Ajj Aseen Mile (Punjabi Story) : Navtej Singh
ਅੱਜ ਅਸੀਂ ਮਿਲੇ (ਕਹਾਣੀ) : ਨਵਤੇਜ ਸਿੰਘ
ਇਕ ਜ਼ਮਾਨੇ ਬਾਅਦ ਅੱਜ ਬਾਬਾ ਬਲਵੰਤ ਸਿੰਘ ਦੇ ਕਦਮਾਂ ਵਿਚ ਅਜਿਹੀ ਜਵਾਨੀ ਆਈ ਸੀ। ਜਿਥੋਂ ਉਨ੍ਹਾਂ ਦੇ ਚੰਗੀ ਤਰ੍ਹਾਂ ਦਰਸ਼ਨ ਹੋ ਸਕਣ ਓਸ ਟਿਕਾਣੇ ਉਤੇ ਵੇਲੇ ਸਿਰ ਪੁਜਣ ਦੀ ਤਾਂਘ ਤੇ ਆਖ਼ਰਾਂ ਦੇ ਚਾਅ ਨੇ ਸਾਰੀ ਰਾਤ ਉਹਦੀਆਂ ਅੱਖਾਂ ਨਹੀਂ ਸਨ ਲੱਗਣ ਦਿੱਤੀਆਂ। ਅਜਿਹੀ ਧੁਣਖਣੀ ਉਹਦੇ ਦਿਲ ਨੂੰ ਅੱਜ ਇਕ ਉਮਰ ਮਗਰੋਂ ਲੱਗੀ ਸੀ; ਵੀਹ ਵਿਸਵੇ ਉਸੇ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਬਾਲ-ਵਰੇਸ ਵਿਚ ਕਿਸੇ ਵਰ੍ਹੇ ਵਰ੍ਹੇ ਦੇ ਦਿਨ, ਮੇਲੇ ਦਿਹਾਰ ਦੇ ਚਾਅ ਵਿਚ ਸਾਰੀ ਸਾਰੀ ਰਾਤ ਲੱਗੀ ਰਹਿੰਦੀ ਸੀ। ਤੇ ਹਾਲੀ ਪਹੁ ਵੀ ਨਹੀਂ ਸੀ ਫੁੱਟੀ ਕਿ ਉਹ ਦਲੀਪੇ ਨੂੰ ਨਾਲ ਲੈ ਕੇ ਆਪਣੇ ਪਿੰਡੋਂ ਤੁਰ ਪਿਆ।
ਸਾਰੀ ਰਾਤ ਦਾ ਭਾਵੇਂ ਉਨੀਂਦਰਾ ਸੀ, ਪਰ ਉਹਦਾ ਚਿਤ ਪਿੰਡ ਦੇ ਕੋਲ ਵਗਦੇ ਪਹਾੜੀ ਨਾਲੇ ਵਾਂਗ ਖਿੜਿਆ ਪਿਆ ਸੀ; ਤੇ ਉਹਨੂੰ ਆਪਣੇ ਅੰਦਰ ਆਪਣੇ ਸਾਥੀ ਦਲੀਪੇ ਦੇ ਗੀਤ ਵਰਗਾ ਨਿਖਾਰ ਮਹਿਸੂਸ ਹੋ ਰਿਹਾ ਹੈ।
ਅੱਖਾਂ ਤੋਂ ਹੀਣਾ ਦਲੀਪਾ ਉਹਦੀ ਉਂਗਲ ਫੜ ਨਾਲ ਤੁਰ ਰਿਹਾ ਸੀ। ਅੱਖਾਂ ਦੀ ਜੋਤ ਦੇ ਵੰਡੇ ਦਾ ਵੀ ਦਲੀਪੇ ਨੂੰ ਆਵਾਜ਼ ਦਾ ਜਾਦੂ ਹੀ ਮਿਲਿਆ ਸੀ, ਤੇ ਉਹ ਏਸ ਵੇਲੇ ਗੌਂ ਰਿਹਾ ਸੀ:
“ਮਾਹੀ ਦੇ ਮਿਲਣੇ ਨੂੰ ਕੋਈ ਜਤਨ ਬਣਾਉਨੀ ਆਂ,
ਹਥ ਫੁਲਾਂ ਦੀ ਟੋਕਰੀ ਮਾਲਣ ਬਣ ਜਾਨੀ ਆਂ।”
ਪਿੰਡ ਦੀ ਜੂਹ ਕੋਲ ਸੁੰਦਰ ਦੇ ਖੂਹ ਉਤੇ ਕੋਈ ਏਨੀ ਸਵੇਰੇ ਸਵੇਰੇ ਨਹਾ ਰਿਹਾ ਸੀ। ਬਾਬਾ ਬਲਵੰਤ ਸਿੰਘ ਨੇ ਵਾਜ ਮਾਰ ਕੇ ਪੁਛਿਆ, “ਕੌਣ ਏਂ?”
“ਮੈਂ ਆਂ, ਸੁੰਦਰ, ਬਾਬਾ ਜੀ।”
“ਸੁੰਦਰ, ਏਡੀ ਸਵੇਰੇ ਸਵੇਰੇ ਨ੍ਹੌਣ ਡਿਹਾ ਏਂ- ਕਿਤੇ ਠੰਡ ਈ ਨਾ ਲਗ ਜਾਏ।”
“ਅੱਜ ਬਾਬਾ ਜੀ ਠੰਡ ਕਾਹਦੀ! ਅੱਜ ਤਾਂ ਸਾਡੇ ਪ੍ਰਾਹੁਣਿਆਂ ਔਣਾ ਏਂ।” ਤੇ
ਸੁੰਦਰ ਵੀ ਕਪੜੇ ਪਾ ਉਹਨਾਂ ਨਾਲ ਹੋ ਪਿਆ।
ਵੱਡੀ ਸੜਕ ਤੇ ਪੁੱਜ ਕੇ ਦੂਰ ਪਹਾੜਾਂ ਦੇ ਕਿੰਗਰੇ ਸੁਨਹਿਰੀ ਹੋ ਗਏ। ਬਾਬਾ ਬਲਵੰਤ ਸਿੰਘ ਨੇ ਤੱਕਿਆ ਕਿ ਉਹ ਇੱਕਲੇ ਹੀ ਨਹੀਂ ਸਨ, ਸੜਕ ਉਤੇ ਤਾਂ ਇਕ ਠੱਠ ਬੱਝਿਆ ਹੋਇਆ ਸੀ!
