Amb, Maut Te Jiunde Atthru (Punjabi Story) : Navtej Singh

ਅੰਬ, ਮੌਤ ਤੇ ਜਿਊਂਦੇ ਅੱਥਰੂ (ਕਹਾਣੀ) : ਨਵਤੇਜ ਸਿੰਘ

ਮੈਂ ਇੱਕ ਅੰਬ ਦਾ ਰੁੱਖ ਹਾਂ। ਮੇਰੇ ਵਰਗੇ ਲੱਖਾਂ ਰੁੱਖ ਭਾਰਤ ਦੀ ਧਰਤੀ ਉੱਤੇ ਉਗੇ ਹੋਏ ਨੇ। ਜਿਸ ਪਿੰਡ ਵਿਚ ਮੈਂ ਆਂ, ਏਥੇ ਬੜੇ ਲੋਕ ਵਸਦੇ ਨੇ, ਪਰ ਫੇਰ ਵੀ ਇਕ ਜੁੱਗ ਤੋਂ ਏਸ ਵਿਚ ਉਜਾੜ ਭਾਂ ਭਾਂ ਕਰਦੀ ਏ।

ਸਾਡੇ ਪਿੰਡ ਦੁਆਲੇ ਕਿੰਨੀਆਂ ਈ ਪੈਲੀਆਂ ਨੇ, ਪਰ ਫੇਰ ਵੀ ਇੱਕ ਜੁਗ ਤੋਂ ਏਥੇ ਭੁੱਖ ਦਾ ਹੀ ਵਾਸ ਏ। ਇਹ ਪੈਲੀਆਂ ਵਾਹਕਾਂ ਦੀਆਂ ਨਹੀਂ!

ਸਾਡੇ ਅੰਬਾਂ ਦੇ ਵਡੇਰੇ ਸਾਨੂੰ ਦੱਸਦੇ ਆਏ ਨੇ: ਢੇਰ ਚਿਰ ਦੀ ਗੱਲ ਏ ਇਹ ਸਭੇ ਪੈਲੀਆਂ ਵਾਹਕਾਂ ਦੀਆਂ ਹੁੰਦੀਆਂ ਹੁੰਦੀਆਂ ਸਨ। ਉਹਨੀਂ ਦਿਨੀਂ ਇੱਕ ਅਲੋਕਾਰ ਰੌਣਕ ਸਾਡੇ ਪਿੰਡ ਵਿਚ ਹੁੰਦੀ ਸੀ। ਤੇ ਫੇਰ ਇਕ ਕੁਲਹਿਣੇ ਦਿਨ, ਸੱਤ ਸਮੁੰਦਰ ਪਾਰੋਂ, ਸਾਡੇ ਦੇਸ਼ ਵਿਚ ਕੁਝ ਜਰਵਾਣੇ ਆ ਵੜੇ। ਉਹਨਾਂ ਸਾਡਾ ਸਾਰਾ ਦੇਸ ਹਥਿਆਣਾ ਸ਼ੁਰੂ ਕੀਤਾ, ਤੇ ਅਖ਼ੀਰ ਸਾਡਾ ਪਿੰਡ ਵੀ ਹਥਿਆ ਲਿਆ।

ਸਾਡੇ ਅੰਬਾਂ ਦੇ ਵਡੇਰੇ ਸਾਨੂੰ ਦੱਸਦੇ ਆਏ ਨੇ: ਭਾਵੇਂ ਉਹਨਾਂ ਜਰਵਾਣਿਆਂ ਕੋਲ ਅਨੇਕਾਂ ਸਿਪਾਹੀ ਸਨ, ਤੋਪਾਂ ਤੇ ਬੰਦੂਕਾਂ ਸਨ, ਪਰ ਜੇ ਕਿਤੇ ਉਹਨਾਂ ਨਾਲ ਆਪਣੇ ਦੇਸ਼ ਨਾਲ ਧ੍ਰੋਹ ਕਮਾਣ ਵਾਲੇ ਕੁਝ ਸਾਡੇ ਹੀ ਵਤਨੀ ਨਾ ਜਾ ਰਲਦੇ ਤਾਂ ਉਹ ਏਨੀ ਛੇਤੀ ਸਾਡੇ ਹਾਕਮ ਕਦੇ ਨਾ ਬਣ ਸਕਦੇ। ਤੇ ਫੇਰ ਉਨ੍ਹਾਂ ਨਵੇਂ ਹਾਕਮਾਂ ਨੇ ਪੈਲੀਆਂ ਵਾਹਕਾਂ ਕੋਲੋਂ ਖੋਹ ਕੇ ਇਹਨਾਂ ਧ੍ਰੋਹੀਆਂ ਦੇ ਨਾਂ ਲੁਆ ਦਿੱਤੀਆਂ—ਤੇ ਅੱਜ ਜਿਹੜੇ ਵੱਡੇ ਵੱਡੇ ਅਨੇਕਾਂ ਪੈਲੀਆਂ ਦੇ ਸਵਾਮੀ ਨੇ, ਉਹ ਇਹਨਾਂ ਧ੍ਰੋਹੀਆਂ ਦੀ ਹੀ ਅੰਸ ਨੇ।

