Ann Te Sufna (Punjabi Story) : Navtej Singh

ਅੰਨ ਤੇ ਸੁਫ਼ਨਾ (ਕਹਾਣੀ) : ਨਵਤੇਜ ਸਿੰਘ

ਦਾਰਾ ਛੇ ਵਰ੍ਹਿਆਂ ਤੋਂ ਹਾੜ ਸਿਆਲ ਰਿਕਸ਼ਾ ਵਾਂਹਦਾ ਸੀ—ਪਰ ਏਦੂੰ ਪਹਿਲਾਂ ਉਹਨੇ ਏਨੀ ਸੰਘਣੀ ਧੁੰਦ ਕਦੇ ਨਹੀਂ ਸੀ ਵੇਖੀ।

ਧੁੰਦ ਵਿਚ ਰਾਹ ਗੁਆਚੇ ਹੋਏ ਸਨ। ਤਿੰਨ ਰਿਕਸ਼ਿਆਂ ਦੀ ਵਿੱਥ ਤੋਂ ਬੰਦਾ ਨਹੀਂ ਸੀ ਦਿਸਦਾ; ਘੰਟਾ-ਘਰ ਨੇ ਭਾਵੇਂ ਨੌਂ ਕਦੋਂ ਦੇ ਖੜਕਾ ਦਿਤੇ ਹੋਏ ਸਨ।

ਦਾਰੇ ਨੇ ਪਾਏਦਾਨ ਵਲ ਲਮਕਦਾ ਇਕ ਤੋੜਾ ਆਪਣੀ ਰਿਕਸ਼ਾ ਵਿਚੋਂ ਚੁਕ ਕੇ ਵਲ੍ਹੇਟ ਲਿਆ, ਤੇ ਸੀਟ ਦੇ ਥੱਲੇ ਵਾਲੇ ਰਖਣੇ ਵਿਚ ਪਾ ਦਿੱਤਾ। ਆਟਾ ਪੁਆਣਾ ਸੀ ਏਸ ਵਿਚ— ਐਵੇਂ ਪੈਰਾਂ ਥੱਲੇ ਆਂਦਾ ਰਹੇਗਾ।

ਮਾਂ ਨੇ ਘਰੋਂ ਨਿਕਲਦਿਆਂ ਇਹ ਦਿੱਤਾ ਸੀ ਤੇ ਨਾਲੇ ਡੀਪੂ ਦਾ ਰਾਸ਼ਨ ਕਾਰਡ, “ਡੀਪੂ ਦਾ ਵੇਲਾ ਨਾ ਖੁੰਝਾਈਂ, ਭਾਵੇਂ ਦਿਹਾੜ ਭੰਨਣੀ ਹੀ ਪਏ। ਘਰ ਬੁਕ ਆਟਾ ਨਹੀਂ, ਤੇ ਮਸ਼ੀਨ ਵਾਲਾ ਰੁਪਏ ਦਾ ਡੂਢ ਸੇਰ ਦੇਂਦਾ ਈ।”

ਉਹਨੂੰ ਕਰੀਚ ਜਿਹੀ ਆਈ—ਪਾਸ਼ੋ, ਉਹ ਗਸ਼ਤੀ, ਆਪਣੇ ਪੈਰਾਂ ਥੱਲੇ ਇਹ ਤੋੜਾ ਮਿਧਦੀ ਰਹੀ ਸੀ। ਪਾਸ਼ੋ ਆਪਣੀ ਉੱਚੀ ਅੱਡੀ ਵਾਲੀ ਗੁਰਗਾਬੀ ਏਸ ਉਤੇ ਠੋਕ ਕੇ ਰਿਕਸ਼ੇ ਤੋਂ ਲੱਥੀ ਸੀ। ਸਵੇਰੇ ਸਵੇਰੇ ਕਿਸੇ ਮਾਰ ਤੋਂ ਪਰਤੀ ਸੀ ਉਹ। ਪਤਾ ਨਹੀਂ ਕਿਹੋ ਜਿਹਾ ਚਿੱਕੜ ਲਗਿਆ ਹੋਣਾ ਏਂ, ਉਹਦੀਆਂ ਅੱਡੀਆਂ ਨੂੰ...

ਕਿਹੋ ਜਿਹੀ ਧੁੰਦ, ਤੇ ਕਿਹੋ ਜਿਹੀ ਬੋਹਣੀ! ਇਨ੍ਹਾਂ ਵਿਚੋਂ ਕਿਸੇ ਇਕ ਕਰ ਕੇ, ਉਹਨੂੰ ਸਵਾਰੀ ਨਹੀਂ ਸੀ ਲੱਭ ਰਹੀ। ਪੌਣੇ ਘੰਟੇ ਤੋਂ ਉਹ ਇਥੇ ਹੀ ਖੜੋਤਾ ਸੀ।

ਰਿਕਸ਼ਾ ਤੋਂ ਉਤਰ ਕੇ, ਉੱਚੀ ਅੱਡੀ ਉਤੇ ਝੋਲੇ ਖਾਂਦੀ ਪਾਸ਼ੋ ਨੇ ਜਦੋਂ ਦਾਰੇ ਨੂੰ ਰੁਪਏ ਦਾ ਨੋਟ ਫੜਾਇਆ ਸੀ (ਪਾਸ਼ੋ ਦੇ ਨਹੁੰਆਂ ਉਤੇ ਲਾਲ ਰੰਗ ਲੱਗਾ ਹੋਇਆ ਸੀ), ਓਦੋਂ ਨਿਤ ਵਾਂਗ ਬੋਹਣੀ ਦੀ ਕਮਾਈ ਨੂੰ ਚੁੰਮਣ ਲਈ ਦਾਰਾ ਇਹ ਨੋਟ ਆਪਣੇ ਬੁਲ੍ਹਾਂ ਤੱਕ ਤਾਂ ਲੈ ਗਿਆ ਸੀ—ਪਰ ਫੇਰ ਕਰੀਚ ਜਿਹੀ ਨਾਲ ਉਹਨੇ ਨੋਟ ਵਾਲਾ ਹੱਥ ਹੇਠਾਂ ਲੈ ਆਂਦਾ ਸੀ।

ਤੇ ਉਹ ਜਿੰਨਾਂ ਚਿਰ ਪਾਸ਼ੋ ਨੂੰ ਭਾਨ ਦੇਣ ਲਈ ਪੈਸੇ ਲਭਦਾ ਰਿਹਾ ਸੀ—ਉਹਨੂੰ ਪਾਸ਼ੋ ਦੇ ਰੰਗੇ ਹੋਏ ਬੁਲ੍ਹ ਦਿਸਦੇ ਰਹੇ… ਤੇ ਉਹਨੂੰ ਝਾਉਲਾ ਜਿਹਾ ਪਿਆ—ਇਕ ਮਰਦ ਇਹ ਨੋਟ ਪਾਸ਼ੋ ਦੇ ਬੁਲ੍ਹਾਂ ਉਤੇ ਰੱਖ ਰਿਹਾ ਸੀ…ਤੇ ਫੇਰ ਉਹ ਮਰਦ ਏਸ ਨੋਟ ਉਤੇ ਆਪਣੇ ਬੁਲ੍ਹ ਜੋੜ ਰਿਹਾ ਸੀ...ਤੇ ਨੋਟ ਪਾਸ਼ੋ ਨੇ ਲੈ ਕੇ ਆਪਣੀ ਕਮੀਜ਼ ਦੇ ਗਲਮੇ ਥੱਲੇ ਆਪਣੀ ਚੋਲੀ ਵਿਚ ਰੱਖ ਲਿਆ ਸੀ...ਤੇ ਉਸ ਮਰਦ ਦੇ ਬੁਲ੍ਹ ਪਾਸ਼ੋ ਦੇ ਬੁਲ੍ਹਾਂ ਨਾਲ ਚੰਬੜ ਗਏ ਸਨ, ਚੰਬੜੇ ਰਹੇ ਸਨ...

ਘੱਟੋ ਘੱਟ ਇਕ ਅਜਿਹਾ ਨੋਟ ਹੋਰ ਉਹਨੂੰ ਅੱਜ ਆਟੇ ਲਈ ਚਾਹੀਦਾ ਸੀ।— ਤੇ ਹਾਲੀ ਉਹਨੇ ਰਿਕਸ਼ਾ ਦੇ ਮਾਲਕ ਨੂੰ ਭਾੜਾ ਵੀ ਦੇਣਾ ਸੀ।

ਕਿਹਾ ਘਿਨੌਣਾ ਮੂੰਹ ਸੀ ਰਿਕਸ਼ਾ ਦੇ ਮਾਲਕ ਦਾ—ਜਿਹੋ ਜਿਹਾ ਮੂੰਹ ਹੁਣੇ ਉਹਨੇ ਝਾਉਲੇ ਵਿਚ ਵੇਖਿਆ ਸੀ, ਪਾਸ਼ੋ ਦੇ ਬੁਲ੍ਹਾਂ ਨੂੰ ਚੰਬੜਨ ਵਾਲੇ ਦਾ ਮੂੰਹ। ਪਤਾ ਨਹੀਂ ਕਿਉਂ ਉਹ ਮੂੰਹ ਰਿਕਸ਼ਾ ਦੇ ਮਾਲਕ ਨਾਲ ਇਨ-ਬਿਨ ਰਲਦਾ ਸੀ। ਜਿਵੇਂ ਇਹ ਦੋਵੇਂ ਮੂੰਹ ਇਕੋ ਨਹੀਂ ਤਾਂ ਘੱਟੋ ਘੱਟ ਇਕੋ ਮਾਂ ਦੇ ਪੁੱਤਰਾਂ ਦੇ ਤਾਂ ਜ਼ਰੂਰ ਸਨ...ਦਾਰੇ ਨੇ ਆਪਣੇ ਆਪ ਨੂੰ ਕੋਸਿਆ; ਰਾਤੀਂ ਉਨ੍ਹਾਂ ਦੇ ਘਰ ਰੋਟੀ ਨਹੀਂ ਸੀ ਪੱਕੀ—ਸ਼ੈਦ ਭੁੱਖ ਅਜਿਹੇ ਛਲਾਵੇ ਉਹਨੂੰ ਵਿਖਾ ਰਹੀ ਸੀ।

ਏਨੀ ਸੰਘਣੀ ਧੁੰਦ ਉਹਨੇ ਕਦੇ ਨਹੀਂ ਸੀ ਵੇਖੀ, ਤੇ ਏਨੀ ਮਹਿੰਗਾਈ ਵੀ ਕਦੇ ਨਹੀਂ।

ਉਹਦਾ ਬਾਪੂ ਦੱਸਦਾ ਹੁੰਦਾ ਸੀ ਕਿ ਦੂਜੀ ਲਾਮ ਦੇ ਦਿਨੀਂ ਵੀ ਇਕ ਵਾਰ ਆਟਾ ਰਾਸ਼ਨ ਕਾਰਡਾਂ ਨਾਲ ਮਿਲਣ ਲਗ ਪਿਆ ਸੀ—ਪਰ ਓਦੋਂ ਦੀ ਦਾਰੇ ਨੂੰ ਕੋਈ ਸੰਭਾਲ ਨਹੀਂ ਸੀ। ਓਦੋਂ ਤੇ ਲਾਮ ਸੀ, ਸਾਰੀ ਦੁਨੀਆਂ ਵਿਚ ਕਿੰਨੀਆਂ ਪੈਲੀਆਂ ਵਿਹਲੀਆਂ ਪਈਆਂ ਰਹੀਆਂ ਹੋਣਗੀਆਂ! ਕਿੰਨੀਆਂ ਪੈਲੀਆਂ ਮੁਰਦੇ ਦਬਾਣ ਲਈ ਵਰਤੀਆਂ ਜਾਂਦੀਆਂ ਹੋਣਗੀਆਂ! ਕਰੋੜਾਂ ਜਿਹੜੇ ਵਾਹ ਬੀਜ ਸਕਦੇ ਸਨ, ਉਨ੍ਹਾਂ ਦੇ ਇਕ ਦੂਜੇ ਨਾਲ ਸਿੰਗ ਭਿੜਾ ਦਿੱਤੇ ਸਨ, ਤੇ ਅਜਿਹੇ ਕਰੋੜਾਂ ਢਿੱਡਾਂ ਨੂੰ ਝੁਲਕਾ ਦੇਣ ਲਈ ਪਤਾ ਨਹੀਂ ਕਿੰਨਾ ਅੰਨ ਢੋਣਾ ਪਿਆ ਹੋਣਾ ਏਂ! ਨਾਲੇ ਓਦੋਂ ਫਰੰਗੀਆਂ ਦਾ ਰਾਜ ਸੀ—ਉਨ੍ਹਾਂ ਨੂੰ ਸਾਡਾ ਕੀ ਹੇਜ!

ਪਰ ਹੁਣ ਤੇ ਕੋਈ ਲਾਮ ਨਹੀਂ ਸੀ। ਅਮਨ-ਅਮਾਨ ਸੀ। ਜਿਵੇਂ ਸਿਨਮੇ ਤੇ ਬੀੜੀਆਂ ਦੀ ਇਸ਼ਤਿਹਾਰਬਾਜ਼ੀ ਹੁੰਦੀ ਹੈ, ਢੋਲ ਢਮੱਕੇ ਨਾਲ ਮੁਨਿਆਦੀ ਹੁੰਦੀ ਹੈ—ਉਸ ਤਰ੍ਹਾਂ ਦਾ ਕਈ ਕੁਝ ਅੰਨ ਉਪਜਾਣ ਬਾਰੇ ਪਿੱਛੇ ਸਾਡੀ ਸਰਕਾਰ ਨੇ ਕੀਤਾ ਸੀ, ਸਕੂਲ ਦੇ ਮੁੰਡਿਆਂ ਨੇ ਜਲੂਸ ਕੱਢੇ ਸਨ...ਅੰਨ...ਹੋਰ ਅੰਨ!

ਕੱਲ੍ਹ ਇਕ ਸਵਾਰੀ ਕਹਿੰਦੀ ਸੀ, “ਐਤਕੀਂ ਸਿਆਲ ਵਿਚ ਵੀ ਚੁਮਾਸਾ ਲਗਾ ਰਿਹਾ ਏ! ਪਹਿਲਾਂ ਤਾਂ ਮੀਂਹ ਨਹੀਂ ਬੰਦ ਹੁੰਦੇ। ਫੇਰ ਧੁੰਦ ਹੀ ਖਹਿੜਾ ਨਹੀਂ ਛੱਡਦੀ। ਇਸ ਸਭ ਦੀ ਵਜਾਹ ਨਵੀਂ ਲਾਮ ਦੀ ਤਿਆਰੀ ਏ। ਐਟਮ ਬੰਬਾਂ ਦੀ ਟਰਾਈ ਹੋ ਰਹੀ ਏ। ਇਨ੍ਹਾਂ ਬੰਬਾਂ ਦੀਆਂ ਗੈਸਾਂ ਨੇ ਰੱਬ ਦੇ ਨੇਮ ਉਲਟਾ ਪੁਲਟਾ ਦਿੱਤੇ ਨੇ”

ਤੇ ਪਤਾ ਨਹੀਂ ਕੋਈ ਲਾਮ ਲਗਣ ਵਾਲੀ ਹੋਏ। ਧੁੰਦ ਵੀ ਲਾਮ ਕਰਕੇ, ਤੇ ਇਹ ਮਹਿੰਗਾਈ ਵੀ ਲਾਮ ਕਰਕੇ…… ਪਰ ਕਿਥੇ ਲਾਮ?...

ਦਾਰੇ ਨੂੰ ਇਕ ਤੀਵੀਂ, ਇਕ ਮਰਦ ਤੇ ਦੋ ਬੱਚੇ ਆਪਣੇ ਵੱਲ ਆਉਂਦੇ ਦਿਸੇ।

“ਕੰਪਨੀ ਬਾਗ ਚਲਣਾ ਏਂ, ਵੀਰ ਰਿਕਸ਼ੇ ਵਾਲਿਆ,” ਤੇ ਦਾਰੇ ਦੀ ਰਿਕਸ਼ਾ ਵਿਚ ਉਹ ਜੋੜਾ ਆਪਣੇ ਬੱਚਿਆਂ ਸਣੇ ਬਹਿ ਗਿਆ।

ਧੁੰਦ ਨੂੰ ਸੂਰਜ ਦੇ ਨੇਜ਼ੇ ਵਿੰਨ੍ਹ ਰਹੇ ਸਨ। ਜਦੋਂ ਉਹਦਾ ਰਿਕਸ਼ਾ ਬਾਗ਼ ਵਿਚ ਅਪੜਿਆ—ਧੁੰਦ ਹਟ ਚੁੱਕੀ ਸੀ, ਤੇ ਬਾਗ ਵਿਚ ਹਸੂੰ-ਹਸੂੰ ਕਰਦਾ ਦਿਨ ਲਗਾ ਹੋਇਆ ਸੀ।

ਬਾਗ਼ ਵਿਚ ਪੁਜ ਕੇ ਸਵਾਰੀਆਂ ਉਤਰ ਗਈਆਂ। ਉਸ ਆਦਮੀ ਨੇ ਉਹਨੂੰ ਦਸਤੂਰੀ ਭਾੜੇ ਨਾਲੋਂ ਕੁਝ ਵਧ ਦਿੱਤਾ। ਭਾਵੇਂ ਇਹ ਬੋਹਣੀ ਦੇ ਪੈਸੇ ਨਹੀਂ ਸਨ ਪਰ ਅਣਜਾਣਿਆਂ ਹੀ ਉਹਨੇ ਇਨ੍ਹਾਂ ਪੈਸਿਆਂ ਨੂੰ ਚੁੰਮਿਆ...ਤੇ ਉਹਨੂੰ ਉਨ੍ਹਾਂ ਦੋ ਬੱਚਿਆਂ ਦੀ ਮਹਿਕ ਆਈ, ਜਿਹੜੇ ਸਾਰੀ ਵਾਟ ਉਹਦੀ ਰਿਕਸ਼ਾ ਉਤੇ ਆਪਣੇ ਮਾਂ-ਪਿਓ ਦੀ ਗੋਦ ਵਿਚ ਅਡੋਲ ਟਿਕੇ ਰਹੇ ਸਨ, ਤੇ ਹੁਣੇ ਉਤਰ ਕੇ ਬਾਗ ਵਿਚ ਚੁੰਗੀਆਂ ਭਰ ਰਹੇ ਸਨ...ਦੋ ਫੁੱਲ, ਦੋ ਤਿਤਲੀਆਂ... ....।

ਦਾਰੇ ਦਾ ਜੀਅ ਓਥੋਂ ਜਾਣ ਤੇ ਨਾ ਕੀਤਾ। ਉਹ ਏਸ ਜੋੜੇ ਵਲ ਤੇ ਇਨ੍ਹਾਂ ਦੋ ਤਿਤਲੀਆਂ ਵਲ ਨੀਝ ਲਾਈ ਵੇਖੀ ਜਾ ਰਿਹਾ ਸੀ।

ਜਦੋਂ ਸਵੇਰੇ ਉਹਦੀ ਪਹਿਲੀ ਸਵਾਰੀ, ਉਹ ਪਾਸ਼ੋ, ਉਤਰੀ ਸੀ ਤਾਂ ਦਾਰੇ ਨੂੰ ਕਰੀਚ ਆਈ ਸੀ। ਤੇ ਓਦੋਂ ਇਕ ਨਾਮੁਰਾਦ ਧੁੰਦ ਨੇ ਉਹਨੂੰ ਸਾਰੇ ਨੂੰ ਗਲੇਫ ਲਿਆ ਸੀ।

ਤੇ ਹੁਣ ਜਦੋਂ ਇਹ ਜੋੜਾ ਤੇ ਇਹ ਬੱਚੇ ਉੱਤਰੇ ਸਨ, ਉਹਨੂੰ ਜਾਪਿਆ ਸੀ ਇਨ੍ਹਾਂ ਦੀ ਖੁਸ਼ੀ ਦਾ ਸੂਰਜ ਉਹਦੇ ਅੰਦਰ ਦੀ ਧੁੰਦ ਨੂੰ ਵਿੰਨ੍ਹ ਰਿਹਾ ਸੀ, ਤੇ ਉਹਦਾ ਸਰੀਰ ਇਹਦੇ ਕੂਲੇ ਚਾਨਣ ਵਿਚ ਨਿਸਲ ਹੁੰਦਾ, ਖਿੜਦਾ ਜਾ ਰਿਹਾ ਸੀ।

ਇਹ ਕੰਪਨੀ ਬਾਗ ਵਿਚ ਸੈਰ ਕਰਨ ਦਾ ਵੇਲਾ ਨਹੀਂ ਸੀ—ਨਾ ਹੀ ਅੱਜ ਕੋਈ ਦਿਨ ਦਿਹਾਰ ਸੀ। ਉਹਨੇ ਇਸ ਜੋੜੇ ਦੀਆਂ ਰਿਕਸ਼ਾ ਵਿਚ ਬੈਠਿਆਂ ਗੱਲਾਂ ਸੁਣੀਆਂ ਸਨ। ਉਹ ਮਰਦ ਕਿਸੇ ਦੁਰਾਡੇ ਸ਼ਹਿਰ ਵਿਚ ਨੌਕਰ ਸੀ। ਆਪਣੀ ਵਹੁਟੀ ਤੇ ਬੱਚਿਆਂ ਸਣੇ ਉਹ ਘਰ ਛੁੱਟੀ ਜਾ ਰਿਹਾ ਸੀ। ਰਾਹ ਵਿਚ ਇਥੋਂ ਗੱਡੀ ਬਦਲਣੀ ਸੀ। ਤਿੰਨਾਂ ਘੰਟਿਆਂ ਨੂੰ ਉਨ੍ਹਾਂ ਦੀ ਗੱਡੀ ਚਲਣੀ ਸੀ। ਉਹ ਸਟੇਸ਼ਨ ਉਤੇ ਹੀ ਸਮਾਨ ਰੱਖ ਕੇ ਬਾਗ ਦੀ ਸੈਰ ਲਈ ਆ ਗਏ ਸਨ।

ਮਰਦ ਨੇ ਰਿਕਸ਼ਾ ਵਿਚ ਆਪਣੀ ਵਹੁਟੀ ਨੂੰ ਕਿਹਾ ਸੀ, “ਚੇਤੇ ਈ ਨਾ ਤੂੰ ਏਸ ਕੰਪਨੀ ਬਾਗ਼ ਵਿਚ ਪਹਿਲੀ ਵਾਰ ਮੈਨੂੰ ਮਿਲੀ ਸੈਂ?”

“ਹਾਂ—ਉਹ ਮਿਲਾਣ ਵਾਲਾ ਜਲਸਾ ਮੈਨੂੰ ਇੰਜ ਯਾਦ ਏ ਜਿਵੇਂ ਕੱਲ੍ਹ ਦੀ ਗੱਲ ਏ!”

“ਕੱਲ੍ਹ ਤਾਂ ਨਹੀਂ ਸੀ—ਓਸ ਮਿਲਣ ਤੋਂ ਇਕ ਵਰ੍ਹਾ ਪਿੱਛੋਂ ਸਾਡਾ ਵਿਆਹ ਹੋਇਆ ਸੀ, ਤੇ ਹੁਣ ਛੇ ਵਰ੍ਹੇ ਦੀ ਤਾਂ ਸੁੱਖ ਨਾਲ ਸਾਡੀ ਰੱਤੀ ਏ।”

ਮਾਂ ਨੇ ਵੱਡੀ ਬੱਚੀ ਨੂੰ ਚੁੰਮਿਆ, “ਭਾਵੇਂ ਕੱਲ੍ਹ ਨਹੀਂ ਸੀ, ਪਰ ਮੈਨੂੰ ਤਾਂ ਉਹ ਗੀਤ ਏਸ ਵੇਲੇ ਵੀ ਸੁਣਾਈ ਦੇ ਰਿਹਾ ਏ—ਜਿਹੜਾ ਤੁਸੀਂ ਓਦੋਂ ਜਲਸੇ ਵਿਚ ਗੰਵਿਆ ਸੀ:

“ਭੁੱਖਾਂ ਦੇ ਸਤਾਇਓ, ਜਾਗੋ...।”

“ਭਾਵੇਂ ਕੱਲ੍ਹ ਨਹੀਂ ਸੀ, ਪਰ ਤੂੰ ਮੈਨੂੰ ਓਸੇ ਰੂਪ ਵਿਚ ਦਿਸ ਰਹੀ ਏਂ—ਓਵੇਂ ਦੀ ਓਵੇਂ ਜਿਵੇਂ ਡਰਾਮੇ ਵਿਚ ਤੂੰ ਲੋਕ-ਆਜ਼ਾਦੀ ਦੀ ਦੇਵੀ ਬਣੀ ਸੈਂ।”

“ਤੇ ਫੇਰ ਮੀਂਹ ਵਸ ਪਿਆ ਸੀ।”

“ਤੇ ਫੇਰ ਡਰਾਮਾ ਮੁਕਣ ਉਤੇ ਮੈਂ ਜਦੋਂ ਤੈਨੂੰ ਤੇਰੇ ਹੋਸਟਲ ਛੱਡਣ ਗਿਆ ਸਾਂ, ਰਾਹ ਵਿਚ ਝੱਖੜ ਝਾਂਜੇ ਕਰ ਕੇ ਅੰਬ ਸਾਡੇ ਉਤੇ ਡਿਗਦੇ ਰਹੇ ਸਨ।”

“ਕਿੰਨਾ ਸਵਾਦ ਸੀ, ਉਨ੍ਹਾਂ ਵਿਚੋਂ ਇਕ ਅੰਬ—ਪਹਿਲਾ ਅੰਬ ਜਿਹੜਾ ਅਸਾਂ ਰਲ ਚੂਪਿਆ ਸੀ।”

“ਕੱਲ੍ਹ ਹੀ ਤਾਂ ਸੀ ਇਹ—ਮੇਰੇ ਮੂੰਹ ਵਿਚ ਓਸ ਅੰਬ ਦਾ ਸੁਆਦ ਹਾਲੀ ਵੀ ਓਵੇਂ ਦਾ ਓਵੇਂ ਏ।”

ਤੇ ਮਰਦ ਨੇ ਦਾਰੇ ਨੂੰ ਕਿਹਾ ਸੀ, “ਕੰਪਨੀ ਬਾਗ ਦੇ ਖੱਬੇ ਪਾਸੇ, ਅੰਬਾਂ ਦੇ ਝੁੰਡ ਕੋਲ।”

ਤੇ ਜਦੋਂ ਦਾਰੇ ਨੇ ਅੰਬਾਂ ਦੇ ਝੁੰਡ ਕੋਲ ਉਨ੍ਹਾਂ ਨੂੰ ਉਤਾਰਿਆ ਤਾਂ ਉਹਨੇ ਸੁਣਿਆ ਪਤਨੀ ਪਤੀ ਨੂੰ ਕਹਿ ਰਹੀ ਸੀ, “ਕੱਲ੍ਹ ਨਹੀਂ, ਹੁਣ ਤੇ ਅੱਜ ਹੋ ਗਿਆ ਏ।”

ਦਾਰੇ ਦੀਆਂ ਅੱਖਾਂ ਉਨ੍ਹਾਂ ਬੱਚਿਆਂ ਨੂੰ ਵੇਖਦੀਆਂ ਰਹੀਆਂ (ਉਹ ਧੁੱਪ ਛਾਂ ਖੇਡ ਰਹੇ ਸਨ), ਓਸ ਪਤੀ ਪਤਨੀ ਨੂੰ ਵੇਖਦੀਆਂ ਰਹੀਆਂ—(ਉਹ ਇਕ ਅੰਬ ਦੇ ਰੁੱਖ ਨਾਲ ਢਾਸਣਾ ਲਾਈ ਇਕ ਦੂਜੇ ਵਿਚ ਗੁਆਚੇ ਬੈਠੇ ਸਨ); ਤੇ ਉਹਦੇ ਕੰਨਾਂ ਵਿਚ ਹੁਣੇ ਰਿਕਸ਼ਾ ਵਿਚ ਹੋਈਆਂ ਗੱਲਾਂ ਬੋਲਦੀਆਂ ਰਹੀਆਂ :

… …ਭੁੱਖਾਂ ਦੇ ਸਤਾਇਓ, ਜਾਗੋ
… …ਲੋਕ-ਆਜ਼ਾਦੀ ਦੀ ਦੇਵੀ
… …ਪਹਿਲਾ ਅੰਬ ਜਿਹੜਾ ਅਸਾਂ ਰਲ ਚੂਪਿਆ।

ਕੀ ਸੀ ਜੋ ਉਹਨੂੰ ਏਥੇ ਬੰਨ੍ਹੀ ਰੱਖ ਰਿਹਾ ਸੀ? ਉਹਨੇ ਆਟਾ ਲੈਣ ਡੀਪੂ ਉਤੇ ਜਾਣਾ ਸੀ। ਉਹ ਏਥੇ ਖਲੋਤਾ ਖਲੋਤਾ ਪਛੜ ਰਿਹਾ ਸੀ। ਡੀਪੂ ਉਤੇ ਕਿੰਨੀ ਸਾਰੀ ਲਾਮ-ਡੋਰੀ ਲਗ ਗਈ ਹੋਏਗੀ!

ਪਰ ਦਾਰਾ ਨਾ ਹੀ ਹਿੱਲਿਆ। ...ਇਕ ਦੋ ਵਾਰ ਉਹਨੇ ਸ਼ਰਾਬ ਪੀਤੀ ਸੀ, ਓਦੋਂ ਵੀ ਉਹਦਾ ਆਪਣੇ ਉਤੋਂ ਇੰਜ ਹੀ ਕਾਬੂ ਹਟ ਗਿਆ ਸੀ। ਪਰ ਅੱਜ ਤੇ ਉਹ ਸੋਫ਼ੀ ਸੀ। ਕੀ ਸਤ-ਪਰਾਏ ਦੀ ਖੁਸ਼ੀ ਵੀ ਕਦੇ ਇੰਜ ਸ਼ਰਾਬ ਵਾਂਗ ਚੜ੍ਹ ਸਕਦੀ ਏ? ਤੇ ਭੁੱਖਣਭਾਣੇ ਨੂੰ ਤਾਂ ਕਦੇ ਨਸ਼ਾ ਨਹੀਂ ਹੋਇਆ!

ਦਾਰਾ ਨਾ ਹੀ ਹਿੱਲਿਆ; ਨਿੱਘੀ ਨਿੱਘੀ ਧੁੱਪ ਵਿਚ ਅਲਸਾ ਕੇ ਆਪਣੀ ਰਿਕਸ਼ਾ ਵਿਚ ਹੀ ਉਹਦੀ ਅੱਖ ਲੱਗ ਗਈ:

…“ਦਾਰਿਆ, ਅੱਜ ਤੇ ਬੱਚੂ ਤੇਰੀਆਂ ਸੱਤੇ ਈ ਘਿਓ ਵਿਚ ਨੇ।”

“ਦਾਰਿਆ, ਅੱਜ ਤੇ ਤੇਰੇ ਵਿਆਹ ਦੀ ਰਾਤ ਏ।”

“ਦਾਰਿਆ—ਉਹ ਵੇਖ ‘ਸੋਹਣੀ ਮਹੀਂਵਾਲ’ ਖੇਲ ਦੀ ਤਸਵੀਰ। ਤਕ ਕਿਵੇਂ ਜੱਫੀ ਵਿਚ ਲਈ ਬੈਠਾ ਈ। ਇਵੇਂ ਹੀ ਅੱਜ ਤੂੰ ਆਪਣੀ ਲਾੜੀ ਨੂੰ ਲਈਂ ਜੱਫੀ ਵਿਚ।”

“ਮਹੀਂਵਾਲ ਨੂੰ ਸੋਹਣੀ ਨੈਂ ਤੁਰਦੀ ਰਾਤੀਂ।”

“ਓਏ ਉਨ੍ਹਾਂ ਜ਼ਮਾਨਿਆਂ ਦਾ ਇਸ਼ਕ ਸੱਚਾ ਸੀ—ਤੱਦੇ ਈ ਤੇ ਉਨ੍ਹਾਂ ਦੇ ਕਿੱਸੇ ਲਿਖੀਂਦੇ ਤੇ ਖੇਲ ਬਣਦੇ ਨੇ—ਅੱਜ ਕੱਲ੍ਹ ਤੇ ਸਭ ਕੁਝ ਡਾਲਡਾ ਏ।”

“ਅੱਜ ਤੇ ਯਾਰ ਦਾ ਡੇਰਾ ਦਰਿਆਓਂ ਪਾਰ ਨਹੀਂ ਰਿਹਾ, ਦਰਿਆ ਐਨ ਤੇਰੀ ਮੰਜੀ ਉਤੇ ਆ ਗਿਆ ਏ...।”

…ਸਾਰਾ ਦਿਨ ਦਾਰਾ ਰਿਕਸ਼ਾ ਅੱਗੇ ਜੁਪਿਆ ਰਿਹਾ ਸੀ, ਤੇ ਆਪਣੀ ਸਜ-ਵਿਆਹੀ ਲਾੜੀ ਕੋਲ ਰਾਤ ਨੂੰ ਕਿਤੇ ਪਰਤਿਆ ਸੀ।

…ਇਕ ਕਮਰਾ ਸੀ, ਕਰਾਏ ਦਾ। ਇਕ ਗੁਲਦਸਤਾ ਸੀ, ਕਾਗਜ਼ ਦਾ। ਕਮਰੇ ਵਿਚ ਦਾਰਾ ਸੀ, ਉਹਦੀ ਲਾੜੀ ਸੀ, ਦਾਰੇ ਦੀ ਮਾਂ ਸੀ, ਦਾਰੇ ਦਾ ਪਿਓ ਸੀ, ਦੋ ਚਾਰ ਪਰਾਹੁਣੇ, ਨਿਕਸੁਕ ਸੀ, ਚੁਲ੍ਹਾ ਚੌਂਕਾ ਸੀ, ਡੀਪੂ ਦਾ ਆਟਾ ਸੀ ਜਿਹੜਾ ਦਾਰੇ ਦੀ ਮਾਂ ਹੁਣੇ ਲੈ ਕੇ ਆਈ ਸੀ। ਸਜ-ਵਿਆਹੀ ਨੂੰਹ ਨੂੰ ਇਕੱਲੀ ਛਡ ਕੇ ਦਾਰੇ ਦੀ ਮਾਂ ਡੀਪੂ ਉਤੇ ਅੱਧੀ ਦਿਹਾੜੀ ਏਸ ਆਟੇ ਲਈ ਖਪਦੀ ਰਹੀ ਸੀ, ਤੇ ਹੁਣ ਗਿੱਲੇ ਬਾਲਣ ਦੇ ਧੂੰਏਂ ਨਾਲ ਮੱਥਾ ਮਾਰ ਰਹੀ ਸੀ। ਕੜਾਕੇ ਦਾ ਸਿਆਲਾ ਸੀ। ਬਾਰੀਆਂ ਬੂਹੇ ਬੰਦ ਸਨ। ਠੰਢ ਨਾਲ ਜੁੜਿਆ ਦਾਰੇ ਦਾ ਬੁਢੜਾ ਪਿਓ ਇਕ ਖੂੰਝੇ ਵਿਚ ਪਿਆ ਖੰਘ ਰਿਹਾ ਸੀ।

…ਦਾਰੇ ਦੀ ਸੋਹਣੀ ਦੇ ਸੁਹਾਗ ਦੀ ਰਾਤ ਸੀ।

…ਚਾਨਣੀ ਨਹੀਂ ਸੀ, ਧੂੰਆਂ ਸੀ ਚੁਪਾਸੀਂ। ...ਤੇ ਸਾਰੀ ਰਾਤ ‘ਸੋਹਣੀ ਮਹੀਂਵਾਲ’ ਖੇਲ ਦਾ ਇਸ਼ਤਿਹਾਰ ਦਾਰੇ ਦੀਆਂ ਅੱਖਾਂ ਅੱਗੇ ਫਿਰਦਾ ਰਿਹਾ ਸੀ। ਤੇ ਸਾਰੀ ਰਾਤ ਦਾਰਾ ਚਿਤਵਦਾ ਰਿਹਾ ਸੀ—ਮਹੀਂਵਾਲ ਨੇ ਕਿਵੇਂ ਜੱਫੀ ਵਿਚ ਲਿਆ ਸੀ ਸੋਹਣੀ ਨੂੰ!—‘ਯਾਰ ਦਾ ਡੇਰਾ ਦਰਿਆਓਂ ਪਾਰ ਨਹੀਂ ਰਿਹਾ, ਐਨ ਤੇਰੀ ਮੰਜੀ ਉਤੇ ਆ ਗਿਆ ਏ।’ ਦਾਰਾ ਸੁਫ਼ਨੇ ਵਿਚ ਪਾਗਲਾਂ ਵਾਂਗ ਹੱਸਦਾ ਸੀ। ਤੇ ਕੱਲ੍ਹ ਹੀ ਉਹਦੀ ਸੋਹਣੀ ਨੇ ਪੇਕੇ ਚਲੀ ਜਾਣਾ ਸੀ। ਫੇਰ ਛੇ ਮਹੀਨਿਆਂ ਨੂੰ ਉਹਦਾ ਮੁਕਲਾਵਾ ਕਿਤੇ ਆਣਾ ਸੀ। ਤੇ ਛੇ ਮਹੀਨੇ ਦਾਰਾ ਕੱਲਮਕਾਰਾ ਏਸ ਸ਼ਹਿਰ ਵਿਚ ਰਿਕਸ਼ਾ ਵਾਹੇਗਾ। ਪਾਸ਼ੋ ਉਹਦੇ ਰਿਕਸ਼ੇ ਉਤੇ ਬੈਠ ਕੇ ਆਪਣੀ ਮਾਰ ਉਤੇ ਜਾਇਆ ਕਰੇਗੀ, ਤੇ ਦਾਰਾ ਉਹਦੇ ਰੰਗੇ ਹੋਏ ਬੁਲ੍ਹ ਵੇਖਿਆ ਕਰੇਗਾ, ਪੈਸੇ ਫੜਨ ਵੇਲੇ ਪੱਜ ਪਾ ਕੇ ਪਾਸ਼ੋ ਦੀਆਂ ਉਂਗਲਾਂ ਕਦੇ ਕਦਾਈਂ ਛੂਹ ਲਿਆ ਕਰੇਗਾ, ਤੇ ਬਸ। …ਉਹਦੀ ਸੋਹਣੀ ਦੀਆਂ ਉਂਗਲਾਂ ਦੀ ਛੁਹ ਕਿਹੋ ਜਿਹੀ ਸੀ—ਕਿਹੋ ਜਿਹੀ ਸੀ? ਉਹਨੇ ਆਪਣੀ ਮਾਂ ਤੋਂ ਸਿਵਾ ਸਿਰਫ਼ ਇਕੋ ਹੀ ਤੀਵੀਂ ਦੀਆਂ ਉਂਗਲਾਂ ਛੁਹੀਆਂ ਸਨ, ਤੇ ਉਹ ਵੀ ਪਾਸ਼ੋ ਦੀਆਂ ਉਂਗਲਾ ...

ਦਾਰੇ ਦੀ ਕੰਗਰੋੜ ਵਿਚ ਕੰਬਣੀ ਛਿੜ ਪਈ ਤੇ ਉਹਦੀ ਜਾਗ ਖੁਲ੍ਹ ਗਈ।

“ਰਿਕਸ਼ੇ ਵਾਲੇ ਵੀਰ—ਝਟ ਪਟ ਸਟੇਸ਼ਨ ਵਲ ਚਲ, ਅਸੀਂ ਗੱਡੀ ਫੜਨੀ ਏਂ,” ਓਹੀ ਜੋੜੀ ਆਪਣੇ ਬੱਚਿਆਂ ਸਣੇ ਪਰਤ ਆਈ ਸੀ।

ਬੱਚਿਆਂ ਨੇ ਆਪਣੇ ਮਾਂ ਪਿਓ ਨਾਲੋਂ ਪਹਿਲਾਂ ਦਾਰੇ ਨੂੰ ਪਛਾਣ ਲਿਆ ਸੀ,
“ਇਹ ਤੇ ਓਹੀ ਭਾਈ ਏ, ਜਿਸ ਨਾਲ ਅਸੀਂ ਆਏ ਸਾਂ।”

ਉਹ ਮਰਦ ਤੇ ਤੀਵੀਂ ਦਾਰੇ ਨੂੰ ਪਛਾਣ ਕੇ ਖੁਸ਼ ਹੋਏ ਜਾਪੇ...(ਉਹ ਜਿਸ ਕੱਲ੍ਹ ਨੂੰ ਅੱਜ ਬਣਾ ਕੇ ਆਏ ਸਨ, ਉਹਦੀ ਖੁਸ਼ੀ ਉਨ੍ਹਾਂ ਦੇ ਅੰਦਰ ਮਿਉਂ ਨਹੀਂ ਸੀ ਰਹੀ)।

ਦਾਰਾ ਸਟੇਸ਼ਨ ਵਲ ਜਾਣ ਦਾ ਸੁਣ ਕੇ ਖੁਸ਼ ਹੋਇਆ, ਕਿਉਂਕਿ ਆਟੇ ਦਾ ਡੀਪੂ ਉੱਧਰ ਹੀ ਸੀ। ਦਾਰੇ ਨੂੰ ਵੀ ਕਾਹਲ ਸੀ; ਉਹ ਜ਼ੋਰ-ਜ਼ੋਰ ਦੀ ਪੈਰ ਮਾਰਨ ਲੱਗਾ, ਪਰ ਦਾਰੇ ਦੇ ਕੰਨ ਉਨ੍ਹਾਂ ਦੀਆਂ ਗੱਲਾਂ ਵੱਲ ਲੱਗੇ ਹੋਏ ਸਨ:

“ਕੱਲ੍ਹ ਨਹੀਂ ਸੀ, ਇਹ ਤਾਂ ਅੱਜ ਏ!”

“ਅੰਬ ਓਵੇਂ ਦੇ ਓਵੇਂ ਨੇ।”

“ਜਿਨੀ ਸਖੀ ਸਹੁ ਰਾਵਿਆ ਸੇ ਅੰਬੜੀ ਛਾਵੜੀਏਹ ਜੀਉ।”

“ਅਜਿਹੀਆਂ ਯਾਦਾਂ ਦੇ ਬਾਗ ਸਦਾ ਖਿੜੇ ਰਹਿਣ।”

“ਪਰ ਸਭਨਾਂ ਕੋਲ ਅਜਿਹੀਆਂ ਯਾਦਾਂ ਨਹੀਂ?”

“ਸਭਨਾਂ ਨੂੰ ਅਜਿਹੀਆਂ ਯਾਦਾਂ ਨਸੀਬ ਹੋਣ।”

“ਅੱਜ ਤੁਸੀਂ ਜਦੋਂ ਉਹ ਗੀਤ ਗੱਡੀ ਵਿਚ ਪੜ੍ਹ ਕੇ ਮੈਨੂੰ ਸੁਣਾਇਆ ਸੀ— ਹਾਈਡਰੋਜਨ ਬੰਬ ਦੇ ਜ਼ਹਿਰ ਨਾਲ ਮਰੇ ਜਪਾਨੀ ਮਾਛੀ ਦਾ ਗੀਤ:

ਤੇਰੇ ਮੇਰੇ ਪਿਆਰ ’ਚੋਂ ਸਜਣੀ
ਹੁਣ ਨਹੀਂ ਕਿਰਨ ਸੁਨਹਿਰੀ ਜਗਣੀ
ਇਸ ਜਿੰਦੂ ਵਿਚ ਜਿੰਦ ਰਲਾ ਕੇ
ਜਿੰਦ ਨਵੀਂ ਹੁਣ ਹੋਰ ਨਾ ਰਚਨੀ।
ਸਾਡੀ ਰੱਤ ਮਾਸ ਵਿਚੋਂ ਸਾਹ ਨੂੰ ਕੌਣ ਜਗਾਵੇਗਾ?’

ਓਦੋਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ਸੀ। ਮੈਨੂੰ ਪਤਾ ਏ, ਪਰ ਫੇਰ ਵੀ ਦਿਲ ਪੁੱਛਦਾ ਸੀ: ਜਿਸ ਧਰਤੀ ਉਤੇ ਅਜਿਹੇ ਬਾਗ਼ ਨੇ, ਓਥੇ ਅਜਿਹੇ ਬੰਬ ਕਿਉਂ?”...

ਦਾਰਾ ਉਨ੍ਹਾਂ ਨੂੰ ਸਟੇਸ਼ਨ ਉਤੇ ਲਾਹ ਕੇ ਡੀਪੂ ਵਲ ਹੋ ਪਿਆ। ਡੀਪੂ ਉਤੇ ਤੇ ਕਾਂਵਾਂ-ਰੌਲੀ ਮੱਚੀ ਹੋਈ ਸੀ।

ਰਿਕਸ਼ਾ ਇਕ ਪਾਸੇ ਖਲ੍ਹਾਰ, ਸਵੇਰ ਵਾਲਾ ਤੋੜਾ ਕਢ, ਦਾਰਾ ਕਤਾਰ ਦੇ ਅਖ਼ੀਰਲੇ ਸਿਰੇ ਉਤੇ ਖੜੋ ਗਿਆ।

…ਜਿਸ ਧਰਤੀ ਉਤੇ ਅਜਿਹੇ ਬਾਗ ਨੇ, ਓਥੇ ਅਜਿਹੇ ਬੰਬ ਕਿਉਂ……

ਦਾਰੇ ਨੇ ਘੁਟ ਕੇ ਖਾਲੀ ਤੋੜਾ ਫੜਿਆ ਹੋਇਆ ਸੀ। ਦਾਰੇ ਦਾ ਦਿਲ ਪੁੱਛ ਰਿਹਾ ਸੀ:

...ਜਿਸ ਧਰਤੀ ਉਤੇ ਅਜਿਹੇ ਬਾਗ ਨੇ, ਓਥੇ ਇਹ ਡੀਪੂ ਕਿਉਂ?
...ਓਥੇ ਇਹ ਪਾਸ਼ੋ ਕਿਉਂ?
...ਉਥੇ ਦੋ ਬੁਲ੍ਹਾਂ ਦੇ ਵਿਚਕਾਰ ਨੋਟ ਕਿਉਂ?
...ਓਥੇ ਸਿਰਫ਼ ਤਸਵੀਰ ਵਿਚ ਹੀ ਜੱਫੀ ਕਿਉਂ?
...ਓਥੇ ਧੂੰਏਂ ਵਾਲੇ ਕਮਰੇ ਦੀ ਭੀੜ ਵਿਚ ਵਿਆਹ ਦੀ ਰਾਤ ਕਿਉਂ?
… …ਤੇ ਕਹੀ ਲਾਮ ਏ ਜਿਦ੍ਹੇ ਕਰਕੇ ਬੰਬ ਬਣਦੇ, ਧੁੰਦ ਖਿਲਰਦੀ, ਅੰਨ ਗੁੰਮਦਾ, ਮਾਛੀ ਮਰਦੇ ਨੇ?

ਡੀਪੂ ਉਤੇ ਕਤਾਰ ਬੜੀ ਹੌਲੀ ਹੌਲੀ ਸਰਕ ਰਹੀ ਸੀ।

ਦਾਰੇ ਦੀ ਵਾਰੀ ਆਣ ਤੋਂ ਪਹਿਲਾਂ ਹੀ ਡੀਪੂ ਦਾ ਆਟਾ ਮੁਕ ਗਿਆ।

ਦਾਰਾ ਸ਼ਾਮ ਨੂੰ ਜਦੋਂ ਖਾਲੀ ਤੋੜਾ ਲੈ ਕੇ ਪਰਤਿਆ, ਓਦੋਂ ਫੇਰ ਧੁੰਦ ਵਿਚ ਰਾਹ ਗੁਆਚੇ ਹੋਏ ਸਨ।

[1959]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •