Annha Gulelchi (Punjabi Story) : Omkar Sood Bahona

ਅੰਨ੍ਹਾ ਗੁਲੇਲਚੀ (ਕਹਾਣੀ) : ਓਮਕਾਰ ਸੂਦ ਬਹੋਨਾ

ਗੁਰਮੇਲ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ । ਉਹ ਬਹੁਤ ਸ਼ਰਾਰਤੀ ਮੁੰਡਾ ਸੀ । ਸਕੂਲੋਂ ਆ ਕੇ ਬਸਤਾ ਵਰਾਂਡੇ ਵਿੱਚ ਕਿੱਲੀ ਨਾਲ ਟੰਗ ਦਿੰਦਾ ਤੇ ਕੋਠੇ ਚੜ੍ਹਕੇ ਪਤੰਗ ਉਡਾਉਣ ਜਾ ਲਗਦਾ । ਜੇ ਉਸ ਦੇ ਮਾਪੇ ਵਰਜਦੇ ਤਾਂ ਭੋਰਾ ਪਰਵਾਹ ਨਾ ਕਰਦਾ । ਅਵਾਰਾਗਰਦੀ ਖੂਬ ਕਰਦਾ । ਛੁੱਟੀ ਵਾਲੇ ਦਿਨ ਤਾਂ ਸਾਰਾ ਦਿਨ ਘਰੋਂ ਬਾਹਰ ਹੀ ਰਹਿੰਦਾ । ਬੇਮੁਹਾਰਾ ਹੀ ਆਪਣੇ ਅਵਾਰਾ ਦੋਸਤਾਂ ਸੰਗ ਤੁਰਿਆ ਫਿਰਦਾ । ਮਾਂ ਆਖਦੀ, "ਵੇ ਮੇਲਿਆ ਪੜ੍ਹ ਲੈ ਚਾਰ ਅੱਖਰ ਜੇ ਤੇਰੇ ਕਰਮਾਂ ਵਿੱਚ ਹੈ ਤਾਂ ?" ਤਾਂ ਅੱਗੋਂ ਉਹ ਘੜਿਆ-ਘੜਾਇਆ ਜਵਾਬ ਦਿੰਦਾ, "ਕੋਈ ਨੀ ਬੇਬੇ ਰਾਤ ਨੂੰ ਪੜੂੰ!" ਜਦੋਂ ਰਾਤ ਪੈਂਦੀ ਤਾਂ ਉਹ ਘੂਕ ਸੁੱਤਾ ਘਰਾੜੇ ਮਾਰ ਰਿਹਾ ਹੁੰਦਾ । ਸਵੇਰੇ ਵੀ ਦੇਰ ਨਾਲ ਉੱਠਦਾ । ਸਕੂਲੇ ਬਿਨਾਂ ਨਹਾਤਿਆਂ ਹੀ ਚਲਾ ਜਾਂਦਾ । ਪਿੰਡ ਦਾ ਸਰਕਾਰੀ ਸਕੂਲ ਹੋਣ ਕਰਕੇ ਪੁੱਛ-ਗਿੱਛ ਘੱਟ ਹੀ ਹੁੰਦੀ ਸੀ । ਇੱਕ ਉਹਦੀ ਛੋਟੀ ਭੈਣ ਸੀ ਪੰਮੀ । ਨਿੱਕੀ ਜਿਹੀ-ਪਿਆਰੀ ਜਿਹੀ! ਪੰਮੀ ਪੜ੍ਹਨ ਵਿੱਚ ਹੁਸ਼ਿਆਰ ਸੀ । ਗੁਰਮੇਲ ਉਹਨੂੰ ਬਹੁਤ ਪਿਆਰ ਕਰਦਾ ਸੀ । ਜੇ ਕੋਈ ਸਕੂਲ ਵਿੱਚ ਮੁੰਡਾ-ਕੁੜੀ ਪੰਮੀ ਨਾਲ ਲੜਦਾ-ਝਗੜਦਾ ਤਾਂ ਗੁਰਮੇਲ ਪੰਮੀ ਦੀ ਵਾਹਰ ਕਰਵਾਉਂਦਾ । ਅਗਲੇ ਨਾਲ ਲੜ ਪੈਂਦਾ । ਉਹਨੂੰ ਕੁੱਟਣ ਤੱਕ ਜਾਂਦਾ,ਪਰ ਪੰਮੀ ਵੱਲ ਕਿਸੇ ਨੂੰ ਅੱਖ ਚੁੱਕ ਕੇ ਵੇਖਣ ਨਾ ਦਿੰਦਾ । ਪੰਮੀ ਪੰਜਵੀਂ ਜਮਾਤ ਵਿੱਚ ਪੜ੍ਹਦੀ ਸੀ ।

ਇੱਕ ਵਾਰ ਸਾਉਣ ਮਹੀਨੇ ਤੀਆਂ ਦੇ ਦਿਨ ਸਨ । ਗੁਰਮੇਲ ਬਾਹਰੋਂ ਖੇਤਾਂ ਵਿੱਚੋਂ ਫਰਮਾਂਹ ਦੀ ਅੰਗਰੇਜ਼ੀ ਦੇ 'ਵਾਈ' ਅੱਖਰ ਵਰਗੀ ਇੱਕ ਲੱਕੜੀ ਵੱਢ ਲਿਆਇਆ । ਉਸ ਉੱਤੇ ਪੁਰਾਣੀ ਸਾਈਕਲ ਟਿਊਬ ਦੀ ਰਬੜ ਬੰਨ੍ਹ ਕੇ ਇੱਕ ਗੁਲੇਲ ਬਣਾ ਲਈ । ਉਹ ਬਾਹਰੋਂ ਡੇਕਾਂ-ਬਕੈਣਾ ਤੋਂ ਗਟੋਲੀਆਂ (ਡੇਕ ਜਾਂ ਬਕੈਣ ਦੇ ਬੇਰਾਂ ਵਰਗੇ ਗੋਲ-ਗੋਲ ਬੀਜ) ਤੋੜ ਕੇ ਖੀਸਾ ਭਰ ਲਿਆਉਂਦਾ । ਦੋਸਤਾਂ-ਮਿੱਤਰਾਂ ਨੂੰ ਗੁਲੇਲ ਨਾਲ ਗਟੋਲੀਆਂ ਚਲਾ ਕੇ ਦਿਖਾਉਂਦਾ ਤੇ ਨਾਲੇ ਕਹਿੰਦਾ, "ਇਹ ਦੇਖੋ ਮੇਰੀ ਗੁਲੇਲ ਦੇ ਰੌਂਦ!" ਗੁਲੇਲ ਨਾਲ ਗਟੋਲੀਆਂ ਮਾਰ ਕੇ ਉਹ ਨਿਰਦੋਸ ਚਿੜੀਆਂ-ਕਾਂ ਫੁੰਡਦਾ । ਇਉਂ ਨਿਸ਼ਾਨੇ ਬੰਨ੍ਹਦਾ-ਬੰਨ੍ਹਦਾ ਉਹ ਸ਼ਾਮੀਂ ਤੀਆਂ 'ਤੇ ਚਲਾ ਜਾਂਦਾ । ਉੱਥੇ ਮੈਦਾਨ 'ਚ ਗਿੱਧਾ ਪਾਉਂਦੀਆਂ, ਨੱਚਦੀਆਂ-ਟੱਪਦੀਆਂ ਕੁੜੀਆਂ ਦੇ ਗੁਲੇਲ ਨਾਲ ਗਟੋਲੀਆਂ ਦਾਗ਼ਦਾ । ਕਿਸੇ ਕੁੜੀ ਦੇ ਗਟੋਲੀ ਪਿੱਠ ਉੱਤੇ ਵੱਜਦੀ । ਕਿਸੇ ਦੀ ਗੁੱਤ ਉੱਤੇ । ਕੋਈ ਪੀਂਘ ਝੂਟਦੀ ਕੁੜੀ ਗੁਲੇਲ ਵੱਜੀ ਤੋਂ ਆਪਣਾ ਤਵਾਜ਼ਨ ਖੋਹ ਬੈਠਦੀ । ਕੁੜੀ ਵਿਚਾਰੀ 'ਊਈ' ਕਹਿ ਕੇ ਪੀੜ ਜਾਹਰ ਕਰਦੀ । ਇਉਂ ਪੀੜ ਨਾਲ ਵਿਚਾਰੀਆਂ ਨਿਰਦੋਸ਼ ਕੁੜੀਆਂ ਤੜਫਦੀਆਂ । ਉਨ੍ਹਾਂ ਦੀ ਕੋਈ ਵਾਹ ਨਾ ਚੱਲਦੀ । ਸਿਰੜੀ ਕੁੜੀਆਂ ਪੀੜਾਂ ਸਹਿ ਕੇ ਵੀ ਆਪਣੀ ਤੀਆਂ ਵਿੱਚ ਗਿੱਧਾ ਪਾਉਣ ਦੀ ਰਸਮ ਪੂਰੀ ਕਰਦੀਆਂ! ਹੱਸਦੀਆਂ, ਤੀਆਂ ਮਨਾਉਂਦੀਆਂ । ਪੀਘਾਂ ਝੂਟਦੀਆਂ । ਕਦੇ-ਕਦੇ ਅੱਕੀਆਂ ਕੁੜੀਆਂ ਸ਼ਰਾਰਤੀ ਮੁੰਡਿਆਂ ਦੇ ਮਗਰ ਪੈ ਜਾਂਦੀਆਂ । ਮੁੰਡੇ ਭੱਜ ਕੇ ਖੇਤਾਂ ਵਿੱਚ ਲੁਕ ਜਾਂਦੇ । ਸੱਜੇ ਪਾਸੇ ਰੂੜੀਆਂ ਉਹਲੇ ਜਾ ਛਿਪਦੇ । ਕੁੜੀਆਂ ਨੂੰ ਡਾਹ ਨਾ ਦਿੰਦੇ । ਕੁੜੀਆਂ ਤਾਂ ਵਿਚਾਰੀਆਂ ਕੁੜੀਆਂ ਨੇ,ਨਾਜ਼ਕ ਜਿਹੀਆਂ,ਭੋਲੀਆਂ-ਭਾਲ਼ੀਆਂ!ਮਾਫ਼ ਕਰ ਦੇਣ ਵਾਲੀਆਂ!!

ਇੱਕ ਦਿਨ ਗੁਰਮੇਲ ਤੀਆਂ 'ਤੇ ਜਾਣ ਲਈ ਘਰੋਂ ਨਿਕਲਿਆ । ਉਹ ਪੂਰਾ ਟਹਿਰਕੇ ਵਿੱਚ ਸੀ । ਉਸਨੇ ਆਪਣੇ ਹੱਥ ਵਿਚਲੀ ਗੁਲੇਲ ਪਸਤੌਲ ਵਾਂਗ ਆਪਣੇ ਖੱਬੇ ਮੋਢੇ ਨਾਲ ਟੰਗ ਲਈ । ਗਟੋਲੀਆਂ ਨਾਲ ਜੇਬ ਤੁੰਨ ਕੇ ਭਰ ਲਈ । ਨੰਬਰਦਾਰਾਂ ਦੀ ਵੀਹੀ ਵਿੱਚ ਦੀ ਲੰਘਦਿਆਂ ਉਹ ਆਪਣੇ-ਆਪ ਨੂੰ ਪੂਰਾ ਕੋਈ ਫਿਲਮੀ ਖਲਨਾਇਕ ਸਮਝ ਰਿਹਾ ਸੀ । ਤੀਆਂ 'ਚ ਪਹੁੰਚ ਕੇ ਉਸਨੇ ਨੱਚਦੀਆਂ ਕੁੜੀਆਂ ਦੇ ਝੁੰਡ ਵੱਲੀ ਬੜੇ ਜੋਰ ਦੀ ਗੁਲੇਲ ਦੀ ਰਬੜ ਖਿੱਚ ਕੇ ਗਟੋਲੀ ਚਲਾਈ । ਗਟੋਲੀ ਬੰਦੂਕ ਦੀ ਗੋਲੀ ਵਾਂਗ ਤੇਜ਼ੀ ਨਾਲ ਗਈ । ਗੁਰਮੇਲ ਦਾ ਨਿਸ਼ਾਨਾ ਸਿੱਧਾ ਕਿਸੇ ਕੁੜੀ ਦੀ ਅੱਖ 'ਤੇ ਜਾ ਵੱਜਿਆ । ਪੀੜ ਨਾਲ ਕੁੜੀ ਚੀਕਾਂ ਮਾਰ ਕੇ ਰੋ ਪਈ । ਤੀਆਂ ਵਾਲੀਆਂ ਕੁੜੀਆਂ ਵਿੱਚ ਭਗਦੜ ਮੱਚ ਗਈ । ਗੁਰਮੇਲ ਮਾਮਲਾ ਗੜਬੜ ਵੇਖ ਕੇ ਡਰ ਗਿਆ । ਛੇਤੀ ਹੀ ਉਹ ਉੱਥੋਂ ਨੌਂ ਦੋ ਗਿਆਰਾਂ ਹੋ ਗਿਆ । ਗੁਸੇ ਵਿੱਚ ਆਈਆਂ ਕੁੜੀਆਂ ਨੇ ਫੜ੍ਹ ਕੇ ਉੱਥੇ ਕਈ ਮੁੰਡੇ ਕੁੱਟ ਸੁੱਟੇ ਪਰ ਕੌਣ ਜਾਣਦਾ ਸੀ ਕਿ ਅਸਲੀ ਦੋਸ਼ੀ ਕੌਣ ਹੈ ?ਗੁਰਮੇਲ ਉੱਥੋਂ ਸਿੱਧਾ ਘਰੇ ਆ ਵੱਜਿਆ । ਘਰੇ ਆ ਕੇ ਕਿਤਾਬ ਚੁੱਕ ਕੇ ਪੜ੍ਹਨ ਬੈਠ ਗਿਆ । ਉਸ ਨੂੰ ਦੇਖ ਕੇ ਇਉਂ ਭਾਸਦਾ ਸੀ ਜਿਵੇਂ ਉਹ ਤਾਂ ਤੀਆਂ 'ਤੇ ਗਿਆ ਹੀ ਨਹੀਂ ਸੀ । ਉਹ ਲਾਇਕ ਮੁੰਡਾ ਬਣਿਆਂ ਬੈਠਾ ਸੀ । ਮਾਨੋਂ ਕੋਈ ਪਾੜ੍ਹਾ ਦੱਬ ਕੇ ਪੜ੍ਹਾਈ ਕਰ ਰਿਹਾ ਸੀ । ਐਡਾ ਵੱਡਾ ਪਾੜ੍ਹਾ ਤਾਂ ਪੂਰੇ ਸੂਬੇ ਵਿੱਚੋਂ ਅਵਲ ਆਵੇਗਾ !!

ਬਾਹਰੋਂ ਗੇਟ ਖੜਕਿਆ । ਗੁਰਮੇਲ ਦੀ ਮਾਂ ਨੇ ਗੇਟ ਖੋਲ੍ਹਿਆ । ਤਿੰਨ-ਚਾਰ ਕੁੜੀਆਂ ਰੋਂਦੀ ਹੋਈ ਪੰਮੀ ਨੂੰ ਅੰਦਰ ਲੈ ਆਈਆਂ । ਬੋਲੀਆਂ, "ਅੰਮਾਂ,ਕਿਸੇ ਮੁੰਡੇ ਨੇ ਗੁਲੇਲ ਨਾਲ ਗਟੋਲੀ ਪੰਮੀ ਦੀ ਅੱਖ 'ਤੇ ਮਾਰੀ!" ਗਟੋਲੀ ਅੱਖ ਦੇ ਉੱਪਰ ਭਰਵੱਟੇ ਦੇ ਹੇਠਾਂ ਕਰਕੇ ਵੱਜੀ ਸੀ । ਅੱਖ ਅੰਨ੍ਹੀ ਹੋਣੋਂ ਤਾਂ ਬਚ ਗਈ ਸੀ ਪਰ ਅੱਖ 'ਤੇ ਦਰਦ ਬਹੁਤ ਹੋ ਰਿਹਾ ਸੀ । ਸੋਜ ਵੀ ਆ ਗਈ ਸੀ । ਅੱਖ ਵਿੱਚੋਂ ਪਾਣੀ ਪਰਲ-ਪਰਲ ਵਹਿ ਰਿਹਾ ਸੀ । ਕੁੜੀ ਦੀ ਅੱਖ ਖੁੱਲ੍ਹਦੀ ਨਹੀਂ ਸੀ । ਪੰਮੀ ਵਿਚਾਰੀ ਬੁਰੇ ਹਾਲ ਨਾਲ ਰੋ ਰਹੀ ਸੀ । ਗੁਰਮੇਲ ਮਚਲਾ ਹੋਇਆ ਵਰਾਂਡੇ 'ਚ ਬੈਠਾ ਪੜ੍ਹ ਰਿਹਾ ਸੀ । ਉਹ ਕਿਤਾਬ ਛੱਡ ਕੇ ਪੰਮੀ ਕੋਲ ਆ ਗਿਆ । ਪੰਮੀ ਦੀ ਹਾਲਤ ਵੇਖ ਕੇ ਉਸਦਾ ਆਪਾ ਰੋ ਉੱਠਿਆ । ਉਫ਼!ਇਹ ਕੀ ਭਾਣਾ ਵਾਪਰ ਗਿਆ ? ਪੰਮੀ ਤਾਂ ਉਸਦੀ ਹੀ ਭੈਣ ਸੀ । ਉਸਨੂੰ ਬਹੁਤ ਪਛਤਾਵਾ ਹੋ ਰਿਹਾ ਸੀ । ਆਪਣੀ ਸਭ ਤੋਂ ਪਿਆਰੀ ਭੈਣ ਦੀ ਉਸਨੇ ਅੱਖ ਭੰਨ ਸੁੱਟੀ ਸੀ! ਪੰਮੀ ਦਾ ਬੁਰਾ ਹਾਲ ਵੇਖ ਕੇ ਉਹ ਰੋ ਪਿਆ । ਉਹ ਦੋਸ਼ੀਆਂ ਵਾਂਗ ਆਪਣੀ ਮਾਂ ਕੋਲ ਆ ਕੇ ਬੋਲਿਆ, "ਬੇਬੇ, ਇਸਦਾ ਦੋਸ਼ੀ ਮੈਂ ਹੀ ਹਾਂ । ਗਟੋਲੀ ਮੈਥੋਂ ਹੀ ਵੱਜੀ ਹੈ । ਆਹ ਲੈ ਤੋੜ ਦੇ ਮੇਰੀ ਗੁਲੇਲ………ਅੱਗੇ ਤੋਂ ਨਹੀਂ ਕਰਦਾ ਅਜਿਹੀਆਂ ਇੱਲਤਾਂ!"

ਗੁਰਮੇਲ ਦੀ ਬੇਬੇ ਨੇ ਨਾ ਆਵ ਵੇਖਿਆ ਨਾ ਤਾਵ, ਗੁਰਮੇਲ ਨੂੰ ਜੂੰਡਿਓ ਫੜ੍ਹ ਕੇ ਕੁੱਟਣਾ ਸ਼ੁਰੂ ਕਰ ਦਿੱਤਾ । ਉਹ ਭਾਰੀ ਭਰਕਮ ਬੇਬੇ ਦੇ ਗੋਡਿਆਂ ਥੱਲੇ ਔਖੇ-ਔਖੇ ਸਾਹ ਲੈ ਰਿਹਾ ਸੀ । ਉਸਦੇ ਸੁੰਨ ਦਿਮਾਗ਼ ਵਿੱਚ ਬੇਬੇ ਦੀ ਕੜਕਦੀ ਅਵਾਜ਼ ਗੂੰਜ ਰਹੀ ਸੀ, "ਮੋਇਆ ਅੱਗ ਲੱਗ ਜਾਏ ਤੇਰੀ ਗੁਲੇਲ ਨੂੰ ,ਕੁੜੀ ਦਾ ਬੁਰਾ ਹਾਲ ਕਰ ਦਿੱਤਾ ਤੇਰੀ ਇਸ ਕੁਲਹਿਣੀ ਗੁਲੇਲ ਨੇ! ਆਇਆ ਵੱਡਾ ਨਿਸ਼ਾਨਚੀ !! ਅੰਨ੍ਹਿਆਂ ਤੈਨੂੰ ਕੁੜੀਆਂ ਨਾ ਦਿਸੀਆਂ ਚਾਰ ਦਿਨਾਂ ਦੀ ਖੁਸ਼ੀ ਮਨਾਉਂਦੀਆਂ!ਤੈਥੋਂ ਜਰੀ ਨਹੀਂ ਗਈ ਕੁੜੀਆਂ ਦੀ ਚਾਰ ਦਿਨਾਂ ਦੀ ਰੌਣਕ,ਮਰ ਜਾਣਿਆਂ, ਕੁਲੱਛਣਿਆਂ………!" ਪਰ ਭਲਾ ਹੋਵੇ ਪੰਮੀ ਦਾ,ਉਸਨੇ ਰੋਣਾ ਛੱਡ ਕੇ ਗੁਰਮੇਲ ਨੂੰ ਆਪਣੀ ਮਾਂ ਤੋਂ ਛੁਡਵਾਇਆ । ਪਰ ਫਿਰ ਵੀ ਪੰਮੀ ਦੇ ਛੁਡਾਉਂਦੇ-ਛੁਡਾਉਂਦੇ ਗੁਰਮੇਲ ਦੀ ਚੰਗੀ ਖੁੰਬ ਠੱਪੀ ਗਈ ਸੀ । ਉਹ ਦੁੱਖੀ ਮਨ ਅਤੇ ਪਛਤਾਵੇ ਨਾਲ ਰੋ ਰਿਹਾ ਸੀ । ਉਸਨੇ ਆਪਣੀ ਮਾਂ ਭੈਣ ਅਤੇ ਪੰਮੀ ਨੂੰ ਛੱਡਣ ਆਈਆਂ ਕੁੜੀਆਂ ਤੋਂ ਮਾਫ਼ੀ ਮੰਗੀ । ਉਸਨੇ ਵਾਅਦਾ ਕੀਤਾ ਕਿ ਉਹ ਅੱਗੇ ਤੋਂ ਸਾਰੀਆਂ ਇਲਤਾਂ ਛੱਡ ਦੇਵੇਗਾ । ਦਿਲ ਲਗਾ ਕੇ ਪੜ੍ਹੇਗਾ । ਕਦੇ ਵੀ ਐਸਾ ਅੰਨ੍ਹਾਂ ਨਿਸ਼ਾਨਚੀ ਨਹੀਂ ਬਣੇਗਾ ਜਿਸ ਨਾਲ ਨਿਰਦੋਸ਼ ਲੋਕੀਂ ਦੁੱਖ ਭੋਗਣ, ਸਗੋਂ ਉਹ ਇੱਕ ਚੰਗਾ ਜ਼ਿਮੇਵਾਰ ਇਨਸਾਨ ਬਣ ਕੇ ਸਮਾਜ 'ਚੋਂ ਬੁਰਈਆਂ ਨੂੰ ਦੂਰ ਕਰੇਗਾ ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਓਮਕਾਰ ਸੂਦ ਬਹੋਨਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