ਪਿੱਛੇ ਜਿਹੇ ਸਾਡੇ ਕੰਨੀਂ ਪਈ ਸੀ ਕਿ ਹੁਣ ਜਰਵਾਣਿਆਂ ਨੂੰ ਕੱਢ ਦੇਣ ਪਿੱਛੋਂ ਪੈਲੀਆਂ ਫੇਰ ਵਾਹਕਾਂ ਨੂੰ ਮੋੜ ਦਿੱਤੀਆਂ ਜਾਣਗੀਆਂ। ਅਸੀਂ ਸਾਰੇ ਅੰਬ ਬੜੇ ਖ਼ੁਸ਼ ਹੋਏ ਸਾਂ। ਭਾਵੇਂ ਓਸ ਵਰ੍ਹੇ ਸਾਡੀ ਘੱਟ ਫਲਣ ਦੀ ਵਾਰੀ ਸੀ, ਪਰ ਏਸ ਖ਼ੁਸ਼ੀ ਸਦਕਾ ਸਾਨੂੰ ਵੱਧ ਫਲਣ ਵਾਲੇ ਵਰ੍ਹੇ ਨਾਲੋਂ ਵੀ ਦੂਣਾ ਫਲ ਪਿਆ ਸੀ! ਅਸੀਂ ਖ਼ੁਸ਼ ਸਾਂ ਕਿ ਮੁੜ ਸਾਡੇ ਪਿੰਡ ਵਿਚ ਪਹਿਲਾਂ ਵਰਗੀ ਰੌਣਕ ਪਰਤ ਆਏਗੀ, ਉਹੀ ਰੌਣਕ ਜਿਦ੍ਹੇ ਕਿੱਸੇ ਸਾਡੇ ਵੱਡ ਵਡੇਰੇ ਸਾਨੂੰ ਸੁਣਾਂਦੇ ਆਏ ਸਨ।

ਪਰ ਪੈਲੀਆਂ ਵਾਹਕਾਂ ਨੂੰ ਮੋੜ ਦੇਣ ਦੀ ਗੱਲ ਆਈ-ਗਈ ਹੋ ਗਈ ਜਾਪਦੀ ਏ। ਜਿੰਨੇ ਮੂੰਹ ਓਨੀਆਂ ਗੱਲਾਂ। ਕਈ ਤਾਂ ਕਹਿਣ ਲੱਗ ਪਏ ਨੇ ਕਾਨੂੰਨ ਘੜਨ ਵਾਲਿਆਂ ਦਾ ਅਨੇਕਾਂ ਪੈਲੀਆਂ ਦੇ ਵੱਡੇ ਸਵਾਮੀਆਂ ਨਾਲ ਗਾਂਢਾ ਸਾਂਢਾ ਏ, ਤੇ ਭਾਵੇਂ ਕਾਨੂੰਨ ਘੜਨ ਵਾਲਿਆਂ ਨੇ ਵਾਹਕਾਂ ਦਾ ਮੂੰਹ ਰੱਖ ਲਿਆ ਏ, ਪਰ ਇਹਨਾਂ ਭੌਂ-ਸਵਾਮੀਆਂ ਦੀ ਗੰਢੋਂ ਵੀ ਬਹੁਤਾ ਕੁਝ ਨਹੀਂ ਖੁੱਲ੍ਹਣ ਦਿੱਤਾ। ਕਾਨੂੰਨ ਘੜਨ ਵਾਲਿਆਂ ਐਲਾਨ ਕਰ ਦਿੱਤਾ ਏ: ਪੈਲੀਆਂ ਹੁਣ ਤੋਂ ਵਾਹਕਾਂ ਦੀਆਂ ਹੀ ਹੋਣਗੀਆਂ, ਪਰ ਏਸ ਅਦਲਾ ਬਦਲੀ ਲਈ ਮੁਆਵਜ਼ਾ ਇਹਨਾਂ ਭੌਂ-ਸਵਾਮੀਆਂ ਨੂੰ ਦੇਣਾ ਪਏਗਾ!

ਇਨ੍ਹਾਂ ਪੈਲੀਆਂ ਦੇ ਸਵਾਮੀਆਂ ਦੇ ਅਸਲੇ ਬਾਰੇ ਜੋ ਸਾਨੂੰ ਸਾਡੇ ਵਡੇਰਿਆਂ ਨੇ ਦੱਸਿਆ ਸੀ, ਜਾਂ ਤਾਂ ਉਹ ਇਹਨਾਂ ਕਾਨੂੰਨ ਘੜਨ ਵਾਲਿਆਂ ਨੂੰ ਪਤਾ ਨਹੀਂ ਤੇ ਜੇ ਇਹਨਾਂ ਨੂੰ ਇਹ ਪਤਾ ਏ ਤਾਂ ਫੇਰ ਗਾਂਢੇ ਸਾਂਢੇ ਵਾਲੀ ਗੱਲ ਸੱਚ ਜਾਪਦੀ ਏ। ਭਲਾ ਜੇ ਡਾਕੂਆਂ ਦੇ ਵਾਰਸਾਂ ਕੋਲੋਂ ਡਾਕੇ ਦਾ ਮਾਲ ਬਰਾਮਦ ਹੋ ਜਾਏ ਤਾਂ ਕੀ ਉਨ੍ਹਾਂ ਨੂੰ ਮੁਆਵਜ਼ਾ ਦਈਦਾ ਏ? ਕੀ ਏਨਾ ਈ ਕਾਫ਼ੀ ਨਹੀਂ ਕਿ ਇਹਨਾਂ ਨੂੰ ਡੰਨਿਆਂ ਨਾ ਜਾਏ, ਕਿਉਂਕਿ ਮੂਲ ਡਾਕੇ ਵਿਚ ਇਹ ਨਹੀਂ, ਇਹਨਾਂ ਦੇ ਬਜ਼ੁਰਗ ਸ਼ਾਮਿਲ ਸਨ।

