ਅੱਜ ਦਾ ਕੱਲ੍ਹ ਜੋ ਸੁਪਨੇ ਵਾਂਗ ਹੋ ਗਿਆ (ਪੰਜਾਬੀ ਲੇਖ) : ਰਵੇਲ ਸਿੰਘ ਇਟਲੀ

ਵਾਹ ਨੀਂ ਮੌਤੇ ਕਾਹਲੀਏ !
ਹਰਜਿੰਦਰ ਮੇਰੇ ਵਿਚਕਾਰਲੇ ਸਵਰਗਵਾਸੀ ਭਰਾ ਅਜਮੇਰ ਦੇ ਪਰਿਵਾਰ ਦਾ ਸਭ ਤੋਂ ਵੱਡਾ ਤੇ ਹੋਣ ਹਾਰ ,ਹਸ ਮੁਖਾ, ਮਿਲਂਣ ਸਾਰ,ਸਾਬਤ ਸੂਰਤ .ਨੇਕ ਦਿਲ ,ਨਿੱਘੇ ਸੁਭਾ ਦਾ ਮਿੱਠ ਬੋਲੜਾ, ਮੇਹਣਤੀ ਸਾਉ ,ਤੇ ਸੁਚੱਜਾ ਪੁਤਰ ਸੀ ।
ਆਰਮੀ ਸਕੂਲ ਦੀ ਪੜ੍ਹਾਈ ਪੂਰੀ ਕਰਕੇ ਉਹ ਹੋਮ ਗਾਰਡ ਵਿੱਚ ਬਤੌਰ ਕਾਂਸਟੇਬਲ ਭਰਤੀ ਹੋ ਕੇ ਦੱਸ ਸਾਲ ਦੀ ਮੇਹਣਤ ਸਦਕਾ ਪੰਜਾਬ ਪੁਲਿਸ ਵਿੱਚ ਨੰਬਰ ਮਿਲਣ ਤੇ ਹੈੱਡ ਕਾਂਸਟੇਬਲ ਤੇ ਫਿਰ ਏ,ਐਸ ਆਈ, ਪਦ ਉੱਨਤ ਹੋ ਗਿਆ ਤੇ ਹੁਣ ਇਸੇ ਰੈਂਕ ਨੂੰ ਉਹ ਹੁਣ ਇੱਕ ਸਾਲ ਤੋ ਬਾਖੂਬੀ ਨਿਭਾ ਰਿਹਾ ਸੀ। ਪੂਰ ਕੱਦ ਕਾਠ ਕਮਾਏ ਸਰੀਰ ਤੇ ਪੁਲਿਸ ਦੀ ਵਰਦੀ ਪਾਈ ਜਦੋਂ ਕਦੇ ਘਰੋਂ ਨਿਕਲਦਾ ਤਾਂ ਉਸ ਦਾ ਰੁਅਬ ਦਾਬ ਵੇਖਣ ਵਾਲਾ ਹੁੰਦਾ ਸੀ।
ਪਰ ਉਸ ਦਾ ਇਸ ਤੋਂ ਅਗਲਾ ਜਿੰਦਗੀ ਦਾ ਸਮਾ ਇਸਤਰਾਂ ਹੇ ਨਿਬੜੇ ਗਾ ਇਸ ਦੀ ਕਿਸੇ ਨੂੰ ਆਸ ਤਕ ਨਹੀਂ ਸੀ ।
ਦੋ ਧੀਆਂ ਤੇ ਇਕ ਲਾਡਲੇ ਪੁੱਤਰ ਤਿੰਨ ਜੀਆਂ ਦੇ ਪ੍ਰਿਵਾਰ ਵਿੱਚੋਂ ਆਪਣੀ ਪਲੇਠੀ ਦੀ ਧੀ ਦੇ ਹੱਥ ਪੀਲੇ ਕਰਕੇ ਅਜੇ ਉਹ ਵਿਹਲਾ ਹੋਇਆ ਹੀ ਸੀ ਕਿ ਇਸ ਹੱਸਦੇ ਵੱਸਦੇ ਪ੍ਰਿਵਾਰ ਦੇ ਸਿਰ ਤੋ ਕਿਤੋਂ ਹੋਣੀ ਆ ਟਪਕੀ ਤੇ ,ਜਦੋਂ ਉਹ ਸਿਰ ਦੀ ਐਲਰਜੀ ਦਾ ਰੂਪ ਧਾਰ ਕੇ ਕਈ ਨਾ ਮਰਾਦ ਰੋਗਾਂ ਵਿੱਚ ਬਦਲ ਕੇ ਉਸ ਦੀ ਜਾਨ ਦੇ ਪਿੱਛੇ ਜਿਵੇਂ ਹੱਥ ਧੋ ਕੇ ਪੈ ਜਾਣ ਤੇ ਉਸ ਆਖਰੀ ਸਾਹਾਂ ਤਕ ਦੀ ਦੁੱਖਦਾਈ ਮੌਤ ਦੀ ਕਹਾਣੀ ਹੋ ਨਿੱਬੜੀ ।
