Ajanta Vall Janda Raah (Punjabi Story) : Navtej Singh

ਅਜੰਤਾ ਵੱਲ ਜਾਂਦਾ ਰਾਹ (ਕਹਾਣੀ) : ਨਵਤੇਜ ਸਿੰਘ

“ਮੇਰੀ ਅਮਾਨਤ! ਜਦੋਂ ਵਾਪਸੀ ਤੇ ਛੱਡਣ ਆਏਂਗਾ, ਮੈਨੂੰ ਮੋੜ ਦਈਂ,” ਮਨਜੀਤ ਨੇ ਨਿਤ ਵਾਂਗ ਕੁੰਜੀ ਕ੍ਰਿਸ਼ਨ ਨੂੰ ਫੜਾਂਦਿਆਂ ਕਿਹਾ।

ਹੁਣ ਡਾਕਟਰ ਮਨਜੀਤ ਏਸ ਹੋਸਟਲ ਦੀ ਵਾਰਡਨ ਬਣ ਚੁਕੀ ਸੀ, ਪਰ ਮੈਡੀਕਲ ਕਾਲਿਜ ਪੜ੍ਹਦਿਆਂ ਵੀ ਉਹ ਏਸੇ ਹੋਸਟਲ ਵਿਚ ਰਹਿੰਦੀ ਹੁੰਦੀ ਸੀ। ਓਦੋਂ ਕ੍ਰਿਸ਼ਨ ਉਹਨੂੰ ਅਕਸਰ ਮਿਲਣ ਆਉਂਦਾ ਹੁੰਦਾ ਸੀ, ਤੇ ਜਦੋਂ ਵੀ ਉਹ ਏਥੋਂ ਇਕੱਠੇ ਬਾਹਰ ਸੈਰ ਲਈ ਜਾਂਦੇ ਤਾਂ ਮਨਜੀਤ ਇੰਜ ਹੀ ਕੁੰਜੀ ਕ੍ਰਿਸ਼ਨ ਨੂੰ ਫੜਾ ਕੇ ਕਹਿੰਦੀ ਹੁੰਦੀ ਸੀ, “ਮੇਰੀ ਅਮਾਨਤ!”

ਬੜੀ ਸੁਹਣੀ ਸੜਕ ਸੀ; ਪਹਿਲੀਆਂ ਵਿਚ ਉਹ ਉਹਨੂੰ ‘ਸਾਡੀ ਸੜਕ’ ਆਖਦੇ ਹੁੰਦੇ ਸਨ।

“ਬੜਾ ਚੰਗਾ ਏ ਕਿ ਅੱਜ ਤੇਰੀ ਕਿਸੇ ਹਸਪਤਾਲ ਵਿਚ ਡਿਊਟੀ ਨਹੀਂ। ਅੱਜ ਅਸੀਂ ਆਪੇ ਹੀ ਮਰੀਜ਼ ਹੋਵਾਂਗੇ, ਤੇ ਆਪੇ ਹੀ ਡਾਕਟਰ।”

“ਪੂਰੇ ਚਾਰ ਘੰਟੇ ਨੇ ਸਾਡੇ ਕੋਲ। ਸੈਰ ਕਰਾਂਗੇ, ਰੱਜ ਕੇ ਗੱਲਾਂ, ਤੇ ਕੱਠੇ ਕਿਤੇ ਬਾਹਰ ਰੋਟੀ ਖਾਵਾਂਗੇ।”

“ਨਹੀਂ ਪੂਰੇ ਚਾਰ ਨਹੀਂ। ਮੇਰਾ ਸਾਮਾਨ ਸਟੇਸ਼ਨ ਉੱਤੇ ਬੁਕ-ਸਟਾਲ ਵਾਲੇ ਕੋਲ ਪਿਆ ਏ। ਤਾਲੇ ਨਾ ਹੋਣ ਕਰਕੇ ਕਲੋਕ-ਰੂਮ ਵਾਲੇ ਰੱਖਦੇ ਨਹੀਂ ਸਨ। ਗੱਡੀ ਤਾਂ ਭਾਵੇਂ ਪੌਣੇ ਯਾਰਾਂ ਹੀ ਜਾਂਦੀ ਏ, ਪਰ ਸਟਾਲ ਪੌਣੇ ਦਸ ਹੀ ਬੰਦ ਹੋ ਜਾਂਦਾ ਏ।”

“ਚੰਗਾ, ਫੇਰ ਸੈਰ ਕਰ ਕੇ ਰੋਟੀ ਸਾਢੇ ਨੌਂ ਵਜੇ ਤੱਕ ਹੀ ਮੁਕਾ ਲਾਂਗੇ।”

“ਚੰਗਾ ਕੀਤਾ ਤੂੰ ਇਹ ਸ਼ਾਲ ਲੈ ਆਈ। ਹਵਾ ਵਿਚ ਕੁਝ ਠੰਢ ਏ, ਤੇ ਤੈਨੂੰ ਤਾਂ ਬੜੀ ਛੇਤੀ ਪਾਲਾ ਲੱਗ ਜਾਂਦਾ ਹੁੰਦਾ ਏ। ਇਹ ਸ਼ਾਲ ਤੈਨੂੰ ਫਬਦੀ ਵੀ ਬੜੀ ਪਈ ਏ।”

“ਮੈਂ ਦਿਲੀਓਂ ਵਿਦਿਆਰਥੀਆਂ ਦੇ ਇਕ ਟਰਿਪ ਨਾਲ ਅਜੰਤਾ ਗਈ ਸਾਂ। ਇਹ ਸ਼ਾਲ ਮੈਂ ਓਥੋਂ ਲਈ ਸੀ। ਤੂੰ ਅਜੰਤਾ ਵੱਲ ਜਾਂਦੇ ਰਾਹ ਉੱਤੇ ਮੇਰੇ ਨਾਲ ਕਿਉਂ ਨਹੀਂ ਸੈਂ?”

ਪਹਿਲਾਂ ਮਨਜੀਤ ਦਾ ਸਵਾਲ ਕ੍ਰਿਸ਼ਨ ਨੂੰ ਸਮਝ ਨਾ ਆਇਆ। ਕ੍ਰਿਸ਼ਨ ਨੇ ਉਹਦੀਆਂ ਅੱਖਾਂ ਵਿਚ ਵੇਖਿਆ, ਤੇ ਏਸੇ ਬਿੰਦ ਉਹਨੂੰ ਸਮਝ ਆ ਗਿਆ ਕਿ ਰੋਮ ਦੀ ਇਕ ਬੜੀ ਸੁਹਣੀ ਸੜਕ ਉੱਤੇ ਇਕ ਇਤਾਲਵੀ ਕੁੜੀ ਨਾਲ ਤੁਰਦਿਆਂ ਉਹ ਉਹਨੂੰ ਇੱਕ ਵਾਰੀ ‘ਮਨਜੀਤ’ ਕਿਉਂ ਆਖ ਬੈਠਾ ਸੀ, ਭਾਵੇਂ ਉਹਦਾ ਨਾਂ ‘ਜਿਓਵਾਨਾ’ ਸੀ। ਤੇ ਇਤਾਲਵੀ ਕੁੜੀ ਨੂੰ ਉਹਨੇ ਓਦੋਂ ਐਵੇਂ ਕਹਿ ਦਿਤਾ ਸੀ, ਤੇਰੇ ਨਾਂ ਦਾ ਮੇਰੀ ਬੋਲੀ ਵਿਚ ਤਰਜਮਾ ‘ਮਨਜੀਤ’ ਏ, ਭਾਵੇਂ ‘ਜਿਓਵਾਨਾ’ ਦਾ ਅਰਥ ਜਵਾਨੀ ਹੁੰਦਾ ਹੈ...