ਖ਼ੈਰ, ਏਸ ਵਿਚ ਕੋਈ ਘੁੰਡੀ ਹੋਏਗੀ ਜਿਹੜੀ ਸਾਨੂੰ ਵਿਚਾਰੇ ਰੁੱਖਾਂ ਦੀ ਸਮਝ ਨਹੀਂ ਆਈ, ਪਰ ਏਨਾ ਅਸੀਂ ਜਾਣਦੇ ਆਂ ਕਿ ਏਸ ਨਵੇਂ ਕਾਨੂੰਨ ਦੇ ਪਿੱਛੋਂ ਵੀ ਸਾਡੇ ਦੁਆਲੇ ਦੀ ਜ਼ਿੰਦਗੀ ਦਾ ਚਿਹਰਾ-ਮੁਹਰਾ ਬਹੁਤਾ ਨਹੀਂ ਵਟਿਆ। ਤੇ ਉਹ ਰੌਣਕ ਜਿਦ੍ਹੀ ਸਾਨੂੰ ਸੱਧਰ ਸੀ, ਜਿਦ੍ਹੀ ਨੁਹਾਰ ਸਾਡੇ ਵਡੇਰੇ ਏਨੀ ਲਟਕ ਨਾਲ ਬਿਆਨ ਕਰਦੇ ਆਏ ਸਨ, ਉਹਦੀ ਹਾਲੀਂ ਨੁਹਾਰ ਨਹੀਂ ਸੀ ਉਘੜੀ।

ਤੇ ਪਰ ਸਾਵਣ ਦੀ ਗੱਲ ਏ, ਮੈਂ ਜਾਤਾ ਮੇਰੇ ਥੱਲਿਓਂ ਲੰਘਦੇ ਪਿੰਡ ਵਾਸੀ ਬੜੇ ਹੀ ਹਰਾਸ ਹੋਏ ਸਨ। ਖ਼ੁਸ਼ ਤੇ ਉਨ੍ਹਾਂ ਨੂੰ ਮੈਂ ਬੜੇ ਚਿਰਾਂ ਤੋਂ ਕਦੇ ਨਹੀਂ ਸੀ ਤਕਿਆ, ਪਰ ਐਤਕੀਂ ਉਹ ਉਚੇਚੇ ਉਦਾਸ ਸਨ। ਪਰ ਸਾਵਣ ਵਿਚ ਪੀਂਘਾਂ ਦੇ ਹੁਲਾਰੇ ਤੇ ਕੁੜੀਆਂ ਚਿੜੀਆਂ ਦੇ ਗਾਉਣ ਦੀ ਵਾਜ ਫੇਰ ਕਦੇ ਮੇਰੇ ਕੰਨੀਂ ਪੈ ਜਾਂਦੀ ਹੁੰਦੀ ਸੀ, ਪਰ ਐਤਕੀਂ ਪੀਂਘ ਕਿਸੇ ਨਾ ਝੂਟੀ, ਤੇ ਕੋਇਲਾਂ ਹੀ ਕੂਕਦੀਆਂ ਰਹੀਆਂ, ਸਾਡੇ ਪਿੰਡ ਦੀ ਕਿਸੇ ਕੁੜੀ ਦੀ ਹੇਕ ਨੇ ਕੋਇਲ ਨੂੰ ਹੁੰਗਾਰਾ ਨਾ ਦਿੱਤਾ।

ਸਾਡੇ ਪਿੰਡ ਦੀ ਇਕ ਕੁੜੀ ਨੇ ਮੈਨੂੰ ਦੱਸਿਆ, “ਪੀਂਘਾਂ ਦੇ ਰੱਸੇ ਅਸਾਂ ਕਣਕ ਤੇ ਚੌਲਾਂ ਦੇ ਦਾਣਿਆਂ ਲਈ ਵੇਚ ਛੱਡੇ, ਪਰ ਫੇਰ ਵੀ ਸਾਡੇ ਸਾਰੇ ਪਿੰਡ ਵਿਚ ਕਿਸੇ ਕੋਲ ਵੀ ਏਸ ਵੇਲੇ ਖਾਣ ਲਈ ਕੁਝ ਨਹੀਂ!”

ਉਹ ਜਿਹੜਾ ਪਿੰਡ ਦਾ ਸਭ ਤੋਂ ਉੱਚਾ ਤੇ ਸਿਆਣਾ ਅੰਬ ਏ, ਉਹਨੇ ਸਾਨੂੰ ਦੱਸਿਆ, “ਇਕ ਥਾਂ ਏ ਜਿੱਥੇ ਪੀਂਘ ਏ! ਇਕ ਥਾਂ ਏ ਜਿੱਥੇ ਦਾਣੇ ਨੇ! ਪਰ ਗੀਤ ਓਥੇ ਵੀ ਨਹੀਂ!” ਤੇ ਉਹ ਕਿਉਂਕਿ ਸਾਡੇ ਸਭਨਾਂ ਤੋਂ ਉੱਚਾ ਸੀ, ਸਿਰਫ਼ ਉਹ ਹੀ ਤੱਕ ਸਕਿਆ ਸੀ: ਪਿੰਡੋਂ ਬਾਹਰਵਾਰ ਵੱਡੇ ਭੌਂ-ਸਵਾਮੀ ਦੀ ਕੋਠੀ ਵਿਚ ਇੱਕ ਬੜੀ ਅਜੀਬ ਜਿਹੀ ਪੀਂਘ ਸੀ, ਕਿਸੇ ਰੁੱਖ ਨਾਲ ਨਹੀਂ, ਲੋਹੇ ਦੀਆਂ ਚਾਂਦੀ-ਵੰਨੀਆਂ ਰੋਗ਼ਨ ਕੀਤੀਆਂ ਰੇਲਾਂ ਨਾਲ ਲਟਕੀ ਹੋਈ। ਕੁਝ ਗੋਲੀਆਂ ਭੌਂ-ਸਵਾਮੀ ਦੀ ਧੀ ਨੂੰ ਏਸ ਪੀਂਘ ਉੱਤੇ ਝੁਟਾ ਰਹੀਆਂ ਸਨ। ਪਰ ਗੀਤ ਏਥੇ ਵੀ ਕੋਈ ਨਹੀਂ ਸਨ। ਭੌਂ-ਸਵਾਮੀ ਦੀ ਧੀ ਗੂੰਗੀ ਸੀ ਤੇ ਗੋਲੀਆਂ ਦੀਆਂ ਹਿੱਕਾਂ ਵਿਚ ਗੀਤਾਂ ਦਾ ਸਾਹ ਘੁੱਟਿਆ ਗਿਆ ਸੀ—ਉਨ੍ਹਾਂ ਦੇ ਟੱਬਰ ਭੁੱਖਣ-ਭਾਣੇ ਸਨ।

ਤੇ ਲੋਹੇ ਦੀਆਂ ਚਾਂਦੀ-ਵੰਨੀਆਂ ਰੇਲਾਂ ਨਾਲ ਲਟਕੀ ਬੇ-ਮਲੂਮੀ ਚੀਕਦੀ ਇਕ ਪੀਂਘ ਸੀ...

ਤੇ ਭੌ-ਸਵਾਮੀ ਦੀ ਗੂੰਗੀ ਧੀ ਸੀ...
ਤੇ ਸਾਹ-ਘੁਟੇ ਗੀਤਾਂ ਵਾਲੀਆਂ ਗੋਲੀਆਂ ਸਨ...

ਤੇ ਸਾਡੇ ਅੰਦਰ ਰਸ ਜਿਵੇਂ ਸੁੱਕਣ ਲੱਗਾ। ਸਾਡੇ ਨਾਲ ਲੱਗੇ ਅੰਬ ਝੌਂ ਗਏ।

ਔੜ ਮੀਂਹ ਦੀ ਤਾਂ ਜਣਾ ਖਣਾ ਜਾਣਦਾ ਏ, ਪਰ ਔੜ ਜਿਹੜੀ ਚੁਪਾਸੀਂ ਮਨੁੱਖਾਂ ਦੇ ਧੁਖ਼ਦੇ ਦੁਖ ਕਰ ਕੇ ਲੱਗਦੀ ਏ, ਉਹ ਅਸੀਂ ਏਸ ਪਿੰਡ ਦੇ ਅੰਬ ਹੀ ਜਾਣਦੇ ਆਂ!

ਜਿਹੜੇ ਥੋੜੇ ਬਹੁਤੇ ਅੰਬ ਸਾਡੇ ਨਾਲ ਹਾਲੀ ਹੈ ਸਨ, ਉਹਨਾਂ ਨਾਲ ਸਾਡੇ ਪਿੰਡ ਦੇ ਲੋਕ ਆਪਣੇ ਢਿੱਡਾਂ ਨੂੰ ਝੁਲਕਾ ਦੇਣ ਲੱਗੇ।

ਸਾਡੇ ਪਿੰਡ ਦੇ ਰਾਮਹਰਖ ਦੀ ਵਹੁਟੀ ਸਮਰਾਜੀ ਨੂੰ ਕਿੰਨੇ ਦਿਨਾਂ ਤੋਂ ਹੀ ਹੋਰਨਾਂ ਕਈਆਂ ਵਾਂਗ ਖਾਣ ਨੂੰ ਕੁਝ ਨਹੀਂ ਸੀ ਜੁੜਿਆ। ਸਮਰਾਜੀ ਦੇ ਨਿੱਕੇ ਨਿੱਕੇ ਬਾਲ ਭੁੱਖ ਨਾਲ ਵਿਲਕ ਰਹੇ ਸਨ। ਰਾਮਹਰਖ ਆਪ ਭੁੱਖ ਨਾਲ ਨਿਢਾਲ ਸੀ।

ਇਕ ਦੁਪਹਿਰੇ ਸਮਰਾਜੀ ਮੇਰੇ ਕੋਲ ਆਈ। ਪਰ ਅੰਬ ਮੇਰੇ ਨਾਲ ਉੱਕੇ ਕੋਈ ਨਹੀਂ ਸਨ ਰਹੇ। ਸਮਰਾਜੀ ਨੂੰ ਮੇਰੇ ਥੱਲੇ ਪਈਆਂ ਕੁਝ ਸੁੱਕੀਆਂ ਗਿਟਕਾਂ ਲੱਭ ਪਈਆਂ। ਉਹ ਇਹ ਗਿਟਕਾਂ ਹੀ ਲੈ ਗਈ।

ਮਨੁੱਖ ਕੋਈ ਰੁੱਖ ਥੋੜਾ ਏ, ਮਨੁਖੀ ਜਿੰਦ ਆੜੇ ਤੋੜੇ ਕਰਦੀ ਵੀ ਜਿਊਣ ਲਈ ਜੂਝਦੀ ਰਹਿੰਦੀ ਏ!

ਸਮਰਾਜੀ ਨੇ ਇਹ ਗਿਟਕਾਂ ਭੰਨੀਆਂ, ਇਹਨਾਂ ਵਿਚੋਂ ਗਿਰੀਆਂ ਕੱਢੀਆਂ, ਇਹਨਾਂ ਗਿਰੀਆਂ ਨੂੰ ਪੀਹ ਕੇ ਉਹਨੇ ਆਟਾ ਜਿਹਾ ਬਣਾਇਆ ਤੇ ਕਿਹਾ, “ਇਹਨੂੰ ਪਾਣੀ ਵਿਚ ਰਿੰਨ੍ਹ ਕੇ ਮੈਂ ਖਾ ਲਾਂਗੀ!”