ਹਰ ਉਮਰ ਦੇ ਲੋਕ ਜਾ ਰਹੇ ਸਨ- ਸਕੂਲਾਂ ਦੇ ਮੁੰਡੇ, ਹਲ ਛਡ ਕੇ ਆਏ ਗਭਰੂ, ਡੰਗੋਰੀਆਂ ਫੜੀ ਬਿਰਧ, ਹਟਵਾਣੀਏਂ, ਤੇ ਸਕੂਲਾਂ ਦੇ ਮਾਸਟਰ, ਕੁੜੀਆਂ ਤੇ ਬੁੱਢੀਆਂ, ਪੈਲੀਆਂ ਬੰਨਿਆਂ ਵਾਲੇ, ਤੇ ਮੁਜ਼ਾਰੇ।
ਇਕ ਮੁਜ਼ਾਰਾ ਆਪਣੇ ਬੇਲੀ ਨੂੰ ਕਹਿ ਰਿਹਾ ਸੀ, ਜਿਵੇਂ ਕੋਈ ਭੇਤ ਸਾਂਝਾ ਕਰ ਰਿਹਾ ਹੋਏ, “ਭਾਈ, ਜਿਨ੍ਹਾਂ ਅੱਜ ਆਣਾ ਏਂ, ਉਹ ਸੁਣਿਆਂ ਏਂ, ਆਪਣੇ ਹੀ ਬੰਦੇ ਨੇ।”
ਇਕ ਸਕੂਲ ਪੜ੍ਹਣ ਵਾਲਾ ਮੁੰਡਾ ਆਪਣੇ ਪਿੰਡ ਦੇ ਵਾਗੀ ਨੂੰ ਦਸ ਰਿਹਾ ਸੀ,
“ਅੱਜ ਜਿਹੜੇ ਆਣੇ ਨੇ ਉਹਨਾਂ ਵਿਚੋਂ ਇਕ ਛੋਟੇ ਹੁੰਦਿਆਂ ਤੇਰੇ ਵਾਂਗ ਵਾਗੀ ਰਿਹਾ ਸੀ।”
ਤੇ ਏਸ ਵਾਗੀ ਮੁੰਡੇ ਦੀਆਂ ਅੱਖਾਂ ਵਿਚ ਇਹ ਸੁਣ ਕੇ ਅੱਜ ਪਹਿਲੀ ਵਾਰ ਮਨੁੱਖੀ ਜਲਾਲ
ਜਾਗ ਆਇਆ ਸੀ।
ਨੇੜਿਉਂ ਕਰਮਾ, ਜਿਹੜਾ ਵੱਡੇ ਸ਼ਹਿਰ ਕੱਪੜੇ ਦੇ ਕਾਰਖ਼ਾਨੇ ਵਿਚ ਕੰਮ ਕਰਦਾ ਸੀ, ਬੋਲਿਆ, “ਉਹੀ ਜਿਹੜਾ ਛੋਟੀ ਉਮਰੇ ਵਾਗੀ ਰਿਹਾ ਸੀ ਵੱਡਿਆਂ ਹੋ ਕੇ ਮਜ਼ਦੂਰ ਬਣਿਆਂ, ਕੋਲੇ ਦੀ ਕਾਨ ਦਾ ਇਕ ਮਜ਼ਦੂਰ।”
ਇੰਜ ਗਲਾਂ ਬਾਤਾਂ ਕਰਦਿਆਂ ਇਹ ਸਾਰੇ ਨੰਗਲ ਦੇ ਨਿੱਕੇ ਜਿਹੇ ਨਵੇਂ ਸ਼ਹਿਰ ਵਿਚ ਪੁੱਜ ਗਏ ਸਨ। ਓਥੇ ਸੜਕ ਦੇ ਦੁਪਾਸੀਂ ਕਿੰਨੀਆਂ ਹੀ ਅਜਿਹੀਆਂ ਟੁਕੜੀਆਂ ਪਹਿਲੋਂ ਆਣ ਜੁੜੀਆਂ ਸਨ, ਤੇ ਲਗਾਤਾਰ ਸੰਘਣੀਆਂ ਹੁੰਦੀਆਂ ਜਾਂਦੀਆਂ ਸਨ। ਏਸ ਰਾਹ ਤੋਂ ਖ਼ਰੁਸ਼ਚੇਵ ਤੇ ਹੋਰ ਸੋਵੀਅਤ ਆਗੂਆਂ ਨੇ ਲੰਘਣਾ ਸੀ।
ਕਈ ਜਿਨ੍ਹਾਂ ਕੋਲ ਥੋੜ੍ਹੇ ਕੱਪੜੇ ਸਨ, ਉਹ ਕਾਨਿਆਂ ਦਾ ਝਾੜੂ ਲੂਹ ਕੇ ਨਿਘ ਲੈ ਰਹੇ ਸਨ। ਅਜਿਹੀ ਇਕ ਢਾਣੀ ਦੇ ਨੇੜੇ, ਉੱਚੇ ਥਾਂ ਹੋ ਕੇ ਬਾਬਾ ਬਲਵੰਤ ਸਿੰਘ ਤੇ ਦਲੀਪਾ ਬਹਿ ਗਏ।
ਕੋਲ ਹੀ ਅੱਗ ਸੇਕਦਾ ਇਕ ਗਭਰੂ ਆਪਣੇ ਸਾਥੀਆਂ ਨੂੰ ਕਹਿ ਰਿਹਾ ਸੀ, “ਉਹ ਤਕੋ ਸਾਡੇ ਦੇਸ ਦਾ ਤਿਰੰਗਾ, ਤੇ ਉਹ ਰੂਸੀਆਂ ਦਾ ਦਾਤ੍ਰੀ ਹਥੌੜੇ ਵਾਲਾ ਝੰਡਾ- ਕਿਵੇਂ ਸਾਂਝੀ ਕਿਕਲੀ ਪਾ ਰਹੇ ਨੇ! ਤੇ ਹਰ ਖੰਭੇ ਉੱਤੇ, ਸਾਡੇ ਪ੍ਰਾਹੁਣਿਆਂ ਦੀ ਗੱਡੀ ਦੇ ਇੰਜਣ ਉੱਤੇ, ਟੇਸ਼ਨ ਦੇ ਬਣਾਏ ਬੂਹਿਆਂ ਉੱਤੇ, ਭਾਖੜੇ ਡੈਮ ਦੀਆਂ ਕਰੇਨਾਂ ਤੇ ਮਸ਼ੀਨਾਂ, ਗਲ ਕੀ ਚੱਪੇ ਚੱਪੇ ਉੱਤੇ ਇਹੋ ਕਿਕਲੀ ਪਈ ਹੋਈ ਜੇ।”
