Anjamme Baal De Naan (Punjabi Story) : Navtej Singh
ਅਣਜੰਮੇ ਬਾਲ ਦੇ ਨਾਂ (ਕਹਾਣੀ) : ਨਵਤੇਜ ਸਿੰਘ
ਮਾਰਕੋ ਨੇ ਚਾਰ ਮਹੀਨੇ ਹੋਏ ਯਲੇਨਾ ਨਾਲ ਵਿਆਹ ਕਰਾਇਆ ਸੀ। ਕੱਕੇ ਵਾਲਾਂ ਤੇ ਨੀਲੀਆਂ ਡੂੰਘੀਆਂ ਅੱਖਾਂ ਵਾਲੀ ਯਲੇਨਾ, ਜਿਦ੍ਹੇ ਗੀਤਾਂ ਦੀ ਹੇਕ ਮਾਰਕੋ ਦੇ ਖੇਤਾਂ ਉੱਤੇ ਤਰਦੀ ਰਹਿੰਦੀ। ਸਾਰੇ ਪਿੰਡ ਦੇ ਮੁੰਡੇ ਮਾਰਕੋ ਨੂੰ ਰਸ਼ਕ ਨਾਲ ਤੱਕਦੇ, ਤੇ ਸਾਰੇ ਪਿੰਡ ਦੀਆਂ ਮਾਵਾਂ ਆਪਣੇ ਪੁੱਤਰਾਂ ਲਈ ਯਲੇਨਾ ਵਰਗੀ ਵਹੁਟੀ ਲੱਭਣ ਦੀ ਹਸਰਤ ਰੱਖਦੀਆਂ ਸਨ।
ਇਕ ਰਾਤ, ਆਪਣੀ ਪੈਲੀ ਵਿਚ ਨਵੀਂ ਕੱਟੀ ਫ਼ਸਲ ਕੋਲ ਮਾਰਕੋ ਦੀ ਹਿੱਕ ਉੱਤੇ ਸਿਰ ਰੱਖੀ ਯਲੋਨਾ ਲੇਟੀ ਹੋਈ ਸੀ। ਕੂਲੇ ਨਿੱਤਰੇ ਪੁਲਾੜ ਵਿਚ ਇਕ ਨਿੰਮ੍ਹੀ ਜਿਹੀ ਖੁਸ਼ਬੋ ਖਿਲਰੀ ਪਈ ਸੀ। ਯਲੇਨਾ ਕੋਈ ਗੀਤ ਗੌਣ ਲੱਗ ਪਈ—ਦੋ ਪ੍ਰੇਮੀਆਂ ਦੇ ਚੋਰੀ ਮਿਲਣ ਦਾ ਗੀਤ। ਮਾਰਕੋ ਨੂੰ ਇੰਜ ਜਾਪਿਆ ਜਿਵੇਂ ਉਹਦੇ ਗੀਤ ਵਿਚੋਂ ਉਹੀ ਨਿੰਮ੍ਹੀ ਖੁਸ਼ਬੋ ਆ ਰਹੀ ਸੀ, ਤੇ ਉਹੀ ਖੁਸ਼ਬੋ ਉਹਦੀ ਚੰਚਲ ਮੁਸਕਾਨ ਵਿਚੋਂ, ਉਹਦੀਆਂ ਨੀਲੀਆਂ ਡੂੰਘੀਆਂ ਅੱਖਾਂ ਵਿਚੋਂ। ਮਾਰਕੋ ਦੀ ਸਡੌਲ ਛਾਤੀ ਉੱਤੇ ਯਲੇਨਾ ਦੇ ਕੱਕੇ ਕੁੰਡਲ ਅਡੋਲ ਪਏ ਸਨ। ਇਕ ਲਿਟ ਉਹਦੇ ਖੁੱਲ੍ਹੇ ਗਲਮੇ ਅੰਦਰੋਂ ਨਿਕਲੇ ਕਾਲੇ ਸਖਤ ਵਾਲਾਂ ਨੂੰ ਛੂਹ ਰਹੀ ਸੀ।
ਅਚਾਨਕ ਪਿੰਡ ਵੱਲੋਂ ਚੀਕਾਂ, ਤੇ ਟਰੱਕਾਂ ਦਾ ਮਿਲਵਾਂ ਰੌਲਾ ਸੁਣਾਈ ਦਿੱਤਾ। ਕੁਝ ਰੌਸ਼ਨੀਆਂ ਕਾਹਲੀ ਕਾਹਲੀ ਇਧਰ ਉਧਰ ਦੌੜ ਰਹੀਆਂ ਸਨ।
ਉਹਨਾਂ ਦੇ ਦੇਸ ਉੱਤੇ ਇਕ ਵਹਿਸ਼ੀ ਦੁਸ਼ਮਨ ਨੇ ਹਮਲਾ ਕੀਤਾ ਹੋਇਆ ਸੀ, ਤੇ ਅੱਜ ਉਹ ਉਹਨਾਂ ਦੇ ਪਿੰਡ ਵੀ ਆਣ ਪੁੱਜਿਆ ਸੀ।
ਇਸ ਵਹਿਸ਼ੀ ਨੇ ਨਵੀਆਂ ਕੱਟੀਆਂ ਫ਼ਸਲਾਂ ਸਾਂਭ ਲਈਆਂ। ਪੈਲੀਆਂ ਦੀਆਂ ਵੱਟਾਂ ਉੱਤੇ ਬਹਿ ਗੰਵੇਂ ਗੀਤਾਂ ਦੀਆਂ ਵਾਜਾਂ ਦੀ ਥਾਂ ਪਿੰਡ-ਵਾਸੀਆਂ ਦੇ ਸੀਨਿਆਂ ਉੱਤੇ ਦਾਗੀਆਂ ਗੋਲੀਆਂ ਦੇ ਧਮਾਕਿਆਂ ਨੇ ਮੱਲ ਲਈ। ਪੁਲਾੜ ਵਿਚ ਬਰੂਦ ਦੀ ਬੋ ਖਿੱਲਰ ਗਈ। ਪਹਿਲੀਆਂ ਵਿਚ ਪਿੰਡ ਦੇ ਗੱਭਰੂ ਪਿੰਡੋਂ ਬਾਹਰ ਨਾਲ ਦੇ ਸ਼ਹਿਰ ਮੇਲੇ ਤੱਕਣ ਜਾਂਦੇ ਹੁੰਦੇ ਸਨ। ਹੁਣ ਦੁਸ਼ਮਨ ਨੇ ਉਹਨਾਂ ਨੂੰ ਬਰਦੇ ਬਣਾ ਬਣਾ ਆਪਣੇ ਮੁਲਕ ਲਈ ਹਥਿਆਰ ਬਣਾਂਦੇ ਕਾਰਖ਼ਾਨਿਆਂ ਵਿਚ ਘੱਲਣਾ ਸ਼ੁਰੂ ਕਰ ਦਿੱਤਾ, ਤੇ ਕਈਆਂ ਨੂੰ ਬਰਫ਼ ਜੰਮੇ ਮੋਰਚਿਆਂ ਉੱਤੇ ਲੜਦੀ ਆਪਣੀ ਫ਼ੌਜ ਪਿੱਛੇ ਕਮੀਣਾਂ ਦਾ ਕੰਮ ਕਰਨ ਲਈ। ਅਖੀਰ ਮਾਰਕੋ ਨੇ ਪਿੰਡ ਵਿਚ ਬਚ ਰਹੇ ਜਵਾਨ ਮੁੰਡਿਆਂ ਨੂੰ ਇਕੱਠਿਆਂ ਕੀਤਾ। ਸਾਰਿਆਂ ਸਲਾਹ ਕੀਤੀ ਕਿ ਕੱਲ੍ਹ ਮੱਸਿਆ ਦੀ ਰਾਤੇ ਹਨੇਰੇ ਉਹਲੇ ਉਹ ਪਿੰਡ ਦੇ ਉੱਤਰ ਵੱਲ ਜਿਹੜਾ ਪਹਾੜ ਸੀ ਉਧਰ ਨੂੰ ਨੱਠ ਜਾਣਗੇ।
ਰਾਤ ਨੂੰ ਜਦੋਂ ਮਾਰਕੋ ਘਰ ਪਰਤਿਆ ਤਾਂ ਯਲੇਨਾ ਉਹਨੂੰ ਬਰੂਹਾਂ ਵਿਚ ਬੈਠੀ ਉਡੀਕ ਰਹੀ ਸੀ। ਉਹਦੀਆਂ ਗੱਲ੍ਹਾਂ ਤੇ ਅੱਜ ਅਜਿਹੀ ਭਾਅ ਸੀ ਕਿ ਮਾਰਕੋ ਨੂੰ ਜਾਪਿਆ ਜਿਵੇਂ ਕੂਲੇ ਨਿੱਤਰੇ ਪੁਲਾੜ ਵਿਚ ਇਕ ਨਿੰਮ੍ਹੀ ਜਿਹੀ ਖੁਸ਼ਬੋ ਖਿੰਡੀ ਹੋਈ ਸੀ, ਇਕ ਨਿੰਮ੍ਹੀ ਜਿਹੀ ਖੁਸ਼ਬੋ ਜਿਹੜੀ ਯਲੇਨਾ ਦੇ ਗੀਤ ਵਿਚੋਂ ਆ ਰਹੀ ਸੀ, ਤੇ ਉਹਦੀ ਮੁਸਕਣੀ ਵਿਚੋਂ, ਤੇ ਉਹਦੀਆਂ ਅੱਖਾਂ ਵਿਚੋਂ....ਉਹਨੇ ਉਹਦੇ ਕੇਸ ਪਿਆਰ ਨਾਲ ਛੋਹੇ।
ਯਲੇਨਾ ਨੇ ਮਾਰਕੋ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਕਿਹਾ, “ਮਾਰਕੋ, ਸਾਡੇ ਘਰ ਬਾਲ ਹੋਣ ਵਾਲਾ ਏ!” ਤੇ ਉਹਦੀਆਂ ਅੱਖਾਂ ਨਿਉਂ ਗਈਆਂ।
ਮਾਰਕੋ ਨੇ ਉਹਨੂੰ ਜੱਫੀ ਵਿਚ ਕੱਸ ਲਿਆ, ਪਰ ਅੱਜ ਕੱਸ ਕੁਝ ਨਰਮ ਸੀ। ਉਹਨੇ ਉਹਦੇ ਬੁੱਲ੍ਹਾਂ ਨੂੰ ਚੁੰਮਿਆ, ਉਹਦੀਆਂ ਗੱਲ੍ਹਾਂ ਨੂੰ, ਤੇ ਉਹਦੀਆਂ ਨੀਲੀਆਂ ਡੂੰਘੀਆਂ ਅੱਖਾਂ ਤੇ ਉਹਦੇ ਕੱਕੇ ਕੁੰਡਲੇ ਵਾਲਾਂ ਨੂੰ। ਬਾਰੀ ਵਿੱਚੋਂ ਪਹਿਰੇ ਤੇ ਫਿਰਦੀ ਦੁਸ਼ਮਨਾਂ ਦੀ ਗਾਰਦ ਦੇ ਭਾਰੇ ਬੂਟਾਂ ਦਾ ਖੜਕਾ ਆ ਰਿਹਾ ਸੀ।
ਪਿਛਲੇ ਪਹਿਰ ਮਾਰਕੋ ਆਪਣੇ ਬਿਸਤਰੇ ਤੇ ਲੇਟਿਆ ਛੱਤ ਵੱਲ ਨੀਝ ਲਾਈ ਬੋਲਿਆ।
“ਯਲੇਨੀਚਕਾ—ਕੱਲ੍ਹ ਮੱਸਿਆ ਏ ਨਾ?”
“ਹਾਂ...ਕੀ ਏ ਫੇਰ?”
“ਨਹੀਂ, ਕੁਝ ਨਹੀਂ, ਐਵੇਂ ਈ—ਮੈਨੂੰ ਨੀਂਦਰ ਨਹੀਂ ਸੀ ਔਂਦੀ ਪਈ...” ਤੇ ਉਹ ਰੁਕ ਗਿਆ।
ਦੂਜੇ ਦਿਨ ਪਿੰਡ ਦੇ ਬਿਰਧ ਲੋਕਾਂ ਨੇ ਗੱਭਰੂਆਂ ਦੇ ਮੂੰਹਾਂ ਤੇ ਅਨੋਖੀ ਜਿਹੀ ਸੰਜੀਦਗੀ ਤੱਕੀ। ਮੌਤ ਵਰਗੀ ਸੰਜੀਦਗੀ ਤਾਂ ਉਸ ਦਿਨ ਤੋਂ ਈ ਸਭਨਾਂ ਦੇ ਮੂੰਹਾਂ ਉੱਤੇ ਛਾਈ ਰਹਿੰਦੀ ਸੀ, ਜਿੱਦਣ ਪਹਿਲੀ ਵਾਰ ਪਿੰਡ ਦੀਆਂ ਕੰਧਾਂ ਅੰਦਰ ਲਗਾਤਾਰ ਗੋਲੀਆਂ ਚੱਲਦੀਆਂ ਰਹੀਆਂ ਸਨ, ਪਰ ਅੱਜ ਗੱਭਰੂਆਂ ਦੇ ਮੂੰਹਾਂ ਉਤਲੀ ਸੰਜੀਦਗੀ ਕੁਝ ਹੋਰ ਤਰ੍ਹਾਂ ਦੀ ਸੀ, ਜਿਵੇਂ ਮੌਤ ਤੇ ਜ਼ਿੰਦਗੀ ਦੋਵੇਂ ਇਹਦੇ ਵਿਚ ਰਲੇ ਹੋਣ, ਜਿਵੇਂ ਹਨੇਰੇ ਵਿਚ ਚਾਨਣ ਦੀਆਂ ਕੰਬਦੀਆਂ ਕਿਰਨਾਂ ਖਿਲਰਨ ਦਾ ਜਤਨ ਕਰ ਰਹੀਆਂ ਹੋਣ।
ਇਕ ਜਵਾਨ ਮੁੰਡੇ ਨੇ ਦੂਜੇ ਨੂੰ ਪੁੱਛਿਆ, “ਅੱਜ ਮੱਸਿਆ ਦੀ ਰਾਤ ਏ—ਚੇਤੇ ਈ ਨਾ?”
ਤੇ ਦੂਜੇ ਨੇ ਆਖਿਆ, “ਮੈਥੋਂ ਭੁੱਲੀ ਏ!”
ਤੇ ਇੰਜ ਈ ਸਭ ਜਵਾਨ ਮੁੰਡੇ ਸਾਰਾ ਦਿਨ ਇਕ ਦੂਜੇ ਨੂੰ ਪੁੱਛਦੇ-ਦੱਸਦੇ ਰਹੇ ਸਨ।
ਉਨ੍ਹਾਂ ਦੇ ਪਿੰਡ ਦੇ ਉੱਤਰ ਵੱਲ ਜਿਹੜਾ ਪਹਾੜ ਸੀ, ਉਥੇ ਪੁੱਜ ਕੇ ਉਹ ਕਈ ਹੋਰ ਜਵਾਨਾਂ ਵਿਚ ਰਲ ਗਏ ਜਿਹੜੇ ਉਹਨਾਂ ਵਾਂਗ ਈ ਦੁਸ਼ਮਨਾਂ ਬਾਰੇ ਸੋਚਦੇ ਸਨ, ਤੇ ਉਹਨਾਂ ਵਾਂਗ ਈ ਦੁਸ਼ਮਨ ਦੇ ਜੂਲੇ ਹੇਠ ਹੌਂਕਦੇ ਆਪਣੇ ਵਤਨ ਬਾਰੇ, ਤੇ ਜਿਹੜੇ ਛਾਪੇ-ਮਾਰ ਦਸਤਿਆਂ ਵਿਚ ਜਥੇਬੰਦ ਹੋਏ ਹੋਏ ਸਨ। ਉਨ੍ਹਾਂ ਸਭਨਾਂ ਨੇ ਦੁਸ਼ਮਣ ਨਾਲ ਲੜਾਈਆਂ ਲੜੀਆਂ, ਉਹਦਾ ਮਾਲ-ਅਸਬਾਬ ਤਬਾਹ ਕੀਤਾ, ਉਹਦੇ ਸਿਪਾਹੀ ਮਾਰੇ, ਉਹਦੇ ਆਵਾਜਾਈ ਦੇ ਵਸੀਲੇ ਨਕਾਰੇ ਕੀਤੇ, ਤੇ ਕਈ ਵਾਰ ਆਪਣੇ ਗ਼ਦਾਰ ਵਤਨੀਆਂ ਨਾਲ ਵੀ ਉਨ੍ਹਾਂ ਨੂੰ ਲੜਨਾ ਪਿਆ—ਆਪਣੇ ਵਰਗੇ ਹਜ਼ਾਰਾਂ ਕਿਸਾਨਾਂ ਦੀਆਂ ਪੈਲੀਆਂ ਦੇ ਇਕੱਲੇ ਇਕੱਲੇ ਮਾਲਕਾਂ ਦੀ ਭਾੜੇ ਦੀ ਫ਼ੌਜ ਨਾਲ।
ਛਾਪੇ-ਮਾਰ ਸਿਪਾਹੀਆਂ ਦਾ ਵੀ ਨੁਕਸਾਨ ਥੋੜ੍ਹਾ ਨਹੀਂ ਸੀ ਹੁੰਦਾ। ਇਕ ਦਿਨ ਦੁਸ਼ਮਨ ਨਾਲ ਲੜਦਿਆਂ ਲੜਦਿਆਂ ਮਾਰਕੋ ਸਖ਼ਤ ਜ਼ਖ਼ਮੀ ਹੋ ਗਿਆ। ਆਪਣੇ ਫੱਟਾਂ-ਵਿੰਨ੍ਹੇ ਸਰੀਰ ਵਿਚ ਦੁਸ਼ਮਨ ਦੀ ਧਾਤ ਲਈ ਜਦੋਂ ਉਹ ਭੋਂ ਉੱਤੇ ਲੇਟਿਆ ਹੋਇਆ ਸੀ, ਤਾਂ ਉਹਨੂੰ ਪਤਾ ਸੀ ਕਿ ਤ੍ਰਿਪਦੇ ਲਹੂ ਨਾਲ ਉਹਦੀ ਜਿੰਦ ਵੀ ਸਿੰਮਦੀ ਜਾ ਰਹੀ ਸੀ, ਤੇ ਹੁਣ ਉਹਨੂੰ ਕੋਈ ਵੀ ਬਚਾ ਨਹੀਂ ਸਕਣ ਲੱਗਾ। ਉਹ ਆਪਣੇ ਕੋਟ ਦੇ ਬੋਝੇ ਵਿਚੋਂ ਪੈਨਸਿਲ ਦਾ ਇਕ ਟੁਕੜਾ ਤੇ ਕਾਗਜ਼ ਦੀ ਫਾਂਟ ਕੱਢ ਕੇ ਆਪਣੇ ਅਣਜੰਮੇ ਬਾਲ ਵੱਲ ਚਿੱਠੀ ਲਿਖਣ ਲੱਗ ਪਿਆ:
“ਨਿੱਕੀ ਜਿਹੀ ਜਿੰਦੇ! ਕੁੱਖ ਵਿਚ ਕੁੰਡਲੀ ਹੋਈ, ਨਾ ਤੱਕਦੀ, ਨਾ ਸਾਹ ਲੈਂਦੀ, ਕੂਲੀ ਤੇ ਰੂਪ-ਹੀਣ, —ਮੈਂ ਤੈਨੂੰ ਪਰਨਾਮ ਕਰਦਾ ਹਾਂ।
“ਹੁਣ ਤੈਨੂੰ ਓਥੇ ਅਨੋਖੇ ਨਿੱਘ ਵਿਚ ਪਿਆਂ ਕੋਈ ਕਾਹਲ ਨਹੀਂ, ਪਰ ਤੇਰੇ ਜੰਮਣ ਦਾ ਦਿਨ ਨੇੜੇ ਆ ਰਿਹਾ ਏ, ਜਿਸ ਲਈ ਹੁਣ ਤੂੰ ਤਾਕਤ ਇਕੱਠੀ ਕਰ ਰਹੀ ਏਂ। ਤੇਰੀ ਮਾਂ, ਜਿਹਨੂੰ ਮੈਂ ਬਹੁਤ ਪਿਆਰ ਕਰਦਾ ਹਾਂ, ਤੈਨੂੰ ਹੁਣ ਉਹ ਸਭ ਕੁਝ ਦੇ ਰਹੀ ਏ ਜਿਦ੍ਹੀ ਤੈਨੂੰ ਉਸ ਦਿਨ ਤੋਂ ਪਹਿਲਾਂ ਲੋੜ ਏ। ਤੇ ਫੇਰ ਤੇਰੇ ਅੰਦਰ ਕੁਝ ਕਸ਼-ਮ-ਕਸ਼ ਕਰੇਗਾ, ਰੌਸ਼ਨੀ ਲਈ, ਹਵਾ ਲਈ, ਜ਼ਿੰਦਗੀ ਲਈ। ਮੈਂ ਤੇਰੇ ਪਹਿਲੇ ਸਾਹ ਸੁਣਨ ਨੂੰ ਕਿਵੇਂ ਲੋਚਦਾ ਸਾਂ!
“ਬਲਦਿਆਂ ਰੱਖੀਂ, ਪਰ ਆਪਣੇ ਕਾਬੂ ਵਿਚ, ਕਾਮਨਾਵਾਂ ਦੀ ਅੱਗ—ਜਿਹੜੀ ਜਵਾਨ ਸਾਲਾਂ ਦੇ ਲੋਹੇ ਨੂੰ ਆਬ ਦੇਂਦੀ ਏ, ਤੇ ਉਹਦੇ ਵਿਚੋਂ ਮਨੁੱਖੀ ਕਦਰਾਂ ਦੀ ਸੱਚੀ ਟੁਣਕਾਰ ਪੈਦਾ ਕਰਦੀ ਏ। ਇਹਦੀਆਂ ਲਾਟਾਂ ਉੱਠਣ ਦਈਂ, ਤੇ ਏਨੀਆਂ ਸਾਫ਼ ਰੱਖੀਂ ਇਨ੍ਹਾਂ ਲਾਟਾਂ ਨੂੰ ਕਿ ਜਦੋਂ ਤੇਰੇ ਬੁਢਾਪੇ ਦੇ ਸਾਲਾਂ ਵਿਚ ਤੇਰਾ ਕੰਮ ਮੁੱਕਣ ਵਾਲਾ ਹੋਵੇ, ਉਦੋਂ ਤੱਕ ਇਨ੍ਹਾਂ ਦੀ ਲੋਅ ਤੇਰੀਆਂ ਅੱਖਾਂ ਵਿਚ ਹਨੇਰੀ ਚੁਗਾਠ ਵਾਲੀ ਬਾਰੀ ਵਿਚ ਜਗਦੇ ਦੀਵੇ ਵਾਂਗ ਲਿਸ਼ਕਦੀ ਰਹੇ, ਉਨ੍ਹਾਂ ਨੂੰ ਬੁਲਾਂਦੀ ਤੇ ਨਿੱਘ ਦੇਂਦੀ ਜਿਹੜੇ ਰਾਤ ਵਿਚ ਰਾਹ ਭੁੱਲ ਜਾਂਦੇ ਨੇ, ਤੇ ਕਕਰਾ ਜਾਂਦੇ ਨੇ।
“ਕਾਇਮ ਰੱਖੀਂ ਹੈਰਾਨ ਹੋਣ ਦੀ ਸ਼ਕਤੀ, ਲੱਭਣ ਦੇ ਜਾਣਨ ਦੀ ਲਗਨ, ਤੇ ਦੂਰ ਦਿਸ-ਹੱਦੇ ਤੇ ਟਿਕੀਆਂ ਅੱਖਾਂ—ਇਹ ਤੇਰੀ ਚਿਰੰਜੀਵਤਾ ਦੇ ਇਕਰਾਰ ਨੇ। ਤੂਫ਼ਾਨਾਂ ਵਿਚੋਂ ਲੰਘੀ, ਪਰ ਆਪਣਾ ਦਿਲ ਇਨ੍ਹਾਂ ਤੋਂ ਉੱਤੇ, ਸੂਰਜਾਂ ਤਾਰਿਆਂ ਤੇ ਜੋੜੀ ਰੱਖੀਂ। ਦੁਨੀਆਂ ਵਿਚ ਇਕੋ ਅਟੱਲ ਕਾਨੂੰਨ ਏ: ‘ਹਨ੍ਹੇਰਿਆਂ ਪਿੱਛੋਂ ਸਦਾ ਪਹੁ ਫੁੱਟਦੀ ਹੈ’।”
“ਡਰ ਤੋਂ ਕਦੇ ਨਾ ਸ਼ਰਮਾਈਂ, ਕਦੇ ਇਹਨੂੰ ਲੁਕਾਈਂ ਨਾ, ਇਹਨੂੰ ਜਿੱਤੀਂ। ਜਦੋਂ ਤੂੰ ਦੂਜਿਆਂ ਨੂੰ ਇੰਝ ਭੰਬਲ-ਭੂਸਿਆਂ ਵਿਚ ਪਈ ਦੁਨੀਆਂ ਤੋਂ ਨਿਰਾਸ ਹੁੰਦਿਆਂ ਤੱਕੇਂ ਤਾਂ ਕਦੇ ਦਿਲ ਨਾ ਛੱਡੀਂ। ਸਦਾ ਹਨੇਰੇ ਦੀਆਂ ਹੱਦਾਂ ਉੱਤੇ ਚਾਨਣ ਹੁੰਦਾ ਏ, ਉਹਦੇ ਵੱਲ ਸੰਗਰਾਮ ਕਰੀਂ, ਸੋਚੀਂ, ਨਿਰਨਾ ਕਰੀਂ, ਤੇ ਅਮਲ ਕਰੀਂ। ਆਪਣੇ ਦਿਲ ਤੇ ਦਿਮਾਗ ਵਿਚਕਾਰ ਵਹਿੰਦੇ ਸੋਚਾਂ ਤੇ ਅਹਿਸਾਸਾਂ ਦੇ ਵਹਿਣ ਨੂੰ ਕਦੇ ਨਾ ਰੋਕੀਂ।
“ਜਿਉਂ ਜਿਉਂ ਅੱਗੇ ਵਧੀਂ ਉਸ ਤੋਂ ਜਾਣੂ ਰਹੀਂ ਜੋ ਤੇਰੇ ਪਿੱਛੇ ਸੀ। ਮੈਨੂੰ ਬੜੀ ਸ਼ਰਮ ਏ ਕਿ ਮੈਂ ਤੇਰੇ ਲਈ ਬਲੀਆਂ ਬੁਝੀਆਂ ਉਮੀਦਾਂ ਦੀ ਦੁਨੀਆਂ ਛੱਡ ਚੱਲਿਆ ਹਾਂ, ਗ਼ਲਤੀਆਂ ਉੱਤੇ ਗ਼ਲਤੀਆਂ ਨਾਲ ਉਲਝੀ ਹੋਈ ਦੁਨੀਆਂ, ਦੁਨੀਆਂ ਜਿਦ੍ਹੇ ਵਿਚ ਡੁੱਲ੍ਹੀ ਰੱਤ ਦੀਆਂ ਅਣਗਿਣਤ ਛੱਪੜੀਆਂ ਨੇ। ਮੈਨੂੰ ਮੁਆਫ਼ ਕਰ ਦਈਂ। ਬੀਤੇ ਦੀਆਂ ਗ਼ਲਤੀਆਂ ਨੂੰ ਸਮਝੀਂ ਪਰ ਅਗਾਂਹ ਤੱਕੀਂ, ਔਣ ਵਾਲੀ ਨਿੱਖਰੀ ਪ੍ਰਭਾਤ ਵੱਲ, ਤੇ ਭਵਿੱਖ ਦੀ ਪੌੜੀ ਦੇ ਡੰਡੇ ਲੱਭੀਂ।
“ਜ਼ਿੰਦਗੀ ਨੂੰ ਪਿਆਰ ਕਰੀਂ ਪਰ ਮੌਤ ਦੇ ਭੈ ਤੋਂ ਛੁਟਕਾਰਾ ਪਾ ਲਈਂ। ਅਣਪਿਆਰੀ ਜ਼ਿੰਦਗੀ ਗੁਆਚ ਜਾਂਦੀ ਏ, ਪਰ ਕਈ ਘੜੀਆਂ ਅਜਿਹੀਆਂ ਹੁੰਦੀਆਂ ਨੇ ਜਦੋਂ ਮਨੁੱਖ ਲਈ ਮਰਨਾ ਈ ਸਭ ਤੋਂ ਚੰਗੀ ਗੱਲ ਹੁੰਦੀ ਏ।
“ਨਿੱਕੀਆਂ ਚੀਜ਼ਾਂ ਵਿਚੋਂ ਖ਼ੁਸ਼ੀਆਂ ਲਈਂ… ਬਰਫ਼ ਦਾ ਇਕ ਗੋਹੜਾ, ਘਾਹ ਦੀ ਇਕ ਤਿੜ, ਝਾੜੀ ਦੀਆਂ ਟਹਿਣੀਆਂ ਵਿਚਾਲਿਓਂ ਵਲੀ ਵੇਲ, ਪੰਛੀਆਂ ਦੀਆਂ ਖੰਭੜੀਆਂ ਦੀ ਲੂਈਂ, ਗੋਗੀ ਦੇ ਪੱਤਿਆਂ ਤੇ ਪਈ ਤ੍ਰੇਲ, ਮੁਟਿਆਰ ਦਾ ਹਾਸਾ। ਇਹ ਸਭ ਸੂਰਜੀ ਚਾਨਣੇ, ਗੱਜਦੇ ਤੂਫ਼ਾਨਾਂ, ਹਵਾਵਾਂ, ਚੌੜੇ ਸਮੁੰਦਰਾਂ ਵਿਚ ਉੱਠਦੀਆਂ ਛੱਲਾਂ ਤੇ ਸੂਰਮਿਆਂ ਦੀ ਮਹਾਨਤਾ ਜਿੱਡੇ ਈ ਵੱਡੇ ਨੇ। ਬੀਜ ਦੀ ਚੁੱਪ ਵਿਚ ਕੋਈ ਅਨੋਖਾ ਜਾਦੂ ਏ…”
ਮਾਰਕੋ ਦੀਆ ਅੱਖਾਂ ਵਿਚੋਂ ਜੋਤ ਮੁੱਕਦੀ ਜਾ ਰਹੀ ਸੀ, ਉਹਦੀਆਂ ਉਂਗਲਾਂ ਸੁੰਨ ਹੋ ਚੁੱਕੀਆਂ ਸਨ, ਤੇ ਉਹ ਅਣਜੰਮੇ ਬਾਲ ਵੱਲ ਚਿੱਠੀ ਨਾ ਮੁਕਾ ਸਕਿਆ। ਕਾਗਜ਼ ਦੇ ਹੇਠਲੇ ਸਿਰੇ ਤੇ ਉਹਨੇ ਟੇਢੀਆਂ ਲੀਕਾਂ ਵਿਚ ਧਰੂਇਆ।
“ਮਿਹਰਬਾਨੀ ਕਰਕੇ ਇਹ ਚਿੱਠੀ ਮੇਰੀ ਪਤਨੀ ਯਲੇਨਾ ਨੂੰ ਪੁਚਾ ਦੇਣੀ।”
ਤੇ ਉਹਨੇ ਚਿੱਠੀ ਆਪਣੀ ਗੱਲ੍ਹ ਹੇਠਾਂ ਰੱਖ ਦਿੱਤੀ, ਤਾਂ ਜੋ ਹਵਾ ਇਹਨੂੰ ਉਡਾ ਨਾ ਲਿਜਾਏ।
ਜਦੋਂ ਉਹਦੇ ਕੁਝ ਸਾਥੀਆਂ ਨੂੰ ਮਾਰਕੋ ਮਰਿਆ ਪਿਆ ਲੱਭਿਆ, ਤਾਂ ਉਨ੍ਹਾਂ ਉਹਦੀ ਗੱਲ੍ਹ ਹੇਠ ਪਈ ਚਿੱਠੀ ਪੜ੍ਹੀ। ਹਰ ਇਕ ਨੇ ਕਿਹਾ, “ਇਹ ਤਾਂ ਉਹੀ ਹੈ ਜੋ ਮੈਂ ਆਪਣੇ ਬਾਲ ਨੂੰ ਆਖਣਾ ਚਾਹਾਂਗਾ।” ਉਨ੍ਹਾਂ ਸਾਰਿਆਂ ਨੇ ਉਸ ਚਿੱਠੀ ਦਾ ਉਤਾਰਾ ਕਰ ਲਿਆ, ਤੇ ਹਰ ਇਕ ਇਹ ਚਿੱਠੀ ਆਪਣੀ ਹਿੱਕ ਨਾਲ ਉਸ ਦਿਨ ਤਕ ਲਾਈ ਫਿਰਿਆ ਜਿਦਨ ਤਕ ਉਹ ਜਿਉਂਦਾ ਰਿਹਾ। ਜਦੋਂ ਕੋਈ ਮਰ ਜਾਂਦਾ, ਤੇ ਮਰਿਆ ਪਿਆ ਹੋਰਨਾਂ ਸਾਥੀਆਂ ਨੂੰ ਲੱਭਦਾ ਤਾਂ ਉਹ ਉਹਦੀ ਇਸ ਚਿੱਠੀ ਦਾ ਉਤਾਰਾ ਕਰ ਲੈਂਦੇ। …ਤੇ ਹਰ ਛਾਪੇ-ਮਾਰ ਸਿਪਾਹੀ, ਇਹ ਚਿੱਠੀ ਆਪਣੀ ਹਿੱਕ ਨਾਲ ਲਾਈ, ਇਹਨੂੰ ਦੁਸ਼ਮਨ ਦੀਆਂ ਗੋਲੀਆਂ ਤੋਂ ਬਚਾਂਦਾ ਲੜਦਾ ਰਿਹਾ।
ਜਦੋਂ ਛਾਪੇ-ਮਾਰਾਂ ਨੇ ਦੁਸ਼ਮਨ ਕੋਲੋਂ ਮਾਰਕੋ ਦਾ ਪਿੰਡ ਛੁਡਾਇਆ ਤਾਂ ਉਹਦਾ ਪਿੰਡ ਸੜ ਕੇ ਸੁਆਹ ਹੋ ਚੁੱਕਿਆ ਸੀ। ਪਿੰਡ ਦੇ ਬਹੁਤ ਸਾਰੇ ਵਾਸੀ ਮਰ ਚੁੱਕੇ ਸਨ। ਕੱਕੇ ਕੁੰਡਲੇ ਵਾਲਾਂ ਵਾਲੀ ਯਲੇਨਾ ਵੀ ਮਰ ਚੁੱਕੀ ਸੀ।
ਮਾਰਕੋ ਦੀ ਚਿੱਠੀ ਯਲੇਨਾ ਕੋਲ ਕਦੇ ਨਾ ਪੁੱਜ ਸਕੀ। ਮਾਰਕੋ ਦਾ ਬਾਲ ਕਦੇ ਨਾ ਜੰਮਿਆ। ਪਰ ਉਹਦੇ ਵੱਲ ਲਿਖੀ ਚਿੱਠੀ ਆਜ਼ਾਦੀ ਦੇ ਅਨੇਕਾਂ ਸਿਪਾਹੀਆਂ ਦੇ ਬਾਲ ਪੜ੍ਹਨਗੇ, ਤੇ ਕਿਸੇ ਦਿਨ ਨਿੱਖਰੀ ਪ੍ਰਭਾਤ ਸਾਰੀ ਧਰਤੀ ਉੱਤੇ ਖਿੱਲਰ ਜਾਏਗੀ, ‘ਦੁਨੀਆਂ ਵਿਚ ਇਕੋ ਅਟੱਲ ਕਾਨੂੰਨ ਏ: ਹਨੇਰਿਆਂ ਪਿੱਛੋਂ ਸਦਾ ਪਹੁ ਫੁੱਟਦੀ ਹੈ।’
[1945]
ਇਸ ਕਹਾਣੀ ਵਿਚ ਯੋਗੋਸਲਾਵੀਆ ਦੇ ਇਕ ਛਾਪੇਮਾਰ ਸਿਪਾਹੀ ਦੀ ਅਸਲੀ ਚਿੱਠੀ ਵਰਤੀ ਗਈ ਹੈ।