Achhna Gachhna (Punjabi Story) : Nain Sukh

ਅੱਛਨਾ ਗੱਛਨਾ (ਕਹਾਣੀ) : ਨੈਣ ਸੁੱਖ

(ਨੀਂਹ-ਰੱਖ ਪਾਕਿਸਤਾਨੀ ਕਾਮਰੇਡ ਦਾਦਾ ਅਮੀਰ ਹੈਦਰ ਅਲੀ ਦੀ ਜ਼ਿੰਦਗੀ)

ਜੇਲ੍ਹ ਵਿੱਚ ਕ਼ੈਦ ਭੋਗੀ ਤੇ ਕਦੀ ਘਰ ਵਿੱਚ ਨਜ਼ਰਬੰਦ ਹੋਇਆ। ਜਦੋਂ ਰਿਹਾਈ ਮਿਲੇ, ਥਾਣੇ ਹਾਜ਼ਰੀ ਲਾਜ਼ਮੀ। ਰੂਹਪੋਸ਼ ਹੋਇਆਂ ਖੌਰੇ ਸੁੱਖ ਦਾ ਸਾਹ ਆਉਂਦਾ ਪਰ ਨਿੱਤ ਅਦਾਲਤੇ ਪੇਸ਼ੀ। ਸਿਆਸੀ ਆਜ਼ਾਦੀ ਲਈ ਇੰਝ ਕੁਰਲਾਂਦਾ ਰਿਹਾ ਜਿਓਂ ਉਹ ਡਾਰੋਂ ਵਿੱਛੜੀ ਕੂੰਜ, ਜਿਹਦੇ ਕਾਮਰੇਡਾਂ ਵਿੱਚ ਜੀ.ਵੀ. ਘਾਟੇ, ਐੱਸ.ਏ.ਡਾਂਗੇ, ਐੱਸ.ਐੱਸ. ਮਿਰਾਜਕਰ, ਪੀ.ਸੀ. ਜੋਸ਼ੀ, ਮੁਜ਼ੱਫ਼ਰ ਅਹਿਮਦ, ਸ਼ੌਕਤ ਉਸਮਾਨੀ ਤੇ ਜੀ. ਅਧਿਕਾਰੀ ਸਨ, ਜਿਹਨਾਂ ਨਾਲ ਉਹਨੇ 1928 ਤੋਂ 1946 ਤਾਈਂ ਮਦਰਾਸ ਤੇ ਬੰਬਈ ਵਿੱਚ ਆਪਣੇ ਜਵਾਨ ਇਨਕ਼ਲਾਬੀ ਜਜ਼ਬਿਆਂ ਤੇ ਆਹਰ ਦੇ ਭਰਵੇਂ ਅਠਾਰ੍ਹਾਂ ਵਰ੍ਹੇ ਗੁਜ਼ਾਰੇ ਜਿਹੜੇ ਉਹਨੂੰ ਕਦੀ ਵਿੱਸਰੇ ਨਾ। ਉਹ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੇ ਮੋਢੀਆਂ 'ਚੋਂ, ਉਹਦਾ ਬੁੱਤ ਏਧਰ (ਪਾਕਿਸਤਾਨ) ਆਇਆ ਪਰ ਚਿੱਤ ਓਧਰ ਈ ਰਿਹਾ।
ਉਸ ਪਿੰਡੀਵਾਲ ਮਰਨੇ ਤਾਈਂ ਕਦੀ ਵੀ ਆਪਣੇ ਆਪ ਨੂੰ ਅੰਦਰੋਂ ਪਾਕਿਸਤਾਨੀ ਨਾ ਮੰਨਿਆ। ਉਹਨੇ ਤੇ ਕਦੀ ਆਪਣੇ ਪੰਜਾਬੀ ਹੋਵਣ ਦਾ ਵੀ ਮਾਣ ਨਾ ਕੀਤਾ ਪਰ ਉਹਨੂੰ ਸਾਰੀ ਹਯਾਤੀ ਆਪਣੇ ਪੱਛੜੇ ਇਲਾਕ਼ੇ ਪੋਠੋਹਾਰ ਦੀ ਗ਼ਰੀਬੀ ਚੁਭਦੀ ਰਹੀ ਜਿਹਦੇ ਲਈ ਉਹਨੇ ਸਿਆਸੀ ਜਾਗਰਤੀ ਤੇ ਸੁਰਖ਼ ਇਨਕ਼ਲਾਬ ਦਾ ਨਾਅਰਾ ਲਾਇਆ। ਸਾਮਰਾਜੀ ਅਮਰੀਕਾ ਤੇ ਭਾਵੇਂ ਸੋਸ਼ਲਿਸਟ ਰੂਸ, ਉਹਨੂੰ ਪਰਦੇਸੀ ਨੂੰ ਓਥੇ ਇੰਡੀਅਨ ਈ ਲਿਖਿਆ ਤੇ ਸੱਦਿਆ ਗਿਆ, ਉਹਦੀ ਇਹ ਈ ਪਛਾਣ ਉਹਦੇ ਅੰਦਰ ਪੱਕੀ ਹੋ ਗਈ।
ਦਸ ਸਾਲ (1960-1970) ਸੀ.ਆਈ.ਡੀ. ਦਾ ਪਰਛਾਵਾਂ "ਦਾਦੇ" ਦੇ ਨਾਲ ਨਾਲ ਰਿਹਾ। ਉਹ ਕ਼ੈਦੀ, ਕਾਲੀਆਂ-ਸਿਆਲੀਆਂ ਉਹਦਾ ਕ਼ੈਦਖ਼ਾਨਾ। ਜਿਹੜਾ ਗਰਾਂ ਤੋਂ ਬਾਹਰੋਂ "ਦਾਦੇ" ਨੂੰ ਮਿਲਣ ਆਵੇ, ਉਹ ਸਰਕਾਰੀ ਖਾਤੇ ਵਿੱਚ ਮਸ਼ਕੂਕ, ਉਹਨੂੰ ਆਈ ਹਰ ਚਿੱਠੀ ਖੁੱਲ੍ਹੀ ਹੋਂਦੀ। ਉਹਦਾ ਦਿਲ ਬਹੁੰ ਕਰੇ ਕਿ ਉਹ ਨਾਮ ਤੇ ਵੇਸ ਵਟਾਅ ਕੇ ਮਜ਼ਦੂਰਾਂ ਤੇ ਕਿਸਾਨਾਂ ਦੇ ਖ਼ੁਫ਼ੀਆ ਇਕੱਠ ਕਰੇ, ਪਰ ਉਹਦੀ ਨਜ਼ਰ ਹੁਣ ਉਹਦਾ ਸਾਥ ਨਾ ਦੇਵੇ।
ਫ਼ੌਜੀ ਜਰਨੈਲਾਂ ਦੀ ਹਾਕਮੀ ਤੋਂ ਮੁਲਕ ਨੂੰ ਖ਼ਲਾਸੀ ਮਿਲੀ, ਜਮਹੂਰੀ ਹਕੂਮਤ ਆ ਗਈ। ਸਿਆਸੀ ਵਰਕਰਜ਼ ਖ਼ੁਸ਼ ਪਰ ਦਾਦੇ (ਵੱਡੇ ਭਰਾ) ਲਈ ਬੁਰੀ ਖ਼ਬਰ ਇਹ ਕਿ ਉਹਦਾ ਸਕੂਲ ਨੈਸ਼ਨਲਾਈਜ਼ੇਸ਼ਨ ਦਾ ਸ਼ਿਕਾਰ ਹੋ ਗਿਆ। ਗੱਲ ਏਥੇ ਰੁਕੀ ਨਾ, ਪੰਜਾਬ ਇੰਟਰਮੀਡੀਏਟ ਬੋਰਡ ਵੱਲੋਂ ਇਕ ਨੋਟਿਸ ਵਸੂਲ ਹੋਇਆ ਕਿ ਕਾਲੀਆਂ-ਸਿਆਲੀਆਂ ਦਾ ਸਕੂਲ ਹਾਈ ਸਕੂਲ ਦੇ ਸਰਕਾਰੀ ਮੇਚੇ ਵਿਚ ਪੂਰਾ ਨਾ ਆਵੇ, ਕਿਓਂ ਨਾ ਉਹਨੂੰ ਡਾਊਨਗਰੇਡ ਕਰ ਕੇ ਮਿਡਲ ਸਕੂਲ ਕਰ ਦਿੱਤਾ ਜਾਵੇ। ਸਾਰੀ ਉਮਰ ਦੀ ਮਿਹਨਤ ਖੁਰਦੀ ਭੁਰਦੀ ਜਾਪੀ, ਦਾਦਾ ਆਪਣੇ ਸਕੂਲ ਦਾ ਦਰਜਾ ਬਚਾਵਨ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਲਾਂਦਾ ਲਾਂਦਾ ਥੱਕ ਗਿਆ। ਲਿਬਾਰਟਰੀ ਤੇ ਦੂਜੀਆਂ ਥੋੜ੍ਹਾਂ ਨੂੰ ਪੂਰਾ ਕਰਨ ਲਈ ਪੈਸੇ ਚਾਹੀਦੇ, ਦਾਦੇ ਸਾਨਫ਼ਰਾਂਸਿਸਕੋ (ਅਮਰੀਕਾ) ਵਿਚ ਆਪਣੇ ਪੁਰਾਣੇ ਕਾਮਰੇਡ ਬੁੱਧ ਸਿੰਘ ਢਿੱਲੋਂ ਨੂੰ ਆਪਣੀ ਪਰੇਸ਼ਾਨੀ ਲਿਖੀ, ਜਿਹਨੇ ਤੁਰਤ ਇਕ ਹਜ਼ਾਰ ਡਾਲਰ ਭੇਜ ਦਿੱਤੇ। ਪੋਠੋਹਾਰ ਦੇ ਕਈ ਗ਼ਰੀਬ ਪੁੱਤਰ ਜਿਹੜੇ ਦਾਦੇ ਨਾਲ ਇਨਕ਼ਲਾਬ ਦੇ ਨਾਅਰੇ ਲਾਂਦੇ ਰਹੇ, ਉਹ ਹੁਣ ਬਾਹਰ ਦੇ ਦੇਸਾਂ ਵਿਚ ਕਮਾਊ, ਉਹਨਾਂ ਵੀ ਇਮਦਾਦ ਕੀਤੀ, ਇੰਝ ਦਾਦੇ ਦੇ ਸਕੂਲ ਦਾ ਦਰਜਾ ਹਾਈ ਈ ਰਿਹਾ। ਗ਼ਰੀਬੀ, ਗਿਫ਼੍ਰਤਾਰੀਆਂ ਤੇ ਅਦਾਲਤਾਂ ਵਿਚ ਮੁਕੱਦਮੇ, ਦਾਦੇ ਦੀ ਨਜ਼ਰ ਤੇ ਜਿਸਮ ਕਮਜ਼ੋਰ ਹੋਂਦੇ ਗਏ। ਪੇਸ਼ਾਬ ਦੀ ਤਕਲੀਫ਼ ਜਿਹਦੇ ਲਈ ਉਹਦੇ ਮਸਾਨੇ ਦੀ ਗਦੂਦ ਦਾ ਅਪਰੇਸ਼ਨ ਹੋਇਆ।

ਪਾਕਿਸਤਾਨ ਵਿੱਚ ਸਿਆਸੀ ਇਕਲਾਪਾ ਉਹਨੂੰ ਅੰਦਰੋਂ ਘੁਣ ਵਾਂਗੂੰ ਖਾਂਦਾ ਜਾਏ। ਧਰਤੀ ਲਈ ਜਿਹੜੇ ਇਨਕ਼ਲਾਬ ਦੇ ਸੁਫ਼ਨੇ ਉਹ ਵੇਖਦਾ ਰਿਹਾ, ਉਹ ਧੁੰਦਲਾਅ ਗਏ। ਕਮਿਊਨਿਸਟਾਂ ਵਿੱਚ ਅਸਲ ਨਜ਼ਰਿਆਤੀ ਕੋਈ ਵਿਰਲਾ। ਬਾਹਲੇ ਮਤਲਬੀ, ਸਾਜ਼ਸ਼ੀ ਤੇ ਲਾਲਚੀ। ਕਾਗ਼ਜ਼ੀ ਪਾਰਟੀ ਤੇ ਕਾਗ਼ਜ਼ੀ ਕਾਰਵਾਈਆਂ। ਸਰਕਾਰੀ ਜ਼ਬਤੀ ਤੋਂ ਬਚ ਗਏ ਆਪਣੇ ਪੁਰਾਣੇ ਕਾਗ਼ਜ਼ਾਂ ਨੂੰ ਫ਼ਰੋਲਦਿਆਂ ਦਾਦੇ ਹੱਥ ਯਾਦਾਂ ਦਾ ਰਜਿਸਟਰ ਲੱਗਾ, ਜਿਹੜੀਆਂ ਉਹਨੇ 1939 ਤੋਂ 1942 ਤਾਈਂ ਨਾਸਿਕ ਜੇਲ੍ਹ (ਬੰਬਈ) ਵਿੱਚ ਲਿਖੀਆਂ।
ਇਹਨਾਂ ਯਾਦਾਂ ਵਿੱਚ ਉਹਦਾ ਬਚਪਨ ਤੇ ਜਵਾਨੀ ਖਿੜੇ ਹੋਏ। ਸੰਗੀਆਂ ਦਾਦੇ ਨੂੰ ਇਹ ਯਾਦਾਂ ਅੱਗੇ ਟੋਰਨ ਦੀ ਸਲਾਹ ਦਿੱਤੀ। ਦਾਦਾ ਜਿਓਂ ਜਿਓਂ ਯਾਦਾਂ ਲਿਖੇ, ਉਹਨੂੰ ਆਪਣੇ ਵਰਗੇ ਗੁਮਨਾਮ ਇੰਡੀਅਨ ਕਾਮਰੇਡ ਜੈ ਰਾਮ, ਸੁੱਬਾ ਰਾਓ ਤੇ ਕੇ. ਭਸ਼ਾਮ ਚੇਤੇ ਆਉਣ; ਸੁਹਾਸਿਣੀ ਦਾ ਉਹ ਵੀਰ ਤੇ ਊਸ਼ਾ ਦਾ ਪੁੱਤਰ। ਦਾਦੇ ਵਿੱਛੜੀਆਂ ਸੰਗਤਾਂ ਨਾਲ ਮਿਲਣੀ ਮਿੱਥ ਲਈ। 1974 ਵਿਚੱ ਦਾਦੇ ਪਾਕਿਸਤਾਨੀ ਸਰਕਾਰ ਨੂੰ ਪਾਸਪੋਰਟ ਲਈ ਦਰਖ਼ਾਸ (ਦਰਖ਼ਾਸਤ) ਦਿੱਤੀ, ਇਨਕਾਰ ਹੋ ਗਿਆ, ਜਿਹਦੇ ਖ਼ਿਲਾਫ਼ ਉਹਨੇ ਲਹੌਰ ਹਾਈਕੋਰਟ ਵਿਚ ਪਟੀਸ਼ਨ ਕੀਤੀ। ਪੰਜ ਸਾਲ ਤਾਰੀਖ਼ਾਂ ਪਈਆਂ, 1979 ਵਿਚ ਦਾਦੇ ਦੇ ਹੱਕ਼ ਵਿਚ ਫ਼ੈਸਲਾ ਹੋਇਆ ਪਰ ਫ਼ੌਜੀ ਹਕੂਮਤ ਸੁਪਰੀਮ ਕੋਰਟ ਵਿਚ ਅਪੀਲ ਕਰ ਦਿਤੀ।
ਜਮਹੂਰੀ ਹਕੂਮਤ ਵਿਚ ਉਹਦੇ ਜਿਹੜੇ ਵਰਕਰ ਉਹਨੂੰ ਛੱਡ ਕੇ ਪੀਪਲਜ਼ ਪਾਰਟੀ ਵਿਚ ਰਲੇ, ਉਹਨਾਂ ਨੂੰ ਮਾਰਸ਼ਲ ਲਾਅ ਵਿਚ ਉਹਨੇ ਸ਼ਰੇਆਮ ਕੋੜੇ ਵੱਜਦੇ ਵੇਖੇ। ਦਾਦੇ ਦੇ ਅੰਦਰ ਸਿਆਸੀ ਤੇ ਇਨਕ਼ਲਾਬੀ ਜਜ਼ਬੇ ਆਖ਼ਰੀ ਸਾਹਵਾਂ 'ਤੇ ਪਰ ਉਹ ਫੇਰ ਨਵੇਂ ਸਿਰੇ ਤੋਂ ਜਾਗ ਪਏ। ਦਾਦਾ ਆਪਣੇ ਖਿੰਡੇ ਹੋਏ ਵਰਕਰਾਂ ਨੂੰ ਲੱਭ ਲੱਭ ਕੇ ਜੋੜਨ ਦੇ ਆਹਰੇ ਲੱਗਾ। 1988 ਵਿੱਚ ਨੌਂ ਸਾਲਾਂ ਮਗਰੋਂ ਕ਼ਨੂੰਨੀ ਜੰਗ ਬਿੱਲੇ ਲੱਗੀ, ਦਾਦੇ ਨੂੰ ਪਾਕਿਸਤਾਨੀ ਪਾਸਪੋਰਟ ਮਿਲ ਗਿਆ ਪਰ ਜਿਹਨਾਂ ਨੂੰ ਉਹਨੇ ਇੰਡੀਆ ਮਿਲਣ ਜਾਣਾ ਸੀ, ਜਿਹੜੇ ਉਹਨੂੰ ਬੁਲਾਂਦੇ ਰਹੇ, ਉਹ ਸਭ ਗੁਜ਼ਰ ਗਏ। ਉਹਨਾਂ ਬਾਰੇ ਦਾਦੇ ਦੇ ਕਾਗ਼ਜ਼ਾਂ ਵਿਚ ਉਹਦੇ ਆਪਣੇ ਹੱਥ ਦਾ ਲਿਖਿਆ:

In CPI there were scholars and leaders who have great exploit to their credit, and I am a semiliterate working class revolutionary, a rare social animal. Yet they still have some fascination for me...

ਦਾਦੇ ਨੂੰ ਇੰਡੀਆ ਵਿੱਚ ਆਪਣੇ ਪੁਰਾਣੇ ਕਾਮਰੇਡ ਭਾਵੇਂ ਨਾ ਮਿਲੇ ਪਰ ਉਹਦੇ ਕੁਝ ਜੂਨੀਅਰ ਹੁਣ ਸੀ.ਪੀ.ਆਈ. ਵਿੱਚ ਸੀਨੀਅਰ ਲੀਡਰ, ਜਿਹਨਾਂ 'ਚੋਂ ਇਕ, ਵੀ.ਡੀ. ਚੋਪੜਾ ਜਿਹੜਾ 1946 ਵਿੱਚ ਉਹਦੇ ਨਾਲ ਰਾਵਲਪਿੰਡੀ ਵਿੱਚ ਪਾਰਟੀ ਲਈ ਕੰਮ ਕਰਦਾ ਰਿਹਾ। ਉਹਨੇ ਦਾਦੇ ਦੀਆਂ ਅੱਖਾਂ ਦੇ ਇਲਾਜ ਲਈ ਬੜਾ ਆਹਰ ਕੀਤਾ, ਪਰ ਡਾਕਟਰਾਂ ਜਵਾਬ ਦੇ ਦਿੱਤਾ। ਦਾਦੇ ਨੂੰ ਇਲਾਜ ਲਈ ਲੰਦਨ ਜਾਣ ਦੀ ਸਲਾਹ ਪਰ ਦਾਦਾ ਕੁਝ ਦਿਨ ਇੰਡੀਆ ਰਹਿ ਕੇ ਵਾਪਸ ਰਾਵਲਪਿੰਡੀ ਆ ਗਿਆ।
ਜਿਸਮ ਵਿਚ ਜਾਨ ਨਾ ਅੱਖਾਂ ਵਿਚ ਨੂਰ, ਪਰ ਦਾਦੇ ਦਾ ਇਨਕ਼ਲਾਬੀ ਜਜ਼ਬਾ ਉਹਨੂੰ ਟੋਰੀ ਰੱਖੇ। ਉਹਦੀ ਖੂੰਡੀ ਉਹਨੂੰ ਰਾਹ ਸੁਝਾਏ, ਉਹ ਭਰੀਆਂ ਲਾਰੀਆਂ ਤੇ ਵੈਗਨਾਂ ਵਿਚ ਸਫ਼ਰ ਕਰਦਾ। ਮਜ਼ਦੂਰਾਂ ਦੇ ਮਸਲੇ, ਕਿਸਾਨਾਂ ਦੀਆਂ ਮੰਗਾਂ ਤੇ ਝੁੱਗੀਵਾਸ ਪਾਰਟੀ ਵਰਕਰਜ਼ ਦੀ ਨਿੱਤ ਦਰਬਦਰੀ। ਦਾਦਾ ਸਾਰਾ ਦਿਨ ਚੱਲਦਾ ਰਹਵੇ। ਠੇਡਾ ਲੱਗੇ, ਡਿੱਗਦਿਆਂ ਤੁਰਤ ਆਪਣੀ ਖੂੰਡੀ ਲੱਭੇ। 1988 ਦਸੰਬਰ ਦੀ ਸਰਦੀ ਵਿਚ ਠਰਦਿਆਂ, ਸੜਕ ਪਾਰ ਕਰਦੇ ਨੂੰ ਲਾਰੀ ਟੱਕਰ ਮਾਰ ਗਈ। ਫੱਟੜ ਦਾਦਾ ਬਿਸਤਰੇ ਵਿਚ ਕੈ.ਦ ਹੋ ਗਿਆ, ਜਿਥੋਂ ਰਿਹਾਈ ਲਈ ਆਹਰ ਕਰੇ ਪਰ ਉੱਠਿਆ ਨਾ ਜਾਵੇ। ਪਾਕਿਸਤਾਨ ਦੇ ਦਫ਼ਤਰੀ ਖਾਤੇ ਵਿਚ ਜਿਹੜਾ ਬਤਾਲੀ ਸਾਲ ਖ਼ਤਰਨਾਕ ਮੁਜਰਮ ਲਿਖਿਆ ਰਿਹਾ, ਉਹਦੇ ਲਈ ਸਰਕਾਰੀ ਐਲਾਨ ਹੋਇਆ:

"Dada Ameer Haider, a great revolutionary, a freedom fighter.."

ਜਿਹੜਾ ਉਹਨੇ ਆਪਣੇ ਕੰਨੀਂ ਨਾ ਸੁਣਿਆ। ਉਹਦੇ ਸਰਕਾਰੀ ਇਲਾਜ ਦੀ ਮਨਜ਼ੂਰੀ ਹੋਈ ਪਰ ਉਹਦੀ ਬਿਮਾਰੀ ਮੁੱਕ ਗਈ ਤੇ ਮੋਏ ਦੀ ਮੰਜੀ ਕੋਲ ਬੈਠੇ ਰਾਜਾ ਤੇ ਮਲਕ, ਕਿਸੇ ਕਾਮਰੇਡ ਨੂੰ ਲਿਖੇ ਉਹਦੇ ਖ਼ਤ ਦੀਆਂ ਇਹ ਸਤਰਾਂ ਪੜ੍ਹ ਕੇ ਬਹੂੰ ਦੁਖੀ ਹੋਏ ...

I do not sleep normally, but talk a lot. If I do not become a victim of some traffic accident, I shall live for a few years more to watch the show of kindness put by our benefactors....

+++

ਜਦੋਂ ਦਾਦੇ ਪਹਿਲੀ ਵਾਰੀ ਆਪਣੇ ਗਰਾਂ ਵਿੱਚ ਅਗਾਂਹਵਧੂ ਸੋਸ਼ਲਿਸਟ ਆਦਰਸ਼ ਪਰਚਾਰੇ, ਉਹਦੇ ਸੰਗੀ ਬਬਲਾਏ,

"ਦੜ ਮਾਰ, ਅਜ਼ਲ ਦਿਹਾੜੇ ਤੋਂ ਲਿਖੀ ਤਕ਼ਦੀਰ ਵੀ ਕਦੀ ਬਦਲੀ!" "ਤੁਸਾਂ ਰਾਜਿਆਂ, ਜੱਟਾਂ, ਸ਼ੀਆਂ ਤੇ ਸੁੰਨੀਆਂ ਆਲੇ ਖ਼ਾਨੇ ਬਣਾਈ ਛੋੜੇ!...ਵਲਾਇਤ ਆਲੇ ਪੈਸੇ ਪਿੱਛੇ ਸਾਂਝ ਸਲੂਕ ਛੋੜੀ ਕੇ ਹਿੱਕੀ ਦੂਏ ਕੀ ਖੋਹੀ ਖੋਹੀ ਪਏ ਖਾਨੇ ਓ!... ਏਹ ਕਾਠ ਬੂਹਾ, ਅਹਾਤੇ, ਖੂਹ ਤੇ ਸ਼ਾਮਲਾਟਾਂ ਸਭਨਾਂ ਸਾਂਝਾ!" "ਓ ਯਰਾ, ਨਾ ਐਵੇਂ ਨਿਕੰਮੀਆਂ ਲੋੜ! ਮੁਕ਼ੱਦਰਾਂ ਨਾਲ ਵੀ ਕਦੀਂ ਮੁਕ਼ਾਵਲੇ ਹੋਏ, ਜੰਮਿਆ ਕੋਈ ਹੋਣੀ ਕੀ ਰੋਕਣੇ ਆਲਾ!" "ਵੇਲਾ ਹੱਥੋਂ ਲਗਾ ਜੁਲਨਾ, ਏਹਨਾਂ ਜੁਲਮੇ ਨੀਆਂ ਸਿਆਸਤਾਂ ਕੀ ਲੱਤਾਂ ਮਾਰੀ ਕੱਢੋ!"

ਉਹ ਰੋਜ਼ੇ ਨਮਾਜ਼ ਨਾ ਕਰਦਾ, ਉਹਦੇ ਸੰਗੀ ਉਹਨੂੰ ਮਸੀਤੀ ਨੇ ਮੁਨਾਰੇ ਤੋਂ ਡਰਾਂਦੇ, "ਸ਼ਰੀਅਤ ਨਾਲ ਸ਼ਰੀਕਾ ਕੁਫ਼ਰ!" ਪੋਠੋਹਾਰ ਵਿੱਚ ਉਸ ਇੰਡੀਅਨ ਕਾਮਰੇਡ ਦੇ ਗਰਾਈਂ ਉਹਦਾ ਅੱਛਨਾ ਗੱਛਨਾ (ਆਣਾ ਜਾਣਾ) ਤੱਕਦੇ ਰਹੇ। ਰੇਲ ਗੱਡੀ, ਲਾਰੀਆਂ, ਮੋਟਰਾਂ, ਰਿਕਾਟੀ ਬਾਜੇ, ਬਿਜਲੀਆਂ ਤੇ ਰੇਡੂਏ ਆ ਗਏ ਪਰ, "ਪਰ ਮੁੱ'ਤਾਂ (ਮੁੱਦਤਾਂ) ਹੋਈਆਂ, ਅੱਡੀਆਂ ਚਾਈ ਚਾਈ ਤੱਕਨੇ ਆਂ, ਏਹ ਇਨਕ਼ਲਾਬ ਕਿੱਦਨ ਆਸੀ?" ਇਨਕ਼ਲਾਬ ਤੇ ਨਾ ਆਇਆ, ਪਰ ਉਹਨੇ ਆਪਣੇ ਅਨਪੜ੍ਹ ਗਰਾਂ ਵਿੱਚ ਸਕੂਲ ਦੀ ਉਸਾਰੀ ਛੋਹੀ, ਜਿਹਦੇ ਵਿਚ ਉਹ ਅੱਜ ਦਫ਼ਨ ਹੋ ਰਿਹਾ:

"ਚੰਗਾ ਜਾਗਣਾ ਬੰਦਾ ਸੀ!"
ਜਨਾਜ਼ੇ ਨਾ ਐਲਾਨ ਹੋਇਆ, ਖ਼ਲਕਤ ਤਰੁੱਟੀ ਕੇ ਪਈ!
"ਜੰਨਤ ਵਿੱਚ ਜਾਸੀ!"
"ਨਾ ਯਾਰਾ, ਜੰਨਤ ਵਿੱਚ ਦੂਜੇ ਕਾਮਰੇਡ ਜਲਸਾ ਜਲੂਸ ਕਰਸੀ.... ਵਈ ਸਭ ਲਈ ਜੰਨਤ ਹਿਕੋ ਜੇਹੀ!"

ਦਾਦਾ ਅਮੀਰ ਹੈਦਰ ਦੀ ਸਲਾਮੀ ਲਈ, ਕਿੱਥੋਂ ਕਿੱਥੋਂ ਕਾਮਰੇਡ ਆਏ, ਜਿਹਨਾਂ ਦੀ ਭੀੜ ਵਿੱਚ ਰਾਵਲਪਿੰਡੀ ਤੋਂ ਉਹਦੇ ਜਨਾਜ਼ੇ ਦਾ ਜਲੂਸ ਜਿਓਂ ਇਨਕ਼ਲਾਬੀ ਜਜ਼ਬਿਆਂ ਦੀ ਜੰਞ ਹੋਵੇ। ਦਫ਼ਨ ਹੋਂਦੇ ਨੂੰ ਵੇਖਦਿਆਂ ਉਹਦੇ ਦੋ ਬੁੱਢੇ ਗਰਾਈਂ ਕਰਮ ਖ਼ਾਨ ਤੇ ਮੌਲਾ ਦਾਦ, ਉਹਨੂੰ ਚੇਤੇ ਕਰ ਰਹੇ, ਜਿਹੜੇ ਕਾਲੀਆਂ ਸਿਆਲੀਆਂ ਹਾਈ ਸਕੂਲ ਦੀ ਕੰਧ ਨਾਲ ਟੇਕ ਲਾਈ ਬੈਠੇ, ਜਿਹਨਾਂ ਦੇ ਨੇੜੇ ਦੋ ਕਾਮਰੇਡ, ਮਲਕ ਤੇ ਰਾਜਾ, ਖਲੋਤੇ ਹੋਏ ਜੋ ਕਮਿਊਨਿਸਟ ਦਾਦੇ ਦਾ ਕਾਡਰ ਰਹੇ। ਮਲਕ ਪਿੱਛੋਂ ਚਕਵਾਲ ਦਾ, ਟੀਚਰ ਯੂਨੀਅਨ ਚਲਾਵੇ ਤੇ ਰਾਜਾ ਜੇਹਲਮ ਦੀ ਲੇਬਰ ਯੂਨੀਅਨ ਦਾ ਆਹਰੀ। ਉਹ ਦੋਵੇਂਂ ਬਹੂੰ ਚਿਰ ਦਾਦੇ ਦੇ ਨਾਲ ਰਹੇ, ਜਿਹਨਾਂ ਦਾਦੇ ਦੀਆਂ ਲਿਖੀਆਂ ਯਾਦਾਂ ਪੜ੍ਹੀਆਂ ਹੋਈਆਂ ਤੇ ਜ਼ਬਾਨੀ ਵੀ ਪੂਰੀ ਪੂਰੀ ਰਾਤ ਉਹਦੇ ਕੋਲੋਂ ਉਹਦੀ ਕਹਾਣੀ ਸੁਣੀ। ਮਲਕ ਤੇ ਰਾਜਾ ਏਸ ਵੇਲੇ ਕਰਮ ਖ਼ਾਨ ਤੇ ਮੌਲਾ ਦਾਦ ਨੂੰ ਦਾਦੇ ਬਾਰੇ ਪੁੱਛ ਵੀ ਰਹੇ ਤੇ ਦੱਸ ਵੀ ਰਹੇ-

ਕਾਲੀਆਂ-ਸਿਆਲੀਆਂ ਹਾਈ ਸਕੂਲ ਦਾਦਾ ਅਮੀਰ ਹੈਦਰ ਦੀ ਜਿਹੜੀ ਜ਼ਿਵੀਂ (ਜ਼ਮੀਨ) ਉੱਪਰ ਬਣਿਆ, ਉਹ ਕੋਈ ਉਹਦੀ ਜੱਦੀ ਜਾਇਦਾਦ ਨਹੀਂ, ਜਿਹੜੀ ਕਦੋਕੀ ਨੰਬਰਦਾਰ ਦੇ ਕਬਜ਼ੇ ਵਿੱਚ- ਹੋਇਆ ਇੰਝ ਕਿ ਰੰਡੇ ਫ਼ਤੇਹ ਅਲੀ ਖ਼ਾਨ ਦੀ ਇਕੋ ਇਕ ਧੀ, ਜਿਹੜੀ ਉਸ ਗਰਾਂ ਦੇ ਨੰਬਰਦਾਰ ਨਾਲ ਵਿਆਹੀ। ਇਕੱਲਾ ਰਹਿ ਗਿਆ ਤੇ ਸੰਗੀਆਂ ਸਾਥੀਆਂ ਉਹਨੂੰ ਦੂਜੇ ਵਿਆਹ ਦੀ ਸਲਾਹ ਦਿੱਤੀ, ਜਿਹਦੇ 'ਚੋਂ ਤਿੰਨ ਪੁੱਤਰ ਹੋਏ। ਤੀਜਾ ਜੰਮਦਿਆਂ ਈ ਮਰ ਗਿਆ, ਦੋ ਜਿਊਂਦੇ ਰਹੇ। ਵੱਡਾ ਅਤਾ ਮੁਹੰਮਦ, ਕਾਲੂ, ਤੇ ਨਿੱਕਾ ਫ਼ਤੇਹ ਮੁਹੰਮਦ, ਫੱਤਾ। ਪੁੱਤਰ ਅਜੇ ਸਿਆਣੇ ਨਾ ਹੋਏ ਕਿ ਪਿਓ ਬਿਮਾਰ ਹੋ ਕੇ ਮੰਜੀ ਮੱਲ ਲਈ ਤੇ ਮਰਨ ਲੱਗਿਆਂ ਪੁੱਤਰਾਂ ਨੂੰ ਧੀ ਤੇ ਜਵਾਈ ਦੇ ਸਪੁਰਦ ਕਰ ਗਿਆ। ਜਵਾਈ ਨੰਬਰਦਾਰ ਸੀ, ਜਿਹਨੇ ਪਟਵਾਰੀ ਨਾਲ ਰਲ ਕੇ ਝੂਠਾ ਮੁਖ਼ਤਾਰਨਾਮਾ ਆਪ ਬਣਵਾਇਆ ਤੇ ਸਹੁਰੇ ਦੀ ਭੋਏਂ ਓਹਦੀ ਧੀ, ਆਪਣੀ ਘਰਵਾਲੀ ਦੇ ਨਾਂ ਕਰਵਾਅ ਲਈ। ਆਪਣੀ ਦਾਦਕੀ ਮਾਲਕੀ ਤੋਂ ਬੇਦਖ਼ਲ ਹੋਂਦਿਆਂ ਹਰ ਲੱਗਦੇ ਬੰਦੇ ਕਾਲੂ ਨੂੰ ਮੁਕੱਦਮੇਬਾਜ਼ੀ ਦੀ ਸਲਾਹ ਦਿੱਤੀ ਪਰ ਕਚਹਿਰੀ ਜਾਂਦਿਆਂ ਏਸ ਸੋਚ ਉਹਦੇ ਕਦਮ ਰੋਕ ਲਏ, "ਭੈਣੂ (ਭੈਣ) ਨਾਲ ਮੁਕ਼ੱਦਮਾ ਲੜਸੀਂ!" ਕਾਲੂ ਵਾਪਸ ਪਰਤ ਆਇਆ। ਤੇ ਓਸੇ ਭੈਣ ਜਦੋਂ ਧੀ ਦਾ ਵਿਆਹ ਰਚਾਇਆ, ਕਾਲੂ ਰੱਜ ਨਾਨਕਵਾਲੀ ਦਿੱਤੀ, ਜਿਹਦੇ ਲਈ ਉਹਨੂੰ ਜੇਹਲਮ ਜਾ ਕੇ ਮਜ਼ਦੂਰੀ ਕਰਨੀ ਪਈ। ਕਾਲੂ ਆਪਣੀ ਮਾਂ ਤੇ ਨਿੱਕੇ ਭਰਾਉ ਨੂੰ ਨਾਲ ਲੈ ਕੇ ਰੁਲਦਿਆਂ ਫਿਰਦਿਆਂ ਏਸ ਬੰਜਰ ਭੋਏਂ ਉੱਤੇ ਆ ਆਬਾਦ ਹੋਇਆ ਜਿੱਥੇ ਉਹਦੇ ਪੁੱਤਰ ਅਮੀਰ ਹੈਦਰ ਹਾਈ ਸਕੂਲ ਬਣਾਇਆ, ਜਿਹੜਾ ਸੈਲਾਨੀ ਰੂਹ, ਜਿਹਨੇ ਮਰਨ ਤਾਈਂ ਇਨਕ਼ਲਾਬੀ ਜੀਵਨ ਹੰਢਾਇਆ। ਇਨਕ਼ਲਾਬ ਉਹਦਾ ਇਸ਼ਕ਼ ਜਿਹਦੇ ਨਾਲ ਉਹਨੇ ਵਿਆਹ ਕੀਤਾ। ਜਜ਼ਬੇ ਥੁੜੇ ਤੇ ਨਾ ਉਹ ਕਦੀ ਆਪਣੀ ਰਾਹ ਤੋਂ ਥਿੜਕਿਆ। ਨੱਬੇ ਸਾਲ ਦਾ ਬੁੱਢਾ ਹੋ ਕੇ ਫ਼ੌਤ ਹੋਇਆ। ਰੋਵਨ ਵਾਲਾ ਕੋਈ ਨਾ ਪਰ ਇਨਕ਼ਲਾਬ ਦੇ ਨਾਅਰੇ ਮਾਰਦਿਆਂ ਦਫ਼ਨਾਨ ਲਈ ਮੁਲਖ ਢੁਕਿਆ, ਜਿਹਨਾਂ ਵਿੱਚ ਮਜ਼ਦੂਰ, ਕਿਸਾਨ ਤੇ ਰਾਵਲਪਿੰਡੀ ਤੋਂ ਜਨਾਜ਼ੇ ਨਾਲ ਆਏ ਕੱਚੀਆਂ ਅਬਾਦੀਆਂ ਦੇ ਵਸਨੀਕ। ਵੈਨ ਨਾ ਹਾਲ ਦੁਹਾਈ ਹੋਏ ਸੰਗੀ ਦੀਆਂ ਪਿੱਛੇ ਰਹਿ ਗਈਆਂ ਗੱਲਾਂ ਧੁੰਮ ਰਹੀਆਂ-

+++

1946, ਜਦੋਂ ਦਾਦੇ ਅਮੀਰ ਹੈਦਰ ਇਹ ਸਕੂਲ ਬਨਵਾਣਾ ਛੋਹਿਆ, ਉਹਦੇ ਕੋਲ ਥੋੜੇ ਜਿਹੇ ਪੈਸੇ ਸਨ, ਜਿਹੜੇ ਉਹਨੇ ਪਰਦੇਸਾਂ ਵਿੱਚ ਮਿਹਨਤ ਮਜ਼ਦੂਰੀ ਕਰ ਕੇ ਬਚਾਏ। ਥਾਂ ਉਹਦੀ ਆਪਣੀ ਸੀ, ਜਿਹੜੀ ਉਹਨੂੰ ਪਿਓ ਦੀ ਵਿਰਾਸਤ 'ਚੋਂ ਹਿੱਸੇ ਵਿੱਚ ਆਈ। ਬਹੁਤੀ ਇਮਦਾਦ ਉਹਨੂੰ ਬਾਹਰੋਂ ਆਈ, ਜਿਹੜੀ ਉਹਦੇ ਕਾਮਰੇਡਾਂ ਉਹਨੂੰ ਘੱਲੀ। ਉਹਨੂੰ ਆਪ ਵੀ ਏਥੇ ਉਸਾਰੀ ਲਈ ਮਜ਼ਦੂਰ ਬਣਨਾ ਪਿਆ, ਉਸ ਸਿਰ ਉੱਤੇ ਇੱਟਾਂ ਤੇ ਮਿੱਟੀ ਗਾਰਾ ਢੋਇਆ। ਵੰਗਾਰੇ ਸੰਗੀਆਂ ਨਾਲ ਕੰਮ ਕਰਦਿਆਂ ਉਹ ਆਪਣੀ ਹਯਾਤੀ ਵਧਾਂਦਾ ਜਾਏ, ਹਰ ਕੋਈ ਉਹਦੀ ਗੱਲ ਧਿਆਨ ਨਾਲ ਸੁਣੇ। ਉਹ ਫ਼ੌਜੀ ਟਾਈਪ ਖਰਵ੍ਹਾ ਕਮਿਊਨਿਸਟ ਜਿਹਨੂੰ ਯਾਦਾਂ ਕੁਤਕੁਤਾੜੀ ਕੱਢਣ ਤੇ ਉਹ ਪੋਠੋਹਾਰ ਦੀਆਂ ਥੋੜਾਂ ਲੋੜਾਂ ਨੂੰ ਗਾਉਣ ਲੱਗ ਪਵੇ-

ਨਖੱਟੂ ਤੇ ਨਿਕੰਮਾ ਚਾਚਾ, ਉਹਦਾ ਮਤਰੇਆ ਪਿਓ, ਜਿਹਦੇ ਕੋਲ ਅਮੀਰ ਹੈਦਰ ਦੀ ਪੜ੍ਹਾਈ ਜੋਗਾ ਧੇਲਾ ਨਾ, ਅੱਠਾਂ ਵਰ੍ਹਿਆਂ ਦੀ ਅਯਾਣੀ ਉਮਰੇ ਅੱਠ ਮੀਲ ਦੂਰ ਬੇਵਲ ਦੇ ਪਰਾਇਮਰੀ ਸਕੂਲੇ ਪੜ੍ਹਨ ਗਿਆ। ਖ਼ਰਚੇ ਲਈ ਉਹਨੂੰ ਸਕੂਲ ਵਿੱਚ ਖ਼ਾਕਰੋਬ ਦੀ ਨੌਕਰੀ ਮਿਲ ਗਈ। ਅਸਲੀ ਖ਼ਾਕਰੋਬ ਵਡੇਰੀ ਉਮਰ ਦਾ, ਜਿਹਦੀ ਥਾਂ ਇਹ ਕੰਮ ਕਰਦਾ। ਦੋ ਰੁਪਏ ਤਨਖ਼ਾਹ, ਇਕ ਰੁਪਈਆ ਇਹਨੂੰ ਲੱਭਦਾ ਤੇ ਇਕ ਰੁਪਈਆ ਅਸਲ ਖ਼ਾਕਰੋਬ ਆ ਕੇ ਲੈ ਜਾਏ, ਜਿਹੜਾ ਬਖ਼ਸ਼ੀ ਗੋਪਾਲ ਸਿੰਘ ਪਟਵਾਰੀ ਦੇ ਘਰ ਨੌਕਰ। ਅਮੀਰ ਹੈਦਰ ਦੀ ਨੌਕਰੀ ਕੀ, ਸਕੂਲ ਦੇ ਦੋ ਕਮਰਿਆਂ, ਬਰਾਂਡੇ ਤੇ ਵਿਹੜੇ ਦੀ ਬ੍ਹੌਕਰ ਤੇ ਪਾਣੀ ਦਾ ਤਰੌਂਕਾ, ਖੂਹ 'ਚੋਂ ਪੜ੍ਹਾਕਾਂ ਦੇ ਪੀਣ ਤੇ ਤਖ਼ਤੀਆਂ ਧੋਵਣ ਲਈ ਬੋਕਿਆਂ ਨਾਲ ਪਾਣੀ ਕੱਢਣਾ। ਉਹ ਹੈੱਡਮਾਸਟਰ ਦੀ ਘੋੜੀ ਵੀ ਸਾਂਭੇ ਤੇ ਨਾਲੇ ਪਟਵਾਰੀ ਦੀ ਬਾਲੜੀ ਨੂੰ ਵੀ ਖਿਡਾਣਾ ਪਵੇ। ਇਹ ਸਭ ਕੁਝ ਕਰਦਿਆਂ ਉਹ ਪੜ੍ਹਦਾ।
ਉਹ ਥੱਕਦਾ ਨਾ ਕਿਓਂਜੇ ਉਹ ਆਪਣੇ ਹੈੱਡ-ਮਾਸਟਰ ਮੁਨਸ਼ੀ ਦੇਵੀਦਿੱਤਾ ਮੱਲ ਨੂੰ ਹਰ ਵੇਲੇ ਕੰਮ ਕਰਦਿਆਂ ਵੇਖੇ, ਜਿਹਦੀ ਪੂਰੇ ਜ਼ਿਲ੍ਹਾ ਰਾਵਲਪਿੰਡੀ ਵਿਚ ਮਸ਼ਹੂਰੀ, ਜਿਹੜਾ ਹੈੱਡਮਾਸਟਰ, ਪੋਸਟਮਾਸਟਰ, ਅਸਟਾਮਫ਼ਰੋਸ਼ ਤੇ ਵਸੀਕਾਨਵੀਸ। ਮੁਨਸ਼ੀ ਦੇਵੀਦਿੱਤਾ ਮੱਲ ਪੂਰੀ ਮਿਹਨਤ ਤੇ ਸਿਦਕ਼ ਨਾਲ ਪੜ੍ਹਾਂਦਾ ਤੇ ਹੈੱਡਮਾਸਟਰੀ ਵੀ ਕਰਦਾ, ਜਿਹਦੀ ਉਹਨੂੰ ਸੋਲ੍ਹਾਂ ਰੁਪਏ ਮਹੀਨਾ ਤਨਖ਼ਾਹ ਮਿਲੇ। ਪੋਸਟ ਆਫ਼ਿਸ ਦੀ ਮੁਕਾਮੀ ਬ੍ਰਾਂਚ ਸਕੂਲ ਵਿੱਚ, ਜਿਹਦਾ ਪੋਸਟਮਾਸਟਰ ਵੀ ਮੁਨਸ਼ੀ ਦੇਵੀਦਿੱਤਾ ਮੱਲ, ਧਿਆਨ ਤੇ ਦਿਆਨਤ ਨਾਲ ਸਾਰਾ ਕੰਮ ਕਰੇ, ਕਦੀ ਉਹਨੇ ਅਮਾਨਤ ਵਿਚ ਖ਼ਿਆਨਤ ਨਾ ਕੀਤੀ, ਏਸ ਨੌਕਰੀ ਦੇ ਉਹਨੂੰ ਪੰਜ ਰੁਪਏ ਮਹੀਨਾ ਲੱਭਦੇ। ਉਹ ਲਾਇਸੰਸ ਯਾਫ਼ਤਾ ਅਸ਼ਟਾਮਫ਼ਰੋਸ਼, ਖ਼ਰੀਦਦਾਰ ਕੋਲੋਂ ਉਹ ਸਰਕਾਰੋਂ ਮਨਜ਼ੂਰਸ਼ੁਦਾ ਸ਼ਰ੍ਹਾ ਦੇ ਹਿਸਾਬ ਨਾਲ ਦੋ ਫ਼ੀਸਦ ਕਮੀਸ਼ਨ ਲੈਂਦਾ। ਉਹ ਸਨਦ ਯਾਫ਼ਤਾ ਵਸੀਕਾ.ਨਵੀਸ, ਸਾਹੂਕਾਰਾਂ ਲਈ ਰਹਿਣਨਾਮੇ ਲਿਖਦਾ, ਜਿਹੜੇ ਸਾਰੇ ਖੱਤਰੀ- ਹਿੰਦੂ ਤੇ ਸਿੱਖ। ਰਹਿਣਨਾਮੇ ਲਈ ਵਸੀਕਾਨਵੀਸ ਦੀ ਫ਼ੀਸ ਕਰਜ਼ਦਾਰ ਦੇਂਦਾ। ਕਿਸਾਨ ਵਗਦੀ ਭੋਏਂ ਰਹਿਣ ਰੱਖਦਾ ਪਰ ਕਰਜ਼ਦਾਰ ਮੁਜ਼ਾਰੇ ਤੇ ਕੰਮੀ ਲਈ ਲਾਜ਼ਮੀ ਕਿ ਉਹਦੇ ਕਿੱਲੇ ਉੱਤੇ ਕੋਈ ਡੰਗਰ ਬੱਝਾ ਹੋਵੇ। ਰਹਿਣ ਵਣੋਵਾਸ ਤੇ ਡੰਗਰ ਲਈ ਦੋ ਸ਼ਰਤਾਂ: ਜੇ ਮੱਝ ਗਾਂ, ਉਹ ਦੁੱਧ ਦੇਂਦੀ ਹੋਵੇ ਤੇ ਜੇ ਢੱਗਾ ਸੰਢਾ, ਉਹ ਜੁਪਦਾ ਹੋਵੇ।

ਬੇਵਲ ਦੇ ਪਰਾਇਮਰੀ ਸਕੂਲ ਵਿਚ ਕੋਈ ਦੋ ਸੌ ਪੜ੍ਹਾਕ ਸਨ, ਬਹੁਤੇ ਮੁੰਡੇ ਹਿੰਦੂ ਸਿੱਖ, ਥੋੜ੍ਹੇ ਜਿਹੇ ਮੁਸਲਮਾਨ। ਅਕਸਰ ਪੜ੍ਹਾਕ ਗ਼ਰੀਬੀ ਵਜੋਂ ਪੈਰੋਂ ਨੰਗੇ ਸਕੂਲ ਆਉਂਦੇ ਪਰ ਸਕੂਲ ਵਿੱਚ ਇਕ ਪੜ੍ਹਾਕ ਸ਼ਹਿਜ਼ਾਦੇ ਵਾਂਗੂੰ ਘੋੜੇ ਉੱਤੇ ਬਹਿ ਕੇ ਪੜ੍ਹਨ ਆਉਂਦਾ, ਜਿਹੜਾ ਨਿੱਤ ਨਵਂੇ ਲਿਸ਼ਕਣੇ ਕੱਪੜੇ ਪਾਵੇ। ਉਹ ਸਾਹੂਕਾਰ ਚੌਧਰੀ ਰਾਮ ਸਿੰਘ ਦਾ ਪੁੱਤਰ ਸੋਹਣ ਸਿੰਘ। ਹੈਡਮਾਸਟਰ ਮੁਨਸ਼ੀ ਦੇਵੀਦਿੱਤਾ ਮੱਲ ਨੂੰ ਆਪਣੇ ਸ਼ਾਗਿਰਦਾਂ ਦੀ ਪੜਾ੍ਹਈ ਦੀ ਬੜੀ ਫ਼ਿਕਰ ਰਹਿੰਦੀ, ਉਹ ਪੜ੍ਹਾਂਦਿਆਂ ਹਿੰਦੂ ਸਿੱਖ ਤੇ ਮੁਸਲਮਾਨਾਂ ਵਿਚ ਕੋਈ ਵਿਤਕਰਾ ਨਾ ਕਰਦਾ। ਸਾਰੇ ਸਕੂਲੀ ਮੁੰਡੇ ਉਹਦੀ ਬਹੂੰ ਇੱਜ਼ਤ ਕਰਦੇ। ਮੁਨਸ਼ੀ ਦੇਵੀਦਿੱਤਾ ਮੱਲ ਦੇ ਘਰਵਾਲੇ ਕੱਲਰ ਰਹਿੰਦੇ ਜਿਹੜਾ ਬੇਵਲ ਤੋਂ ਸੱਤ ਮੀਲ ਦੂਰ। ਉਹਨੂੰ ਇਕ ਵਾਰੀ ਤਾਪ ਚੜ੍ਹ ਗਿਆ, ਅਮੀਰ ਹੈਦਰ ਉਹਦਾ ਸੇਵਕ, ਮੁਨਸ਼ੀ ਬੇਹੋਸ਼ੀ ਵਿਚ, "ਪਾਣੀ! ਪਾਣੀ!" ਅਮੀਰ ਹੈਦਰ ਭੱਜ ਕੇ ਪਾਣੀ ਲਿਆਂਦਾ, ਜਿਹਨੂੰ ਮੁਨਸ਼ੀ ਕਰੋਧ ਨਾਲ ਪਰਾਂਹ ਕਰ ਦਿੱਤਾ, ਡਿੱਗਦਿਆਂ ਢਹਿੰਦਿਆਂ ਉਹਨੇ ਆਪ ਜਾ ਕੇ ਘੜੇ ਨੂੰ ਮੂੰਹ ਲਾ ਲਿਆ। ਭਿੱਟ ਗਿਆ ਪਿਆਲਾ ਅਮੀਰ ਹੈਦਰ ਦੇ ਹੱਥ ਵਿਚ ਈ ਰਹਿ ਗਿਆ, ਜਿਹਨੂੰ ਸਮਝ ਆ ਗਈ ਕਿ ਜਦੋਂ ਬਖ਼ਸ਼ੀ ਗੋਪਾਲ ਸਿੰਘ ਪਟਵਾਰੀ ਦੀ ਬਾਲੜੀ ਓਹਦੇ ਹੱਥ 'ਚੋਂ ਰੋਟੀ ਦੀ ਬੁਰਕੀ ਆਪਣੇ ਮੂੰਹ ਵਿਚ ਪਾ ਲਈ, ਪਟਵਾਰਣ ਬਾਲੜੀ ਦੇ ਸੰਘ ਵਿਚ ਉਂਗਲੀ ਫੇਰ ਕੇ ਉਲਟੀ ਕਰਵਾਅ ਦਿੱਤੀ ਸੀ। ਫ਼ੇਰ ਵੀ ਅਮੀਰ ਹੈਦਰ ਦਾ ਬੇਵਲ ਵਿਚ ਦਿਲ ਲੱਗ ਗਿਆ ਕਿਓਂਜੇ ਇਸੇ ਤੋਂ ਅਗਦੋਂ ਉਹਨੇ ਪੜਾ੍ਹਈ ਲਈ ਮਨਜੋਠੇ ਦੇ ਮੌਲਵੀ ਫ਼ਤੇਹ ਮੁਹੰਮਦ ਤੇ ਝੰਡ ਦੇ ਮੁਨਸ਼ੀ ਗੁਲਾਮ ਹੈਦਰ ਦੇ ਤਸੀਹੇ ਜਰੇ ਹੋਏ। ਕਰੜਾ ਮੌਲਵੀ ਫ਼ਤੇਹ ਮੁਹੰਮਦ ਪੜ੍ਹਾਕਾਂ ਨੂੰ ਮਾਰ ਮਾਰ ਕੇ ਥੱਕ ਜਾਵੇ ਤੇ ਮੁਨਸ਼ੀ ਗ਼ੁਲਾਮ ਹੈਦਰ ਜਿਵੇਂ ਖੂਹ ਉੱਤੇ ਜੁਪਿਆਂ ਸੰਢਿਆਂ ਨੂੰ ਮਾਰਦਾ, ਉਂਝੇ ਵਾਹੀ ਬੀਜੀ ਤੇ ਲਾਏ ਪੜ੍ਹਾਕਾਂ ਨੂੰ ਪਿੰਜਦਾ। ਪੜ੍ਹਨ ਆਏ ਗ਼ਰੀਬਾਂ ਦੇ ਪਰਦੇਸੀ ਬਾਲ ਰੋਟੀ ਲਈ ਗਰਾਂ ਵਿਚ ਬੂਹਾ ਬੂਹਾ ਫਿਰਦੇ।
'ਦਰਸ਼ਨ ਦਿਹਾੜ' ਉੱਤੇ ਸਕੂਲ ਵਿਚ ਛੁੱਟੀ ਹੋਂਦੀ ਪਰ ਪੜ੍ਹਾਕਾਂ ਲਈ ਲਾਜ਼ਮੀ ਕਿ ਉਹ ਟੁਰਦਿਆਂ, ਟੋਲੀਆਂ ਵਿਚ, ਘੋੜੀ ਉੱਤੇ ਬਿਰਾਜਮਾਨ ਮਾਸਟਰ ਮੁਨਸ਼ੀ ਦੇਵੀ ਦਿੱਤਾ ਮੱਲ ਦੀ ਅਗਵਾਈ ਵਿਚ ਕੱਲਰ ਅੱਪੜਣ, ਜਿੱਥੇ ਉਹ 'ਬਾਵਾ ਸਾਹਬ' ਦਾ ਦਰਸ਼ਨ ਕਰਦੇ। ਦਰਸ਼ਨ ਦਿਹਾੜ ਪੂਰੇ ਇਲਾਕੇ. ਦਾ ਅਵਾਮੀ ਮੇਲਾ, ਜਿਹੜਾ ਸਰਕਾਰੀ ਸਰਪ੍ਰਸਤੀ ਵਿਚ ਲੱਗੇ। 'ਕੱਸ' ਦੇ ਸਿਰਕੱਢ ਹਿੰਦੂ, ਸਿੱਖ ਸ਼ਾਹੂਕਾਰ ਮੇਲੇ ਦੀ ਪਰਬਧੰਕ ਕਮੇਟੀ ਦੇ ਆਹਰੀ ਹੋਂਦੇ। (ਚੋਹਾ ਖ਼ਾਲਸਾ, ਦਰਿਆਲਾ, ਬੇਵਲ ਤੇ ਕੱਲਰ ਨੂੰ ਮਿਲਾ ਕੇ ਕੱਸ ਕਹਿੰਦੇ ਸਨ।) 'ਬਾਵਾ ਸਾਹਿਬ' ਜਿਹਨਾਂ ਦਾ ਦਰਸ਼ਨ ਹੋਵੇ, ਉਹ ਬਾਬਾ ਗੁਰਬਖ਼ਸ਼ ਸਿੰਘ ਬੇਦੀ, ਬਾਬਾ ਖੇਮ ਸਿੰਘ ਬੇਦੀ ਦੇ ਸਪੁਤਰ, ਜਿਹੜੇ ਜ਼ਿਲ੍ਹਾ ਰਾਵਲਪਿੰਡੀ ਦੀ ਸਿਰਕੱਢ ਹਸਤੀ ਹੋਏ, ਇਲਾਕੇ. ਦੇ ਆਨਰੇਰੀ ਮੈਜਿਸਟਰੇਟ ਲੱਗੇ, ਵਾਇਸਰਾਏ ਦੀ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਬਣੇ ਤੇ ਉਹਨਾਂ ਨੂੰ 'ਸਰ' ਦਾ ਨਾਮਨਾ ਮਿਲਿਆ। ਬਾਵਾ ਸਾਹਬ ਗੁਰਦਵਾਰੇ ਦੇ ਸਾਹਮਣੇ ਮੈਦਾਨ ਵਿਚ ਆਪਣੀ ਹਫ਼ਤਾਵਾਰ ਕਚੈਹਰੀ ਲਾਂਦੇ। ਕਚੈਹਰੀ ਦੀ ਕਾਰਵਾਈ ਟੋਰਨ ਤੋਂ ਅਗਦੋਂ ਬਾਵਾ ਸਾਹਬ ਦਾ ਸ਼ੱਜਰਾ ਨਸਬ ਫ਼ਾਰਸੀ ਵਿਚ ਪੜ੍ਹਿਆ ਜਾਂਦਾ, ਜਿਹੜੇ ਗੁਰੂ ਨਾਨਕ ਦੇਵ ਦੀ ਲੜੀ 'ਚੋਂ। ਕੱਲਰ ਦਾ ਗੁਰਦਵਾਰਾ ਪੂਰੇ ਪੋਠੋਹਾਰ ਦਾ ਸਭ ਤੋਂ ਵੱਡਾ ਗੁਰਦਵਾਰਾ ਮੰਨਿਆਂ ਜਾਂਦਾ, ਜਿਹਦੇ ਉਤੇ ਝੂਲਦਾ 'ਨਿਸ਼ਾਨ ਸਾਹਬ' ਖੱਤਰੀਆਂ ਦੀ ਪਾਦਸ਼ਾਹੀ ਧੁਮਾਂਦਾ ਰਹਿੰਦਾ।
'ਬੇਦੀ ਪੈਲਸ' ਕੱਲਰ ਵਿਚ ਬਾਬੇ ਦੀ ਹਵੇਲੀ ਦੇ ਨਾਂ ਤੋਂ ਧੁੰਮਿਆ, ਜਿਹੜਾ ਪੋਠੋਹਾਰ ਵਿਚ 'ਗੁਰੂ ਸਿੰਘ ਸਭਾ' ਦਾ ਗੜ੍ਹ ਰਿਹਾ। ਦਰਸ਼ਨ ਦਿਹਾੜ ਉਤੇ ਗੁਰਦਵਾਰੇ ਦਾ ਗ੍ਰੰਥੀ ਕੱਲਰ ਗਰਾਂ ਦੀ ਵੇਲ ਹੋਕਦਾ, ਜਿਹੜਾ ਪੁਰਾਣੇ ਸਮੇਂ ਪੰਚਾਲਨਾਂ ਦੇ ਦੇਸ ਦੀ ਰਾਜਧਾਨੀ ਰਿਹਾ, ਜਿੱਥੇ ਹਜ਼ਾਰਾਂ ਵਰ੍ਹੇ ਪਹਿਲਾਂ ਅਰਜਨ ਮਹਾਰਾਜ ਦੀ ਜੰਞ ਆਈ। ਗ੍ਰੰਥੀ ਰਾਣੀ ਦਰੋਪਦੀ ਨੂੰ 'ਮਹਾਭਾਰਤ' ਦੇ ਮਹਾਰਾਜੇ ਨਾਲ ਕੀ ਵਿਆਂਹਦਾ, ਪੂਰੇ ਪੰਡਾਲ ਵਿਚ ਨਾਅਰਾ ਲੱਗਦਾ: "ਅਰਜਨ ਮਹਾਰਾਜ ਦੀ ਜੈ!" (ਦਰਸ਼ਨ ਦਿਹਾੜ ਓਸ ਦਿਨ ਨੂੰ ਮਿੱਥਿਆ ਗਿਆ, ਜਿੱਦਣ ਅਰਜਨ ਲਾੜਾ ਬਣਿਆ। ਸ਼ਗਨਾਂ ਦੀ ਯਾਦਗਾਰੀ ਰਸਮ ਲਈ ਉਸ ਦਿਨ ਸਗਵੀਂ ਜੰਞ 'ਅਰਜਨ' ਗਰਾਂ ਤੋਂ ਚੜ੍ਹ ਕੇ ਕੱਲਰ ਆ ਢੁਕਦੀ। ) ਪੰਚਾਲ (ਪੰਚਾਂ ਵਾਲ) ਪੰਚਾਇਤ ਵਿਚ ਹੋਏ ਸੁਲਹ ਸਮਝੌਤੇ ਦੀ ਨਿਸ਼ਾਨੀ, ਜਿੱਥੇ ਰਾਜੇ ਜੰਗ ਨੂੰ ਜੁਰਮ ਸਮਝਦੇ ਆਏ, ਉਂਝ ਈ ਪੋਠੋਹਾਰ ਵਿੱਚ ਕਤ.ਲ ਤੇ ਡਾਕਾ ਮੁੱਢੋਂ ਓਪਰੇ ਜੁਰਮ ਰਹੇ। ਅੰਗਰੇਜ਼ਾਂ ਚਤਰਾਲ ਤੇ ਵਜ਼ੀਰਸਤਾਨ ਉਤੇ ਕਬਜ਼ੇ ਲਈ ਰਾਵਲਪਿੰਡੀ ਵਿਚ ਰੈਕਰੂਟਮੈਂਟ (ਰੰਗਰੂਟੀ) ਸੈਂਟਰ ਬਣਾਇਆ, ਸਾਰੇ ਪੋਠੋਹਾਰ ਵਿਚ ਮਨਾਦੀ ਹੋਈ। ਫ਼ਸਟ ਕੋਰ (First Mule Corps) ਬ੍ਰਿਟਿਸ਼ ਇੰਡੀਅਨ ਆਰਮੀ ਦਾ ਟਰਾਂਸਪੋਰਟ ਸੈਕਸ਼ਨ, ਜਿਹਦੇ ਲਈ ਇਥਾਵੇਂ ਖੱਚਰ ਸਰਕਾਰੋਂ ਮਨਜ਼ੂਰ ਹੋਏ। ਤਖ਼ਤਪੜੀ, ਬੰਦ ਤੇ ਬਸਾਲੀ ਵਿਚ ਖ਼ੱਚਰਾਂ ਦੀਆਂ ਮੰਡੀਆਂ ਲੱਗੀਆਂ। ਬਾਅਦੋਂ ਬੇਵਲ, ਗਲਿਆਨਾ, ਸੁਖੋਂ, ਦੌਲਤਾਲਾ ਤੇ ਕਸਰਾਂ ਸਰਕਾਰੀ ਆੜ੍ਹਤਾਂ ਬਣੀਆਂ, ਜਿਥੇ ਪੂਰੇ ਪੋਠੋਹਾਰ ਦਾ ਗ਼ੱਲਾ (ਅਨਾਜ) ਵਿਕਣ ਆਉਂਦਾ, ਜਿਹੜਾ ਗੁਜਰਖ਼ਾਂ ਤੋਂ ਮਾਲ ਗੱਡੀ ਵਿਚ ਕਲਕੱਤੇ ਲਈ ਬੁੱਕ ਹੋਂਦਾ। ਇਹ ਗ਼ੱਲਾ ਵਲਾਇਤ ਜਾਵੇ, ਜਿਹਦੇ ਲਈ ਇਥੋਂ ਦੇ ਰੇਲਵੇ ਟੇਸ਼ਨ ਉਤੇ ਈ "ਰੈਲੀ ਬ੍ਰਦਰਜ਼ ਇੰਗਲੈਂਡ" ਦੀ ਏਜੰਸੀ ਖੁੱਲ੍ਹੀ, ਜਿਹੜੀ ਖੱਤਰੀ ਆੜ੍ਹਤੀਆਂ ਕੋਲੋਂ ਗ਼ੱਲਾ ਖ਼ਰੀਦੇ। ਅੰਨ ਮਹਿੰਗਾ ਹੋਇਆ, ਜਿਹਦੇ ਕਾਰਨ ਪੂਰੇ ਪੋਠੋਹਾਰ ਵਿੱਚ ਕਾਲ ਪੈ ਗਿਆ। ਗ਼ਰੀਬੀ ਵਧੀ, ਮਜਬੂਰ ਲੋਕ ਫ਼ੌਜ ਵਿਚ ਭਰਤੀ ਹੋਵਣ ਲੱਗ ਪਏ। ਪੋਠੋਹਾਰ ਵਿੱਚ ਬਾਲੜੀਆਂ ਗਾਉਣ ਗਾਇਆ:

ਐਲਕੜੀ ਬੈਲਕੜੀ ਸੋਨੇ ਨਾ ਲਗਾਮ
ਪਿਓ ਮੇਰਾ ਲਸ਼ਕਰੀ, ਭਰਾਅ ਫ਼ਤੇਹਖ਼ਾਨ
ਫ਼ਤੇਹ ਖ਼ਾਨ ਜੋਗੀ ਚੂਰੀ ਕੁੱਟੀ, ਖਾ ਗਿਆ ਮਿਜ਼ਮਾਨ
ਬਾਲੜੀਆਂ ਤਿੰਨ ਵਾਰੀ ਆਖਣ, ਖਾ ਗਿਆ
ਮਿਜ਼ਮਾਨ (ਮੇਜ਼ਬਾਨ)...
ਦਾਦਾ ਸੰਗੀਆਂ ਨੂੰ ਗੱਲ ਸੁਨਾਂਦਿਆਂ ਰੁਕ ਜਾਏ ਤੇ 'ਮਿਜ਼ਮਾਨ' ਨੂੰ ਗਾਹਲਾਂ ਕੱਢਣ ਲੱਗ ਪਵੇ, ਤੇ ਝਟ ਮਗਰੋਂ ਦੁਖੀ ਹੋ ਕੇ, "ਅਸਾਂ ਮਿਜ਼ਮਾਨ ਕੀ ਸਿਹਾਨ ਈ ਨਾ ਸਕੇ ਤੇ ਓਹ ਖਾਈ ਗਿਆ!"

ਅੱਗੋਂ ਲਾਮ ਲੱਗ ਗਈ। ਸਕੂਲਾਂ ਵਿੱਚ ਪੀ.ਟੀ. ਲਾਜ਼ਮੀ ਹੋਈ। ਵਾਰ ਫ਼ੰਡ ਲਈ ਜੋ ਹੋਕਾ ਫਿਰਿਆ, ਉਹ ਸਰਕਾਰੀ ਐਲਾਨ ਨਹੀਂ ਹੁਕਮਨਾਮਾ ਸੀ। ਜਿਹਦੇ ਲਈ ਮਹਿਕਮਾ ਮਾਲ ਤੇ ਮਹਿਕਮਾ ਤਾਲੀਮ ਆਹਰੀ। ਸਕੂਲਾਂ ਵਿੱਚ ਫ਼ੌਜੀ ਬੈਂਡ ਉੱਤੇ ਜੰਗੀ ਤਰਾਨੇ ਗਾਏ ਜਾਵਨ, ਜਿਹਨਾਂ ਵਿੱਚ ਬ੍ਰਿਟਿਸ਼ ਰਾਜ ਦੀ ਸਿਫ਼ਤ ਹੋਂਦੀ ਤੇ ਉਹਦੇ ਦੁਸ਼ਮਣਾਂ ਨੂੰ ਨਿੰਦਿਆ ਜਾਵੇ। ਵਾਰ ਫ਼ੰਡ ਦੀ ਉਗਰਾਹੀ ਵਜ੍ਹੋਂ ਬਖ਼ਸ਼ੀ ਗੋਪਾਲ ਸਿੰਘ ਪਟਵਾਰੀ ਦਾ ਕੰਮ ਵਧ ਗਿਆ, ਜਿਹਦੇ ਲਈ ਉਹਨੇ ਅਮੀਰ ਹੈਦਰ ਨੂੰ ਆਪਣਾ ਮੁਨਸ਼ੀ ਰੱਖ ਲਿਆ। ਮੁਨਸ਼ੀਗੀਰੀ ਕਰਦਿਆਂ ਅਮੀਰ ਹੈਦਰ ਨਿੱਕੀ ਉਮਰੇ ਗ਼ਰੀਬੀ ਨੂੰ ਬਹੁਤ ਨੇੜੇ ਤੋਂ ਸਹਿਕਦੇ ਸਹਿਮਦੇ ਵੇਖਿਆ।

ਬੇਵਲ ਦੇ ਪਟਵਾਰਖ਼ਾਨੇ ਸਾਹਮਣੇ ਮੁਲਜ਼ਮਾਂ ਵਾਂਗੂੰ ਕ਼ਤਾਰ ਬਣਾਅ ਕੇ ਖਲੋਤੇ ਵਾਹੀਵਾਨਾਂ ਨੂੰ ਚੌਕੀਦਾਰ ਵਾਰੀ ਵਾਰੀ ਅੰਦਰ ਬੁਲਾਂਦਾ। ਵਾਰ ਫ਼ੰਡ ਦੀ ਸ਼ਰ੍ਹਾ ਪੰਜ ਤੋਂ ਦਸ ਰੁਪਏ ਤਾਈਂ ਫ਼ੀ ਖਾਤਾਦਾਰ। ਪਟਵਾਰੀ ਦੇ ਸਾਹਮਣੇ ਰਜਿਸਟਰ ਖੁੱਲ੍ਹਾ ਹੋਇਆ, ਨਾਂ ਪੜ੍ਹਦਿਆਂ ਹੱਥ ਜੋੜ ਕੇ ਖਲੋਤੇ ਖਾਤੇਦਾਰਾਂ ਨੂੰ ਵੇਖੇ ਤੇ ਆਪਣੇ ਮੁਨਸ਼ੀ ਅਮੀਰ ਹੈਦਰ ਨੂੰ ਨਾਂ ਲਿਖਵਾਏ, ਜਿਹਦੇ ਸਾਹਮਣੇ ਜੋ ਮਰਜ਼ੀ ਰਕ਼ਮ, ਇਹ ਉਹਦਾ ਸਵਾਬਦੀਦੀ ਅਖ਼ਤਿਆਰ। ਕਿਸੇ ਵਿਰਲੇ ਵਾਹੀਵਾਨ ਘਰੋਂ ਕੋਈ ਰੁਪਇਆ ਨਿਕਲੇ, ਅਕਸਰ ਸਾਹੂਕਾਰ ਚੌਧਰੀ ਰਾਮ ਸਿੰਘ ਦੇ ਦਵਾਰੇ ਜਾ ਸਵਾਲੀ ਹੋਏ। ਕ਼ਰਜ਼ਾ ਦੇ ਦੇ ਸਾਹੂਕਾਰ ਦੀ ਤਜੋਰੀ ਖ਼ਾਲੀ ਹੋ ਗਈ। ਹੋਰ ਕੋਈ ਵਾਹ ਨਾ ਲੱਗੀ ਤੇ ਵਾਹੀਵਾਨਾਂ ਵਾਰ ਫ਼ੰਡ ਤਾਰਨ ਲਈ ਰਿਕਰਿਊਟਿੰਗ ਸੈਂਟਰ ਪਾਸੇ ਮੂੰਹ ਕੀਤਾ। ਰੰਗਰੂਟ ਨੂੰ ਮਹੀਨੇ ਦੇ ਬਾਰਾਂ ਤੋਂ ਪੰਦਰਾਂ ਰੁਪਈਆਂ ਤਾਈਂ ਮਿਲਦੇ, ਵਰਦੀ ਤੇ ਰਾਸ਼ਨ ਮੁਫ਼ਤ।
"ਸ਼ਾਬਾਸ਼ ਪੰਜਾਬ!"
ਲਾਮ ਵਿੱਚ ਫ਼ਰੰਗੀ ਫ਼ਤਹਿ ਦੇ ਐਲਾਨ ਹੋਵਣ ਲੱਗ ਪਏ। ਫ਼ੌਜ ਦੀ ਭਰਤੀ ਵਿੱਚ ਸੂਬਾ ਪੰਜਾਬ ਪੂਰੇ ਹਿੰਦੋਸਤਾਨ ਵਿੱਚ ਪਹਿਲੇ ਨੰਬਰ 'ਤੇ ਆਇਆ, ਜਿੱਥੇ ਪੋਠੋਹਾਰ ਦੇ ਸਿਰ ਉੱਤੇ ਪੱਗ ਬੱਝੀ ਕਿਓਂਜੇ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਰਾਵਲਪਿੰਡੀ ਸਭ ਤੋਂ ਅੱਗੇ।

ਪਰ ਕੱਸ ਵਿੱਚ ਪੁਲਸ ਦਾ ਪਹਿਰਾ ਕਿਓਂਜੇ ਸਾਹੂਕਾਰ ਚੌਧਰੀ ਰਾਮ ਸਿੰਘ ਲੁੱਟਿਆ ਗਿਆ। ਰੁਪਏ, ਸੋਨਾ, ਚਾਂਦੀ, ਰਹਿਣਨਾਮੇ, ਮੁਖ਼ਤਾਰਨਾਮੇ ਤੇ ਬੈਅਨਾਮੇ ਸਭ ਕੁਝ ਚੋਰੀ ਹੋ ਗਿਆ। ਖੋਜੀਆਂ ਨੂੰ ਖੁਰਾ ਨਾ ਲੱਭਾ ਪਰ ਇਹ ਉਹਨਾਂ ਨੂੰ ਪੱਕ ਕੇ ਚੋਰ ਬਾਹਰੋਂ ਆਇਆ ਨਾ ਬਾਹਰ ਗਿਆ। ਸਾਰੇ ਵਾਹੀਵਾਨਾਂ ਉੱਤੇ ਚੋਰੀ ਦਾ ਇਲਜ਼ਾਮ, ਸਾਰਿਆਂ ਦੀ ਕਈ ਦਿਨ ਲਿਤਰੌੜ ਹੋਈ। ਅਮੀਰ ਹੈਦਰ ਆਪਣੇ ਜਮਾਇਤੀ ਸੋਹਨ ਸਿੰਘ ਨਾਲ ਚੋਰੀ ਦਾ ਅਫ਼ਸੋਸ ਕਰਦਿਆਂ ਅੰਦਰੋਂ ਬਹੁਤ ਖੁਸ਼ ਪਰ ਉਹਨੂੰ ਇਹ ਗੁੱਸਾ ਕਿ ਜਿਹੜੇ ਗ਼ਰੀਬ ਚੋਰੀ ਕੀਤੀ, ਉਹਨੇ ਉਹ ਦੂਜੇ ਗ਼ਰੀਬਾਂ ਨਾਲ ਵੰਡੀ ਕਿਓਂ ਨਾ। ਚੋਰੀ ਭਾਵੇਂ ਨਾ ਲੱਭੀ ਪਰ ਮੁਲਜ਼ਮਾਂ ਹਾਏ ਹਾਏ ਕਰਦਿਆਂ ਅੰਗਰੇਜ਼ਾਂ ਦੀ ਗ਼ੁਲਾਮੀ ਧੁਰ ਅੰਦਰੋਂ ਕ਼ਬੂਲ ਕਰ ਲਈ, ਜਿਹਦਾ, 'ਦਾਦਾ' ਅਮੀਰ ਹੈਦਰ ਨੂੰ ਸਾਰੀ ਹਯਾਤੀ ਅਫ਼ਸੋਸ ਰਿਹਾ...

+++

ਆਪਣੇ ਅਯਾਣੇ ਦਿਨਾਂ ਨੂੰ ਚੇਤੇ ਕਰਦਿਆਂ ਸਿਆਣੀ ਉਮਰੇ ਦਾਦਾ, ਬੱਚਾ ਬਣ ਕੇ, ਆਪਣੇ ਬਿਮਾਰ ਪਿਓ ਨਾਲ ਵੱਡੇ ਮੰਜੇ ਉੱਤੇ ਸੌਂ ਜਾਂਦਾ। ਉਹ ਦੋ ਭਰਾ ਤੇ ਇਕ ਭੈਣ, ਭਰਾ ਸ਼ੇਰ ਅਲੀ ਅਮੀਰ ਹੈਦਰ ਤੋਂ ਵੱਡਾ ਤੇ ਭੈਣ ਨੂਰ ਉਹਦੇ ਤੋਂ ਨਿੱਕੀ। ਅਮੀਰ ਹੈਦਰ ਛੇ ਸਾਲਾਂ ਦਾ ਜਦੋਂ ਉਹਦੇ ਬੇਲੀ ਬੁੱਧ ਰਾਜ ਦੇ ਵੱਡੇ ਭਰਾ ਦਾ ਇਸ਼ਕ ਮਸ਼ਹੂਰ ਹੋਇਆ। ਮੁੰਡਾ ਅਮੀਰ ਹਿੰਦੂ ਤੇ ਕੁੜੀ ਗ਼ਰੀਬ ਮੁਸਲਮਾਨ। ਵਿਆਹ ਲਈ ਬੁੱਧ ਰਾਜ ਦਾ ਭਰਾ ਮੁਸਲਮਾਨ ਹੋ ਗਿਆ। ਹਿੰਦੂ ਖੱਤਰੀਆਂ ਉਹਨੂੰ ਘਰੋਂ ਨਹੀਂ, ਸਗੋਂ ਗਰਾਂ 'ਚੋਂ ਈ ਕੱਢ ਦਿੱਤਾ। ਉਹ ਦੋਵੇਂ ਜੀ 'ਸੁਖੋ' ਜਾ ਕੇ ਸੁਖੀ ਵੱਸਣ ਲੱਗ ਪਏ। ਅਮੀਰ ਹੈਦਰ ਕਦੀ ਕਦੀ ਬੁੱਧ ਰਾਜ ਨਾਲ ਉਹਦੇ ਮੁਸਲਮਾਨ ਭਰਾ ਨੂੰ ਮਿਲਣ ਜਾਂਦਾ, ਜਿਹਦੇ ਘਰ ਵਿੱਚ ਹਰ ਵੇਲੇ ਖੁਸ਼ੀਆਂ ਖਿੜੀਆਂ ਰਹਿੰਦੀਆਂ। ਹਾਣੀ ਜੀਆਂ ਦਾ ਲਾਡ ਪਿਆਰ ਵੇਖ ਕੇ ਅਮੀਰ ਹੈਦਰ ਨੂੰ ਆਪਣਾ ਘਰ ਚੇਤੇ ਆਵੇ, ਜਿੱਥੇ ਉਹਦਾ ਪਿਓ ਉਹਦੀ ਮਾਂ ਨਾਲੋਂ ਵਾਹਵਾ ਵੱਡਾ। ਉਹਦੀ ਮਾਂ ਉਹਦੇ ਪਿਓ ਦੀ ਭਾਵੇਂ ਬਹੂੰ ਇੱਜ਼ਤ ਤੇ ਖ਼ਿਦਮਤ ਕਰੇ ਪਰ ਹਰ ਵੇਲੇ ਕੰਮ ਕਰਦੀ ਆਪਣੇ ਧਿਆਨੇ ਇੰਝ ਦੇ ਗਾਉਣ ਗਾਏ:

ਪਾਣੀ ਰੋਹੜੇ ਦਾ,
ਦੁੱਖਾਂ 'ਚੋਂ ਦੁੱਖ ਚੁਗਿਆ,
ਦੁੱਖ ਪੱਕਾ ਵਿਛੋੜੇ ਦਾ
ਵਿਚਾਰੀ ਇੰਝ ਦਾ ਜੀਵਨ ਹੰਢਾਏ:
ਪਾਣੀ ਲੈਣ ਗਈ ਹੋਈ ਆਂ
ਝੋਰਾ ਮਾਹੀਏ ਦਾ,
ਮੰਜੀ ਘੱਤ ਕੇ ਪਈ ਹੋਈ ਆ

ਉਹਨਾਂ ਈ ਦਿਨਾਂ ਵਿੱਚ ਅਮੀਰ ਹੈਦਰ ਦਾ ਪਿਓ ਮਰ ਗਿਆ, ਉਹਨੂੰ ਲੱਗਾ ਕਿ ਉਹਦੀ ਮਾਂ ਉਹਦੇ ਮੋਏ ਪਿਓ ਦੀ ਮੱਈਅਤ ਵੇਖ ਕੇ ਨਹੀਂ, ਆਪਣੇ ਰੋਂਦੇ ਯਤੀਮ ਬਾਲਾਂ ਨੂੰ ਤੱਕਦਿਆਂ ਵੈਣ ਕਰੇ। ਮੁਕਾਨੀਂ ਆਏ ਸਾਕ ਉਹਦੇ ਚਾਚੇ ਨਾਲ ਚੋਰੀਂ ਸਲਾਹੇ ਪਏ, ਜਿਹੜਾ ਉਹਨੇ ਸੁਣ ਲਿਆ ਕਿ ਉਹਦਾ ਔਂਤਰਾ ਨਖੱਤਰ ਚਾਚਾ ਮੋਏ ਭਰਾ ਦੇ ਬਾਲਾਂ ਦਾ ਪਿਓ ਬਣਨ ਲਈ ਤਿਆਰ। ਪਰ ਅਮੀਰ ਹੈਦਰ ਦੀ ਮਾਂ ਏਸ ਵਿਆਹ ਲਈ ਰਾਜ਼ੀ ਨਾ, ਜਿਹਦੇ ਲਈ ਉਹਨਾਂ ਦਾ ਜਲਾਲੀ ਪੀਰ ਕਸ਼ਮੀਰ ਤੋਂ ਆਇਆ, ਜਿਹਨੇ ਉਹਦੀ ਮਾਂ ਨੂੰ ਸ਼ਰੱਈ ਮਸਲਾ ਨਾ ਸੁਣਾਇਆ- ਸਗੋਂ ਹੁਕਮ ਦਿੱਤਾ। ਜਿਹੜੀ ਪਹਿਲਾਂ ਨਾ ਨਾ ਕਰਦੀ ਰਹੀ ਮਗਰੋਂ ਚੁੱਪ ਕਰ ਕੇ ਨਿਕਾਹ ਲਈ ਬਹਿ ਗਈ। ਕਲਮੇ ਪੜ੍ਹਦਾ ਪੀਰ, ਅਮੀਰ ਹੈਦਰ ਨੂੰ ਉਂਝ ਈ ਜ਼ਾਲਮ ਲੱਗਾ ਜਿਵੇਂ ਮਨਜੋਠੇ ਦਾ ਮੌਲਵੀ ਫ਼ਤੇਹ ਮੁਹੰਮਦ, ਜਿਹੜਾ ਮਾਰ ਕੁਟਾਈ ਮਗਰੋਂ ਸਹਿਮੇ ਸਹਿਕਦੇ ਬਾਲਾਂ ਨੂੰ ਪੜ੍ਹਾਂਦਿਆਂ ਖ਼ੁਸ਼ ਹੋਂਦਾ। ਓਸ ਦਿਨ ਅਮੀਰ ਹੈਦਰ ਆਪਣੇ ਬੇਲੀ ਬੁੱਧ ਰਾਜ ਨਾਲ ਰਲ ਕੇ ਗਰਾਂ 'ਚੋਂ ਬਾਹਰ ਗਿਆ, ਜਿੱਥੇ ਉਹਨਾਂ ਉਜਾੜ ਪਾਸੇ ਮੂੰਹ ਕੀਤਾ ਤੇ ਉੱਚੀ ਉੱਚੀ ਮਨਜੋਠੇ ਦੇ ਮੌਲਵੀ, ਕਸ਼ਮੀਰ ਦੇ ਜਲਾਲੀ ਪੀਰ ਤੇ ਚੋਹਾ ਖ਼ਾਲਸਾ ਦੇ ਪੁਜਾਰੀ ਪੰਡਤ ਨੂੰ ਗਾਹਲਾਂ ਕੱਢੀਆਂ- ਏਸ ਪੁਜਾਰੀ ਪੰਡਤ ਦੀ ਆਖਤ ਉੱਤੇ ਬੁੱਧ ਰਾਜ ਦੇ ਮੁਸਲਮਾਨ ਹੋਏ ਭਰਾ ਨੂੰ ਦੇਸ ਨਿਕਾਲਾ ਹੋਇਆ।

ਪਿਓ ਦੇ ਮਰਨ ਮਗਰੋਂ ਅਮੀਰ ਹੈਦਰ ਇਕੱਲਾ ਵੱਡੇ ਮੰਜੇ ਉੱਤੇ ਸੌਂਦਾ, ਉਹਦਾ ਚਾਚਾ ਜਿਹੜਾ ਹੁਣ ਉਹਦਾ ਮਤਰੱਇਆ ਪਿਓ ਵੱਡੇ ਮੰਜੇ ਉੱਤੇ ਬਹਿਨ ਲੱਗਾ, ਅਮੀਰ ਹੈਦਰ ਉਹਨੂੰ ਅਗੋਂ ਵੇਹਰ ਖਲੋਤਾ। ਚਾਚੇ ਓਸ ਯਤੀਮ ਦਾ ਕੋਈ ਲਿਹਾਜ਼ ਨਾ ਕੀਤਾ, ਕੱਸ ਕੇ ਉਹਦੇ ਮੂੰਹ ਤੇ ਥੱਪੜ ਮਾਰਿਆ। ਉਹ ਘਰੋਂ ਦੌੜਿਆ, ਮਾਂ ਫੜਦੀ ਰਹਿ ਗਈ ਤੇ ਉਹ ਸਰਦਾਰ ਦੇ ਘਰ ਦੇ ਪਿਛਵਾੜੇ ਜਾ ਲੁਕਿਆ। (ਸਰਦਾਰ ਦਾ ਇਹ ਨਾਂ ਨਾ, ਉਹ ਫ਼ਸਟ ਕੋਰ 'ਚੋਂ ਸਰਦਾਰ ਦੇ ਅਹੁਦੇ ਤੋਂ ਰਿਟਾਇਰ ਹੋਇਆ) ਬਾਰੀ 'ਚੋਂ ਗਾਵਨ ਦੀ ਵਾਜ:

ਬਾਗੇ ਵਿੱਚ ਘਾਹ ਹੋਸੀ
ਪੁੱਛ ਮੈਂਡੀ ਮਾਓ ਕੋਲੋਂ
ਮੈਂਡਾ ਕਿੱਦਨ ਵਿਆਹ ਹੋਸੀ
ਇਹ ਸਰਦਾਰਨੀ ਦੀ ਵਾਜ, ਅਮੀਰ ਹੈਦਰ ਪਛਾਣ ਲਈ। ਸਰਦਾਰਨੀ ਨੂੰ ਸਰਦਾਰ ਦੀ ਵੌਹਟੀ ਹੋਵਣ ਵਜ੍ਹੋਂ ਸਰਦਾਰਨੀ ਕਹਿੰਦੇ।

ਉਹ ਸਰਦਾਰ ਦੀ ਦੂਜੀ ਵੌਹਟੀ, ਉਹਦੀ ਧੀ ਦੀ ਉਮਰ ਦੀ। ਉਹ ਬਹੂੰ ਸੋਹਣੀ, ਸਰਦਾਰ ਉਹਨੂੰ ਚਕਵਾਲ ਤੋਂ ਵਿਆਹ ਕੇ ਲਿਆਇਆ। ਸਾਰੀ ਬਰਾਦਰੀ ਵਿੱਚ ਧੁੰਮ ਕਿ ਉਹ ਮਰਾਸਨ, ਜਿਹਦਾ ਪਿਓ ਫ਼ਸਟ ਕੋਰ ਵਿੱਚ ਬੈਂਡ ਮਾਸਟਰ, ਜਿਹਨੇ ਆਪਣਾ ਕ਼ਰਜ਼ਾ ਤਾਰਨ ਲਈ ਧੀ ਸਰਦਾਰ ਨਾਲ ਵਿਆਹੀ। ਸਰਦਾਰ ਦੀ ਧੀ ਅਮੀਰ ਹੈਦਰ ਦੀ ਭੈਣ ਨੂਰ ਦੀ ਸਹੇਲੀ, ਜਿਹਨੂੰ ਸਰਦਾਰਨੀ ਆਪਣੀ ਨਿੱਕੀ ਭੈਣ ਬਣਾਇਆ ਹੋਇਆ। ਅਮੀਰ ਹੈਦਰ ਮਾਂ ਨੂੰ ਸਰਦਾਰਨੀ ਦੇ ਗਾਵਨ ਬਾਰੇ ਪੁੱਛਿਆ ਕਿ ਉਹ ਵਿਆਹੀ ਹੋਈ ਕਿਓਂ ਗਾਵੇ,
"ਮੈਂਡਾ ਕਿੱਦਣ ਵਿਆਹ ਹੋਸੀ?"
ਉਹਦੀ ਮਾਂ ਕਿਸੇ ਸੋਚੇ ਪੈ ਗਈ ਤੇ ਦੁਖੀ ਹੋ ਕੇ, "ਮਜਬੂਰ ਵਆਹੇ ਹੋਈ ਕੇ ਵੀ ਵਿਆਹੇ ਨਹੀਂ ਹੋਨੇ!" ਉਹ ਹੁਣ ਹਰ ਵੇਲੇ ਆਪਣੀ ਭੈਣ ਨਾਲ ਸਰਦਾਰਨੀ ਦੀਆਂ ਗੱਲਾਂ ਕਰੇ। ਜਦੋਂ ਉਹਦੀ ਭੈਣ ਸਰਦਾਰਨੀ ਨੂੰ ਮਿਲਣ ਗਈ ਹੋਵੇ, ਉਹ ਸਰਦਾਰਨੀ ਨੂੰ ਵੇਖਣ ਲਈ ਭੈਣ ਨੂੰ ਬੁਲਾਵਣ ਦੇ ਪੱਜ ਸਰਦਾਰ ਦੇ ਘਰ ਜਾਵੇ। ਸਰਦਾਰਨੀ ਉਹਦੀ ਤੱਕਨੀ ਸਮਝ ਗਈ:

ਢੋਲਾ ਤੇ ਮੈਂ ਹਾਣੀ
ਢੋਲਾ ਦੁੱਧ ਪੀਸੀ ਕੇਹ ਪਾਣੀ
ਸਰਦਾਰਨੀ ਭਰ ਜਵਾਨ, ਅਮੀਰ ਹੈਦਰ ਉਹਦੇ ਤੋਂ ਨਿੱਕਾ ਪਰ ਉਹਨੇ ਸਰਦਾਰਨੀ ਨੂੰ ਚੋਰੀ ਚੋਰੀ ਤਾੜਦਿਆਂ ਜਵਾਨੀ ਵਿੱਚ ਪੈਰ ਪਾਇਆ, ਜਿਹੜੀ ਉਹਨੂੰ ਸ਼ਹਿ ਦੇਵੇ:

ਕੋਈ ਬੇਰੀ ਬੂਰਾਂ ਤੇ
ਭੱਠ ਗਭਰੇਵਾਂ ਜੇਹੜਾ ਚੜ੍ਹੇ ਨਾ ਤੰਦੂਰਾਂ ਤੇ

ਉਹਨਾਂ ਈ ਦਿਨਾਂ ਵਿੱਚ ਅਮੀਰ ਹੈਦਰ ਦਾ ਭਰਾ ਸ਼ੇਰ ਅਲੀ ਕਲਕੱਤੇ ਤੋਂ ਘਰ ਛੁੱਟੀ ਆਇਆ, ਜਿਹਦਾ ਪਰਦੇਸ ਵਿੱਚ ਪੱਕਾ ਦਿਲ ਲੱਗਾ ਹੋਇਆ, ਮਾਂ ਚਿੱਠੀਆਂ ਲਿਖ ਲਿਖ ਉਹਨੂੰ ਮੰਗਵਾਇਆ। ਮਾਂ ਤੇ ਉਹਦੇ ਮਤਰਏ ਪਿਓ ਉਹਦੇ ਪੈਰੀਂ ਬੇੜੀ ਘੱਤਣ ਲਈ ਉਹਦਾ ਵਿਆਹ ਅਰੰਭਿਆ, ਜਿਹਦੇ ਵੱਟੇ ਵਿੱਚ ਨਿੱਕੀ ਭੈਣ ਲੱਗੀ। ਅਮੀਰ ਹੈਦਰ ਨੂੰ ਸਭ ਖ਼ਬਰ ਕਿ ਉਹਦਾ ਭਰਾ ਕਿਸੀ ਹੋਰੀਂ ਦਾ ਆਸ਼ਕ਼ ਤੇ ਉਹਦੀ ਭੈਣ ਅਜੇ ਵਿਆਹ ਨਹੀਂ ਚਾਂਹਦੀ। ਅਮੀਰ ਹੈਦਰ ਈ ਕੀ, ਸਾਰੇ ਗਰਾਂ ਨੂੰ ਪਤਾ ਕਿ ਸ਼ੇਰ ਅਲੀ ਨੂੰ ਗ਼ੈਰ ਬਰਾਦਰੀ ਦੀ ਸੋਨਾ ਨਾਲ ਇਸ਼ਕ਼, ਸੋਨਾ ਵੀ ਸ਼ੇਰ ਅਲੀ ਉੱਤੇ ਮਰਦੀ। ਅਮੀਰ ਹੈਦਰ ਵਚੋਲਾ, ਭਰਾ ਦਾ ਰੁੱਕ਼ਾ ਸੋਨਾ ਨੂੰ ਜਾ ਕੇ ਦੇਂਦਾ ਤੇ ਜੋ ਸੋਨਾ ਲਿਖਵਾਂਦੀ, ਉਹ ਸ਼ੇਰ ਅਲੀ ਲਈ ਲਿਖ ਕੇ ਲੈ ਆਉਂਦਾ। ਉਹ ਸ਼ੇਰ ਅਲੀ ਤੇ ਸੋਨਾ ਦੀਆਂ ਗੱਲਾਂ ਜਦੋਂ ਸਰਦਾਰਨੀ ਨਾਲ ਕਰਦਾ, ਸਰਦਾਰਨੀ ਸੋਨਾ ਬਣ ਜਾਂਦੀ ਤੇ ਉਹ ਸ਼ੇਰ ਅਲੀ। ਸਰਦਾਰਨੀ ਅਮੀਰ ਹੈਦਰ ਨੂੰ ਸ਼ਮਸ ਰਾਣੀ ਤੇ ਢੋਲ ਬਾਦਸ਼ਾਹ ਦਾ ਕ਼ਿੱਸਾ ਸੁਣਾਵੇ- ਨਰੂਰਕੋਟ ਦਾ ਢੋਲ ਬਾਦਸ਼ਾਹ ਤੇ ਕਲਰਹਾਰ ਦੀ ਸ਼ਮਸ ਰਾਣੀ ਪਰ ਅਮੀਰ ਹੈਦਰ ਕਦੀ ਢੋਲ ਬਾਦਸ਼ਾਹ ਬਣਨ ਲਈ ਨਾ ਰੀਝੇ। ਉਹ ਖ਼ਿਆਲਾਂ ਵਿੱਚ ਕਦੀ ਸ਼ਮਸ ਰਾਣੀ ਦਾ ਹਿਰਨ, ਜਿਹਨੂੰ ਰਾਣੀ ਪਿਆਰ ਨਾਲ ਹੀਰਾ ਆਖੇ ਤੇ ਕਦੀ ਉਹ ਢੋਲ ਬਾਦਸ਼ਾਹ ਦਾ ਤੋਤਾ, ਜਿਹਦਾ ਨਾਂ ਮੋਹਣਾ। ਸਰਦਾਰਨੀ ਸੁਣਿਆਂ ਤੇ ਅਮੀਰ ਹੈਦਰ ਨੂੰ ਆਖਣ ਲੱਗੀ, "ਵੇ ਹੀਰਿਆ, ਵੇ ਮੋਹਣਿਆਂ ਕੁਝ ਕਰੀ ਜੁਲ, ਮੇਕੀ ਸਰਦਾਰੇ ਨੀ ਕ਼ੈਦ 'ਚੋਂ ਆਜ਼ਾਦ ਕਰਾਈ ਵੰਝ!" ਅਮੀਰ ਹੈਦਰ ਹਾਮੀ ਭਰਦਿਆਂ, "ਪਿਓ ਨਾ ਪੁੱਤਰ ਆਂ ਤੇ ਇੰਝ ਹੋਈ ਕੇ ਰਹਿਸੀ!" ਅਮੀਰ ਹੈਦਰ ਦੀ ਗ਼ਰੀਬ ਮਾਂ ਉਹਦੀ ਭੈਣ ਨੂੰ, ਜਿਹੜੀ ਆਪਣੇ ਵਿਆਹ ਤੇ ਖ਼ੁਸ਼ ਕੋਈ ਨਾ, ਬੋਛਾਲ ਦੀ ਸਬਾਹਨੀ (ਮਸਾਹਬ ਬਾਨੋ) ਤੇ ਘੈਬ ਦੀ ਭਾਓ ਮੇਕਨ ਦੀਆਂ ਗੱਲਾਂ ਸੁਣਾਵੇ ਕਿ ਸਾਊ ਸੁਆਣੀ ਕਿਵੇਂ ਆਪਣੇ ਖ਼ਸਮ ਦੀ ਇੱਜ਼ਤ ਬਣਾਵੇ ਤੇ ਬਚਾਵੇ।

+++

ਅੱਗੇ ਇਥਾਵੇਂ ਵਾਹੀਵਾਨਾਂ ਨੂੰ ਗਵਾਂਢੋਂ ਢੱਗੇ ਮਿਲ ਜਾਂਦੇ ਪਰ ਹੁਣ ਬਾਰਾਂ ਆਬਾਦ ਹੋ ਰਹੀਆਂ, ਜਿੱਥੇ ਰੇਤੜ ਟਿੱਬੇ ਨੂੰ ਸਾਹਰਨ ਲਈ ਧਨੀ ਦੇ ਕਜਾਕ (ਕਾਮੇ) ਦਾਂਦਾਂ (ਢੱਗਿਆਂ) ਦੀ ਘੋੜੀ ਪਾਲਾਂ ਨੂੰ ਲੋੜ ਪਈ। ਦੁਧਿਆਲ ਗਾਂ ਕਿੱਲੇ ਉੱਤੇ ਬੱਝੀ ਅਰੜਾਏ ਪਰ ਵੱਛੇ ਦੀ ਬਹੂੰ ਸਾਂਭ ਸੇਵਾ। ਗ਼ਰੀਬੀ ਵਧ ਗਈ, ਕਮਾਊ ਪਰਦੇਸ ਹੋ ਗਏ। ਸਵਾਣੀਆਂ ਤੇ ਬਾਲ ਕੰਮਾਂ ਜੋਗੇ। ਖੇਡਾਂ ਮੁੱਕ ਗਈਆਂ। ਇਕ ਵੇਲੇ ਵਿੱਚ ਸਵਾਣੀ ਕਈ ਕਈ ਕੰਮ ਕਰੇ। ਬਾਲ ਨੂੰ ਦੁੱਧ ਪਿਆਂਦੀ, ਸਲਾਰੇ ਦੇ ਪੱਲੇ ਉਲ੍ਹੇੜ ਰਹੀ। ਬਾਜਰੇ ਦੀ ਰਾਖੀ ਕਰਦਿਆਂ ਬੱਕਰੀ ਵੀ ਚਰਾਵੇ। ਅਮੀਰ ਹੈਦਰ ਤੇ ਉਹਦੇ ਸੰਗੀ ਡੰਗਰ ਚਰਾਂਦਿਆਂ ਬਾਲਣ ਵੀ ਚੁਗਦੇ ਘਾਹ ਵੀ ਮਾਰਦੇ। ਇਕ ਦਿਨ ਮੋਲੂ ਰੁੱਖਾਂ ਓਹਲੇ ਕੀ ਵੇਖਿਆ ਕਿ ਉਹਨੇ ਅਮੀਰ ਹੈਦਰ ਤੇ ਕਰਮੇ ਨੂੰ ਮੂੰਹ 'ਤੇ ਉਂਗਲ ਰੱਖ ਕੇ ਚੁੱਪ ਰਹਿਣ ਦਾ ਇਸ਼ਾਰਾ ਕਰਦਿਆਂ ਬੁਲਾਇਆ। ਉਹਨਾਂ ਦੇ ਸਾਹਮਣੇ ਕੀ ਕਿ ਸਰਦਾਰ ਆਪਣੀ ਖੋਤੀ ਨੂੰ ਪਿੱਛੋਂ ਲੱਗਾ ਹੋਇਆ। ਜਾਕਤਾਂ ਦਾ ਹਾਸਾ ਸੁਣ ਕੇ ਸਰਦਾਰ ਪੱਚੀ ਹੋ ਗਿਆ ਤੇ ਉਹਨਾਂ ਨੂੰ ਤਰਾਂਹਦਿਆਂ, "ਖ਼ਬਰਦਾਰ, ਤੁਸਾਂ ਮੇਕੀ ਤੱਕਿਆ ਨਹੀਂ!"

ਗ਼ਰੀਬੀ ਦੇ ਓਸ ਸਮੇਂ ਖੋਤੀ ਰੱਖਣਾ ਇਕ ਰੁਜ਼ਗਾਰ ਸੀ, ਖੋਤੀ ਭਾਰ ਵੀ ਢੋਂਹਦੀ ਤੇ ਸੂੰਦੀ ਵੀ। ਰਿਟਾਇਰ ਹੋ ਕੇ ਅਕਸਰ ਫ਼ੌਜੀ ਖੋਤੀ ਖ਼ਰੀਦ ਲੈਂਦੇ। ਇਕ ਮਖੌਲ ਬੜਾ ਮਸ਼ਹੂਰ ਹੋਇਆ ਕਿ ਆਉਂਦੇ ਰਾਹੀ ਨੂੰ ਜਾਂਦੇ ਸਲੂਟ ਮਾਰਿਆ, "ਸੂਬੇਦਾਰ ਸਾਹਬ!" ਦੋਹਨਾਂ 'ਚੋਂ ਕਿਸੇ ਵੀ ਫ਼ੌਜੀ ਵਰਦੀ ਨਾ ਪਾਈ ਹੋਈ। ਨਾਲਦੇ ਸੰਗੀ ਜਾਂਦੇ ਨੂੰ ਪੁੱਛਿਆ, "ਤੈਨੂੰ ਕਿਵੇਂ ਪਤਾ ਕਿ ਉਹ ਸੂਬੇਦਾਰ?" ਜਾਂਦੇ ਖੋਤੀਆਂ ਵਖਾਂਦਿਆਂ ਜਵਾਬ ਦਿੱਤਾ, "ਮੇਰੇ ਕੋਲ ਹਿੱਕ ਖੋਤੀ, ਮੈਂ ਹਵਾਲਦਾਰ ਤੇ ਉਹਦੇ ਕੋਲ ਦੋ ਖੋਤੀਆਂ, ਉਹ ਸੂਬੇਦਾਰ ਹੋਸੀ!"

ਸਰਦਾਰ ਜਿਹਦੇ ਦੋ ਵਿਆਹ, ਜਦੋਂ ਗਰਾਈਂ ਉਹਨੂੰ ਖੋਤੀ ਨਾਲ ਭੰਡਦੇ, ਉਹ ਗਰਮੀ ਨਾ ਖਾਵੇ, ਜਿਹਦੀ ਦਲੀਲ, "ਖੋਤੀ ਠੰਡੀ ਹੋਣੀ!" ਪੋਠੋਹਾਰ ਦਾ ਅਮੀਰ ਹੈਦਰ ਜਮਾਂਦਰੂ ਬਾਗ਼ੀ ਸੀ। ਕੋਈ ਵਿਤਕਰਾ, ਵਧੀਕੀ ਹੋਵੇ, ਉਹ ਸਹਿ ਲਵੇ ਪਰ ਚੁੱਪ ਨਾ ਬਹਿੰਦਾ, ਉਥੇ ਈ ਬਗ਼ਾਵਤ ਕਰ ਦੇਂਦਾ। ਉਹਦੀ ਬਗ਼ਾਵਤ ਦਾ ਢੰਗ ਇਹ ਕਿ ਉਹ ਜ਼ੁਲਮ ਦੀ ਥਾਂ ਤੋਂ ਫ਼ਰਾਰ ਹੋ ਜਾਏ। ਘਰ ਵਿੱਚ ਮਾਂ ਨਾਲ ਹੋਂਦਾ ਜ਼ੁਲਮ ਵੇਖਿਆ ਤੇ ਉਹ ਲੱਕੋਂ ਨੰਗਾ ਘਰੋਂ ਦੌੜ ਗਿਆ। ਉਹਨੇ ਆਪਣੇ ਪਿਓ ਚਾਚੇ ਕੋਲੋਂ ਸੁਣਿਆਂ ਕਿ ਉਹਨਾਂ ਨਾਲ ਗਰਾਂ ਦੇ ਨੰਬਰਦਾਰ ਵਾਧਾ (ਵਧ ਕੇ) ਕੀਤਾ, ਜਿਹਨੇ ਪਟਵਾਰੀ ਨਾਲ ਰਲ ਕੇ ਉਹਨਾਂ ਦੀ ਭੋਏਂ ਹਥਿਆ ਲਈ। ਉਹ ਹੋਸ਼ ਸਮ੍ਹਾਲਦਿਆਂ ਪਟਵਾਰੀ ਤੇ ਨੰਬਰਦਾਰ ਦੇ ਖ਼ਿਲਾਫ਼ ਹੋ ਗਿਆ। ਮਦਰੱਸੇ ਵਿੱਚ ਉਹਨੇ ਮੌਲਵੀ ਦਾ ਜ਼ੁਲਮ ਵੇਖਿਆ ਤੇ ਜਲਾਲੀ ਪੀਰ ਉਹਦੀ ਮਾਂ ਦਾ ਜ਼ਬਰਦਸਤੀ ਨਿਕਾਹ ਕੀਤਾ। ਉਹਨੂੰ ਮੌਲਵੀ ਤੇ ਪੀਰ ਉੱਕਾ ਚੰਗੇ ਨਾ ਲੱਗਦੇ। ਜਿਵੇਂ ਉਹਦੀ ਮਾਂ ਵਛੋੜਾ ਗਾਂਦੀ ਹੰਢ ਗਈ, ਉਂਝ ਈ ਸਰਦਾਰਨੀ, ਉਹਦੀ ਭੈਣ, ਤੇ ਉਹਦੇ ਭਰਾ ਸ਼ੇਰ ਅਲੀ ਦੀ ਸੋਨਾ, ਸਹਿਕਦੀਆਂ ਰਹਿੰਦੀਆਂ।

ਅਮੀਰ ਹੈਦਰ ਘਰੋਂ ਦੌੜਦਾ ਦੌੜਦਾ ਆਪਣਾ ਗਰਾਂ ਛੱਡ ਗਿਆ ਤੇ ਕੱਚੇ ਰਾਹਵਾਂ ਦਾ ਰਾਹੀ ਪੱਕੀਆਂ ਸੜਕਾਂ ਤਾਈਂ ਅੱਪੜ ਪਿਆ। ਗੁੱਜਰਖ਼ਾਂ ਦੇ ਰੇਲਵੇ ਟੇਸ਼ਨ ਤੋਂ ਉਹ ਪਸ਼ੌਰ ਦਾ ਰਾਹ ਪੁੱਛਦਾ ਫਿਰੇ ਜਿੱਥੇ ਉਹਦਾ ਭਰਾ ਸ਼ੇਰ ਅਲੀ ਫ਼ਸਟ ਕੋਰ ਵਿੱਚ ਮੁਲਾਜ਼ਮ। ਓਦੋਂ ਉਹ ਸੱਤਾਂ ਸਾਲਾਂ ਦਾ ਸੀ। ਉਹ ਬਿਨ ਟਿਕਟ ਪਸ਼ੌਰ ਅੱਪੜ ਗਿਆ ਤੇ ਕੈਂਟ ਵਿੱਚ ਜਾ ਭਰਾ ਨੂੰ ਮਿਲਿਆ। ਓਥੇ ਉਹਨੇ ਕੀ ਵੇਖਿਆ, ਮੋਟਰਕਾਰਾਂ ਤੇ ਹਰੀਕੈਨ ਲੈਂਪ। ਓਥੇ ਫ਼ੌਜ ਦਾ ਰੋਅਬ ਝੱਲਿਆ ਨਾ ਜਾਵੇ। ਆਕੜੀ ਵਰਦੀ, ਜੰਗੀ ਬੈਂਡ, ਫ਼ੌਜੀ ਪਰੇਡ, ਰਫ਼ਲਾਂ ਤੇ ਤੋਪਾਂ ਧਮਕ ਤੇ ਕੜਕ। ਰਾਤੀਂ ਨੌਂ ਵਜੇ ਪਸ਼ੌਰ ਸ਼ਹਿਰ ਜੰਦਰਬੰਦ ਹੋ ਜਾਂਦਾ, ਬਸ ਕਾਬਲੀ ਦਰਵਾਜ਼ਾ ਖੁੱਲ੍ਹਾ ਰਹਿੰਦਾ। ਆਉਂਦਾ ਜਾਂਦਾ ਰਾਹੀ ਜੇ ਸੰਤਰੀ ਨੂੰ ਮਸ਼ਕੂਕ ਲੱਗਦਾ, ਉਹ ਵਾਜ ਮਾਰ ਕੇ ਰੋਕਦਾ, ਨਾ ਰੁਕਿਆਂ ਗੋਲੀ ਦਾ ਹੁਕਮ। ਅਮੀਰ ਹੈਦਰ ਦਾ ਪਸ਼ੌਰ ਵਿੱਚ ਦਿਲ ਨਾ ਲੱਗਾ ਤੇ ਉਹ ਵਾਪਸ ਗਰਾਂ ਪਰਤ ਆਇਆ।

ਮੋਏ ਪਿਓ ਵਿਰਾਸਤ ਵਿੱਚ ਕ਼ਰਜ਼ਾ ਛੱਡਿਆ, ਜਿਹੜਾ ਉਹਦੇ ਭੈਣ ਭਰਾ ਦੇ ਵਿਆਹ 'ਤੇ ਦੂਣਾ ਹੋ ਗਿਆ। ਘਰ ਤੇ ਗਰਾਂ ਵਿੱਚ ਗ਼ਰੀਬੀ ਰੋਂਦੀ ਤੇ ਜ਼ੁਲਮ ਚਾਂਗਰਦਾ ਫਿਰੇ, ਜਦੋਂ ਅਮੀਰ ਹੈਦਰ ਯਾਰਾਂ ਸਾਲਾਂ ਦਾ ਸੀ, ਓਦੋਂ ਦੀ ਉਹਨੇ ਬਗ਼ਾਵਤ ਕੀਤੀ ਤੇ ਗੁੱਜਰਖ਼ਾਂ ਰੇਲਵੇ ਟੇਸ਼ਨ ਤੋਂ ਕਲਕੱਤੇ ਦੀ ਗੱਡੀ ਵਿੱਚ ਬਹਿ ਗਿਆ। ਉਹ ਬਗ਼ੈਰ ਟਿਕਟ, ਚਾਰ ਦਿਨ ਦਾ ਸਫ਼ਰ ਓਹਨੇ ਜਾਗ ਕੇ ਕੱਟਿਆ। ਸੌਂਦਾ ਕੀਕਣ, ਟਿਕਟ ਕਲੈਕਟਰ ਨੂੰ ਵੇਖ ਕੇ ਲੁਕਣਾ ਪਵੇ, ਡੱਬੇ ਬਦਲਦਾ ਰਿਹਾ। ਟੁੱਟੀ ਜੁੱਤੀ ਤੇ ਪਾਟੇ ਪੁਰਾਣੇ ਕੱਪੜੇ, ਪਰ ਉਹ ਕਲਕੱਤੇ ਅੱਪੜ ਗਿਆ। ਹਿੰਦੋਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਵਿੱਚ ਉਹ ਕਾਲੀਆਂ-ਸਿਆਲੀਆਂ ਦੇ ਸ਼ੇਰ ਅਲੀ ਖ਼ਾਂ ਨੂੰ ਲੱਭਦਾ ਫਿਰੇ, ਜਿਹੜਾ ਉਹਦਾ ਵੱਡਾ ਭਰਾ- ਉਹ ਫ਼ਸਟ ਕੋਰ ਦੀ ਨੌਕਰੀ 'ਚੋਂ ਨੱਸਿਆ ਹੋਇਆ। ਸ਼ੇਰ ਅਲੀ ਦੇ ਖ਼ਤ ਗਰਾਂ ਆਉਂਦੇ ਰਹਿੰਦੇ, ਜਿਹਨਾਂ ਤੋਂ ਅਮੀਰ ਹੈਦਰ ਉਹਦਾ ਪਤਾ ਰਟਿਆ ਹੋਇਆ। ਜਿਹਦੀ ਵਜ੍ਹੋਂ ਉਹਨੇ ਭਰਾ ਨੂੰ ਓੜਕ ਲੱਭ ਈ ਲਿਆ। ਕਿੱਥੇ ਪੱਛੜਿਆ ਪੋਠੋਹਾਰ ਤੇ ਕਿੱਥੇ ਕਲਕੱਤੇ ਦੀ ਬਹਾਰ। ਉਹਦੇ ਗ਼ਰੀਬ ਗਰਾਂ ਤੋਂ ਡਾਕਖ਼ਾਨਾ ਛੇ ਮੀਲ, ਥਾਣਾ ਬਾਰਾਂ ਮੀਲ ਤੇ ਰੇਲਵੇ ਟੇਸ਼ਨ ਅਠਾਰਾਂ ਮੀਲ ਦੂਰ। ਕਲਕੱਤਾ ਕਾਰੋਬਾਰੀ ਤੇ ਅਫ਼ਸਰੀ ਸ਼ਹਿਰ ਜਿੱਥੇ ਭਰੇ ਪੂਰੇ ਬਾਜ਼ਾਰ, ਨਿਊ ਮਾਰਕਿਟ, ਮਾਛਵਾ ਬਾਜ਼ਾਰ, ਧਰਮਤਾਲਾ ਤੇ ਮਿਸ਼ਨ ਰੋਡ। ਅਮੀਰ ਹੈਦਰ ਭਾਣੇ ਕਲਕੱਤੇ ਦੀ ਅੰਡਰਵੱਲਡ ਜਿਓਂ ਉਹਨੇ ਮੌਲਵੀ ਕੋਲੋਂ ਜੰਨਤ ਦਾ ਨਕ਼ਸ਼ਾ ਸੁਣਿਆ-
ਉਹਦੇ ਸਾਹਮਣੇ ਹੂਰਾਂ ਈ ਹੂਰਾਂ, ਵਾਧੂ ਸ਼ਰਾਬ ਡੁੱਲ੍ਹਦੀ ਫਿਰੇ ਤੇ ਲੰਮੀ ਬੇਫ਼ਿਕਰੀ। ਗ਼ੁਲਾਮ ਜਾਨ ਏਸ ਜੰਨਤ ਦਾ ਸਰਦਾਰ ਜਿਹੜਾ ਦੂੰਹ (ਦੋਹਾਂ) ਘੋੜਿਆਂ ਵਾਲੀ ਬੱਘੀ 'ਚੋਂ ਇੰਝ ਸ਼ਾਨ ਨਾਲ ਉੱਤਰੇ ਕਿ ਕੱਛਾਂ ਵਿੱਚ ਹੂਰਾਂ ਛਨਕਣ। ਅਮੀਰ ਹੈਦਰ ਨੂੰ ਏਥੇ ਆ ਕੇ ਚਾਨਣ ਹੋਇਆ ਕਿ ਉਹਦੇ ਭਰਾ ਸ਼ੇਰ ਅਲੀ ਨੂੰ ਪਸ਼ੌਰ ਵਿੱਚ ਅਫ਼ੀਮ ਦੇ ਸਮਗਲਰ ਮਿਲੇ, ਜਿਹਨਾਂ ਉਹਨੂੰ ਪਿੱਛੇ ਲਾ ਲਿਆ ਤੇ ਉਹ ਪਸ਼ੌਰ ਕੈਂਟ ਤੋਂ ਫ਼ਰਾਰ ਹੋ ਕੇ ਕਲਕੱਤੇ ਆ ਗਿਆ। ਹੁਣ ਇਥਾਵੇਂ ਖ਼ੁਫ਼ੀਆ ਦੁਨੀਆ ਵਿੱਚ ਸ਼ਰਾਬੀਆਂ ਦੇ ਸੰਗ ਮਸਤਿਆ ਫਿਰੇ ਜਿਹਦੇ ਦੋ ਪਸ਼ੌਰੀ ਬੇਲੀ ਆਗ਼ਾ ਮੁਹੰਮਦ ਤੇ ਗ਼ੁਲਾਮ ਮੁਹੰਮਦ ਜਿਹੜੇ ਜ਼ਾਹਰੀ ਤੌਰ ਫ਼ਰੂਟ ਦਾ ਬਿਜ਼ਨਸ ਕਰਦੇ ਪਰ ਅਸਲ ਵਿੱਚ ਉਹਨਾਂ ਦਾ ਧੰਦਾ ਨਸ਼ੇ ਦੀ ਸਮਗਲਿੰਗ। ਟੋਕਰੀਆਂ ਵਿੱਚ ਫ਼ਰੂਟ ਦੇ ਹੇਠ ਕੋਕੀਨ ਹੋਂਦੀ, ਜਿਹਦੀ ਪਾਨ ਬੀੜੀ ਦੀਆਂ ਦੁਕਾਨਾਂ ਤੋਂ ਖ਼ੁਫ਼ੀਆ ਖ਼ਰੀਦ ਹੋਵੇ। ਯੂਰਪੀ ਅਫ਼ਸਰ ਸ਼ਾਹੀ ਕੋਕੀਨ ਦੇ ਧੰਦੇ ਵਿੱਚ ਹਿੰਦੋਸਤਾਨੀ ਅਸ਼ਰਾਫ਼ੀਆ ਦੇ ਹਿੱਸੇਦਾਰ। ਕਲਕੱਤੇ 'ਚੋਂ ਅਫ਼ੀਮ ਸਰੇਆਮ ਬਰਮਾ ਤੇ ਸਿੰਗਾਪੁਰ ਰਾਹੀਂ ਚੀਨ ਜਾਵੇ।

ਕਲਕੱਤੇ, ਗਰਾਂ ਤੋਂ ਮਤਰਏ ਪਿਓ ਦਾ ਖ਼ਤ ਆ ਗਿਆ, ਜਿਹਦੇ ਵਿੱਚ ਮਾਂ ਦੀ ਬਿਮਾਰੀ ਬਾਰੇ ਇਤਲਾਹ, ਜਿਹੜੀ ਕਿ ਸ਼ੇਰ ਅਲੀ ਨੂੰ ਵਿਆਹ ਲਈ ਘਰ ਬੁਲਾਵਣ ਦੀ ਚਾਲ। ਇਹ ਸ਼ੇਰ ਅਲੀ ਖ਼ਾਨ ਨੂੰ ਵਾਪਸ ਆ ਕੇ ਪਤਾ ਲੱਗਾ, ਜਿਹਦੇ ਨਾਲ ਈ ਅਮੀਰ ਹੈਦਰ ਨੂੰ ਵੀ ਕਲਕੱਤੇ ਤੋਂ ਪਰਤਣਾ ਪਿਆ।

ਮਤਰੱਏ ਪਿਓ, ਸਰਦਾਰ, ਨੰਬਰਦਾਰ, ਪਟਵਾਰੀ, ਮੌਲਵੀ, ਪੀਰ, ਪੰਡਤ ਤੇ ਸਾਹੂਕਾਰ ਦਾ ਜ਼ੁਲਮ ਤੇ ਜਬਰ ਵਧਦਾ ਗਿਆ, ਜਿਹਦੇ ਨਾਲ ਲੜਨ ਲਈ ਅਮੀਰ ਹੈਦਰ ਫ਼ੌਜ ਵਿੱਚ ਭਰਤੀ ਹੋਵਣ ਦਾ ਸੋਚ ਲਿਆ। ਉਹ ਚੌਦਾਂ ਸਾਲਾਂ ਦਾ ਮੰਦਰ੍ਹਾ ਦੇ ਰਿਕਰਿਊਟਿੰਗ ਸੈਂਟਰ ਅੱਪੜ ਗਿਆ, ਜਿੱਥੇ ਐਂਗਲੋ ਇੰਡੀਅਨ ਬਟਲਰ ਉਹਦੇ ਨਾਲ ਕਾਰਾ ਕੀਤਾ ਕਿ ਉਹ ਊਹਨੂੰ ਫ਼ੌਜ ਵਿੱਚ ਭਰਤੀ ਕਰਾਅ ਦੇਵੇਗਾ, ਜਿਹਦੇ ਨਾਲ ਉਹ ਰਾਵਲਪਿੰਡੀ ਅੱਪੜ ਗਿਆ। ਜਿੱਥੇ ਦੇਸੀ ਅੜਦਲੀ ਨੂੰ ਉਹਦੇ ਉੱਤੇ ਤਰਸ ਆ ਗਿਆ, "ਇਹ ਬਟਲਰ ਤੈਨੂੰ ਭਾਂਡੇ ਮਾਂਜਣ ਲਈ ਲੈ ਆਇਆ, ਤੂੰ ਅਜੇ ਨਿੱਕਾ, ਫ਼ੌਜ ਵਿੱਚ ਭਰਤੀ ਦਾ ਅਹਲ ਨਹੀਂ!"

ਓਸ ਹਮਦਰਦ ਅੜਦਲੀ ਅਮੀਰ ਹੈਦਰ ਨੂੰ ਗਰਾਂ ਪਰਤਣ ਲਈ ਚਾਰ ਆਨੇ ਕਰਾਇਆ ਆਪਣੀ ਜੇਬ 'ਚੋਂ ਦਿੱਤਾ। ਪਰ ਉਹ ਐਤਕੀਂ ਘਰੋਂ ਵਾਪਸੀ ਲਈ ਨਾ ਨਿਕਲਿਆ, ਉਹਨੇ ਬੰਬਈ ਨੂੰ ਮੂੰਹ ਕਰ ਲਿਆ।
ਉਹ ਰੇਲ ਗੱਡੀ ਵਿੱਚ ਬਹਿ ਗਿਆ ਪਰ ਟਿਕਟ ਕੋਈ ਨਾ ਲਈ। ਟੀ ਟੀ ਤੋਂ ਬਚਦਾ ਬਚਾਂਦਾ ਉਹ ਬੰਬਈ ਅੱਪੜ ਗਿਆ। ਪਹਿਲੇ ਟੇਸ਼ਨ ਉੱਤੇ ਲਹਿੰਦਿਆਂ ਈ ਰੇਲਵਾਈ ਬਾਊ ਉਹਨੂੰ ਬਾਹੋਂ ਫੜ ਲਿਆ। ਅਮੀਰ ਹੈਦਰ ਦਾ ਜੁਰਮ, ਬਗ਼ੈਰ ਟਿਕਟ ਸਫ਼ਰ। ਬਾਊ ਮੁਲਜ਼ਮ ਨੂੰ ਖਿੱਚ ਕੇ ਟੇਸ਼ਨ ਮਾਸਟਰ ਦੇ ਦਫ਼ਤਰ ਲੈ ਕੇ ਜਾਣਾ ਚਾਹਵੇ, ਅਮੀਰ ਹੈਦਰ ਬਾਂਹ ਛੁਡਾਂਦਿਆਂ ਬੇਵੱਸ ਹੋ ਕੇ ਰੋਵਣ ਲੱਗ ਪਿਆ। ਖਿੱਚ ਧਰੂਹ ਵਿੱਚ ਗਰੀਬ ਪੇਂਡੂ ਮੁੰਡੇ ਦੀ ਗੰਢੀ ਜੁੱਤੀ ਟੁੱਟ ਗਈ ਤੇ ਪੁਰਾਣੇ ਕੱਪੜੇ ਪਾਟ ਗਏ। ਬਾਊ ਦਾ ਖਰ੍ਹਵਾ ਹੱਥ ਢਿੱਲਾ ਪੈ ਗਿਆ ਤੇ ਉਹਨੇ ਮੁਲਜ਼ਮ ਨੂੰ ਰਿਹਾਅ ਕਰ ਦਿੱਤਾ...

+++

ਪੋਠੋਹਾਰ ਦਾ ਪੁੱਤਰ ਪਰਦੇਸ ਵਿੱਚ
ਚੂਹੇ ਤੋਂ ਦਾਦਾ ਕਿਵੇਂ ਬਣਿਆ?

ਸਮੁੰਦਰ ਦੇ ਕੰਢੇ ਬੰਬਈ ਸ਼ਹਿਰ ਵਿੱਚ ਲੋਕਾਂ ਦਾ ਹੜ੍ਹ। ਉੱਚੇ ਚਬਾਰੇ ਅਸਮਾਨੀ ਚੜ੍ਹੇ ਹੋਏ ਤੇ ਗ਼ਰੀਬ ਖੋਲੀਆਂ ਵਿੱਚ ਕੁਰਬਲ ਕੁਰਬਲ, ਜਿੱਥੇ ਅਮੀਰ ਹੈਦਰ ਲੁਕਦਾ ਫਿਰੇ ਕਿ ਉਹਨੂੰ ਕਿਧਰੇ ਉਹਦਾ ਮਾਮਾ ਤੇ ਭਰਾ ਨਾ ਵੇਖ ਲੈਣ, ਜਿਹੜੇ ਏਸੇ ਸ਼ਹਿਰ ਵਿਚ ਮਜ਼ਦੂਰੀ ਕਰਦੇ। ਉਹਨਾਂ ਫੜ ਕੇ ਉਹਨੂੰ ਵਾਪਸ ਭੇਜ ਦੇਣਾ ਜਿਹੜਾ ਭੁੱਖਾ ਕਈ ਦਿਨਾਂ ਤੋਂ, ਨਾਹਤਾ ਨਾ। ਵਿਕਟੋਰੀਆ ਲਾਗੇ ਰੁਜ਼ਗਾਰ ਉਡੀਕਦੇ ਲਾਵਾਰਸਾਂ ਨਾਲ ਬੈਠਾ ਸਿਰ ਵਿਚ ਖੁਰਕ ਰਿਹਾ ਕਿ ਇਕ ਬਾਊ ਆਇਆ- "ਕਾਮ ਕਰੋਗੇ?" "ਹਾਂ!" ਸਾਰੇ ਬੇਰੁਜ਼ਗਾਰ ਆਸ ਭਰੀਆਂ ਅੱਖਾਂ ਨਾਲ ਉੱਠ ਖਲੋਤੇ। ਸਮੁੰਦਰੀ ਜਹਾਜ਼ ਨੂੰ ਪੇਂਟ ਕਰਨਾ, ਇਹ ਪਹਿਲਾ ਕੰਮ ਲੱਭਾ, ਜਿਹਦੀ ਦਿਹਾੜੀ ਸੱਤ ਆਨੇ। ਅਗਲੀ ਮਜ਼ਦੂਰੀ ਜਹਾਜ਼ ਵਿਚ ਈ ਮਿਲ ਗਈ, ਇਹ ਕੰਮ ਕੀ, ਚਿਮਨੀ ਦੀ ਸਫ਼ਾਈ। ਡੇਅ ਸ਼ਿਫ਼ਟ: ਸੱਤ ਆਨੇ, ਨਾਇਟ ਸ਼ਿਫ਼ਟ: ਅੱਠ ਆਨੇ ਤੇ ਦੋਨਾਂ ਸ਼ਿਫ਼ਟਾਂ ਦੇ ਬਾਰਾਂ ਆਨੇ ਮਿਲਦੇ। ਚਿਮਨੀ ਸਾਫ਼ ਕਰਦਿਆਂ ਮੂੰਹ ਉੱਤੇ ਧੂੰਅ ਦੀ ਕਾਲਖ ਜੰਮ ਜਾਂਦੀ, ਕੱਪੜੇ ਗਰੀਸ ਤੇ ਗੰਦ ਤੇਲ ਨਾਲ ਲਿੱਬੜੇ ਰਹਿਣ, ਸਾਹ ਲੈਂਦਿਆਂ ਨੱਕੋਂ ਮੂੰਹੋ ਕਾਲਾ ਧੂੰਅ ਨਿਕਲੇ। ਅਮੀਰ ਹੈਦਰ ਤਰਿੱਖਾ ਵਗ ਤਗ ਕੰਮ ਮੁਕਾਂਦਿਆਂ ਝਟੇ ਝਟੇ ਚਿਮਨੀ 'ਚੋਂ ਮੂੰਹ ਕੱਢ ਕੇ ਬੁਆਇਲਰ ਤੇ ਇੰਜਨ ਰੂਮ ਵਿੱਚ ਕੰਮ ਕਰਦੇ ਹਾਣੀਆਂ ਨੂੰ ਸੀਟੀਆਂ ਮਾਰੇ। ਉਹ ਇੰਝ ਲੱਗੇ ਜਿਓਂ ਚੂਹਾ ਖੁੱਡ 'ਚੋਂ ਬਾਹਰ ਝਾਤੀ ਪਾਏ। ਉਹਦਾ ਨਾਂ ਸਾਥੀਆਂ "ਚੂਹਾ" ਪਾ ਦਿੱਤਾ।

ਮਜ਼ਦੂਰੀ ਕਰਦਿਆਂ ਅਮੀਰ ਹੈਦਰ ਜਹਾਜ਼ ਵਿੱਚ ਦਰਜਾਬੰਦੀ ਵੇਖੀ। ਹੇਠਲੇ ਦਰਜੇ ਵਿੱਚ ਲੇਬਰ ਕਲਾਸ ਜਿਹਦੇ ਵਿੱਚ ਔਇਲਰ, ਫ਼ਾਇਰ ਮੈਨ (ਕੋਲ ਪਾਸਰ) ਤੇ ਇੰਜਨ ਰੂਮ ਦਾ ਸਟੋਰਕੀਪਰ ਜਿਹੜੇ ਦੇਸੀ ਸੁਪਰਵਾਇਜ਼ਰ ਦੇ ਮੁਥਾਜ ਜਿਹਦੇ ਉੱਤੇ ਵਲਾਇਤੀ ਸ਼ਿਪਿੰਗ ਮਾਸਟਰ, ਚੀਫ਼ ਇੰਜੀਨੀਅਰ ਤੇ ਕੈਪਟਨ ਜਿਹੜੇ ਸ਼ਿਪ ਦੇ ਹਾਕਮ। ਲੇਬਰ ਕਲਾਸ ਗ਼ੁਲਾਮ, ਜਿਹਦੀ ਲਗਾਮ ਸੁਪਰਵਾਇਜ਼ਰ ਦੇ ਹੱਥ ਵਿੱਚ, ਜਿਹੜਾ ਬਾਅਖ਼ਤਿਆਰ, ਜਿਹਨੂੰ ਮਰਜ਼ੀ ਕੰਮ ਦੇਵੇ, ਜਿਹਦੇ ਉਤੇ ਰਾਜ਼ੀ ਨਾ ਉਹਦੀ ਛੁੱਟੀ ਕਰਾਅ ਦੇਵੇ। ਸੂਦ ਉੱਤੇ ਪੈਸੇ ਉਧਾਰ ਦੇਂਦਾ- ਇਹ ਉਹਦਾ ਖ਼ੁਫ਼ੀਆ ਕਾਰੋਬਾਰ ਪਰ ਕੋਈ ਉਹਦੀ ਸ਼ਿਕਾਇਤ ਨਾ ਕਰੇ। "ਵਿਕਟੋਰੀਆ ਡਾਕ" ਉੱਤੇ ਲੇਬਰ ਕਲਾਸ ਸਾਲ ਦਾ ਕੀ ਕਮਾਵੇ, ਸਿੱਧਾ ਹਿਸਾਬ- ਦੋ ਮਹੀਨੇ ਦੀ ਤਨਖ਼ਾਹ ਸੁਪਰਵਾਇਜ਼ਰ ਰਿਸ਼ਵਤ ਲੈਂਦਾ। ਦੋ ਮਹੀਨੇ ਦੀ ਤਨਖ਼ਾਹ ਖੋਲੀ ਦਾ ਕਿਰਾਇਆ, ਇਕ ਮਹੀਨੇ ਦੀ ਤਨਖ਼ਾਹ ਕੱਪੜਿਆਂ ਦੀ ਧੁਲਾਈ, ਇਕ ਮਹੀਨੇ ਦੀ ਤਨਖ਼ਾਹ ਕਰਜ਼ਾ ਲਾਹਣ ਲਈ, ਦੋ ਮਹੀਨੇ ਦੀ ਤਨਖ਼ਾਹ ਦਾਲ ਰੋਟੀ ਲਈ ਖਰਚ ਹੋਵੇ, ਇਕ ਮਹੀਨੇ ਦੀ ਤਨਖ਼ਾਹ ਸਾਲ ਵਿੱਚ ਇਕ ਵਾਰੀ ਛੁੱਟੀ ਉੱਤੇ ਪਿੱਛੇ ਘਰ ਜਾਵਣ ਤੇ ਵਾਪਸ ਪਰਤਣ ਦਾ ਕਿਰਾਇਆ ਤੇ ਤਿੰਨ ਮਹੀਨਿਆਂ ਦੀ ਤਨਖ਼ਾਹ ਘਰ ਵਾਲਿਆਂ ਨੂੰ ਜਾਂਦੀ, ਜਿਹੜੇ ਇਹਦੇ ਨਾਲ ਆਪਣਾ ਕ਼ਰਜ਼ਾ ਲਾਹਵਣ।

ਅਮੀਰ ਹੈਦਰ ਨਾਲ ਜਿਹੜੇ ਉਹਦੇ ਹਾਣੀ ਮਜ਼ਦੂਰ ਖੋਲੀ ਵਿੱਚ ਰਹਿੰਦੇ, ਉਹਨਾਂ 'ਚੋਂ ਕਈ ਗ਼ੁੰਡੇ ਬਣ ਗਏ, ਕੁਝ ਗਾਂਜਾ ਪੀਂਦੇ, ਨਸ਼ਈ ਹੋਏ ਤੇ ਕਈ ਛੜਿਆਂ ਲਈ ਸੈਕਸ ਵਰਕਰ ਬਣੇ। ਅਮੀਰ ਹੈਦਰ ਪੰਦਰਾਂ ਸੋਲਾਂ ਘੰਟੇ ਹੱਡ ਭੰਨਵੀਂ ਮਿਹਨਤ ਕਰੇ, ਫੇਰ ਵੀ ਉਹਨੂੰ ਡੂੰਘੀ ਨੀਂਦਰ ਨਾ ਆਵੇ, ਜਿਹਦੇ ਸੁਫ਼ਨੇ ਸੋਚਾਂ ਵਿੱਚ ਆਪਣਾ ਪਿਛਲਾ ਘਰ ਤੇ ਗਰਾਂ ਘੁੰਮਦੇ ਰਹਿੰਦੇ। ਘਰ ਦੀ ਗ਼ਰੀਬੀ, ਦੁਖੀ ਮਾਂ, ਭੈਣ ਤੇ ਸਰਦਾਰ ਦੀ ਕ਼ੈਦ ਵਿੱਚ ਸਰਦਾਰਨੀ। ਜਦੋਂ ਜਗਰਾਤਾ ਬਾਹਲਾ ਡੰਗੇ, ਉਹ ਅਫ਼ੀਮ ਲੈ ਲੈਂਦਾ ਤੇ ਉਹਨੂੰ ਨੀਂਦਰ ਆ ਜਾਵੇ। ਲੰਮਾ ਪਿਆ ਕਦੀ ਕਦੀ ਆਸਾ ਪਾਸਾ ਫਰੋਲੇ ਤੇ ਸਾਰੇ ਮਜ਼ਦੂਰਾਂ ਦੀ ਕਹਾਣੀ ਉਹਦੇ ਵਰਗੀ। ਸਭ ਆਪਣੇ ਪੱਛੜੇ ਗਰਾਂ ਦੀ ਖ਼ੁਸ਼ਹਾਲੀ ਚਾਂਹਦੇ, ਸਭ ਦੇ ਘਰਾਂ ਵਿੱਚ ਭੁੱਖ, ਸਭ ਦੀਆਂ ਮਾਵਾਂ ਭੈਣਾਂ ਦੁਖੀ ਤੇ ਸਭ ਵਛੋੜੇ ਦੇ ਮਾਰੇ। ਉਹਦੀ ਸਾਥੀ ਮਜ਼ਦੂਰਾਂ ਨਾਲ ਸਾਂਝ ਵਧਦੀ ਗਈ, ਉਹਨਾਂ ਲਈ ਪਰੇਸ਼ਾਨ ਰਹਵੇ ਤੇ ਉਹਨੂੰ ਪਿਛਲੇ ਭੁੱਲਣ ਲੱਗ ਪਏ।

ਅਮੀਰ ਹੈਦਰ ਕਜਾਕ ਕਾਮਾ- ਚਿਮਨੀ ਕਲੀਨਰ ਤੋਂ ਫ਼ਾਇਰਮੈਨ ਦਾ ਹੈਲਪਰ ਬਣ ਗਿਆ ਤੇ ਸੋਲਾਂ ਸਾਲ ਦੀ ਉਮਰ ਵਿੱਚ ਉਹ ਫ਼ਾਇਰਮੈਨ ਲੱਗਾ। ਆਪਣੀ ਤਨਖ਼ਾਹ ਦਾ ਚੌਥਾ ਹਿੱਸਾ ਆਪਣੇ ਨਾਲ ਦੇ ਬੇਰੁਜ਼ਗਾਰਾਂ ਵਿੱਚ ਵੰਡ ਦੇਂਦਾ। ਕੰਮ ਵੱਧ ਤੇ ਤਨਖ਼ਾਹ ਘੱਟ, ਸਾਰੇ ਮਜ਼ਦੂਰ ਗਿਲਾ ਕਰਦੇ ਪਰ ਕੋਈ ਅਗਾਂਹ ਹੋ ਕੇ ਸ਼ਕਾਇਤ ਦਰਜ ਨਾ ਕਰਾਏ। ਅਮੀਰ ਹੈਦਰ ਜਿਹਨੂੰ ਸਭ ਚੂਹਾ ਕਹਿੰਦੇ, ਉਹ ਆਗੂ ਬਣਿਆ। ਜਹਾਜ਼ ਸਫ਼ਰ ਲਈ ਤਿਆਰ ਕਿ ਮਜ਼ਦੂਰਾਂ ਦੀ ਹੜਤਾਲ ਹੋ ਗਈ। ਕੈਪਟਨ, ਜਿਹਦੇ ਕੋਲੋਂ ਲੰਘਦਿਆਂ ਵੀ ਚੂਹਾ ਯਰਕਦਾ ਸੀ ਉਹਦੇ ਅੱਗੇ ਟੁੱਟੀ ਫੁੱਟੀ ਅੰਗਰੇਜ਼ੀ ਬੋਲਦਿਆਂ ਆਕੜ ਖਲੋਤਾ:

"Me no go to ship!"
ਕੈਪਟਨ ਤਿਆਰੀ ਵਿਚ ਜਹਾਜ਼ ਨੂੰ ਕਿਵੇਂ ਰੋਕਦਾ, ਚੂਹੇ ਕੋਲੋਂ ਹਾਰ ਗਿਆ ਤੇ ਹੜਤਾਲ ਕਾਮਯਾਬ ਹੋ ਗਈ। ਜਿੱਤਿਆ ਚੂਹਾ ਜ਼ਿੰਦਗੀ ਵਿੱਚ ਪਹਿਲੀ ਵਾਰ ਖ਼ੁਸ਼ਬੋਈ ਸਾਬਣ ਨਾਲ ਨਹਾਅ ਕੇ ਨਿੱਖਰਿਆ ਕੀ, ਲਾਵਾਰਸਾਂ ਉਹਨੂੰ "ਦਾਦਾ" ਸੱਦਿਆ, ਜਿਹੜਾ ਸਤਾਰਾਂ ਸਾਲਾਂ ਦੀ ਉਮਰ ਵਿੱਚ 'ਐੱਸ ਐੱਸ ਫ਼ਰਾਂਜ਼ ਫ਼ਰਦੀਨੰਦ' ਜਹਾਜ਼ -ਜਿਹਦੇ ਉੱਤੇ ਯੂਨੀਅਨ ਜੈਕ ਲਹਿਰੇ ਪਿਆ- ਵਿੱਚ ਸਮੁੰਦਰਾਂ ਦੇ ਹਵਾਲੇ ਹੋਇਆ।

ਲੇਬਰ ਕਲਾਸ ਨੂੰ ਚੌਲ, ਆਲੂ ਤੇ ਗੰਢੇ ਫ਼ੀ ਕਸ ਮਿਨ ਤੋਲ ਕੇ ਲੱਭਦੇ। ਜਹਾਜ਼ ਵਿੱਚ ਦੇਸੀ ਸੁਪਰਵਾਇਜ਼ਰ- ਗੋਰੇ ਸ਼ਿਪਿੰਗਮਾਸਟਰ ਦੇ ਕ਼ਾਗਜ਼ਾਂ ਵਿੱਚ ਇੱਜ਼ਤਦਾਰ ਹੋਵਣ ਲਈ-ਅਨਚਾਹੇ ਤੇ ਬੇਵਜ੍ਹਾ ਯੂਨੀਅਨ ਜੈਕ ਨੂੰ ਸਲਾਮੀ ਦੇਂਦਾ ਰਹਵੇ। ਉਹਨੂੰ ਲਾਮ ਬਾਰੇ ਕੋਈ ਖ਼ਬਰ ਨਾ ਕਿ ਕਿਹੜੇ ਮੁਹਾਜ਼ ਉੱਤੇ ਕੀ ਹੋ ਰਿਹਾ, ਆਪਣੇ ਕੋਲੋਂ ਈ ਅੰਗਰੇਜ਼ੀ ਫ਼ੌਜ ਦੀਆਂ ਜਿੱਤਾਂ ਗਿਣਦਿਆਂ ਹੋਕਦਾ ਰਹਿੰਦਾ, ਜਿਹੜਾ ਅਫ਼ਸਰਾਂ ਅੱਗੇ ਨਿਊਂ ਨਿਊਂ ਜਾਏ, ਪਰ ਉਹ ਲੇਬਰ ਕਲਾਸ ਲਈ ਬਦਮਾਸ਼। ਮਜ਼ਦੂਰ ਉਹਨੂੰ ਰਿਸ਼ਵਤ ਵੀ ਦੇਂਦੇ ਤੇ ਕਦੀ ਕਦੀ ਜੂਏ ਵਿੱਚ ਉਹਦੇ ਕੋਲੋਂ ਤਨਖ਼ਾਹ ਵੀ ਹਾਰਦੇ। ਬੰਦਰਗਾਹ 'ਤੇ ਜਹਾਜ਼ ਲੱਗਦਿਆਂ ਈ ਜਹਾਜ਼ੀਆਂ ਨੂੰ ਜਿੱਥੇ ਜਾਣ ਦੀ ਜਲਦੀ ਹੋਵੇ, ਉਹ ਰੈੱਡ ਲਾਇਟ ਏਰੀਆ, ਜਿਹੜਾ ਅਗਦੋਂ ਈ ਉਡੀਕਣਹਾਰ। ਅਫ਼ਸਰਾਂ ਦੀ ਅਯਾਸ਼ੀ ਲਈ ਉੱਚੇ ਬੂਹੇ ਖੁੱਲ੍ਹਣ ਤੇ ਲੇਬਰ ਕਲਾਸ ਲਈ ਗ਼ਰੀਬ ਚਕਲੇ। ਪੈਸੇ ਬਾਹਰ ਦੱਲੇ ਤੇ ਮੈਨੇਜਰ ਲੈ ਲੈਂਦੇ ਅੰਦਰ ਔਰਤਾਂ ਕੀ, ਨੰਗੇ ਸਰੀਰ ਵਿਛੇ ਹੋਏ, ਜਿਹਨਾਂ ਦੀ ਆਪਣੀ ਕੋਈ ਮਰਜ਼ੀ ਨਾ ਜਜ਼ਬਾ। ਮਜਬੂਰ ਔਰਤ ਨੂੰ ਦਾਦੇ ਪੈਸੇ ਦੇ ਕੇ ਕੀ ਲਿਆ, ਮਾਸਾ ਕੁ ਅਫ਼ੀਮ, ਜਿਹਨੂੰ ਖਾਂਦਿਆਂ ਉਹ ਕੀ ਵੇਖਦਾ ਏ ਕਿ ਉਹ ਔਰਤ ਖੋਤੀ ਬਣ ਗਈ ਤੇ ਇਕ ਬੰਦਾ ਉਹਨੂੰ ਪਿਛੋਂ ਲੱਗ ਪਿਆ, ਜਿਹਨੂੰ ਸੌਂਦਿਆਂ ਸੌਂਦਿਆਂ ਦਾਦੇ ਪਛਾਣ ਲਿਆ ਕਿ ਉਹ ਸਰਦਾਰ, ਤੇ ਉਹਨੂੰ ਸੁਫ਼ਨੇ ਦੀ ਸੇਜ ਉੱਤੇ ਸਰਦਾਰਨੀ ਪੁੱਛੇ ਪਈ, "ਮੈਂਡਾ ਕਿੱਦਣ ਵਿਆਹ ਹੋਸੀ?"

ਬਸਰਾ ਦੀ ਬੰਦਰਗਾਹ, ਪੂਰਾ ਸ਼ਹਿਰ ਛਾਉਣੀ ਬਣਿਆ ਹੋਇਆ, ਦਜਲਾ ਤੇ ਫ਼ਰਾਤ ਕੰਢੇ ਦਾ ਵਸੇਬ ਫ਼ੌਜ ਦੇ ਕ਼ਬਜ਼ੇ ਵਿੱਚ ਜਿੱਥੇ ਅਰਬ ਇਲਾਕ਼ੇ ਦਾ ਫ਼ੌਜੀ ਹੈੱਡਕਵਾਟਰ। ਆਵਾਰਾਗਰਦੀ ਕਰਦਿਆਂ ਖਜੂਰਾਂ ਦੀ ਵਿਰਲੀ ਛਾਵੇਂ ਦਾਦੇ ਨੂੰ ਆਪਣੇ ਪਾਸੇ ਦੇ ਫ਼ੌਜੀ ਇੰਝ ਮਿਲ ਪਏ ਕਿ ਬੈਰਕਾਂ 'ਚੋਂ ਗਾਵਣ ਦੀ ਵਾਜ:

ਏਹ ਮੈਂਡੀ ਮੁੰਦਰੀ ਆਮਾਂ ਸ਼ਾਮਾਂ
ਅੱਲਾਹ ਤੋੜੇਸੀ ਭੈੜੀਆਂ ਲਾਮਾਂ
ਰੁੱਤ ਛੁੱਟੀਆਂ ਨੀ ਆਈ ਆ
ਮਾਹੀਆ ਢੋਲ ਸਿਪਾਹੀਆ
ਕੇਹੀ ਤਾਂਘ ਦਿਲੇ ਨੀ ਲਾਈ ਆ
ਅੱਗੋਂ ਦੂਜੇ ਗਰਾਈਂ ਦੁੱਖ ਇੰਝ ਸਾਂਝਾ ਕੀਤਾ:
ਛੱਲਾ ਰੂੰ ਨੇ ਗੋੜੇ
ਵੋਏ ਛੱਲਾ ਰੂੰ ਨੇ ਗੋੜੇ
ਮੌਲਾ ਲਾਮ ਤਰੋੜੇ
ਸੱਜਣਾ ਕੂੰ ਮੋੜੇ
ਸੁਣ ਢੋਲ ਜਾਨੀ
ਅੱਲਾਹ ਖ਼ੈਰੀਂ ਆਨੀ

ਇਹ ਗਾਵਣ ਉਹਦੇ ਗਰਾਈਆਂ ਨੂੰ ਪਿੱਛੋਂ ਘਰੋਂ ਚਿੱਠੀਆਂ ਵਿਚ ਲਿਖੇ ਆਏ, ਜਿਹੜੇ ਉਹ ਇਕ ਦੂਜੇ ਨਾਲ ਵਟਾਂਦਰਾ ਕਰ ਰਹੇ। ਦਾਦੇ ਨੂੰ ਲੱਗਾ ਕਿ ਹਾਕਮ ਟਾਬਰੀ ਜਿਹੜੀ ਲਾਮ ਨੂੰ ਮਾਨ ਰਹੀ, ਰਿਆਇਆ ਉਹਨੂੰ ਭੁਗਤੇ ਪਈ। ਮੁਸਲਮਾਨ ਫ਼ੌਜੀ ਬੈਰਕਾਂ ਵਿੱਚ ਦਾਦੇ ਕੀ ਵੇਖਿਆ ਕਿ ਦੁਸ਼ਮਣ ਤੁਰਕੀ ਦੇ ਹੱਕ਼ ਵਿੱਚ ਦੁਆ ਹੋ ਰਹੀ। 'ਪਠਾਨ ਇਨਫ਼ੈਨਟਰੀ' ਤੇ 'ਬਲੋਚ ਕੈਵਿਲਰੀ' ਜੋ ਫ਼ਰਾਂਸ ਪਾਸੇ ਲੜ ਕੇ ਆਈਆਂ, ਉਹਨਾਂ ਨੂੰ ਭਿਨਕ ਪਈ ਕਿ ਉਹਨਾਂ ਹੁਣ ਤੁਰਕੀ ਦੇ ਖ਼ਿਲਾਫ਼ ਲੜਨਾ। ਫ਼ਰੰਗੀਆਂ ਦੇ ਖ਼ਿਲਾਫ਼, ਤੇ ਤੁਰਕੀ ਦੀ ਹਮਾਇਤ ਵਿੱਚ ਅੰਦਰੋ ਅੰਦਰ ਗੱਲਾਂ ਹੋਵਣ ਲੱਗ ਪਈਆਂ। ਜਿਹੜੇ ਮੁਸਲਮਾਨ ਫ਼ੌਜੀ ਬਾਗ਼ੀ ਹੋ ਗਏ, ਉਹਨਾਂ ਦਾ ਆਗੂ ਇਕ ਜਮਾਂਦਾਰ ਜੋ ਖ਼ੁਫ਼ੀਆ ਤਕ਼ਰੀਰਾਂ ਕਰੇ ਪਰ ਉਹ ਗ੍ਰਿਫ਼ਤਾਰ ਨਾ ਹੋਵੇ। ਇਹ ਕੋਈ ਚਾਲ ਸੀ, ਨਹੀਂ ਤੇ ਮੁਖ਼ਬਰਾਂ ਤੇ ਜਾਸੂਸਾਂ ਦਾ ਜਾਲ ਵਿਛਿਆ ਹੋਇਆ। ਇਹ ਐਲਾਨ ਹਰ ਕੰਨ ਤਾਈਂ ਅੱਪੜ ਗਿਆ ਕਿ ਫ਼ੌਜ 'ਚੋਂ ਭਗੌੜਾ, ਤਾਜ-ਏ-ਬਰਤਾਨੀਆ ਦਾ ਬਾਗ਼ੀ, ਜਿਹਦੀ ਸਜ਼ਾ ਕਾਲੇਪਾਣੀ ਵਿੱਚ ਉਮਰਕ਼ੈਦ। ਕੁਝਨਾ ਦਾ ਇਸਲਾਮੀ ਜਜ਼ਬਾ ਜਾਗਦਾ ਰਿਹਾ, ਬਾਹਲੇ ਬਾਗ਼ੀ ਨੀਵੇਂ ਨੀਵੇਂ ਹੋ ਕੇ ਆਪਣੀ ਫ਼ੌਜ ਦੀ ਨੌਕਰੀ ਬਚਾਅ ਗਏ। ਜਮਾਂਦਾਰ ਤੇ ਉਹਦੇ ਸਾਥੀ ਚੁੱਕੇ ਗਏ, ਜਿਹਨਾਂ ਦਾ ਕੋਈ ਖੁਰਾ ਨਿਸ਼ਾਨ ਨਾ ਲੱਭਿਆ।

ਪਾਣੀ ਵਿੱਚ ਲਹਿਰਦਿਆਂ ਚਾਰ ਸਾਲ ਹੋ ਗਏ। ਜਹਾਜ਼ ਵਿੱਚ ਗੋਰਿਆਂ ਦਾ ਕਾਲਿਆਂ ਨਾਲ ਮੰਦਾ ਵਰਤਾਰਾ ਤੇ ਵਿਤਕਰਾ ਵੇਖ ਵੇਖ ਦਾਦਾ ਸੜਦਾ ਭੁੱਜਦਾ ਰਹਵੇ। ਜਿਹੜੇ ਕੰਮ ਦਾ ਕਾਲੇ ਨੂੰ ਇਕ ਪੌਂਡ ਮਿਲੇ, ਓਸੇ ਕੰਮ ਲਈ ਗੋਰਾ ਦਸ ਪੌਂਡ ਲਵੇ। ਗੋਰਿਆਂ ਨੂੰ ਓਵਰ ਟਾਇਮ ਮਿਲੇ, ਜਿਹਦੇ ਕਾਲੇ ਹੱਕ਼ਦਾਰ ਨਾ। ਦਾਦਾ ਫ਼ਾਇਰਮੈਨ, ਬਗ਼ਾਵਤ ਦੇ ਮਨਸੂਬੇ ਬਣਾਵੇ ਤੇ ਸੋਚਾਂ ਸੋਚਾਂ ਵਿੱਚ ਕੋਲੇ ਦੀ ਥਾਂ ਗੋਰਿਆਂ ਨੂੰ ਅੱਗ ਵਿੱਚ ਸੁੱਟ ਸੁੱਟ ਆਪਣੇ ਅੰਦਰ ਨੂੰ ਠੰਡਾ ਕਰਦਿਆਂ ਉਹਨੇ ਇਕ ਆਇਰਸ਼ ਸੇਲਰ ਦੇ ਮੂੰਹੋਂ ਪਹਿਲੀ ਵਾਰ ਇਮਪੀਰੀਅਲਿਜ਼ਮ ਤੇ ਐਂਟੀਇਮਪੀਰੀਅਲਿਜ਼ਮ (ਬਸਤੀਵਾਦ ਅਤੇ ਬਸਤੀਵਾਦ-ਖਿਲਾਫ਼) ਦੇ ਲਫ਼ਜ਼ ਸੁਣੇ ਤੇ ਉਹ ਬ੍ਰਿਟਿਸ਼ ਮਰਚੈਂਟ ਨੇਵੀ ਤੋਂ ਖਿਸਕਦਾ ਖਿਸਕਦਾ 'ਅਮਰੀਕੀ ਮਰਚੰਟ ਮੈਰੀਨ' ਵਿੱਚ ਭਰਤੀ ਹੋ ਗਿਆ...

+++

ਕਾਲੀਆਂ-ਸਿਆਲੀਆਂ ਦੇ 'ਕਾਲੂ ਨਾ ਪੁੱਤਰ' ਜਦੋਂ ਅਮਰੀਕਾ ਅੱਪੜਿਆ, ਕਾਗ਼ਜ਼ਾਂ ਵਿੱਚ ਉਹਦਾ ਪੂਰਾ ਨਾਂ ਅਮੀਰ ਹੈਦਰ ਅਤਾ ਮੁਹੰਮਦ। ਬੇਗ਼ਾਨਾ ਦੇਸ ਪਰ ਉਹਨੂੰ ਆਪਣੇ ਜਿਹੇ ਜੀਅ ਮਿਲਦੇ ਗਏ। ਨਿਊਯਾਰਕ ਵਿੱਚ ਵਤਨੀ ਜਗਤ ਸਿੰਘ ਨਾਲ ਸੰਗਤ ਹੋਈ, ਜਿਹੜਾ 'ਗ਼ਦਰ ਪਾਰਟੀ' ਦਾ ਆਹਰੀ ਤੇ ਹਿੰਦ ਦੀ ਆਜ਼ਾਦੀ ਦਾ ਨਾਅਰੇਬਾਜ਼, ਜਿਹਦੇ ਨਾਲ ਉਹ 'ਫ਼ਰੈਂਡਸ ਆਫ਼ ਫ਼ਰੀਡਮ ਫ਼ਾਰ ਇੰਡੀਆ' ਦੇ ਇਕੱਠ ਵਿੱਚ ਜਾ ਕੇ ਨਿਹਾਲ ਹੋਇਆ, ਜਿੱਥੇ ਐਗਨਸ ਸਮੈਡਲੀ ਉਹਨੂੰ ਧੁਰੋਂ ਝੂਣਿਆ ਤੇ ਉਹਦੇ ਅੰਦਰ ਸਿਆਸੀ ਜਾਗਰਤੀ ਦੀ ਜੋਤ ਜਗਾਈ। ਜੀਅਦਾਰ ਸੁਆਣੀ ਐਗਨਸ ਸਮੈਡਲੀ ਆਇਰਸ਼ ਅਮਰੀਕੀ ਸੀ, ਚੰਗੀ ਬੁਲਾਰ, ਹਿੰਦ ਦੀ ਆਜ਼ਾਦੀ ਦੀ ਹਾਮੀ ਤੇ ਪਰਚਾਰਕ।

ਜੱਲ੍ਹਿਆਂ ਵਾਲੇ ਬਾਗ਼ ਦੇ ਕ਼ਤਲਾਮ ਉਤੇ ਨਿਊਯਾਰਕ ਸ਼ਹਿਰ ਵਿੱਚ ਬਹੂੰ ਵੱਡਾ ਜਲੂਸ ਨਿਕਲਿਆ, ਅਮੀਰ ਹੈਦਰ ਵੀ ਹਿੰਦੋਸਤਾਨੀ ਗ਼ਦਰੀਆਂ ਤੇ ਆਇਰਸ਼ ਅਮਰੀਕੀਆਂ ਨਾਲ ਰਲ ਕੇ ਕਲੋਨੀਗੀਰ (ਬਸਤੀਵਾਦੀ) ਅੰਗਰੇਜ਼ਾਂ ਦੇ ਜ਼ੁਲਮ ਦੇ ਖ਼ਿਲਾਫ਼ ਨਾਅਰੇ ਲਾਏ ਤੇ ਹਿੰਦੋਸਤਾਨ ਦੀ ਆਜ਼ਾਦੀ ਦੀ ਮੰਗ ਕੀਤੀ। ਅਮੀਰ ਹੈਦਰ ਅਮਰੀਕਾ ਵਿੱਚ ਬਹੂੰ ਖ਼ੁਸ਼, ਜਿੱਥੇ ਉਹ ਆਪਣੇ ਆਪ ਨੂੰ ਆਜ਼ਾਦ ਸਮਝੇ। ਅਮਰੀਕੀ ਮਰਚੈਂਟ ਮੈਰੀਨ ਵਿੱਚ ਹੇਠਲੇ ਅਮਲੇ ਨਾਲ ਉਪਰਲਿਆਂ ਦਾ ਵਰਤਣ ਵਿਹਾਰ ਵੀ ਉਹਨੂੰ ਬ੍ਰਿਟਿਸ਼ ਮਰਚੈਂਟ ਨੇਵੀ ਨਾਲੋਂ ਬਹੂੰ ਚੰਗਾ ਲੱਗਿਆ। ਹਵਾਈ (ਅਮਰੀਕੀ ਟਾਪੂ) ਵਿੱਚ ਹੂਲਾ ਡਾਂਸ ਕਰਦੇ ਮੁਕਾਮੀ ਲੋਕਾਂ ਘਾਹ ਦੇ ਘੱਗਰੇ ਪਾਏ ਹੋਏ, ਸਮੁੰਦਰੀ ਜਹਾਜ਼ 'ਐੱਸ ਐੱਸ ਐਲਵੇ' ਦਾ ਸਾਰਾ ਅਮਲਾ ਵੀ ਡਾਂਸ ਵਿੱਚ ਰਲ ਗਿਆ। ਕੀ ਕੈਪਟਨ ਤੇ ਕੀ ਫ਼ਾਇਰਮੈਨ, ਸਾਰੇ ਇਕ ਮਿਕ ਹੋਏ, ਅਮੀਰ ਹੈਦਰ ਨੱਚਦਿਆਂ ਟੱਪਦਿਆਂ ਰੂਹ ਚੰਗੀ ਰਾਜ਼ੀ ਕੀਤੀ।

ਨਿਊਯਾਰਕ ਵਿੱਚ ਇਕ ਦਿਨ ਅਜ਼ੀਮ ਖ਼ਾਨ ਡਰਾਈਕਲੀਨਰ ਦੀ ਦੁਕਾਨ ਉੱਤੇ ਅਮੀਰ ਹੈਦਰ ਨੂੰ ਇਕ ਕਿਤਾਬ ਮਿਲੀ, ਜਿਹਦਾ ਨਾਂ ਸੀ 'ਗ਼ਦਰ ਕੀ ਗੂੰਜ'। ਸਿੱਧੀ ਸਾਦੀ ਸ਼ਾਇਰੀ ਪਰ ਆਜ਼ਾਦੀ ਦਾ ਜਜ਼ਬਾ ਤਿੱਖਾ, ਪੜ੍ਹਦਿਆਂ ਉਹਦੇ ਦਿਲ ਦੀ ਧੜਕਣ ਵਧਦੀ ਗਈ ਕਿ ਭਾਈ ਜਗਤ ਸਿੰਘ ਉਹਦਾ ਮੋਢਾ ਥਾਪੜਿਆ, "ਗ਼ੁਲਾਮ ਦੇਸ ਲਈ ਕੁਝ ਕਰਨਾ ਚਾਹਵੇਂ?" ਅਮੀਰ ਹੈਦਰ ਤਿਆਰ ਹੋ ਗਿਆ। ਕੰਮ ਕੀ, ਸਮੁੰਦਰੀ ਸਫ਼ਰ ਕਰਦਿਆਂ ਅਸਲਾ ਤੇ ਗ਼ਦਰੀ ਲਿਟਰੇਚਰ ਦੱਸੀਆਂ-ਮਿੱਥੀਆਂ ਥਾਵਾਂ ਤਾਈਂ ਅਪੜਾਨਾ। ਅਮੀਰ ਹੈਦਰ ਨੂੰ ਔਖਾ ਤੇ ਨਵੇਕਲਾ ਕੰਮ ਕਰਨ ਦੀ ਸੱਧਰ ਈ ਰਹਿੰਦੀ। ਵਾਹਵਾ ਖ਼ੁਫ਼ੀਆ ਠਿਕਾਣੇ ਉਹਨੇ ਖ਼ੈਰ ਨਾਲ ਫਿਰ ਲਏ ਪਰ ਹਾਂਗਕਾਗ ਵਿੱਚ ਕਿਸੇ ਉਹਨੂੰ ਪਿੱਛੋਂ ਆ ਫੜਿਆ, "ਹੈਂਡਜ਼ ਅੱਪ!" ਪਰ ਉਹ ਡਰਿਆ ਨਾ। ਕ਼ੈਦ ਕੋਠੜੀ ਵਿੱਚ ਰੋਅਬਦਾਰ ਬ੍ਰਿਟਿਸ਼ ਸਾਰਜੈਂਟ ਉਹਨੂੰ ਦਬਕਾਇਆ:

"Anybody who got into this cell, never got out!" "I am not anybody, I am somebody!"

ਹਿੰਦੋਸਤਾਨੀ ਗਰਾਈਂ ਯਰਕਿਆ ਨਾ, ਸਗੋਂ ਅੱਗੋਂ ਵੇਹਰ ਖਲੋਤਾ। ਅਮਰੀਕੀ ਮਰਚੈਂਟ ਮੈਰੀਨ ਉਹਦੀ ਮਦਦ ਲਈ ਅੱਪੜ ਪਈ। ਹਰ ਵੇਲੇ ਭਾਵੇਂ ਹਿੰਦੋਸਤਾਨ ਦੀ ਆਜ਼ਾਦੀ ਦੀ ਤਾਂਘ ਪਰ ਆਪਣੀ ਡਿਊਟੀ ਕਦੀ ਨਾ ਖੁੰਝਾਵੇ, ਅਮੀਰ ਹੈਦਰ 'ਸੈਕੰਡ ਅਸਿਸਟੈਂਟ ਮੈਰੀਨ ਇੰਜੀਨੀਅਰ' ਦਾ ਕੋਰਸ ਕਰ ਲਿਆ। ਅਗਾਂਹਵਧੂ ਜਜ਼ਬਾ ਜਵਾਨ, ਉਹ ਅਗੋਂ ਆਟੋਮੋਬਾਇਲ ਇੰਜੀਨੀਅਰਿੰਗ ਵਿੱਚ ਦਾਖ਼ਲ ਹੋ ਗਿਆ। ਉਹਦੇ ਸੱਜਣ ਸਾਥੀ ਬਥੇਰੇ ਜਿਹੜੇ ਉਹਨੂੰ ਪਿਆਰ ਨਾਲ "ਟੋਨੀ" ਆਖਣ। ਉਹ ਕਜਾਕ ਹਰ ਵੇਲੇ ਆਪਣੇ ਕੰਮ ਨਾਲ ਕੰਮ ਕਿ ਕਿਸੇ ਹਾਨਣ ਅੰਦਰ ਉਹਦੇ ਲਈ ਪਰੇਮ ਪੁੰਗਰਿਆ ਜਿਹੜਾ ਲਿਖਤੀ ਰੂਪ ਵਿੱਚ ਉਹਨੂੰ ਇੰਝ ਮਿਲਿਆ:

'An ocean of love and kisses on every wave. Forever Yours, Laura Wilson'

ਪੜ੍ਹਦਿਆਂ ਟੋਨੀ ਦੀਆਂ ਅੱਖਾਂ ਸਾਹਮਣੇ ਗਰਾਂ ਵਿੱਚ ਕ਼ੈਦ ਸਰਦਾਰਨੀ ਲਹਿਰਦੀ ਗਈ, ਜਿਹੜਾ ਦੋ ਦਿਨ ਤੋਂ ਤੜਫ਼ ਰਿਹਾ ਕਿਓਂਜੇ ਪਿੱਛੋਂ ਇਥੇ ਮਿਹਨਤ ਮਜ਼ਦੂਰੀ ਲਈ ਆਏ ਉਹਦੇ ਗਰਾਈਂ ਉਹਨੂੰ ਗਾ ਕੇ ਖ਼ਬਰ ਸੁਣਾਈ:
ਬਾਜ਼ਾਰ ਵਕਾਣਾ ਪੀਪਾ
"ਤੋਰੇ" ਨਾ ਸਿਰ, ਵੇਲਣੇ ਵਿੱਚ ਜੀਪਾ
ਓਏ ਹਾਕਮ ਡਾਹਡੇ, ਤਿਲ ਕਾਲੇ
"ਤੋਰੇ" ਨਾ ਵਛੋੜਾ ਸਾਡੇ ਦਮ ਨਾਲ ਏ
ਥੋਹਾ ਮਹਿਰਮ ਖ਼ਾਨ, ਤਹਿਸੀਲ ਤਲਾ ਗੰਗ,
ਜ਼ਿਲ੍ਹਾ ਕੈਂਬਲਪੁਰ ਦੇ ਬਾਗ਼ੀ ਤੇ ਮਫ਼ਰੂਰ ਦੀ ਦਰਦ ਭਰੀ ਕਹਾਣੀ, ਅਮਰੀਕਾ ਵਿੱਚ ਆਜ਼ਾਦ ਟੋਨੀ ਨੂੰ ਬਹੂੰ ਬੇਆਰਾਮ ਕੀਤਾ ਕਿ ਕਿਵੇਂ "ਤੋਰਾ ਖ਼ਾਨ" ਨੂੰ ਮਿੰਟਗੁਮਰੀ ਜੇਲ ਵਿੱਚ ਡਰ ਤੇ ਖ਼ੌਫ਼ ਦਾ ਨਿਸ਼ਾਨ ਬਣਾਇਆ ਗਿਆ ਜਿਹਨੂੰ ਜ਼ਾਲਮ ਹਾਕਮਾਂ ਵੇਲਣੇ ਵਿੱਚ ਵੇਲਿਆ।

ਹਰ ਵੇਲੇ ਅੰਗਰੇਜ਼ਾਂ ਦੇ ਖ਼ਿਲਾਫ਼ ਗ਼ੁੱਸਾ ਟੋਨੀ ਦੀਆਂ ਸੋਚਾਂ ਤੇ ਜਜ਼ਬਿਆਂ ਉੱਤੇ ਹਾਵੀ ਰਹਿੰਦਾ, ਗ਼ਦਰੀਆਂ ਦੀ ਰੀਸ ਵਿੱਚ ਟੋਨੀ ਸੁਰਖ਼ ਪੱਗ ਤੇ ਸੁਰਖ਼ ਟਾਈ ਬੰਨ੍ਹ ਲਈ। ਹਰ ਵੇਲੇ ਹਿੰਦੋਸਤਾਨ ਦੀ ਆਜ਼ਾਦੀ ਲਈ ਨਾਅਰੇ, ਕਿਸੇ ਕੰਮ ਵਿੱਚ ਦਿਲ ਨਾ ਲੱਗੇ। ਡਰਾਈਕਲੀਨਰ ਬਣ ਜਾਏ, ਕਦੀ ਆਟੋਫ਼ੈਕਟਰੀ ਵਿੱਚ ਨੌਕਰ, ਤੇ ਕਦੀ ਉਹ ਰੇਲਵੇ ਵਿੱਚ ਵੀ ਮੁਲਾਜ਼ਮ ਹੋਇਆ। ਬੇਰੁਜ਼ਗਾਰੀ ਦੇ ਦਿਨਾਂ ਵਿੱਚ 'ਇਮਪਲਾਏਮੈਂਟ ਆਫ਼ਿਸ' ਫੇਰੇ ਮਾਰਦਾ ਰਹਵੇ। ਆਵਾਰਾਗਰਦੀ ਦੇ ਦਿਨ, ਟੋਨੀ ਨੂੰ ਇਕ ਪੁਰਾਣਾ ਜਹਾਜ਼ੀ ਸੰਗੀ ਮਿਲ ਪਿਆ, ਜਿਹੜਾ ਉਹਦੀ ਸੁਰਖ਼ ਪੱਗ ਤੇ ਸੁਰਖ਼ ਟਾਈ ਵੇਖ ਕੇ,
"ਤੂੰ ਬਾਲਸ਼ਵਿਕੀ ਹੋ ਗਿਆ?"
"ਬਾਲਸ਼ਵਿਕੀ!"

ਅਮਰੀਕਾ ਵਿੱਚ 'ਰੈੱਡ ਫ਼ੋਬੀਆ' ਤੇ 'ਐਂਟੀ ਰੈੱਡ ਪਰੌਪੇਗੰਡਾ' ਉਹਨੇ ਵੇਖਿਆ ਹੋਇਆ ਪਰ ਬਾਲਸ਼ਵਿਕੀ ਲਫ਼ਜ਼ ਉਹਨੇ ਪਹਿਲੀ ਵਾਰ ਸੁਣਿਆ। ਬਾਲਸ਼ਵਿਕੀ ਲਫ਼ਜ਼ ਸਮਝਦਿਆਂ ਟੋਨੀ ਰੂਸੀ ਇਨਕ਼ਲਾਬ ਬਾਰੇ ਸੁਣਿਆ।
ਸਿਆਸਤ ਸਖ਼ਤ ਜ਼ਰੂਰ ਕੀਤਾ ਪਰ ਜਵਾਨੀ ਓੜਕ ਜਵਾਨੀ, ਐਤਕੀਂ ਬੇਰੁਜ਼ਗਾਰੀ ਤੇ ਆਵਾਰਾਗਰਦੀ ਦੇ ਦਿਨਾਂ ਵਿੱਚ ਟੋਨੀ ਦੇ ਅੰਦਰ ਇਨਕ਼ਲਾਬ ਤੇ ਪਿਆਰ ਇਕੱਠੇ ਈ ਜਾਗੇ। ਜਿਹਦੇ ਨਾਲ ਪਿਆਰ ਹੋਇਆ, ਉਹ ਅਮਰੀਕੀ ਮਿਡਲ ਕਲਾਸ ਦੀ ਆਸਟਰੋ ਇਟੈਲੀਅਨ ਜੈਨੀ (ਅਸਟ੍ਰੇਲੀਆਈ-ਇਤਾਲਵੀ) ਜਿਹੜੀ ਉਹਦੇ ਸੰਗ ਘੁੰਮੇ ਫਿਰੇ, ਸਿਨਮੇ ਫ਼ਿਲਮਾਂ ਵੇਖੇ ਪਰ I love you ਕਹਿਣ ਦੀ ਉਹਦੇ ਵਿੱਚ ਹਿੰਮਤ ਨਾ। ਖ਼ਤ ਲਿਖਦਿਆਂ ਉਹਦੀ ਅੰਗਰੇਜ਼ੀ ਜਵਾਬ ਦੇ ਜਾਏ। ਓੜਕ ਜੈਨੀ ਦੇ ਘਰ ਘੁਲਣ ਮਿਲਣ ਗਿਆ। ਜੈਨੀ ਘਰ ਕੋਈ ਨਾ, ਪਰ ਦੂਜੇ ਸਾਰੇ ਮੌਜੂਦ, ਟੋਨੀ ਜਿਹਨੂੰ ਮਿਲਣ ਆਇਆ, ਉਹਦੇ ਬਾਰੇ ਉਹਨੇ ਕਿਵੇਂ ਪੁੱਛਿਆ:

"Where is everybody?"

ਸਾਰੇ ਘਰ ਵਾਲੇ ਹੱਸ ਪਏ। ਇਹ ਗੱਲ ਨਹੀਂ ਕਿ ਟੋਨੀ ਨੂੰ ਬੋਲਣਾ ਨਾ ਆਵੇ, ਬ੍ਰਿਟਿਸ਼ ਪਾਰਲੀਮੈਂਟੇਰੀਅਨ ਮਾਰਗਨ ਜਾਨ, ਜਿਹਨੇ ਬਰਤਾਨੀਆ ਵਿੱਚ ਲੇਬਰ ਮਨਿਸਟਰੀ ਬਣਵਾਈ, ਅਮਰੀਕਾ ਵਿੱਚ ਇੰਡੀਅਨ ਕਮਿਊਨਿਟੀ ਦੇ ਇਕੱਠ ਵਿੱਚ ਉਹ ਪਰਧਾਨ ਬੋਲ ਰਿਹਾ:

"The Indians do not know what they want... "

ਟੋਨੀ ਚੁੱਪ ਨਾ ਰਹਿਆ:
"What do the British want in India?"

ਤਿੰਨ ਸਾਲ ਮਰਚੈਂਟ ਮੈਰੀਨ ਨੌਕਰੀ ਵਜ੍ਹੋਂ ਟੋਨੀ ਨੂੰ ਅਮਰੀਕੀ ਸ਼ਹਿਰੀਅਤ ਮਿਲ ਗਈ। ਅਮਰੀਕਾ ਵਿੱਚ ਉਹਦਾ ਮੇਲ ਮਿਲਾਪ ਰਿਸ਼ਤਿਆਂ ਵਿੱਚ ਬਦਲ ਗਿਆ। ਮਿਸਿਜ਼ ਟਰਨਰ ਉਹਨੂੰ ਮਾਂ ਲੱਗੇ ਤੇ ਵਿਲਸਨ ਬਰਾਦਰਜ਼ ਭਰਾ। ਰੇਲਵੇ ਦੀ ਨੌਕਰੀ, ਵਰਕਸ਼ਾਪ ਦੇ ਮਜ਼ਦੂਰਾਂ ਨਾਲ ਹੜਤਾਲ ਕਰਦਿਆਂ ਇਨਕ਼ਲਾਬੀ ਟੋਨੀ 'ਅਮਰੀਕੀ ਫ਼ੈਡਰੇਸ਼ਨ ਆਫ਼ ਲੇਬਰ' ਤੇ 'ਇੰਡਸਟਰੀਅਲ ਵਰਕਰਜ਼ ਆਫ਼ ਵਰਲਡ' ਦੇ ਨੇੜੇ ਹੋਇਆ ਤੇ ਉਹਨੇ ਗਹੁ ਕੀਤਾ ਕਿ ਅਮਰੀਕੀ ਰੇਲਵੇ ਵਿੱਚ ਹੜਤਾਲ ਹੋਵੇ ਪਰ ਰੇਲ ਗੱਡੀ ਨਾ ਰੁਕੇ, ਹੜਤਾਲ ਦਾ ਕੋਈ ਅਸਰ ਈ ਨਾ ਹੋਵੇ। ਇਹਦਾ ਕਾਰਨ ਉਹਨੂੰ ਇਹ ਸਮਝ ਆਇਆ ਕਿ ਅਮਰੀਕੀ ਰੇਲਵੇ ਦੇ ਦੋ ਹਿੱਸੇ, ਇਕ ਰੇਲਵੇ ਵਰਕਸ਼ਾਪ ਤੇ ਦੂਜਾ ਟਰੈਫ਼ਿਕ ਡਿਪਾਰਟਮੈਂਟ। ਵਰਕਸ਼ਾਪ ਵਿੱਚ ਮਜ਼ਦੂਰ ਸਿਆਸਤ ਦੀ ਖੁੱਲ੍ਹ ਪਰ ਟ੍ਰੈਫ਼ਿਕ ਵਿੱਚ ਸਿਆਸਤ ਉੱਤੇ ਪਾਬੰਦੀ। ਟੋਨੀ ਇੰਡਸਟਰੀਅਲ ਵਰਕਰਜ਼ ਆਫ਼ ਦੀ ਵਰਲਡ (IWW) ਦਾ ਮੈਂਬਰ ਬਣ ਗਿਆ, ਜੋ ਅਮਰੀਕੀ ਕਮਿਊਨਿਸਟ ਪਾਰਟੀ ਨਾਲ ਕੰਮ ਕਰੇ। ਹੋਲਟਾਇਮਰ ਟੋਨੀ ਵੇਖਿਆ ਕਿ ਪਾਰਟੀ ਵਿੱਚ ਦੋ ਧੜੇ: 'ਸੋਸ਼ਲਿਸਟ ਲੇਬਰ ਪਾਰਟੀ' ਤੇ 'ਸਿੰਡੀਕਲਿਸਟ ਲੀਗ ਆਫ਼ ਨਾਰਥ ਅਮਰੀਕਾ'। ਕਮਿਊਨਿਸਟ ਪਾਰਟੀ ਆਫ਼ ਅਮਰੀਕਾ, 'ਵਰਕਰਜ਼ ਪਾਰਟੀ' ਦੇ ਨਾਂ ਨਾਲ ਕੰਮ ਕਰਦੀ, ਜਿਹਦਾ ਜਨਰਲ ਸੈਕਟਰੀ ਕਾਮਰੇਡ ਰਥਨਬਰਗ। ਪਾਰਟੀ ਇਕ ਮੁੱਠ ਨਾ, ਧੜਿਆਂ ਦੀ ਸਿਆਸਤ ਚੱਲੇ, ਜਿਹੜੀ ਟੋਨੀ ਨੂੰ ਉੱਕਾ ਚੰਗੀ ਨਾ ਲੱਗੇ ਪਰ ਬੋਲਣ ਦੀ ਇਜਾਜ਼ਤ ਨਾ। ਪਾਰਟੀ ਵਰਕਰਜ਼ ਨੂੰ ਮਾਸਕੋ ਭੇਜਣਾ ਹੋਂਦਾ, ਜਿਹਦੇ ਲਈ ਗੋਰਿਆਂ ਦੇ ਈ ਭਾਗ ਜਾਗਦੇ। ਏਸ ਵਿਤਕਰੇ ਦੇ ਖ਼ਿਲਾਫ਼ ਬੁੱਧ ਸਿੰਘ ਢਿੱਲੋਂ ਟੋਨੀ ਨਾਲ ਰਲਿਆ ਤੇ ਉਹ ਡਿਕਟੇਟਰ ਕਾਮਰੇਡ ਰਥਨਬਰਗ ਨਾਲ ਭਿੜ ਪਏ, ਜਿਹਦੀ ਖ਼ਬਰ ਰੂਸ ਤਾਈਂ ਅੱਪੜ ਗਈ। ਮਾਸਕੋ ਤੋਂ ਚਿੱਠੀ ਆ ਗਈ, ਜਿਹਦੇ 'ਚ ਵਰਕਰਜ਼ ਪਾਰਟੀ ਦੇ ਸੈਕਟਰੀ ਨੂੰ ਆਰਡਰ ਕਿ ਐਤਕੀਂ ਟਰੇਨਿੰਗ ਲਈ ਜਿਹੜੇ ਦੋ ਕਾਮਰੇਡ ਮਾਸਕੋ ਭੇਜੇ ਜਾਵਣ, ਉਨ੍ਹਾਂ ਲਈ ਲੜਾਕਾ ਹੋਣਾ ਲਾਜ਼ਮੀ। ਉਹ ਦੋ ਕੋਈ ਹੋਰ ਨਾ, ਟੋਨੀ ਤੇ ਢਿੱਲੋਂ। 1926, ਅਮਰੀਕਾ ਵਿੱਚ ਅੱਠ ਸਾਲ ਗੁਜ਼ਾਰ ਕੇ ਟੋਨੀ ਟਰੇਨਿੰਗ ਲਈ ਰੂਸ ਨੂੰ ਟੁਰ ਪਿਆ...

+++

ਅਮਰੀਕਾ ਦਾ ਗ਼ਦਰੀ ਟੋਨੀ ਮਾਸਕੋ ਵਿੱਚ ਕਮਿਊਨਿਸਟ ਸਖ਼ਾਰੋਫ਼! ਮਾਸਕੋ ਅੱਪੜਦਿਆਂ ਈ ਟੋਨੀ 'ਯੂਨੀਵਰਸਟੀ ਆਫ਼ ਪੀਪਲਜ਼ ਆਫ਼ ਦੀ ਈਸਟ' ਵਿੱਚ ਦਾਖ਼ਲ ਹੋਇਆ, ਜਿੱਥੇ ਉਹਦਾ ਨਵਾਂ ਨਾਂ ਸਖ਼ਾਰੋਫ਼ ਤੇ ਢਿੱਲੋਂ ਵਾਲਕੋਫ਼ ਹੋਇਆ। ਕਲਾਸ਼ਫ਼ੈਲੋਜ਼ 'ਚੋਂ ਬੈਲਜੀਅਮ ਦੀ ਫਰੈਡਾ, ਰੂਸੀ ਨਤਾਸ਼ਾ ਤੇ ਬੰਗਾਲੀ ਸੁਹਾਸਿਣੀ ਨਾਲ ਉਹਦੀ ਦੋਸਤੀ ਹੋ ਗਈ। 'ਲੀਗ ਅਗੇਂਸਟ ਇੰਪੀਰੀਅਲਿਜ਼ਮ' ਦੇ ਜਨਰਲ ਸੈਕਟਰੀ ਵਰਿੰਦਰਾ ਨਾਥ ਚੱਟੋਪਾਧਿਆਏ ਨਾਲ ਓਦੋਂ ਮੁਲਾਕ਼ਾਤ ਹੋਵੇ ਜਦੋਂ ਉਹ ਸੁਹਾਸਿਣੀ ਨੂੰ ਮਿਲਣ ਆਉਂਦਾ। ਪੜ੍ਹਾਈ ਕੀ, ਮਾਰਕਸੀ ਵਿਚਾਰਧਾਰਾ ਤਹਿਤ ਇਕਨਾਮਕ ਜੁਗਰਾਫ਼ੀਆ, ਪੁਲਿਟਿਕਲ ਇਕਾਨਮੀ, ਫ਼ਿਲਾਸਫ਼ੀ ਤੇ ਹਿਸਟਰੀ। ਰੂਸੀ ਜ਼ਬਾਨ ਤੇ ਕੋਡ ਲੈਂਗੁਏਜ ਸਿੱਖਦਿਆਂ ਮਿਲਟਰੀ ਟਰੇਨਿੰਗ ਵੀ। ਸਾਰੇ ਸਟੂਡੈਂਟਸ ਇਕ ਦੂਜੇ ਨੂੰ ਕਾਮਰੇਡ ਕਹਿ ਕੇ ਬੁਲਾਂਦਿਆਂ ਖ਼ੁਸ਼ ਹੋਂਦੇ। ਸਖ਼ਾਰੋਫ਼ ਕਦੀ ਕਦੀ ਉਦਾਸ ਹੋ ਜਾਵੇ, "ਜੈਨੀ ਯਾਦ ਆ ਰਹੀ ਏ?" ਵਾਲਕੋਫ਼ ਉਹਦੀ ਉਦਾਸੀ ਦਾ ਕਾਰਨ ਸਮਝ ਜਾਂਦਾ। ਇਕ ਦਿਨ ਸਖ਼ਾਰੋਫ਼ ਇਕੱਲਾ ਈ ਮਾਸਕੋ ਦੇ ਇਕ ਪਾਰਕ ਵਿੱਚ ਅੱਖਾਂ ਮੀਟ ਕੇ ਟੇਕ ਲਾਈ ਬੈਠਾ ਕਿ ਉਹਨੂੰ ਲੱਗਾ ਬੈਂਚ ਤੇ ਉਹਦੇ ਨਾਲ ਜੈਨੀ ਆ ਕੇ ਬਹਿ ਗਈ। ਓਸ ਅੱਖਾਂ ਨਾ ਖੋਲ੍ਹੀਆਂ ਕਿ ਜੇ ਉਹ ਕੋਈ ਸੁਫ਼ਨਾ ਵੇਖ ਰਿਹਾ ਤੇ ਉਹ ਕਿਧਰੇ ਟੁੱਟ ਨਾ ਜਾਏ। ਪਰ ਉਹਨੂੰ ਜਾਗਣਾ ਪਿਆ ਕਿਓਂਜੇ ਉਹਨੂੰ ਕੋਈ ਰੂਸੀ ਕੁੜੀ ਅੰਗਰੇਜ਼ੀ 'ਚ ਬੁਲਾਅ ਰਹੀ,

"You look like Varindra!"

ਵਿਛੋੜਿਆਂ ਦੇ ਡੰਗੇ ਦੋ ਦੁਖੀ, ਸਖ਼ਾਰੋਫ਼ ਤੇ ਲੋਲੀਆ ਮਿਤਰੋਸਵਾ, ਮਿਲਦਿਆਂ ਈ ਇਕ ਦੂਜੇ ਦਾ ਸਹਾਰਾ ਬਣ ਗਏ। ਇਕੱਠੇ ਘੁੰਮਣ ਫਿਰਨ, ਬਾਹਾਂ 'ਚ ਬਾਹਾਂ ਪਾਂਦਿਆਂ ਇਕ ਦੂਜੇ ਦੇ ਮੋਢੇ 'ਤੇ ਸਿਰ ਹੋਵੇ। ਸਖ਼ਾਰੋਫ਼ ਨੂੰ ਹੁਣ ਜੈਨੀ ਘੱਟ ਯਾਦ ਆਵੇ ਤੇ ਲੋਲੀਆ ਨੂੰ ਵਰਿੰਦਰਾ ਭੁੱਲ ਗਿਆ।
ਮਾਸਕੋ ਵਿੱਚ ਸਖ਼ਾਰੋਫ਼ ਦਾ ਵਾਹਵਾ ਦਿਲ ਲੱਗ ਗਿਆ, ਉਹਨੂੰ ਮਾਣ ਕਿ ਉਹ ਓਸ ਯੂਨੀਵਰਸਟੀ ਦਾ ਸਟੂਡੈਂਟ ਜਿੱਥੇ ਉਹਦਾ ਲੀਡਰ ਲੈਨਿਨ ਲੈਕਚਰ ਦੇਂਦਾ ਰਿਹਾ। ਧੰਨ ਭਾਗ, ਉਹ ਓਥੇ ਰੋਜ਼ਾ ਲਕਸਮਬਰਗ ਨੂੰ ਮਿਲਿਆ ਤੇ ਏਂਗਲਜ਼ ਦੇ ਬੇਲੀ ਥਾਮਸਨ ਮਾਨ ਨਾਲ ਉਹਦੀ ਗੱਲਬਾਤ ਹੋਈ। ਕਾਮਰੇਡ ਰਾਲਫ਼ ਫ਼ੌਕਸ ਨਾਲ ਰਲ ਬਹਿਣਾ ਉਹਨੂੰ ਬਹੂੰ ਚੰਗਾ ਲੱਗਾ (ਜੋ ਮਗਰੋਂ ਸਪੇਨ ਦੀ ਸਿਵਲ ਵਾਰ ਵਿੱਚ ਮਾਰਿਆ ਗਿਆ)। ਉਹ ਵੇਖਦਾ ਕਿ ਓਥੇ ਹੋ ਚੀ ਮਿਨ੍ਹ, ਲਿਊ ਸ਼ਾਉ ਚੀ ਤੇ ਰਾਜਾ ਮਹਿੰਦਰਾ ਪ੍ਰਤਾਪ ਸਿੰਘ ਆਪਣੇ ਆਪਣੇ ਦੇਸ਼ਾਂ 'ਚ ਇਨਕ਼ਲਾਬ ਦੇ ਮਨਸੂਬੇ ਬਣਾਅ ਰਹੇ ਹੋਂਦੇ। ਉਹਨੇ ਅਮਰੀਕਾ ਵਿੱਚ ਕਮਿਊਨਿਸਟਾਂ ਦੀ ਧੜੇਬੰਦੀ ਵੇਖੀ ਪਰ 'ਰੂਸੀ ਬਾਲਸ਼ਵਿਕ ਪਾਰਟੀ' ਇਕਮੁੱਠ- ਕੋਈ ਦੂਜ ਨਾ ਦਿੱਸੇ। ਮਾਸਕੋ ਦੇ ਰੈੱਡ ਸਕੁਏਅਰ ਵਿੱਚ 'ਮੇਅ ਡੇਅ' ਰੈੱਡ ਆਰਮੀ ਪਰੇਡ ਕਰਦਿਆਂ ਧਰਤੀ ਹਿਲਾਅ ਦਿੱਤੀ। "ਇਨਕ਼ਲਾਬ ਜ਼ਿੰਦਾਬਾਦ!" ਨਾਅਰਾ ਲਾਂਦਿਆਂ ਕਾਮਰੇਡ ਸਖ਼ਾਰੋਫ਼ ਇਨਕ਼ਲਾਬ ਦੀ ਸੁਰਖ਼ੀ ਨੂੰ ਸਾਰੇ ਜੱਗ ਵਿੱਚ ਪੱਸਰਦਿਆਂ ਵੇਖ ਰਿਹਾ। ਓਸ ਦਿਨ ਉਹਨੇ ਚਾਈਂ ਚਾਈਂ ਮਾਂ ਨੂੰ ਖ਼ਤ ਲਿਖਿਆ:

"... ਮੈਂ ਤੁਸਾਂ ਵਾਸੇ (ਵਾਸਤੇ) ਐਹਜਾ (ਇਹੋ ਜਿਹਾ) ਤੋਹਫ਼ਾ ਘਿਣ ਕੇ ਆਸਾਂ ਜੋ ਤੁਸਾਂ ਕਦੀ ਸੁਣਿਆਂ ਬੀ ਨਾ ਹੋਸੀ... ।"
ਅਗਲੇ ਦਿਨ ਉਹ ਲੋਲੀਆ ਮਿਤਰੋਸਵਾ ਦੇ ਨਾਲ ਬੈਠਾ ਪਰ ਉਹਦੇ ਤੋਂ ਬੇਧਿਆਨਾ ਹੋ ਕੇ 'ਪ੍ਰਾਵਦਾ' ਦੀ ਖ਼ਬਰ ਪੜ੍ਹ ਕੇ ਖਿੜ ਗਿਆ, "ਸ਼ੋਲਾਪੁਰ ਵਿੱਚ ਆਰਮੀ ਬਗ਼ਾਵਤ!" ਉਹ ਉਸ ਵੇਲੇ ਮਾਸਕੋ ਨਹੀਂ, ਬੰਬਈ ਵਿੱਚ। ਪਰੇਮ ਨਗਰੀ ਦੀ ਵਸਨੀਕ ਉਹਦੀ ਰੂਸੀ ਦੋਸਤ ਉਠ ਕੇ ਪਰਾਂਹ ਹੋ ਗਈ,"

" You are not from my world!"

ਦੋ ਸਾਲ ਰੂਸ ਵਿੱਚ ਕਮਿਊਨਿਜ਼ਮ ਪੜ੍ਹ ਲਿਖ ਕੇ ਕਾਮਰੇਡ ਸਖ਼ਾਰੋਫ਼ ਬੰਬਈ ਪਰਤਿਆ, ਜਿੱਥੇ ਉਹਨੂੰ ਪੁਰਾਣੇ ਸੰਗੀ, "ਵਿਕਟੋਰੀਆ ਡੌਕ" ਦੇ ਮਜ਼ਦੂਰ ਮਿਲ ਪਏ, ਜਿਨ੍ਹਾਂ ਉਹਨੂੰ ਦਸ ਸਾਲ ਬਾਅਦ ਵੀ ਦਾਦਾ ਕਹਿ ਕੇ ਬੁਲਾਇਆ। ਉਹਦਾ ਇਹ ਨਾਂ ਉਹਦੇ ਨਵੇਂ ਕਾਮਰੇਡਾਂ ਵਿੱਚ ਵੀ ਮਕ਼ਬੂਲ ਹੋ ਗਿਆ। ਇੰਡੀਆ 'ਚ ਕਮਿਊਨਿਸਟ ਪਾਰਟੀ ਦੀ ਨੀਂਹ ਰੱਖਦਿਆਂ ਉਹ ਐੱਸ਼ ਏ. ਡਾਂਗੇ, ਪੀ. ਸੀ. ਜੋਸ਼ੀ, ਜੀ ਵੀ ਘਾਟੇ ਤੇ ਬ੍ਰੈਡਲੇ ਦਾ ਭਾਈਵਾਲ ਬਣਿਆ। ਮਨਸੂਬਾਬੰਦੀ ਲਈ ਕਾਗ਼ਜ਼ ਕਾਲੇ ਹੋ ਰਹੇ ਪਰ ਦਾਦੇ ਕੋਲੋਂ ਮਾਂ ਨੂੰ ਖ਼ਤ ਨਾ ਲਿਖਿਆ ਜਾ ਰਿਹਾ। ਕਾਮਰੇਡਾਂ ਨੂੰ ਸਮਝ ਆ ਗਈ ਕਿ ਉਹਨਾਂ ਦਾ ਨਵਾਂ ਕਾਮਰੇਡ ਆਪਣੇ ਗਰਾਂ ਤੇ ਮਾਂ ਤੋਂ ਬਹੂੰ ਓਦਰਿਆ ਹੋਇਆ। ਤੇ ਇੰਝ ਉਹਨੂੰ ਕੁਝ ਦਿਨ ਦੀ ਛੁੱਟੀ ਮਿਲ ਗਈ...

+++

1928 ਵਿੱਚ ਅਮੀਰ ਹੈਦਰ ਅਠਾਈਆਂ ਦਾ, ਜਦੋਂ ਉਹ ਚੌਦਾਂ ਵਰ੍ਹਿਆਂ ਬਾਅਦੋਂ ਆਪਣੇ ਗਰਾਂ ਪਰਤਿਆ। ਗੁੱਜਰਖ਼ਾਂ ਟੇਸ਼ਨ, ਰੇਲ ਗੱਡੀ ਤੋਂ ਉੱਤਰਦਿਆਂ ਉਹਨੇ ਆਸੇ ਪਾਸੇ ਨਿਗ੍ਹਾ ਮਾਰੀ, ਜਿੱਥੇ ਕੁਝ ਵੀ ਨਾ ਬਦਲਿਆ। ਬਜ਼ਾਰੋਂ ਓਸ ਦੋ ਮਨ ਗੁੜ ਖ਼ਰੀਦਿਆ, ਊਠ ਉਤੇ ਲਦਵਾਅ ਕੇ ਚਾਈਂ ਚਾਈਂ ਗਰਾਂ ਨੂੰ ਚੱਲ ਪਿਆ। ਆਉਂਦੇ ਨੂੰ ਰਹਿਮਾਨ ਵੇਖ ਲਿਆ, ਜਿਹੜਾ ਉਹਦਾ ਰਿਸ਼ਤੇਦਾਰ ਤੇ ਸਕੂਲ ਦਾ ਜਮਾਤੀ ਵੀ, ਉਹ ਉਹਨੂੰ ਮਿਲਿਆ ਪਿੱਛੋਂ, ਪਹਿਲਾਂ ਉਹਨੇ ਗਰਾਂ ਵਿੱਚ ਰੌਲਾ ਪਾ ਦਿੱਤਾ, "ਅਮੀਰ ਹੈਦਰ! ਅਮੀਰ ਹੈਦਰ!"
ਮਾਂ ਤੇ ਭੈਣ ਖੁਸ਼ੀ ਨਾਲ ਝੱਲੀਆਂ ਹੋ ਗਈਆਂ, ਰੋਂਦਿਆਂ ਪਿਆਰਾਂ ਨਾਲ ਮਿਲੀਆਂ। ਹਾਣੀ ਜੱਫੀਆਂ ਪਾਵਣ, ਬਜ਼ੁਰਗ ਸਿਰ ਉਤੇ ਹੱਥ ਫੇਰਨ, ਬੁੱਢੀਆਂ ਮਾਈਆਂ ਮੂੰਹ ਮੱਥਾ ਚੁੰਮਣ ਤੇ ਬਾਲ ਅਗਾਂਹ ਹੋ ਹੋ ਪਿਆਰ ਲੈਂਦੇ ਰਹੇ। ਗੁੜ ਖਾਂਦਿਆਂ ਗਰਾਈਆਂ ਦੀਆਂ ਅੱਖਾਂ ਵਿੱਚ ਕੋਈ ਸਵਾਲ। ਮਾਂ ਉਹਨੂੰ ਦੱਸਿਆ ਕਿ ਉਹਨੇ ਖ਼ਤ ਵਿਚ ਲਿਖਿਆ ਸੀ, ਉਹ ਉਹਨਾਂ ਵਾਸਤੇ ਕੁਝ ਲੈ ਕੇ ਆਸੀ ਜੋ ਉਹਨਾਂ ਕਦੀ ਸੋਚਿਆ ਵੀ ਨਾ। "ਇਨਕ਼ਲਾਬ ਜਿਹੜਾ ਸਭ ਜ਼ੁਲਮ ਮੁਕਾਸੀ!" ਲੋਕਾਂ ਇਨਕ਼ਲਾਬ ਦਾ ਲਫ਼ਜ਼ ਪਹਿਲੀ ਵਾਰ ਸੁਣਿਆ, ਰਹਿਮਾਨ ਸਿਆਣਾ ਬੰਦਾ, ਸਾਰੇ ਉਹਦੇ ਵੱਲ ਵੇਖਣ ਲੱਗ ਪਏ। ਰਹਿਮਾਨ ਅਮੀਰ ਹੈਦਰ ਕੋਲੋਂ ਇਨਕ਼ਲਾਬ ਸਮਝਦਾ ਰਿਹਾ, ਸੁਣ ਰਹੇ ਕਰਮ ਦਾਦ ਆਖਿਆ,
"ਅਮੀਰ ਹੈਦਰ, ਤੂੰ ਇਨਕ਼ਲਾਬ ਨਹੀਂ, ਇਨਕ਼ਲਾਬ ਨੀ ਗੱਲ ਲਈਕੇ ਅੱਛਿਆ (ਆਇਆਂ)!"
ਅਮੀਰ ਹੈਦਰ ਸੱਚ ਸੁਣ ਕੇ ਪਰੇਸ਼ਾਨ ਹੋਇਆ, ਮਾਂ ਪੁੱਤਰ ਦਾ ਮੱਥਾ ਚੁੰਮ ਦਿਆਂ, "ਕੁਝ ਅੱਛਿਆ ਕਿਹ ਨਹੀਂ, ਮੇਰਾ ਪੁੱਤਰ ਆਈ ਗਿਆ, ਏਹਦੇ ਤੋਂ ਵੱਡੀ ਖੁਸ਼ੀ ਕੀਹ!" ਅਮੀਰ ਹੈਦਰ ਸਾਰੇ ਗਰਾਂ ਨੂੰ ਮਿਲ ਲਿਆ ਪਰ ਸਰਦਾਰਨੀ ਕੋਈ ਨਾ ਦਿੱਸੀ। ਉਹਦੀ ਭੈਣ ਨੂਰ ਉਹਨੂੰ ਦੱਸਿਆ ਕਿ ਸਰਦਾਰ ਦੇ ਮਰਨ ਪਿੱਛੋਂ ਸਰਦਾਰਨੀ ਦੀ ਕ਼ੈਦ ਹੋਰ ਸਖ਼ਤ ਹੋ ਗਈ। ਮਤਰਏ ਪੁੱਤਰਾਂ ਉਹਨੂੰ ਨੌਕਰਾਣੀ ਬਣਾਅ ਕੇ ਰੱਖਿਆ ਹੋਇਆ, ਦਿਨੇ ਰਾਤੀਂ ਵਿਚਾਰੀ ਟੰਗੀ ਰਹਵੇ। ਭੈਣ ਦੇ ਘਰ ਅਮੀਰ ਹੈਦਰ ਸਰਦਾਰਨੀ ਨੂੰ ਮਿਲਿਆ। ਓਸ ਦੁਖਿਆਰੀ ਓਹਨੂੰ ਇਹ ਵੀ ਚੇਤੇ ਨਾ ਕਰਾਇਆ, "ਮੈਂ ਜੇ ਆਪਣੇ ਪਿਓ ਨਾ ਪੁੱਤਰ, ਤੈਕੀ ਸਰਦਾਰ ਨੀ ਕ਼ੈਦ ਤੋਂ ਛੁੜਾਵਾਈ ਕੇ ਰਹਿਸਾਂ!"

ਅਮੀਰ ਹੈਦਰ ਸਰਦਾਰਨੀ ਨੂੰ ਤਸੱਲੀ ਦਿੱਤੀ,
"ਇਨਕਲਾਬ ਆਸੀ ਤੇ ਸਾਰੇ ਜ਼ੁਲਮ ਮੁਕੀ ਵੈਸਨ!"
ਸਰਦਾਰਨੀ ਇੰਝ ਮੁਸਕਰਾਈ ਜਿਓਂ ਉਹਨੂੰ ਉਹਦੇ ਇਨਕ਼ਲਾਬ ਦਾ ਯਕ਼ੀਨ ਕੋਈ ਨਾ। ਅਮੀਰ ਹੈਦਰ ਸਰਦਾਰਨੀ ਨੂੰ ਇਨਕ਼ਲਾਬ ਸਮਝਾਂਦਾ ਰਹਿੰਦਾ ਤੇ ਉਹ ਅੱਗੋਂ ਹੱਸਦਿਆਂ ਉਹਨੂੰ ਆਪਣੀ ਗੱਲ ਗਾਉਣਾਂ ਰਾਹੀਂ ਸੁਣਾਵੇ, ਜਿਹਨਾਂ ਵਿੱਚ ਕੰਮ ਤੇ ਵਿਛੋੜਾ ਰਲੇ ਮਿਲੇ:

ਘਾਹ ਪਈ ਕੱਪਣੀ ਆਂ
ਲੋਕਾਂ ਭਾਣੇ ਘਾਹ ਕੱਪਦੀ,
ਰਾਹ ਮਾਹੀਏ ਦਾ ਤੱਕਣੀਆਂ
ਤੇ -
ਕੁਤਰਾ ਗਾਈਂ ਜੋਗਾ
ਸਿਕਦੀ ਮਰ ਗਈ ਆਂ,
ਮੈਂਡਾ ਢੋਲ ਦੁਆਈਂ ਜੋਗਾ--
ਗੱਡੀ ਨੀਆਂ ਦੋ ਲੈਣਾਂ
ਜਿੱਥੇ ਮਾਹੀ ਯਾਦ ਪਵੇ
ਓਥੇ ਬਹੀਕੇ ਰੋਈ ਵੈਨਾਂ (ਵੈਅਨਾਂ)
...ਛੱਲਾ ਮੈਂਡਾ ਜੀ ਢੋਲਾ,
ਕੋਈ ਕਣਕ ਸਫਾ ਕੀਤੀ
ਕਬਰ ਤੇ ਲਿਖਵੈਸਾਂ,
ਨਹੀਂ ਢੋਲ ਵਫ਼ਾ ਕੀਤੀ
ਛੱਲਾ ਆਇਆ ਪਾਰ ਨਾ
ਪੀਪਾ ਚਾੜ੍ਹਿਆ ਖਾਰ ਨਾ
ਅੰਦਰ ਬਹਿ ਕੇ ਰੋਨੀ ਆਂ
ਚੋਲਾ ਯਾਰ ਦਾ ਧੋਨੀ ਆਂ

- ਉੱਚੀ ਮਾੜੀ ਤੇ ਦੁੱਧ ਪਈ ਰਿੜਕਾਂ
ਮੇਕੂੰ ਸਾਰੇ ਟੱਬਰ ਨੀਆਂ ਝਿੜਕਾਂ
ਨਹੀਓਂ ਗੁਜ਼ਾਰਾ ਢੋਲ ਜਾਨੀ
ਲੋਕਾਂ ਨੇ ਤਾਅਨੇ ਮੈਂ ਨਹੀਓਂ ਸਾਹਨੀ

ਅਮੀਰ ਹੈਦਰ ਧਿਆਨ ਮਾਰਿਆ ਤੇ ਸਾਰੇ ਪੋਠੋਹਾਰ ਵਿਚ ਮਿਹਨਤ ਦੇ ਮੁੜ੍ਹਕੇ ਨਾਲ ਜੁਦਾਈਆਂ ਦੀ ਫਸਲ ਪੱਕ ਰਹੀ। ਛੁੱਟੀ ਮੁੱਕ ਗਈ, ਇਨਕਲਾਬ ਦੀ ਲਗਨ ਹੋਰ ਪਕੇਰੀ। ਗਰਾਂ ਤੋਂ ਪਰਤਦਿਆਂ ਅਮੀਰ ਹੈਦਰ ਆਪਣੇ ਪਾਸਪੋਰਟ ਦੇ ਕਾਗ਼ਜ਼ ਜ਼ੈਲਦਾਰ, ਮਾਲ ਅਫ਼ਸਰ ਤੇ ਥਾਣੇਦਾਰ ਤੋਂ ਤਸਦੀਕ ਕਰਵਾਅ ਲਏ। ਮੈਜਿਸਟ੍ਰੇਟ ਦਾ ਠੱਪਾ ਜ਼ਰੂਰੀ, ਜਿਹਦੇ ਲਈ ਉਹਨੂੰ ਰਾਵਲਪਿੰਡੀ ਜਾਣਾ ਪਿਆ। ਕਚਿਹਰੀ ਅੱਪੜਿਆ ਜਿੱਥੇ ਮੁਕੱਦਮੇਬਾਜ਼ਾਂ ਦੀ ਭੀੜ, ਅਦਾਲਤਾਂ 'ਚੋਂ ਆਵਾਜ਼ਾਂ ਪੈ ਰਹੀਆਂ। ਉਹਨੂੰ ਉਹ ਵੇਲਾ ਚੇਤੇ ਆਇਆ ਜਦੋਂ ਪੋਠੋਹਾਰ ਵਿਚ ਲੋਕ ਆਪਸੀ ਝਗੜੇ ਆਪ ਨਿਬੇੜਦੇ, ਥਾਣੇ ਕਚਿਹਰੀ ਜਾਣਾ ਆਪਣੀ ਤੇ ਆਪਣੇ ਗਰਾਂ ਦੀ ਹਾਰ ਤੇ ਬਦਨਾਮੀ ਸਮਝਦੇ। ਅਮੀਰ ਹੈਦਰ ਮੈਜਿਸਟ੍ਰੇਟ ਨੂੰ ਮਿਲਣਾ ਚਾਹਵੇ, ਅਦਾਲਤੀ ਅਹਿਲਕਾਰ ਉਹਨੂੰ ਨੇੜੇ ਨਾ ਲੱਗਣ ਦੇਵੇ। ਉਹ ਹਮਾਮ ਤੇ ਗਿਆ, ਮੂੰਹ ਧੋਤਾ ਤੇ ਸ਼ੇਵ ਕਰਾਈ। ਸੰਦੂਕ਼ 'ਚੋਂ ਅਪਣਾ ਪੈਂਟ ਕੋਟ ਕੱਢਿਆ, ਟਾਈ ਲਾਈ, ਪੈਰੀਂ ਬੂਟ ਤੇ ਸਿਰ ਉੱਤੇ ਹੈਟ। ਹੁਣ ਗਿਆ ਤੇ ਅਦਾਲਤੀ ਅਹਿਲਕਾਰ ਸਲੂਟ ਮਾਰ ਕੇ ਉਹਨੂੰ ਮੈਜਿਸਟਰੇਟ ਕੋਲ ਲੈ ਗਿਆ। (ਅੰਗਰੇਜ਼ ਦੀ ਇਹ ਗ਼ੁਲਾਮੀ ਉਹਨੇ ਬੰਬਈ ਤੋਂ ਆਉਂਦਿਆਂ ਸਾਰੇ ਇੰਡੀਆ ਵਿੱਚ ਵੇਖੀ।)...

+++

ਕਮਿਊਨਿਸਟ ਪਾਰਟੀ ਆਫ਼ ਇੰਡੀਆ, ਜਿਹੜੀ ਐਮ.ਐਨ. ਰਾਏ ਤਾਸ਼ਕ਼ੰਦ ਵਿੱਚ ਬਣਾਈ, ਇੰਡੀਆ ਵਿੱਚ ਉਹ ਬੈਨ ਹੋ ਗਈ, ਜਿਹਦੇ ਕਾਮਰੇਡ ਅੰਡਰਗਰਾਉਂਡ ਹੋ ਕੇ ਕੰਮ ਕਰਦੇ ਰਹੇ। ਅਮੀਰ ਹੈਦਰ ਅੱਗੇ ਤੇ ਨਾਂ ਈ ਬਦਲਦਾ ਪਰ ਐਤਕੀਂ ਉਹਨੂੰ ਰੂਪ ਵੀ ਵਟਾਣਾ ਪਿਆ। ਉਸ ਹੋਲ ਟਾਇਮਰ ਦਾ ਨਵਾਂ ਨਾ "ਖ਼ਾਨ", ਪਠਾਣ ਪਹਿਰਾਵਾ ਤੇ ਵੱਡੀਆਂ ਵੱਡੀਆਂ ਮੁੱਛਾਂ। ਇੰਡੀਅਨ ਕਾਮਰੇਡਾਂ ਬਾਰੇ ਦੇਸ ਵਿੱਚ ਪਰੌਪੇਗੰਡਾ ਕਿ ਉਹਨਾਂ ਨੂੰ ਮਾਸਕੋ ਤੋਂ ਸੋਨਾ ਆਵੇ ਪਰ ਖ਼ਾਨ ਅੰਦਰ ਦਾ ਭੇਤੀ, ਉਹ ਜਾਣੇ ਕਿ ਕਾਮਰੇਡ ਐੱਸ. ਏ. ਡਾਂਗੇ, ਜਿਹੜਾ ਬੰਬਈ 'ਚ ਟੈਕਸਟਾਇਲ ਯੂਨੀਅਨ ਦਾ ਜਨਰਲ ਸੈਕਰਟਰੀ, ਦੇ ਘਰੋਂ, ਊਸ਼ਾ, ਦਾਈਆਂ ਦਾ ਕੰਮ ਕਰਦੀ ਤੇ ਘਰ ਦਾ ਖ਼ਰਚਾ ਚੱਲਦਾ, ਜਿੱਥੇ ਕਾਮਰੇਡ ਪੀ. ਸੀ. ਜੋਸ਼ੀ ਵੀ ਉਹਨਾਂ ਦੇ ਨਾਲ ਰਹਿੰਦਾ। ਕਾਮਰੇਡ ਜੀ. ਵੀ. ਘਾਟੇ ਇਨਕ਼ਲਾਬ ਲਈ ਵਿਆਹ ਈ ਨਾ ਕੀਤਾ, ਦੋ ਧੋਤੀਆਂ ਤੇ ਦੋ ਕੁੜਤੇ ਉਹਦਾ ਕੁੱਲ ਵਲੇਵਾ, ਉਹਦਾ ਜਿਗਰੀ ਯਾਰ ਡਾਕਟਰ ਰਾਓ ਉਹਨੂੰ ਦੋ ਵੇਲੇ ਦਾ ਖਾਣਾ ਦੇਵੇ। ਕਾਮਰੇਡ ਐੱਸ਼ ਐੱਸ਼ ਮਿਰਾਜਕਰ ਦਾ ਡਾਕੀਆ ਭਰਾ ਉਹਦਾ ਖ਼ਰਚਾ ਚਲਾਵੇ। ਕਾਮਰੇਡ ਬ੍ਰੈਡਲੇ ਬ੍ਰਿਟਿਸ਼ ਕਮਿਊਨਿਸਟ ਪਾਰਟੀ ਵੱਲੋਂ ਇੰਡੀਆ 'ਚ ਟਰੇਡ ਯੂਨੀਅਨ ਲਹਿਰ ਦੀ ਤਿਆਰੀ ਤੇ ਉਸਾਰੀ ਲਈ ਆਇਆ, ਉਹਦਾ ਖ਼ਰਚਾ ਇੰਗਲੈਂਡ ਤੋਂ ਉਹਦੇ ਕਾਮਰੇਡ ਘੱਲਦੇ। ਕਾਮਰੇਡ ਜੀ. ਅਧਿਕਾਰੀ ਜਰਮਨੀ ਤੋਂ ਇੰਡਸਟ੍ਰੀਅਲ ਕੈਮੀਕਲ ਇੰਜੀਨੀਅਰਿੰਗ 'ਚ ਡਾਕਟਰੇਟ ਕਰ ਕੇ ਆਇਆ,ਕਮਿਊਨਿਜ਼ਮ ਪਿੱਛੇ ਉਹਦੇ ਬਿਉਰੋਕ੍ਰੇਟ ਪਿਓ ਉਹਦੇ ਨਾਲ ਸਾਂਗਾ ਤਰੋੜ ਲਿਆ ਤੇ ਪਾਰਟੀ ਦੇ ਦਫ਼ਤਰ, ਜਿਹੜਾ ਕਮਿਊਨਿਜ਼ਮ ਬਾਰੇ ਕਿਤਾਬਾਂ ਨਾਲ ਭਰਿਆ ਹੋਇਆ, 'ਚ ਰਹਿਣ ਲਈ ਉਹਨੂੰ ਘੁਸਰਨਾ ਪਵੇ। ਪਾਰਟੀ ਦਾ ਨਾਂ "ਵਰਕਰਜ਼ ਐਂਡ ਪੀਜ਼ੈਂਟਸ ਪਾਰਟੀ" ਜਿਹੜੀ ਮਰਾਠੀ ਨਾਂ "ਲਾਲ ਬੋਂਟਾ ਗਿਰਨੀ ਕਾਮਗਰ ਯੂਨੀਅਨ" ਤਹਿਤ ਕੰਮ ਕਰਦੀ। ਪਾਰਟੀ ਦੀ ਗ਼ਰੀਬੀ ਵਜੋਂ ਖ਼ਾਨ ਨੂੰ ਨੌਕਰੀ ਕਰਨੀ ਪੈ ਗਈ। ਉਹਨੇ ਅਮਰੀਕੀ ਸ਼ਹਿਰ ਡੈਟਰਾਇਟ ਵਿੱਚ ਪੇਕਾਰਡ ਮੋਟਰ ਕੰਪਨੀ ਵਿੱਚ ਜਿਹੜੀ ਨੌਕਰੀ ਕੀਤੀ ਉਹਦਾ ਐਕਸਪੀਰਿਐਂਸ ਸਰਟੀਫ਼ੀਕੇਟ ਉਹਦੇ ਕੰਮ ਆਇਆ ਤੇ ਉਹਨੂੰ ਜਨਰਲ ਮੋਟਰਜ਼ ਵਿੱਚ ਨੌਕਰੀ ਮਿਲ ਗਈ। ਢਾਈ ਰੁਪਏ ਦਿਹਾੜੀ ਤੇ ਦੋ ਆਨੇ ਟਰਾਂਸਪੋਰਟ ਅਲਾਊਂਸ। ਖ਼ਾਨ ਚਾਰ ਆਨੇ ਆਪਣੇ ਖ਼ਰਚੇ ਲਈ ਰੱਖ ਲੈਂਦਾ, ਰਹਿੰਦੇ ਦੋ ਰੁਪਏ ਛੇ ਆਨੇ ਉਹ ਰੋਜ਼ ਪਾਰਟੀ ਨੂੰ ਦੇਵੇ। ਉਹਨਾਂ ਦਿਨਾਂ ਵਿੱਚ ਕਮਿਊਨਿਸਟ ਲੀਡਰਾਂ ਉੱਤੇ ਫ਼ੈਕਟਰੀ ਮਾਲਕਾਂ ਦੇ ਗੁੰਡੇ ਹਮਲੇ ਕਰਦੇ, ਜਿਹਨਾਂ ਦੀ ਰਖਸ਼ਾ ਲਈ ਵਰਕਰਜ਼ ਨੇ "ਰੈੱਡ ਗਾਰਡਜ਼" ਬਣਾਈ। ਮੁੱਛਲ ਖ਼ਾਨ ਨੂੰ ਗਾਰਡ ਦਾ ਵੇਸ ਵਾਹਵਾ ਫੱਬਿਆ। ਸੁਹਾਸਿਣੀ ਜਿਹੜੀ ਮਾਸਕੋ ਵਿੱਚ ਦਾਦੇ ਦੀ ਕਲਾਸਫ਼ੈਲੋ ਰਹੀ, ਉਹ ਵੀ ਰੂਸ ਤੋਂ ਆ ਕੇ ਬੰਬਈ ਦੇ ਕਾਮਰੇਡਾਂ ਵਿੱਚ ਰਲ ਗਈ, ਉਹ ਦਾਦੇ ਨੂੰ ਹੁਣ ਵੀ ਸਖ਼ਾਰੋਫ਼ ਈ ਆਖੇ।

ਕਲਕੱਤੇ ਵਿੱਚ ਪੰਜਾਬ 'ਚੋਂ ਆਏ ਕਾਮਰੇਡ ਸੋਹਨ ਸਿੰਘ ਜੋਸ਼ ਦੀ ਪ੍ਰਧਾਨਗੀ ਹੇਠ 'ਆਲ ਇੰਡੀਆ ਵਰਕਰਜ਼ ਐਂਡ ਪੇਜ਼ੈਂਟਸ ਪਾਰਟੀ ਕਾਨਫ਼ਰੰਸ' ਹੋਈ, ਜਿਹਦੇ ਵਿੱਚ ਕਾਮਰੇਡ ਘਾਟੇ ਨੂੰ ਅੰਡਰਗਰਾਊਂਡ ਕਮਿਊਨਿਸਟ ਪਾਰਟੀ ਦਾ ਸੈਕਟਰੀ ਜਨਰਲ ਬਣਾਇਆ ਗਿਆ। ਪਾਰਟੀ ਅੰਡਰਗਰਾਊਂਡ, ਖ਼ੁਫ਼ੀਆ ਠਿਕਾਣੇ। ਲੁਕ ਲੁਕ ਕੰਮ ਕਰਦਿਆਂ ਖ਼ਾਨ ਅੱਕ ਗਿਆ ਤੇ ਉਸ ਮਨਸੂਬਾਬੰਦੀ ਕੀਤੀ ਕਿ ਇੰਡੀਆ ਦੀ ਕਮਿਊਨਿਸਟ ਲਹਿਰ ਲਈ ਆਲਮੀ ਸਾਂਗੇ ਜ਼ਰੂਰੀ। ਪਾਰਟੀ ਦੇ ਵਧਾਅ ਲਈ ਕਾਮਰੇਡ ਘਾਟੇ ਯੂ ਪੀ 'ਚ ਇਕੱਠ ਕੀਤਾ, ਜਿਹਦੇ ਕੁੱਲ ਛੇ ਰਲਤੀ ਜਿਹੜੇ: ਘਾਟੇ, ਡਾਂਗੇ, ਮਿਰਾਜਕਰ, ਉਸਮਾਨੀ, ਅਧਿਕਾਰੀ ਤੇ ਖ਼ਾਨ। ਥਾਵਾਂ ਮਿੱਥੀਆਂ ਗਈਆਂ ਤੇ ਕੰਮ ਵੰਡੇ ਗਏ -ਕਿ ਮੇਰਠ ਸਾਜ਼ਿਸ਼ ਕੇਸ ਹੋ ਗਿਆ! ਬੱਤੀ ਕਮਿਊਨਿਸਟ ਕਾਮਰੇਡ ਨਾਮਜ਼ਦ ਹੋਏ। ਸਾਰੇ ਮੁਲਜ਼ਮਾਨ ਫੜੇ ਗਏ ਪਰ ਖ਼ਾਨ ਛਾਈਂਮਾਈਂ ਹੋ ਗਿਆ।

ਗੋਆ ਦੀ ਕਾਸਮੋਪੋਲਿਟਨ ਕਲੱਬ 'ਚ "ਫ਼ਰਾਂਸਿਸਕੋ ਫ਼ਰਨੈਂਡਜ਼" ਨਾਂ ਦੇ ਸੂਟਿਡ ਬੂਟਿਡ ਐਂਗਲੋ ਇੰਡੀਅਨ ਨੂੰ ਦਾਖ਼ਲ ਹੋਂਦਿਆਂ ਯੂਰਪੀਅਨ ਸਾਰਜੈਂਟ ਸੈਲਿਊਟ ਕੀਤਾ। ਇਹ ਟੌਹਰ ਨਾਲ ਟੁਰਦਾ ਪਰੌਹਣਾ ਕੋਈ ਹੋਰ ਨਹੀਂ, ਖ਼ਾਨ, ਜਿਹਨੇ ਇੰਡੀਆ ਤੋਂ ਫ਼ਰਾਰ ਹੋਵਣ ਲਈ ਇਹ ਵੇਸ ਵਟਾਇਆ। ਸੀਆਈਡੀ ਪਿੱਛੇ ਲੱਗੀ ਹੋਈ, ਫ਼ਰਾਂਸਿਸਕੋ ਫ਼ਰਨੈਂਡਜ਼ ਗੋਆ ਤੋਂ ਬੰਬਈ ਅੱਪੜਿਆ, ਜਿੱਥੋਂ ਉਹ 'ਫ਼ਰੈਂਚ ਇੰਡੋ ਚਾਇਨੀਜ਼ ਲਾਇਨ' ਵਿੱਚ ਸਵਾਰ ਹੋ ਗਿਆ। ਏਸ ਸਮੁੰਦਰੀ ਜਹਾਜ਼ 'ਚ ਉਹਦੀ ਮੁਲਾਕ਼ਾਤ ਨੋਬਲ ਇਨਾਮ ਯਾਫ਼ਤਾ ਰਾਬਿੰਦਰ ਨਾਥ ਟੈਗੋਰ ਤੇ ਮਸ਼ਹੂਰ ਬੰਗਾਲੀ ਐਜੁਕੇਸ਼ਨਿਸਟ ਪ੍ਰੋਫ਼ੈਸਰ ਚਕ੍ਰਵਰਤੀ ਨਾਲ ਹੋਈ। ਉਹਨੂੰ ਓਥੇ ਲਾਹੌਰੀ ਕ੍ਰਿਸਚਨ ਮੁੰਡਾ ਲਾਲ ਵੀ ਮਿਲਿਆ, ਜਿਹੜਾ 'ਨੌਜਵਾਨ ਭਾਰਤ ਸਭਾ' ਦਾ ਮੈਂਬਰ, ਜਿਹਦੀ ਸਾਇਕਲੋਸਟਾਇਲਿੰਗ ਮਸ਼ੀਨ 'ਤੇ ਭਗਤ ਸਿੰਘ, ਰਾਜ ਗੁਰੂ ਤੇ ਸੁਖਦੇਵ ਇਨਕ਼ਲਾਬੀ ਲਿਟਰੇਚਰ ਛਪਵਾਂਦੇ ਰਹੇ। ਇਸ਼ਤਿਹਾਰੀ ਮਫ਼ਰੂਰ ਲਾਲ ਭਾੜੇ ਤੋਂ ਥੁੜਿਆ ਹੋਇਆ, ਫ਼ਰਾਂਸਿਸਕੋ ਫ਼ਰਨੈਂਡਜ਼ ਸਾਰੇ ਬੋਝੇ ਫਰੋਲੇ, ਜੋ ਹੱਥ ਲੱਗਾ ਉਹ ਲਾਲ ਨੂੰ ਦੇ ਦਿੱਤਾ। ਫ਼ਰਾਂਸਿਸਕੋ ਫ਼ਰਨੈਂਡਜ਼ ਕੌਮਿਨਟਰਨ (ਕਮਿਊਨਿਸਟ ਇੰਟਰਨੈਸ਼ਨਲ) ਨਾਲ ਮਿੱਥੇ ਸੀਕਰੇਟ ਮਿਸ਼ਨ 'ਤੇ। ਹੈਮਬਰਗ ਵਿੱਚ ਉਹਨੂੰ ਕਾਮਰੇਡ ਜੂਲੀਅਸ ਮਿਲਿਆ, ਜਿਹਨੇ ਉਹਨੂੰ ਨਾਲ ਲਿਆ ਤੇ ਬਰਲਿਨ ਦੇ ਇਕ ਹੋਟਲ 'ਚ ਛੱਡਿਆ। ਬਰਲਿਨ ਵਿੱਚ ਉਹ 'ਐਂਟੀਇੰਪੀਰੀਅਲਿਸਟ ਲੀਗ' ਦੇ ਦਫ਼ਤਰ ਗਿਆ। ਜਿੱਥੇ ਉਹਨੂੰ ਵਰਿੰਦਰਾ ਨਾਥ ਚੱਟੋਪਾਧਿਆਏ ਟੱਕਰ ਗਿਆ, ਜਿਹੜਾ ਉਹਦਾ ਅਗਦੋਂ ਈ ਮਾਸਕੋ ਦਾ ਜਾਣੂ। ਓਥੇ ਉਹਨੂੰ 'ਜਰਮਨ ਸੋਸ਼ਲ ਡੈਮੋਕ੍ਰੇਟਿਕ ਪਾਰਟੀ' ਦਾ ਇਕ ਆਹਰੀ ਫ਼ਰਗੂਸਨ ਵੀ ਮਿਲਿਆ। ਬਰਲਿਨ ਤੋਂਫ਼ਰਾਂਸਿਸਕੋ ਫ਼ਰਨੈਂਡਜ਼ ਨੂੰ ਕਮਿਨਟਰਨ ਦੇ ਖ਼ੁਫ਼ੀਆ ਏਜੰਟ ਨਾਲ ਹੈਮਬਰਗ ਪਰਤਣਾ ਪਿਆ, ਜਿੱਥੋਂ ਵਾਰਸਾ ਰਾਹੀਂ ਮਾਸਕੋ ਲਈ ਰੇਲ ਗੱਡੀ ਵਿੱਚ ਬੈਠਾ।
ਮਾਸਕੋ ਅੱਪੜ ਕੇ ਫ਼ਰਾਂਸਿਸਕੋ ਫ਼ਰਨੈਂਡਜ਼, "ਕਾਮਰੇਡ ਮਿਸ਼ਰਾ" ਹੋ ਗਿਆ, ਜਿਹਨੂੰ 'ਰੈੱਡ ਇੰਟਰਨੈਸ਼ਨਲ ਟਰੇਡ ਯੂਨੀਅਨ ਕਾਂਗਰਸ' ਦੇ ਓਪਨ ਸੈਸ਼ਨ ਲਈ ਪਰੀਜ਼ੀਡੀਅਮ ਦਾ ਮੈਂਬਰ ਚੁਣਿਆ ਗਿਆ, ਜਿੱਥੇ ਉਹਨੇ ਬਾਲਸ਼ਵਿਕੀਆਂ ਕੋਲੋਂ 'ਬ੍ਰਿਟਿਸ਼ ਕਮਿਊਨਿਸਟ ਪਾਰਟੀ' ਦਾ ਗਿਲਾ ਸੁਣਿਆ ਕਿ ਬ੍ਰਿਟਿਸ਼ ਕਲੋਨੀਆਂ (ਬਸਤੀਆਂ)'ਚੋਂ ਬਹੁਤ ਘੱਟ ਕਮਿਊਨਿਸਟ ਵਰਕਰਜ਼ ਟ੍ਰੇਨਿੰਗ ਲਈ ਮਾਸਕੋ ਆਂਦੇ -ਜਦੋਂ ਕਿ 'ਫ਼ਰੈਂਚ ਕਮਿਊਨਿਸਟ ਪਾਰਟੀ' ਫ਼ਰੈਂਚ ਕਲੋਨੀਆਂ 'ਚੋਂ ਅੱਗੜ ਪਿੱਛੜ ਵਰਕਰਜ਼ ਦੇ ਗਰੁੱਪ ਭੇਜੇ। ਕਾਮਰੇਡ ਮਿਸ਼ਰਾ ਨੂੰ ਇਹ ਵੀ ਦੱਸ ਪਈ ਕਿ ਰੂਸੀ, ਸੋਸ਼ਲਿਸਟ ਸਕੂਲ ਦੇ ਟੀਚਰ ਐਮ. ਐਨ. ਰਾਏ ਰਾਹੀਂ, ਇੰਡੀਆ 'ਚ ਕਮਿਊਨਿਸਟ ਪਾਰਟੀ ਉੱਤੇ ਬਹੂੰ ਪੈਸਾ ਖਰਚ ਕਰ ਚੁੱਕੇ। ਰੂਸੀਆਂ ਨੂੰ ਐਮ. ਐਨ. ਰਾਏ ਦੀ ਨੀਯਤ ਤੇ ਦਿਆਨਤ ਉੱਤੇ ਕੋਈ ਸ਼ੱਕ ਨਾ ਪਰ ਉਹਦੇ ਕੰਮ ਕਰਨ ਦੇ ਢੰਗ ਬਾਰੇ ਕਈ ਇਤਰਾਜ਼। ਕਾਮਰੇਡ ਮਿਸ਼ਰਾ 'ਰੈੱਡ ਇੰਟਰਨੈਸ਼ਨਲ ਟਰੇਡ ਯੂਨੀਅਨ ਕਾਂਗਰਸ' ਦੇ ਸੈਕਟਰੀ ਜਨਰਲ ਕਾਮਰੇਡ ਲੋਜ਼ੋਫ਼ਿਸਕੀ ਅੱਗੇ ਰੂਸੀ ਅਖ਼ਬਾਰਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਾਈ, ਜਿਹਨਾਂ ਵਿੱਚ ਸੁਰਖ਼ੀਆਂ ਰਾਹੀਂ ਉਚੇਚਾ 'ਇੰਡੀਅਨ ਨੈਸ਼ਨਲ ਕਾਂਗਰਸ' ਦੇ ਮਹਾਤਮਾ ਗਾਂਧੀ ਦੀ 'ਸਤਿਆਗ੍ਰਹਿ' ਨੂੰ ਬਹੂੰ ਵਡਿਆਇਆ ਜਾ ਰਿਹਾ ਪਰ 'ਨੌਜਵਾਨ ਭਾਰਤ ਸਭਾ' ਦੇ ਭਗਤ ਸਿੰਘ ਦੇ ਇਨਕ਼ਲਾਬੀ ਉੱਦਮ ਬਾਰੇ ਕੋਈ ਖ਼ਬਰ ਨਾ।

ਕਮਿਊਨਿਸਟ ਇੰਟਰਨੈਸ਼ਨਲ ਤੇ ਟਰੇਡ ਯੂਨੀਅਨ ਦੀਆਂ ਬਹਿਸਾਂ 'ਚ ਕਾਮਰੇਡ ਮਿਸ਼ਰਾ ਇੰਡੀਆ ਦਾ ਵਕੀਲ, ਦਲੀਲਾਂ ਦੇਂਦਾ ਲਾਲ ਪੀਲਾ ਹੋ ਜਾਏ ਕਿ ਰੂਸੀ ਜਿਵੇਂ ਚੀਨ ਦੇ 'ਯੂਨਾਇਟਿਡ ਫ਼ਰੰਟ' 'ਤੇ ਪੈਸਾ ਖ਼ਰਚਦੇ, ਉਂਝ ਇੰਡੀਆ ਵਿੱਚ ਕਮਿਊਨਿਸਟ ਲਹਿਰ ਲਈ ਕੁਝ ਨਾ ਕਰ ਰਹੇ। ਰੂਸੀਆਂ ਉਹਨੂੰ ਅਗੋਂ ਮਿਹਣਾ ਮਾਰਿਆ, "ਪਾਰਟੀ ਕਿੱਥੇ?" ਇੰਡੀਆ 'ਚ ਪਾਰਟੀ ਕਿਧਰੇ ਨਜ਼ਰ ਈ ਨਾ ਆਵੇ, ਕਾਮਰੇਡ ਮਿਸ਼ਰਾ ਵਖਾਂਦਾ ਕੀ। ਜਿੱਥੇ ਕੁਝ ਕਾਮਰੇਡ ਅੰਡਰਗਰਾਊਂਡ, ਕੁਝ ਜੇਲਾਂ 'ਚ ਤੇ ਕੁਝ ਮਫ਼ਰੂਰ। ਉਹਦੀ ਹੂੜ੍ਹਮਤੀ ਤੇ ਅੱਖੜਪੁਣੇ ਤੋਂ ਤੰਗ ਇਕ ਸੀਨੀਅਰ ਰੂਸੀ ਕਾਮਰੇਡ ਵਾਹਵਾ ਰਿੰਜ ਹੋ ਕੇ, "ਤੂੰ ਇਨਕ਼ਲਾਬ ਇੰਡੀਆ 'ਚ ਲਿਆਣਾ ਏ ਕਿ ਰੂਸ 'ਚ?" ਗਿਲੇ ਉਲਾਹਮੇ ਦੇਂਦੇ ਇੰਡੀਅਨ ਕਾਮਰੇਡ ਨੂੰ ਬੜੀ ਗ਼ੈਰਤ ਆਈ ਤੇ ਉਹ ਵਾਪਸ ਵਤਨਾਂ ਨੂੰ ਪਰਤਿਆ...

+++

ਕਾਮਰੇਡ ਮਿਸ਼ਰਾ ਮਦਰਾਸ ਅੱਪੜਕੇ ਮੋਟਰ ਮਕੈਨਿਕ "ਸ਼ੰਕਰ" ਹੋ ਗਿਆ, ਜਿਹੜਾ ਮਜ਼ਦੂਰੀ ਕਰਦਿਆਂ ਦਿਨ ਰਾਤ ਅੰਡਰਗਰਾਊਂਡ ਕਾਮਰੇਡਾਂ ਦੀ ਉਘਸੁਘ ਲੈਂਦਾ ਫਿਰੇ। ਉਹ ਵੇਖਦਾ ਛੁੱਟੀ ਵੇਲੇ ਸੀਟੀ ਵੱਜਣੀ, ਫ਼ੈਕਟਰੀਆਂ ਤੇ ਮਿੱਲਾਂ ਦੇ ਹਜ਼ਾਰਾਂ ਮਜ਼ਦੂਰਾਂ ਬਾਹਰ ਨਿਕਲਣਾ, ਮੋਟਰ ਮਕੈਨਿਕ ਸ਼ੰਕਰ ਨੂੰ ਆਪਣੀ ਔਕਾਤੋਂ ਵੱਡੀ ਸੱਧਰ ਹੋਣੀ ਕਿ ਉਹ ਇਨਕ਼ਲਾਬ ਦਾ ਨਾਅਰਾ ਲਵਾਏ ਤੇ ਮਜ਼ਦੂਰਾਂ ਦਾ ਹੜ੍ਹ ਬਿਫ਼ਰਿਆ ਜਲੂਸ ਬਣ ਜਾਏ।
ਸਭ ਤੋਂ ਪਹਿਲਾਂ ਸ਼ੰਕਰ ਨੂੰ ਸੁਹਾਸਿਣੀ ਮਿਲੀ, ਫੇਰ ਅੱਗੜ ਪਿੱਛੜ ਕਾਮਰੇਡ ਰਲਦੇ ਗਏ। ਕਾਮਰੇਡ ਜੈ ਰਾਮ, ਕਾਮਰੇਡ ਸੁੱਬਾ ਰਾਓ ਤੇ ਕਾਮਰੇਡ ਕੇ. ਭਸ਼ਾਮ ਜਿਹਨਾਂ ਕੰਮ ਲਈ ਜਿਹੜਾ ਇਲਾਕ਼ਾ ਮਿੱਥਿਆ ਉਹ ਗੋਆ, ਪੌਂਡੇਚਰੀ, ਬੈਂਗਲੌਰ ਤੇ ਮਦਰਾਸ, ਜਿੱਥੇ 'ਕਰਨਾਟਕ ਮਿੱਲਜ਼', 'ਮਦਰਾਸ ਐਲੋਮੋਨੀਅਮ ਫ਼ੈਕਟਰੀ ਤੇ 'ਸਾਊਥ ਇੰਡੀਅਨ ਰੇਲਵੇ'। ਇਥਾਵੇਂ ਕੁਝ ਰਾਜ ਘਰਾਣਿਆਂ ਦੇ ਨਵੇਂ ਪੂੰਗ ਦੀ ਕਾਇਆਕਲਪ ਹੋਈ, ਜਿਹੜੇ ਅਗਾਂਹਵਧੂ ਵਿਚਾਰਧਾਰਾ ਨਾਲ ਜੁੜ ਗਏ। ਇਹਨਾਂ ਚਿੱਟੀ ਚਮੜੀ ਵਾਲੇ ਬ੍ਰਾਹਮਣ ਜਵਾਨਾਂ ਪਿੱਛੇ ਕਾਲੇ ਦਰਾਵੜ ਝੁੱਗੀਵਾਸ ਮਜ਼ਦੂਰ ਬਸਤੀਆਂ ਦਾ ਮੁੰਡੀਕਾ ਲੱਗਾ ਤੇ 'ਯੰਗ ਵਰਕਰਜ਼ ਲੀਗ' ਬਣੀ, ਜਿਹਦੀ ਮੈਂਬਰਸ਼ਿਪ ਲਈ ਚੰਦਾ ਦੋ ਆਨੇ ਮਹੀਨਾ। ਅਮੀਰ ਇਨਕ਼ਲਾਬੀ ਪੜ੍ਹਾਕਾਂ ਨੂੰ ਘਰੋਂ ਜਿਹੜਾ ਰੋਜ਼ ਦਾ ਜੇਬ ਖਰਚ ਮਿਲਦਾ, ਉਹ ਯੰਗ ਵਰਕਰਜ਼ ਲੀਗ ਨੂੰ ਦੇ ਦਿੰਦੇ ਜਿਹਦਾ ਦਫ਼ਤਰ ਮੋਟਰ ਮਕੈਨਿਕ ਸ਼ੰਕਰ ਚਲਾਂਦਾ।

ਯੰਗ ਵਰਕਰਜ਼ ਲੀਗ 'ਚ ਵੱਖ ਵੱਖ ਥਾਵਾਂ ਤੋਂ ਜਵਾਨ ਰਲਣ ਲੱਗ ਪਏ, ਜਿਹੜੇ ਆਪਣੀ ਆਪਣੀ ਬੋਲੀ ਬੋਲਣ। ਪਰ ਕਾਮਰੇਡ ਜੈ ਰਾਮ ਨੂੰ ਹਿੰਦੀ, ਤੇਲਗੂ, ਤਮਿਲ ਤੇ ਅੰਗਰੇਜ਼ੀ ਫ਼ਰ ਫ਼ਰ ਆਵੇ, ਜਿਹਦੀ ਵਜ੍ਹੋਂ ਵਿਚਾਰਾਂ ਦੀ ਸਾਂਝ 'ਚ ਔਕੜ ਕੋਈ ਨਾ। ਯੰਗ ਵਰਕਰਜ਼ 'ਚ ਜਿੱਥੇ ਡਾਕਟਰ, ਇੰਜੀਨੀਅਰ ਤੇ ਪ੍ਰੋਫ਼ੈਸਰ, ਓਥੇ ਈ ਅਨਪੜ੍ਹ ਮਜ਼ਦੂਰ ਤੇ ਕਿਸਾਨ, ਜਿਹੜੇ ਮੋਢੇ ਨਾਲ ਮੋਢਾ ਜੋੜ ਇਨਕ਼ਲਾਬੀ ਆਹਰ ਵਿੱਚ ਦਿਨ ਰਾਤ ਜੁੱਟੇ ਹੋਏ। ਯੰਗ ਵਰਕਰਜ਼ ਲੀਗ ਦੀ ਛਤਰਛਾਵੇਂ ਕਿਧਰੇ ਯੂਥ ਲੀਗ, ਕਿਧਰੇ ਟਰੇਡ ਯੂਨੀਅਨ ਤੇ ਕਿਧਰੇ ਕਿਸਾਨ ਕਮੇਟੀ ਬਣੀ। ਲੁਕ ਕੇ ਕਿਸੇ ਖ਼ੁਫ਼ੀਆ ਠਿਕਾਣੇ 'ਚ ਸਟਡੀ ਸਰਕਲ ਹੋਂਦਾ ਜਿਹਦਾ ਪ੍ਰਬੰਧ ਮੋਟਰ ਮਕੈਨਿਕ ਸ਼ੰਕਰ ਦੇ ਜ਼ਿੰਮੇ, ਓਥੇ ਯੰਗ ਵਰਕਰਜ਼ ਰਲਕੇ ਸੀਨੀਅਰ ਕਾਮਰੇਡਾਂ ਕੋਲੋਂ ਇਹ ਤਿੰਨ ਕਿਤਾਬਾਂ ਸਬਕ ਸਬਕ ਪੜ੍ਹੀਆਂ ਤੇ ਸਮਝੀਆਂ:

1. Communist Manifesto 2. State and Revolution 3. The Life and Teachings of Karl Marx.

ਦਿਨ ਰਾਤ ਕੰਮ ਕਰਦਿਆਂ ਅਜੇ ਪੂਰਾ ਵਰ੍ਹਾ ਨਾ ਹੋਇਆ ਕਿ ਦਾਦਾ ਅਮੀਰ ਹੈਦਰ ਪਿੱਛੇ ਲੱਗੀ ਸੀਆਈਡੀ ਮੋਟਰ ਮਕੈਨਿਕ ਸ਼ੰਕਰ ਤਾਈਂ ਅੱਪੜ ਗਈ।
1932, ਦਾਦਾ ਅਮੀਰ ਹੈਦਰ ਗ੍ਰਿਫ਼ਤਾਰ ਹੋ ਗਿਆ। ਜੁਰਮ ਕੀ- ਭਗਤ ਸਿੰਘ ਦੇ ਵਰ੍ਹੇਵਾਰ ਸ਼ਹਾਦਤ ਦਿਹਾੜ 'ਤੇ ਯੰਗ ਵਰਕਰਜ਼ ਲੀਗ ਵੱਲੋਂ ਪੈਂਫ਼ਲੈਟ "Bhagat Trio" ਛਾਪ ਕੇ ਵੰਡਿਆ। ਤਾਜ਼ੀਰਾਤੇ ਹਿੰਦ ਦੀ ਦਫ਼ਾ 124-A ਲੱਗੀ, ਤਿੰਨ ਸਾਲ ਸਜ਼ਾ ਹੋਈ। ਪਹਿਲਾਂ ਮਦਰਾਸ ਜੇਲ, ਮਗਰੋਂ ਸੇਲਮ ਜੇਲ, ਜਿੱਥੋਂ ਦੋ ਸਾਲ ਬਾਅਦ ਉਹਦੀ ਜ਼ਮਾਨਤ ਹੋ ਗਈ। ਰਿਹਾਅ ਹੋਂਦਿਆਂ ਈ ਦਾਦਾ ਅਮੀਰ ਹੈਦਰ ਹੋਰ ਹੋਰ ਇਲਾਕਿ.ਆਂ 'ਚ ਪਾਰਟੀ ਦਾ ਕੰਮ ਕਰਦੇ ਵੱਖ ਵੱਖ ਗਰੁੱਪਾਂ ਵਿੱਚ ਸਨੇਹੂ (ਸੁਨੇਹੇ ਲਿਜਾਣ ਵਾਲਾ) ਬਣਿਆ। ਕਿਧਰੇ ਅਜਕਨ ਨਾ, ਚੱਲਦਾ ਈ ਰਹਵੇ। ਰਿਹਾਈ ਨੂੰ ਅਜੇ ਮਹੀਨਾ ਲੰਘਿਆ ਕਿ ਰੈਗੋਲੇਸ਼ਨ ਨੰਬਰ 2 ਤਹਿਤ ਫੜਿਆ ਗਿਆ। ਕ਼ੈਦੀ ਨੂੰ ਠਿਕਾਣਾ ਕਿੱਥੇ ਲੱਭਾ, ਕੋਇੰਬੇਟੂਰ ਜੇਲ। ਸੀਆਈਡੀ ਦੀਆਂ ਖ਼ੁਫ਼ੀਆ ਰਿਪੋਰਟਾਂ ਵੇਖ ਮਦਰਾਸ ਪ੍ਰੈਜ਼ੀਡੈਂਸੀ ਦੇ ਬ੍ਰਿਟਿਸ਼ ਹੋਮ ਸੈਕਟਰੀ ਇੰਡੀਅਨ ਗੌਰਮੈਂਟ ਨੂੰ ਲਿਖਿਆ:

".. Dada is an experienced conspirator. He has a large hand in setting up clandestine courier services and he is demonstrably a most capable organiser. He is clearly a menace to the peace, not only of the Madras Presidency, but indirectly of the rest of India..."

ਇੰਡੀਆ ਦੇ ਏਸ ਨਾਮੀ ਮੁਜਰਮ ਨੂੰ ਰਿਆਸਤੀ ਕ਼ੈਦੀ (State Prisoner) ਦਾ ਦਰਜਾ ਮਿਲ ਗਿਆ, ਜਿਹਨੂੰ ਸਾਊਥ ਇੰਡੀਆ 'ਚੋਂ ਜਬਰੀ ਦੇਸ ਨਿਕਾਲੇ ਦਾ ਹੁਕਮ ਹੋਇਆ।
ਰਾਜਾਮੁੰਦਰੀ ਦੀ ਸੈਂਟਰਲ ਜੇਲ 'ਚੋਂ ਏਸ ਖ਼ਤਰਨਾਕ ਕ਼ੈਦੀ, ਦਾਦਾ ਅਮੀਰ ਹੈਦਰ, ਨੂੰ ਰੇਲ ਗੱਡੀ ਦੇ ਡੱਬੇ 'ਚ ਡੱਕ ਦਿੱਤਾ ਗਿਆ ਜਿਹਦੇ ਸਭ ਬੂਹੇ ਬਾਰੀਆਂ ਬੰਦ। ਪੁਲਸ ਦੇ ਪਹਿਰੇ 'ਚ ਰੇਲ ਗੱਡੀ ਦਾ ਇਹ ਡੱਬਾ ਵੱਖ ਵੱਖ ਗੱਡੀਆਂ ਵਿੱਚ ਲੱਗਦਾ ਤਿੰਨ ਦਿਨ ਦੇ ਸਫ਼ਰ ਮਗਰੋਂ ਮੁਜ਼ੱਫ਼ਰ ਨਗਰ ਅੱਪੜਿਆ, ਜਿਹਦੀ ਜੇਲ ਕ਼ੈਦੀਆਂ ਨਾਲ ਮੰਦੇ ਵਰਤਾਰੇ ਵਜ੍ਹੋਂ ਬਦਨਾਮ। ਦਾਦਾ ਅਮੀਰ ਹੈਦਰ ਦਾ ਢੋਅ ਢੁਕਿਆ, ਉਹਨੇ ਦੁਖੀ ਕ਼ੈਦੀਆਂ ਨਾਲ ਇਨਕ਼ਲਾਬੀ ਵਿਚਾਰ ਸਾਂਝੇ ਕੀਤੇ, ਗੋਰੇ ਜੇਲ੍ਹਰ ਖ਼ਿਲਾਫ਼ ਨਾਅਰੇ ਲੱਗੇ, ਮਗਰੋਂ ਭੁੱਖ ਹੜਤਾਲ ਹੋ ਗਈ। ਮੁਜ਼ੱਫ਼ਰਨਗਰ ਦੀ ਜੇਲ 'ਚੋਂ ਧੱਕੇ ਮਾਰ ਮਾਰ ਦਾਦਾ ਅਮੀਰ ਹੈਦਰ ਨੂੰ ਕੱਢਿਆ ਗਿਆ।

ਪੂਰਾ ਰਾਹ ਬਦਸਲੂਕੀ, ਅਗਲਾ ਠਿਕਾਣਾ ਅੰਬਾਲਾ ਜੇਲ। ਮਿਸਿਜ਼ ਫ਼ਰੈਡਾ ਬੇਦੀ, ਕਾਮਰੇਡ ਬ੍ਰਿਜ ਪਿਆਰੇ ਲਾਲ ਬੇਦੀ ਦੀ ਵਾਈਫ਼, ਜਿਹੜੀ ਲਹੌਰ ਵਿੱਚ ਰਹਿੰਦੀ, ਉਹਨੂੰ ਦਾਦਾ ਅਮੀਰ ਹੈਦਰ ਦੀ ਕ਼ੈਦ ਬਾਰੇ ਖ਼ਬਰ ਮਿਲੀ। ਉਹ ਮਾਸਕੋ ਵਿੱਚ ਸਖ਼ਾਰੋਫ਼ ਦੀ ਕਲਾਸਫ਼ੈਲੋ ਰਹੀ, ਜਿਹੜੀ "ਸਿਵਲ ਲਿਬਰਟੀਜ਼ ਯੂਨੀਅਨ" ਦੀ ਮੈਂਬਰ। ਉਹਨੇ ਹਰ ਪੱਧਰ 'ਤੇ ਦਾਦਾ ਅਮੀਰ ਹੈਦਰ ਦੀ ਰਿਹਾਈ ਲਈ ਗੱਲ ਚਲਾਈ ਤੇ ਇੰਝ ਏਸ ਰਿਆਸਤੀ ਕ਼ੈਦੀ ਦਾ ਦਾਖ਼ਲ ਦਫ਼ਤਰ ਮੁਕæੱਦਮਾ ਚੱਲਿਆ। ਮੁਲਜ਼ਮ ਦੀ ਸਫ਼ਾਈ ਲਈ ਗਵਾਹ ਕੌਣ ਆਇਆ- ਸਾਥੀ ਕ਼ੈਦੀ ਸੁਭਾਸ਼ ਚੰਦਰ ਬੋਸ, ਜਿਹਨੇ ਗੱਜ ਵੱਜ ਕੇ ਗਵਾਹੀ ਦਿੱਤੀ। (ਇਹਦਾ ਬਦਲਾ ਦਾਦਾ ਅਮੀਰ ਹੈਦਰ ਸੁਭਾਸ਼ ਚੰਦਰ ਬੋਸ ਨੂੰ ਇਹ ਦਿੱਤਾ ਕਿ ਵਰਲਡ ਵਾਰ-2 ਵਿੱਚ ਜਦੋਂ ਸਾਰੀ ਸਰਕਾਰੀ ਮਸ਼ੀਨਰੀ 'ਆਜ਼ਾਦ ਹਿੰਦ ਫ਼ੌਜ' ਦੇ ਨੇਤਾ ਜੀ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀ, ਉਹ ਪੋਠੋਹਾਰ ਵਿੱਚ ਪਰੌਹਣਾ, ਜਿਹਨੂੰ ਦਾਦੇ ਅਮੀਰ ਹੈਦਰ ਸਲਾਮਤ ਅਫ਼ਗਾਨ ਬਾਰਡਰ ਪਾਰ ਕਰਵਾਇਆ।) 1932 ਤੋਂ 1938 ਤੱਕ ਛੇ ਸਾਲ ਦਾਦਾ ਅਮੀਰ ਹੈਦਰ ਕ਼ੈਦ ਰਿਹਾ। ਅੰਬਾਲਾ ਜੇਲ 'ਚੋਂ ਰਿਹਾ ਹੋਂਦਿਆਂ ਜਵਾਹਰ ਨਾਲ ਨਹਿਰੂ ਨਾਲ ਮੁਲਾਕ਼ਾਤ ਹੋਈ, ਜਿਹੜਾ ਉਹਨਾਂ ਦਿਨਾਂ 'ਚ Muslim Mass Contact Campaign ਸਰਦਾਰਨੀ ਦਾ ਹੁਸਨ ਰੁਲ ਗਿਆ, ਦੋ ਸਾਹਮਣੇ ਦੰਦ ਨਾ ਰਹੇ, ਕਾਲੀਆਂ ਜ਼ੁਲਫ਼ਾਂ 'ਚੋਂ ਸਫ਼ੈਦੀ ਝਾਕ ਰਹੀ, ਜਿਹੜੀ ਅਜੇ ਵੀ ਆਪਣੀ ਰਿਹਾਈ ਦਾ ਦਿਨ ਉਡੀਕੇ ਪਈ।

