The Last Leaf (Story in Punjabi) : O Henry

ਆਖਰੀ ਪੱਤਾ (ਕਹਾਣੀ) : ਓ ਹੈਨਰੀ

ਆਖਰੀ ਪੱਤਾ ਓ. ਹੈਨਰੀ
ਕਾਵਿ ਰੂਪ ਕਰਮਜੀਤ ਸਿੰਘ ਗਠਵਾਲਾ

(ਇਹ ਰਚਨਾ ਓ. ਹੈਨਰੀ ਦੀ ਕਹਾਣੀ
'The Last Leaf' ਤੇ ਆਧਾਰਿਤ ਹੈ)

ਵਾਸ਼ਿੰਗਟਨ ਸਕਵੇਅਰ ਦੇ ਵੱਸੇ ਜਿਹੜੀ ਬਸਤੀ ਲਹਿੰਦੇ ।
ਗ੍ਰੀਨਵਿਚ ਵਿਲੇਜ ਨਾਂ ਉਹਦਾ ਸਭ ਲੋਕੀ ਨੇ ਕਹਿੰਦੇ ।
ਭੁੱਲ-ਭੁਲੱਈਆਂ ਨੇ ਲਗਦੀਆਂ ਸਭ ਓਥੋਂ ਦੀਆਂ ਗਲੀਆਂ ।
ਕੁਝ ਵਿੰਗ ਵਲੇਵੇਂ ਖਾਂਦੀਆਂ ਫਿਰ ਉਹ ਏਦਾਂ ਮਿਲੀਆਂ ।
ਇਕੋ ਗਲੀ ਇਕ ਦੋ ਵਾਰੀ ਤਾਂ ਆਪਾ ਹੈ ਕੱਟ ਜਾਂਦੀ ।
ਓਪਰਾ ਕੋਈ ਵੜੇ ਜਿਸ ਥਾਂ ਤੋਂ ਮੁੜ ਓਥੇ ਲੈ ਆਂਦੀ ।
ਬਿੱਲ ਕਾਗ਼ਜ਼, ਕੈਨਵਸ, ਰੰਗਾਂ ਦੇ ਲੈਣ ਕੋਈ ਜੇ ਆਵੇ ।
ਖਾਲੀ ਹੱਥੀਂ ਉਹ ਪਰਤ ਜਾਏ ਘਰ ਨਾ ਉਸਨੂੰ ਥਿਆਵੇ ।
ਕਲਾਕਾਰਾਂ ਲਈ ਬਣ ਗਿਆ ਇਹ ਥਾਂ ਬੜਾ ਸੁਖਾਵਾਂ ।
ਕਿਰਾਇਆ ਏਥੇ ਰਹਿਣ ਦਾ ਬਹੁਤਾ ਨਹੀਂ ਦੁਖਾਵਾਂ ।
ਪੁਰਾਣੀਆਂ ਡਚ ਇਮਾਰਤਾਂ ਇੱਥੇ ਨੇ ਮਨ ਮੋਂਹਦੀਆਂ ।
ਛੱਜੇ ਅਤੇ ਅਟਾਰੀਆਂ ਹੈਣ ਜਿਨ੍ਹਾਂ 'ਤੇ ਸੋਂਹਦੀਆਂ ।

ਤਿੰਨ-ਮੰਜ਼ਿਲਾ ਇੱਟਾਂ ਦੀ ਬਣੀ ਇਕ ਇਮਾਰਤ ਇੱਥੇ ।
ਜੌਂਜ਼ੀ ਅਤੇ ਸੂ ਨੇ ਆਪਣਾ ਸਟੂਡੀਓ ਬਣਾਇਆ ਜਿੱਥੇ ।
ਇਕ ਆਈ ਸੀ ਮੇਨ ਤੋਂ ਦੂਜੀ ਕੈਲੀਫੋਰਨੀਆ ਨਿਵਾਸੀ ।
ਇਕ ਰੈਸਤੋਰਾਂ ਖਾਣਾ ਖਾਂਦਿਆਂ ਦੋਸਤੀ ਹੋ ਗਈ ਖਾਸੀ ।
ਖਾਣ-ਪਹਿਨਣ ਦੀਆਂ ਆਦਤਾਂ ਦੋਵਾਂ ਦੀਆਂ ਸੀ ਇੱਕੇ ।
ਕਲਾ ਦੇ ਨਜ਼ਰੀਏ ਵਿੱਚ ਵੀ ਬਹੁਤਾ ਫ਼ਰਕ ਨਾ ਦਿੱਸੇ ।

ਮਈ ਦੀ ਇਹ ਗੱਲ ਹੈ ਪਰ ਜਦੋਂ ਨਵੰਬਰ ਆਇਆ ।
ਠੰਢਾ ਅਦਿੱਖ ਅਜਨਬੀ ਆਪਣੇ ਨਾਲ ਲਿਆਇਆ ।
ਡਾਕਟਰ ਨਮੂਨੀਆਂ ਆਖਦੇ ਜੋ ਉੱਥੇ ਸੀ ਰਹਿੰਦੇ ।
ਠੰਢੇ ਹੱਥ ਇਸ ਮਨਹੂਸ ਦੇ ਜਿਸ ਜਿਸ ਉੱਤੇ ਪੈਂਦੇ ।
ਕਾਂਬਾ ਉਹਨੂੰ ਛਿੜ ਜਾਂਵਦਾ ਜੁੱਸਿਓਂ ਤਾਕਤ ਜਾਵੇ।
ਬੁਖਾਰ ਐਨਾ ਚੜ੍ਹ ਜਾਂਵਦਾ ਉੱਠਿਆ ਮੂਲ ਨਾ ਜਾਵੇ ।
ਪੂਰਬ ਵਾਲੇ ਪਾਸੇ ਏਸਨੇ ਪੂਰਾ ਕਹਿਰ ਮਚਾਇਆ ।
ਵਿੰਗੇ-ਟੇਢੇ ਰਾਹ ਜਿੱਥੇ ਉੱਥੇ ਹੌਲੀ ਹੌਲੀ ਆਇਆ ।
ਨਮੂਨੀਆਂ ਬੁੱਢਾ ਵੀਰ ਜੇ ਹੁੰਦਾ ਸਹੀ ਲੜਾਈ ਲੜਦਾ ।
ਕਿਉਂ ਨਿਮਾਣੀ ਬਾਲੜੀ ਤਾਈਂ ਉਹ ਆਕੇ ਫਿਰ ਚੜ੍ਹਦਾ ।
ਪੱਛਮੀ ਠੰਢੀ ਹਵਾ ਪਹਿਲੋਂ ਸੀ ਜਿਸਦਾ ਲਹੂ ਘਟਾਇਆ।
ਲਾਲ-ਮੁੱਠਾਂ, ਛੋਟੇ ਸਾਹ ਵਾਲਾ ਖੂਸਟ ਕਿਧਰੋਂ ਆਇਆ ।
ਜੌਂਜ਼ੀ ਨੂੰ ਇਸ ਆਕੇ ਦੱਬਿਆ ਉਸ ਤੋਂ ਹਿਲਿਆ ਨਾ ਜਾਵੇ ।
ਬਿਸਤਰ ਲੇਟੀ ਖਿੜਕੀ ਵਿੱਚੋਂ ਬਾਹਰ ਨੂੰ ਝਾਕੀ ਪਾਵੇ ।
ਇਟਾਂ ਵਾਲੀ ਸਾਹਮਣੇ ਘਰ ਦੀ ਕੰਧ ਸੀ ਬਿਲਕੁਲ ਖਾਲੀ ।
ਉਸ ਵੱਲ ਨੀਝ ਲਾ ਕੇ ਉਹ ਰੱਖੇ ਜਿਦਾਂ ਕੋਈ ਸਵਾਲੀ ।
ਸੁਬਹ ਸਵੇਰੇ ਕੰਮ 'ਚ ਰੁਝਿਆ ਡਾਕਟਰ ਉੱਥੇ ਆਇਆ ।
ਬਿਖਰੇ ਚਿੱਟੇ ਵਾਲ ਸੀ ਜਿਸਦੇ ਸੂ ਨੂੰ ਉਸ ਬੁਲਾਇਆ ।
ਥਰਮਾਮੀਟਰ ਆਪਣਾ ਤੱਕੇ ਨਾਲੇ ਉਹ ਆਖ ਸੁਣਾਵੇ,
"ਦਸਾਂ ਵਿੱਚੋਂ ਇਕ ਹਿਸਾ ਹੀ ਬਚਣ ਦਾ ਨਜ਼ਰੀਂ ਆਵੇ ।
ਉਹ ਵੀ ਤਾਂ ਜੇ ਆਪਣੇ ਦਿਲ 'ਚੋਂ ਡਰ ਮੌਤ ਦਾ ਕੱਢੇ ।
ਕਬਰਾਂ ਅਤੇ ਮੋਇਆਂ ਬਾਰੇ ਸੋਚਣਾ ਬਿਲਕੁਲ ਛੱਡੇ ।
ਕਿਹੜੀ ਚੀਜ਼ ਜੋ ਇਸਨੂੰ ਅੰਦਰੋ ਅੰਦਰੀ ਖਾਈਂ ਜਾਵੇ?"
" ਨੇਪਲਜ ਦੀ ਖਾੜੀ ਦਾ ਇਹ ਚਿਤਰ ਬਣਾਣਾ ਚਾਹਵੇ।"
"ਚਿਤ੍ਰਕਾਰੀ ਵੀ ਕੋਈ ਗੱਲ ਹੈ ਜਿਸ ਬਾਰੇ ਕੋਈ ਸੋਚੇ ।
ਕੀ ਕੋਈ ਹੈ ਅਜਿਹਾ ਬੰਦਾ ਜਿਸ ਨੂੰ ਦਿਲੋਂ ਇਹ ਲੋਚੇ ।"
"ਨਹੀਂ, ਡਾਕਟਰ ਕੋਈ ਨਹੀਂ ਬੰਦਾ ਜੋ ਇਸਦੇ ਦਿਲ ਆਵੇ ।"
"ਤਾਂ ਫਿਰ ਬੱਸ ਕਮਜ਼ੋਰੀ ਇਸਨੂੰ ਮੌਤ ਵੱਲ ਲਈਂ ਜਾਵੇ ।
ਜਿੰਨੀ ਵਾਹ ਮੈਂ ਲਾ ਸਕਦਾ ਹਾਂ ਆਪਣੀ ਵੱਲੋਂ ਮੈਂ ਲਾਵਾਂ ।
ਰੋਗੀ ਗਿਣੇ ਜੇ ਮਜਲ ਦੇ ਬੰਦੇ ਤਾਂ ਮੈਂ ਕਿਆਸ ਲਗਾਵਾਂ ।
ਦਵਾਈਆਂ ਦੀ ਕੁਲ ਤਾਕਤ ਦਾ ਅੱਧਾ ਹਿੱਸਾ ਘਟਾਵਾਂ ।
ਫ਼ੈਸ਼ਨ ਦੀ ਗੱਲ ਰੋਗੀ ਕਰੇ ਤਾਂ ਦੁਗਣਾ ਉਹਨੂੰ ਕਰਾਵਾਂ ।"

ਡਾਕਟਰ ਗਿਆ ਸੂ ਐਨਾ ਰੋਈ ਰੁਮਾਲ ਵੀ ਗਿੱਲਾ ਹੋਇਆ ।
ਡਰਾਇੰਗ ਬੋਰਡ ਲੈ ਕਮਰੇ ਆਈ ਮੂਲ ਨਾ ਜਾਵੇ ਖਲੋਇਆ ।
ਸੂ ਹੌਲੀ ਹੌਲੀ ਸੀਟੀਆਂ ਵਜਾਵੇ ਨਾਲੇ ਕੁਝ ਗਾਈਂ ਜਾਵੇ ।
ਜੌਂਜ਼ੀ ਨੂੰ ਵੇਖ ਚੁਪ-ਚਾਪ ਸੁੱਤਿਆਂ ਸੀਟੀਆਂ ਬੰਦ ਕਰਾਵੇ ।
ਕਿਸੇ ਰਸਾਲੇ ਲਈ ਸੂ ਨੇ ਤਸਵੀਰ ਕੀਤੀ ਸ਼ੁਰੂ ਵਾਹਣੀ ।
ਜਿਦਾਂ ਨਵਾਂ ਲੇਖਕ ਕੋਈ ਲਿਖਦਾ ਰਸਾਲੇ ਲਈ ਕਹਾਣੀ ।
ਘੋੜਸਵਾਰ ਚਰਵਾਹੇ ਦੀ ਉਸ ਸੋਹਣੀ ਤਸਵੀਰ ਬਣਾਈ ।
ਉਹਨੂੰ ਲੱਗਿਆ ਜੌਂਜ਼ੀ ਹੌਲੀ ਹੌਲੀ ਜਾਵੇ ਗੱਲ ਦੁਹਰਾਈ ।
ਸੂ ਆਪਣਾ ਕੰਮ ਵਿਚੇ ਛੱਡ ਕੇ ਬਿਸਤਰ ਵੱਲ ਨੂੰ ਆਈ ।
ਜੌਂਜ਼ੀ ਜਾਗਦੀ ਬਿਸਤਰ ਬੈਠੀ ਬਾਹਰ ਨਿਗਾਹ ਟਿਕਾਈ ।
ਬਾਹਰ ਵੇਖੇ ਤੇ ਮੂੰਹ ਵਿੱਚੋਂ ਪੁੱਠੀ ਗਿਣਤੀ ਗਿਣਦੀ ਜਾਵੇ ।
ਬਾਰਾਂ ਗਿਆਰਾਂ ਦਸ ਨੌ ਗਿਣਦੀ ਅੱਠ ਸੱਤ ਤੱਕ ਆਵੇ ।
ਸੂ ਫ਼ਿਕਰਮੰਦ ਬਹੁ ਹੋਈ ਝਾਤੀ ਖਿੜਕੀ ਵੱਲ ਪਾਵੇ ।
ਬਾਹਰ ਵੱਲ ਜੌਂਜ਼ੀ ਕੀ ਵੇਖੇ ਉਸਨੂੰ ਸਮਝ ਨਾ ਆਵੇ ।
ਬਾਹਰ ਸੁੰਨਮਸੁੰਨਾ ਵਿਹੜਾ ਖਾਲੀ ਕੰਧ ਇੱਟਾਂ ਵਾਲੀ ।
ਰੁੰਡ-ਮਰੁੰਡੀ ਵੇਲ ਆਇਵੀ ਦੀ ਉਸ 'ਤੇ ਪਏ ਵਿਖਾਲੀ ।
ਜੜ੍ਹਾਂ ਸੁੱਕੀਆਂ ਜਰਜਰ ਹੋਈ ਅੱਧ ਤੱਕ ਚੜ੍ਹੀ ਹੋਈ ।
ਠੰਢੀ ਖ਼ਿਜ਼ਾਂ ਨੇ ਪੱਤੇ ਸੂਤੇ ਬੱਸ ਹੁਣੇ ਮੋਈ ਕਿ ਮੋਈ ।
"ਬਾਹਰ ਵੱਲ ਕੀ ਤੂੰ ਵੇਖੇਂ ?" ਸੂ ਜੌਜ਼ੀਂ ਨੂੰ ਪੁੱਛੇ ।
"ਛੇ ਰਹਿ ਗਏ ਸਾਰੇ ਝੜ ਗਏ," ਜੌਂਜ਼ੀ ਹੌਲੀ ਦੱਸੇ ।
"ਤਿੰਨ ਦਿਨ ਪਹਿਲਾਂ ਸੌ ਸਨ ਗਿਣਦੀ ਤਾਂ ਸਿਰ ਦੁਖਦਾ ।
ਪਰ ਹੁਣ ਸੌਖਾ ਹੈ ਗਿਣਨਾ ਲੈ ਇਕ ਹੋਰ ਔਹ ਡਿਗਦਾ ।
ਬੱਸ ਹੋਰ ਹੁਣ ਪੰਜ ਬਚੇ ਨੇ," ਜੌਂਜ਼ੀ ਇਹ ਦੱਸੀਂ ਜਾਵੇ ।
ਪੰਜ ਹੋਰ ਕੀ ਬਚੇ ਨੇ ?" ਇਹ ਸੂ ਜਾਣਨਾ ਚਾਹਵੇ ।
"ਆਇਵੀ ਦੇ ਗਿਣਾਂ ਮੈਂ ਪੱਤੇ, ਤੈਨੂੰ ਨਹੀਂ ਡਾਕਟਰ ਦੱਸਿਆ ?
ਅਖੀਰਲੇ ਪੱਤੇ ਨਾਲ ਮੈਂ ਮਰਨਾ ਇਹ ਮੇਰੇ ਮਨ ਵਸਿਆ ।"
ਸੂ ਅੱਗੋਂ ਕੁਝ ਖਿਝ ਕੇ ਬੋਲੀ, "ਇਹ ਗੱਲ ਪਾਗਲਾਂ ਵਾਲੀ ।
ਤੇਰੀ ਤੇ ਝੜ ਰਹੇ ਪੱਤਿਆਂ ਦੀ ਦੱਸ ਕਿਹੜੀ ਭਾਈਵਾਲੀ ?
ਡਾਕਟਰ ਨੇ ਏਹੋ ਦੱਸਿਆ ਦਸ 'ਚੋਂ ਇਕ ਮੌਕਾ ਬਚਣ ਦਾ ।
ਨਵੀਂ ਇਮਾਰਤ ਜੇ ਬਣੀ ਹੋਵੇ ਏਹੋ ਉਸ ਕੋਲੋਂ ਲੰਘਣ ਦਾ ।
ਉਸਦਾ ਐਨਾ ਹੀ ਖਤਰਾ ਕਰੀਏ ਨਿਯੂ ਯਾਰਕ ਕਾਰ ਸਵਾਰੀ ।
ਤੂੰ ਕੁਝ ਖਾ ਪੀ ਲੈ ਮੈਂ ਕਰ ਲਾਂ ਕੁਝ ਨਾ ਕੁਝ ਚਿਤ੍ਰਕਾਰੀ ।
ਜਿਸਨੂੰ ਮੈਂ ਆਡੀਟਰ ਨੂੰ ਦੇ ਕੇ ਥੋੜ੍ਹੇ ਬਹੁਤੇ ਪੈਸੇ ਲੈ ਆਵਾਂ ।
ਜਿਨ੍ਹਾਂ ਦਾ ਸਮਾਨ ਖਾਣ ਪੀਣ ਦਾ ਅਤੇ ਦਵਾਈਆਂ ਲਿਆਵਾਂ ।"
ਜੌਂਜ਼ੀ ਨੇ ਅੱਖਾਂ ਬਾਹਰ ਟਿਕਾਈਆਂ ਸੂ ਨੂੰ ਆਖੇ ਏਹਾ,
"ਮੇਰੇ ਲਈ ਕੁਝ ਲੈ ਕੇ ਆਣ ਦਾ ਤੈਨੂੰ ਫ਼ਿਕਰ ਹੈ ਕੇਹਾ ?
ਹੁਣ ਪੱਤੇ ਕੁਲ ਚਾਰ ਰਹਿ ਗਏ ਇਨ੍ਹਾਂ ਵੀ ਡਿੱਗ ਜਾਣਾ ।
ਉਸੇ ਵੇਲੇ ਮੈਂ ਵੀ ਦੁਨੀਆਂ 'ਚੋਂ ਕਰਨਾ ਕੂਚ ਠਿਕਾਣਾ ।"
ਸੂ ਉਸ ਉੱਤੇ ਝੁਕੀ ਤੇ ਆਖੇ, "ਸੁਣ ਤੂੰ ਮੇਰੀ ਪਿਆਰੀ,
ਅੱਖਾਂ ਮੀਟ ਕੇ ਰੱਖ ਆਪਣੀਆਂ ਨਾ ਵੇਖ ਵੱਲ ਬਾਰੀ ।
ਚਿਤਰ ਬਣਾਕੇ ਦੇਣੇ ਕੱਲ੍ਹ ਤੱਕ ਤਾਹੀਂ ਤੈਨੂੰ ਇਹ ਕਹਿੰਦੀ ।
ਚਾਨਣ ਦੀ ਹੈ ਲੋੜ ਏਸ ਲਈ ਨਹੀਂ ਪਰਦੇ ਬੰਦ ਕਰ ਦਿੰਦੀ ।"
"ਕਿੰਨਾ ਚੰਗਾ ਹੋਵੇ ਦੂਜੇ ਕਮਰੇ ਤੂੰ ਜਾ ਕੇ ਚਿਤਰ ਬਣਾਵੇਂ ।"
ਸੂ ਆਖਦੀ, "ਮੈਂ ਇਹ ਚਾਹਾਂ ਤੂੰ ਪੱਤਿਓਂ ਨਿਗਾਹ ਹਟਾਵੇਂ ।"
ਜੌਂਜ਼ੀ ਕਹਿੰਦੀ, "ਮੈਨੂੰ ਦੱਸੀਂ, ਕੰਮ ਤੇਰਾ ਜਦੋਂ ਮੁਕਿਆ ।"
ਪੂਣੀ ਵਰਗੀ ਬੱਗੀ ਹੋਈ ਜਾਪੇ ਜਿਉਂ ਬੁੱਤ ਟੁੱਟਿਆ ।
"ਮੈਂ ਚਾਹੁੰਦੀ ਮੈਂ ਆਖਰੀ ਪੱਤਾ ਡਿਗਦਾ ਢਹਿੰਦਾ ਤੱਕਾਂ ।
ਉਡੀਕ ਨੇ ਮੈਨੂੰ ਬਹੁਤ ਸਤਾਇਆ ਸੋਚਾਂ ਸੋਚਦੀ ਥੱਕਾਂ ।
ਥੱਕਿਆ ਪੱਤਾ ਡਿੱਗੇ ਜਿਉਂ ਹੌਲੀ ਮੈਂ ਵੀ ਏਹੋ ਚਾਹਵਾਂ ।
ਮੈਂ ਵੀ ਏਦਾਂ ਥੱਕੀ ਥਕਾਈ ਦੁਨੀਆਂ ਨੂੰ ਛੱਡ ਜਾਵਾਂ ।"
ਸੂ ਕਹਿੰਦੀ, "ਤੂੰ ਜ਼ਰਾ ਕੁ ਸੌਂ ਜਾ ਮੈਂ ਹੇਠਾਂ ਜਾ ਆਵਾਂ ।
ਬਹਰਮਨ ਨੂੰ ਅਪਣੇ ਮਾਡਲ ਲਈ ਹੁਣੇ ਬੁਲਾ ਲਿਆਵਾਂ ।
ਇਕ ਮਿੰਟ ਤੋਂ ਵਧ ਨਹੀਂ ਲਾਣਾ ਹੁਣੇ ਆਈ ਕਿ ਆਈ ।
ਤੂੰ ਆਪਣੀ ਥਾਂ ਤੋਂ ਹਿਲਣ ਦੀ ਕੋਸ਼ਿਸ਼ ਕਰੀਂ ਨਾ ਕਾਈ ।"

ਬੁੱਢਾ ਬਹਰਮਨ ਚਿਤ੍ਰਕਾਰ ਸੀ ਜੋ ਸੱਠ ਸਾਲਾਂ ਤੋਂ ਟੱਪਿਆ ।
ਚਾਲੀ ਸਾਲ ਤੋਂ ਇਸ ਪੇਸ਼ੇ ਵਿਚ ਪਰ ਕੁਝ ਵੀ ਨਾ ਖੱਟਿਆ ।
ਇਹ ਗੱਲ ਸਭਨਾਂ ਨੂੰ ਕਹਿੰਦਾ ਮੈਂ ਇਕ ਸ਼ਾਹਕਾਰ ਬਣਾਣਾ ।
ਮੈਂ ਕਿੰਨਾ ਵੱਡਾ ਕਲਾਕਾਰ ਹਾਂ ਫਿਰ ਲੋਕਾਂ ਨੇ ਮੰਨ ਜਾਣਾ ।
ਅਖਬਾਰਾਂ ਵਿਚ ਕੁਝ ਕੰਮ ਕਰਕੇ ਆਪਣਾ ਪੇਟ ਉਹ ਭਰਦਾ ।
ਹੁਣ ਉਹ ਜੌਂਜ਼ੀ ਤੇ ਸੂ ਵਾਸਤੇ ਮਾਡਲ ਦਾ ਕੰਮ ਹੀ ਕਰਦਾ ।
ਬਹੁਤੀ ਜਿੰਨ ਜਦੋਂ ਪੀ ਲੈਦਾ ਆਪਣੇ ਸ਼ਾਹਕਾਰ ਬਾਰੇ ਦੱਸਦਾ ।
ਜੇ ਕੋਈ ਕਮਜ਼ੋਰੀ ਕਦੇ ਵਿਖਾਵੇ ਉਸ ਉੱਤੇ ਖੁਲ੍ਹ ਕੇ ਹੱਸਦਾ ।
ਦੋਵਾਂ ਕੁੜੀਆਂ ਦੀ ਉਹ ਸਮਝੇ ਮੈਂ ਕਰਦਾ ਹਾਂ ਰਖਵਾਲੀ ।
ਇਸ ਅਣਜਾਣ ਜਗ੍ਹਾ ਉਨ੍ਹਾਂ ਦਾ ਕੌਣ ਏਂ ਵਾਰਿਸ ਵਾਲੀ ।
ਜੂਨੀਪਰ ਬੇਰੀਆਂ ਦੀ ਤਿੱਖੀ ਬੋ ਉਸਦੇ ਕਮਰੇ ਭਰੀ ਸੀ ।
ਇਕ ਖੂੰਜੇ ਵਿਚ ਈਜ਼ਲ ਉੱਤੇ ਖਾਲੀ ਕੈਨਵਸ ਧਰੀ ਸੀ ।
ਬਹਰਮਨ ਨੇ ਆਪਣੇ ਸ਼ਾਹਕਾਰ ਦੀ ਲੀਕ ਨਾ ਵਾਹੀ ਕੋਈ ।
ਪੰਝੀ ਸਾਲ ਦੀ ਉਸੇ ਜਗ੍ਹਾ ਤੇ ਬੱਸ ਏਦਾਂ ਹੀ ਟਿੱਕੀ ਹੋਈ ।
ਸੂ ਨੇ ਜੌਂਜ਼ੀ ਦੀ ਸਾਰੀ ਗੱਲ ਬਹਰਮਨ ਨੂੰ ਦੱਸੀ ਜਾ ਕੇ ।
ਉਸਨੇ ਆਪਣੀ ਖਿਝ ਸੂ ਤੇ ਕੱਢੀ ਉਸਨੂੰ ਗੱਲਾਂ ਸੁਣਾ ਕੇ ।
"ਕੀ ਇਸ ਦੁਨੀਆਂ ਵਿਚ ਇਹੋ ਜਿਹਾ ਪਾਗਲ ਵੀ ਕੋਈ ?
ਤੁਹਾਡੇ ਲਈ ਹੁਣ ਮਾਡਲ ਬਣਨ ਦੀ ਮੈਨੂੰ ਲੋੜ ਨਾ ਕੋਈ ।
ਤੂੰ ਉਸਦੇ ਦਿਮਾਗ਼ ਵਿਚ ਇਹ ਖ਼ਿਆਲ ਕਿਉਂ ਆਉਣ ਦੇਵੇਂ ।
ਇਹੋ ਜਿਹੀਆਂ ਫਾਲਤੂ ਸੋਚਾਂ ਕਿਉਂ ਨਾ ਉਸਤੋਂ ਪਰ੍ਹਾਂ ਕਰੇਵੇਂ ।"
ਸੂ ਕਹਿੰਦੀ, "ਜੌਂਜ਼ੀ ਨੂੰ ਬੁਖਾਰ ਨੇ ਕੀਤਾ ਹੈ ਬਹੁਤ ਨਿਤਾਣਾ ।
ਅਜੀਬ ਸੋਚਾਂ ਨੇ ਤਾਹੀਂ ਉਸਦੇ ਮਨ ਸ਼ੁਰੂ ਕੀਤਾ ਹੈ ਆਣਾ ।
ਜੇ ਤੂੰ ਮਾਡਲ ਨਹੀਂ ਬਣਨਾ ਚਾਹੁੰਦਾ ਇਹ ਮਰਜੀ ਏ ਤੇਰੀ ।
ਤੂੰ ਬੁਢਾ ਇਕ ਵੱਡਾ ਮੂਰਖ ਏਂ ਇਹ ਬਣੀ ਸੋਚ ਏ ਮੇਰੀ ।"
ਬਹਰਮਨ ਆਖੇ ਸੂ ਨੂੰ, "ਤੂੰ ਵੀ ਜਨਾਨੀਆਂ ਵਾਂਗ ਹੈਂ ਹੋਈ ।
ਤੇਰੇ ਲਈ ਮਾਡਲ ਨਾ ਬਣਨ ਦੀ ਨਹੀਂ ਮੇਰੀ ਮਰਜੀ ਕੋਈ ।
ਤੂੰ ਚੱਲ ਮੈਂ ਹੁਣੇ ਆਇਆ ਪਰ ਇਕ ਗੱਲ ਸੁਣਦੀ ਜਾਈਂ ।
ਜੌਂਜ਼ੀ ਵਿਚਾਰੀ ਦੇ ਰਹਿਣ ਲਈ ਇਹ ਥਾਂ ਚੰਗੀ ਨਾਹੀਂ ।
ਜਦੋਂ ਮੈਂ ਸ਼ਾਹਕਾਰ ਬਣਾਇਆ ਫਿਰ ਪੈਸੇ ਬਹੁਤ ਕਮਾਣੇ ।
ਉਸੇ ਵੇਲੇ ਇਸ ਭੈੜੀ ਥਾਂ ਤੋਂ ਆਪਾਂ ਸਭਨਾਂ ਚਾਲੇ ਪਾਣੇ ।"

ਜੌਂਜ਼ੀ ਨੂੰ ਸੁੱਤੀ ਵੇਖ ਕੇ ਸੂ ਨੇ ਹੇਠਾਂ ਪਰਦੇ ਸਭ ਗਿਰਾਏ ।
ਬਹਰਮਨ ਤੇ ਸੂ ਦੋਵੇਂ ਫਿਰ ਨਾਲ ਦੇ ਕਮਰੇ ਵਿਚ ਆਏ ।
ਦੋਵੇਂ ਜਣੇ ਦਿਲੋਂ ਡਰੇ ਹੋਏ ਬਾਹਰ ਵੇਲ ਨੂੰ ਵੇਖੀਂ ਜਾਵਣ ।
ਇਕ ਦੂਜੇ ਵੱਲ ਨਿਗ੍ਹਾ ਕਰਨ ਪਰ ਮੂੰਹੋਂ ਨਾ ਕੁਝ ਸੁਣਾਵਣ ।
ਬਾਹਰ ਮੀਂਹ ਤੇਜ ਪੈ ਰਿਹਾ ਉਸਦੀ ਤੇਜੀ ਵਧਦੀ ਜਾਵੇ ।
ਬਰਫ਼ ਵੀ ਨਾਲੋ ਨਾਲ ਡਿਗ ਰਹੀ ਜੋ ਠੰਢ ਨੂੰ ਹੋਰ ਵਧਾਵੇ ।
ਖਾਣ ਮਜ਼ਦੂਰਾਂ ਵਾਂਗੂੰ ਬਹਰਮਨ ਕਮੀਜ਼ ਸੀ ਨੀਲੀ ਪਾਈ ।
ਬੈਠਣ ਲਈ ਚਟਾਨ ਦੀ ਥਾਂ ਉਸ ਕੇਤਲੀ ਪੁੱਠੀ ਕਰਾਈ ।
ਅਗਲੀ ਸਵੇਰ ਘੰਟਾ ਕੁ ਸੌਂ ਕੇ ਸੂ ਨੂੰ ਜਾਗ ਜਾਂ ਆਈ ।
ਉਦਾਸ ਅੱਖਾਂ ਨਾਲ ਜੌਂਜ਼ੀ ਨੇ ਪਰਦੇ ਤੇ ਨਜ਼ਰ ਟਿਕਾਈ ।
"ਪਰਦੇ ਪਰ੍ਹਾਂ ਹਟਾ, ਮੈਂ ਤੱਕਣਾ" ਸੂ ਨੂੰ ਹੁਕਮ ਸੁਣਾਵੇ ।
ਸੂ ਵਿਚਾਰੀ ਕੰਬਦੇ ਹੱਥੀਂ ਪਰਦਿਆਂ ਨੂੰ ਪਰ੍ਹੇ ਹਟਾਵੇ ।
ਵੇਖੋ ਚਮਤਕਾਰ ਇਕ ਹੋਇਆ ਪੱਤਾ ਵੇਲ ਤੇ ਡਟਿਆ ।
ਤੇਜ਼ ਹਨੇਰੀ ਤੇ ਮੀਂਹ ਉਸਦਾ ਕੁਝ ਵਿਗਾੜ ਨਾ ਸਕਿਆ ।
ਗੂੜ੍ਹ੍ਹਾ ਹਰਾ ਰੰਗ ਓਸਦਾ ਪਰ ਕਿਨਾਰੇ ਕੁਝ ਕੁਝ ਸੁੱਕੇ ।
ਵੀਹ ਫੁੱਟ ਸੀ ਜ਼ਮੀਨ ਤੋਂ ਉੱਚਾ ਲੱਗਿਆ ਵੇਲ ਦੇ ਉੱਤੇ ।

ਜੌਂਜ਼ੀ ਕਹਿੰਦੀ, "ਮੈਂ ਸੋਚਿਆ ਸੀ ਰਾਤ ਨੂੰ ਇਹ ਡਿੱਗ ਜਾਣਾ ।
ਤੇਜ ਹਨੇਰੀ ਵਿਚ ਇਸ ਪੱਤੇ ਵਿਚਾਰੇ ਆਪਾ ਕਿਦਾਂ ਬਚਾਣਾ ।
ਅੱਜ ਜ਼ਰੂਰ ਇਹ ਡਿੱਗ ਜਾਵੇਗਾ ਹਨੇਰੀ ਨਹੀਂ ਝੱਲੀ ਜਾਣੀ ।
ਇਸ ਪੱਤੇ ਨਾਲ ਰੂਹ ਮੇਰੀ ਵੀ ਇਸ ਜੱਗ ਤੋਂ ਟੁਰ ਜਾਣੀ ।
ਸੂ ਦਾ ਚਿਹਰਾ ਮੁਰਝਾਇਆ ਕਹੇ ਜੌਂਜ਼ੀ ਨੂੰ, "ਕਰ ਜੇਰਾ ।
ਜੇ ਤੂੰ ਆਪਣਾ ਨਹੀਂ ਸੋਚਣਾ ਕੁਝ ਤਾਂ ਸੋਚ ਤੂੰ ਮੇਰਾ ।"
ਜੌਂਜ਼ੀ ਕੋਈ ਜਵਾਬ ਨਾ ਦਿੱਤਾ ਸੋਚੇ ਉਸਦੀ ਰੂਹ ਕੱਲੀ ।
ਸਾਰੇ ਰਿਸ਼ਤੇ ਤੋੜ ਜਗਤ ਦੇ ਆਪਣੇ ਰਾਹ ਟੁਰ ਚੱਲੀ ।
ਸਾਰਾ ਦਿਨ ਲੰਘਿਆ ਸ਼ਾਮ ਵੇਲੇ ਉਨ੍ਹਾਂ ਬਾਹਰ ਡਿੱਠਾ ।
ਸੂਰਿਆਂ ਵਾਂਗੂੰ ਕਾਇਮ ਖੜਾ ਸੀ ਆਪਣੀ ਥਾਵੇਂ ਪੱਤਾ ।
ਰਾਤ ਹੋਈ ਤਾਂ ਉੱਤਰ ਵੱਲੋਂ ਤੇਜ ਤੂਫ਼ਾਨ ਫਿਰ ਆਇਆ ।
ਕੱਲਾ ਨਹੀਂ ਨਾਲ ਆਪਣੇ ਮੀਂਹ ਜ਼ੋਰ ਦਾ ਲਿਆਇਆ ।
ਛੱਤਾਂ ਤੇ ਕੰਧਾਂ ਤੇ ਮੀਂਹ ਦੀ ਵਾਛੜ ਜ਼ੋਰ ਜ਼ੋਰ ਦੀ ਵੱਜੇ ।
ਇਉਂ ਲੱਗੇ ਇਹਨੇ ਸਭ ਘਰ ਹੀ ਤੋੜ ਸੁੱਟਣੇ ਨੇ ਅੱਜੇ ।
ਸਵੇਰੇ ਥੋੜ੍ਹਾ ਚਾਨਣ ਹੋਇਆ ਜੌਂਜ਼ੀ ਹੁਕਮ ਚੜ੍ਹਾਇਆ ।
ਸੂ ਵਿਚਾਰੀ ਨੇ ਪਰਦੇ ਨੂੰ ਖਿੜਕੀ ਤੋਂ ਪਰ੍ਹਾਂ ਹਟਾਇਆ ।
ਜੌਂਜ਼ੀ ਨੇ ਜਾਂ ਪੱਤਾ ਡਿੱਠਾ ਤਾਂ ਉਸ ਤੇ ਨਿਗਾਹ ਟਿਕਾਈ ।
ਸੂ ਸੀ ਖਾਣਾ ਪਈ ਬਣਾਉਂਦੀ ਉਸ ਨੂੰ ਆਵਾਜ਼ ਲਗਾਈ ।
"ਮੈਂ ਇਕ ਬਹੁਤ ਬੁਰੀ ਕੁੜੀ ਹਾਂ ਜਿਸਨੇ ਤੰਗ ਕੀਤਾ ਤੈਨੂੰ ।
ਪੱਤੇ ਨੇ ਆਪਣੀ ਥਾਂ ਰਹਿਕੇ ਇਕ ਸਬਕ ਸਿਖਇਆ ਮੈਨੂੰ ।
ਆਪੇ ਮੌਤ ਮੰਗਣੀ ਪਾਪ ਹੈ ਵੱਡਾ ਮੈਨੂੰ ਸਮਝ ਇਹ ਆਈ ।
ਬੀਬੀ ਰਾਣੀ ਬਣ ਮੇਰੇ ਲਈ ਛੋਟਾ ਸ਼ੀਸ਼ਾ ਲੈ ਕੇ ਆਈਂ ।
ਸਿਰ੍ਹਾਣਿਆਂ ਦਾ ਫਿਰ ਦੇ ਆਸਰਾ ਮੈਨੂੰ ਚੁੱਕ ਬਿਠਾਈਂ ।
ਫੇਰ ਆਪਣੇ ਹੱਥੀਂ ਮੈਨੂੰ ਦੁੱਧ ਪਿਆਈਂ ਖਾਣਾ ਖੁਆਈਂ ।
ਤੈਨੂੰ ਕੰਮ ਕਰਦੀ ਨੂੰ ਮੈਂ ਬਿਸਤਰ ਬੈਠ ਵੇਖਣਾ ਚਾਹਵਾਂ ।
ਠੀਕ ਹੋ ਕੇ 'ਨੇਪਲਜ ਦੀ ਖਾੜੀ' ਵਾਲਾ ਚਿਤਰ ਬਣਾਵਾਂ ।"

ਦੁਪਹਿਰ ਬਾਦ ਡਾਕਟਰ ਆਇਆ ਸੂ ਜਾਂ ਉਸਨੂੰ ਪੁੱਛਿਆ ।
"ਪੰਜਾਹ ਫੀ ਸਦੀ ਬਚਣ ਦਾ ਮੌਕਾ" ਕਹਿਕੇ ਉਸ ਹੱਥ ਘੁੱਟਿਆ ।
"ਹੁਣ ਮੈਂ ਹੇਠਾਂ ਜਾ ਕੇ ਇਕ ਹੋਰ ਮਰੀਜ ਹੈ ਵੇਖਣ ਜਾਣਾ ।
ਨਮੂਨੀਏ ਨੇ ਬਹਰਮਨ ਨੂੰ ਕਰ ਛੱਡਿਆ ਏ ਜੀ ਭਿਆਣਾ ।
ਬੁੱਢੇ ਅਤੇ ਮਾੜੂ ਕਲਾਕਾਰ ਤੇ ਹਮਲਾ ਤੇਜ ਹੈ ਹੋਇਆ ।
ਨਮੂਨੀਏ ਨੇ ਇਕਦਮ ਉਹਨੂੰ ਕਰ ਦਿੱਤਾ ਅਧਮੋਇਆ ।
ਕੋਈ ਉਮੀਦ ਨਹੀਂ ਦਿਸਦੀ ਉਸਨੂੰ ਹਸਪਤਾਲ ਲੈ ਜਾਣਾ ।
ਤਾਂ ਜੁ ਕੁਝ ਸੌਖਾ ਹੋ ਜਾਵੇ ਉਸਨੂੰ ਰਹਿੰਦਾ ਸਮਾਂ ਲੰਘਾਣਾ ।"
ਅਗਲੇ ਦਿਨ ਡਾਕਟਰ ਆਇਆ ਸੂ ਪੁੱਛਣ ਲਈ ਖਲੋਈ ।
ਡਾਕਟਰ ਕਹਿੰਦਾ, "ਜੌਂਜ਼ੀ ਤਾਈਂ ਹੁਣ ਨਾ ਖ਼ਤਰਾ ਕੋਈ ।
ਤੁਸੀਂ ਜਿੱਤ ਗਏ ਗੱਲ ਖ਼ੁਸ਼ੀ ਦੀ ਮੌਤ ਹਾਰ ਗਈ ਇਸਦੀ ।
ਦੇਖਭਾਲ ਕਰੋ ਦਿਉ ਚੰਗਾ ਖਾਣਾ ਇਸਨੂੰ ਲੋੜ ਹੈ ਜਿਸਦੀ ।"
ਦੁਪਹਿਰ ਬਾਦ ਸੂ ਜੌਂਜ਼ੀ ਕੋਲ ਆਈ ਜੱਫੀ ਘੁੱਟ ਕੇ ਪਾਈ ।
ਸਕਾਰਫ਼ ਉਹ ਇਕ ਉਣੀ ਜਾਂਦੀ ਸੀ ਉਸਨੂੰ ਗੱਲ ਸੁਣਾਈ,
"ਨਮੂਨੀਏ ਨੇ ਬਹਰਮਨ ਨੂੰ ਦੋ ਦਿਨ ਵਿਚ ਮਾਰ ਗਿਰਾਇਆ ।
ਚੌਕੀਦਾਰ ਦੱਸੇ ਸਵੇਰੇ ਸਵੇਰੇ ਜਾਂ ਉਸ ਕੋਲ ਉਹ ਆਇਆ ।
ਦਰਦ ਨਾਲ ਸੀ ਤੜਫੀਂ ਜਾਂਦਾ ਉਸਨੇ ਉਹਨੂੰ ਉਠਾਇਆ ।
ਰਾਤੀਂ ਬਾਹਰ ਕੀ ਕਰਦਾ ਸੀ ਉਹ ਇਹ ਸਮਝ ਨਾ ਪਾਇਆ ।
ਜੁੱਤੀਆਂ ਕਪੜੇ ਸਭ ਕੁਝ ਉਹਦਾ ਪਾਣੀ ਨਾਲ ਸੀ ਭਿੱਜਿਆ ।
ਬਲਦੀ ਲਾਲਟੈਣ ਕੋਲ ਪਈ ਸੀ ਸਮਾਨ ਪਿਆ ਸੀ ਡਿੱਗਿਆ ।
ਪੌੜੀ ਇਕ ਪਈ ਸੀ ਉੱਥੇ ਕੁਝ ਬਰੱਸ਼ ਵੀ ਖਿੰਡੇ ਪਏ ਸਨ ।
ਰੰਗਾਂ ਵਾਲੀ ਪਲੇਟ ਦੇ ਵਿਚ ਹਰਾ ਪੀਲਾ ਰੰਗ ਮਿਲੇ ਸਨ ।
ਜੌਂਜ਼ੀ ਜ਼ਰਾ ਬਾਹਰ ਵੱਲ ਵੇਖੀਂ ਆਪਾਂ ਧਿਆਨ ਨਹੀਂ ਦਿੱਤਾ ।
ਹਵਾ ਚੱਲੇ ਤਾਂ ਵੀ ਨਹੀਂ ਹਿਲਦਾ ਵੇਲ ਤੇ ਲੱਗਿਆ ਪੱਤਾ ।
ਬਹਰਮਨ ਦਾ ਸ਼ਾਹਕਾਰ ਇਹ ਜਿਹੜਾ ਉਸ ਰਾਤ ਬਣਾਇਆ ।
ਆਖਰੀ ਪੱਤਾ ਭਾਵੇਂ ਡਿੱਗਿਆ ਪਰ ਤੈਨੂੰ ਇਹਨੇ ਬਚਾਇਆ ।"

  • ਮੁੱਖ ਪੰਨਾ : ਓ ਹੈਨਰੀ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