ਜਿਸ ਕਾਰਣ ਉਸ ਦੀ ਯਾਦਾਸ਼ਤ ਚਲੀ ਗਈ, ਕਈ ਆੜ੍ਹਤੋੜ ਤੇ ਡਾਕਟਰੀ ਇਲਾਜ ਕਰਵਾਉਂਣ ਦੇ ਬਾਵਜੂਦ ਵੀ, ਮਰਜ ਬੜ੍ਹਤਾ ਗਿਆ ਜੋਂ ਜੋਂ ਦੁਵਾ ਕੀ ਵਾਲੀ ਗੱਲ ਹੋਈ, ਉਸਦੀ ਸੇਹਤ ਠੀਕ ਹੋਂਣ ਦੀ ਬਜਾਏ ਦਿਨੋ ਦਿਨ ਵਿਗੜਦੀ ਹੀ ਗਈ ।
ਉਸ ਦੀ ਬੀਮਾਰ ਹਾਲਤ ਬਾਰੇ ਦੇਸ਼ ਵਿਦੇਸ਼ ਵਿੱਚ ਰਹਿੰਦੇ ਜਿਸ ਸਾਕ ਸਬੰਧੀ ਸਜਨ ਮਿੱਤਰ ਜਿਨ੍ਹਾਂ ਪਤਾ ਲੱਗਾ , ਕੋਈ ਆਪ ਆਇਆ ਤੇ ਤਨ ਮਨ ਤੇ ਮਾਇਕ ਸਹਾਇਤਾ ਨਾਲ ਆਪਣੀ ਵਾਹ ਲਾ ਕੇ ਆਖਰ ਆਪੋ ਆਪਣਿਆਂ ਕੰਮਾਂ ਕਾਰਾਂ ਦੀ ਮਜਬੂਰੀ ਕਰਕੇ ਵਾਪਸ ਚਲਿਆ ਗਿਆ ।ਕਿਸੇ ਨੇ ਬਾਹਰੋਂ ਸਰਦੀ ਬਣਦੀ ਮਾਇਕ ਸਹਾਇਤਾ ਭੇਜੀ ਤੇ ਇਸ ਔਕੜ ਵੇਲੇ ਆਪੋ ਆਪਣਾ ਫਰਜ਼ ਨਿਭਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।
ਪਰ ਹੋਣੀ ਅੱਗੇ ਕਿਸੇ ਦੀ ਵਾਹ ਨਹੀਂ ਚੱਲੀ।
ਏਸੇ ਤਰਾਂ ਡਾਕਟਰਾਂ ਦੀ ਨਿਗਰਾਨੀ ਹੇ ਵਿੱਚ ਕਦੇ ਜਲੰਧਰ ਤੇ ਕਦੀ ਲੁਧਿਆਣਾ ਡੀ. ਐਮ. ਸੀ ਵਰਗੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ,ਪਰ ਹੋਣੀ ਜਿੱਤ ਗਈ ਅਸੀਂ ਹਾਰ ਗਏ ।
ਉਸ ਦੀ ਸਿਹਤਯਾਬੀ ਲਈ ਉਸ ਨੂੰ ਉਸੇ ਹਾਲਤ ਵਿੱਚ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਲਿਜਾਇਆ ਗਿਆ ਪਰ ਉਹ ਵੀ ਉਸ ਦੇ ਅੰਤਮ ਦਰਸ਼ਨਾਂ ਦੀ ਆਖੀਰ ਬਣ ਕੇ ਹੀ ਰਹਿ ਗਿਆ। ਮਾਲਕ ਅੱਗੇ ਕੀਤੀਆਂ ਸਭ ਅਰਦਾਸ ਬੇਨਤੀਆਂ ਰਾਸ ਨਾ ਆਈਆਂ ।
ਵਿਦੇਸ਼ ਤੋਂ ਪਰਤ ਕੇ ਲਗ ਪਗ ਤਿੰਨ ਸਾਲ ਤਕ ਦਾ ਲੰਮੋ ਸਮੇਂ ਬੜੇ ਖੁਸ਼ੀ ਗਮੀ ਦੇ ਮੌਕ ਵੇਖੇ ਏਸੇ ਦੌਰਾਨ ਆਪਣੀ ਬੀਮਾਰੀ ਦਾ ਦੋ ਮਹੀਨੇ ਦਾ ਸਮਾ ਤਾਂ ਅਜੇ ਭੁੱਲਿਆ ਨਹੀਂ ਸੀ ਕਿ ਕਿ ਉਸ ਦੀ ਜਵਾਨੀ ਦੀ ਮੌਤ ਅਜਗਰ ਬਣ ਕੇ ਸੀਨੇ ਵਿਚ ਬਹਿ ਗਈ ।