ਪੋਠੋਹਾਰ ਜਿੱਥੇ ਸਾਰਾ ਸਾਲ ਫ਼ੌਜ ਵਿੱਚ ਭਰਤੀ ਖੁੱਲੀ ਰਵ੍ਹੇ, ਮਰਦਾਂ 'ਚ ਅੰਗਰੇਜ਼ਾਂ ਦੀ ਗ਼ੁਲਾਮੀ ਦਿੱਸੇ ਪਰ ਸਵਾਣੀਆਂ ਆਜ਼ਾਦ:

ਛੱਲਾ ਸਾਵੀ ਝੰਗੀ ਏ
ਹਾਕਮ ਅੱਜ ਫ਼ਰੰਗੀ ਏ
ਡਾਹਢੀ ਹੱਥ ਨੀ ਤੰਗੀ ਏ
ਕੇਹੜੇ ਪਾਸੇ ਜਾਵਾਂ
ਪੋਹਲੀ ਪਈ ਖਾਵਾਂ
ਰਿਆਇਆ ਪਹਿਰੇ ਵਿੱਚ ਰਹਿੰਦਿਆਂ ਹਾਕਮਾਂ ਦਾ ਧਿਆਨ ਰੱਖੇ:
ਕ਼ਮੀਜ਼ਾਂ ਵੈਲ ਨੀਆਂ
ਉੱਚਾ ਹਵਾਈ ਬੰਗਲਾ,
ਵਿੱਚ ਮੇਮਾਂ ਟਹਿਲਨੀਆਂ
ਪਰਦੇਸੀ ਫ਼ੌਜੀ ਘਰ ਪਰਤਦਿਆਂ ਚਾਹ ਦੀ ਪੱਤੀ ਲੈ ਕੇ ਆਂਦੇ, ਕੁਝ ਈ ਸਾਲਾਂ ਵਿੱਚ ਲੋਕ ਅਜੇਹੇ ਚਾਹ ਤੇ ਲੱਗੇ ਕਿ ਦੁੱਧ ਲੱਸੀ ਸਵਾਦ ਨਾ ਦੇਵੇ। ਗ਼ਰੀਬ ਨੂੰ ਵੀ ਚਾਹ ਦੀ ਤਲਬ:
ਚਾਹ ਬਿਨਾਂ ਨਾ ਰਹਿਨੀ ਆਂ ਤਕੜੀ
ਨਾ ਘਰ ਗੋਇਆ ਤੇ ਨਾ ਘਰ ਲੱਕੜੀ
ਜਿੰਦ ਦੋ ਵਕਤੀ ਚਾਹ ਹੋਈ
ਚਾਹ ਹੇਠਾਂ ਬਾਲਾਂ ਪਈ ਟਾਂਡੇ
ਵੇਚ ਛੋੜੇ ਘਰੇ ਨੇ ਭਾਂਡੇ
ਚਾਹ ਦੋ ਰੁਪਏ ਪਾ ਹੋਈ
ਔਖੀਆਂ ਕਮਾਈਆਂ, ਗੰਢ ਤਰੁਪ ਨੂੰ ਸਫ਼ੈਦਪੋਸ਼ੀ ਦੀ ਸੱਧਰ ਪਰ ਮੰਗ ਪਿੰਨ ਕੇ ਔਖਾ ਗੁਜ਼ਾਰਾ:
ਬੱਗੀ ਘੋੜੀ ਤੇ ਡੱਬੜਾ ਖੇਸ ਏ
ਸਾਡਾ ਢੋਲ ਗਿਆ ਪਰਦੇਸ ਏ
ਜੀਵੇਂ ਢੋਲਾ...ਢੋਲ ਸੁੰਦਰੀ
ਹੋਵੇ ਸੁਨਿਆਰਾ, ਘੜ ਦੇਵੇ ਮੁੰਦਰੀ
... ਅਸੀਂ ਏਥੇ ਤੇ ਢੋਲਾ ਗਾਹੀ
ਦੋ ਹੱਥ ਸ਼ਮਲਾ, ਜੁੱਤੀ ਪਰਾਈ
ਚਿੱਟੀ ਗੁਰਗਾਬੀ ਕਾਲੀ ਸ਼ਲਵਾਰ ਹੋਵੇ
ਪਾ ਕੇ ਨਿਕਲਾਂ, ਦਿਲੇ ਨਾ ਜਾਨੀ ਨਾਲ ਹੋਵੇ
...ਅਸੀਂ ਏਥੇ ਤੇ ਢੋਲ ਚਕੜਾਲੇ
ਸੌੜੀ ਜੁੱਤੀ ਤੇ ਪੈ ਗਏ ਛਾਲੇ
ਪੀੜ ਖਾਧੀ ਵੈਨੀ ਏਂ ਢੋਲ ਮੱਖਣਾ
ਦਿਲ ਪਰਦੇਸੀਆਂ ਨਾ, ਰਾਜੀ ਰੱਖਣਾ
ਹਰ ਬਾਹੀ ਪਰਦੇਸੀਆਂ ਦੀ ਯਾਦ ਧੁਖ ਰਹੀ।
ਰੇਲ ਗੱਡੀ, ਜਿਹਨੂੰ ਸਰਕਾਰੀ ਹਾਕਮ ਇੰਝ ਵਡਿਆਵਨ ਕਿ ਉਹਦੀ ਵਜ੍ਹੋਂ ਪੂਰਾ ਇੰਡੀਆ ਇਕ ਦੇਸ ਬਣਿਆਂ, ਉਹ ਏਥੇ ਸੁੱਖ ਨਹੀਂ, ਦੁੱਖ ਬਣੀ ਹੋਈ। ਪੂਰਾ ਪੋਠੋਹਾਰ ਵਿਛੋੜੇ ਡੰਗਿਆ:

ਟੇਸ਼ਨ ਬਲ ਬੱਤੀਏ
ਛੁੱਟੀ ਪਰਦੇਸੀ ਆਉਣਾ
ਦੋ ਟੈਮੀ ਚੱਲ ਗੱਡੀਏ
ਮੈਂ ਕੂਕ ਮਰੇਨੀ ਆਂ
ਵਿਸਲ ਨਹੀਂ ਦੇਈਂ ਬਾਬੂ
ਮੈਂ ਢੋਲ ਖੜੇਨੀ ਆਂ
..ਮੈਂ ਏਥੇ ਤੇ ਢੋਲਾ ਲਈਏ
ਟੁੱਟ ਜਾਨ ਗੱਡੀ ਨੇ ਪਹੀਏ
ਜੇਹੜੀ ਲੈ ਸੱਜਣਾ ਨੂੰ ਗਈ ਏ
ਪਾਣੀ ਭਰੇਨੀ ਆਂ ਟੋਏ ਤੋਂ
ਮੈਂ ਢੋਲ ਸੰਜਾਤਾ ਕੋਹੇ ਤੋਂ
ਗਰਾਈਂ ਪੀਰਾਂ ਤੇ ਪੁਜਾਰੀਆਂ ਦੇ ਮੰਨਣਹਾਰ, ਆਪਣੇ ਹੱਕ਼ ਤੋਂ ਬੇਖ਼ਬਰ, ਜਿਹਨਾਂ ਵਾਸਤੇ ਅਮੀਰ ਹੈਦਰ ਇਨਕ਼ਲਾਬ ਦਾ ਝੰਡਾ ਚੁੱਕਿਆ ਹੋਇਆ, ਜਿਹਦੇ ਲਈ ਉਹਨੂੰ ਉਹਦੇ ਕਾਮਰੇਡ ਬੁਲਾ ਰਹੇ, ਉਹਨੇ ਫੇਰ ਬੰਬਈ ਨੂੰ ਮੂੰਹ ਕੀਤਾ। ਉਹਦੀਆਂ ਅੱਖਾਂ ਵਿੱਚ ਅਥਰੂ, ਇਕ ਮਾਂਗਤ ਬਾਲ ਮੁਸਾਫ਼ਰਾਂ ਕੋਲੋਂ ਮੰਗਦਿਆਂ ਗਾ ਰਹਿਆ:

ਗੱਡੀ ਸਰਕਾਰੀ
ਪੁਲਾਂ ਤੋਂ ਲੰਘਣੀ ਏ ਛਮ ਕਰ ਕੇ
ਬੱਚੜੇ ਮਾਵਾਂ ਦੇ,
ਘਿੰਨੀ ਵੈਨੀ ਏ ਬੰਦ ਕਰ ਕੇ
ਪੋਠੋਹਾਰ ਪਿੱਛੇ ਨੂੰ ਜਾ ਰਿਹਾ, ਰੇਲ ਗੱਡੀ ਛਕਾ ਛਕ ਛਕਾ ਛਕ ਅਗਾਂਹ ਨੂੰ ਵਧਦੀ ਗਈ...

+++

ਬੰਬਈ ਅੱਪੜਦਿਆਂ ਈ ਦਾਦਾ ਅਮੀਰ ਹੈਦਰ 'ਟੈਕਸਟਾਇਲ ਵਰਕਰਜ਼ ਯੂਨੀਅਨ' ਨਾਲ ਕੰਮ ਵਿੱਚ ਰੁੱਝ ਗਿਆ, ਜਿੱਥੇ ਕਾਮਰੇਡ ਐਸ਼ ਐਸ਼ ਮਿਰਾਜਕਰ ਨਾਲ ਉਹਦੇ ਕਾਰ ਵਿਹਾਰ ਦੀ ਸਾਂਝ ਬਹੂੰ ਗੂੜ੍ਹੀ ਹੋ ਗਈ, ਜੋ ਬੰਬਈ ਦੀ ਸਿਰਕੱਢ ਹਸਤੀ, ਉਹ 'ਆਲ ਇੰਡੀਆ ਟਰੇਡ ਯੂਨੀਅਨ' ਦਾ ਸੋਲਾਂ ਸਾਲ ਪਰਧਾਨ ਰਹਿਆ ਤੇ ਇਕ ਵਾਰੀ, ਕਮਿਊਨਿਸਟ ਹੁੰਦਿਆਂ, ਵੋਟਾਂ ਨਾਲ ਬੰਬਈ ਮਿਊਂਸਪੈਲਟੀ ਦਾ ਮੇਅਰ ਬਣ ਗਿਆ। ਬੰਬਈ ਵਿੱਚ ਹੁਣ ਦਾਦੇ ਅਮੀਰ ਹੈਦਰ ਨੂੰ ਪਿੱਛੇ ਗ਼ਰੀਬ ਪੋਠੋਹਾਰ 'ਚ ਰਹਿੰਦੀਆਂ ਭੈਣ ਤੇ ਮਾਂ ਚੋਖੀਆਂ ਚੇਤੇ ਆਵਣ। ਊਹਨੇ ਆਪਣੀ ਹਾਨਣ ਕਾਮਰੇਡ ਸੁਹਾਸਿਣੀ ਨੂੰ ਭੈਣ ਤੇ ਸੀਨੀਅਰ ਕਾਮਰੇਡ ਐੱਸ ਏ ਡਾਂਗੇ ਦੇ ਘਰੋਂ ਊਸ਼ਾ ਨੂੰ ਮਾਂ ਬਣਾਅ ਲਿਆ। ਇੰਡੀਅਨ ਨੈਸ਼ਨਲ ਕਾਂਗਰਸ ਦੇ ਸੋਸ਼ਲਿਸਟ ਧੜੇ ਨੂੰ ਬੰਬਈ ਵਿੱਚ ਕਿਸੇ ਕਜਾਕ (ਚੰਗੇ ਕਾਮੇ) ਕਾਮਰੇਡ ਦੀ ਲੋੜ ਪਈ ਜਿਹਨਾਂ ਦਾਦਾ ਅਮੀਰ ਹੈਦਰ ਨੂੰ ਅਪਣੀ "ਬੰਬਈ ਪਰਾਵਿਨਸ਼ਲ ਕਮੇਟੀ" ਦਾ ਮੈਂਬਰ ਮਿੱਥਿਆ, ਜਿਹਨੇ ਬੰਬਈ ਤੇ ਅਹਿਮਦਾਬਾਦ ਵਿੱਚ ਮਜ਼ਦੂਰਾਂ ਦੀਆਂ ਕਾਮਯਾਬ ਹੜਤਾਲਾਂ ਕਰਵਾਈਆਂ।

ਦਾਦੇ ਅਮੀਰ ਹੈਦਰ ਨੂੰ ਅਮਨ ਦੁਸ਼ਮਣ ਸਮਝ 'ਸੀਕਰੇਟ ਸਰਵਿਸ' ਓਹਦੇ ਪਿੱਛੇ ਲੱਗੀ ਗਈ। ਵਰਲਡ ਵਾਰ-2 ਲੱਗਦਿਆਂ ਈ ਦਾਦਾ ਅਮੀਰ ਹੈਦਰ ਗ੍ਰਿਫ਼ਤਾਰ ਹੋ ਗਿਆ, ਜਿਹਦੇ ਨਾਲ ਹਵਾਲਤ ਵਿੱਚ ਕਾਮਰੇਡ ਐੱਸ ਐੱਸ ਮਿਰਾਜਕਰ ਤੇ ਕਾਮਰੇਡ ਐੱਸ ਏ ਡਾਂਗੇ ਵੀ ਬੰਦ। ਬੰਬਈ ਦੀ ਅਦਾਲਤ ਦਾਦੇ ਅਮੀਰ ਹੈਦਰ ਨੂੰ ਤਿੰਨ ਸਾਲ ਸਜ਼ਾ ਸੁਣਾਈ। ਬੰਬਈ ਲਈ ਉਹ ਖ਼ਤਰਾ, ਏਸ ਲਈ ਊਹ ਨਾਸਿਕ ਜੇਲ ਵਿੱਚ ਕ਼ੈਦ ਹੋਇਆ, ਜਿੱਥੋਂ ਊਹਨੇ ਅਪਣੇ ਕਾਮਰੇਡਾਂ ਡਾਂਗੇ, ਘਾਟੇ, ਅਧਿਕਾਰੀ, ਉਸਮਾਨੀ, ਮਿਰਾਜਕਰ ਤੇ ਮੁਜ਼ੱਫ਼ਰ ਅਹਿਮਦ ਨਾਲ ਸਾਂਗਾ ਜੋੜੀ ਰੱਖਿਆ, ਉਹਦੀ ਮਾਂ ਊਸ਼ਾ ਤੇ ਭੈਣ ਸੁਹਾਸਿਣੀ ਲੁਕ ਕੇ ਉਹਦੀਆਂ ਸੁਨੇਹੂ। ਨਾਸਿਕ ਜੇਲ ਵਿੱਚ ਕ਼ੈਦ ਦਾਦੇ ਅਮੀਰ ਹੈਦਰ ਨੂੰ ਜੇਲਰ ਏਹ ਬੁਰੀ ਖ਼ਬਰ ਸੁਣਾਈ ਕਿ ਹਿਟਲਰ ਦੀਆਂ ਫ਼ੌਜਾਂ ਰੂਸ 'ਤੇ ਹਮਲਾ ਕਰ ਦਿੱਤਾ। ਓਹਦੀ ਮਾਸਕੋ ਲਈ ਮੁਹੱਬਤ ਜਾਗ ਪਈ ਤੇ ਅਗਲੀ ਖ਼ਬਰ ਏਹ ਕਿ ਵਰਲਡ ਵਾਰ 2 ਹੁਣ ਦੋ ਕ਼ੌਮਾਂ ਦੀ ਜੰਗ ਨਹੀਂ, ਇਹ ਲੋਕਾਈ ਦੀ ਜੰਗ (ਪੀਪਲਜ਼ ਵਾਰ)। ਰਾਤੋਰਾਤ ਕਮਿਊਨਿਸਟ ਪਾਰਟੀ ਆਫ਼ ਇੰਡੀਆ ਇੰਡੀਅਨ ਪਾਲੀਟਿਕਸ ਅੰਦਰ ਅਖ਼ਬਾਰਾਂ ਦੀਆਂ ਸੁਰਖ਼ੀਆਂ 'ਚ ਬੋਲਣ ਲੱਗ ਪਈ। ਸਾਰੇ ਕਮਿਊਨਿਸਟ ਰਿਹਾ ਤੇ ਅੰਡਰਗਰਾਊਂਡ ਕਾਮਰੇਡ ਇੰਡੀਆ ਦੇ ਲੀਡਰ।

ਜੇਲ 'ਚੋਂ ਨਿਕਲਦਿਆਂ ਈ ਦਾਦਾ ਅਮੀਰ ਹੈਦਰ ਸਿੱਧਾ ਕਿਸਾਨਾਂ ਵਿੱਚ, ਜਿੱਥੇ ਉਹ ਇਨਕ਼ਲਾਬ ਦੇ ਨਾਅਰੇ ਲਵਾ ਰਹਿਆ। ਮੈਮਨ ਸਿੰਘ (ਬੰਗਾਲ) ਵਿੱਚ ਤਾਰੀਖ਼ੀ "ਭਕਨਾ ਕਿਸਾਨ ਕਾਨਫ਼ਰੰਸ" ਦਾ ਐਲਾਨ ਹੋਇਆ, ਜਿਹਦੇ 'ਚ ਰਲਣ ਲਈ ਪਾਰਟੀ ਵਲੋਂ ਦਾਦੇ ਅਮੀਰ ਹੈਦਰ ਨੂੰ ਚੁਣਿਆਂ ਗਿਆ। ਓਧਰ ਬੰਬਈ 'ਚ 'ਰਾਇਲ ਇੰਡੀਅਨ ਨੇਵੀ' ਦੇ ਜਹਾਜ਼ੀਆਂ ਬਗ਼ਾਵਤ ਕਰ ਦਿੱਤੀ। ਬਹੁਤ ਸਾਰੇ ਬਾਗ਼ੀ ਦਾਦੇ ਦੇ ਪੁਰਾਣੇ ਜਾਣੂ, ਜਦੋਂ ਕਦੀ ਜਵਾਨੀ ਚੜ੍ਹਦਿਆਂ ਉਹ ਉਹਨਾਂ ਦਾ ਸਾਥੀ ਰਿਹਾ, ਮੁਢਲੇ ਇਨਕ਼ਲਾਬੀ ਜਜ਼ਬਿਆਂ ਦੀਆਂ ਯਾਦਾਂ 'ਚ ਲਹਿਰਦਾ ਦਾਦਾ ਜਹਾਜ਼ੀਆਂ ਦੀ ਬਗ਼ਾਵਤ 'ਚ ਕੁੱਦ ਪਿਆ। ਉਹ ਆਪ-ਮੁਹਾਰਾ (ਆਪਹੁੱਦਰਾ?-ਸੰ.) ਹੋਂਦਾ ਜਾਪਿਆ, ਪਾਰਟੀ ਉਹਦੇ ਬਾਰੇ ਫ਼ੈਸਲਾ ਕੀਤਾ ਕਿ ਉਹ ਪੋਠੋਹਾਰ ਪਰਤ ਜਾਵੇ ਤੇ ਪੰਜਾਬ 'ਚ ਜਨਰਲ ਇਲੈਕਸ਼ਨ (1946) ਲਈ ਕਾਮਰੇਡ ਫ਼ਜ਼ਲ ਇਲਾਹੀ ਕੁਰਬਾਨ ਨਾਲ ਰਲ ਪਾਰਟੀ ਵਾਸਤੇ ਕੰਮ ਕਰੇ। ਐਤਕੀਂ ਦਾਦਾ ਅਮੀਰ ਹੈਦਰ ਅੱਠ ਸਾਲਾਂ ਮਗਰੋਂ ਗਰਾਂ ਮੁੜਿਆ। ਉਹਨੇ ਹਿਸਾਬ ਕੀਤਾ ਕਿ ਉਹਦੀ ਉਮਰ ਛਤਾਲੀ ਸਾਲ ਜਿਹਦੇ 'ਚੋਂ ਬੱਤੀ ਉਹਨੇ ਪਰਦੇਸ 'ਚ ਕੱਟੇ। ਜਵਾਨੀ ਚੜ੍ਹਦਿਆਂ ਉਹ ਏਥੋਂ ਗਿਆ ਤੇ ਉਮਰ ਢਲਦਿਆਂ ਉਹ ਪੋਠੋਹਾਰ ਵਾਪਸ ਪਰਤਿਆ। ਸਾਰਾ ਰਸਤਾ ਆਪਣੀ ਤੇ ਪਾਰਟੀ ਦੀ ਸਿਆਸਤ ਦਾ ਵੇਰਵਾ ਕਰਦਾ ਰਿਹਾ ਕਿ ਆਜ਼ਾਦੀ ਦੀ ਜੰਗ ਜਿਹੜੀ ਉਹ ਅਵਾਮੀ ਜਮਹੂਰੀ ਇਨਕ਼ਲਾਬ ਲਈ ਲੜਦੇ ਰਹੇ, ਉਹ ਹੁਣ ਕ਼ੌਮੀ ਸਿਆਸੀ ਧਾਰੇ ਦੀ ਭਾਈਵਾਲ, ਸਮਾਜੀ ਤਬਦੀਲੀ ਦੀਆਂ ਦੁਸ਼ਮਣ ਧਿਰਾਂ ਇੰਡੀਅਨ ਨੈਸ਼ਨਲ ਕਾਂਗਰਸ ਤੇ ਆਲ ਇੰਡੀਆ ਮੁਸਲਿਮ ਲੀਗ ਨਾਲ ਰਲ ਕੇ ਇੰਡੀਅਨ ਪਾਲਿਟਿਕਸ ਬਣ ਗਈ।

ਦਾਦਾ ਅਮੀਰ ਹੈਦਰ ਬਦ-ਦਿਲ ਕਿਓਂ ਹੋਂਦਾ, ਉਹ ਵਰਕਰ, ਉਹਨੇ ਪੋਠੋਹਾਰ ਅੱਪੜਿਆਂ ਈ ਦੌੜ ਲਾ ਦਿੱਤੀ। ਖਿਓੜਾ, ਜੇਹਲਮ, ਰਾਵਲਪਿੰਡੀ ਤੇ ਕੈਂਬਲਪੁਰ। 'ਆਇਲ ਰਿਫ਼ਾਇਨਰੀ', 'ਟੋਬੈਕੋ ਕੰਪਨੀ' ਤੇ ਲੂਣ ਦੀਆਂ ਖਾਨਾਂ। ਕਾਮਰੇਡ ਨੂੰ ਇਨਕ਼ਲਾਬ ਦੇ ਨਾਅਰੇ ਲਾਉਣ ਲਈ ਸੰਗੀ ਮਿਲਦੇ ਗਏ। ਰਾਵਲਪਿੰਡੀ ਦੇ ਕੁਹਾਟੀ ਬਾਜ਼ਾਰ 'ਚ ਉਹਨੇ ਪਾਰਟੀ ਦਾ ਦਫ਼ਤਰ ਖੋਲ੍ਹਿਆ ਜੋ ਇਨਕ਼ਲਾਬੀਆਂ ਦਾ ਡੇਰਾ ਬਣਿਆ। ਲੇਬਰ ਯੂਨੀਅਨ ਤੇ ਟਰੇਡ ਯੂਨੀਅਨ ਲਈ ਅਜੇ ਜੀਅ ਜੁੜਦੇ ਪਏ ਕਿ ਇੰਡੀਆ ਦੇ ਬਟਵਾਰੇ ਦਾ ਰੌਲਾ ਪੈ ਗਿਆ। ਕ਼ਤਲੇਆਮ ਤੇ ਲੁੱਟ ਮਾਰ। ਏਸ ਟੁੱਟਭੱਜ ਵਿੱਚ ਵੀ ਦਾਦੇ ਉਸਾਰੀ ਦਾ ਸੋਚਿਆ ਕਿ ਅਪਣੇ ਗਰਾਂ ਕਾਲੀਆਂ-ਸਿਆਲੀਆਂ 'ਚ ਸਕੂਲ ਦੀ ਨੀਂਹ ਰੱਖੀ। ਪੈਸਾ ਪੈਸਾ ਰਲਾ ਕੇ ਇੱਟ ਇੱਟ ਜੋੜਨਾ ਔਖਾ ਪਰ ਦਾਦਾ ਅਮੀਰ ਹੈਦਰ ਆਹਰੇ ਲੱਗ ਗਿਆ। ਕਿੱਥੇ ਪੂਰੇ ਇੰਡੀਆ 'ਚ ਇਨਕ਼ਲਾਬ ਤੇ ਕਿੱਥੇ ਕਾਲੀਆਂ-ਸਿਆਲੀਆਂ ਦਾ ਸਕੂਲ।
ਗਰਾਈਂ ਛੇੜਣ, "ਸੰਗੀਆ, ਇਨਕ਼ਲਾਬ ਕੁੱਥੇ?" ਜਿਹੜਾ ਅੱਗੋਂ ਸਕੂਲ ਦੀਆਂ ਨੀਹਾਂ ਵਖਾਂਦਿਆਂ, "ਯਰਾ ਏਥੇ ਫ਼ਸਲ ਬੀਜਸਾਂ, ਕਦੀਂ ਪੱਕਸੀ!"
ਦਾਦੇ ਭਾਣੇ ਗ਼ਰੀਬੀ ਮੁਕਾਵਣ ਲਈ ਅਨਪੜ੍ਹਤਾ ਦਾ ਖ਼ਾਤਮਾ ਜ਼ਰੂਰੀ ਤੇ ਇਨਕ਼ਲਾਬ ਲਈ ਪੜ੍ਹਾਈ ਲਿਖਾਈ ਪਹਿਲੀ ਸ਼ਰਤ। 1948 ਦੀ ਗੱਲ, ਕਲਕੱਤੇ 'ਚ ਕਮਿਊਨਿਸਟ ਪਾਰਟੀ ਆਫ਼ ਵੈੱਸਟ ਪਾਕਿਸਤਾਨ ਬਣੀ, ਦਾਦੇ ਤਾਈਂ ਇਹ ਖ਼ਬਰ ਪਹੁੰਚੀ, ਪਰ ਉਹਦੇ ਨਾਲ ਕੋਈ ਸਲਾਹ ਮਸ਼ਵਰਾ ਨਾ ਹੋਇਆ। ਪਾਰਟੀ ਦਾ ਹੈੱਡ ਕੁਆਟਰ ਲਹੌਰ, ਜਿੱਥੋਂ ਦਾਦੇ ਨੂੰ ਕੋਈ ਸੱਦਾ ਨਾ ਆਇਆ, ਉਹ ਆਪ ਓਥੇ ਹਾਜ਼ਰ ਹੋ ਗਿਆ। ਦੋ ਨਵਾਬੀ ਰੰਗਢੰਗ ਦੇ ਹਿੰਦੋਸਤਾਨੀ ਸੱਯਦ ਦਫ਼ਤਰ 'ਚ ਬਰਾਜਮਾਨ, ਸਿਬਤੇ ਹਸਨ ਤੇ ਸੱਜਾਦ ਜ਼ਹੀਰ ਜੋ ਦਾਦੇ ਨੂੰ ਇਨਕ਼ਲਾਬ ਦੇ ਆਹਰੀ ਘੱਟ ਜਾਪੇ, ਉਰਦੂ ਦੇ ਤਰੱਕ਼ੀਪਸੰਦ ਮੁਸੰਨਫ਼ੀਨ ਲੱਗੇ। ਜਿਹਨਾਂ ਰਾਵਲਪਿੰਡੀ 'ਚ ਪਾਰਟੀ ਦੇ ਦਫ਼ਤਰ ਲਈ ਦਾਦੇ ਨੂੰ "ਨਈ ਉਰਦੂ ਸ਼ਾਇਰੀ" ਤੇ "ਜਦੀਦ ਉਰਦੂ ਅਫ਼ਸਾਨੇ" ਚੁਕਾਅ ਦਿੱਤੇ ਤੇ ਆਪ ਉਹ ਦੋਵੇਂ ਮੀਆਂ ਇਫ਼ਤਿਖ਼ਾਰਉਦੀਨ ਦੀ ਕਾਰ ਵਿੱਚ ਬਹਿ ਕੇ ਜਾਂਦਿਆਂ ਦਾਦੇ ਨੂੰ ਥਾਪੜ ਗਏ। ਦਾਦੇ ਉੱਤੇ ਕੀ ਗੁਜ਼ਰੀ, ਲਹੌਰੋਂ ਪੋਠੋਹਾਰ ਪਰਤਦਿਆਂ ਪੂਰਾ ਰਾਹ ਆਪਣੇ ਆਪ ਨਾਲ ਏਹ ਗੱਲ ਕਰਦਾ ਰਹਿਆ, "ਵਾਹ ਵਈ ਵਾਹ, ਚੂਹਾ ਦਾਦਾ ਹੋਈ ਕੇ ਕੋਰੀਅਰ ਲੱਗਾ!"

ਵਰਕਰ ਵਰਕਰ ਇਕੱਠਾ ਕਰਦਿਆਂ ਦਾਦੇ ਰਾਵਲਪਿੰਡੀ ਵਿੱਚ ਪਾਰਟੀ ਦਾ ਦਫ਼ਤਰ ਚਲਾ ਲਿਆ ਕਿ ਪੁਲਸ ਛਾਪਾ ਮਾਰਿਆ, ਉਹ ਗ੍ਰਿਫ਼ਤਾਰ ਹੋ ਗਿਆ। ਵਕੂਆ ਏਹ ਦਰਜ ਕਿਹ ਜਿੱਥੇ ਪਾਰਟੀ ਦਾ ਦਫ਼ਤਰ ਓਥੇ ਦੋ ਸਾਲ ਪਹਿਲਾਂ ਹਿੰਦੂ ਮੁਸਲਿਮ ਫ਼ਸਾਦ ਹੋਇਆ, ਜੀਹਦੇ ਜੁਰਮ 'ਚ ਏਥੇ ਦਾ ਅਜੋਕਾ ਰਹਾਇਸ਼ੀ ਫ਼ਸਾਦੀ ਮਿੱਥਿਆ ਗਿਆ। ਹਾਲਾਂ ਉਸ ਵਕੂਏ ਵੇਲੇ ਨਾ ਪਾਰਟੀ ਦਾ ਓਥੇ ਦਫ਼ਤਰ ਤੇ ਦਾਦਾ ਅਮੀਰ ਹੈਦਰ ਕਾਲੀਆਂ ਸਿਆਲੀਆਂ 'ਚ ਸਕੂਲ ਦੀ ਉਸਾਰੀ 'ਚ ਰੁੱਝਾ ਹੋਇਆ ਸੀ, ਜਿਹਦਾ ਗਵਾਹ ਓਹਦਾ ਸਾਰਾ ਗਰਾਂ। ਸਜ਼ਾ ਯਾਫ਼ਤਾ ਮੁਜਰਮ ਨੂੰ ਜਦੋਂ ਰਾਵਲਪਿੰਡੀ ਜੇਲ ਵਿੱਚ ਡੱਕਣ ਲੱਗੇ, ਪਤਾ ਲੱਗਾ ਉਹ ਸਰਕਾਰੀ ਖਾਤੇ 'ਚ "ਰਿਆਸਤੀ ਕ਼ੈਦੀ" ਜੀਹਦੇ ਲਈ ਏ ਕਲਾਸ ਓਹਦਾ ਕ਼ਨੂੰਨੀ ਹੱਕ਼। ਦਾਦੇ ਦਾ ਠਕਾਣਾ ਗੋਰਾ ਵਾਰਡ ਜਿੱਥੇ ਓਹਨੂੰ ਦੋ ਮੁਲਾਜ਼ਮ ਲੱਭੇ। ਇਕ ਕ਼ੈਦੀ ਵਾਰਡਰ ਤੇ ਇਕ ਕ਼ੈਦੀ ਬਾਵਰਚੀ। ਜੇਲ ਦੇ ਡਾਕਟਰ ਦੀ ਡਿਊਟੀ ਕਿ ਓਹ ਦਾਦੇ ਦਾ ਰੈਗੁਲਰ ਚੈਕਅੱਪ ਕਰੇ। ਏਹ ਨਾਂ ਦੀ ਕ਼ੈਦ, ਹਰ ਸਹੂਲਤ ਮੌਜੂਦ। ਸੌਖੀ ਥਾਂ ਪਰ ਦਾਦਾ ਔਖਾ, ਕਿਓਂਜੇ ਗੁਆਂਢੀ ਵਾਰਡ 'ਚ ਬੰਦ 'ਸੀ ਕਲਾਸ' ਦੇ ਕ਼ੈਦੀਆਂ ਦੀ ਓਹਨੂੰ ਫ਼ਿਕਰ, ਜਿਹਨਾਂ ਨੂੰ ਘੱਟ ਖ਼ੁਰਾਕ ਮਿਲੇ, ਓਹ ਵੀ ਖ਼ਰਾਬ।

ਦਾਦਾ ਗੋਰਾ ਵਾਰਡ ਦਾ ਸਾਹਬ, ਉਸ ਮੁਲਾਜ਼ਮਾਂ ਰਾਹੀਂ ਏਹ ਖੋਜ ਕਰਵਾਈ ਕਿ ਕ਼ੈਦੀਆਂ ਦੀ ਖ਼ੁਰਾਕ ਬਲੈਕ ਮਾਰਕਿਟ ਵਿੱਚ ਸਰੇਆਮ ਵਿਕੇ, ਜਿਹਦਾ ਮੁਜਰਮ 'ਹਾਜੀ ਸਾਹਬ' ਅਖਵਾਏ, ਜੋ ਡਿਪਟੀ ਸੁਪਰਿਨਟੈਂਡੈਂਟ ਜੇਲ। ਏਹ ਸਭ ਕੁਝ ਅੰਗਰੇਜ਼ੀ 'ਚ ਲਿਖ ਕੇ ਦਾਦੇ ਸਰਕਾਰ ਨੂੰ ਚਿੱਠੀ ਪਾਈ, ਜਿਹਦੇ 'ਤੇ ਫੌਰੀ ਕਾਰਵਾਈ ਹੋਈ ਕਿ ਮੁਲਜ਼ਮ ਅਮੀਰ ਹੈਦਰ ਕਾਰੇ-ਸਰਕਾਰ 'ਚ ਦਖ਼ਲਅੰਦਾਜ਼ੀ ਕੀਤੀ, ਉਹਦੀ ਸਜ਼ਾ ਇਹ ਕਿ ਉਹ ਮਿਸਕੰਡਕਟ ਵਜ੍ਹੋਂ 'ਏ ਕਲਾਸ' ਦਾ ਹੱਕ਼ਦਾਰ ਨਾ ਰਿਹਾ। ਇਹ ਆਡਰ ਡਿਸਟ੍ਰਿਕਟ ਮੈਜਸਟਰੇਟ ਅਨਵਾਰ-ਉਲ-ਹੱਕ਼ ਕੀਤਾ (ਜਿਹੜਾ ਮਗਰੋਂ ਚੀਫ਼ ਜਸਟਿਸ ਆਫ਼ ਪਾਕਿਸਤਾਨ ਬਣਿਆ)। ਜੇਹੜੀ ਕੋਠੜੀ ਵਿੱਚ ਦਾਦੇ ਅਮੀਰ ਹੈਦਰ ਨੂੰ ਡੱਕਿਆ ਗਿਆ, ਉਹ 'ਚੱਕੀ' ਜਿੱਥੇ ਗੂੰਹ ਮੂਤਰ ਨਾਲ ਭਰਿਆ ਗਮਲਾ ਪਿਆ, ਮੱਛਰ ਤੇ ਮੱਖੀਆਂ ਦੀ ਭਰਮਾਰ, ਸੌਣ ਲਈ ਜੇਹੜੀ ਟੁੱਟੀ ਮੰਜੀ, ਓਹਨੂੰ ਪਿੱਸੂ ਪਏ ਹੋਏ, ਜਿੱਥੇ ਦਾਦੇ ਨੂੰ ਖੁਰਕਣ ਤੋਂ ਵੇਹਲ ਨਾ। ਦਾਦੇ ਦਾ ਏਹ ਹਾਲ, 'ਪਾਕਿਸਤਾਨ ਟਾਇਮਜ਼' ਦੀ ਖਬਰ ਬਣਿਆ, ਜਿਹਨੂੰ ਪੜ੍ਹ ਕੇ ਯੂਰਪੀਅਨ ਸੁਪਰੀਟੈਂਡੈਂਟ ਜੇਲ ਦਾਦੇ ਨੂੰ 'ਚੱਕੀ' ਤੋਂ 'ਮੁੰਡਾਖ਼ਾਨਾ' ਸ਼ਿਫ਼ਟ ਕਰਵਾਅ ਦਿੱਤਾ।

ਇਕ ਦਫ਼ਤਰੀ ਹੁਕਮਨਾਮੇ ਰਾਹੀਂ ਕਮਿਊਨਿਸਟਾਂ ਨੂੰ ਪਾਕਿਸਤਾਨ ਰਿਆਸਤ ਦੇ ਖ਼ਤਰਨਾਕ ਦੁਸ਼ਮਨ ਮਿੱਥਿਆ ਗਿਆ। ਦਾਦੇ ਦੀ ਮੁਲਾਕ਼ਾਤ ਲਈ ਕੌਣ ਆਇਆ, "ਨਵਾਬ ਇਫ਼ਤਿਖ਼ਾਰ ਮਮਦੋਟ!" ਦਾਦੇ ਉਹਦਾ ਨਾਂ ਪੁੱਛਿਆ। ਏਹ ਪਹਿਲੀ ਵਾਰ ਨਾ ਹੋ ਰਿਹਾ, 1938 'ਚ ਵੀ ਪੰਜਾਬ ਦਾ ਯੂਨੀਅਨਿਸਟ ਮਨਿਸਟਰ ਮਨੋਹਰ ਲਾਲ ਅੰਬਾਲਾ ਜੇਲ 'ਚ ਦਾਦੇ ਨੂੰ ਸੁਧਾਰਨ ਆਇਆ ਸੀ। ਦਾਦਾ ਐਤਕੀਂ ਵੀ ਚੀਫ਼ ਮਨਿਸਟਰ ਪੰਜਾਬ ਦੇ ਰੋਅਬ ਵਿੱਚ ਨਾ ਆਇਆ, ਜਿਹਨੇ ਉਹਨੂੰ ਆਫ਼ਰ ਲਾਈ:

" If you want, I can send you to India"

ਆਪਣੀ ਧਰਤੀ 'ਤੇ ਖਲੋਤਾ ਦਾਦਾ ਇਹ ਭੁੱਲ ਗਿਆ ਕਿ ਓਹ ਜੇਲ ਵਿੱਚ ਕ਼ੈਦ, ਗੱਜ ਵੱਜ ਕੇ ਬੋਲਿਆ:

" I am son of the soil !"

ਅਜੇ ਨਵਾਬ ਮਮਦੋਟ ਅਗਲੀ ਗੱਲ ਨਾ ਕੀਤੀ, ਦਾਦਾ ਬੋਲਿਆ: "ਮੈਂ ਪੋਠੋਹਾਰ ਨਾ ਪੁੱਤਰ, ਕੁਥੇ ਨਾ ਜੁਲਸਾਂ, ਏਥੇ ਈ ਰਹਿਸਾਂ!" ਚੀਫ਼ ਮਨਿਸਟਰ ਨਾਲ ਐਜੂਕੇਸ਼ਨ ਮਨਿਸਟਰ ਚੌਧਰੀ ਫ਼ਜ਼ਲ ਇਲਾਹੀ (ਜਿਹੜਾ ਮਗਰੋਂ ਪਰੈਜ਼ੀਡੈਂਟ ਆਫ਼ ਪਾਕਿਸਤਾਨ ਬਣਿਆ) ਇਸਲਾਮੀ ਸੋਸ਼ਲਿਜ਼ਮ ਦੀ ਗੱਲ ਛੇੜੀ,

"I am not a mullah, I am a communist, I know what I want!"

ਦਾਦੇ ਠੋਕ ਕੇ ਜਵਾਬ ਦਿੱਤਾ, ਮੁਲਾਕਾਤ ਖ਼ਤਮ ਹੋਈ...

+++

ਉਹਨੇ ਔਖੀ ਜੇਲ ਭੋਗੀ, ਪੂਰੇ ਪੰਦਰਾਂ ਮਹੀਨੇ। ਰਾਜਾ ਤੇ ਮਲਕ ਜਿਹੜੇ ਕ਼ੈਦੀ ਦੇ ਵਰਕਰ ਰਹੇ, ਉਹ ਗਰਾਈਂ ਕਰਮ ਖ਼ਾਨ ਤੇ ਮੌਲਾ ਦਾਦ ਨੂੰ ਗਿਣ ਕੇ ਦੱਸਣ ਪਏ। ਉਹਨਾਂ ਨੂੰ ਚੇਤੇ ਆਇਆ ਕਿ ਰਾਵਲਪਿੰਡੀ ਕਚਹਿਰੀ ਵਿੱਚ ਪਾਰਟੀ ਦੇ ਦੋ ਕਾਮਰੇਡਾਂ, ਹਸਨ ਨਾਸਰ ਤੇ ਅਲੀ ਅਮਾਮ ਦੀ ਰਿਹਾਈ ਲਈ ਦਾਦੇ ਨੂੰ ਕਿਵੇਂ ਧੱਕੇ ਖਾਣੇ ਪਏ। ਏਹ ਦੋਵੇਂ ਕਾਮਰੇਡ 'ਪ੍ਰੈਸ ਆਰਡੀਨੈਂਸ' ਤਹਿਤ ਗ੍ਰਿਫ਼ਤਾਰ, ਜਿਹਨਾਂ 'ਤੇ ਇਲਜ਼ਾਮ ਕਿ ਉਨ੍ਹਾਂ 'ਮਿਲਟਰੀ ਇੰਜੀਨੀਅਰਿੰਗ ਸਰਵਿਸ' ਦੇ ਮੁਲਾਜ਼ਮਾਂ 'ਚ ਕਮਿਊਨਿਜ਼ਮ ਦਾ 'ਕ਼ਾਬਲੇ ਐਤਰਾਜ਼' ਲਿਟਰੇਚਰ ਵੰਡਿਆ। ਮੈਜਿਸਟਰੇਟ ਮੁਲਜ਼ਮਾਂ ਨੂੰ ਦੋ ਦੋ ਸਾਲ ਸਜ਼ਾ ਸੁਣਾਈ, ਜਿਹਨਾਂ ਲਈ ਜੇਲ ਦੀ 'ਸੀ ਕਲਾਸ', ਹਾਲਾਂ ਉਹ ਦੋਵੇਂ ਬੀ ਕਲਾਸ ਦੇ ਅਹਿਲ, ਕਿਓਂਜੇ ਉਹ ਦੋਵੇਂ ਯੂਨੀਵਰਸਟੀਆਂ ਦੇ ਡਿਗਰੀ ਹੋਲਡਰ। ਦਾਦਾ ਏਹਨਾਂ ਕਾਮਰੇਡਾਂ ਦੀ ਸਜ਼ਾ ਤੇ ਜੇਲ 'ਚ ਉਹਨਾਂ ਨੂੰ ਮਿਲੀ 'ਸੀ ਕਲਾਸ' ਦੇ ਖ਼ਿਲਾਫ਼ ਅਦਾਲਤ ਅੱਪੜਦਿਆਂ ਈ ਆਪ ਗ੍ਰਿਫ਼ਤਾਰ ਹੋ ਗਿਆ। 1947 ਤੋਂ ਪਹਿਲਾਂ ਦਾਦਾ 'ਡਿਫੈਂਸ ਆਫ਼ ਇੰਡੀਆ ਰੂਲਜ਼' ਤਹਿਤ ਫੜਿਆ ਜਾਂਦਾ ਰਿਹਾ, ਪਰ ਪਾਕਿਸਤਾਨ 'ਚ ਉਹਦੇ 'ਤੇ 'ਪਬਲਿਕ ਸੇਫ਼ਟੀ ਐਕਟ' ਲਾਗੂ ਹੋਇਆ। ਇਲਜ਼ਾਮ ਦੋ: ਇਕ ਉਹਨੇ ਰਾਵਲਪਿੰਡੀ 'ਚ ਕਮਿਊਨਿਸਟ ਪਾਰਟੀ ਦੇ ਦਫ਼ਤਰ ਸਾਹਮਣੇ 'ਯੋਮੇ ਮਈ' ਦੇ ਜਲਸੇ 'ਚ ਤਕ਼ਰੀਰ ਕਰਦਿਆਂ ਪਾਕਿਸਤਾਨੀ ਵਜ਼ੀਰੇ ਆਜ਼ਮ ਲਿਆਕ਼ਤ ਅਲੀ ਖ਼ਾਂ ਨੂੰ 'ਗੁੰਡਾ' ਕਹਿ ਕੇ ਲਲਕਾਰਿਆ ਤੇ ਦੂਜਾ ਇਲਜ਼ਾਮ ਏਹ ਕਿ ਉਹਨੇ ਟੈਕਸਲਾ 'ਚ ਕਿਸਾਨ ਰੈਲੀ ਕੱਢਦਿਆਂ ਪਾਕਿਸਤਾਨੀ ਰਿਆਸਤ ਨੂੰ ਤੜ੍ਹੀ ਲਾਈ ਕਿ ਜੇ ਉਹਨੇ ਕਿਸਾਨਾਂ ਦੇ ਮਸਲੇ ਹੱਲ ਨਾ ਕੀਤੇ ਤੇ ਪਾਕਿਸਤਾਨੀ ਸਰਕਾਰ ਸੁਣ ਲਵੇ, "ਜੇ ਅਸਾਂ ਕੀ ਖੇਡਣ ਨਾ ਦੇਸੋ, ਅਸਾਂ ਤੁਸਾਂ ਕੀ ਖੇਡ ਵੰਜਾਈ ਜੁਲਨੀ!"

ਦਾਦੇ ਨੂੰ ਰਾਵਲਪਿੰਡੀ ਜੇਲ 'ਚੋਂ ਕ਼ੈਦੀਆਂ ਦੀ ਬੰਦ ਗੱਡੀ ਵਿੱਚ ਬਿਠਾਇਆ ਗਿਆ, ਜਿਹੜੀ ਸਾਰਾ ਦਿਨ ਚੱਲੀ ਤੇ ਨਮਾਹਸ਼ੀਂ ਲਹੌਰ ਦੀ ਸੈਂਟਰਲ ਜੇਲ ਵਿੱਚ ਜਾ ਖਲੋਤੀ। ਥੱਕੇ ਹੋਏ ਕ਼ੈਦੀ ਆਕੜ ਲਈ ਕਿ ਪਿੱਛੋਂ ਧੱਕਾ ਵੱਜਿਆ ਤੇ ਓਹ ਗੰਦੀ ਕੋਠੜੀ ਵਿੱਚ ਜਾ ਢੱਠਾ, ਜਿਹਨੂੰ ਬੰਦ ਕਰ ਕੇ ਬਾਹਰੋਂ ਜੰਦਰਾ ਚੜ੍ਹਿਆ। ਅਗਲੇ ਦਿਨ ਸਵੇਰੇ ਮੁਲਜ਼ਮ ਦੀ ਸੀਨੀਅਰ ਸਿਵਲ ਜੱਜ ਦੀ ਅਦਾਲਤ ਪੇਸ਼ੀ। ਕਟਹਿਰੇ 'ਚ ਖਲੋਤੇ ਨੂੰ ਫ਼ਰਦੇ ਜੁਰਮ ਪੜ੍ਹ ਕੇ ਸੁਣਾਈ ਗਈ। ਮੁਜਰਮ ਬੋਲਣ ਲੱਗਾ ਪਰ ਉਹਦੀ ਹੱਥਕੜੀ ਨੂੰ ਖਿੱਚ ਲੱਗੀ ਤੇ ਉਹ ਚੁੱਪ, ਸਿਪਾਹੀ ਦੇ ਪਿੱਛੇ ਲੱਗ ਕੇ ਚੱਲ ਪਿਆ। ਸਾਰਾ ਦਿਨ ਸਫ਼ਰ, ਰਾਤੀਂ ਚਿਰਕਾ ਓਹ ਪੁਲਸ ਦੀ ਨਿਗਰਾਨੀ 'ਚ ਰਾਵਲਪਿੰਡੀ ਜੇਲ ਅੱਪੜਿਆ। ਕੁਝ ਦਿਨ ਮਗਰੋਂ ਦਾਦੇ ਦੀ ਫ਼ੇਰ ਲਹੌਰ ਪੇਸ਼ੀ, ਪਿੰਜਰੇ ਵਰਗੀ ਗੱਡੀ 'ਚੋਂ ਉਹਨੇ ਬਾਹਰ ਝਾਕਿਆ, ਅਖ਼ਬਾਰ ਦੀ ਸੁਰਖੀ,

"ਰਾਵਲਪਿੰਡੀ ਸਾਜ਼ਿਸ਼ ਪਕੜੀ ਗਈ।" ਦਾਦੇ ਨੂੰ ਕੀ- ਉਹ ਵਰਕਰ, ਸਾਜ਼ਿਸ਼ ਲੀਡਰ ਕਰਦੇ। ਲਹੌਰ ਦੀ ਸੈਂਟ੍ਰਲ ਜੇਲ ਵਿੱਚ ਦਾਦੇ ਕੀ ਵੇਖਿਆ, ਬਹੂੰ ਪੜ੍ਹੇ ਲਿਖੇ ਪ੍ਰੌਗਰੈਸਿਵ ਰਾਇਟਰਜ਼ 'ਸੀ ਕਲਾਸ' 'ਚ ਡੱਕੇ ਹੋਏ, ਜਿਹਨਾਂ ਨੂੰ ਪਰੇਸ਼ਨ ਵੇਖ ਕੇ ਦਾਦੇ ਜੇਲ ਵਿੱਚ ਏਸ ਜ਼ੁਲਮ ਦੇ ਖ਼ਿਲਾਫ਼ ਉਚੀ ਉਚੀ ਨਾਅਰੇ ਲਵਾਏ, ਜਿਹਦੀ ਉਹਨੂੰ ਇਹ ਸਜ਼ਾ ਮਿਲੀ ਕਿ ਓਹ ਲਹੌਰੋਂ ਮਿਆਂਵਾਲੀ ਜੇਲ ਮੁੰਤਕ਼ਲ ਹੋਇਆ, ਜਿੱਥੇ ਕ਼ੈਦ ਖ਼ਾਕਸਾਰ ਲੀਡਰ ਅਲਾਮਾ ਇਨਾਇਤ-ਉਲਾ-ਮਸ਼ਰਕ਼ੀ ਦੀ ਕੋਠੜੀ ਉਹਦੇ ਗੁਆਂਢ। ਭੁੱਖ ਤੇ ਗੰਦਗੀ ਵਜ੍ਹੋਂ ਦਾਦਾ ਬਿਮਾਰ ਹੋ ਕੇ ਲੰਮਾ ਪੈ ਗਿਆ। 'ਅਮਰੋਜ਼'ਤੇ 'ਪਾਕਿਸਤਾਨ ਟਾਇਮਜ਼' ਉਹਦੀ ਬਿਮਾਰੀ ਤੇ ਬਦਹਾਲੀ ਬਾਰੇ ਖ਼ਬਰਾਂ ਛਾਪੀਆਂ, ਜਿਹਦੇ ਸਦਕ਼ੇ ਦਾਦੇ ਨੂੰ ਰਿਹਾਈ ਮਿਲੀ ਪਰ ਘਰ ਵਿੱਚ ਨਜ਼ਰਬੰਦੀ ਦਾ ਹੁਕਮ ਹੋਇਆ। ਦਾਦੇ ਦਾ ਕਿਧਰੇ ਵੀ ਆਪਣਾ ਕੋਈ ਘਰ ਨਾ। ਜੇਹੜੀ ਭੋਏਂ ਹਿੱਸੇ ਆਈ ਉਹਦੇ 'ਚ ਓਹਨੇ ਸਕੂਲ ਬਣਾਅ ਦਿੱਤਾ। ਉਹ ਆਪਣੇ ਗਰਾਂ 'ਚ ਆਪਣੀ ਭੈਣ ਦੇ ਘਰ ਕ਼ੈਦ ਹੋਇਆ, ਨੰਬਰਦਾਰ ਉਹਦਾ ਨਿਗਰਾਨ, ਜਿੱਥੇ ਹਰ ਸਤਵੇਂ ਦਿਨ ਕਹੂਟਾ ਤੋਂ ਸੀਆਈਡੀ ਇੰਸਪੈਕਟਰ ਚੈਕਿੰਗ ਲਈ ਆਵੇ। ਦਾਦਾ ਬਹੂੰ ਦੁਖੀ ਤੇ ਲਾਚਾਰ ਹੋ ਕੇ ਵੇਖੇ ਕਿ ਉਹਦੇ ਗਰਾਂ ਵਿੱਚ ਚਾਹ, ਹੁੱਕ਼ੇ, ਚਿਲਮ ਤੇ ਨਸਵਾਰ ਦੀ ਵਰਤੋਂ ਵਧ ਗਈ ਪਰ ਬਾਜਰੇ ਦੀ ਉਹ ਈ ਸਖ਼ਤ ਸੀਮੈਂਟ ਰੋਟੀ ਤੇ ਪਾਣੀ ਪਤਲੀ ਮਾਂਹ ਦੀ ਦਾਲ।

ਗਰਾਈਂ ਦਾਦੇ ਨੂੰ ਆਪਣਾ ਹਮਦਰਦ ਤੇ ਮਦਦਗਾਰ ਸਮਝਦੇ। ਫ਼ੌਜੀ ਜਵਾਨ ਕ਼ੁਰਬਾਨ ਹੁਸੈਨ ਲਹੌਰ ਛਾਓਣੀ ਵਿੱਚ ਪੋਸਟਿਡ, ਚਿੱਠੀ ਰਾਹੀਂ ਓਹਨੇ ਦਾਦੇ ਨਾਲ ਆਪਣਾ ਕੋਈ ਜ਼ਾਤੀ ਮਸਲਾ ਸਾਂਝਾ ਕੀਤਾ। ਪੁਲਸ ਏਹ ਚਿੱਠੀ ਰਾਹ ਵਿੱਚ ਰੋਕ ਕੇ ਪੜ੍ਹ ਲਈ ਤੇ ਕੁਰਬਾਨ ਹੁਸੈਨ ਦੇ ਖ਼ਿਲਾਫ਼ ਸੀ ਓ (ਕਮਾਂਡਿੰਗ ਆਫ਼ੀਸਰ) ਨੂੰ ਸ਼ਿਕਾਇਤ ਲੱਗੀ, ਜਿਹਦਾ ਇਕ 'ਵਤਨ ਦੁਸ਼ਮਨ ਕਮਿਊਨਿਸਟ' ਨਾਲ ਗੂੜ੍ਹਾ ਸਾਂਗਾ, ਸਬੂਤ ਉਹਦੀ ਲਿਖੀ ਚਿੱਠੀ। ਕੁਰਬਾਨ ਹੁਸੈਨ ਦੇ ਖ਼ਿਲਾਫ਼ ਕਾਰਵਾਈ ਹੋਈ ਤੇ ਓਹਦਾ ਨਾਂ 'ਡਿਸਚਾਰਜ ਲਿਸਟ' 'ਚ ਆ ਗਿਆ। ਪੋਠੋਹਾਰ ਦੇ ਲੋਕਾਂ ਲਈ ਫ਼ੌਜ ਦੀ ਨੌਕਰੀ ਰੁਜ਼ਗਾਰ ਈ ਨਹੀਂ, ਇੱਜ਼ਤ ਵੀ। ਕੁਰਬਾਨ ਹੁਸੈਨ ਦਾ ਵੱਡਾ ਭਰਾ 'ਮੁਜਰਮ' ਦੇ ਖ਼ਿਲਾਫ਼ ਮੈਦਾਨ ਵਿੱਚ ਆ ਗਿਆ ਤੇ ਉਹ ਮਿਲਟਰੀ ਕਮਾਂਡਰ ਅੱਗੇ ਪੇਸ਼ ਹੋਇਆ ਕਿ ਪੋਠੋਹਾਰ 'ਚ ਚਾਲਾ (ਰਿਵਾਜ): ਜਦੋਂ ਫ਼ੌਜੀ ਛੁੱਟੀ ਆਵੇ ਉਹ ਗਰਾਂ ਦੇ ਬਜ਼ੁਰਗਾਂ ਨੂੰ ਜਾ ਕੇ ਸਲਾਮ ਕਰੇ, ਜੋ ਅੱਗੋਂ ਉਹਨੂੰ ਦੁਆ ਦੇਂਦੇ, ਪਰ ਕਮਿਊਨਿਸਟ ਦਾਦਾ ਅਮੀਰ ਹੈਦਰ ਅੱਗੋਂ ਖ਼ਤਰਨਾਕ ਵਿਚਾਰ ਪਰਚਾਰੇ ਤੇ ਜਵਾਨਾਂ ਨੂੰ ਕੁਰਾਹੇ ਪਾਏ। ਇਹ ਸੁਣ ਕੇ 'ਡਿਫ਼ੈਂਸ ਡਿਪਾਰਟਮੈਂਟ' ਹਰਕਤ 'ਚ ਆਇਆ। ਥਾਣੇ ਹੁਕਮਨਾਮਾ ਵਸੂਲ ਹੋਇਆ, ਦਾਦਾ ਅਮੀਰ ਹੈਦਰ ਆਪਣੇ ਗਰਾਂ ਤੋਂ ਬੇਦਖ਼ਲ, ਪੁਲਸ ਉਹਨੂੰ ਗ੍ਰਿਫ਼ਤਾਰ ਕਰਕੇ ਰਾਵਲਪਿੰਡੀ ਲਿਆ ਕੇ ਛੱਡ ਦਿੱਤਾ, ਜਿੱਥੇ ਉਹਦੇ ਲਈ ਲਾਜ਼ਮੀ ਕਿ ਊਹ ਹਫ਼ਤੇ 'ਚ ਇਕ ਵਾਰੀਂ ਥਾਣੇ ਆਪਣੀ ਹਾਜ਼ਰੀ ਲਵਾਏ।

ਬੇਘਰ ਰੁਲਦੇ ਦਾਦੇ ਪੰਜਾਬ ਦੇ ਚੀਫ਼ ਮਨਿਸਟਰ ਮੁਮਤਾਜ਼ ਦੌਲਤਾਨਾ ਨੂੰ ਚਿੱਠੀ ਪਾਈ ਕਿ ਪਾਕਿਸਤਾਨ ਦੇ ਹਾਕਮ ਪੀੜ੍ਹੀਓ ਪੀੜ੍ਹੀ ਫ਼ਰੰਗੀਆਂ ਦੇ ਗ਼ੁਲਾਮ, ਜਦੋਂ ਕਿ ਉਹ ਫ਼ਰੰਗੀਆਂ ਦੇ ਖ਼ਿਲਾਫ਼ ਆਜ਼ਾਦੀ ਦੀ ਜੰਗ ਲੜਦਾ ਰਿਹਾ। ਉਹਨੇ ਚਿੱਠੀ 'ਚ ਸਵਾਲ ਕੀਤਾ ਕਿ ਉਹ ਕਿਵੇਂ ਆਪਣੇ ਆਪ ਨੂੰ ਪਾਕਿਸਤਾਨ ਦਾ ਆਜ਼ਾਦ ਸ਼ਹਿਰੀ ਆਖੇ ਜਦੋਂ ਉਹ ਸਰਕਾਰੋਂ ਮਿੱਥੀ ਹੱਦ ਦਾ ਪਾਬੰਦ ਤੇ ਉਹਦੇ ਲਈ ਥਾਣੇ ਹਾਜ਼ਰ ਹੋਣਾ ਲਾਜ਼ਮੀ। ਪੰਜਾਬ ਸਰਕਾਰ ਏਸ ਚਿੱਠੀ 'ਤੇ ਕੋਈ ਧਿਆਨ ਨਾ ਦੇਂਦੀ ਜੇ 'ਕ਼ਸ਼ਮੀਰ ਰੇਡਿਓ ਸ੍ਰੀਨਗਰ' ਤੋਂ ਦਾਦੇ ਨਾਲ ਹੋਏ ਵਾਧੇ ਬਾਰੇ ਖ਼ਬਰ ਨਸ਼ਰ ਨਾ ਹੋਂਦੀ, ਜਿਹਨੇ ਪਾਕਿਸਤਾਨ 'ਚ ਇਕ ਫ਼ਰੀਡਮ ਫ਼ਾਇਟਰ ਦੀ ਬੇਜ਼ਤੀ ਤੇ ਬੇਕ਼ਦਰੀ ਨੂੰ ਭੰਡਿਆ ਤੇ ਨਿੰਦਿਆ। ਏਧਰੋਂ ਦਾਦੇ ਨੂੰ ਥਾਣੇ ਦੀ ਹਾਜ਼ਰੀ ਤੋਂ ਛੁੱਟੀ ਮਿਲੀ, ਓਧਰੋਂ ਅਮਰੀਕੀ ਇਮਦਾਦ ਲਈ ਪਾਕਿਸਤਾਨੀ ਸਰਕਾਰ 'ਕਮਿਊਨਿਸਟ ਪਾਰਟੀ ਆਫ਼ ਪਾਕਿਸਤਾਨ' ਨੂੰ ਗ਼ੈਰ ਕ਼ਾਨੂੰਨੀ ਲਿਖਕੇ ਉਹਦੇ 'ਤੇ ਪਾਬੰਦੀ ਲਾ ਦਿੱਤੀ।
ਦਾਦਾ ਥਾਣੇ ਆਖ਼ਰੀ ਹਾਜ਼ਰੀ ਲਵਾਅ ਕੇ ਰਾਵਲਪਿੰਡੀ 'ਚ ਪਾਰਟੀ ਦੇ ਦਫ਼ਤਰ, ਜੇਹੜਾ ਉਹਦੀ ਰਿਹਾਇਸ਼ ਵੀ, ਅਜੇ ਅੱਪੜਿਆ ਈ ਕਿ ਪੁਲਸ ਆ ਗਈ। ਦਾਦਾ ਸਿੱਧਾ ਜੇਲ, ਜਿਹਦੀ ਰਿਹਾਈ ਲਈ ਮਸ਼ਹੂਰ ਵਕੀਲ ਮਹਿਮੂਦ ਅਲੀ ਕ਼ਸੂਰੀ ਲਹੌਰ ਹਾਈ ਕੋਰਟ 'ਚ ਪਟੀਸ਼ਨ ਕੀਤੀ।
ਜ਼ਮਾਨਤ ਹੋਂਦਿਆਂ ਈ ਦਾਦਾ ਵਾਪਸ ਰਾਵਲ ਪਿੰਡੀ, ਜਿੱਥੇ ਅੱਗੇ ਪਾਰਟੀ ਦਾ ਦਫ਼ਤਰ ਸੀਲ। ਉਹਨੇ ਅਪਣੇ ਜ਼ਾਤੀ ਸਮਾਨ ਦੀ ਹਵਾਲਗੀ ਲਈ ਮੈਜਿਸਟਰੇਟ ਦੀ ਅਦਾਲਤ 'ਚ ਦਰਖ਼ਾਸਤ ਦਿੱਤੀ। ਤਾਰੀਖ਼ ਤੇ ਤਾਰੀਖ਼, ਰੋਜ਼ ਪੇਸ਼ੀ। ਓੜਕ ਮੈਜਿਸਟਰੇਟ ਦੀ ਮੌਜੂਦਗੀ 'ਚ ਦਫ਼ਤਰ ਖੁੱਲ੍ਹਾ।
-ਇੰਜ ਜਿਓਂ ਹਿੰਦੂਆਂ ਸਿੱਖਾਂ ਦਾ ਘਰ ਮੁਸਲਮਾਨਾਂ ਲੁੱਟਿਆ ਹੋਵੇ। ਭਾਂਡੇ, ਕੱਪੜੇ, ਸੰਦੂਕ਼ ਤੇ ਮੰਜੀ, ਬਿਸਤਰਾ ਸਭ ਉੱਜੜੇ ਕਮਰੇ 'ਚੋਂ ਗ਼ਾਇਬ। ਦਾਦੇ ਨੂੰ ਉਹਨਾਂ ਕਿਤਾਬਾਂ ਦੀ ਗੁੰਮਸ਼ੁਦਗੀ ਦਾ ਬਹੂੰ ਦੁੱਖ ਹੋਇਆ, ਜੇਹੜੀਆਂ ਉਹਦੇ ਇੰਡੀਅਨ ਕਾਮਰੇਡਾਂ ਦੀਆਂ ਨਿਸ਼ਾਨੀਆਂ ਸਨ। ਵਸਤ ਵਲੇਵਾ ਨਾ ਰਹਿਆ, ਉਹਦੀ ਕੀ ਚਿੰਤਾ, ਦਾਦੇ ਨੂੰ ਵਾਧੂ ਘਾਟਾ ਜੇਹੜਾ ਬਹੂੰ ਮਹਿਸੂਸ ਹੋਵੇ, ਉਹ ਜਲਸੇ ਜਲੂਸ ਉਤੇ ਪਾਬੰਦੀ। ਉਹ ਅੰਡਰਗਰਾਊਂਡ ਹੋ ਗਿਆ, ਪੋਠੋਹਾਰ ਦੇ ਮਜ਼ਦੂਰਾਂ ਤੇ ਕਿਸਾਨਾਂ ਨਾਲ ਉਹਦੀਆਂ ਖ਼ੁਫ਼ੀਆ ਮੁਲਾਕ਼ਾਤਾਂ ਹੋਣ ਲੱਗ ਪਈਆਂ। ਗਰਾਂ ਵਿੱਚ ਆਪਣੇ ਸਕੂਲ ਦੀ ਹਰ ਵੇਲੇ ਓਹਨੂੰ ਫ਼ਿਕਰ ਰਵ੍ਹੇ।

1958, ਪਾਕਿਸਤਾਨ ਵਿੱਚ ਮਾਰਸ਼ਲ ਲਾਅ ਲੱਗ ਗਿਆ, ਕਮਿਊਨਿਸਟਾਂ ਦੀ ਹੋਰ ਸ਼ਾਮਤ ਆਈ। ਦਾਦਾ ਏਹ ਖ਼ਬਰ ਸੁਣ ਕੇ ਅਪਣੇ ਗਰਾਂ ਤੋਂ ਰਾਵਲਪਿੰਡੀ ਗਿਆ, ਜਿੱਥੇ ਲਾਰੀ ਅੱਡੇ ਪੁਲਸ ਇੰਸਪੈਕਟਰ ਸਿਪਾਹੀਆਂ ਦੇ ਜੱਥੇ ਸਣੇ ਉਹਦੀ ਗ੍ਰਿਫ਼ਤਾਰੀ ਲਈ ਤਿਆਰ। ਰਾਵਲਪਿੰਡੀ ਜੇਲ ਵਿੱਚ ਫ਼ੌਜ ਈ ਫ਼ੌਜ, ਸੁਪਰਿੰਟੈਂਡੈਂਟ ਜੇਲ ਵੀ ਫ਼ੌਜੀ ਅਫ਼ਸਰ ਕਰਨਲ ਫ਼ਖ਼ਰੁਦੀਨ ਬੂਟਾਂ ਦਾ ਦਾਬਾ ਤੇ ਵਰਦੀ ਦਾ ਰੋਅਬ, ਹਾਜ਼ਰੀ ਵੇਲੇ ਪਾਟੇ ਕੱਪੜਿਆਂ ਵਿੱਚ ਪੈਰੋਂ ਵਾਹਨਾਂ ਕ਼ੈਦੀ ਦਾਦਾ ਅਮੀਰ ਹੈਦਰ ਕਰਨਲ ਸਾਹਬ ਦੇ ਜਲਾਲ ਤੋਂ ਨਾ ਯਰਕਿਆ, ਸਲਾਮ ਨਾ ਨਜ਼ਰਾਂ ਨੀਵੀਆਂ, ਸੁਪਰਿੰਟੈਂਡੈਂਟ ਜੇਲ ਮੇਜ਼ 'ਤੇ ਸਟਿਕ ਮਾਰ ਕੇ ਗੱਜਿਆ,

"Listen, this is Martial Law, you know Martial Law administrator is General Muhammad Ayub Khan!"

ਕ਼ੈਦੀ ਜਿਹੜਾ ਪਾਕਿਸਤਾਨ ਬਣਨ ਦੇ ਯਾਰਵੇਂ ਸਾਲ ਚੌਥੀ ਵਾਰ ਜੇਲ 'ਚ ਆਇਆ, ਕਰਨਲ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਆਪਣਾ ਬਿਸਤਰਾ ਚੁੱਕਦਿਆਂ,

"If I have no peace, neither will you!"

ਦਾਦਾ ਆਪਣੇ ਵਾਰਡ ਵਿਚ ਦਾਖ਼ਲ ਹਿeਆ ਤੇ ਅੱਗੇ ਸੂਬਾ ਸਰਹਦ ਤੋਂ ਗਿਫ਼੍ਰਤਾਰ ਹੋਏ ਆਏ ਦੋ ਕਾਮਰੇਡ ਬੈਠੇ: ਅਫ਼ਜ਼ਲ ਬੰਗਸ਼ ਤੇ ਕਾਕਾ ਸਨੋਬਰ। ਦਾਦਾ ਭਾਵੇਂ ਆਪ ਕੈ.ਦੀ ਪਰ ਉਹਨੂੰ ਇੰਝ ਲੱਗਾ ਜਿਓਂ ਸਰਹੱਦੀ ਕਾਮਰੇਡ ਪੋਠੋਹਾਰ ਵਿਚ ਉਹਦੇ ਪਰੌਹਣੇ। ਜੇਲ ਦੇ ਕੁਝ ਪੁਰਾਣੇ ਪੁਲਸੀਏ, ਦਾਦੇ ਦੇ ਜਾਣੂੰ, ਜਿਹਨਾਂ ਦੀ ਮਿੰਨਤ ਕਰ ਕੇ ਉਹਨੇ 'ਕਸ਼ਮੀਰ ਲਿਬਰੇਸ਼ਨ ਫ਼ਰੰਟ' ਦੇ ਕ਼ੈਦੀਆਂ ਦਾ ਬਚਿਆ ਖਾਣਾ ਆਪਣੇ ਕਾਮਰੇਡਾਂ ਨੂੰ ਪੇਸ਼ ਕੀਤਾ, ਜਿਹੜਾ ਆਪ ਪਿਛਲੇ ਤੀਹ ਘੰਟਿਆਂ ਤਂੋ ਭੁੱਖਾ। ਰਾਵਲਪਿੰਡੀ ਜੇਲ ਦੀ 'ਸੀ ਕਲਾਸ' ਦਾ ਬੁਰਾ ਹਾਲ, ਅਫ਼ਜ਼ਲ ਬੰਗਸ਼ ਤੇ ਕਾਕਾ ਸਨੋਬਰ ਬਿਮਾਰ ਹੋ ਗਏ, ਜਿਹਨਾਂ ਲਈ ਦਾਦਾ ਜੇਲ ਦੇ ਅਫ਼ਸਰਾਂ ਨਾਲ ਰੋਜ਼ ਲੜੇ।

ਰਾਵਲਪਿੰਡੀ ਜੇਲ 'ਚ ਪੂਰਾ ਸਾਲ ਗੁਜ਼ਾਰ ਕੇ ਕਮਿਊਨਿਸਟ ਕ਼ੈਦੀ ਇਕ ਇਕ ਕਰ ਕੇ ਲਹੌਰ ਦੇ ਸ਼ਾਹੀ ਕਿ.ਲ੍ਹੇ ਅੱਪੜਦੇ ਗਏ, ਜਿੱਥੇ ਗੰਦੀਆਂ ਕੋਠੜੀਆਂ 'ਚ ਭੁੰਜੇ ਸੌਣਾ ਪਵੇ, ਟੁੱਟੇ ਫ਼ਰਸ਼ ਤੇ ਇੱਟ ਦਾ ਸਿਰਹਾਣਾ। ਤੰਗ ਥਾਂ 'ਚ ਭੁੱਖ, ਬਦਬੂ, ਅਨ੍ਹੇਰਾ ਤੇ ਇਕਲਾਪਾ, ਸਾਂ ਸਾਂ 'ਚ ਮੋਟੇ ਮੱਛਰ ਦੀ ਘੀਂਂ ਘੀਂ। ਬਾਹਰ ਉਹ ਕੁਝ ਘੜੀਆਂ ਸੌਖੀਆਂ ਲੰਘਣ, ਜਦੋਂ ਸਖ਼ਤ ਤਫ਼ਤੀਸ਼ ਲਈ ਸੀਆਈਡੀ ਦੇ ਅਫ਼ਸਰ ਸਾਹਮਣੇ ਪੇਸ਼ੀ ਹੋਵੇ। ਹਥਿਆਰ ਬੰਦ ਸੰਤਰੀਆਂ ਦੇ ਪਹਿਰੇ 'ਚ ਇਹ ਕ਼ੈਦੀ ਆਵਣ ਜਾਵਣ, ਜਿਹੜੇ ਆਪਸ 'ਚ ਜਾਣੂ, ਇਕ ਦੂਜੇ ਨੂੰ ਵੇਖਦੇ ਪਰ ਆਪਸ 'ਚ ਗੱਲ ਨਾ ਕਰ ਸਕਦੇ। ਦਾਦਾ ਅਮੀਰ ਹੈਦਰ, ਫ਼ਜ਼ਲ ਇਲਾਹੀ ਕੁਰਬਾਨ, ਫ਼ਿਰੋਜ਼ੁਦੀਨ ਮਨਸੂਰ ਤੇ ਕਸਵਰ ਗਰਦੇਜ਼ੀ ਪੰਜਾਬੀ, ਸਿੰਧ 'ਚੋਂ ਹੈਦਰ ਬਖ਼ਸ਼ ਜਤੋਈ ਤੇ ਸ਼ੁਭਗਿਆਨ ਚੰਦਾਨੀ ਜਿਹਦੀ ਦਾਦੇ ਨੂੰ ਬਹੁਤ ਫ਼ਿਕਰ ਕਿਓਂਜੇ ਉਸ ਹਿੰਦੂ ਨੂੰ ਸੀਆਈਡੀ ਦੇ ਮੁਸਲਮਾਨ ਅਫ਼ਸਰ, ਕਾਫ਼ਰ ਤੇ ਇੰਡੀਅਨ ਏਜੰਟ ਮਿੱਥ ਦੂਜੇ ਕ਼ੈਦੀਆਂ ਤੋਂ ਵੱਧ ਤਸੀਏ ਦੇਂਦੇ।

ਕਮਿਊਨਿਸਟਾਂ ਨਾਲ ਇਹ ਸਾਰੀ ਸਖ਼ਤੀ ਅਮਰੀਕੀ ਤੇ ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ ਦਾ ਸਾਂਝ ਖਾਤਾ, ਸਾਫ਼ ਸਹੀ ਹੋਵੇ। ਸੀਆਈਡੀ ਲਹੌਰ ਦਾ ਹੈੱਡ ਮੀਆਂ ਅਨਵਰ ਅਲੀ ਜਿਹਨੇ ਕਿ.ਲ੍ਹੇ ਵਿੱਚ ਬੜੇ ਜੀਅਦਾਰ ਕ਼ੈਦੀਆਂ ਦਾ ਪਿਸ਼ਾਬ ਨਿਕਲਦਾ ਵੇਖਿਆ ਪਰ ਕਿਸੇ ਕਮਿਊਨਿਸਟ ਨੂੰ ਉਹਨੇ ਆਪਣੇ ਆਦਰਸ਼ ਤੋਂ ਥਿੜਕਦਿਆਂ ਮਹਿਸੂਸ ਨਾ ਕੀਤਾ। ਉਹਦੀ ਰਿਪੋਰਟ 'ਤੇ ਏਹ ਕ਼ੈਦੀ ਕਿ.ਲ੍ਹੇ 'ਚੋਂ ਬਾਹਰ ਆਏ ਤੇ ਵੱਖ ਵੱਖ ਜੇਲਾਂ ਨੂੰ ਰਵਾਨਾ ਹੋਏ। ਦਾਦੇ ਨੂੰ ਲਹੌਰ ਦੀ ਸੈਂਟ੍ਰਲ ਜੇਲ ਵਿੱਚ ਲਿਆਂਦਾ, ਜਿੱਥੋਂ ਕੁਝ ਦਿਨ ਮਗਰੋਂ ਉਹ ਪੁਲਸ ਦੀ ਨਿਗਰਾਨੀ 'ਚ ਰਾਵਲਪਿੰਡੀ ਜੇਲ 'ਚ ਸ਼ਿਫਟ ਹੋਇਆ। ਮਹੀਨਾ ਵੀ ਨਾ ਲੰਘਿਆ, ਦਾਦੇ ਦੀ ਥਾਣਾ ਕੱਲਰ ਸੈਦਾਂ 'ਚ ਪੇਸ਼ੀ ਹੋਈ, ਜਿੱਥੇ ਉਹਨੇ ਰਾਤ ਹਵਾਲਾਤ ਵਿੱਚ ਗੁਜ਼ਾਰੀ ਤੇ ਅਗਲੇ ਦਿਨ ਪੁਲਸ ਦਾਦੇ ਨੂੰ ਉਹਦੇ ਗਰਾਂ ਵਿੱਚ ਸਕੂਲ ਛੱਡ ਆਈ, ਜਿੱਥੋਂ ਸ਼ਾਮੀਂ ਉਹਦੀ ਭੈਣ ਉਹਨੂੰ ਆ ਕੇ ਘਰ ਲੈ ਗਈ...

+++

ਭੈਣ ਭਰਾ ਰੱਜ ਕੇ ਗੱਲਾਂ ਕੀਤੀਆਂ, ਮਾਪੇ ਯਾਦ ਆਏ, ਲੰਘੇ ਵੇਲੇ ਦੇ ਦੁੱਖਾਂ ਰਵਾਇਆ ਤੇ ਸੁੱਖਾਂ ਹਸਾਇਆ। ਯਾਦਾਂ ਦਾ ਮੇਲਾ ਸਰਦਾਰਨੀ ਬਿਨਾਂ ਕਿਵੇਂ ਲੱਗਦਾ। ਅੱਧੀ ਰਾਤੀਂ ਦਾਦਾ ਦੁਖੀ ਹੋ ਕੇ ਚੁੱਪ ਕੀਤਾ ਤੇ ਸੌਂ ਗਆ। ਸਵੇਰ ਹੋਦਿਆਂ ਈ ਇਲਾਕ਼ੇ ਦੇ ਥਾਣੇਦਾਰ ਆ ਬੂਹਾ ਖੜਕਾਇਆ, ਜਿਹਨੇ ਦਾਦੇ ਕੋਲੋਂ ਸਰਕਾਰੀ ਹੁਕਮ ਦੀ ਤਾਅਮੀਲ ਕਰਵਾਈ ਕਿ ਉਹ ਮਸ਼ਕੂਕ, ਕਾਲੀਆਂ ਸਿਆਲੀਆਂ ਦੀ ਹੱਦੋਂ ਬਾਹਰ ਨਿਕਲਣ ਤੋਂ ਮਨਾਹੀ ਤੇ ਦੂਜਾ ਹਰ ਸੋਮਵਾਰ ਨੂੰ ਥਾਣਾ ਕੱਲਰ 'ਚ ਉਹਦੀ ਹਾਜ਼ਰੀ ਲਾਜ਼ਮੀ, ਜੋ ਕਾਲੀਆਂ ਸਿਆਲੀਆਂ ਤੋਂ ਸੋਲਾਂ ਮੀਲ ਦੂਰ। ਪੇਸ਼ੀ ਲਈ ਛੇ ਮੀਲ ਦੂਰ ਚੋਹਾ ਖਾਲਸਾ ਪੈਦਲ ਜਾਂਦਾ, ਜਿਥੋਂ ਉਹਨੂੰ ਕੱਲਰ ਦੀ ਲਾਰੀ ਮਿਲਦੀ। ਦਾਦੇ ਦੀ ਨਜ਼ਰ 1946 ਤੋਂ ਕਮਜ਼ੋਰ ਹੋਣ ਲੱਗ ਪਈ ਤੇ ਉਹਦੀ ਐਨਕ ਦੇ ਸ਼ੀਸ਼ੇ ਮੋਟੇ ਹੋਂਦੇ ਗਏ।

ਸਰਦੀਆਂ ਦੇ ਦਿਨ, ਦਾਦਾ ਸੱਜਰੀ ਸਵੇਰੇ ਥਾਣੇ ਪੇਸ਼ੀ ਲਈ ਭੈਣ ਦੇ ਘਰੋਂ ਨਿਕਲਦਾ, ਇਕ ਹੱਥ 'ਚ ਖੰਡੂਰੀ ਹੋਵੇ ਤੇ ਦੂਜੇ ਹੱਥ 'ਚ ਲਾਲਟੈਨ। ਥਾਣੇ ਅੱਪੜਦਿਆਂ ਦੁਪਹਿਰ ਹੋ ਜਾਂਦੀ ਤੇ ਹਾਜ਼ਰੀ ਦੀ ਕਾਰਵਾਈ ਹੋਂਦੀ ਹੋਂਦੀ ਪਿਛਲਾ ਪਹਿਰ। ਚੋਹਾ ਖਾਲਸਾ ਲਾਰੀ 'ਚੋਂ ਲਹਿੰਦਿਆਂ ਸ਼ਾਮ ਹੋ ਜਾਏ। ਅੱਗੇ ਛੇ ਮੀਲ ਕੱਚਾ ਪਹਾੜੀ ਰਾਹ ਜਿਹੜਾ ਉੱਚਾ ਝਿੱਕਾ, ਜਿੱਥੇ ਥਾਂ ਥਾਂ ਝਾੜੀਆਂ, ਭੱਖੜਾ, ਪੋਹਲੀ, ਖਿੰਗਰ ਤੇ ਸਕਰੋੜ। ਅਨ੍ਹੇਰੇ ਵਿਚ ਸੱਪ, ਠੂੰਹੇਂ, ਕੁੱਤੇ ਤੇ ਬਘਿਆੜ ਦਾ ਡਰ ਰਹਵੇ, ਜਿਹਦੀ ਵਜ੍ਹੋਂ ਦਾਦਾ ਖਡੂੰਰੀ ਤੇ ਲਾਲਟੈਨ ਚੁੱਕੀ ਰੱਖੇ।

ਇਕ ਸੋਮਵਾਰ ਨੂੰ ਦਾਦੇ ਥਾਣੇ ਪੇਸ਼ੀ ਭੁਗਤੀ ਤੇ ਪਿਛਲੇ ਹਫ਼ਤੇ ਦੀਆਂ ਅਖ਼ਬਾਰਾਂ ਵੇਖਣ ਲਈ ਉਹ ਅਖ਼ਬਾਰ ਫ਼ਰੋਸ਼ ਦੀ ਦੁਕਾਨ ਤੇ ਗਿਆ। ਅਖ਼ਬਾਰਾਂ ਦੀਆਂ ਸਾਰੀਆਂ ਸੁਰਖੀਆਂ ਦੇ ਮੂੰਹ ਕਾਲੇ, ਲੋਕਾਂ ਲਈ ਇਕ ਵੀ ਚੰਗੀ ਖ਼ਬਰ ਨਾ। ਅੱਖਾਂ ਨਾਲ ਲਾਈ ਅਖ਼ਬਾਰ ਨੂੰ ਦੂਰ ਕਰਦਿਆਂ ਦਾਦੇ ਦੀਆਂ ਅੱਖਾਂ ਬੁਝ ਗਈਆਂ। ਅਨ੍ਹੇਰੇ ਵਿਚ ਗਰਾਂ ਅੱਪੜਣ ਤਾਈਂ ਉਹ ਘੋਰ ਅਚੰਭੇ ਵਿੱਚ ਗਵਾਚਿਆ ਰਿਹਾ।

ਕਾਲੀਆਂ-ਸਿਆਲੀਆਂ ਅੱਪੜ ਆਇਆ ਪਰ ਭੈਣ ਦੇ ਘਰ ਦਾ ਰਾਹ ਭੁੱਲ ਗਿਆ।
ਸਾਹਮਣੇ ਕੋਈ ਬੂਹਾ ਜਿਹਨੂੰ ਖੜਕਾਂਦਿਆਂ ਉਹਨੇ ਆਪਣਾ ਨਾਂ ਦੱਸਿਆ, ਅੰਦਰੋਂ ਬੁੱਢੀ ਵਾਜ,
"ਅਮੀਰ ਹੈਦਰ, ਥੱਕ ਗਿਆ ਏਂ?"
ਸਰਦਾਰਨੀ ਇਤਨੀ ਗੱਲ ਈ ਕੀਤੀ, ਅਮੀਰ ਹੈਦਰ ਦੀਆਂ ਬੇਨੂਰ ਅੱਖਾਂ ਹੰਝੂਆਂ ਦਾ ਭਾਰ ਲਾਹ ਦਿੱਤਾ।

(ਸ਼ਾਹਮੁਖੀ ਤੋਂ ਲਿੱਪੀ ਬਦਲੀ: ਪਰਮਜੀਤ ਸਿੰਘ ਮੀਸ਼ਾ)

(ਪ੍ਰੀਤਲੜੀ ਤੋਂ ਧੰਨਵਾਦ ਸਹਿਤ)

  • ਮੁੱਖ ਪੰਨਾ : ਕਹਾਣੀਆਂ, ਨੈਣ ਸੁੱਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