ਮੇਰੀ ਗਿਟਕ ਜੇ ਧਰਤੀ ਵਿਚ ਦੱਬੀ ਜਾਏ, ਤੇ ਫੇਰ ਉਹਦੇ ਉੱਤੇ ਅੰਬਰਾਂ ਤੋਂ ਮੀਂਹ ਵਰ੍ਹੇ, ਤਾਂ ਕੁਝ ਸਮਾਂ ਪਾ ਕੇ ਉਹ ਫੁੱਟ ਪੈਂਦੀ ਏ, ਤੇ ਫੇਰ ਵਕਤ ਨਾਲ ਇਕ ਬੂਟਾ ਬਣਦੀ ਜਾਂਦੀ ਏ, ਤੇ ਫੇਰ ਮਿਆਦ ਸੇਤੀ ਇਕ ਭਰਵੇਂ ਰੁੱਖ ਦਾ ਰੂਪ ਧਾਰ ਲੈਂਦੀ ਏ, ਜਿਸ ਨੂੰ ਰੁੱਤੇ ਬੂਰ ਪੈਂਦਾ ਤੇ ਅਨੇਕਾਂ ਹੀ ਫਲ ਲਗਦੇ ਨੇ...

“ਤਰੁਵਰ ਬੀਜ ਮਾਹੇਂ, ਬੀਜ ਤਰੁਵਰ ਮਾਹੇਂ...”

ਪਰ ਜਿਹੜੀਆਂ ਗਿਟਕਾਂ ਰਾਮਹਰਖ ਦੀ ਵਹੁਟੀ ਨੂੰ ਲੱਭੀਆਂ ਉਹਨਾਂ ਵਿਚ ਤਰੁਵਰ ਨਹੀਂ, ਜ਼ਿੰਦਗੀ ਦੇ ਅਨਿਆਈ ਨੇਮਾਂ ਨੇ ਜਿਵੇਂ ਮੌਤ ਗਲੇਫ ਦਿਤੀ ਹੋਈ ਸੀ। ਤੇ ਕਹਿੰਦੇ ਨੇ ਸਮਰਾਜੀ ਦੇ ਏਨੇ ਦਿਨਾਂ ਦੇ ਨਿਰਨੇ ਪੇਟ ਵਿਚ ਜਦੋਂ ਮੇਰੀਆਂ ਗਿਟਕਾਂ ਦੇ ਪੀਠੇ ਆਟੇ ਦਾ ਘੋਲ ਗਿਆ, ਤਾਂ ਉਹਨੂੰ ਇੱਕ ਸੂਲ ਜਿਹਾ ਪਿਆ...ਤੇ ਫੇਰ ਉਹ ਮਰ ਗਈ।

ਮੈਨੂੰ ਸਮਰਾਜੀ ਦੇ ਬਾਲਾਂ ਦਾ ਰੋਣ ਸੁਣਾਈ ਦੇਂਦਾ ਰਿਹਾ, ਭੋਖੜਿਆਂ ਦਾ ਨਿੰਮ੍ਹਾ ਕੀਤਾ ਰੋਣ। ਫੇਰ ਸਮਰਾਜੀ ਦਾ ਪਤੀ ਡੌਰ ਭੌਰ ਹੋਇਆ ਆਪਣੇ ਬਾਲਾਂ ਸਣੇ ਮੇਰੇ ਕੋਲ ਆਇਆ। ਉਹਨੇ ਮਰ ਰਹੀ ਸਮਰਾਜੀ ਕੋਲੋਂ ਪੁੱਛ ਲਿਆ ਸੀ ਕਿ ਇਹ ਗਿਟਕਾਂ ਕਿਹੜੇ ਰੁੱਖ ਥੱਲਿਓਂ ਚੁਣੀਆਂ ਗਈਆਂ ਸਨ। ਤੇ ਫੇਰ ਪਿੰਡ ਵਿਚੋਂ ਸਮਰਾਜੀ ਦੀਆਂ ਸਹੇਲੀਆਂ ਆਈਆਂ, ਰਾਮਹਰਖ ਦੇ ਸਾਥੀ ਆਏ। ਤੇ ਇਹ ਭੁੱਖਾਂ-ਲੂਹੇ ਮਰਦ, ਤੀਵੀਆਂ ਤੇ ਬਾਲ ਲੱਭਦੇ ਰਹੇ, ਫਰੋਲਦੇ ਰਹੇ—ਕੀ ਸੀ ਜਿਸ ਨੇ ਇਹਨਾਂ ਗਿਟਕਾਂ ਵਿਚ ਮੌਤ ਗਲੇਫ ਦਿਤੀ ਸੀ? ਕਿਹੜੇ ਸਨ ਉਹ ਨਾਗ, ਜਿਨ੍ਹਾਂ ਦੀ ਵਿਸ ਇਹਨਾਂ ਗਿਟਕਾਂ ਵਿਚ ਘੁਲ ਗਈ ਸੀ?

ਉਹ ਜਿਹੜਾ ਪਿੰਡ ਦਾ ਉੱਚਾ ਤੇ ਸਿਆਣਾ ਅੰਬ ਏ, ਜਿਦ੍ਹੀ ਨੀਝ ਭੌਂ-ਸਵਾਮੀ ਦੀ ਕੋਠੀ ਦੇ ਅੰਦਰ ਤੱਕ ਅਪੜਦੀ ਏ, ਉਹਨੇ ਇਹਨਾਂ ਨਾਗਾਂ ਨੂੰ ਵੇਖਿਆ ਹੋਇਆ ਏ ਜਿਨ੍ਹਾਂ ਸਦਕਾ ਪੈਲੀਆਂ ਦੁਆਲੇ ਭੁੱਖ ਦਾ ਪਾਰਾਵਾਰ ਲੱਗਾ ਰਹਿੰਦਾ ਏ, ਜਿੰਨ੍ਹਾਂ ਸਦਕਾ ਬੀਜਾਂ ਵਿਚ ਤਰੁਵਰ ਨਹੀਂ, ਮੌਤ ਦਾ ਵਾਸ ਏ। ਪਰ ਰਾਮਹਰਖ ਤੇ ਉਹਦੇ ਸਾਥੀਆਂ ਨੂੰ, ਸਮਰਾਜੀ ਦੀਆਂ ਸਹੇਲੀਆਂ ਤੇ ਉਹਦੇ ਬਾਲਾਂ ਨੂੰ ਏਨੀ ਫੋਲਾ ਫਾਲੀ ਪਿੱਛੋਂ ਵੀ ਕੁਝ ਨਾ ਲੱਭਾ; ਤੇ ਉਹ ਸਾਰੇ ਨਿਰਾਸ ਹੋ ਕੇ ਜਦੋਂ ਪਰਤੇ ਤਾਂ ਉਹਨਾਂ ਦੇ ਅੱਥਰੂ ਮੇਰੀਆਂ ਜੜ੍ਹਾਂ ਕੋਲ ਡਿੱਗ ਪਏ—ਸਮਰਾਜੀ ਦੇ ਪਤੀ ਤੇ ਸਮਰਾਜੀ ਦੇ ਮਾਂ-ਵਾਰ੍ਹੇ ਬਾਲਾਂ ਦੇ ਅੱਥਰੂ, ਸਮਰਾਜੀ ਦੀਆਂ ਸਹੇਲੀਆਂ ਤੇ ਸਮਰਾਜੀ ਦੇ ਪਿੰਡ ਦੇ ਗੱਭਰੂਆਂ ਦੇ ਅੱਥਰੂ...

ਅੱਜ ਅੱਧਾ ਵਰ੍ਹਾ ਹੋਣ ਨੂੰ ਆਇਆ ਏ ਤੇ ਇਹ ਅੱਥਰੂ ਹਾਲੀ ਸੁੱਕੇ ਨਹੀਂ!

ਇਹਨਾਂ ਮਨੁੱਖੀ ਅੱਥਰੂਆਂ ਵਿਚ ਮੇਰੇ, ਰੁੱਖ ਦੇ, ਅੱਥਰੂ ਰੋਜ਼ ਰਲ ਜਾਂਦੇ ਨੇ, ਤੇ ਇਹ ਅੱਥਰੂ ਰੋਜ਼ ਜਿਊਂ ਪੈਂਦੇ ਨੇ, ਤੇ ਇਹ ਅੱਥਰੂ ਹੁਣ ਰੋਂਦੇ ਨਹੀਂ, ਇਹ ਅੱਥਰੂ ਹੁਣ ਲਲਕਾਰਦੇ ਨੇ!

ਇਹ ਅੱਥਰੂ ਸਾਡੇ ਸਾਰੇ ਦੇਸ ਦੇ ਲੋਕਾਂ ਨੂੰ ਹਲੂਣ ਰਹੇ ਨੇ—ਅਜੰਤਾ, ਤਾਜ ਤੇ ਭਾਖੜੇ ਦੇ ਉਸਰਈਆਂ ਨੂੰ, ਨੀਲੇ ਅਸਮਾਨ ਥੱਲੇ ਵਸਦੇ ਹੁਨਰਮੰਦ ਹੱਥਾਂ ਨੂੰ, ਟੈਗੋਰ ਤੇ ਸਮਰਾਜੀ ਦੀ ਅੰਸ ਨੂੰ…

ਪਿੰਡ ਦਾ ਸਭ ਤੋਂ ਉੱਚਾ ਤੇ ਸਿਆਣਾ ਅੰਬ ਦੱਸਦਾ ਏ ਕਿ ਮੇਰੀਆਂ ਜੜ੍ਹਾਂ ਕੋਲ ਸਦਾ ਜਿਊਂਦੇ, ਇਹ ਅੱਥਰੂ ਤਕ ਕੇ ਉਸ ਕੋਠੀ ਵਿਚ ਵਸਦੇ ਨਾਗ ਤ੍ਰਹਿ ਗਏ ਨੇ। ਉਹਨਾਂ ਨੂੰ ਹੁਣ ਪਿੰਡ ਦੀ ਜੂਹ ਵਿਚ ਆਉਣ ਦਾ ਹੀਆ ਹੀ ਨਹੀਂ ਪੈਂਦਾ ਤੇ ਉਹ ਵੱਡੇ ਨਗਰ ਵੱਲ ਨੱਸ ਗਏ ਨੇ, ਜਿਥੇ ਕਾਨੂੰਨ ਘੜਨ ਵਾਲਿਆਂ ਦਾ ਮਹੱਲ ਏ।

* * * * *

ਅਸੀਂ ਕਾਨੂੰਨ ਘੜਨ ਵਾਲਿਆਂ ਦੇ ਮਹੱਲ ਦੀਆਂ ਇੱਟਾਂ ਹਾਂ। ਇੱਕ ਦਿਨ ਸਾਡੇ ਮਹੱਲ ਦੇ ਅੰਦਰ ਸਮਰਾਜੀ ਦੀ ਮੌਤ ਉੱਤੇ ਬਹਿਸ ਹੋਈ ਸੀ। ਅਸੀਂ ਤੁਹਾਨੂੰ ਈਚੀ ਬੀਚੀ ਸਾਰੀ ਗੱਲਬਾਤ ਹੀ ਸੁਣਾ ਦੇਂਦੀਆਂ ਹਾਂ:

ਇੱਕ ਦਿਨ ਏਸ ਮਹੱਲ ਵਿਚ ਲੋਕਾਂ ਦੇ ਇਕ ਨੁਮਾਇੰਦੇ ਨੇ ਪੁੱਛਿਆ,
“ਸਮਰਾਜੀ ਭੁੱਖ ਨਾਲ ਮਰ ਗਈ ਏ, ਤੇ ਉਹਦੇ ਪਿੰਡ ਦੇ ਆਲੇ-ਦੁਆਲੇ ਚਾਰ ਜਣੇ ਹੋਰ ਮਰ ਗਏ ਨੇ। ਤੁਸੀਂ ਅਜਿਹੀਆਂ ਮੌਤਾਂ ਰੋਕਣ ਲਈ ਕੀ ਪ੍ਰਬੰਧ ਕੀਤਾ ਏ?”

ਇਹ ਸੁਣ ਕੇ ਖ਼ੁਰਾਕ-ਮੰਤ੍ਰੀ ਨੂੰ ਤਾਂ ਇੰਜ ਰੋਹ ਚੜ੍ਹਿਆ, ਜਿਵੇਂ ਕਿਸੇ ਸਤਿਵੰਤੀ ਨੂੰ ਸੱਤ-ਖਸਮੀ ਆਖ ਦਿਤਾ ਹੋਏ, “ਕੌਣ ਕਹਿੰਦਾ ਏ ਸਮਰਾਜੀ ਭੁੱਖ ਨਾਲ ਮਰੀ ਏ? ਇਹ ਸਭ ਤੁਹਾਡੇ ਸਾਥੀਆਂ ਦਾ ਝੂਠ-ਪਰਚਾਰ ਏ। ਉਹ ਕੁਝ ਖਾ ਕੇ ਮਰੀ ਏ। ਉਹਨੇ ਅੰਬਾਂ ਦੀਆਂ ਸੁੱਕੀਆਂ ਗਿਟਕਾਂ ਦੀ ਗਿਰੀ ਦੇ ਆਟੇ ਨੂੰ ਰਿੰਨ੍ਹ ਕੇ ਖਾਧਾ, ਤੇ ਫੇਰ ਉਹ ਮਰ ਗਈ। ਭਲਾ ਦੱਸੋ ਖਾਂ, ਤੁਸੀਂ ਤਾਂ ਦਾਨੇ ਬੀਨੇ ਓ, ਜਿਦ੍ਹਾ ਚੰਗਾ ਭਲਾ ਪਤੀ ਹੋਵੇ—ਪਤੀ ਨੂੰ ਸਾਡੇ ਦੇਸ ਵਿਚ ਪਰਮੇਸ਼ਰ ਐਵੇਂ ਤਾਂ ਨਹੀਂ ਕਹਿੰਦੇ—ਤੇ ਏਨਾ ਸਾਰਾ ਬਾਗ਼ ਪਰਵਾਰ ਹੋਏ, ਉਹ ਕਦੇ ਭੁੱਖ ਨਾਲ ਮਰ ਸਕਦੀ ਏ? ਮੇਰੇ ਕੋਲ ਇਹ ਇਤਲਾਹ ਤੁਹਾਡੇ ਵਾਂਗ ਸੁਣੀ ਸੁਣਾਈ ਨਹੀਂ ਪੁੱਜੀ। ਪੂਰੇ ਛੇ ਮਹੀਨਿਆਂ ਦੀ ਪੁਣ ਛਾਣ ਮਗਰੋਂ ਅੱਪੜੀ ਏ। ਪਿੰਡ-ਅਧਿਕਾਰੀ ਨੇ ਸਾਰਾ ਹਾਲ ਵੇਰਵੇ ਨਾਲ ਇਲਾਕਾ-ਅਧਿਕਾਰੀ ਕੋਲ ਪੁਚਾਇਆ, ਇਲਾਕਾ-ਅਧਿਕਾਰੀ ਨੇ ਜ਼ਿਲ੍ਹਾ-ਅਧਿਕਾਰੀ ਕੋਲ, ਤੇ ਜ਼ਿਲ੍ਹਾ-ਅਧਿਕਾਰੀ ਨੇ ਮੇਰੇ ਕੋਲ। ਇਹ ਠੀਕ ਏ ਕਿ ਸਮਰਾਜੀ ਦੇ ਘਰ ਦੀ ਜਦੋਂ ਮੌਤ ਮਗਰੋਂ ਤਲਾਸ਼ੀ ਲਈ ਗਈ ਤਾਂ ਅੰਬਾਂ ਦੀਆਂ ਗਿਟਕਾਂ ਦੇ ਖੋਲਾਂ ਦੇ ਛੁੱਟ ਓਥੋਂ ਕੋਈ ਖਾਣ ਵਾਲੀ ਵਸਤ ਨਹੀਂ ਲੱਭੀ, ਤੇ ਇਹ ਵੀ ਠੀਕ ਏ ਕਿ ਓਸ ਪਿੰਡ ਦੇ ਸਭਾਪਤੀ ਨੇ ਵੀ ਬਿਆਨ ਦਿਤਾ ਏ ਕਿ ਉਹਨਾਂ ਦੇ ਪਿੰਡ ਦੇ ਹੋਰ ਬੜੇ ਘਰਾਂ ਦਾ ਵੀ ਇਹੋ ਹਾਲ ਏ, ਪਰ ਸਾਨੂੰ ਆਪਣੇ ਸੂਹੀਆਂ ਤੋਂ ਖ਼ਬਰ ਮਿਲ ਚੁੱਕੀ ਏ ਕਿ ਝੂਠ ਦੇ ਪਰਚਾਰਕਾਂ ਦੇ ਢਹੇ ਚੜ੍ਹ ਕੇ ਏਸ ਪਿੰਡ ਦੇ ਵਾਸੀਆਂ ਨੇ ਆਪਣੇ ਘਰਾਂ ਵਿਚ ਕੋਈ ਖਾਣਾ ਦਾਣਾ ਨਹੀਂ ਸੀ ਰਹਿਣ ਦਿੱਤਾ—ਤਾਂ ਜੋ ਇਹਨਾਂ ਦੇ ਇਲਾਕੇ ਨੂੰ ਸਰਕਾਰੀ ਤੌਰ ਉੱਤੇ ਕਾਲ-ਵਸ ਇਲਾਕਾ ਮੰਨ ਲਿਆ ਜਾਏ ਤੇ ਫੇਰ ਉਹਨਾਂ ਸਭਨਾਂ ਦਾ ਮਾਲੀਆ ਤੇ ਕਰਜ਼ਾ ਮਾਫ਼ ਹੋ ਸਕੇ!”

ਇੱਕ ਡਾਕਟਰ ਨੇ ਕਿਹਾ, “ਇਹ ਪਿੰਡਾਂ ਦੇ ਲੋਕ ਬੜੇ ਵਹਿਮੀ ਤੇ ਲਕੀਰ ਦੇ ਫ਼ਕੀਰ ਹੁੰਦੇ ਨੇ। ਚੰਗੇ ਡਾਕਟਰਾਂ ਦੇ ਨੇੜੇ ਤਾਂ ਲੱਗਦੇ ਹੀ ਨਹੀਂ, ਤੇ ਨੀਮ-ਹਕੀਮਾਂ ਦੇ ਟੋਟਕੇ ਵਰਤ ਕੇ ਆਪਣੀ ਜਿੰਦ ਨਾਲ ਖੇਡਦੇ ਰਹਿੰਦੇ ਨੇ। ਹੋ ਸਕਦਾ ਏ ਸਮਰਾਜੀ ਨੂੰ ਕਿਸੇ ਮੂਰਖ ਨੇ ਅੰਬਾਂ ਦੀਆਂ ਗਿਟਕਾਂ ਦਾ ਕਾੜ੍ਹਾ ਪੀਣ ਲਈ ਕਹਿ ਦਿਤਾ ਹੋਏ!— ਨੀਮ-ਹਕੀਮ ਖ਼ਤਰਾਏ ਜਾਨ!”

ਮਾਲ-ਮੰਤ੍ਰੀ ਨੇ ਕਿਹਾ, “ਮੈਂ ਖ਼ੁਰਾਕ-ਮੰਤ੍ਰੀ ਦਾ ਬੜਾ ਧੰਨਵਾਦੀ ਹਾਂ, ਜਿਨ੍ਹਾਂ ਸਾਡੇ ਸਾਹਮਣੇ ਮਾਲੀਆ ਨਾ ਦੇਣ ਦੀ ਦੇਸ਼-ਧ੍ਰੋਹੀ ਗੋਂਦ ਦਾ ਪਰਦਾਫ਼ਾਸ਼ ਕੀਤਾ ਏ। ਤੇ ਮੇਰਾ ਇਹ ਐਲਾਨ ਸੁਣ ਕੇ ਤੁਸੀਂ ਬੜੇ ਖ਼ੁਸ਼ ਹੋਵੋਗੇ ਕਿ ਅਸੀਂ ਪੂਰਾ ਮਾਲੀਆ ਇਕੱਠਾ ਕਰਨ ਵਿਚ ਕਿਸੇ ਤਰ੍ਹਾਂ ਦੀ ਕਸਰ ਨਹੀਂ ਛੱਡਾਂਗੇ।”

ਸਿਹਤ-ਮੰਤ੍ਰੀ ਨੇ ਡਾਕਟਰ ਸਾਹਿਬ ਨੂੰ ਤਸੱਲੀ ਦਵਾਈ ਕਿ ਉਹ ਨੀਮ-ਹਕੀਮਾਂ ਦੇ ਖ਼ਿਲਾਫ਼ ਸਰਕਾਰੀ ਅੰਦੋਲਨ ਹੋਰ ਤਿੱਖਾ ਕਰ ਦੇਣਗੇ।

ਸਮਰਾਜੀ ਦੇ ਪਿੰਡ ਦੇ ਬਾਹਰਵਾਰ ਵਾਲੀ ਕੋਠੀ ਵਿਚ ਰਹਿਣ ਵਾਲਾ ਵੱਡਾ ਭੌਂ-ਸਵਾਮੀ ਵੀ ਕਾਨੂੰਨ ਘੜਨ ਵਾਲੇ ਮਹੱਲ ਵਿਚ ਬੈਠਾ ਹੋਇਆ ਸੀ, ਉਹਨੇ ਖ਼ੁਸ਼ ਹੋ ਕੇ ਜ਼ੋਰ-ਜ਼ੋਰ ਦੀ ਮੇਜ਼ ਉੱਤੇ ਹੱਥ ਮਾਰੇ...

ਸਮਰਾਜੀ ਨੂੰ—ਜਿਹੜੀ ਮਰ ਗਈ
ਤੇ ਓਸ ਅੰਬ ਦੇ ਰੂਪ ਨੂੰ–
ਜਿਦ੍ਹੀਆਂ ਜੜ੍ਹਾਂ ਉੱਤੇ ਉਹ ਅੱਥਰੂ ਅਜੇ ਜਿਊਂਦੇ ਨੇ
ਤੇ ਓਸ ਮਹੱਲ ਦੀਆਂ ਇੱਟਾਂ ਨੂੰ–
ਜਿਨ੍ਹਾਂ ਹਾਲੀ ਅਜਿਹੀਆਂ ਬਹਿਸਾਂ ਕਰਨੀਆਂ ਨੇ
ਤੇ ਓਸ ਜੁੱਗਾਂ ਜੁੱਗਾਂ ਦੇ ਦਿਹਾੜੇ ਨੂੰ–
ਜਦੋਂ ਸਾਡੇ ਦੇਸ ਵਿਚ ਅੰਬ ਹੀ ਨਹੀਂ,
ਸੋਸ਼ਲਿਜ਼ਮ ਵੀ ਫਲ ਆਏਗਾ;
ਇਹਨਾਂ ਸਭਨਾਂ ਨੂੰ–
ਮੈਂ ਇਹ ਕਹਾਣੀ ਸਮਰਪਣ ਕਰਦਾ ਹਾਂ।

[1958]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •