Aazaadi Te Wasma (Punjabi Story) : Navtej Singh
ਆਜ਼ਾਦੀ ਤੇ ਵਸਮਾ (ਕਹਾਣੀ) : ਨਵਤੇਜ ਸਿੰਘ
ਅੱਜ ਬੜੀਆਂ ਯਾਦਾਂ ਵਾਲਾ ਦਿਨ ਹੈ, ਸਾਡੀ ਆਜ਼ਾਦੀ ਦਾ ਦਿਨ; ਪਰ ਪਤਾ ਨਹੀਂ ਮੈਨੂੰ ਉਹ ਦੋ ਸਕੂਲ-ਮਾਸਟਰ ਹੀ ਕਿਉਂ ਯਾਦ ਆਈ ਜਾ ਰਹੇ ਹਨ, ਦੋ ਸਕੂਲ-ਮਾਸਟਰ ਜਿਨ੍ਹਾਂ ਦੇ ਨਾਂ ਵੀ ਹੁਣ ਮੈਨੂੰ ਚੇਤੇ ਨਹੀਂ ਰਹੇ...
ਆਜ਼ਾਦੀ ਦਾ ਦਿਨ ਹੀ ਸੀ ਓਦਨ ਵੀ, ਜਦੋਂ ਉਹ ਮੈਨੂੰ ਮਿਲੇ ਸਨ। ਆਜ਼ਾਦੀ ਦੇ ਦਿਨ ਸਬੰਧੀ ਪੰਜਾਬ ਦੇ ਇਕ ਸਨਅਤੀ ਕੇਂਦਰ ਵਿਚ ਮਜ਼ਦੂਰ ਸਭਾ ਦਾ ਜਲਸਾ ਸੀ। ਮੈਂ ਇਸ ਜਲਸੇ ਦੇ ਸਭਿਆਚਾਰਕ ਸਮਾਗਮ ਵਿਚ ਬੋਲਣ ਲਈ ਗਿਆ ਹੋਇਆ ਸਾਂ। ਮੈਂ ਓਸ ਸਨਅਤੀ ਕੇਂਦਰ ਦਾ ਨਾਂ ਜਾਣ-ਬੁਝ ਕੇ ਨਹੀਂ ਲਿਆ—ਮਤੇ ਏਨੇ ਨਾਲ ਹੀ ਸੀ.ਆਈ.ਡੀ. ਵਾਲਿਆਂ ਦਾ ਨਹੁੰ ਅੜ ਜਾਏ, ਤੇ ਉਹ ਉਨ੍ਹਾਂ ਦੋ ਬੇਨਾਮ ਸਕੂਲ-ਮਾਸਟਰਾਂ ਦੀ ਸੂਹ ਲਾ ਲੈਣ।
ਜਲਸਾ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਸਟੇਜ ਦਾ ਬੰਦੋਬਸਤ ਘੋਖ ਰਿਹਾ ਸਾਂ ਕਿ ਦੋ ਨੌਜਵਾਨ ਮੇਰੇ ਕੋਲ ਆਏ—ਬੜੇ ਸਾਊ ਸਿਆਣੇ ਮੂੰਹ, ਸਡੌਲ ਕਸਰਤੀ ਸਰੀਰ, ਤੇ ਸਾਧਾਰਨ ਕੱਪੜੇ ਵੀ ਉਨ੍ਹਾਂ ਉਚੇਚੇ ਧਿਆਨ ਨਾਲ ਫਬਾਏ ਹੋਏ ਸਨ।
ਉਨ੍ਹਾਂ ਵਿਚੋਂ ਇਕ ਨੇ ਦੱਸਿਆ, “ਅਸੀਂ ਬੀ. ਟੀ. ਕੀਤੀ ਹੋਈ ਏ। ਇਥੇ ਸਰਕਾਰੀ ਸਕੂਲ ਵਿਚ ਕੰਮ ਕਰਦੇ ਹਾਂ।”
ਉਨ੍ਹਾਂ ਦੋਵਾਂ ਨੂੰ ਲਿਖਣ ਤੇ ਪੜ੍ਹਨ ਦਾ ਸ਼ੌਕ ਸੀ—ਏਸ ਕਰਕੇ ਉਹ ਮੈਨੂੰ ਜਾਣਦੇ ਸਨ, ਤੇ ਅੱਜ ਇਸ਼ਤਿਹਾਰ ਵਿਚ ਮੇਰਾ ਨਾਂ ਪੜ੍ਹ ਕੇ ਉਹ ਮੈਨੂੰ ਮਿਲਣ ਆ ਗਏ ਸਨ। ਉਹ ਮੇਰੇ ਨਾਲ ਮੇਰੀਆਂ ਕਹਾਣੀਆਂ ਤੇ ਆਪਣੀਆਂ ਕਵਿਤਾਵਾਂ, ਬੱਚਿਆਂ ਲਈ ਚੰਗੇ ਸਾਹਿਤ ਦੀ ਲੋੜ ਤੇ ਹੋਰ ਕਈ ਵਿਸ਼ਿਆਂ ਉੱਤੇ ਗੱਲਾਂ ਕਰਨ ਲੱਗ ਪਏ। ਚੀਨ ਤੇ ਰੂਸ ਵਿਚ ਬੱਚਿਆਂ ਤੇ ਮਾਸਟਰਾਂ ਦੀ ਹਾਲਤ ਬਾਰੇ ਮੈਨੂੰ ਪੁੱਛਦੇ ਰਹੇ।
ਸਾਊ ਤੇ ਸਿਆਣੇ ਤਾਂ ਉਹ ਪਹਿਲੀ ਨਜ਼ਰੇ ਹੀ ਜਾਪੇ ਸਨ, ਗੱਲਾਂ ਕਰਨ ਪਿਛੋਂ ਮੈਨੂੰ ਉਨ੍ਹਾਂ ਦੇ ਅੰਦਰਲੇ ਉਤਸ਼ਾਹ ਦੀ ਛੁਹ ਲੱਗ ਗਈ—ਜ਼ਿੰਦਗੀ ਤੇ ਸਾਹਿਤ ਲਈ, ਬੱਚਿਆਂ ਨੂੰ ਪੜ੍ਹਾਣ ਦੇ ਕਿੱਤੇ ਤੇ ਬੱਚਿਆਂ ਲਈ ਨਰੋਇਆ ਭਖਦਾ ਉਤਸ਼ਾਹ। ਮੈਂ ਉਨ੍ਹਾਂ ਨੂੰ ਕਿਹਾ, “ਸ਼ੁਰੂ ਵਿਚ ਜਦੋਂ ਤੁਸਾਂ ਹੱਥ ਮਿਲਾਇਆ ਸੀ, ਮੈਂ ਰਸਮੀਆਂ ਹੀ ਆਖ ਛੱਡਿਆ ਸੀ ਕਿ ਤੁਹਾਨੂੰ ਮਿਲ ਕੇ ਮੈਨੂੰ ਬੜੀ ਖ਼ੁਸ਼ੀ ਹੋਈ ਏ। ਪਰ ਹੁਣ ਮੈਂ ਸੱਚ-ਮੁੱਚ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੇ ਨਾਲ ਗੱਲਾਂ ਕਰ ਕੇ ਮੈਨੂੰ ਬੜੀ ਹੀ ਖ਼ੁਸ਼ੀ ਹੋਈ ਏ, ਆਪਣੇ ਦੇਸ ਦੇ ਬੱਚਿਆਂ ਦੇ ਭਵਿੱਖ ਵਿਚ ਮੇਰਾ ਯਕੀਨ ਵਧ ਗਿਆ ਏ।”
ਇਕ ਬੜੀ ਸੁਹਣੀ ਸੰਗ ਉਨ੍ਹਾਂ ਦੇ ਤਕੜੇ ਮਰਦਾਵੇਂ ਮੂੰਹਾਂ ਉੱਤੇ ਖਿੰਡ ਗਈ।
ਪਰ ਅਗਲੇ ਹੀ ਬਿੰਦ ਮੈਂ ਉਨ੍ਹਾਂ ਦੇ ਮੂੰਹਾਂ ਉੱਤੇ ਤਕਿਆ, ਜਿਵੇਂ ਕੋਈ ਪਰਛਾਵਾਂ ਉਨ੍ਹਾਂ ਦੇ ਮੂੰਹਾਂ ’ਤੇ ਆ ਗਿਆ ਹੋਏ, ਤੇ ਉਨ੍ਹਾਂ ਦੇ ਸਿਰ ਨੀਵੇਂ ਹੋ ਗਏ ਹੋਣ, ਉਨ੍ਹਾਂ ਵਿਚੋਂ ਇਕ ਨੇ ਦੂਰ ਨੀਝ ਲਾਈ ਹੋਈ ਸੀ। ਦੂਰ ਇਕ ਬੰਦਾ ਖਲੋਤਾ ਸੀ, ਵਸਮੇਂ ਵਾਲੀ ਦਾੜ੍ਹੀ, ਸ਼ਮਲੇ ਵਾਲੀ ਪੱਗ, ਮੋਟਾ ਢਿੱਲਾ ਸਰੀਰ, ਹੱਥ ਵਿਚ ਇਕ ਬੈਂਤ—ਤੇ ਦੋਵੇਂ ਮਾਸਟਰ ਠਠੰਬਰੇ ਹੋਏ ਸਨ।
ਹਾਲੀ ਜਲਸਾ ਸ਼ੁਰੂ ਹੋਣ ਵਿਚ ਦੇਰ ਸੀ। ਮੈਨੂੰ ਵਿਹਲ ਸੀ ਤੇ ਉਨ੍ਹਾਂ ਨਾਲ ਗੱਲਾਂ ਵਿਚ ਬੜਾ ਸੁਆਦ ਆ ਰਿਹਾ ਸੀ—ਉਹ ਮੇਰੇ ਕੋਲੋਂ ਸੋਸ਼ਲਿਸਟ ਦੇਸਾਂ ਵਿਚ ਰੂਹਾਨੀ ਆਜ਼ਾਦੀ ਬਾਰੇ ਪੁੱਛ ਰਹੇ ਸਨ। ਉਨ੍ਹਾਂ ਉਹ ਕਿਤਾਬਾਂ ਤੇ ਅਖ਼ਬਾਰਾਂ ਪੜ੍ਹੀਆਂ ਹੋਈਆਂ ਸਨ ਜਿਨ੍ਹਾਂ ਵਿਚ ਲਿਖਿਆ ਸੀ ਕਿ ਸੋਸ਼ਲਿਸਟ ਦੇਸਾਂ ਨੇ ਆਪਣੇ ਲੋਕਾਂ ਦੀ ਰੋਟੀ ਤੇ ਰੁਜ਼ਗਾਰ ਦਾ ਸਵਾਲ ਤਾਂ ਹੱਲ ਕਰ ਲਿਆ ਹੈ, ਪਰ ਕੀ ਮਨੁੱਖ ਸਿਰਫ਼ ਰੋਟੀ ਲਈ ਹੀ ਜਿਊਂਦਾ ਹੈ! ਸੋਸ਼ਲਿਸਟ ਦੇਸਾਂ ਵਿਚ ਰੋਟੀ ਹੈ, ਪਰ ਰੂਹ ਦੀ ਆਜ਼ਾਦੀ ਨਹੀਂ!
ਰੂਹਾਨੀ ਆਜ਼ਾਦੀ ਦੀ ਗੱਲ ਹਾਲੀ ਛਿੜੀ ਹੀ ਸੀ ਕਿ ਅਚਾਨਕ ਉਨ੍ਹਾਂ ਨੂੰ ਮੈਂ ਇਸ ਤਰ੍ਹਾਂ ਘਾਬਰਿਆਂ ਤਕਿਆ। “ਚੰਗਾ ਜੀ, ਅਸੀਂ ਹੁਣ ਤੁਹਾਥੋਂ ਛੁੱਟੀ ਲੈਂਦੇ ਹਾਂ। ਤੁਹਾਡਾ ਬੜਾ ਵਕਤ ਲਿਆ ਏ। ਬੜੀ ਮਿਹਰਬਾਨੀ।”
ਮੇਰੀਆਂ ਅੱਖਾਂ ਵਿਚੋਂ ਉਨ੍ਹਾਂ ਹੈਰਾਨੀ ਪੜ੍ਹ ਲਈ ਤੇ ਜਾਂਦੇ ਜਾਂਦੇ ਉਹ ਮੈਨੂੰ ਦੱਸ ਗਏ, “ਸਾਡੀ ਨੌਕਰੀ ਹਾਲੀ ਪੱਕੀ ਨਹੀਂ। ਕਨਫ਼ਰਮੇਸ਼ਨ ਲਈ ਸਾਡਾ ਮਹਿਕਮਾ ਪੁਲਿਸ ਦੀ ਰਿਪੋਰਟ ਉਡੀਕ ਰਿਹਾ ਏ। ਸਾਡੀ ਪਹਿਲਾਂ ਹੀ ਰਿਪੋਰਟ ਚੰਗੀ ਨਹੀਂ। ਰੀਪੋਰਟ ਉਹਦੇ ਹੱਥ ਏ।” ਉਨ੍ਹਾਂ ਵਿਚੋਂ ਇਕ ਨੇ ਓਧਰ ਵਸਮੇ ਵਾਲੀ ਦਾੜ੍ਹੀ, ਸ਼ਮਲੇ ਵਾਲੀ ਪੱਗ, ਮੋਟੇ ਢਿੱਲੇ ਸਰੀਰ ਤੇ ਬੈਂਤ ਵੱਲ ਬੇ-ਮਲੂਮੀ ਜਿਹੀ ਸੈਨਤ ਕੀਤੀ, “ਤੇ ਸਾਡਾ ਏਸ ਜਲਸੇ ਵਾਲੀ ਥਾਂ ਤੁਹਾਡੇ ਕੋਲ ਖੜੋਨਾ...” ਤੇ ਉਹ ਚਲੇ ਗਏ।
ਉਹ ਚਲੇ ਗਏ ਤੇ ਇਕ ਬੜਾ ਕੌੜਾ ਸੁਆਦ ਪਿੱਛੋਂ ਮੇਰੇ ਮੂੰਹ ਵਿਚ ਰਹਿ ਗਿਆ…ਰੂਹਾਨੀ ਆਜ਼ਾਦੀ!
ਜਲਸੇ ਵਿਚ ਮੈਂ ਆਜ਼ਾਦੀ ਤੇ ਸਭਿਆਚਾਰ ਉੱਤੇ ਬੋਲਿਆ।
ਸਟੇਜ ਦੇ ਖੱਬੇ ਪਾਸੇ ਉਹੀ ਵਸਮੇ ਵਾਲੀ ਦਾੜ੍ਹੀ, ਸ਼ਮਲੇ ਵਾਲੀ ਪੱਗ, ਮੋਟਾ ਢਿੱਲਾ ਸਰੀਰ ਮੈਨੂੰ ਨਜ਼ਰ ਪਿਆ। ਹੁਣ ਹੱਥ ਵਿਚ ਬੈਂਤ ਨਹੀਂ, ਇਕ ਕਲਮ ਸੀ—ਉਹ ਜਲਸੇ ਦੀ ਕਾਰਵਾਈ ਨੋਟ ਕਰ ਰਿਹਾ ਸੀ।
ਉਹਦੀ ਉਮਰ ਕਾਫ਼ੀ ਸੀ, ਮੈਨੂੰ ਖਿਆਲ ਆਇਆ—ਉਹ ਆਜ਼ਾਦੀ ਤੋਂ ਪਹਿਲਾਂ ਅਨੇਕਾਂ ਵਰ੍ਹੇ ਫ਼ਰੰਗੀਆਂ ਲਈ ਏਸੇ ਤਰ੍ਹਾਂ ਡਾਇਰੀਆਂ ਲਿਖਦਾ ਤੇ ਹੋਰ ਕਈ ਲੋੜੀਂਦੇ ਕੰਮ ਕਰਦਾ ਰਿਹਾ ਹੋਏਗਾ…, ਤੇ ਅੱਜ ਆਜ਼ਾਦੀ ਤੋਂ ਏਨੇ ਵਰ੍ਹਿਆਂ ਪਿੱਛੋਂ, ਆਜ਼ਾਦੀ ਦੀ ਵਰ੍ਹੇ-ਗੰਢ ਉੱਤੇ ਉਹਨੂੰ ਤੱਕ ਕੇ ਉਨ੍ਹਾਂ ਦੋ ਹੋਣਹਾਰ ਮਾਸਟਰਾਂ ਦੇ ਮੂੰਹ ਇੰਜ ਗ੍ਰਹਿਣੇ ਗਏ ਸਨ— ਉਹ ਮਾਸਟਰ ਜਿਹੜੇ ਮੈਨੂੰ ਆਖ ਗਏ ਸਨ ਕਿ ਮੈਂ ਬੱਚਿਆਂ ਲਈ ਟੈਗੋਰ ਦੀ ਇਹ ਕਵਿਤਾ ਜ਼ਰੂਰ ਉਲਥਾਵਾਂ :
ਮਨ ਜਿਥੇ ਨਿਰਭੈ ਤੇ ਸਿਰ ਹੋਵੇ ਉਚੇਰਾ,
ਗਿਆਨ ਵੀ ਹੋਵੇ ਸੁਤੰਤਰ
ਸ਼ਬਦ ਜਿਥੇ ਨਿਕਲਦੇ ਨੇ ਸੱਚ ਦੇ ਡੂੰਘੇ ਸਮਿਆਂ ’ਚੋਂ—
ਇਸ ਆਜ਼ਾਦੀ ਦੇ ਪਵਿੱਤਰ ਸਵਰਗ ਵਿਚ
ਹੇ ਪਿਤਾ!
ਤੂੰ ਦੇਸ ਮੇਰੇ ਨੂੰ ਜਗਾ।
ਆਜ਼ਾਦੀ ਦਾ ਉਹ ਸਵਰਗ ਤੇ ਇਹ ਸਾਡੀ ਆਜ਼ਾਦੀ, ਜਿਦ੍ਹੀ ਕੋਝ ਲੁਕਾਣ ਲਈ ਹਾਲੀ ਵਸਮੇਂ ਦੀ ਲੋੜ ਸੀ!
ਅੱਜ ਫੇਰ ਆਜ਼ਾਦੀ ਦਾ ਦਿਨ ਹੈ; ਬੜੀਆਂ ਯਾਦਾਂ ਵਾਲਾ ਦਿਨ, ਪਰ ਪਤਾ ਨਹੀਂ ਮੈਨੂੰ ਉਹ ਦੋ ਸਕੂਲ-ਮਾਸਟਰ ਹੀ ਕਿਉਂ ਯਾਦ ਆਈ ਜਾ ਰਹੇ ਹਨ—ਦੋ ਸਕੂਲ-ਮਾਸਟਰ ਜਿਨ੍ਹਾਂ ਦੇ ਨਾਂ ਵੀ ਹੁਣ ਮੈਨੂੰ ਚੇਤੇ ਨਹੀਂ ਰਹੇ।
[1959]