ਼ਾ ਦੂਜੀ ਤਰ੍ਹਾਂ ਵਲ੍ਹੇਟਿਆ । ਜਿੱਥੇ ਕਰੀਊਕੋਵੋ ਦੀ ਰੇਖਾ ਖ਼ਤਮ ਹੁੰਦੀ ਸੀ, ਓਥੇ ਮੈਂ ਆਪਣੀ ਉਂਗਲ ਦਬਾ ਕੇ ਫੇਰੀ ਤਾਂ ਜੋ ਇਹ ਮੁੜਕੇ ਓਥੋਂ ਨਾ ਖੁਲ੍ਹੇ। ਨਹੁੰ ਅੜ ਗਿਆ ਤੇ ਮੈਂ ਵਿਚੋਂ ਕਾਗਜ਼ ਪਾੜ ਦਿੱਤਾ।
“ਮੇਰੇ ਮੇਜ਼ ਉੱਤੇ ਤਰ੍ਹਾਂ-ਤਰ੍ਹਾਂ ਦੇ ਕਾਗਜ਼ ਪਏ ਹੋਏ ਸਨ। ਮੈਂ ਉੱਠ ਕੇ ਉਹਨਾਂ ਉੱਤੇ ਨਜ਼ਰ ਮਾਰੀ, ਕੁਝ ਕਾਗਜ਼ ਆਪਣੇ ਬੈਗ ਵਿਚ ਪਾ ਲਏ ਤੇ ਬਾਕੀ ਸੂਲੀਮਾ ਨੂੰ ਫੜਾ ਦਿੱਤੇ। ਆਖਰੀ ਚੀਜ਼ ਜਿਹੜੀ ਮੈਂ ਚੁੱਕੀ ਉਹ ਨਕਸ਼ਾ ਸੀ। ਤੇ ਮੈਂ ਜ਼ਰੂਰ ਕੁਢੱਬੇ ਤਰੀਕੇ ਨਾਲ ਚੁੱਕਿਆ ਹੋਵੇਗਾ ਕਿਉਂਕਿ ਇਹ ਅਚਾਨਕ ਖੁਲ੍ਹ ਗਿਆ ਤੇ ਉਹ ਵੱਡਾ ਸਾਰਾ ਕਾਲਾ ਅੱਧ-ਘੇਰਾ ਮੇਰੀਆਂ ਨਜ਼ਰਾਂ ਸਾਮ੍ਹਣੇ ਸੀ ਜਿਸ ਨੂੰ ਮੈਂ ਵੇਖਣਾ ਨਹੀਂ ਚਾਹੁੰਦਾ ਸਾਂ। ਮੈਂ ਸੂਲੀਮਾ ਨੂੰ ਆਖਿਆ: “ਮੈਨੂੰ ਚਾਕੂ ਫੜਾਇਓ।”
“ਸੂਲੀਮਾ ਨੇ ਮੈਨੂੰ ਚਾਕੂ ਫੜਾ ਦਿੱਤਾ ਤੇ ਮੈਂ ਇਕ ਵਾਰੀ ਫੇਰ ਬਹਿ ਗਿਆ ਤੇ ਬੜੀ ਸਫਾਈ ਨਾਲ ਕੰਨੀ ਨੂੰ ਕੱਟ ਦਿੱਤਾ ਜਿਵੇਂ ਕਿਤਾਬ ਨੂੰ ਕੱਟਿਆ ਜਾਂਦਾ ਹੈ ਅਤੇ ਕਰੀਊਕੋਵੋ ਦੇ ਪੂਰਬ ਵੱਲ ਜੋ ਵੀ ਸੀ ਸਭ ਕੁਝ ਕੱਟ ਦਿੱਤਾ ?
“ਸਾੜ ਦਿਓ।” ਕਾਗਜ਼ ਦਾ ਟੁਕੜਾ ਸੂਲੀਮਾ ਨੂੰ ਫੜਾ ਕੇ ਮੈਂ ਆਖਿਆ।
“ਸਾੜ ਦੇਵਾਂ ?” ਉਸ ਨੇ ਸ਼ੱਕੀ ਅੰਦਾਜ਼ ਨਾਲ ਪੁੱਛਿਆ।
“ਹਾਂ, ਸਾੜ ਦਿਓ।” ਮੈਂ ਫੇਰ ਆਖਿਆ।
“ਉਸ ਨੇ ਡੌਰ-ਭੌਰ ਹੋ ਕੇ ਇਕ ਪਲ ਮੇਰੇ ਵੱਲ ਵੇਖਿਆ ਤੇ ਫੇਰ ਉਸ ਦੀਆਂ ਖੂਬਸੂਰਤ ਨੀਲੀਆਂ ਅੱਖਾਂ ਵਿਚੋਂ ਦ੍ਰਿੜਤਾ ਝਲਕੀ।ਉਸ ਨੇ ਮੇਰੀ ਗੱਲ ਸਮਝ ਲਈ ਸੀ। ਨਕਸ਼ਾ ਕਾਹਦੇ ਵਾਸਤੇ ਚਾਹੀਦਾ ਸੀ ? ਦਿਸ਼ਾ ਨਿਸ਼ਚਿਤ ਕਰਨ ਲਈ।ਅਤੇ ਸੂਲੀਮਾ ਨੇ ਸਮਝ ਲਿਆ ਸੀ ਕਿ ਕਰੀਊਕੋਵੋ ਦੇ ਪਿੱਛੇ ਜੋ ਵੀ ਸੜਕਾਂ, ਨਦੀਆਂ, ਨਾਲੇ, ਪਿੰਡ ਜਾਂ ਹੋਰ ਜੋ ਕੁਝ ਵੀ ਹੈ ਉਹਨਾਂ ਵਿਚ ਸਾਨੂੰ ਆਪਣਾ ਰਾਹ ਲੱਭਣ ਦੀ ਲੋੜ ਨਹੀਂ ਹੋਵੇਗੀ।ਉਹ ਸਮਝ ਗਿਆ ਕਿ ਅਸੀਂ ਜਾਂ ਤਾਂ ਜਰਮਨਾਂ ਦੇ ਛੱਕੇ ਛੁਡਾ ਕੇ ਭਜਾ ਦੇਵਾਂਗੇ ਜਾਂ ਕਰੀਊਕੋਵੋ ਵਿਚ ਹੀ ਜਾਨਾਂ ਵਾਰ ਦਿਆਂਗੇ।
“ਸੂਲੀਮਾ ਨੇ ਕਾਗਜ਼ ਦੇ ਟੁਕੜੇ ਨੂੰ ਤੀਲੀ ਲਾ ਦਿੱਤੀ ਅਤੇ ਸਾਡੇ ਵੇਖਦਿਆਂ-ਵੇਖਦਿਆਂ ਉਹ ਕਾਲੀ ਸਵਾਹ ਬਣ ਗਿਆ ਅਤੇ ਮਾਸਕੋ ਨੂੰ ਜਾਂਦੀ ਹਰ ਸੜਕ ਜਾਂ ਪਗਡੰਡੀ ਦਾ ਨਾਂ- ਨਿਸ਼ਾਨ ਮਿਟ ਗਿਆ... ਤੇ ਫੇਰ ... ਤੁਸੀਂ ਸਾਰੇ ਹੀ, ਦੋਸਤੋ, ਜਾਣਦੇ ਹੋ ਕਿ ਫੇਰ ਕੀ ਹੋਇਆ।” ਮੋਮੀਸ਼-ਉਲੀ ਚੁੱਪ ਹੋ ਗਿਆ।
ਛੋਟੀ ਜਿਹੀ ਲੈਂਪ ਵਿਛੇ ਹੋਏ ਨਕਸ਼ੇ ਉੱਤੇ ਚਾਨਣ ਸੁੱਟ ਰਹੀ ਸੀ। ਕਿਸੇ ਨੇ ਮੇਜ਼ ਦੇ ਸਿਰੇ ਵੱਲ ਲਟਕਦੀ ਕੰਨੀ ਫੜੀ ਹੋਈ ਸੀ। ਹਾਂ, ਉਹ ਸਾਰੇ ਜਾਣਦੇ ਸਨ ਕਿ ਜਰਮਨ ਕਰੀਊਕੋਵੋ ਤੋਂ ਇਕ ਕਦਮ ਵੀ ਅੱਗੇ ਨਹੀਂ ਸੀ ਜਾ ਸਕੇ। ਕਰੀਊਕੋਵੋ ਵਿਚ ਤੇ ਹੋਰ ਉਹਨਾਂ ਥਾਵਾਂ 'ਤੇ ਜਿਸ ਨੂੰ ਪੱਛਮੀ ਮਹਾਜ਼ ਆਖਿਆ ਜਾਂਦਾ ਸੀ ਜੋ ਕੁਝ ਹੋਇਆ ਉਸ ਬਾਰੇ ਬਦੇਸ਼ੀ ਅਖ਼ਬਾਰਾਂ ਨੇ ਲਿਖਿਆ: “ਮਾਸਕੋ ਦੇ ਨੇੜੇ ਚਮਤਕਾਰ।”