“ਤੇ ਹੁਣ ਅਸੀਂ ਨਹੀਂ ਜੇ ਕਿਸੇ ਕੋਲੋਂ ਲਈਦੇ। ਮਿਰਕਣੀਏਂ ਜਾਂ ਉਹਨਾਂ ਦੇ ਕੋਈ ਹੋਰ ਲੜੇ ਲਾਕੜੀ ਹੁਣ ਸਾਡੇ ਵੱਲ ਕੈਰੀ ਅੱਖ ਨਾਲ ਤੱਕ ਤਾਂ ਜਾਣ—ਸੀਰਮੇ ਪੀ ਛਡਾਂਗੇ, ਸੀਰਮੇ,” ਇਕ ਹੋਰ ਵਾਜ ਆਈ।
ਕਾਨਿਆਂ ਦੇ ਸੇਕ ਨਾਲੋਂ ਕਿਤੇ ਵੱਧ ਬਾਬਾ ਬਲਵੰਤ ਸਿੰਘ ਨੂੰ ਇਹ ਗੱਲਾਂ ਨਿੱਘ ਪੁਚਾ ਰਹੀਆਂ ਸਨ। ਢੇਰ ਚਿਰ ਤੋਂ ਉਹ ਸੋਵੀਅਤ ਦੇਸ ਬਾਰੇ ਆਪਣੇ ਸਿਧ ਪਧਰੇ ਲਫ਼ਜ਼ਾਂ ਵਿਚ ਗੀਤ ਲਿਖਦਾ ਆ ਰਿਹਾ ਸੀ। (ਇਕ ਕਵੀ-ਦਰਬਾਰ ਵਿਚ ਬੜੇ ਪ੍ਰਸਿੱਧ ਕਵੀ ਨੇ ਉਹਨੂੰ ਇਕ ਵਾਰ ਕਿਹਾ ਸੀ, “ਬਾਬਾ ਜੀ, ਤੁਹਾਡੇ ਸਾਦਾ ਰਾਜਸੀ ਗੀਤ ਵੀ ਦਿਲ ਦੀ ਲਾਲੀ ਨਾਲ ਇੰਜ ਰੰਗੇ ਹੁੰਦੇ ਨੇ ਜਿਵੇਂ ਕਿਤੇ ਇਹ ਪਿਆਰ ਦੇ ਗੀਤ ਹੋਣ! ਮਾਸਾ ਕੁ ਇਹ ਕਮਾਲ ਮੈਨੂੰ ਵੀ ਬਖ਼ਸ਼ ਦਿਓ”)। ਤੇ ਇਹ ਗੀਤ ਜਦੋਂ ਦਲੀਪਾ ਆਪਣੀ ਅਲੋਕਾਰ ਵਾਜ ਵਿਚ ਗੌਂਦਾ ਹੁੰਦਾ ਸੀ, ਤੇ ਇੰਜ ਲੱਗਦਾ ਸੀ ਜਿਵੇਂ ਅਛੋਪਲੇ ਹੀ ਕੋਈ ਉਹਨੂੰ, ਉਹਦੇ ਲੋਕਾਂ ਸਣੇ, ਅੱਜ ਦੇ ਰੱਕੜਾਂ ਵਿਚੋਂ ਚੁੱਕ ਕੇ ਭਵਿੱਖ ਦੀ ਗੁਲਜ਼ਾਰ ਵਿਚ ਲੈ ਗਿਆ ਹੋਵੇ।
ਅੱਜ ਜੋ ਉਹਦੇ ਆਸੇ ਪਾਸੇ ਲੋਕੀ ਆਖ ਰਹੇ ਸਨ, ਜਿਥੋਂ ਤਕ ਨਜ਼ਰ ਜਾਂਦੀ ਸੀ ਓਥੇ ਜਿਵੇਂ ਲੋਕੀ ਫੁੱਲ ਲੈ ਕੇ ਏਨੀ ਸਵੇਰ ਤੋਂ ਹੀ ਖੜੋਤੇ ਸਨ, ਤੇ ਅਣਗਿਣਤ ਲਾਲ ਤੇ ਤਿਰੰਗੇ ਝੰਡਿਆਂ ਨੇ ਜਿਸ ਤਰ੍ਹਾਂ ਕਰਿੰਗੜੀ ਪਾਈ ਹੋਈ ਸੀ; ਤੇ ਜੋ ਉਹ ਸਾਰਾ ਰਾਹ ਸੁਣਦਾ ਆਇਆ ਸੀ- ਜਿਸ ਸ਼ਰਧਾ ਨਾਲ ਇਕ ਬੁੱਢੀ ਮਾਈ ਨੇ ਕਿਹਾ ਸੀ, “ਅਸੀਂ ਅਮਨ ਦੇ ਦੇਵਤਿਆਂ ਦੇ ਅੱਜ ਦਰਸ਼ਨ ਪਾਣੇ ਨੇ,” ਤੇ ਜਿਵੇਂ ਕੱਲ੍ਹ ਉਹਦੇ ਪਿੰਡ ਦੇ ਕਾਂਗਰਸੀਏ ਦੀਵਾਨ ਚੰਦ ਨੇ ਜਲਸੇ ਵਿਚ ਕਿਹਾ ਸੀ, “ਖ਼ਰੁਸ਼ਚੇਵ ਸਾਨੂੰ ਕਹਿੰਦਾ ਏ ਜੋ ਸਾਡੇ ਕੋਲ ਏ : ਸਾਡਾ ਇਲਮ, ਸਾਡੀ ਸਾਇੰਸ, ਸਮਾਜ-ਉਸਾਰੀ ਵਿਚ ਸਾਡਾ ਤਜਰਬਾ, ਸਾਡੀਆਂ ਮਸ਼ੀਨਾਂ, ਸਾਡੀ ਐਟਮੀ-ਸ਼ਕਤੀ — ਜੋ ਵੀ ਤੁਹਾਨੂੰ ਲੋੜ ਏ, ਸਾਡੇ ਵੀਰੋ, ਸਾਡੇ ਕੋਲੋਂ ਲੈ ਲਓ। ਜੋ ਤੁਹਾਨੂੰ ਨਹੀਂ ਜਚਦਾ, ਉਹ ਨਿਸੰਗ ਹੋ ਕੇ ਸੁਟ ਪਾਓ। ਤੁਸੀਂ ਆਪਣਾ ਰਾਹ ਚੁਣਿਆ ਏਂ। ਇਹ ਸਾਡੇ ਰਾਹ ਤੋਂ ਵੱਖਰਾ ਹੈ- ਅਸੀਂ ਇਹਦੀ ਦਿਲੋਂ ਕਦਰ ਕਰਦੇ ਹਾਂ; ਪਰ ਸਭਨਾਂ ਲੋਕਾਂ ਦੀ ਖ਼ੁਸ਼ਹਾਲੀ ਤੇ ਅਮਨ ਦੇ ਸ਼ਾਹਰਾਹ ਉੱਤੇ ਅਸੀਂ ਤੁਸੀਂ ਇੱਕਠੇ ਤੁਰ ਰਹੇ ਹਾਂ”, ਤੇ ਦੀਵਾਨ ਚੰਦ ਕਾਂਗਰਸੀਏ ਨੇ ਅਖ਼ੀਰ ਹੁਲਾਰੇ ਵਿਚ ਆ ਕੇ ਜਿਸ ਤਰ੍ਹਾਂ ਕਿਹਾ ਸੀ, “ਸਾਡਾ ਇਕ ਲੋਕ-ਗੀਤ ਹੈ, ‘ਸਾਰਾ ਬਾਗ਼ ਹਵਾਲੇ ਕੀਤਾ, ਮਿਤ੍ਰਾਂ ਨੇ ਫੁੱਲ ਮੰਗਿਆ’; ਪਰ ਅਨੋਖੇ ਨੇ ਇਹ ਮਿਤ੍ਰ ਜਿਨ੍ਹਾਂ ਬਿਨਾਂ ਕੁੱਝ ਮੰਗਿਆਂ ਹੀ ਬਾਗ਼ ਸਾਡੇ ਹਵਾਲੇ ਕਰ ਦਿੱਤਾ ਏ!”- ਬਾਬਾ ਬਲਵੰਤ ਸਿੰਘ ਨੂੰ ਮਹਿਸੂਸ ਹੋਇਆ ਕਿ ਇਹ ਸਭ ਕੁੱਝ ਉਹਦੇ ਲਿਖੇ ਤੇ ਦਲੀਪੇ ਦੇ ਗੰਵੇਂ ਗੀਤਾਂ ਤੋਂ ਸੈਆਂ ਗੁਣਾਂ ਸੁਹਣਾ ਸੀ।
ਅੱਜ ਅੱਖਾਂ ਮੀਟ ਕੇ ਉਹਨੂੰ ਭਵਿੱਖ ਦੇ ਗੁਲਜ਼ਾਰ ਵਿਚ ਖਿਆਲਾਂ ਦੀ ਉਡਾਰੀ ਵਿਚ ਪੁੱਜਣ ਦੀ ਕੋਈ ਲੋੜ ਨਹੀਂ ਸੀ, ਅੱਜ ਉਹਦੇ ਸਾਰੇ ਦੇਸ ਵਿਚ ਏਸ ਗੁਲਜ਼ਾਰ ਤੋਂ ਆਏ ਬੁਲੇ ਸੁਤੰਤਰ ਵਿਚਰ ਰਹੇ ਸਨ।
ਬਾਬਾ ਬਲਵੰਤ ਸਿੰਘ ਨੂੰ ਓਸ ਪ੍ਰਸਿੱਧ ਕਵੀ ਦੀ ਗੱਲ ਫੇਰ ਚੇਤੇ ਆਈ, ਜਦੋਂ ਕਵੀ ਨੇ ਕਿਹਾ ਸੀ, “ਮਾਸਾ ਕੁ ਇਹ ਕਮਾਲ ਮੈਨੂੰ ਵੀ ਬਖਸ਼ ਦਿਓ!” ਤਾਂ ਉਹਨੇ ਜਵਾਬ ਦਿੱਤਾ ਸੀ, “ਮੇਰੇ ਕੋਲ ਆਪਣਾ ਤਾਂ ਕੋਈ ਕਮਾਲ ਨਹੀਂ — ਜੋ ਵੀ ਇਹ ਹੈ ਮੈਨੂੰ ਇਹ ਸੋਵੀਅਤ ਲੋਕਾਂ ਨੇ, ਉਨ੍ਹਾਂ ਦੀ ਜ਼ਿੰਦਗੀ ਦੀ ਛੁਹ ਨੇ, ਉਨ੍ਹਾਂ ਦੇ ਪਿਆਰ ਨੇ ਬਖ਼ਸ਼ਿਆ ਏ। ਤੁਸੀਂ ਹੈਰਾਨ ਹੋ ਕੇ ਕਹਿੰਦੇ ਹੋ ਮੇਰੇ ਗੀਤ ਪਿਆਰ ਦੇ ਗੀਤਾਂ ਵਾਂਗ ਦਿਲ ਦੀ ਲਾਲੀ ਨਾਲ ਰੰਗੇ ਨੇ; ਪਰ ਪਿਆਰ ਦੇ ਹੀ ਤਾਂ ਗੀਤ ਨੇ ਇਹ! – ਸੋਵੀਅਤ ਲੋਕਾਂ ਲਈ, ਆਪਣੇ ਲੋਕਾਂ ਲਈ, ਸਾਰੀ ਮਨੁੱਖਤਾ ਲਈ ਮੇਰੇ ਸਾਦਾ ਜਿਹੇ ਪਿਆਰ ਦੇ ਗੀਤ…।”
ਆਪਣੇ ਨੇੜੇ ਦੇ ਸੁਆਗਤੀ ਬੂਹੇ ਉਤੇ ਬਾਬੇ ਦੀ ਨਜ਼ਰ ਜਾ ਪਈ। ਲਾਲ ਖੱਦਰ ਉਤੇ ਸੁਨਹਿਰੀ ਅੱਖਰਾਂ ਵਿਚ ਕੁਝ ਲਿਖਿਆ ਚਮਕ ਰਿਹਾ ਸੀ। ਹਿੰਦੀ ਨਹੀਂ ਸੀ ਇਹ, ਅੰਗ੍ਰੇਜ਼ੀ ਨਹੀਂ ਸੀ ਇਹ! ਓਹ! ਇਹ ਤਾਂ ਰੂਸੀ ਅੱਖਰ ਸਨ। ਹਿੰਦੁਸਤਾਨੀ ਸਵੇਰ ਦੀਆਂ ਕਿਰਨਾਂ ਵਿਚ ਚਮਕ ਰਹੇ ਰੂਸੀ ਅੱਖਰ…ਵੀਹ ਉੱਤੇ ਪੰਜ ਵਰ੍ਹਿਆਂ ਮਗਰੋਂ ਜਿਵੇਂ ਉਸਨੂੰ ਪੁਰਾਣਾ ਕੋਈ ਮਿੱਤਰ ਮੂੰਹ ਦਿਸਿਆ ਸੀ। ਪੂਰੀ ਤਰ੍ਹਾਂ ਪਛਾਣ ਹੋਣ ਵਿਚ ਔਖ ਹੋ ਰਹੀ ਸੀ—‘ਦੋ...ਬਰੋ...।’ ਉਹਨੇ ਫੇਰ ਸ਼ੁਰੂ ਤੋਂ ਪੜ੍ਹਨ ਦੀ ਕੋਸ਼ਿਸ਼ ਕੀਤੀ, ‘ਦੋਬਰੋ…ਪੋਜ਼…’, ਤੇ ਅਖੀਰ ਉਹਨੇ ਸਾਰਾ ਪੜ੍ਹ ਲਿਆ, ‘ਦੋਬਰੋਪੋਜ਼ਲਾਵਤੇ’।
‘…ਦੋਬਰੋਪੋਜ਼ਲਾਵਤੇ’,—ਪੰਝੀ ਵਰ੍ਹੇ ਹੋਏ? —ਪਹਿਲੀ ਵਾਰ ਇਹ ਲਫ਼ਜ਼ ਬਲਵੰਤ ਸਿੰਘ ਦੇ ਕੰਨੀਂ ਪਿਆ ਸੀ। ਓਦੋਂ ਉਹ ਆਪ ਤੀਹਾਂ ਵਰ੍ਹਿਆਂ ਦਾ ਸੀ।
‘ਦੋਬਰੋਪੋਜ਼ਲਾਵਤੇ’ ਜਿਵੇਂ ਕਿਸੇ ਮੰਤਰ ਨੇ ਉਸ ਰਾਤੀਂ ਉਹਨੂੰ ਸੁਰਜੀਤ ਕਰ ਦਿੱਤਾ ਸੀ।
ਇਸ ਲਫ਼ਜ਼ ਤੋਂ ਪਹਿਲਾਂ ਤੇ ਫ਼ਰੰਗੀਆਂ ਦੇ ਹਿੰਦੁਸਤਾਨ ਦੀ ਜੇਲ੍ਹ ਵਿਚੋਂ ਨੱਠਣ ਦੇ ਵਿਚਕਾਰ ਕਈ ਕੁੱਤੇ ਉਹਦੇ ਪਿੱਛੇ ਨੱਸੇ ਸਨ, ਕਈ ਬੰਦੂਕਾਂ ਉਹਦੇ ਮਗਰ ਚੱਲੀਆਂ ਸਨ, ਕਈ ਪਹਾੜ ਉਹਨੇ ਗਾਹੇ ਸਨ, ਕਈ ਦਰਿਆ ਉਹਨੇ ਚੀਰੇ ਸਨ; ਕਿਤੇ ਉਹ ਗਰੰਥੀ ਬਣ ਲੁਕਿਆ ਸੀ, ਤੇ ਕਿਤੇ ਉਹਨੇ ਮੁੱਲਾਂ ਦਾ ਵੇਸ ਧਾਰਿਆ ਸੀ, ਕਿਤੇ ਦੋਸਤੀ ਦੀ ਬੁਕਲ ਨੇ ਸੰਗੀਨਾਂ ਦੀ ਨੋਕ ਥੱਲੇ ਵੀ ਉਹਨੂੰ ਉਹਲਾ ਕੀਤਾ ਸੀ, ਤੇ ਕਿਤੇ ਵੈਰੀ ਦੇ ਸੂਹੀਆਂ ਨੇ ਉਹਨੂੰ ਦੁਸ਼ਮਨ ਦੇ ਹਵਾਲੇ ਕਰਨ ਦਾ ਸਿਰਤੋੜ ਯਤਨ ਕੀਤਾ ਸੀ। ਪਰ ਅਖੀਰ ਉਹ ਗੁਲਾਮ ਹਿੰਦੁਸਤਾਨ ਦੇ ਬੰਦੀਖਾਨੇ ਵਿਚੋਂ ਲੁਕਦਾ-ਨੱਸਦਾ ਅਫ਼ਗਾਨਿਸਤਾਨ ਪੁੱਜ ਹੀ ਗਿਆ ਸੀ। ਇਨੇ ਦਿਨਾਂ ਦਾ ਭੁੱਖਣ-ਭਾਣਾ, ਤ੍ਰਿਹਾਇਆ, ਛਾਲੇ-ਛਾਲੇ ਹੋਏ ਪੈਰਾਂ ਨਾਲ ਉਹ ਰਾਤ ਨੂੰ ਬੇਹੋਸ਼ ਇਕ ਪਠਾਣ ਪਿੰਡ ਵਿਚ ਜਾ ਡਿੱਗਾ ਸੀ।
ਇਹ ਪਿੰਡ ਸੋਵੀਅਤ ਦੀ ਸਰਹੱਦ ’ਤੇ ਆਮੂ ਦਰਿਆ ਦੇ ਕੰਢੇ ਉੱਤੇ ਸੀ। ਉਹਨੂੰ
ਬੇਹੋਸ਼ ਡਿੱਗੇ ਨੂੰ ਕੁਝ ਪਠਾਣਾਂ ਨੇ ਘੇਰ ਲਿਆ ਸੀ। ਤੇ ਸੁਰਤ ਆਣ ਉੱਤੇ ਉਹਨੇ ਟੁੱਟੀ-
ਫੁੱਟੀ ਬੋਲੀ ਵਿਚ, ਤੇ ਇਸ਼ਾਰਿਆਂ ਨਾਲ ਉਨ੍ਹਾਂ ਨੂੰ ਸਮਝਾਇਆ ਸੀ,
“ਆਜ਼ਾਦੀ…ਇਨਕਲਾਬ…ਫ਼ਰੰਗੀ”, (ਤੇ ਅਖੀਰਲੇ ਲਫ਼ਜ਼ ਨਾਲ ਉਹਨੇ ਗਰਦਨ ਨੂੰ ਕੱਟਣ
ਦਾ ਇਸ਼ਾਰਾ ਕੀਤਾ ਸੀ)।
ਉਨ੍ਹਾਂ ਪਠਾਣਾਂ ਨੂੰ ਕੁਝ-ਕੁਝ ਸਮਝ ਪੈ ਗਈ ਸੀ। ਬੇਬਾਕ ਨਜ਼ਰਾਂ ਨਾਲ, ਅਜਿਹੀਆਂ ਨਜ਼ਰਾਂ ਨਾਲ, ਜਿਹੜੀਆਂ ਕਿਸੇ ਕਸੌਟੀ ਨਾਲੋਂ ਵੀ ਵੱਧ ਚੰਗੀ ਤਰ੍ਹਾਂ ਏਸ ਨੱਠੇ ਹੋਏ ਕੈਦੀ ਵਿਚ ਜੇ ਕੋਈ ਮੁਲੱਮਾ ਹੁੰਦਾ ਤਾਂ ਪਰਖ ਲੈਂਦੀਆਂ ਪਠਾਣਾਂ ਨੇ ਉਹਦੀਆਂ ਅੱਖਾਂ ਵਿਚ ਤੱਕਿਆ ਸੀ।
ਦੂਜੀ ਵਾਰ ਜਦੋਂ ਬਲਵੰਤ ਸਿੰਘ ਨੇ ਉਨ੍ਹਾਂ ਦੀਆਂ ਅੱਖਾਂ ਵਿਚ ਤੱਕਿਆ ਤਾਂ ਉਹਨੂੰ ਲੱਭਾ, ਪਠਾਣ-ਅੱਖਾਂ ਵਿਚ ਉਸ ਉੱਤੇ ਨਿਸਚਾ ਸੀ। ਉਨ੍ਹਾਂ ਮਰਦਾਨਾ ਦਸਤ-ਪੰਜਾ ਉਹਦੇ ਨਾਲ ਲਿਆ। ਉਨ੍ਹਾਂ ਵਿਚੋਂ ਇਕ ਨੇ ਕਿਹਾ, “ਇਨਕਲਾਬ...” ਤੇ ਉਂਗਲੀ ਨਾਲ ਆਮੂ ਦਰਿਆ ਤੋਂ ਪਰਲੇ ਕੰਢੇ ਉੱਤੇ ਬਲਦੀ ਸੋਵੀਅਤ ਬੱਤੀ ਵੱਲ ਇਸ਼ਾਰਾ ਕੀਤਾ।
ਅਗਲੀ ਰਾਤੇ ਉਹ ਉਨ੍ਹਾਂ ਪਠਾਣਾਂ ਦੀ ਮਦਦ ਨਾਲ ਓਸ ਸੋਵੀਅਤ ਰੌਸ਼ਨੀ ਦੇ ਕੋਲ ਪੁੱਜ ਗਿਆ ਸੀ। ਆਮੂ ਦਰਿਆ ਚੀਰ ਕੇ ਕਹਿਰਾਂ ਦੀ ਠੰਢ ਨਾਲ ਜੰਮਿਆ ਉਹ ਬੇਸੁਰਤ ਇਕ ਸੋਵੀਅਤ ਘਰ ਵਿਚ ਲੇਟਿਆ ਪਿਆ ਸੀ, ਤੇ ਉਹਦੇ ਕੰਨਾਂ ਨੇ ਸੁਣਿਆ, “ਦੋਬਰੋਪੋਜ਼ਲਾਵਤੇ...।” ਉਹਨੇ ਬਚਪਨ ਵਿਚ ਜਿਹੜੀਆਂ ਕਹਾਣੀਆਂ ਸੁਣੀਆਂ ਸਨ, ਉਨ੍ਹਾਂ ਵਿਚੋਂ ਕਿਸੇ ਕਹਾਣੀ ਦੀ ਕੋਈ ਪਰੀ ਉਹਦੇ ਕੋਲ ਆ ਗਈ ਸੀ। ਉਹ ਹਜ਼ਾਰਾਂ ਦਿਓਵਾਂ ਦੇ ਜੰਗਲ ਚੀਰ ਕੇ ਏਸ ਪਰੀ ਕੋਲ ਆਣ ਮੂਰਛਾ ਵਿਚ ਡਿੱਗਾ ਸੀ, ਤੇ ਪਰੀ ਮੰਤ੍ਰ ਪੜ੍ਹ ਰਹੀ ਸੀ, ਤੇ ਉਹ ਸੁਰਜੀਤ ਹੋਈ ਜਾ ਰਿਹਾ ਸੀ, ਤੇ ਨਿੱਘ ਸੀ। ਏਸ ਕਹਿਰਾਂ ਦੀ ਯਖ਼ ਸਰਦੀ ਵਿਚ ਉਹਦੇ ਦੇਸ ਦਾ ਹੁਨਾਲਾ ਕਿਵੇਂ ਆਣ ਸਰਕਿਆ ਸੀ? ਤੇ ਪਰੀ ਮੰਤਰ ਪੜ੍ਹ ਰਹੀ ਸੀ, ‘ਦੋਬਰੋਪੋਜ਼ਲਾਵਤੇ……।’
ਨਹੀਂ! ਪਰੀ ਨਹੀਂ ਸੀ ਇਹ, ਇਕ ਸੋਵੀਅਤ ਕੁੜੀ ਸੀ ਇਹ! ਸੋਨੀਆਂ ਸੀ ਇਹ, ਤੇ ਉਹਦੀਆਂ ਨੀਲੀਆਂ ਅੱਖਾਂ ਵਿਚ ਗ਼ੁਲਾਮੀ ਦੇ ਖਿਲਾਫ਼ ਲੜਨ ਵਾਲੇ ਸਭਨਾਂ ਲੋਕਾਂ ਲਈ ਸਾਰੇ ਸੋਵੀਅਤ ਦੇਸ਼ ਦਾ ਪਿਆਰ ਏਸ ਵੇਲੇ ਘੁਲਿਆ ਪਿਆ ਸੀ, ਤੇ ਉਹ ਆਪਣੀ ਬੋਲੀ ਵਿਚ ਜੀ ਆਇਆਂ ਨੂੰ ਕਹਿ ਰਹੀ ਸੀ...‘ਦੋਬਰੋਪੋਜ਼ਲਾਵਤੇ’।
ਤੇ ਪੰਜ ਵਰ੍ਹੇ ਬਲਵੰਤ ਸਿੰਘ ਸੋਵੀਅਤ ਦੇਸ ਵਿਚ ਰਿਹਾ। ਇਨ੍ਹਾਂ ਵਰ੍ਹਿਆਂ ਵਿਚੋਂ ਬਹੁਤਾ ਸੋਨੀਆਂ ਦਾ ਸਾਥ ਉਹਨੂੰ ਮਿਲਿਆ। ਉਹ ਉਹਦੇ ਹਾਣ ਦੀ ਹੀ ਸੀ, ਪਰ ਜਦੋਂ ਉਹ ਕਾਇਦਾ ਲੈ ਕੇ ਉਹਨੂੰ ਰੂਸੀ ਬੋਲੀ ਸਿਖਾਂਦੀ ਤਾਂ ਬਲਵੰਤ ਸਿੰਘ ਬੱਚਿਆਂ ਵਾਂਗ ਹੋ ਜਾਂਦਾ ਸੀ। ਤੇ ਜੀਕਰ ਪਹਿਲੀ ਵਾਰ ਕਿਸੇ ਬਾਲ ਦੇ ਬੋਲੇ ਤੋਤਲੇ ਲਫ਼ਜ਼ ਉਹਦੇ ਘਰ ਵਾਲੇ ਦੂਜਿਆਂ ਨੂੰ ਸੁਣਾਂਦੇ ਫਿਰਦੇ ਹਨ, ਇਸੇ ਤਰ੍ਹਾਂ ਹੀ ਸੋਨੀਆਂ ਬਲਵੰਤ ਸਿੰਘ ਨਾਲ ਕਰਦੀ ਸੀ।
ਜਦੋਂ ਬਲਵੰਤ ਸਿੰਘ ਨੇ ਪਹਿਲੀ ਵਾਰ ਆਪ ਰੂਸੀ ਵਿਚ ਫ਼ਿਕਰਾ ਜੋੜਿਆ ਤਾਂ ਸੋਨੀਆਂ ਸਭਨਾਂ ਅੱਗੇ ਉਹਦੀ ਨੁਮਾਇਸ਼ ਕਰਦੀ ਨਹੀਂ ਸੀ ਮਿਉਂਦੀ। ਪਹਿਲਾ ਰੂਸੀ ਫ਼ਿਕਰਾ ਜਿਹੜਾ ਉਹਨੇ ਆਪ ਜੋੜਿਆ ਸੀ ਉਹ ਸੀ, “ਯਾ ਨਹੀ ਖ਼ੋਲਦਨੋ…ਮੈਨੂੰ ਤੁਹਾਡੇ ਦੇਸ ਵਿਚ ਠੰਢ ਨਹੀਂ ਲਗਦੀ, ਕਿਉਂਕਿ ਮੈਂ ਤੁਹਾਡੇ ਲੋਕਾਂ ਨੂੰ ਤੇ ਤੁਹਾਡੇ ਦੇਸ ਨੂੰ ਬੜਾ ਪਿਆਰ ਕਰਦਾ ਹਾਂ।”
ਫ਼ਰੰਗੀਆਂ ਦੇ ਹਨੇਰੇ ਵਿਚੋਂ ਉਹ ਮਨੁੱਖਤਾ ਦੇ ਚਾਨਣੇ ਭਵਿੱਖ ਵਿਚ ਆਣ ਪੁੱਜਾ ਸੀ। ਏਥੇ ਸਭ ਕੁਝ ਨਵਾਂ ਸੀ, ਬੜਾ ਕੁੱਝ ਏਨਾ ਸ਼ਾਨਦਾਰ ਸੀ, ਕਿਤੇ ਕਿਤੇ ਕੁਝ ਗੁੰਝਲਾਂ ਵੀ ਸਨ; ਪਰ ਸੋਨੀਆਂ ਉਹਦੇ ਨਾਲ ਨਾਲ ਸੀ—ਸੋਨੀਆਂ ਉਹਦੀ ਟੋਹਣੀ, ਏਸ ਚਾਨਣ ਦੀ ਸੁਝਾਵੀ, ਉਹਦੀ ਦੋਸਤ, ਤੇ ਉਹਦੇ ਲੋਕਾਂ ਦੀ ਦੋਸਤ।
ਪਹਿਲੀਆਂ ਵਿਚ ਉਹਨੇ ਜਾਤਾ ਸਿਰਫ਼ ਸੋਨੀਆਂ ਦਾ ਦਿਲ ਹੀ ਅਜਿਹਾ ਸੀ; ਪਰ ਵਰ੍ਹੇ ਕੁ ਮਗਰੋਂ ਜਦੋਂ ਉਹਨੂੰ ਹੋਰਨਾਂ ਨੂੰ ਚੰਗੀ ਤਰ੍ਹਾਂ ਜਾਣਨ ਦਾ ਮੌਕਾ ਵੀ ਮਿਲਿਆ ਤਾਂ ਉਹਨੂੰ ਏਸ ਨਵੀਂ ਦੁਨੀਆਂ ਬਾਰੇ ਸਭ ਤੋਂ ਅਨੋਖੀ ਗੱਲ ਪਤਾ ਲੱਗੀ ਕਿ ਇਥੇ ਬਹੁਤ ਸਾਰੇ ਲੋਕ ਸਨ ਜਿਨ੍ਹਾਂ ਦਾ ਦਿਲ ਸੋਨੀਆਂ ਵਰਗਾ ਸੀ, ਬਹੁਤ ਸਾਰੇ ਜਿਹੜੇ ਉਹਦੇ ਦੋਸਤ ਸਨ, ਬਹੁਤ ਸਾਰੇ ਜਿਹੜੇ ਗੁਲਾਮ ਲੋਕਾਂ ਦੇ ਸੱਚੇ ਦੋਸਤ ਸਨ...।
“ਹਿੰਦੀ ਰੂਸੀ ਭਾਈ ਭਾਈ,
ਹਿੰਦੀ ਰੂਸੀ ਭਾਈ ਭਾਈ।”
ਉਹਦੇ ਕੋਲ ਨੰਗਲ ਵਿਚ ਸਕੂਲ ਦੇ ਬੱਚੇ ਸੋਵੀਅਤ ਤੇ ਹਿੰਦੁਸਤਾਨੀ ਝੰਡੇ ਲਹਿਰਾਂਦੇ ਨਾਅਰੇ ਲਾ ਰਹੇ ਸਨ। ਦਲੀਪੇ ਦੀ ਭਰਵੀਂ ਗੂੰਜਵੀਂ ਵਾਜ ਉਨ੍ਹਾਂ ਬੱਚਿਆਂ ਦੀ ਵਾਜ ਵਿਚ ਰਲੀ ਹੋਈ ਸੀ।
ਸੋਵੀਅਤ ਦੋਸਤਾਂ ਦੀ ਗੱਡੀ ਸਟੇਸ਼ਨ ਉਤੇ ਆਣ ਲੱਗੀ ਸੀ। ਦੂਰ ਅਮਨ ਦੇ ਚਿੱਟੇ ਕਬੂਤਰ ਉੱਡ ਪਏ ਸਨ। ਬੈਠੇ ਹੋਏ ਲੋਕ ਉੱਠ ਪਏ ਤੇ ਕਹਿ ਰਹੇ ਸਨ, “ਹਿੰਦ– ਸੋਵੀਅਤ ਦੋਸਤੀ ਜ਼ਿੰਦਾਬਾਦ!”
ਬਾਬਾ ਬਲਵੰਤ ਸਿੰਘ ਵੀ ਸਾਹਮਣੇ ਦੀ ਕਤਾਰ ਵਿਚ ਉਠ ਖੜੋਤਾ।...ਉਹਦੇ ਚੇਤੇ ਵਿਚ ਸੋਨੀਆਂ ਤੇ ਸੋਵੀਅਤ ਲੋਕ ਰਲ ਮਿਲ ਗਏ ਸਨ, ਜਿਵੇਂ ਸਤਰੰਗੀ ਪੀਂਘ ਵਿਚ ਰੰਗ ਰਲ ਜਾਂਦੇ ਹਨ। ਸੋਨੀਆਂ....ਸੋਵੀਅਤ ਲੋਕ, ਸੋਵੀਅਤ ਲੋਕ.. ਸੋਨੀਆਂ।
ਸੋਨੀਆਂ ਨੇ ਇਕ ਵਾਰ ਮਸੂਮ ਜਿਹੇ ਗੁੱਸੇ ਵਿਚ ਉਹਨੂੰ ਕਿਹਾ ਸੀ, “ਮੈਂ ਤੈਨੂੰ ਮਾਰਨਾ ਚਾਹੁੰਦੀ ਹਾਂ।” ਤੇ ਫੇਰ ਏਸ ਤੋਂ ਕਿੰਨੇ ਹੀ ਸਾਲ ਬਾਅਦ ਵਿਛੜਨ ਵੇਲੇ, ਆਜ਼ਾਦ ਧਰਤੀ ਤੋਂ ਫ਼ਰੰਗੀਆਂ ਦੇ ਹਿੰਦੁਸਤਾਨ ਵਿਚ ਪਰਤਣ ਵੇਲੇ, ਸੋਨੀਆਂ ਨੇ ਚੇਤੇ ਕਰਾਇਆ ਸੀ, “ਯਾਦ ਈ ਬਲਵੰਤ, ਮੈਂ ਇਕ ਦਿਨ ਤੈਨੂੰ ਕਿਹਾ ਸੀ, “ਮੈਂ ਤੈਨੂੰ ਮਾਰਨਾ ਚਾਹਦੀ ਹਾਂ। ਮੈਂ ਪ੍ਰਾਰਥਨਾ ਕਰਦੀ ਹਾਂ ਜਿਹੜੇ ਵੀ ਤੇਰੇ ਦੁਸ਼ਮਨ ਨੇ, ਤੇ ਤੈਨੂੰ ਮਾਰਨਾ ਚਾਂਹਦੇ ਨੇ, ਉਹ ਤੈਨੂੰ ਸਿਰਫ਼ ਮੇਰੇ ਵਾਂਗ ਹੀ ਮਾਰ ਸਕਣ।” ਤੇ ਸੋਨੀਆਂ ਦੀਆਂ ਨੀਲੀਆਂ ਅੱਖੀਆਂ ਵਿਚ ਓਦੋਂ ਅੱਥਰੂ ਸਨ, ਉਹਦੇ ਬੋਲ ਵਿਚ ਅੱਥਰੂ ਸਨ, ਤੇ ਸੋਨੀਆਂ ਨੇ ਓਦੋਂ ਉਹਨੂੰ ਆਪਣੀਆਂ ਬਾਹਵਾਂ ਵਿਚ ਕਸ ਲਿਆ ਸੀ, ਤੇ ਉਹਦਾ ਮੂੰਹ ਚੁੰਮ ਲਿਆ ਸੀ। …ਦੂਰ ਤੱਕ ਧੁੱਪ ਵਿਚ ਬਰਫ਼ ਹੀ ਬਰਫ਼ ਡਲ੍ਹਕ ਰਹੀ ਸੀ। ਦੂਰ ਤੱਕ ਦਿਓਦਾਰ ਹੀ ਦਿਓਦਾਰ ਬਰਫ਼ ਨਾਲ ਢਕੇ ਖੜੋਤੇ ਸਨ। ਇਹ ਚੁੰਮਣ ਵੱਧ ਉਜਲਾ ਸੀ, ਕਿ ਉਹ ਡਲ੍ਹਕਦੀ ਬਰਫ਼?…ਤੇ ਸੋਨੀਆਂ ਨੇ ਉਹਨੂੰ ਕਿਹਾ ਸੀ, “ਦੋਸਵੀਦਾਨੀਆਂ!” ਰੂਸੀ ਬੋਲੀ ਦੇ ਏਸ ਲਫ਼ਜ਼ ਵਿਚ ਵਿਦਾਇਗੀ ਦੇ ਨਾਲ ਮੁੜ ਮਿਲਣ ਦਾ ਇਕਰਾਰ ਵੀ ਰਲਿਆ ਏ — ‘ਫਿਰ ਮਿਲਣ ਤਕ’ …ਦੋਸਵੀਦਾਨੀਆਂ। “ਤੇ ਅਸੀਂ ਜ਼ਰੂਰੀ ਮਿਲਾਂਗੇ ਸਾਥੀ”, ਤੇ ਸੋਨੀਆਂ ਨੇ ਉਹਨੂੰ ਫੇਰ ਚੁੰਮਿਆਂ ਸੀ। ਇਹ ਉਹਦੀ ਜ਼ਿੰਦਗੀ ਦਾ ਆਖਰੀ ਚੁੰਮਣ ਸੀ। ਸੋਨੀਆਂ ਦੇ ਇਸ ਚੁੰਮਣ ਵਿਚ ਇਕ ਅਨੋਖੀ ਖੁਸ਼ਬੋ ਸੀ...
ਬਲਵੰਤ ਸਿੰਘ ਦੇ ਆਸੇ-ਪਾਸੇ ਸਾਰੇ ਲੋਕੀ ਆਪੋ-ਆਪਣੀਆਂ ਕਤਾਰਾਂ ਵਿਚ ਕੁਝ ਅਗੇ ਨੂੰ ਸਰਕ ਪਏ ਸਨ। ਉਹ ਸਾਹਮਣੇ ਹਾਰਾਂ-ਸਜੀ ਖੁੱਲ੍ਹੀ ਕਾਰ ਆ ਰਹੀ ਸੀ। ਅੱਗੇ ਦੋ ਮਹਾਨ ਦੇਸਾਂ ਦੇ ਝੰਡੇ ਝੂਮ ਰਹੇ ਸਨ। “ਉਹ ਖ਼ਰੁਸ਼ਚੇਵ”, ... ਲੋਕ ਕਹਿ ਰਹੇ ਸਨ, ਫੁੱਲ ਵਰ੍ਹਾ ਰਹੇ ਸਨ, ਨਾਹਰੇ ਲਾ ਰਹੇ ਸਨ।
ਨਿਰਜੋਤ ਅੱਖਾਂ ਵਾਲੇ ਦਲੀਪੇ ਨੇ ਬੁਕ ਭਰ ਕੇ ਫੁੱਲ ਵਰ੍ਹਾਏ, ਤੇ ਉਹ ਵੀ ਓਧਰ ਸੋਵੀਅਤ ਦੋਸਤਾਂ ਵੱਲ ਗਰਦਨ ਅਗਾਂਹ ਨੂੰ ਕਰ ਕੇ ਆਪਣੀਆਂ ਅੱਖਾਂ ਨੂੰ ਵਧ ਤੋਂ ਵਧ ਖੋਲ੍ਹਣ ਲਗਾ।
“ਅੱਜ ਅਸੀਂ ਇਕ ਦੂਜੇ ਨੂੰ ਤੱਕਿਆ, ਅੱਜ ਅਸੀਂ ਮਿਲ ਪਏ ਰੀਝਾਂ ਲਾਹ ਕੇ”, ਉਹਦੇ ਗਲੇ ਵਿਚ ਗੀਤ ਗੂੰਜਿਆ।
“ਦੋਬਰੋਪੋਜ਼ਲਾਵਤੇ”, ਬਾਬਾ ਬਲਵੰਤ ਸਿੰਘ ਨੇ ਉੱਚੀ ਸਾਰੀ ਰੂਸੀ ਵਿਚ ਕਿਹਾ।
...ਸੋਨੀਆਂ ਨੇ ਸੱਚ ਕਿਹਾ ਸੀ, ‘ਅਸੀਂ ਜ਼ਰੂਰ ਮਿਲਾਂਗੇ’। ਤੇ ਅੱਜ ਉਹ ਮਿਲ ਪਏ ਸਨ, ਆਲੇ-ਦੁਆਲੇ ਉਹੀ ਮਹਿਕ ਸੀ ਜਿਹੜੀ ਸੋਨੀਆਂ ਕੋਲੋਂ ਆਉਂਦੀ ਹੁੰਦੀ ਸੀ…ਸੋਵੀਅਤ ਜ਼ਿੰਦਗੀ ਇਕ ਫੁੱਲ ਸੀ, ਤੇ ਸੋਨੀਆਂ ਉਹਦੀ ਖੁਸ਼ਬੋ ਸੀ; ਇਹ ਖੁਸ਼ਬੋ ਅੱਜ ਤੱਕ ਬਾਵਾ ਬਲਵੰਤ ਸਿੰਘ ਦੇ ਅੰਗਸੰਗ ਰਹੀ ਸੀ...
[1955]