ਉਹ ਦਿਨ ਜਿਸ ਦਿਨ ਉਸ ਦੀ ਲਾਸ਼ ਘਰ ਪਹੁੰਚੀ ਤਾਂ ਉਹ ਚੀਕ ਚਿਹਾੜੇ ਦਾ ਦ੍ਰਿਸ਼ ਵੇਖਣ ਵਾਲਾ ਆਪਣੇ ਹੰਝੂ ਨਾ ਰੋਕ ਸਕਿਆ, ਜਿਸ ਜਿਸ ਨੇ ਸੁਣਿਆ ਹੈਰਾਣਗੀ ਦੇ ਆਲਮ ਤੇ ਸੋਗ ਵਿੱਚ ਡੁੱਬ ਗਿਆ। ਸਾਰੇ ਪਿੰਡ ਵਿੱਚ ਹਾਲ ਪਾਹਰਿਆ ਮਚ ਗਈ।
ਉਸ ਦੀ ਅਰਥੀ ਦੀ ਭੀੜ ਨੇ ਦਸਦੀ ਸੀ ਕਿ ਉਹ ਕਿੰਨਾ ਹਰ ਮਨ ਪਿਆਰਾ ਸੀ,ਸਸਕਾਰ ਤੇ ਉਸ ਦੇ ਮਹਿਕਮੇ ਦੇ ਸਾਥੀ ਆਏ ,ਤੇ ਪੁਲੀਸ ਗਾਰਡ ਉਸ ਨੂੰ ਸਲਾਮੀ ਦੇਣ ਆਈ , ਘਰ ਦਾ ਉਦਾਸ ਤੇ ਸੋਗ ਭਰਿਆ ਮਾਹੌਲ ਵੇਖ ਕੇ ਇਵੇਂ ਲਗਦਾ ਸੀ ਜਿਵੇਂ ਸਭ ਕੁਝ ਸੁੰਨਾ ਹੋ ਗਿਆ ਹੋਵੇ ।
ਕਈ ਵਾਰ ਬੰਦਾ ਸੋਚਦਾ ਕੁਝ ਹੋਰ ਹੈ ਪਰ ਹੁੰਦਾ ਕੁੱਝ ਹੋਰ ,ਇਵੇਂ ਹੀ ਵਾਪਰਿਆ ਮੇਰੇ ਨਾਲ ,ਸੋਚਿਆ ਸੀ ਉਹ ਰਾਜੀ ਹੋ ਕੇ ਘਰ ਆਏ ਗਾ ਫਿਰ ਖੁਸ਼ੀ ਖੁਸ਼ੀ ਆਪਣੇ ਬੇਟਿਆਂ ਕੋਲ ਰਹਿਣ ਲਈ ਆਵਾਂਗਾ ਪਰ ਕੁਦਰਤ ਨੂੰ ਇਹ ਮਨਜੂਰ ਨਹੀਂ ਸੀ।
ਆਖੀਰ ਉਹ ਦਿਨ ਵੀ ਆ ਗਿਆ,ਜਦ ਉਸ ਦੀ ਅੰਤਮ ਅਰਦਾਸ ਤਕ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਕੇ ਏਥੇ ਆਣ ਪਹੁੰਚਾ ਹਾਂ ਤੇ ਭਰੇ ਹੋਏ ਮਨ ਨਾਲ ਆਪਣਾ ਹੱਥਲਾ ਲੇਖ ਜੋ ਪੰਜਾਬ ਰਹਿੰਦਿਆਂ ਛੋਹਿਆ ਸੀ ਅੱਜ ਕੈਨੇਡਾ ਦੀ ਧਰਤੀ ਤੇ ਉਸ ਦੀ ਯਾਦ ਵਿੱਚ ਬੈਠਾ ਮੁਕੰਮਲ ਕਰ ਰਿਹਾ ਹਾਂ ।
ਵਾਹ ਨੀਂ ਮੌਤੇ ਕਾਹਲੀਏ, ਤੇਰੇ ਚੋਜ ਅਵੱਲੇ ।
ਤੇਰੇ ਲਾਏ ਫੱਟ ਨੀਂ, ਵਿਰਲਾ ਹੀ ਕੋਈ ਝੱਲੇ ।
ਰਵੇਲ ਸਿੰਘ ਇਟਲੀ, ਪੰਜਾਬ
ਹੁਣ ਕੇਨੇਡਾ