ਉਨ੍ਹਾਂ ਦੀ ਸੜਕ ਦੇ ਇਕ ਪਾਸੇ ਬੜਾ ਵੱਡਾ ਬਾਗ਼ ਸੀ, ਤੇ ਦੂਜੇ ਪਾਸੇ ਪੁਰਾਣੇ ਵੇਲਿਆਂ ਦੀਆਂ ਬਣੀਆਂ ਕੋਠੀਆਂ ਸਨ। ਕੋਠੀਆਂ ਦੇ ਸਾਹਮਣੇ ਵਾੜਾਂ ਤੇ ਦਰਖ਼ਤ ਬੜੇ ਉੱਚੇ-ਉੱਚੇ ਸਨ।

ਬਾਗ਼ ਵਾਲੇ ਪਾਸਿਓਂ ਵੰਨ-ਸੁਵੰਨੀਆਂ ਮਹਿਕਾਂ ਉਨ੍ਹਾਂ ਦੀ ਸੜਕ ਵਿਚ ਰਲ ਰਹੀਆਂ ਸਨ—ਰਾਤ ਰਾਣੀ … ਯੂਕਲਿਪਟਿਸ … ਗੁਲਾਬ। ਆਪਣੀ ਸੜਕ ਦੇ ਵੱਖ-ਵੱਖ ਹਿੱਸਿਆਂ ਨੂੰ ਉਹ ਖ਼ੁਸ਼ਬੋਆਂ ਮੁਤਾਬਕ ਵੰਡਦੇ ਹੁੰਦੇ ਸਨ।

ਮਨਜੀਤ ਨੂੰ ਤਾਂ ਆਪਣੀ ਸੜਕ ਉੱਤੇ ਹੋਈ ਕ੍ਰਿਸ਼ਨ ਦੀ ਕੋਈ ਗੱਲ ਜਦੋਂ ਯਾਦ ਆਉਂਦੀ ਸੀ, ਤਾਂ ਨਾਲ ਹੀ ਓਸ ਹਿੱਸੇ ਦੀ ਉਚੇਚੀ ਖ਼ੁਸ਼ਬੋ ਵੀ ਆਉਣ ਲੱਗ ਪੈਂਦੀ ਸੀ।

ਜਿਸ ਦਿਨ ਕ੍ਰਿਸ਼ਨ ਨੇ ਰੋਮ ਜਾਣਾ ਸੀ—ਇਕ ਇਤਾਲਵੀ ਮਾਸਕ-ਪਤ੍ਰ ਦੇ ਲੇਖਮੁਕਾਬਲੇ ਵਿਚ ਉਹ ਅੱਵਲ ਆਇਆ ਸੀ, ਤੇ ਇਹਦੇ ਇਨਾਮ ਵਜੋਂ ਉਸ ਮਾਸਕ-ਪਤ੍ਰ ਦਾ ਮਹਿਮਾਨ ਬਣ ਕੇ ਉਹਨੇ ਇਕ ਮਹੀਨੇ ਲਈ ਰੋਮ ਤੇ ਇਟਲੀ ਦੀ ਸੈਰ ਕਰਨੀ ਸੀ—ਓਸ ਸ਼ਾਮ ਗੱਡੀ ਚੜ੍ਹਨ ਤੋਂ ਪਹਿਲਾਂ ਕ੍ਰਿਸ਼ਨ, ਮਨਜੀਤ ਨਾਲ ਬੜਾ ਚਿਰ ਸੈਰ ਕਰਦਾ ਰਿਹਾ ਸੀ। ਓਦੋਂ ਕ੍ਰਿਸ਼ਨ ਨੇ ਇਕ ਸ਼ੇਅਰ ਸੁਣਾਇਆ ਸੀ, ਜਿਦ੍ਹੇ ਮਾਅਨੇ ਕੁਝ ਇੰਜ ਦੇ ਸਨ: ਮੇਰੀ ਤੇਰੀ ਜੁਦਾਈ ਕੁਝ ਅਜਿਹੀ ਜੁਦਾਈ ਹੈ ਕਿ ਇਹ ਦਿਲ ਵਿਚ ਦਾਗ਼ ਨਹੀਂ, ਫੁੱਲ ਬਣ ਜਾਏਗੀ। ਤੇ ਮਨਜੀਤ ਨੂੰ ਹੁਣ ਤਕ ਯਾਦ ਸੀ ਇਹ ਸ਼ੇਅਰ ਜਿਹੜਾ ਕ੍ਰਿਸ਼ਨ ਨੇ ਸਾਡੀ ਸੜਕ ਦੇ ਯੂਕਲਿਪਟਿਸ ਵਾਲੇ ਹਿੱਸੇ ਵਿਚ ਸੁਣਾਇਆ ਸੀ।

ਅੱਜ ਅਜੀਬ ਸੀ। ਮਨਜੀਤ ਨੂੰ ਬਾਗ਼ ਵਾਲੇ ਪਾਸੇ ਦੀਆਂ ਖ਼ੁਸ਼ਬੂਆਂ ਖਿੱਚ ਰਹੀਆਂ ਸਨ। ਪਹਿਲਾਂ ਉਹਨੇ ਕਦੇ ਇਨ੍ਹਾਂ ਨੂੰ ਨਹੀਂ ਸੀ ਗੌਲਿਆ, ਪਰ ਅੱਜ ਬਾਗ਼ ਵਾਲੇ ਪਾਸੇ ਜਿਵੇਂ ਖ਼ੁਸ਼ਬੋਆਂ ਦੇ ਇਕਹਿਰੇ ਤੇ ਮੁਢਲੇ ਗੂੜ੍ਹੇ ਰੰਗ ਸਨ, ਤੇ ਏਧਰ ਖ਼ੁਸ਼ਬੋਆਂ ਦੇ ਨਿੰਮ੍ਹੇਨਿੰਮ੍ਹੇ ਬਹੁਰੰਗੇ ਮੇਲ; ਕੁਝ ਫੁੱਲ, ਕੁਝ ਰੁੱਖ, ਕੁਝ ਰਸੋਈ ਵਿਚ ਪੱਕਦੇ ਪਕਵਾਨ; ਤੇ ਇਨ੍ਹਾਂ ਖ਼ੁਸ਼ਬੋਆਂ ਨਾਲ ਕੁਝ ਵਾਜਾਂ ਵੀ ਇਕ-ਜਾਨ ਹੋ ਕੇ ਖ਼ੁਸ਼ਬੋ ਹੀ ਬਣ ਗਈਆਂ ਸਨ; ਬਾਲਾਂ ਦੀਆਂ ਕਿਲਕਾਰੀਆਂ, ਅੰਮੀਂ, ਪਾਪਾ...

ਮਨਜੀਤ ਨੇ ਕ੍ਰਿਸ਼ਨ ਦਾ ਹੱਥ ਫੜ ਲਿਆ ਤੇ ਓਸ ਪਾਸੇ ਲੈ ਗਈ। ਇਹ ਸੱਜਾ ਪਾਸਾ ਸੀ, ਸੜਕ ਦੇ ਨੇਮ ਦਾ ਉਲੰਘਣ, ਪਰ ਏਸ ਵੇਲੇ ਕੋਈ ਬਹੁਤੀ ਆਵਾਜਾਈ ਨਹੀਂ ਸੀ।

“ਸਰਬੰਸ ਵਿਆਹ ਕਰਾਣਾ ਚਾਂਹਦੀ ਏ। ਇਕ ਮੁੰਡਾ ਉਹਨੂੰ ਬੜਾ ਪਸੰਦ ਏ। ਛੇ ਵਰ੍ਹੇ ਉਹ ਇਕੱਠੇ ਪੜ੍ਹਦੇ ਰਹੇ ਨੇ। ਅੱਜ ਉਹਦੀ ਚਿੱਠੀ ਆਈ ਏ ਕਿ ਉਸ ਮੁੰਡੇ ਦੇ ਮਾਪੇ ਛੇਤੀ ਵਿਆਹ ਲਈ ਜ਼ੋਰ ਪਾ ਰਹੇ ਨੇ। ਪਰ ਸਰਬੰਸ ਨੇ ਇਕੋ ਜ਼ਿੱਦ ਫੜੀ ਹੋਈ ਏ, ‘ਪਹਿਲੋਂ ਮਿੰਨੀ ਭੈਣ ਜੀ ਤੁਸੀਂ ਵਿਆਹ ਕਰਾਓ, ਤੁਸੀਂ ਵੱਡੇ ਓ’।”

“ਤੂੰ ਸਰਬੰਸ ਦੀ ਇਹ ਗੱਲ ਵੀ ਮੰਨ ਲੈ। ਅੱਗੇ ਹਰ ਗੱਲ ਤੂੰ ਉਹਦੀ ਮੰਨੀ ਏ।”

ਪਾਕਿਸਤਾਨ ਬਣਨ ਵੇਲੇ ਹੀ ਮਨਜੀਤ ਦੇ ਪਿਤਾ ਜੀ ਮਾਰੇ ਗਏ ਸਨ, ਤੇ ਉਨ ੍ਹਾਂ ਦੀ ਸਾਰੀ ਜ਼ਿੰਦਗੀ ਦੀ ਕਮਾਈ ਵੀ ਓਧਰ ਹੀ ਰਹਿ ਗਈ ਸੀ। ਇਕ ਛੋਟਾ ਜਿਹਾ ਕਲੇਮ ਹੀ ਬਸ ਓਸ ਸਭ ਕੁਝ ਦੇ ਵੰਡੇ ਦਾ ਏਧਰ ਮਿਲਿਆ ਸੀ। ਏਨੇ ਵਰ੍ਹਿਆਂ ਤੋਂ ਮਨਜੀਤ ਹੀ ਆਪਣੇ ਟੱਬਰ ਦਾ ‘ਮਰਦ’ ਬਣੀ ਹੋਈ ਸੀ। ਡਾਕਟਰੀ ਦੀ ਪੜ੍ਹਾਈ ਵੇਲੇ ਉਹਨੂੰ ਵਜ਼ੀਫ਼ਾ ਮਿਲਦਾ ਸੀ। ਕਲੇਮ ਵੇਚ ਕੇ ਉਹਨੇ ਕੁਝ ਰਕਮ ਵਰਤੀ ਸੀ। ਇਹ ਭਾਵੇਂ ਬਹੁਤੀ ਨਹੀਂ ਸੀ, ਪਰ ਬੜੇ ਸੰਜਮ ਨਾਲ ਉਨ੍ਹਾਂ ਵਰਤੀ ਸੀ। ਫੇਰ ਪੜ੍ਹਾਈ ਮੁਕਾਣ ਪਿੱਛੋਂ ਉਹ ਝੱਟ ਹੀ ਕਮਾਣ ਲੱਗ ਪਈ ਸੀ। ਸਰਬੰਸ ਨੂੰ ਓਹਨੇ ਬੜੀ ਚੰਗੀ ਤਰ੍ਹਾਂ ਅੈਮ. ਏ. ਤੱਕ ਪੜ੍ਹਾਇਆ ਸੀ, ਤੇ ਜਿੰਨਾ ਚਿਰ ਤੱਕ ਮਾਂ ਜੀ ਜਿਉਂਦੇ ਰਹੇ ਸਨ, ਉਨ੍ਹਾਂ ਨੂੰ ਵੀ ਕੋਈ ਵਿਗੋਚਾ ਨਹੀਂ ਸੀ ਰਹਿਣ ਦਿੱਤਾ।

“ਪਰ ਮੈਂ ਤੱਟ-ਫੱਟ ਕਿਵੇਂ ਵਿਆਹ ਕਰਾ ਲਵਾਂ? ਕਿਦ੍ਹੇ ਨਾਲ ਕਰਾਵਾਂ?”

“ਤੂੰ ਆਪਣੇ ਮਨ ਵਿਚ ਕਦੇ ਕਿਸੇ ਨੂੰ ਨਹੀਂ ਚੁਣਿਆ?”

ਭਰ ਜਵਾਨੀ ਵੇਲੇ ਡਾਕਟਰੀ ਦੇ ਇਮਤਿਹਾਨ, ਮਾਂ ਜੀ ਦਾ ਸੁੱਖ, ਸਰਬੰਸ ਦੀ ਪੜ੍ਹਾਈ, ਤੇ ਇਹ ਸਾਡੀ ਸੜਕ ਤੇ ਕ੍ਰਿਸ਼ਨ—ਵਿਆਹ ਦੇ ਖ਼ਿਆਲ ਲਈ ਉਹਦੇ ਮਨ ਵਿਚ ਓਦੋਂ ਕੋਈ ਵਿਹਲ ਨਹੀਂ ਸੀ।

“ਕਿਸੇ ਨੂੰ ਵੀ ਨਹੀਂ?”

ਜੇ ਉਹ ਓਦੋਂ ਕਿਧਰੇ ਵਿਆਹ ਕਰਾ ਲੈਂਦੀ ਤਾਂ ਆਪਣੀ ਸਾਰੀ ਕਮਾਈ ਆਪਣੀ ਮਾਂ ਤੇ ਭੈਣ ਲਈ ਕਿਵੇਂ ਖ਼ਰਚ ਕਰ ਸਕਦੀ। ਜੇ ਕੋਈ ਮੁੰਡਾ ਇਹ ਗੱਲ ਮੰਨ ਵੀ ਲੈਂਦਾ, ਮੁੰਡੇ ਦੇ ਮਾਪੇ ਕਿਵੇਂ ਮੰਨਦੇ? ਮੁੰਡੇ ਤਾਂ ਵਿਆਹ ਪਿੱਛੋਂ ਇੰਜ ਕਰ ਸਕਦੇ ਹਨ, ਪਰ ਉਹਦਾ, ਇਕ ਕੁੜੀ ਦਾ ਇੰਜ ਕਰਨਾ ਤਾਂ ਸਭ ਨੂੰ ਜ਼ਮਾਨਿਓਂ ਬਾਹਰੀ ਗੱਲ ਜਾਪਣੀ ਸੀ।

“ਕੋਈ ਵੀ ਨਹੀਂ?”

ਇਕ ਸੁਹਣੀ ਸੜਕ ਸੀ—ਇਹ ਜਿਸ ਉੱਤੇ ਉਹ ਕ੍ਰਿਸ਼ਨ ਨਾਲ ਫਿਰਦੀ ਹੁੰਦੀ ਸੀ।

ਇਕ ਸੜਕ ਦਿੱਲੀ ਵਿਚ ਸੀ…ਸਕੂਟਰ ਵਿਚ ਮਨਜੀਤ ਤੇ ਗੁਰਸ਼ਰਨ ਇਕੱਠੇ ਬੈਠੇ ਹੋਏ ਸਨ। ਅੰਤਾਂ ਦਾ ਸ਼ੋਰ ਸੀ। ਗੱਲ ਕੋਈ ਨਹੀਂ ਸੀ ਹੋ ਸਕਦੀ। ਮਨਜੀਤ ਨੇ ਗੁਰਸ਼ਰਨ ਦਾ ਹੱਥ ਫੜ ਲਿਆ ਸੀ, ਤੇ ਉਹਨੂੰ ਜਾਪਿਆ ਸੀ ਜਿਵੇਂ ਹੱਥ ਫੜ ਕੇ ਉਹਨੇ ਇਹ ਅੰਤਾਂ ਦਾ ਸ਼ੋਰ ਬੰਦ ਕਰ ਲਿਆ ਹੋਵੇ।

ਮਨਜੀਤ ਦੇ ਵਾਲ ਉੱਡ ਰਹੇ ਸਨ। ਇਕ ਦੁਕਾਨ ਕੋਲ ਉਨ੍ਹਾਂ ਨੇ ਸਕੂਟਰ ਰੁਕਵਾਇਆ ਤੇ ਗੁਰਸ਼ਰਨ ਉਹਦੇ ਲਈ ਕੰਘੀ ਖ਼ਰੀਦਣ ਚਲਾ ਗਿਆ।

“ਕਿਸ ਰੰਗ ਦੀ ਕੰਘੀ ਲਿਆਵਾਂ?”

“ਆਪਣੀ ਪੱਗ ਦੇ ਰੰਗ ਦੀ।”...

ਤੇ ਇਹ ਰਾਹ ਫੇਰ ਅਜੰਤਾ ਵੱਲ ਜਾ ਨਿਕਲਿਆ ਸੀ। ਉਸ ਉੱਤੇ ਗੁਰਸ਼ਰਨ ਨਾਲ ਤੁਰਦਿਆਂ ਉਹਨੇ ਇਹ ਸ਼ਾਲ ਪਹਿਲੀ ਵਾਰ ਲਈ ਸੀ।

“ਕੋਈ ਵੀ ਨਹੀਂ?”

ਤੇ ਫੇਰ ਇਹ ਰਾਹ ਅਚਾਨਕ ਅਮਰੀਕਾ ਵਿਚ ਗੁਆਚ ਗਿਆ। ਗੁਰਸ਼ਰਨ ਅਮਰੀਕਾ ਚਲਾ ਗਿਆ। ਪਹਿਲਾਂ ਚਿੱਠੀਆਂ ਆਈਆਂ—ਦਿੱਲੀ ਦੀ ਉਸ ਸੜਕ ਦਾ, ਅਜੰਤਾ ਵੱਲ ਜਾਂਦੇ ਰਾਹ ਦਾ ਜ਼ਿਕਰ ਸੀ। ਫੇਰ ਚਿੱਠੀਆਂ ਆਈਆਂ—ਅਮਰੀਕਾ ਦੀਆਂ ਰਾਤ-ਕਲੱਬਾਂ ਦਾ, ਉੱਡਦੀਆਂ ਮੋਟਰਾਂ ਵਿਚ ਨਿੱਤ ਨਵੀਂ ਮੁਹੱਬਤ ਦਾ ਜ਼ਿਕਰ ਸੀ। ਫੇਰ ਚਿੱਠੀਆਂ ਨਾ ਆਈਆਂ। ਫੇਰ ਇਕ ਤਸਵੀਰ-ਕਾਰਡ ਆਇਆ, ‘ਬੜੀ ਕੋਸ਼ਿਸ਼ ਕੀਤੀ; ਯੂ. ਐਸ. ਏ. ਦਾ ਤਾਂ ਨਹੀਂ, ਪਰ ਮੈਂ ਕੈਨੇਡਾ ਦਾ ਸ਼ਹਿਰੀ ਬਣ ਗਿਆਂ।’ ਤੇ ਫੇਰ ਕਦੇ ਕੁਝ ਵੀ ਨਾ ਆਇਆ।

“ਕੋਈ ਵੀ ਨਹੀਂ,” ਤੇ ਮਹਿਕ-ਭਿੰਨੇ ਹਨੇਰੇ ਵਿਚ ਮਨਜੀਤ ਨੇ ਕ੍ਰਿਸ਼ਨ ਵੱਲ ਅੱਥਰੂਆਂ-ਡੰਗੀ ਨਜ਼ਰ ਨਾਲ ਵੇਖਿਆ—“ਅਜੰਤਾ ਵੱਲ ਜਾਂਦੇ ਰਾਹ ਉੱਤੇ ਤੂੰ ਮੇਰੇ ਕੋਲ ਕਿਉਂ ਨਹੀਂ ਸੈਂ”—ਤੇ ਉਹਨੇ ਕ੍ਰਿਸ਼ਨ ਦਾ ਹੱਥ ਕਸ ਕੇ ਫੜ ਲਿਆ। ਹੱਥ ਨਹੀਂ ਸੀ, ਇਕ ਠਰੀ ਹੋਈ ਘੁੱਗੀ ਸੀ। ਉਹਦਾ ਸਿਰ ਕ੍ਰਿਸ਼ਨ ਦੇ ਮੋਢੇ ਨਾਲ ਲੱਗ ਗਿਆ।

ਇਹ ਉਨ੍ਹਾਂ ਦੀ ਸੜਕ ਦਾ ਰਾਤ-ਰਾਣੀ ਵਾਲਾ ਹਿੱਸਾ ਸੀ।

ਕ੍ਰਿਸ਼ਨ ਦੇ ਹੱਥਾਂ ਨੂੰ ਚਿਰ-ਪੁਰਾਣੀ ਯਾਦ ਆਈ…ਮਨਜੀਤ ਦਾ ਹੋਸਟਲ, ਰਾਤ-ਰਾਣੀ ਦੇ ਕੋਲ, ਉਹਦੇ ਹੱਥਾਂ ਵਿਚ ਹੱਥ ਨਹੀਂ ਜਿਵੇਂ ਠਰੀ ਹੋਈ ਘੁੱਗੀ…ਕ੍ਰਿਰਸ਼ਨ ਦੇ ਬੁੱਲ੍ਹਾਂ ਵਿਚ ਮਨਜੀਤ ਦੇ ਹੱਥਾਂ ਦੀ, ਮਨਜੀਤ ਦੀਆਂ ਅੱਖਾਂ ਦੀ ਛੁਹ ਧੜਕੀ। ਕਿਸੇ ਨੂੰ ਚਿਤ-ਚੇਤਾ ਵੀ ਨਹੀਂ ਸੀ। ਕ੍ਰਿਸ਼ਨ ਨੂੰ ਵੀ ਨਹੀਂ। ਸਿਰਫ਼ ਉਹਦੇ ਹੱਥਾਂ ਤੇ ਬੁੱਲ੍ਹਾਂ ਨੂੰ ਹੀ ਯਾਦ ਸੀ। ਜਿਵੇਂ ਇਹ ਇਕ ਕਵਿਤਾ ਸੀ, ਉਹਦੇ ਹੱਥਾਂ ਤੇ ਬੁੱਲ੍ਹਾਂ ਦੀ ਕਿਰਤ—ਤੇ ਇਹਨਾਂ ਇਹ ਕਵਿਤਾ ਹੋਰ ਕਿਸੇ ਨੂੰ ਨਹੀਂ ਸੀ ਸੁਣਾਈ।

“ਸਰਬੰਸ ਮੇਰੇ ਲਈ ਕਈ ਆਪਣੇ ਜਾਣੂ ਮੁੰਡੇ ਤਜਵੀਜ਼ ਕਰਦੀ ਰਹੀ, ਪਰ ਹਰ ਵਾਰ ਮੇਰੇ ਕੋਲ ‘ਨਾਂਹ’ ਹੀ ਸੀ। ਮਾਂ ਜੀ ਜਦੋਂ ਜਿਉਂਦੇ ਸਨ, ਉਨ੍ਹਾਂ ਵੀ ਦੋ-ਤਿੰਨ ਮੁੰਡਿਆਂ ਬਾਰੇ ਕਿਹਾ। ਬੜੀ ਸੱਧਰ ਸੀ ਉਨ੍ਹਾਂ ਨੂੰ ਮੇਰੇ ਵਿਆਹ ਦੀ। ਉਨਾਂ ਦੀ ਹੋਰ ਕੋਈ ਗੱਲ ਮੈਂ ਕਦੇ ਨਹੀਂ ਸੀ ਮੋੜੀ।”

“ਕਦੇ ਕਿਸੇ ਮੁੰਡੇ ਨੇ ਆਪ...”

“ਦੋ-ਤਿੰਨ ਮੁੰਡਿਆਂ ਨੇ ਕਿਹਾ ਸੀ; ਪਰ ਮੇਰੇ ਕੋਲੋਂ ‘ਨਾਂਹ’ ਹੀ ਨਿਕਲੀ।”

“ਉਹ ਬਹੁਤ ਖ਼ੁਸ਼ਕਿਸਮਤ ਹੋਏਗਾ ਜਿਸ ਨੂੰ ਤੂੰ ‘ਹਾਂ’ ਕਰੇਂਗੀ।”

“ਤੇ ਹੁਣ ਮੈਨੂੰ ਜਾਪਦਾ ਏ ਜਿਵੇਂ ਮੈਂ ‘ਨਾਂਹ’ ਕਰ ਕਰ ਥੱਕ ਗਈ ਹਾਂ। ਮੈਨੂੰ ਕਦੇ ਕਦੇ ਸ਼ੱਕ ਹੋਣ ਲਗ ਪੈਂਦਾ ਏ—ਕਿਤੇ ਮੇਰਾ ਦਿਮਾਗ਼ ਤਾਂ ਖ਼ਰਾਬ ਨਹੀਂ ਹੋ ਗਿਆ। ਤੇ ਓਧਰ ਸਰਬੰਸ ਦੀ ਜ਼ਿੱਦ। ਮੈਨੂੰ ਜਾਪਦਾ ਏ ਹੁਣ ਜਿਦ੍ਹਾ ਵੀ ਨਾਂ ਕਿਸੇ ਤਜਵੀਜ਼ ਕੀਤਾ, ਮੈਂ ਹਾਰ ਕੇ ‘ਹਾਂ’ ਕਰ ਦਿਆਂਗੀ।”

“ਨਾ ਇੰਜ ਨਾ ਕਰੀਂ। ਥੱਕ ਕੇ, ਹਾਰ ਕੇ ਵਿਆਹ ਕਦੇ ਨਾ ਕਰਾਈਂ।”

ਕ੍ਰਿਸ਼ਨ ਨੂੰ ਆਪਣੀ ਜਵਾਨੀ ਦੀ ਪਹਿਲੀ ਮੁਹੱਬਤ, ਵੀਣਾ, ਯਾਦ ਆ ਗਈ।

ਵੀਣਾ ਪਿੱਛੋਂ ਬਹੁਤ ਚਿਰ ਉਡੀਕ ਕੇ ਅਖ਼ੀਰ ਹਾਰ ਕੇ ਜਿਥੇ ਉਹਦੇ ਮਾਪਿਆਂ ਕਿਹਾ, ਕ੍ਰਿਸ਼ਨ ਨੇ ਵਿਆਹ ਕਰਾ ਲਿਆ ਸੀ। ਹੁਣ ਉਹਦੇ ਦੋ ਪਿਆਰੇ-ਪਿਆਰੇ ਬੱਚੇ ਸਨ, ਚੰਗੀ ਪਤਨੀ ਸੀ—ਪਰ ਉਹਦੇ ਸੁਫ਼ਨੇ ਬੇਸਾਥ ਸਨ।

“ਕਿਸੇ ਨੂੰ ਵੀ—ਸ੍ਰੀਮਾਨ ਜੋ-ਕੁਝ-ਵੀ-ਉਹ-ਹੈ—ਨੂੰ ਹਾਂ ਕਰਨ ਤੋਂ ਪਹਿਲਾਂ ਬਸ ਮੈਂ ਤੈਨੂੰ ਪੁੱਛ ਲਵਾਂਗੀ। ਤੂੰ ਉਹਦੇ ਬਾਰੇ ਮੈਨੂੰ ਆਪਣੀ ਅਸੀਸ ਦੇ ਦੇ, ਹੋਰ ਮੇਰੀ ਕੋਈ ਲੋੜ ਨਹੀਂ; ਤੇ ਸਰਬੰਸ ਆਪਣਾ ਵਿਆਹ ਉਸ ਮੁੰਡੇ ਨਾਲ ਕਰਾ ਸਕੇ ਜਿਦ੍ਹੇ ਬਾਰੇ ਉਹ ਲਿਖਦੀ ਏ : ‘ਉਹਨੇ ਮੇਰੇ ਸੁਫ਼ਨੇ ਵੀ ਪਰਣਾ ਲਏ ਨੇ!’

“ਮੇਰੀ ਅਸੀਸ...?”

“ਜਿਥੇ ਵੀ ਮੇਰਾ ਘਰ ਹੋਵੇ, ਓਥੇ ਤੂੰ ਨਿਤ ਇੰਜ ਹੀ ਆ ਸਕੇਂ ਜਿਵੇਂ ਮੇਰੇ ਹੋਸਟਲ ਵਿਚ ਆਉਂਦਾ ਸੈਂ। ਜੇ ਤੂੰ ਮੇਰੇ ਪਤੀ ਨੂੰ ਪਸੰਦ ਨਾ ਕਰ ਸਕਿਆ, ਤੇ ਮੇਰੇ ਘਰ ਨਾ ਆਇਆ...”

“ਤੇਰੀ ਚੋਣ ਮੈਨੂੰ ਸਦਾ ਹੀ ਪਸੰਦ ਹੋਏਗੀ।—ਸ੍ਰੀਮਾਨ ਜੋ-ਕੁਝ-ਵੀ ਉਹ-ਹੈ ਨਾਲੋਂ ਉਹਨੂੰ ਅਸੀਂ ‘ਖ਼ੁਸ਼ਕਿਸਮਤ’ ਦਾ ਨਾਂ ਦੇ ਲਈਏ।”

ਮਨਜੀਤ ਦੀਆਂ ਅੱਖਾਂ ਵਿਚ ਇਕ ਲੋਅ ਲਿਸ਼ਕੀ।

“ਤੇਰੇ ਵਿਚ ਦੋ ਸਿਫ਼ਤਾਂ ਦਾ ਇਕ ਵਿਰਲਾ ਮੇਲ ਹੈ। ਇਨ੍ਹਾਂ ਵਿਚੋਂ ਕੱਲੀ-ਕੱਲੀ ਸਿਫ਼ਤ ਤਾਂ ਮੈਂ ਕੁਝ ਕੁੜੀਆਂ ਵਿਚ ਵੇਖੀ ਹੈ—ਪਰ ਦੋਵੇਂ ਇਕੋ ਵਿਚ ਕਦੇ ਨਹੀਂ!”

ਕ੍ਰਿਸ਼ਨ ਜਦੋਂ ਮਨਜੀਤ ਦੀ ਪਹਿਲੀ ਸਿਫ਼ਤ ਦੱਸਣ ਲੱਗਾ ਤਾਂ ਉਹਦੀ ਵੀਣਾ ਜਿਵੇਂ ਉਹਦੇ ਕੋਲ ਆਣ ਖਲੋਤੀ। ਵੀਣਾ—ਜਿਹੜੀ ਅਮਰੀਕਾ ਨਹੀਂ, ਏਥੇ ਹੀ ਬੰਬਈ ਵਿਚ ਕਿਸੇ ਹੋਰ ਦੇਸ ਦੀ ਸ਼ਹਿਰਣ ਬਣ ਗਈ ਸੀ।

“ਇਹ ਤੇਰੀ ਨਰਮਾਈ, ਇਹ ਮਿਠਾਸ, ਦੂਜਿਆਂ ਲਈ ਜਿਊਂ ਸਕਣਾ—ਮੈਂ ਅੱਗੇ ਵੀ ਇਕ ਕੁੜੀ ਵਿਚ ਵੇਖਿਆ ਸੀ। ਤੇਰੇ ਵਰਗੀ ਲਿਆਕਤ ਤੇ ਉਘੜੀ ਹੋਈ ਸ਼ਖ਼ਸੀਅਤ ਵੀ ਮੈਂ ਕੁਝ ਕੁੜੀਆਂ ਵਿਚ ਵੇਖੀ ਹੈ; ਪਰ ਇਨ੍ਹਾਂ ਦਾ ਸੁਮੇਲ ਤੇਰੇ ਵਿਚ ਹੀ ਲੱਭਾ ਏ।”

ਇਹ ਉਨ੍ਹਾਂ ਦੀ ਸੜਕ ਦਾ ਗੁਲਾਬ ਵਾਲਾ ਹਿੱਸਾ ਸੀ।

“ਖ਼ੁਸ਼ਕਿਸਮਤ...” ਲਫ਼ਜ਼ ਨਹੀਂ, ਜਿਵੇਂ ਹਉਕਾ ਸੀ ਇਹ।

ਚੌਂਕ ਦਾ ਚਾਨਣਾ ਆ ਗਿਆ। ਬੜਾ ਵਕਤ ਹੋ ਗਿਆ ਸੀ। ਉਹ ਇਕ ਰੈਸਟੋਰੈਂਟ ਵਿਚ ਚਲੇ ਗਏ।

ਅੰਦਰ ਅਜਬ ਸ਼ੋਰ ਸੀ। ਏਥੇ ਨਵਾਂ-ਨਵਾਂ ‘ਜਿਊਕ-ਬਾਕਸ’ ਲੱਗਾ ਸੀ। ਚਾਰ ਆਨੇ ਪਾ ਕੇ ਲੋਕ ਆਪਣੀ ਚੋਣ ਦੇ ਗਾਣੇ ਸੁਣ ਰਹੇ ਸਨ। ਅਜੀਬ ਬੇ-ਕੌਮ ਗਾਣੇ—ਨਾ ਇਹ ਹਿੰਦੁਸਤਾਨ ਸੀ, ਤੇ ਨਾ ਰੋਮ।

ਮਨਜੀਤ ਨੇ ਆਪ ਹੀ ਬਹਿਰੇ ਨੂੰ ਆਰਡਰ ਦੇ ਦਿੱਤਾ, ਉਹ ਜਾਣਦੀ ਸੀ ਕ੍ਰਿਸ਼ਨ ਨੂੰ ਕੀ ਪਸੰਦ ਹੈ।

“ਮੈਂ ਕਹਿੰਦੀ ਹਾਂ ਅਸੀਂ ਕੁਝ ਹਾਲਤਾਂ ਵਿਚ ਪੱਛਮੀ ਪੁਸ਼ਾਕ ਦੀ ਨਕਲ ਤਾਂ ਭਾਵੇਂ ਕਰ ਲਈਏ—ਜਿਵੇਂ ਨਰਸਾਂ ਦੀ ਪੁਸ਼ਾਕ। ਪਰ ਪੱਛਮੀ ਸੰਗੀਤ ਦੀ ਅਸੀਂ ਕਿਉਂ ਨਕਲ ਕਰੀਏ? ਸਾਡੇ ਸੰਗੀਤ ਵਰਗਾ ਧਰਤੀ ਉੱਤੇ ਹੋਰ ਕੋਈ ਸੰਗੀਤ ਨਹੀਂ।”

ਕ੍ਰਿਸ਼ਨ ਨੇ ਮਨਜੀਤ ਦੇ ਕੱਪੜਿਆਂ ਵਲ ਗਹੁ ਨਾਲ ਵੇਖਿਆ: ਅਜੰਤਾ ਦੀ ਸ਼ਾਲ—ਹਜ਼ਾਰਾਂ ਵਰ੍ਹਿਆਂ ਦੇ ਸੁਹਜ ਦਾ ਵਿਰਸਾ, ਕੱਚੇ ਰੇਸ਼ਮ ਦੀ ਕਮੀਜ਼—ਜਿਵੇਂ ਸਾਦਾ ਪਰ ਡੂੰਘੀ ਲੇਖਣੀ, ਜਿਦ੍ਹੀ ਸਾਦਗੀ ਥੱਲੇ ਅਰਥਾਂ ਦੀਆਂ ਅਨੇਕਾਂ ਤਹਿਆਂ ਹੋਣ।

“ਮੈਂ ਤਾਂ ਕਹਿੰਦਾ ਹਾਂ ਪੁਸ਼ਾਕ ਵਿਚ ਵੀ ਕਿਉਂ ਨਕਲ ਹੋਵੇ? ਹੁਣ ਤੇਰੀ ਹੀ ਪੁਸ਼ਾਕ ਏ...।”

ਬਹਿਰਾ ਖਾਣਾ ਰੱਖਣ ਆ ਗਿਆ। ਕ੍ਰਿਸ਼ਨ ਰੁਕ ਗਿਆ।

ਬਹਿਰਾ ਸਭ ਕੁਝ ਰੱਖ ਕੇ ਚਲਾ ਗਿਆ। ਬਿੰਦ ਦੀ ਬਿੰਦ ‘ਜਿਊਕ-ਬਾਕਸ’ ਵੀ ਚੁੱਪ ਹੋਇਆ।

“ਤੇਰੀ ਪੁਸ਼ਾਕ ਵੀ ਤਾਂ ਸਾਡੀ ਧਰਤੀ ਦੇ ਸੰਗੀਤ ਵਰਗੀ ਏ!”

ਬਹਿਰਾ ਬਿਲ ਲਿਆਇਆ।

ਮਨਜੀਤ ਨੇ ਝੱਟ ਪਟ ਕ੍ਰਿਸ਼ਨ ਦੇ ਸਾਹਮਣਿਓਂ ਬਿਲ ਵਾਲੀ ਪਲੇਟ ਖਿੱਚ ਲਈ। ਪੈਸੇ ਦੇਂਦਿਆਂ ਮਨਜੀਤ ਦੇ ਚਿਹਰੇ ’ਤੇ ਅਜੀਬ ਅਪਣੱਤ ਦਾ ਅਹਿਸਾਸ ਸੀ।

ਵਕਤ ਬਹੁਤ ਹੋ ਚੁਕਿਆ ਸੀ। ਉਨ੍ਹਾਂ ਝਟਪਟ ਰਿਕਸ਼ਾ ਫੜੀ। ਰੇਲਵੇ ਬੁਕ-ਸਟਾਲ ਵਾਲਾ ਉਡੀਕ ਰਿਹਾ ਸੀ। ਕੁਲੀ ਨੇ ਸਾਮਾਨ ਚੁੱਕਿਆ। ਕ੍ਰਿਸ਼ਨ ਨੂੰ ਸਟਾਲ ਉੱਤੇ ਆਪਣੀ ਨਵੀਂ ਕਿਤਾਬ ਪਈ ਦਿਸੀ। ਉਹਨੇ ਇਹ ਖ਼ਰੀਦ ਲਈ। ਨੇੜੇ ਹੀ ਸੈਕੰਡ ਕਲਾਸ ਦਾ ਇਕ ਡੱਬਾ ਸੀ। ਉਸ ਵਿਚ ਸਿਰਫ਼ ਇਕ ਫ਼ੌਜੀ ਬੈਠਾ ਸੀ। ਏਸ ਡੱਬੇ ਵਿਚ ਸਾਮਾਨ ਟਿਕਵਾ ਕੇ ਕ੍ਰਿਸ਼ਨ ਨੇ ਕੁਲੀ ਕੋਲੋਂ ਬਿਸਤਰਾ ਵੀ ਕਰਵਾ ਲਿਆ। ਫੇਰ ਉਹ ਉਸ ਫ਼ੌਜੀ ਨੂੰ ਸਾਮਾਨ ਦੀ ਸੌਂਪਣਾ ਕਰ ਕੇ ਮਨਜੀਤ ਨਾਲ ਥੱਲੇ ਉਤਰ ਆਇਆ।

ਉਹ ਆਪਣੀ ਨਵੀਂ ਕਿਤਾਬ ਵਿਚੋਂ ਮਨਜੀਤ ਨੂੰ ਕੁਝ ਸਤਰਾਂ ਸੁਣਾਨਾ ਚਾਹੁੰਦਾ ਸੀ। ਉਹ ਕਦੇ ਵੀ ਕਿਸੇ ਦੋਸਤ ਨੂੰ ਤੀਜੇ ਬੰਦੇ ਸਾਹਮਣੇ ਆਪਣੀ ਲਿਖਤ ਨਹੀਂ ਸੀ ਸੁਣਾ ਸਕਦਾ। ਇੰਜ ਕਰਨਾ ਉਹਨੂੰ ਉੱਚੀ ਉੱਚੀ ਆਪਣੀ ਤਾਰੀਫ਼ ਕਰਨ ਦੇ ਬਰਾਬਰ ਜਾਪਦਾ ਸੀ। ਨਾਲ ਲੱਗਦਾ ਜ਼ਨਾਨਾ-ਡੱਬਾ ਬਿਲਕੁਲ ਖ਼ਾਲੀ ਸੀ। ਕ੍ਰਿਸ਼ਨ ਤੇ ਮਨਜੀਤ ਉਹਦੇ ਵਿਚ ਬੈਠ ਗਏ।

ਮਨਜੀਤ ਨੇ ਕਿਤਾਬ ਵੇਖੀ:

‘ਭਾਰਤ ਵਿਚ ਭਾਵਕ ਏਕਤਾ—ਇਕ ਇਤਿਹਾਸਕ ਵਿਸ਼ਲੇਸ਼ਣ’

ਕ੍ਰਿਸ਼ਨ ਨੇ ਕਿਤਾਬ ਖੋਲ੍ਹੀ। ਫੇਰ ਘੜੀ ਵੇਖੀ। ਹਾਲੀ ਵਕਤ ਹੈ ਸੀ। ਉਹ ਕੁਝ ਸਤਰਾਂ ਪੜ੍ਹ ਕੇ ਸੁਣਾਏਗਾ, ਤੇ ਫੇਰ ਉਹਨੂੰ ਹੋਸਟਲ ਛੱਡ ਆਏਗਾ—ਉਸੇ ਰਾਤ-ਰਾਣੀ ਕੋਲ!...

ਉਹਦੀ ਕਿਤਾਬ ਦਾ ਉਹ ਕਾਂਡ ਖੁੱਲ੍ਹ ਗਿਆ, ਜਿਸ ਵਿਚ ਉਹਨੇ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਭਾਰਤ-ਵਾਸੀਆਂ ਦੇ ਆਪਸ ਵਿਚ ਵਿਆਹਾਂ ਦੀ ਸਮੱਸਿਆ ਬਾਰੇ ਲਿਖਿਆ ਸੀ। ਕ੍ਰਿਸ਼ਨ ਨੇ ਕਿਤਾਬ ਬੰਦ ਕਰ ਦਿੱਤੀ। ਉਹ ਮਨਜੀਤ ਨੂੰ ਇਹ ਕਿਤਾਬ ਦੇ ਹੀ ਦਏਗਾ। ਦੇਣ ਤੋਂ ਪਹਿਲਾਂ ਉਹ ਕੁਝ ਸਤਰਾਂ ਲਿਖਣ ਲੱਗਾ। ਕਿਤਾਬ ਦੇ ਪਹਿਲੇ ਸਫ਼ੇ ਦੀ ਥਾਂ, ਏਸੇ ਕਾਂਡ ਦੇ ਸ਼ੁਰੂ ਉੱਤੇ ਉਹਨੇ ਲਿਖ ਦਿਤਾ :

ਮਨਜੀਤ ਨੂੰ

ਕ੍ਰਿਸ਼ਨ ਵਲੋਂ

ਉਹਨੇ ਬਿੰਦੀਆਂ ਨੂੰ ਸਵਾਰਦਿਆਂ ਕਿਹਾ, “ਇਹ ਮੇਰਾ ਸਭ ਤੋਂ ਪੂਰਨ ਫ਼ਿਕਰਾ ਏ।” ਅੱਗੇ ਜਦੋਂ ਵੀ ਉਹ ਕੁਝ ਲਿਖਦਾ ਹੁੰਦਾ ਸੀ, ਉਹਨੂੰ ਆਪਣੇ ਫ਼ਿਕਰੇ ਊਣੇ ਜਾਪਦੇ ਹੁੰਦੇ ਸਨ।

ਕਿਤਾਬ ਉਹਨੇ ਮਨਜੀਤ ਨੂੰ ਦੇ ਦਿੱਤੀ, ਤੇ ਉਹ ਦੋਵੇਂ ਆਪਣੇ ਡੱਬੇ ਵੱਲ ਹੋਏ।

–ਫ਼ੌਜੀ ਉਨ੍ਹਾਂ ਨੂੰ ਵੇਖਦਿਆਂ ਸਾਰ ਬਾਹਰ ਨਿਕਲ ਆਇਆ, “ਤੁਸੀਂ ਏਥੇ ਆਰਾਮ ਨਾਲ ਬੈਠੋ। ਮੈਂ ਆਪਣਾ ਸਾਮਾਨ ਚੁਕਾ ਕੇ ਹੋਰ ਕਿਸੇ ਕਮਰੇ ਵਿਚ ਰੱਖ ਆਇਆਂ। ਐਵੇਂ ਤੁਹਾਡੀ ਮਿਸਿਜ਼ ਨੂੰ ਜ਼ਨਾਨਾ-ਡੱਬੇ ਵਿਚ ਸਫ਼ਰ ਕਰਨਾ ਪੈਣਾ ਸੀ। ਤੁਸੀਂ ਫ਼ਿਕਰ ਨਾ ਕਰੋ, ਰਾਹ ਵਿਚ ਸਾਰੀ ਰਾਤ ਏਧਰ ਸੈਕੰਡ ਦੀ ਕੋਈ ਸਵਾਰੀ ਨਹੀਂ ਆਉਂਦੀ।”

ਇਸ ਤੋਂ ਪਹਿਲਾਂ ਕਿ ਉਹ ਉਹਨੂੰ ਕੁਝ ਕਹਿੰਦੇ, ਉਹ ਬੜੇ ਚੁਸਤ ਕਦਮਾਂ ਨਾਲ ਆਪਣੇ ਨਵੇਂ ਡੱਬੇ ਵੱਲ ਚਲਾ ਗਿਆ।

“ਖ਼ੁਸ਼ਕਿਸਮਤ…” ਮਨਜੀਤ ਦੇ ਕੰਨ ਬੋਲ ਰਹੇ ਸਨ।

ਇਹ ਲੱਗਾ ਹੋਇਆ ਬਿਸਤਰਾ, ਇਹ ਖੁੱਲ੍ਹਾ ਸੂਟਕੇਸ—ਹੁਣ ਪਿੱਛੋਂ ਇਹਦਾ ਖ਼ਿਆਲ ਕੌਣ ਕਰੇਗਾ। ਕ੍ਰਿਸ਼ਨ ਨੂੰ ਖੋਹ ਜਹੀ ਪਈ—ਏਨੀ ਰਾਤ ਗਿਆਂ ਹੁਣ ਮਨਜੀਤ ਨੂੰ ਕੱਲਿਆਂ ਹੋਸਟਲ ਜਾਣਾ ਪਏਗਾ। ਉਹ ਰਾਤ-ਰਾਣੀ ਕੋਲੋਂ ਉਹ ਕੱਲਿਆਂ ਲੰਘੇਗੀ, ਤੇ ਉਹਨੂੰ ਉਥੇ ਕੁਝ ਵੀ ਚੇਤੇ ਨਹੀਂ ਆਏਗਾ…

ਮਨਜੀਤ ਨੇ ਦੱਸਿਆ ਕੋਈ ਹਰਜ ਨਹੀਂ ਸੀ, ਹੋਸਟਲ ਏਥੋਂ ਨੇੜੇ ਹੀ ਤਾਂ ਸੀ, ਉਹ ਗੱਡੀ ਚੱਲਣ ਪਿੱਛੋਂ ਰਿਕਸ਼ਾ ਵਿਚ ਚਲੀ ਜਾਏਗੀ।

ਦੋਵੇਂ ਪਲੇਟਫ਼ਾਰਮ ਉੱਤੇ ਉਤਰ ਆਏ ਤੇ ਆਪਣੇ ਡੱਬੇ ਦੇ ਨੇੜੇ ਟਹਿਲਣ ਲੱਗ ਪਏ।

ਕ੍ਰਿਸ਼ਨ ਨੂੰ ਰੇਲਵੇ-ਸਟੇਸ਼ਨ ਹਮੇਸ਼ਾਂ ਨਸ਼ਿਆ ਦੇਂਦੇ ਸਨ। ਉਹ ਜਦੋਂ ਨਿੱਕਾ ਹੁੰਦਾ ਸੀ ਤਾਂ ਉਹਦੇ ਮਾਪੇ ਇਕ ਛੋਟੇ ਜਿਹੇ ਰੇਲਵੇ ਸਟੇਸ਼ਨ ਦੇ ਨੇੜੇ ਰਹਿੰਦੇ ਸਨ, ਜਿਥੇ ਸਾਰੇ ਦਿਨ ਵਿੱਚ ਸਿਰਫ਼ ਦੋ ਗੱਡੀਆਂ ਹੀ ਰੁਕਦੀਆਂ ਸਨ। ਉਹਦੀ ਮਾਂ ਦੋਵਾਂ ਗੱਡੀਆਂ ਦੇ ਵੇਲੇ ਕ੍ਰਿਸ਼ਨ ਨੂੰ ਬਣਾ ਸਵਾਰ ਕੇ ਨੌਕਰ ਨਾਲ ਸਟੇਸ਼ਨ ਉੱਤੇ ਸੈਰ ਕਰਨ ਭੇਜ ਦੇਂਦੀ ਹੁੰਦੀ ਸੀ।

ਓਦੋਂ ਸ਼ਾਇਦ ਕਿਸੇ ਗੱਡੀ ਵਿਚ ਉਹਨੇ ਮਨਜੀਤ ਨੂੰ ਵੇਖਿਆ ਸੀ...

ਇਹ ਕਿਵੇਂ ਹੋ ਸਕਦਾ ਸੀ! ...

ਇਹ ਕਿਵੇਂ ਨਹੀਂ ਸੀ ਹੋ ਸਕਦਾ। ਉਹ ਮਨਜੀਤ ਨੂੰ ਸਿਰਫ਼ ਦਸਾਂ ਵਰ੍ਹਿਆਂ ਤੋਂ ਹੀ ਤਾਂ ਨਹੀਂ, ਇਕ ਜੁਗ ਤੋਂ ਜਾਣਦਾ ਸੀ…

ਕ੍ਰਿਸ਼ਨ ਨੇ ਜੁਗਾਂ-ਲੰਮੀ ਨਜ਼ਰ ਨਾਲ ਮਨਜੀਤ ਦੀਆਂ ਅੱਖਾਂ ਵਿਚ ਵੇਖਿਆ, ਵੇਖਦਾ ਰਿਹਾ।

ਅਚਾਨਕ ਗਾਰਡ ਦੀ ਸੀਟੀ ਦੋਵਾਂ ਦੇ ਕੰਨਾਂ ਨਾਲ ਟਕਰਾਈ।

...ਰੋਮ ਦਾ ਸਟੇਸ਼ਨ ਸੀ। ਕ੍ਰਿਸ਼ਨ ਤੇ ਜਿਓਵਾਨਾ। ਜ਼ਿੰਦਗੀ ਦੇ ਅਨੰਤ ਮੇਲੇ ਵਿਚ ਦੋ ਬਾਲ। ਅਲਵਿਦਾ ਦਾ ਵੇਲਾ—ਫੇਰ ਉਹਨਾਂ ਇਕ ਦੂਜੇ ਨੂੰ ਕਦੇ ਨਹੀਂ ਸੀ ਮਿਲਣਾ। ਜਿਓਵਾਨਾ ਨੇ ਉਹਨੂੰ ਘੁੱਟ ਕੇ ਜੱਫੀ ਪਾ ਲਈ! ਜਿਓਵਾਨਾ ਨੇ ਉਹਦੇ ਬੁੱਲ੍ਹ ਚੁੰਮੇ। ਗੱਡੀ ਹਿੱਲੀ। ਉਹ ਦੋਵੇਂ ਅਭੜਵਾਹੇ ਜੱਫੀ ਵਿਚੋਂ ਜਾਗੇ। ਭੱਜ ਕੇ ਕ੍ਰਿਸ਼ਨ ਨੇ ਖਿਸਕਦੇ ਬੂਹੇ ਨੂੰ ਹੱਥ ਪਾਇਆ। …ਇਹ ਜਿਓਵਾਨਾ ਦੇ ਬੁੱਲ੍ਹ ਸਨ...ਵੀਣਾ ਦੇ…ਮਨਜੀਤ ਦੇ...

ਸੀਟੀ ਫੇਰ ਵੱਜੀ। ਪਹਿਲਾਂ ਨਾਲੋਂ ਜ਼ੋਰ ਦੀ। ਕ੍ਰਿਸ਼ਨ ਆਪਣੇ ਡੱਬੇ ਦੇ ਬੂਹੇ ਵਿਚ ਖਲੋ ਗਿਆ।

“ਅੱਜ ਮੈਂ ਸੋਚਿਆ ਸੀ ਤੁਸੀਂ ਮੇਰੇ ਹੋਸਟਲ ਦੀ ਓਸ ਰਾਤ-ਰਾਣੀ ਕੋਲ ਮੈਨੂੰ ਓਸ ਰਾਤ ਵਾਂਗ ਅਲਵਿਦਾ ਕਹੋਗੇ,” ਤੇ ਮਨਜੀਤ ਨੇ ਕ੍ਰਿਸ਼ਨ ਦਾ ਹੱਥ ਘੁਟਿਆ।

ਭਾਵੇਂ ਸਰਦੀ ਨਹੀਂ ਸੀ, ਪਰ ਉਹਦੇ ਹੱਥ ਕ੍ਰਿਸ਼ਨ ਦੇ ਹੱਥਾਂ ਵਿਚ ਉਸ ਰਾਤ ਵਾਂਗ ਹੀ ਕੰਬ ਰਹੇ ਸਨ। ਮਨਜੀਤ ਦੀਆਂ ਅੱਖਾਂ ਵਿਚੋਂ ਉੱਡ ਕੇ ਇਕ ਡਾਰ ਕ੍ਰਿਸ਼ਨ ਵੱਲ ਆਈ।

ਗੱਡੀ ਹਿੱਲ ਪਈ—ਮਨਜੀਤ ਹੱਥ ਹਿਲਾ ਰਹੀ ਸੀ।

ਮਨਜੀਤ ਹੁਣ ਇਕੱਲੀ ਆਪਣੇ ਹੋਸਟਲ ਜਾਏਗੀ।

ਕ੍ਰਿਸ਼ਨ ਹੁਣ ਇਕੱਲਾ ਭਾਵਕ ਏਕਤਾ ਦੀ ਕਾਨਫ਼ਰੰਸ ਉੱਤੇ ਜਾਏਗਾ।

ਗੱਡੀ ਦੇ ਬੂਹੇ ਵਿਚ ਇਕੱਲੇ ਖੜੋਤਿਆਂ ਕ੍ਰਿਸ਼ਨ ਦੇ ਸਾਹਮਣੇ ਜਿਵੇਂ ਬਿਜਲੀ ਲਿਸ਼ਕੀ, ਤੇ ਉਹਨੂੰ ਪਹਿਲੀ ਵਾਰ ਦਿਸਿਆ:

ਮਨਜੀਤ ਸਿੱਖ ਸੀ...

ਉਹ ਹਿੰਦੂ ਸੀ...

ਮਨਜੀਤ ਦੇ ਮਾਤਾ ਜੀ ਆਪਣੀ ਧੀ ਲਈ ਹੋਰ ਕੋਈ ਸ਼ਰਤ ਨਹੀਂ ਸਨ ਲਾਂਦੇ, ਬਸ ਇਹੀ ਕਹਿੰਦੇ ਸਨ: ਮੁੰਡਾ ਸਿੱਖ ਹੋਵੇ!...

ਤੇ ਉਹਨੂੰ ਦੱਸਿਆ: ਮਨਜੀਤ ਓਸ ਰਾਤ-ਰਾਣੀ ਕੋਲ ਖਲੋਤੀ ਸੀ, ਤੇ ਉਹਨੂੰ ਸਭ ਕੁਝ ਚੇਤੇ ਸੀ...

ਤੂੰ ਅਜੰਤਾ ਵੱਲ ਜਾਂਦੇ ਰਾਹ ਉੱਤੇ ਮੇਰੇ ਨਾਲ ਕਿਉਂ ਨਹੀਂ ਸੈਂ...

ਮਨਜੀਤ ਹੁਣ ਨਹੀਂ ਸੀ ਦਿਸਦੀ।

ਕ੍ਰਿਸ਼ਨ ਅੰਦਰ ਆਪਣੀ ਸੀਟ ਉੱਤੇ ਚਲਾ ਗਿਆ। ਕ੍ਰਿਸ਼ਨ ਨੇ ਬੇ-ਦਿਲੋਂ ਜਿਹੇ ਆਪਣਾ ਕੋਟ ਲਾਹਿਆ। ਇਕ ਕੁੰਜੀ ਥੱਲੇ ਡਿੱਗੀ।

ਉਫ਼—ਮਨਜੀਤ ਦੀ ਕੁੰਜੀ ਤਾਂ ਉਹਦੇ ਕੋਲ ਹੀ ਰਹਿ ਗਈ ਸੀ!

‘ਮੇਰੀ ਅਮਾਨਤ’… …

[1962]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •