Punjabi Stories/Kahanian
ਜਸਬੀਰ ਭੁੱਲਰ
Jasbir Bhullar
Punjabi Kavita
  

Anbole Rishte Di Khushbu Ate Kothi-Jhar

ਅਣਬੋਲੇ ਰਿਸ਼ਤੇ ਦੀ ਖ਼ੁਸ਼ਬੂ ਅਤੇ ਕੋਠੀ-ਝਾੜ ਜਸਬੀਰ ਭੁੱਲਰ

ਉਨ੍ਹਾਬੀ ਜਿਹੇ ਰੰਗ ਦੀ ਕਾਰ ਗੇਟ ਅੱਗੇ ਆ ਕੇ ਰੁਕੀ। ਡਾਕਟਰ ਦਲੀਪ ਕੌਰ ਟਿਵਾਣਾ ਕਾਰ ਵਿੱਚੋਂ ਉੱਤਰੀ। ਉਹਨੇ ਹੱਥਾਂ ਵਿੱਚ ਇੱਕ ਕੈਰੀ ਬੈਗ ਚੁੱਕਿਆ ਹੋਇਆ ਸੀ। ਉਹ ਕੁਝ ਕਦਮ ਗੇਟ ਵੱਲ ਤੁਰੀ ਤੇ ਕਾਲ-ਬੈੱਲ ਦਾ ਬਟਨ ਦੱਬ ਦਿੱਤਾ।
ਮੇਰੀ ਬੀਵੀ ਨੇ ਖਿੜਕੀ ਵਿੱਚੋਂ ਉਹਨੂੰ ਵੇਖ ਲਿਆ ਸੀ। ਉਹ ਬਾਹਰ ਵੱਲ ਅਹੁਲੀ। ਮੈਂ ਖਿਲਰਿਆ-ਪੁਲਰਿਆ ਜਿਹਾ ਬੈਠਾ ਸਾਂ। ਕਾਹਲੀ ਨਾਲ ਆਪਣਾ ਆਪ ਸੁਆਰਿਆ ਤੇ ਬੀਵੀ ਦੇ ਪਿੱਛੇ-ਪਿੱਛੇ ਤੁਰ ਪਿਆ। ਬਿਨਾਂ ਕਿਸੇ ਖ਼ਤ, ਖੁਆਬ ਤੋਂ ਉਹ ਅਚਨਚੇਤੀ ਆਈ ਸੀ, ਸੁੱਖ ਹੋਵੇ ਸਹੀ।
ਅਸੀਂ ਕੁਝ ਦਿਨ ਪਹਿਲਾਂ ਹੀ ਪਟਿਆਲੇ ਗਏ ਸਾਂ। ਉਦੋਂ ਪ੍ਰੋਫ਼ੈਸਰ ਭੁਪਿੰਦਰ ਅਤੇ ਡਾਕਟਰ ਟਿਵਾਣਾ ਦੇ ਪੁੱਤਰ ਦੇ ਵਿਆਹ ਦਾ ਅਵਸਰ ਸੀ, ਸਿਮਰਨਜੀਤ ਦੇ ਵਿਆਹ ਦਾ। ਉਸ ਦਿਨ ਮੈਰਿਜ ਪੈਲੇਸ ਫੁੱਲਾਂ ਨਾਲ ਕੁਝ ਇਸ ਤਰ੍ਹਾਂ ਸਜਿਆ ਹੋਇਆ ਸੀ ਕਿ ਹਰ ਫੁੱਲ ਵਿੱਚੋਂ ਖੇੜਾ ਫੁੱਟ ਫੁੱਟ ਪੈ ਰਿਹਾ ਸੀ। ਖ਼ੁਸ਼ਬੂ ਹਵਾ ਵਿੱਚ ਰਲੀ ਹੋਈ ਸੀ। ਦੋਵਾਂ ਜੀਆਂ ਦੇ ਮੋਢਿਆਂ ਉੱਤੇ ਚਾਵਾਂ ਦੇ ਖੰਭ ਉੱਗੇ ਹੋਏ ਸਨ। ਮੈਂ ਤੇ ਅਮਰਇੰਦਰ ਹੁੱਬ ਕੇ ਉਸ ਚਾਅ ਵਿੱਚ ਸ਼ਾਮਲ ਹੋਏ ਸਾਂ।
ਉਸ ਦਿਨ ਉੱਥੇ ਉਹ ਪਦਮਸ੍ਰੀ ਡਾਕਟਰ ਦਲੀਪ ਕੌਰ ਟਿਵਾਣਾ ਨਹੀਂ ਸੀ, ਪੰਜਾਬੀ ਸਾਹਿਤ ਰਤਨ ਟਿਵਾਣਾ ਵੀ ਗ਼ੈਰਹਾਜ਼ਰ ਸੀ। ਉੱਥੇ ਹਾਜ਼ਰ ਸਿਰਫ਼ ਤੇ ਸਿਰਫ਼ ਮਾਂ ਸੀ। ਡਾਕਟਰ ਟਿਵਾਣਾ ਨੇ ਜਿਹੜਾ ਸ਼ਗਨਾਂ ਦਾ ਸੂਟ ਪਾਇਆ ਹੋਇਆ ਸੀ, ਉਹ ਸੂਟ ਕਰੀਮ ਰੰਗ ਦਾ ਸੀ। ਚਾਂਦੀ ਰੰਗੀ ਕਢਾਈ ਉਸ ਸੂਟ ਉੱਤੇ ਫੱਬ ਰਹੀ ਸੀ ਤੇ ਸੂਟ ਵਾਂਗ ਹੀ ਫੱਬ ਰਹੀ ਸੀ ਗੋਟੇ ਕਿਨਾਰੀ ਵਾਲੀ ਚੁੰਨੀ।
ਮੈਂ ਸ਼ਰਾਰਤ ਨਾਲ ਆਖਿਆ ਸੀ, ‘‘ਦੀਦੀ! ਅੱਜ ਤਾਂ ਬਹੁਤ ਸੋਹਣੇ ਲੱਗ ਰਹੇ ਓ।’’
‘‘ਅੰਨ੍ਹੇ ਜੁਲਾਹੇ ਦੀਆਂ ਮਾਂ ਨਾਲ ਮਸ਼ਕਰੀਆਂ।’’ ਉਸ ਮੋੜਵਾਂ ਜੁਆਬ ਦਿੱਤਾ ਸੀ।
‘‘ਵੇਖੋ ਦੀਦੀ! ਜਸਬੀਰ ਅੱਜ ਕੱਲ੍ਹ ਵਿਗੜ ਰਿਹਾ ਏ ਥੋੜ੍ਹਾ ਥੋੜ੍ਹਾ।’’ ਅਮਰਇੰਦਰ ਵੀ ਸ਼ਰਾਰਤ ਵਿੱਚ ਸ਼ਾਮਲ ਹੋ ਗਈ। ਅਸੀਂ ਤਿੰਨੇ ਹੱਸੇ ਸਾਂ। ਇਹ ਪਰਸੋਂ-ਚੌਥ ਦੀ ਗੱਲ ਸੀ।
…ਤੇ ਹੁਣ ਡਾਕਟਰ ਟਿਵਾਣਾ ਨੇ ਬੈਗ ਚੁੱਕਿਆ ਹੋਇਆ ਸੀ ਤੇ ਲੋਹੇ ਦੇ ਗੇਟ ਸਾਹਮਣੇ ਖੜ੍ਹੀ ਸੀ।
+++
ਉਸ ਦਿਨ ਮੈਨੂੰ ਇੱਕ ਹੋਰ ਮਾਂ ਚੇਤੇ ਆਈ ਸੀ, ਡਾਕਟਰ ਦਲੀਪ ਕੌਰ ਟਿਵਾਣਾ ਜਿਸ ਦੀ ਜਾਈ ਸੀ। ਇੱਕ ਵਾਰ ਮਿਲਣ ਪਿੱਛੋਂ ਮੈਂ ਉਸ ਨੂੰ ਬਹੁਤ ਵਾਰ ਮਿਲਿਆ ਸਾਂ। ਮੈਂ ਉਸ ਮਾਂ ਨਾਲ ਲੋਕਗੀਤਾਂ ਦੀਆਂ ਗੱਲਾਂ ਕੀਤੀਆਂ ਸਨ। ਉਸ ਕੋਲੋਂ ਬਹੁਤ ਸਾਰੇ ਗੀਤ ਸੁਣੇ ਸਨ। ਇੱਕ ਵਾਰ ਤਾਂ ਉਸ ਮਾਂ ਨੇ ਉਹ ਸੁਹਾਗ ਗਾ ਕੇ ਵੀ ਸੁਣਾਏ ਸਨ ਜਿਹੜੇ ਸੁਹਾਗ ਉਹ ਆਪਣੀਆਂ ਧੀਆਂ ਲਈ ਗੁਣਗੁਣਾਉਂਦੀ ਰਹੀ ਸੀ।
‘‘ਵਣ ਤਣ ਪੀਲਾਂ ਪੱਕੀਆਂ
ਨੀ ਮੇਰੀਏ ਰਾਣੀਏਂ ਮਾਏ।
ਕੋਈ ਹੋਈਆਂ ਲਾਲ-ਗੁਲਾਲ
ਨੀ ਭਲੀਏ!
ਧੀਆਂ ਨੂੰ ਸਹੁਰੇ ਤੋਰ ਕੇ
ਨੀ ਮੇਰੀਏ ਰਾਣੀਏਂ ਮਾਏ।
ਤੇਰਾ ਕੇਹਾ ਕੁ ਲੱਗਦਾ ਜੀਅ
ਨੀ ਭਲੀਏ।
ਘੜੀਆਂ ਗਿਣਦੀ ਦਿਨ ਆ ਗਿਆ
ਨੀ ਮੇਰੀਏ ਭੋਲੀਏ ਮਾਏ।
ਕੋਈ ਤਾਰੇ ਗਿਣਦਿਆਂ ਰਾਤ।
ਨੀ ਭਲੀਏ।…’’
…ਤੇ ਫੇਰ ਪਤਾ ਨਹੀਂ ਕਿਹੜੇ ਵੇਲੇ ਮਾਂ ਸੁਹਾਗ ਗਾਉਂਦੀ ਗਾਉਂਦੀ ਘੋੜੀ ਗਾਉਣ ਲੱਗ ਪਈ ਸੀ:
‘‘…ਉਮਰਾਵਾਂ ਦੀ ਤੇਰੀ ਚਾਲ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ!’’
ਉਹ ਮਾਂ ਹੁਣ ਨਹੀਂ ਹੈ, ਪਰ ਮਾਂ ਨੂੰ ਮਿਲਣ ਸਾਰ ਹੀ ਮੈਂ ਜਾਣ ਲਿਆ ਸੀ ਕਿ ਟਿਵਾਣਾ ਦੀ ਸਮੁੱਚੀ ਰਚਨਾ ਵਿੱਚ ਫੈਲੀ ਹੋਈ ਕਵਿਤਾ ਦੀ ਖ਼ੁਸ਼ਬੂ ਦਰਅਸਲ ਉਸ ਮਾਂ ਦੀ ਹੈ। ਉਸ ਮਾਂ ਨੂੰ ਮਿਲ ਕੇ ਹੀ ਮੇਰਾ ਇਹ ਯਕੀਨ ਬਣਿਆ ਸੀ ਕਿ ਮਾਵਾਂ ਜਿਊਂਦੀਆਂ ਰਹਿੰਦੀਆਂ ਨੇ। ਮਾਵਾਂ ਕਦੀ ਮਰਦੀਆਂ ਨਹੀਂ। ਮਾਵਾਂ ਆਪਣੇ ਬੱਚਿਆਂ ਦੇ ਅੰਦਰ ਹੀ ਹੁੰਦੀਆਂ ਨੇ। ਜੇ ਦਲੀਪ ਕੌਰ ਟਿਵਾਣਾ ਦੇ ਅੰਦਰ ਉਹ ਮਾਂ ਨਾ ਹੁੰਦੀ ਤਾਂ ਉਸ ਕੋਲ ਕਵਿਤਾ ਨਹੀਂ ਸੀ ਹੋਣੀ। ਉਸ ਲੇਖਕ ਵੀ ਨਹੀਂ ਸੀ ਹੋਣਾ।
+++
ਡਾਕਟਰ ਦਲੀਪ ਕੌਰ ਟਿਵਾਣਾ ਨੂੰ ਮਿਲਣਾ ਮੈਨੂੰ ਕਦੀ ਇੱਕ ਲੇਖਕਾ ਨੂੰ ਮਿਲਣ ਵਾਂਗ ਨਹੀਂ ਲੱਗਾ। ਉਹ ਹਮੇਸ਼ਾ ਮੈਨੂੰ ਖ਼ੁਸ਼ਬੂ ਦੇ ਇੱਕ ਰਿਸ਼ਤੇ ਵਾਂਗ ਦਿਸਦੀ ਹੈ, ਕਦੇ ਮਾਂ, ਕਦੇ ਭੈਣ ਤੇ ਕਦੇ ਦੋਸਤ।
ਮੈਂ ਉਸ ਮਾਂ ਨੂੰ ਉਹਦੇ ਚਿਹਰੇ ਤੋਂ ਵੇਖਣ ਦਾ ਯਤਨ ਕਰਦਾ ਹਾਂ, ਜਿਸ ਮਾਂ ਦੀਆਂ ਆਂਦਰਾਂ ਦਾ ਉਹ ਟੋਟਾ ਹੈ। ਉਸ ਮਾਂ ਨੂੰ ਬੇਸ਼ੱਕ ਮੈਂ ਮਿਲਿਆ ਸਾਂ, ਪਰ ਜਾਣਿਆ ਨਹੀਂ ਸੀ। ਡਾਕਟਰ ਦਲੀਪ ਕੌਰ ਟਿਵਾਣਾ ਦੱਸਦੀ ਹੈ, ‘‘ਮਾਂ ਮੇਰੀ ਸੰਸਾਰੀ ਹੁੰਦਿਆਂ ਵੀ ਭਗਤਣੀ ਸੀ। ਲੋਕ ਨਾਲੋਂ ਪਰਲੋਕ ਦੇ ਫ਼ਿਕਰਾਂ ਵਿੱਚ ਗੁਆਚੀ ਹਮੇਸ਼ਾ ਅੱਗਾ ਸੁਆਰਨ ਦੇ ਆਹਰ ਵਿੱਚ ਲੱਗੀ ਰਹਿੰਦੀ। ਮੋਹ ਭੰਗ ਹੋਣ ਦੇ ਉਹਦੇ ਆਪਣੇ ਕਾਰਨ ਹੋਣਗੇ, ਮੈਂ ਨਹੀਂ ਜਾਣਦੀ। ਸ਼ਾਇਦ ਉਹ ਵੀ ਨਹੀਂ ਸੀ ਜਾਣਦੀ। …ਤੇ ਪਿਓ? ਪਿਓ ਸਰਦਾਰ ਸੀ, ਸੱਚੀਂ-ਮੁੱਚੀਂ ਦਾ ਸਰਦਾਰ। ਉਸ ਦੀ ਇੱਕੋ ਇੱਕ ਦਿਲਚਸਪੀ ਸੀ ਸ਼ਰਾਬ। ਇਉਂ ਆਪੋ ਆਪਣੇ ਰਾਹ ਤੁਰਦੇ, ਉਹ ਬੱਚਿਆਂ ਨੂੰ ਤਾਂ ਭੁੱਲ ਹੀ ਗਏ ਸਨ। ਉਂਜ ਬੱਚਿਆਂ ਲਈ ਘਰ ਵਿੱਚ ਘਾਟਾ ਹੀ ਕਾਹਦਾ ਸੀ। ਆਖਦੇ ਨੇ, ਰਿੜ੍ਹਨ ਤੋਂ ਮਸਾਂ ਖੜ੍ਹਨ ਹੀ ਲੱਗੀ ਸੀ ਜਦੋਂ ਵੱਡੀ ਭੂਆ ਨੇ ਵਾਸਤਾ ਪਾਇਆ ਕਿ ਬੇਟੀ ਮੈਨੂੰ ਦੇ ਦਿਉ। ਬਾਬਾ ਜੀ ਨੇ ਨਾਂਹ ਕਰ ਦਿੱਤੀ। ਕੋਈ ਆਪਣੀਆਂ ਧੀਆਂ ਵੀ ਕਿਸੇ ਨੂੰ ਦਿੰਦਾ ਹੁੰਦੈ? ਭੂਆ ਜੀ ਨੇ ਰੋ ਕੇ ਦੱਸਿਆ: ‘‘ਦੋ ਵਿਆਹ ਸਰਦਾਰ ਨੇ ਪਹਿਲੋਂ ਕੀਤੇ ਹੋਏ ਨੇ ਤੇ ਔਲਾਦ ਦੇ ਮਾਰੇ ਨੇ ਤੀਜਾ ਹੋਰ ਕਰ ਲੈਣਾ ਐ।’ ਜਿਸ ਕਾਰ ਵਿੱਚ ਭੂਆ ਜੀ ਮੈਨੂੰ ਪਿੰਡ ਤੋਂ ਲੈ ਕੇ ਆਏ, ਮਾਂ ਬਹੁਤ ਦੇਰ ਤੱਕ ਮਗਰ ਖੜ੍ਹੀ, ਉਸ ਕਾਰ ਨੂੰ ਜਾਂਦੀ ਨੂੰ ਵੇਖਦੀ ਰਹੀ…।’’
ਉਹ ਮਾਂ ਮੈਨੂੰ ਅੱਜ ਵੀ ਉੱਥੇ ਖਲੋਤੀ ਹੋਈ ਹੀ ਦਿਸਦੀ ਹੈ, ਪਰ ਵਕਤ ਦੇ ਗਰਦੋ-ਗੁਬਾਰ ਵਿੱਚ ਉਸ ਆਪਣਾ ਚਿਹਰਾ ਧੀ ਨਾਲ ਵਟਾ ਲਿਆ ਹੈ। …ਤੇ ਹੁਣ ਉੱਥੇ ਖਲੋਤੀ ਹੋਈ ਦਾ ਨਾਂ ਦਲੀਪ ਕੌਰ ਟਿਵਾਣਾ ਹੈ। ਉਸ ਦੇ ਉੱਥੇ ਖੜ੍ਹੀ ਖੜ੍ਹੀ ਦੇ ਜੜ੍ਹਾਂ ਉੱਗ ਆਈਆਂ ਹਨ। ਉਸ ਤੋਂ ਪਿੱਛੋਂ ਉਸ ਦੇ ਕਰੂੰਬਲਾਂ ਫੁੱਟੀਆਂ, ਕਰੂੰਬਲਾਂ ਟਾਹਣੀਆਂ ਬਣ ਕੇ ਫੈਲ ਗਈਆਂ ਤੇ ਫਿਰ ਉਹ ਇੱਕ ਘਣਛਾਵੇਂ ਰੁੱਖ ਦਾ ਰੂਪ ਹੋ ਗਈ। ਉਸ ਰੁੱਖ ਦੀ ਛਾਂ ਚਹੁੰ-ਦਿਸ਼ਾਵਾਂ ਵਿੱਚ ਫੈਲ ਗਈ ਹੈ। ਮੇਰੀ ਚੁੱਪ ਨੇ ਉਹਨੂੰ ਪੁੱਛਿਆ ਹੈ, ਮੈਂ ਕਿਸ ਦਿਸ਼ਾ ਵਿੱਚ ਖਲੋਤਾ ਹੋਇਆ ਹਾਂ।
+++
ਚਿਰ ਹੋਇਆ, ਮੈਂ ਦਲੀਪ ਕੌਰ ਟਿਵਾਣਾ ਦੀ ਸ਼ਖ਼ਸੀਅਤ ਦੇ ਕਿੰਨੇ ਸਾਰੇ ਰੰਗ ਇਕੱਠੇ ਕੀਤੇ ਤੇ ਇੱਕ ਕਿਤਾਬ ਤਿਆਰ ਕਰ ਲਈ। ‘ਨਮ ਸ਼ਬਦਾਂ ਦੀ ਆਬਸ਼ਾਰ’, ਇਹੋ ਨਾਂ ਸੀ ਉਸ ਕਿਤਾਬ ਦਾ।
ਕਿਤਾਬ ਦਾ ਸਰਵਰਕ ਇਮਰੋਜ਼ ਨੇ ਬਣਾਇਆ ਸੀ। ਦਲੀਪ ਕੌਰ ਟਿਵਾਣਾ ਦੇ ਜਨਮ-ਜਨਮਾਤਰਾਂ ਵਾਲੇ ਰਿਸ਼ਤੇ ਵੇਲੇ ਇਮਰੋਜ਼ ਧਰਮੀ ਬਾਬਲ ਬਣਿਆ ਸੀ। ਉਸੇ ਨੇ ਪੱਲਾ ਫੜਾਇਆ ਸੀ। ਇਸ ਰਿਸ਼ਤੇ ਦੇ ਹੱਕ ਵਰਤਦਿਆਂ ਉਹ ਆਪਣੀ ਧੀ ਨੂੰ ਕੁਝ ਨਾ ਕੁਝ ਕਹਿੰਦਾ ਰਹਿੰਦਾ ਹੈ। ਕਿਤਾਬ ਦਾ ਸਰਵਰਕ ਬਣ ਕੇ ਆਇਆ ਤਾਂ ਇਮਰੋਜ਼ ਦੀ ਇੱਕ ਸਤਰ ਦੀ ਚਿੱਠੀ ਵੀ ਨਾਲ ਸੀ। ਲਿਖਿਆ ਸੀ, ‘‘ਜਸਬੀਰ! ਕੀ ਤੈਨੂੰ ਖਲੋਤਾ ਹੋਇਆ ਪਾਣੀ ਆਬਸ਼ਾਰ ਦਿਸਦਾ ਹੈ?…’’
ਮੈਂ ਸਰਵਰਕ ਉੱਤੇ ਬਣੀ ਟਿਵਾਣਾ ਦੀ ਤਸਵੀਰ ਨੂੰ ਵੇਖਿਆ ਸੀ ਤੇ ਕੁਝ ਦੇਰ ਤੱਕ ਵੇਖਦਾ ਹੀ ਰਿਹਾ ਸਾਂ। ਤਸਵੀਰ ਵਿੱਚ ਟਿਵਾਣਾ ਦੇ ਚਿਹਰੇ ਉੱਤੇ ਗੰਭੀਰਤਾ ਸੀ, ਵਿਵੇਕ ਸੀ ਤੇ ਹਾਦਸਿਆਂ ਦੇ ਪਰਛਾਵੇਂ ਸਨ। ਉਹ ਚਿਹਰਾ ਉਦਾਸ ਸੀ। ਅਗਲੇ ਛਿਣ ਉਹਲੇ ਜਿਹੇ ਵਿੱਚ ਮੈਂ ਮੁਸਕਰਾਹਟ ਠਹਿਰੀ ਹੋਈ ਵੇਖ ਲਈ। ਮੈਂ ਕੋਰੇ ਕਾਗਜ਼ ਉੱਤੇ ਮੋਟੇ ਹਰਫ਼ਾਂ ਵਿੱਚ ਲਿਖਿਆ, ‘‘ਜਿਹੜਾ ਸਮੁੰਦਰ ਸੁਨਾਮੀ ਨੂੰ ਜਿਊ ਕੇ ਵੀ ਸ਼ਾਂਤ ਦਿਸ ਰਿਹਾ ਹੋਵੇ, ਜ਼ਿੰਦਗੀ ਦੀ ਹਰ ਲਹਿਰ ਵਿੱਚੋਂ ਮੁਸਕਰਾਹਟ ਲੱਭ ਸਕਦਾ ਹੋਵੇ, ਉਹਨੂੰ ਤਾਂ ਸਲਾਮ ਕਹਿਣਾ ਬਣਦਾ ਹੈ।’’ ਆਬਸ਼ਾਰ ਕਦੇ ਛੱਪੜ ਨਹੀਂ ਬਣਦੀ, ਨਦੀ ਬਣਦੀ ਹੈ। …ਤੇ ਉਹ ਨਦੀ ਵਹਿ ਰਹੀ ਹੈ, ਨਿਰੰਤਰ ਵਹਿ ਰਹੀ ਹੈ।
+++
ਪੁਰਾਣੇ ਲੋਕ ਵੱਡੀ ਭੈਣ ਨੂੰ ਆਮ ਤੌਰ ਉੱਤੇ ‘ਬੀਬੀ’ ਕਹਿ ਕੇ ਮੁਖ਼ਾਤਿਬ ਹੁੰਦੇ ਸਨ। ਪਿੰਡ ਦੀ ਜੰਮੀ ਪਲੀ, ਵੱਡੇ ਸਰਦਾਰਾਂ ਦੀ ਧੀ, ਜਬ੍ਹੇ ਵਾਲੀ ਜੱਟੀ ‘ਬੀਬੀ’ ਤੋਂ ‘ਦੀਦੀ’ ਕਿਵੇਂ ਹੋ ਗਈ?
ਇੱਕ ਗੱਲ ਸੌ ਵਿਸਵੇ ਪੱਕੀ ਹੈ ਕਿ ਕਿਸੇ ਵੀ ਹੋਰ ਨਾਂ ਨਾਲ ਇਹ ਸ਼ਬਦ ਓਪਰਾ ਹੀ ਲੱਗੂ। ਦਲੀਪ ਕੌਰ ਟਿਵਾਣਾ ਦੇ ਨਾਂ ਦਾ ਹਿੱਸਾ ਹੋ ਗਿਆ ਹੈ ਦੀਦੀ ਸੰਬੋਧਨ। ਹੁਣ ਫ਼ੌਜ ਦੇ ਰੈਂਕ ਵਾਂਗੂ ਦਲੀਪ ਕੌਰ ਟਿਵਾਣਾ ਦੇ ਨਾਂ ਨਾਲ ਜੁੜਿਆ ਹੀ ਰਹੇਗਾ।
‘ਦੀਦੀ’ ਦੁਆਲੇ ਮੈਨੂੰ ਤਾਂ ਰਹੱਸ ਦਾ ਧੂੰਆਂ ਜਿਹਾ ਉੱਡਦਾ ਵੀ ਪ੍ਰਤੀਤ ਹੁੰਦਾ ਹੈ। …ਸੰਘਣੀ ਧੁੰਦ ਵਿੱਚ ਗੁਆਚਾ ਜਿਹਾ ਆਕਾਰ। …ਝਾਂਜਰਾਂ ਦੀ ਛਣ ਛਣ। …ਮੱਧਮ ਜਿਹਾ ਸੰਗੀਤ! ਤੇ ਫਿਰ ਹੂਕ ਵਰਗੀ ਆਵਾਜ਼।
‘‘ਕਹੀਂ ਦੀਪ ਜਲੇ, ਕਹੀਂ ਦਿਲ
ਜ਼ਰਾ ਦੇਖ ਲੇ ਆ ਕਰ ਪਰਵਾਨੇ
ਤੇਰੀ ਕੌਨ ਸੀ ਹੈ ਮੰਜ਼ਿਲ।’’
ਕੀ ਪਤੈ, ਇਹ ਧੁੰਦ ਦਲੀਪ ਕੌਰ ਟਿਵਾਣਾ ਦੇ ਨਾਵਲਾਂ ਨੇ ਸਿਰਜੀ ਹੋਵੇ! ਧੁੰਦ ਗਾੜ੍ਹੀ ਹੈ। ਉਸ ਨਾਲ ਸੁੱਖ-ਦੁੱਖ ਦੀ ਭਿਆਲੀ ਦੇ ਬਾਵਜੂਦ ਮੇਰੀ ਪਛਾਣ ਧੁੰਦਲਾਈ ਹੋਈ ਹੈ। ਕੀ ਪਤਾ, ਸਮੁੰਦਰ ਦੇ ਨੀਲੇ, ਹਰੇ ਪਾਣੀ ਹੇਠ ਕੀ ਹੈ। ਡੁੱਬੇ ਹੋਏ ਜਹਾਜ਼, ਮਾਹੀਗੀਰਾਂ ਦੀਆਂ ਟੁੱਟੀਆਂ ਹੋਈਆਂ ਬੇੜੀਆਂ, ਬੇਸ਼ਕੀਮਤੀ ਹੀਰੇ-ਮੋਤੀ ਕਿ ਸਮੁੰਦਰ ਵਿੱਚ ਰੋਂਦੀਆਂ ਮੱਛੀਆਂ?
ਰੋਂਦੀਆਂ ਮੱਛੀਆਂ ਦੇ ਅੱਥਰੂ ਕੌਣ ਵੇਖ ਸਕਦਾ ਹੈ ਭਲਾ? ਪਰ ਦਲੀਪ ਕੌਰ ਟਿਵਾਣਾ ਆਪਣੇ ਸਮੁੰਦਰ ਦੀਆਂ ਮੱਛੀਆਂ ਦੇ ਅੱਥਰੂ ਵੇਖ ਸਕਦੀ ਹੈ, ਪੂੰਝ ਵੀ ਸਕਦੀ ਹੈ। ਉਹ ਅੱਥਰੂ ਜਦੋਂ ਡਾਕਟਰ ਟਿਵਾਣਾ ਕੋਲ ਆਉਂਦੇ ਨੇ ਤਾਂ ਸ਼ਬਦ ਹੋ ਜਾਂਦੇ ਨੇ। ਉਹ ਉਨ੍ਹਾਂ ਸ਼ਬਦਾਂ ਦੀ ਤਾਸੀਰ ਜਾਣ ਲੈਂਦੀ ਹੈ। ਫੇਰ ਤਾਂ ਕੋਈ ਵੀ ਉਨ੍ਹਾਂ ਅੱਥਰੂਆਂ ਦੇ ਦਰਦ ਦੀ ਇਬਾਰਤ ਪੜ੍ਹ ਲਵੇ ਭਾਵੇਂ।
ਉਹਨੂੰ ਆਪਣੇ ਨਾਵਲ ਲਿਖਣ ਲਈ, ਉਚੇਚ ਨਹੀਂ ਕਰਨੀ ਪਈ ਕਦੇ। ਸਮੁੰਦਰ ਨੂੰ ਕਦੋਂ ਲੋੜ ਪਈ ਹੈ ਕਿ ਉਹ ਕਿਸੇ ਸ਼ੈਅ ਲਈ ਬਾਹਰ ਹੱਥ-ਪੈਰ ਮਾਰੇ। ਟਿਵਾਣਾ ਦੇ ਨਾਵਲ ਉਸੇ ਸਮੁੰਦਰ ਵਿੱਚੋਂ ਆਪਣਾ ਰੂਪ ਲੈ ਕੇ ਨਮੂਦਾਰ ਹੁੰਦੇ ਨੇ।
+++
ਫ਼ੌਜ ਦਾ ਹਵਾਲਾ ਡਾ. ਦਲੀਪ ਕੌਰ ਟਿਵਾਣਾ ਨੂੰ ਉਦਾਸ ਕਰਦਾ ਹੈ। ਉਹਨੂੰ ਫ਼ੌਜੀ ਵਰਦੀ ਵਿੱਚ ਫਬਿਆ ਇੱਕ ਬਾਂਕਾ ਗੱਭਰੂ ਦਿਸਦਾ ਹੈ। ਉਹ ਪਛਾਣ ਲੈਂਦੀ ਹੈ, ਨਿੱਕੇ ਵੀਰ ਨੂੰ। ਉਹ ਹੱਥ ਉਲਾਰ ਕੇ ਹਾਕ ਮਾਰਦੀ ਹੈ, ਪਰ ਉਹ ਨਹੀਂ ਸੁਣਦਾ ਤੇ ਧੁੰਦ ਵਿੱਚ ਗੁਆਚ ਜਾਂਦਾ ਹੈ। ਟਿਵਾਣਾ ਉਹਨੂੰ ਲੱਭਣ ਲਈ ਆਪਣੇ ਅੰਦਰ ਵੱਲ ਤੁਰ ਪੈਂਦੀ ਹੈ ਤੇ ਫਿਰ ਧੁੰਦ ਦੇ ਬੱਦਲਾਂ ਵਿੱਚ ਆਪ ਵੀ ਗੁਆਚ ਜਾਂਦੀ ਹੈ। ਕਾਲ ਬੈੱਲ ਦੀ ਆਵਾਜ਼ ਨਾਲ ਉਹ ਆਪਣੇ ਵੱਲ ਪਰਤਦੀ ਹੈ, ਉੱਠ ਕੇ ਬੂਹਾ ਖੋਲ੍ਹਦੀ ਹੈ।
ਖੁੱਲ੍ਹੇ ਬੂਹੇ ਸਾਹਮਣੇ ਕੋਈ ਵੀ ਹੋ ਸਕਦਾ ਸੀ, ਕੋਈ ਲੇਖਕ, ਪਾਠਕ ਵਿਦਿਆਰਥੀ ਜਾਂ ਫਿਰ…।
ਉਸ ਦਿਨ ਬੂਹੇ ਸਾਹਵੇਂ ਮੈਂ ਸਾਂ। ਮੈਂ ਇਕੱਲਾ ਨਹੀਂ ਸਾਂ, ਮੇਰੀ ਬੀਵੀ ਅਮਰਇੰਦਰ ਨਾਲ ਸੀ ਮੇਰੇ। ਮੇਰੀ ਬੀਵੀ ਡਾ. ਦਲੀਪ ਕੌਰ ਟਿਵਾਣਾ ਦੀ ਖ਼ਾਸ ਪਾਠਕ ਹੈ। ਉਹ ਟਿਵਾਣਾ ਦੇ ਨਾਵਲ ਪੜ੍ਹਦੀ ਹੋਈ ਰੋ ਪੈਂਦੀ ਹੈ। ਡਾ. ਟਿਵਾਣਾ ਦਾ ਫੋਨ ਆਵੇ ਤਾਂ ਅਮਰਇੰਦਰ ਦੀ ਇੱਛਾ ਹੁੰਦੀ ਹੈ ਕਿ ਉਹ ਦੀਦੀ ਨਾਲ ਬਹੁਤ ਗੱਲਾਂ ਕਰ ਲਵੇ। ਉਹਦੇ ਭਾਣੇ ਦਲੀਪ ਕੌਰ ਟਿਵਾਣਾ ਆਪਣੇ ਨਾਵਲਾਂ ਦੀ ਨਾਇਕਾ ਹੈ। ਉਹਦੇ ਯਕੀਨ ਨੂੰ ਮੈਂ ਕਦੇ ਭਰਮ ਨਹੀਂ ਆਖਿਆ।
ਕਦੇ ਕਦਾਈਂ ਚਾਹ ਦੇ ਘੁੱਟ ਭਰਦਿਆਂ ਉਹ ਟਿਵਾਣਾ ਦੇ ਨਾਵਲਾਂ ਦੇ ਫ਼ਿਕਰੇ ਸੁਣਾਉਣ ਲੱਗ ਪੈਂਦੀ ਹੈ।
‘‘ਵੀਰਾ! ਰਿਸ਼ਤੇ ਰੂਹਾਂ ਦੇ, ਸਾਂਝਾਂ ਧੁਰ ਦੀਆਂ। ਬੰਦਾ ਬੰਬਈ ਵਿੱਚ ਗੁੰਮ ਹੋ ਜਾਵੇ ਤਾਂ ਨਹੀਂ ਲੱਭਦਾ। ਆਪਾਂ ਅਗਲੇ ਜਨਮ ਵਿੱਚ ਕਿਵੇਂ ਮਿਲਾਂਗੇ।’’
ਦਲੀਪ ਕੌਰ ਟਿਵਾਣਾ ਦੇ ਨਾਵਲਾਂ ਦਾ ਬੜਾ ਕੁਝ ਅਮਰਇੰਦਰ ਦੇ ਚੇਤੇ ਵਿੱਚ ਹੈ। ਉਸ ਚੇਤੇ ਵਿੱਚ ਇੱਕ ਸਾਂਝਾ ਦਰਦ ਵੀ ਸ਼ਾਮਲ ਹੈ।
ਵੇਖ ਨਦੀ ਦੇ ਲੇਖ। ਮੁਕੱਦਰ ਨੇ ਉਹ ਲੇਖ ਸਿਆਹੀ ਦੇ ਇੱਕੋ ਟੋਭੇ ਨਾਲ ਲਿਖੇ ਹੋਏ ਸਨ। ਇੱਕ ਵੀਰ ਉਸ ਦਾ ਸੀ। …ਤੇ ਇੱਕ ਵੀਰ ਦੂਸਰੀ ਦਾ। ਦੋਵਾਂ ਭੈਣਾਂ ਦੇ ਉਹ ਵੀਰ ਲਗਪਗ ਇੱਕੋ ਵੇਲੇ, ਇੱਕੋ ਜਿਹੇ ਤਰੀਕੇ ਨਾਲ ਤੁਰ ਗਏ ਸਨ।
ਦੋਵਾਂ ਨੇ ਵੀਰ ਨੂੰ ਗੋਦ ਖਿਡਾਇਆ ਸੀ। ਲਾਡ ਲਡਾਏ ਸਨ, ਉਨ੍ਹਾਂ ਲਈ ਮਾਵਾਂ ਬਣੀਆਂ ਸਨ, ਪਰ ਉਹ ਵੀਰ ਹੋਣੀ ਦੇ ਮਾਰੇ ਹੋਏ ਸਨ।
ਉਸ ਦਿਨ ਵੀ ਉਹ ਤੁਰ ਗਏ ਵੀਰ ਦੀਆਂ ਗੱਲਾਂ ਦੱਸਦੀਆਂ, ਸੁਣਦੀਆਂ ਰਹੀਆਂ ਸਨ। ਅੱਖਾਂ ਦੇ ਸਰਵਰ ਵਾਰ ਵਾਰ ਭਰ ਉਛਲੇ ਸਨ।
+++
ਡਾਕਟਰ ਟਿਵਾਣਾ ਦੇ ਘਰ ਦਾ ਇੱਕ ਰੁੱਖ ਬਾਹਰਲੇ ਫਾਟਕ ਦੇ ਅੰਦਰਵਾਰ ਹੈ। ਉਸ ਰੁੱਖ ਦੀਆਂ ਟਾਹਣੀਆਂ ਅਤੇ ਪੱਤਿਆਂ ਵਿੱਚ ਲੁਕੇ ਪਰਿੰਦਿਆਂ ਦੀ ਚਹਿਚਹਾਟ ਸੁਣਦੀ ਰਹਿੰਦੀ ਹੈ। ਉਸ ਬੋਹੜ ਦੀ ਪਨਾਹ ਵਿੱਚ ਚਿੜੀਆਂ, ਤੋਤੇ ਵੀ ਨੇ, ਗੁਟਾਰਾਂ, ਘੁੱਗੀਆਂ ਵੀ ਅਤੇ ਹੋਰ ਵੀ ਕਈ ਪੰਛੀ। ਉਨ੍ਹਾਂ ਨੂੰ ਹੱਥੀਂ ਚੋਗਾ ਪਾਉਂਦਿਆਂ ਉਹ ਗੁਣਗੁਣਾਉਂਦੀ ਹੈ:
ਨੀਲੀ ਨੀਲੀ ਘੋੜੀ ਮੇਰਾ ਵੀਰ ਚੜ੍ਹੇ
ਵੇ ਨਿੱਕਿਆ!
ਭੈਣ ਸੁਹਾਗਣ ਤੇਰੀ ਵਾਗ ਫੜੇ।
ਮੋਰਾਂ ਨੂੰ ਉਹਦੀ ਗੁਣਗੁਣਾਹਟ ਸੁਣ ਪੈਂਦੀ ਹੈ। ਉਹ ਰੁੱਖਾਂ ਦੇ ਜ਼ਖੀਰੇ ਵੱਲੋਂ ਕੰਧ ਟੱਪ ਕੇ ਕੋਠੀ ਅੰਦਰ ਪਹੁੰਚ ਜਾਂਦੇ ਹਨ। ਉਹ ਗੁਣਗੁਣਾਉਂਦੀ ਹੋਈ ਮਨ ਭਰ ਲੈਂਦੀ ਹੈ, ਕਿੱਥੇ ਹੈ ਉਹ ਵੀਰ? ਪਰਿੰਦੇ ਆਪਣੇ ਹਿੱਸੇ ਦਾ ਚੋਗਾ ਚੁਗਦੇ ਨੇ ਤੇ ਉੱਡ ਜਾਂਦੇ ਨੇ। ਮੋਰ ਉਹਦੇ ਵਿਹੜੇ ਦੀ ਦੀਵਾਰ ਟੱਪ ਕੇ ਜੰਗਲ ਵਿੱਚ ਗੁਆਚ ਜਾਂਦੇ ਨੇ।
ਉਨ੍ਹਾਂ ਦੇ ਪਿੱਛੇ ਜਾਣ ਲਈ ਉਹ ਉਠਦੀ ਹੈ ਤੇ ਫਿਰ ਬੈਠ ਜਾਂਦੀ ਹੈ। ਉਸ ਨੂੰ ਚੇਤੇ ਆਉਂਦਾ ਹੈ ਕਿ ਉਹ ਤਾਂ ਰੁੱਖ ਹੈ। ਰੁੱਖ ਕੋਲ ਖੰਭ ਨਹੀਂ ਹੁੰਦੇ। ਰੁੱਖ ਪਰਿੰਦਿਆਂ ਦੇ ਨਾਲ ਉੱਡ ਨਹੀਂ ਸਕਦੇ।
ਕਦੇ ਕਦਾਈਂ ਉਸ ਨੂੰ ਲੱਗਦਾ ਹੈ, ਉਹ ਸਿਰਫ਼ ਇੱਕ ਮੋਢਾ ਹੈ, ਇੱਕ ਧੜਕਦਾ ਹੋਇਆ ਮੋਢਾ। ਕੋਈ ਭਾਵੇਂ ਕਦੇ ਵੀ ਉਸ ਮੋਢੇ ਉੱਤੇ ਸਿਰ ਰੱਖ ਕੇ ਰੋ ਲਵੇ। ਜਿਸ ਮੋਢੇ ਨੂੰ ਹਰ ਕੋਈ ਅੱਥਰੂਆਂ ਨਾਲ ਭਿਉਂ ਸਕਦਾ ਹੋਵੇ, ਉਹਦੇ ਆਪਣੇ ਲਈ ਇਹੋ ਜਿਹਾ ਮੋਢਾ ਕਿੱਥੇ ਹੈ? ਉਸ ਪਲ ਉਹ ਆਪਣੀ ਹਿਫ਼ਾਜ਼ਤ ਖ਼ਾਤਰ ਇੱਕ ਲਤੀਫ਼ਾ ਤਾਮੀਰ ਕਰਦੀ ਹੈ ਤੇ ਫਿਰ ਖੁੱਲ੍ਹ ਕੇ ਹੱਸਦੀ ਹੈ।
ਇੱਕ ਦਿਨ ਉਹ ਬਾਹਰੋਂ ਮੁੜੀ ਤਾਂ ਫਾਟਕ ਖੋਲ੍ਹਦਿਆਂ ਡੱਡੋਲਿਕੀ ਹੋ ਗਈ। ਉਹਦੀ ਗ਼ੈਰਹਾਜ਼ਰੀ ਵਿੱਚ ਰੁੱਖ ਛਾਂਗ ਦਿੱਤਾ ਗਿਆ ਸੀ। ਰੁੱਖ ਦੀਆਂ ਟਾਹਣੀਆਂ ਅਤੇ ਪੱਤੇ ਪੰਛੀਆਂ ਦੇ ਖੰਭਾਂ ਵਾਗੂੰ ਵਲੂੰਧਰੇ ਹੋਏ ਪੂਰੇ ਵਿਹੜੇ ਵਿੱਚ ਖਿਲਰੇ ਪਏ ਸਨ। ਉਹ ਰੁੱਖ ਦੇ ਨਵੇਂ ਪੁੰਗਾਰੇ ਦੀ ਉਡੀਕ ਕਰਨ ਲੱਗ ਪਈ। ਜਦੋਂ ਵੀ ਰੁੱਖ ਮੁੜ ਹਰਿਆ ਭਰਿਆ ਹੋਇਆ, ਪਰਿੰਦੇ ਪਰਤ ਆਉਣਗੇ ਤੇ ਮੁੜ ਉਹਦੇ ਹੱਥੋਂ ਚੋਗਾ ਚੁਗਣਗੇ।
ਨੇੜਲੇ ਗੁਰਦੁਆਰੇ ਵੱਲੋਂ ਕੀਰਤਨ ਦੀ ਮੱਧਮ ਜਿਹੀ ਆਵਾਜ਼ ਹਵਾ ਦੀਆਂ ਲਹਿਰਾਂ ਨਾਲ ਉਹਦੇ ਤੱਕ ਪਹੁੰਚ ਰਹੀ ਸੀ:
ਇਕ ਕਟੇ, ਇਕ ਲਹਿਰ ਵਿਆਪੇ
ਮੌਲਾ ਖੇਲ ਕਰੇ ਸਭ ਆਪੇ।
ਉਸ ਲੰਮਾ ਹਓਕਾ ਭਰਿਆ, ਉਹ ਨਹੀਂ ਆਉਣਗੇ। ਤੁਰ ਜਾਣ ਵਾਲੇ ਮੁੜ ਨਹੀਂ ਆਉਂਦੇ। ਉਹ ਐਵੇਂ ਆਪਣੇ ਆਪ ਨੂੰ ਵਰਚਾ ਰਹੀ ਸੀ। ਕੀ ਪਤੈ, ਨਵੇਂ ਪੁੰਗਾਰੇ ਵੇਲੇ ਉਸ ਦੇ ਹੀ ਖੰਭ ਉੱਗ ਆਉਣ। ਉਹ ਤਾਂ ਉੱਡ ਕੇ ਉਨ੍ਹਾਂ ਦੇ ਦੇਸ਼ ਜਾ ਹੀ ਸਕਦੀ ਸੀ। ਉਦਾਸ ਵੇਲੇ ਦੇ ਉਹ ਪਿਘਲੇ ਹੋਏ ਪਲ ਸਨ।
ਉਹ ਫੇਰ ਵੀ ਹੱਸਦੀ ਹੈ ਕਿਉਂਕਿ ਉਸ ਕੋਲ ਮੋਹ-ਮਮਤਾ ਦਾ ਵਰ ਹੈ। ਇਸ ਵਰ ਸਦਕਾ ਕਾਇਨਾਤ ਉਸ ਦੀਆਂ ਬਾਹਵਾਂ ਵਿੱਚ ਹੈ। ਉਹ ਰੋਂਦੀ ਹੈ ਕਿ ਉਸ ਦੇ ਵਰ ਨਾਲ ਇੱਕ ਸਰਾਪ ਵੀ ਜੁੜਿਆ ਹੋਇਆ ਹੈ, ਨਜ਼ਰਾਂ ਸਾਹਮਣੇ ਆਪਣੀਆਂ ਟਾਹਣੀਆਂ ਛਾਂਗੇ ਜਾਣ ਦਾ ਸਰਾਪ।
ਉਸ ਰੁੱਖ ਦੀ ਹਰੀ ਭਰੀ ਗੁਫ਼ਾ ਦਾ ਹਨੇਰਾ ਟਾਹਣੀਆਂ ਛਾਂਗੇ ਜਾਣ ਪਿੱਛੋਂ ਵੀ ਉੱਥੇ ਹੀ ਟਿਕਿਆ ਰਹਿ ਗਿਆ ਸੀ। ਹਨੇਰੇ ਨੂੰ ਉਹਨੇ ਟਾਹਣੀਆਂ ਅਤੇ ਪੱਤਿਆਂ ਦੇ ਭਰਮ ਵਿੱਚ ਪਾਲਿਆ ਹੋਇਆ ਸੀ। ਚਾਹੀਦਾ ਸੀ ਕਿ ਹਨੇਰੇ ਨੂੰ ਉਹ ਆਪ ਛਾਂਗ ਦਿੰਦੀ।
+++
ਗੇਟ ਤੱਕ ਪਹੁੰਚਦਿਆਂ ਮੈਂ ਬੀਤੇ ਦਾ ਕਈ ਜੋਜਨ ਪੈਂਡਾ ਤੈਅ ਕਰ ਲਿਆ ਸੀ। ਡਾਕਟਰ ਟਿਵਾਣਾ ਹਮੇਸ਼ਾ ਵਾਂਗ ਗੇਟ ਖੋਲ੍ਹ ਕੇ ਅੰਦਰ ਨਹੀਂ ਸੀ ਆਈ। ਉਹ ਉੱਥੇ ਹੀ ਖੜ੍ਹੀ ਰਹੀ ਸੀ। ਮੈਂ ਅੱਗਲਵਾਂਢੀ ਹੋ ਕੇ ਗੇਟ ਖੋਲ੍ਹਿਆ। ‘‘ਨਈਂ ਜਸਬੀਰ। ਮੈਂ ਅੰਦਰ ਨਈਂ ਆਉਣਾ। ਮੈਨੂੰ ਕਾਹਲੀ ਐ ਕੁਸ਼। ਮੈਂ ਛੇਤੀ ਜਾਣੈਂ। ਦਰਅਸਲ ਮੈਂ ਕੋਠੀ-ਝਾੜ ਲੈ ਕੇ ਆਈ ਆਂ।’’ ਉਸ ਮੁਸਕਰਾ ਕੇ ਦੱਸਿਆ।
‘‘ਕੋਠੀ-ਝਾੜ।’’ ਮੈਂ ਇਸ ਰੀਤ ਬਾਰੇ ਨਹੀਂ ਸਾਂ ਜਾਣਦਾ। ਅਮਰਇੰਦਰ ਨੂੰ ਕੋਠੀ-ਝਾੜ ਦਾ ਮਾਅਨਾ ਆਉਂਦਾ ਸੀ। ਉਹ ਛੋਹਲੇ ਕਦਮੀਂ ਅੰਦਰ ਗਈ ਤੇ ਤੇਲ ਵਾਲੀ ਸ਼ੀਸ਼ੀ ਚੁੱਕ ਲਿਆਈ। ਸ਼ਗਨਾਂ ਦਾ ਕਾਰਜ ਸੁੱਖ-ਸੁਖਾਂ ਨਾਲ ਨੇਪਰੇ ਚੜ੍ਹਨ ਪਿੱਛੋਂ ਧੀ ਆਪਣੇ ਪੇਕੇ ਘਰ ਖ਼ੁਸ਼ੀ ਸਾਂਝੀ ਕਰਨ ਆਈ ਸੀ। ਉਹਨੇ ਗੇਟ ਦੇ ਦੋਹੀਂ ਪਾਸੀਂ ਤੇਲ ਚੋਇਆ ਤੇ ਬੋਲੀ, ‘‘ਦੀਦੀ। ਤੁਸੀਂ ਕੋਠੀ-ਝਾੜ ਲੈ ਕੇ ਪੇਕੇ ਘਰ ਆਏ ਹੋ। ਕੀ ਧੀ ਪੇਕੇ ਘਰ ਦੇ ਬੂਹੇ ਤੋਂ ਹੀ ਵਾਪਸ ਮੁੜ ਜਾਂਦੀ ਹੁੰਦੀ ਐ।’’
ਡਾਕਟਰ ਟਿਵਾਣਾ ਹੱਸੀ ਤੇ ਲੋਹੇ ਦਾ ਗੇਟ ਟੱਪ ਲਿਆ। ਉਹਦੇ ਨਾਲ ਇੱਕ ਅਣਬੋਲੇ ਰਿਸ਼ਤੇ ਦੀ ਖ਼ੁਸ਼ਬੂ ਵੀ ਅੰਦਰ ਲੰਘ ਆਈ। ਡਾਕਟਰ ਟਿਵਾਣਾ ਨੇ ਬੈਠ ਕੇ ਕੈਰੀ ਬੈਗ ਵਿੱਚੋਂ ਇੱਕ ਸੂਟ ਬਾਹਰ ਕੱਢਿਆ ਤੇ ਅਮਰਇੰਦਰ ਵੱਲ ਕਰ ਦਿੱਤਾ। ‘‘ਗੁੱਡ। ਇਹ ਸੂਟ ਤੇਰੇ ਲਈ ਐ। ਲਿਫ਼ਾਫ਼ੇ ਵਿੱਚ ਜਸਬੀਰ ਦੀ ਪੱਗ ਲਈ ਪੈਸੇ ਨੇ ਤੇ ਐਹ ਮਠਿਆਈ…।’’ ਉਹ ਜਾਣ ਲਈ ਉੱਠ ਕੇ ਖਲੋ ਗਈ, ‘‘ਚੰਗਾ ਜਸਬੀਰ। ਜਿਊਂਦਾ ਰਹੁ ਭਾਈ। …ਚੰਗਾ ਚੰਗਾ ਲਿਖ। ਗੁੱਡ ਨੂੰ ਤੰਗ ਨਾ ਕਰੀਂ। ਜੇ ਮੈਨੂੰ ਪਤਾ ਲੱਗ ਗਿਆ ਤਾਂ…।’’ ਮੈਂ ਹੱਸਿਆ।
‘‘ਕੋਠੀ ਝਾੜ ਲੈ ਕੇ ਆਈ ਕੋਈ ਧੀ ਪੇਕੇ ਘਰੋਂ ਖਾਲੀ ਹੱਥ ਨਹੀਂ ਜਾਂਦੀ ਹੁੰਦੀ।’’ ਅਮਰਇੰਦਰ ਨੇ ਸ਼ਗਨ ਵਜੋਂ ਕੁਝ ਰੁਪਏ ਡਾਕਟਰ ਟਿਵਾਣਾ ਦੀ ਮੁੱਠੀ ਵਿੱਚ ਧਰ ਦਿੱਤੇ।
ਮੈਂ ਸੋਚ ਰਿਹਾ ਸਾਂ, ਉਹ ਕੋਠੀ-ਝਾੜ ਨਾ ਮਠਿਆਈ ਸੀ, ਨਾ ਰੇਸ਼ਮੀ ਸੂਟ। ਉਹ ਕੋਠੀ-ਝਾੜ ਨਿਰ੍ਹੀ ਮੁਹੱਬਤ ਸੀ।
ਰਿਸ਼ਤੇ ਨੇ ਉਸ ਮੁਕਾਮ ਤੱਕ ਪਹੁੰਚਦਿਆਂ ਉਮਰ ਜੇਡਾ ਪੈਂਡਾ ਕਰ ਲਿਆ ਸੀ। ਉਸ ਰਿਸ਼ਤੇ ਦੀ ਮਹੀਨ ਜਿਹੀ ਤੰਦ ਮੇਰੇ ਦੁਆਲੇ ਵੀ ਵਲੀ ਹੋਈ ਸੀ।
ਉਹ ਪਰਤ ਗਈ ਸੀ। ਮੈਂ ਨਮ ਅੱਖਾਂ ਨਾਲ ਉਨ੍ਹਾਬੀ ਕਾਰ ਨੂੰ ਜਾਂਦਿਆਂ ਵੇਖਦਾ ਰਿਹਾ ਸਾਂ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)