Auntari (Punjabi Story) : Navtej Singh

ਔਂਤਰੀ (ਕਹਾਣੀ) : ਨਵਤੇਜ ਸਿੰਘ

ਉਹਦਾ ਪਤੀ ਸਾਰੇ ਦਿਨ ਦਾ ਥੱਕਿਆ ਸੌਂ ਚੁੱਕਿਆ ਸੀ, ਪਰ ਉਹ ਸੌਂ ਨਹੀਂ ਸੀ ਸਕਦੀ ਪਈ। ਉਹਨੇ ਕਈ ਵਾਰੀ ਉਸਲ-ਵੱਟੇ ਲਏ, ਆਕੜਾਂ ਕੱਢੀਆਂ, ਕਈ ਵਾਰੀ ਮੰਜੇ ਨੇ ਕੜ ਕੜ ਕੀਤੀ। ਫੇਰ ਉਹਨੇ ਆਪਣੇ ਸਿਰ ਥੱਲਿਓਂ ਚੁੱਕ ਕੇ ਸਰਹਾਣਾ ਆਪਣੇ ਢਿੱਡ ਤੇ ਗੋਡਿਆਂ ਵਿਚ ਨੱਪ ਲਿਆ। ਖੰਭਾਂ ਦਾ ਸਰਹਾਣਾ ਉਸ ਨੂੰ ਕਿਸੇ ਨਿੱਕੇ ਜਿਹੇ ਬਾਲ ਵਾਂਗ ਨਿੱਘਾ ਤੇ ਨਰਮ ਜਾਪਿਆ।

ਢਾਈ ਘੜੀਆਂ, ਢਾਈ ਪਹਿਰ, ਢਾਈ ਦਿਨ, ਢਾਈ ਵਰ੍ਹੇ...ਉਹਦੇ ਕੰਨਾਂ ਵਿਚ ਸ਼ਾਂ ਸ਼ਾਂ ਹੋ ਰਹੀ ਸੀ। ਜਦੋਂ ਦਾ ਮਹੱਲੇ ਵਿਚ ਕੁੱਤਾ ਹਲਕਾ ਹੋਇਆ ਸੀ, ਹਰ ਕੋਈ ਇਹੀ ਗੱਲ ਕਰ ਰਿਹਾ ਸੀ, “ਢਾਈ ਘੜੀਆਂ, ਢਾਈ ਪਹਿਰ, ਢਾਈ ਦਿਨ, ਜਾਂ ਢਾਈ ਵਰ੍ਹੇ— ਕੁਝ ਪਤਾ ਨਹੀਂ ਕਦੋਂ ਹਲਕੇ ਦੇ ਵੱਢੇ ਨੂੰ ਹਲਕ ਕੁੱਦ ਪਏ।” ਸਾਰਾ ਦਿਨ ਮੁੰਡੇ ਹੋ ਹੋ ਕਰਦੇ ਡਾਂਗਾਂ ਫੜੀ ਕੁੱਤਿਆਂ ਮਗਰ ਲੱਗੇ ਰਹੇ ਸਨ, ਤੇ ਸਾਰਾ ਦਿਨ ਗਲੀ ਦੀਆਂ ਜ਼ਨਾਨੀਆਂ ਵਿਹੜਿਆਂ ਵਿਚ ਬੈਠੀਆਂ ‘ਢਾਈ-ਢਾਈ’ ਕਰਦੀਆਂ ਰਹੀਆਂ ਸਨ। ਤੇ ਹੁਣ ਏਨੀ ਰਾਤ ਗਈ, ਜਦੋਂ ਉਹਦਾ ਪਤੀ ਥੱਕ ਕੇ ਸੌਂ ਚੁੱਕਿਆ ਸੀ, ਉਹਦੇ ਕੰਨਾਂ ਵਿਚ ਹਾਲੀ ਵੀ ਇਹੋ ਸ਼ਾਂ ਸ਼ਾਂ ਹੋ ਰਹੀ ਸੀ।

ਤੇ ਇਹ ਸ਼ਾਂ ਸ਼ਾਂ, ਲਗਾਤਾਰ, ਜਿਵੇਂ ਕੋਈ ਬਾਲ ਕੰਨਾਂ ਨੂੰ ਛਣਕਣੇ ਵਾਂਗ ਛਣਕਾ ਰਿਹਾ ਹੋਵੇ। ਉਹਦਾ ਖੱਬਾ ਹੱਥ ਅਚੇਤ ਹੀ ਢਿੱਡ ਤੇ ਗੋਡਿਆਂ ਵਿਚਕਾਰ ਪਏ ਸਰਹਾਣੇ ਵੱਲ ਚਲਿਆ ਗਿਆ। ਤੇ ਉਹ ਆਪਣੇ ਕਮਰੇ ਵਿਚ ਦੂਰ ਕੰਧ ਉੱਤੇ ਇਕ ਥਾਂ ਨੂੰ ਤੱਕਣ ਲੱਗ ਪਈ। ਉਹਦੇ ਪਤੀ ਨੇ ਉਨ੍ਹਾਂ ਦੇ ਵਿਆਹ ਤੋਂ ਛੇ ਵਰ੍ਹਿਆਂ ਬਾਅਦ ਕਿਸੇ ਅਖ਼ਬਾਰ ਵਿਚੋਂ ਕੱਟ ਕੇ ਇਕ ਬੱਚੇ ਦੀ ਤਸਵੀਰ ਓਥੇ ਲਾਈ ਸੀ। ਤੇ ਅੱਜ ਪੰਜ ਵਰ੍ਹਿਆਂ ਤੋਂ ਇਹ ਓਥੇ ਹੀ ਲੱਗੀ ਹੋਈ ਸੀ। ਕਦੇ ਕਦੇ ਉਹਦਾ ਪਤੀ ਜਦੋਂ ਬੜੇ ਪਿਆਰ ਵਿਚ ਹੁੰਦਾ, ਤਾਂ ਇਸ ਤਸਵੀਰ ਵੱਲ ਸੈਨਤ ਕਰ ਕੇ ਲਾਡ ਨਾਲ ਆਖਦਾ, “ਇਹ ਚੰਗਾ ਏ, ਨਾ ਵੱਡਾ ਹੋਵੇਗਾ, ਨਾ ਖਰੂਦ ਕਰੇਗਾ, ਏਥੇ ਈ ਛਣਕਣੇ ਨਾਲ ਖੇਡਦਾ ਰਹੇਗਾ।” ਉਹ ਆਪ ਕਦੇ ਕਦੇ ਇਸ ਤਸਵੀਰ ਨੂੰ ਇੰਜ ਪੂੰਝਦੀ ਹੁੰਦੀ ਸੀ, ਜਿਵੇਂ ਕਿਸੇ ਦਾ ਮੂੰਹ ਧੋ ਰਹੀ ਹੋਵੇ; ਪਰ ਉਹ ਉਹਦੇ ਕੱਪੜੇ ਨਾ ਵਟਾ ਸਕਦੀ।...ਭਾਵੇਂ ਕਈ ਵਾਰ ਉਹਦੇ ਝੱਗੇ ਸਿਊਣੇ ਵੀ ਸ਼ੁਰੂ ਕੀਤੇ ਸਨ, ਪਰ…। ਇਕ ਵਾਰ ਉਹ ਏਸ ਤਸਵੀਰ ਨੂੰ ਤੋੜ ਸੁੱਟਣ ਲੱਗੀ ਸੀ ਕਿ ਬਾਹਰੋਂ ਉਹਦੀ ਗੁਆਂਢਣ ਆ ਗਈ ਸੀ। ਤੇ ਇਹ ਤਸਵੀਰ, ਛਣਕਣੇ ਨਾਲ ਖੇਡਦੇ ਬੱਚੇ ਦੀ ਤਸਵੀਰ ਹਾਲੀ ਤੱਕ ਓਥੇ ਉਹਦੇ ਕਮਰੇ ਵਿਚ ਲਟਕ ਰਹੀ ਸੀ। …ਉਹਦੇ ਕੰਨ ਸ਼ਾਂ ਸ਼ਾਂ ਕਰੀ ਜਾ ਰਹੇ ਸਨ, ਢਾਈ ਘੜੀਆਂ, ਢਾਈ ਪਹਿਰ…ਉਹਦੀਆਂ ਪੁੜਪੁੜੀਆਂ ਧਮ ਧਮ ਵੱਜ ਰਹੀਆਂ ਸਨ, ਢਾਈ ਦਿਨ, ਢਾਈ ਵਰ੍ਹੇ :

ਬੜੀ ਹਨੇਰੀ ਰਾਤ ਸੀ, ਕਾਲੇ ਕੁੱਤੇ ਦੀ ਜੱਤ ਵਰਗੀ, ਤੇ ਕਿਤੇ ਕਿਤੇ ਕੋਈ ਦੀਵਾ, ਜੱਤ ਵਿਚ ਫਸੇ ਚਿੱਚੜਾਂ ਵਾਂਗ। ਢੇਰ ਵਰ੍ਹੇ ਪਹਿਲਾਂ, ਜਦੋਂ ਉਹ ਬੱਚੀ ਹੁੰਦੀ ਸੀ ਤੇ ਗੁੱਡੀਆਂ ਨਾਲ ਖੇਡਦੀ ਸੀ, ਓਦੋਂ ਉਹਨੂੰ ਅਜਿਹੀਆਂ ਰਾਤਾਂ ਚੰਗੀਆਂ ਨਹੀਂ ਸਨ ਲੱਗਦੀਆਂ। ਇਨ੍ਹਾਂ ਵਿਚ ਲੁਕਣ-ਮੀਟੀ ਨਹੀਂ ਸੀ ਖੇਡੀ ਜਾ ਸਕਦੀ। …ਇਕ ਵਾਰੀ ਉਹ ਲੁਕਣ-ਮੀਟੀ ਖੇਡਦਿਆਂ ਲੁਕ ਗਈ ਸੀ ਤੇ ਉਹਨੇ ਬੂਟੇ ਨੂੰ ਅੰਦਰੋਂ ਕੁੰਡੀ ਲਾ ਦਿੱਤੀ ਸੀ। ਸ਼ੁਦੈਣ ਕਾਲੀ ਕਲੋਟੀ ਆਸੋ, ਹੜਬਾਂ ਨਿਕਲੀਆਂ ਹੋਈਆਂ, ਢਿਲਕੀਆਂ ਨੰਗੀਆਂ ਛਾਤੀਆਂ, ਗੰਡੋਏ ਵਾਂਗ ਪਿੰਡੇ ਤੇ ਵੱਟ, ਟਾਹਲੀ ਦੀਆਂ ਖੁੰਘਾਂ ਵਾਂਗ ਨਿਕਲੀਆਂ ਹੱਡੀਆਂ। ਤੇ ਆਸੋ ਸ਼ੁਦੈਣ ਬੋਲਣ ਲੱਗ ਪਈ ਸੀ, “ਪਿੰਡ ਵਿਚ ਹਲਕੇ ਕੁੱਤੇ ਹਰਲ ਹਰਲ ਪਏ ਕਰਦੇ ਨੇ, ਤੈਨੂੰ ਵੱਢ ਖਾਣਗੇ, ਤੇਰੇ ਅੰਦਰ ਕਤੂਰੇ ਚਊਂ ਚਊਂ ਕਰਨ ਲੱਗ ਪੈਣਗੇ, ਤੇ ਤੈਨੂੰ...”, ਫੇਰ ਆਪਣੀਆਂ ਲਿਟਾਂ ਨੂੰ ਉਂਗਲ ਨਾਲ ਉਤਾਂਹ ਖੜ੍ਹਾ ਕਰ ਕਹਿਣ ਲੱਗੀ, “ਮੈਂ ਗਿਟਕ ਅੰਦਰ ਲੰਘਾਈ ਸੀ...ਹੁਣ ਇਹਨੂੰ ਬੇਰ ਲੱਗਣਗੇ।” ਫੇਰ ਉਹ ਇਕ ਦਮ ਚੁੱਪ ਕਰ ਗਈ ਸੀ ਤੇ ਹੌਲੀ ਹੌਲੀ ਉਹਨੂੰ ਆਖਣ ਲੱਗ ਪਈ ਸੀ, “ਪੁੱਚ – ਪੁੱਚ — ਮੇਰੇ ਕੋਲੋਂ ਡਰਨੀ ਏਂ— ਨਾ ਡਰ ਬਿੱਲੋ...ਤੂੰ ਮੇਰੀ ਧੀ ਏਂ ਮੇਰੀ ਛਿੰਦੀ ਰਾਣੀ,” ਤੇ ਅਚਾਨਕ ਉਹ ਗਰਜੀ ਸੀ, “ਔਂਤਰੀ ਮੈਂ ਔਂਤਰੀ।” ਤੇ ਕੁੰਡੀ ਲਾਹ ਔਂਤਰੀ, ਔਂਤਰੀ ਕੂਕਦੀ ਆਸੋ ਸ਼ੁਦੈਣ ਬਾਹਰ ਹਨੇਰੇ ਵਿਚ ਨੱਸ ਗਈ ਸੀ।...ਆਸੋ ਨੂੰ ਉਹਦੇ ਪਤੀ ਨੇ ਛੱਡ ਦਿੱਤਾ ਹੋਇਆ ਸੀ, ਉਹਦੇ ਬਾਲ ਕੋਈ ਨਹੀਂ ਸੀ ਹੁੰਦਾ। ਤੇ ਪਿੰਡ ਵਿਚ ਮਸ਼ਹੂਰ ਸੀ ਕਿ ਇਹ ਕਲਜੀਭਣ ਜੋ ਭੈੜੀ ਚੰਦਰੀ ਮੂੰਹੋਂ ਕੱਢੇ ਉਹ ਸੱਚੀ ਹੋ ਜਾਂਦੀ ਸੀ।... “ਔਂਤਰੀ, ਮੈਂ ਔਂਤਰੀ, ਤੂੰ ਔਂਤਰੀ।”

ਤੇ ਅੱਜ ਗਲੀਆਂ ਵਿਚ ਹਲਕੇ ਕੁੱਤੇ ਫਿਰ ਰਹੇ ਸਨ, ਦਗੜ ਦਗੜ, ਹਰਲ ਹਰਲ। ਝੱਗ ਵਗਦੀ, ਪੂਛਲਾਂ ਸਿੱਧੀਆਂ, ਇਕ ਥਾਂ ਖਲੋ ਨਾ ਸਕਦੇ, ਨੱਸਦੇ — ਨੱਸਦੇ — ਨੱਸਦੇ। ਜੋ ਅੱਗੋਂ ਔਂਦਾ ਵੱਢੀ ਜਾਂਦੇ। ਜੇ ਕਿਸੇ ਜ਼ਨਾਨੀ ਨੂੰ ਵੱਢਦੇ ਤਾਂ ਉਹਦੇ ਅੰਦਰ ਕਤੂਰੇ ਚਊਂ ਚਊਂ ਕਰਨ ਲੱਗ ਪੈਂਦੇ। ਤੇ ਸਾਰਾ ਦਿਨ ਲੰਘ ਗਿਆ ਸੀ …ਪਰ ਉਹਨੇ ਕੋਈ ਹਲਕਾ ਕੁੱਤਾ ਨਹੀਂ ਸੀ ਤੱਕਿਆ, ਹਲਕਾ ਕੁੱਤਾ...

…ਉਹਨੂੰ ਆਪਣੇ ਸਰਹਾਣੇ ਕੋਲ ਕਿਸੇ ਜਨੌਰ ਦੇ ਪੌਂਚਿਆਂ ਦਾ ਭਾਰ ਮਹਿਸੂਸ ਹੋਇਆ। ਉਹਦੀ ਚਾਦਰ ਫੁੱਲ ਕੇ ਉਭਰਦੀ ਜਾਪੀ। ਤੇ ਉਹਦੇ ਮੂੰਹ ਤੇ ਝੱਗ ਦੀ ਗਰ੍ਹਾਲ ਜਿਵੇਂ ਡਿੱਗੀ ਹੋਵੇ! ਕੀ ਸੀ ਇਹ? ਜਬਾੜ੍ਹੇ ਕੁੱਤਿਆਂ ਵਰਗੇ, ਖਰ੍ਹਵੇ ਖਰ੍ਹਵੇ ਵਾਲ, ਤੇ ਮੂੰਹ ਵਿਚੋਂ ਝੱਗ ਵਗਦੀ, ਤੇ ਪਿਛਾਂਹ ਸਿੱਧੀ ਪੂਛਲ, ਕਰੜੀ ਸੀਖ ਵਰਗੀ। ਹਲਕਾ ਕੁੱਤਾ ਉਹਨਾਂ ਦੇ ਪਿੰਡ ਦਾ ਬੰਤਾ, ਉਹਦੇ ਗਿੱਲੇ ਬੁੱਲ੍ਹ, ਉਹਦੀ ਅਣਮੁੰਨੀ ਠੋਡੀ… ਖਰ੍ਹਵੇ ਖਰ੍ਹਵੇ ਵਾਲ ਉਹਦੇ ਮੂੰਹ ਤੇ ਸੁਲਕ ਰਹੇ ਸਨ, ਤੇ ਝੱਗ ਦੀ ਗਰ੍ਹਾਲ। ਉਹਨੇ ਗਹੁ ਨਾਲ ਹਨੇਰੇ ਵਿਚ ਤੱਕਿਆ— ਕੁਝ ਵੀ ਨਹੀਂ ਸੀ, ਉੱਕਾ ਹੀ ਕੁਝ ਨਹੀਂ, ਤੇ ਘੜਿਆਲ ਨੇ ਦੋ ਵਜਾਏ। ਥੋੜ੍ਹੀ ਦੇਰ ਹੋਰ ਤੇ ਢਾਈ ਵੱਜਣਗੇ—ਢਾਈ ਘੜੀਆਂ, ਢਾਈ ਪਹਿਰ, ਢਾਈ ਦਿਨ…

ਉਹਨੇ ਆਪਣੇ ਮੂੰਹ ਤੋਂ ਵਾਲ ਪਰ੍ਹਾਂ ਕੀਤੇ। ਕਿੰਨਾ ਚਿਰ ਹੋ ਗਿਆ ਸੀ ਕੰਘੀ ਵਾਹਿਆਂ...ਤੇ ਅਜਿਹੀਆਂ ਹੀ ਸਨ ਆਸੋ ਦੀਆਂ ਲਿਟਾਂ। ਉਹਨੂੰ ਆਸੋ ਦੀ ਡਰੌਣੀ ਵਾਜ ਅੱਜ ਏਨੇ ਸਾਲਾਂ ਬਾਅਦ ਵੀ ਸੁਣਾਈ ਦੇ ਰਹੀ ਸੀ, “ਮੈਂ ਅੰਦਰ ਗਿਟਕ ਲੰਘਾਈ ਸੀ— ਹੁਣ ਇਹਨੂੰ ਬੇਰ ਲੱਗਣਗੇ।”

ਦੂਜੀ ਮੰਜੀ ਤੇ ਉਹਦਾ ਪਤੀ ਲੇਟਿਆ ਹੋਇਆ ਸੀ। ਉਹਨੇ ਆਪਣੇ ਪਤੀ ਵੱਲ ਤੱਕਿਆ। ਉਹ ਉਹਨੂੰ ਇਕ-ਟਿੱਕ ਤੱਕਦੀ ਗਈ, ਤੱਕਦੀ ਗਈ। ਉਹ ਓਸੇ ਤਰ੍ਹਾਂ ਪਿਆ ਰਿਹਾ, ਚਾਦਰ ਵਿਚ ਵਲ੍ਹੇਟਿਆ, ਅਡੋਲ।

ਬਾਹਰ ਬਿਜਲੀ ਚਮਕ ਰਹੀ ਸੀ, ਤੇ ਮੀਂਹ ਵੀ ਵਸਣ ਲੱਗ ਪਿਆ ਸੀ...ਉਨ੍ਹਾਂ ਦੇ ਪਿੰਡ ਦੇ ਬੰਤੇ ਨੂੰ ਕਦੇ ਕੁੱਤੇ ਨੇ ਵੱਢਿਆ ਸੀ ਤੇ ਪੂਰੇ ਢਾਈ ਵਰ੍ਹਿਆਂ ਬਾਅਦ ਉਹ ਪਾਣੀ ਲਾ ਰਿਹਾ ਸੀ ਤੇ ਮੀਂਹ ਜ਼ੋਰ ਦੀ ਵਰ੍ਹਣ ਲੱਗ ਪਿਆ ਤੇ ਬਿਜਲੀ ਚਮਕਣ ਲੱਗ ਪਈ, ਤੇ ਉਹਨੇ ਆਪਣੇ ਲੀੜੇ ਪਾੜ ਸੁੱਟੇ ਸਨ, ਤੇ ਉਹ ਪਿੰਡ ਨੱਠ ਪਿਆ ਸੀ..ਤੇ ਲੋਕਾਂ ਨੇ ਉਹਨੂੰ ਸੰਗਲਾਂ ਵਿਚ ਕੱਸ ਦਿੱਤਾ ਸੀ, ਤੇ ਉੱਤੋਂ ਪਾਣੀ ਦੀ ਮਸ਼ਕ ਵਹਾ ਦਿੱਤੀ ਸੀ। ਬਿਜਲੀ ਚਮਕਦੀ ਰਹੀ ਸੀ, ਤੇ ਉਹ ਤੜਫ਼ਦਾ ਤੜਫ਼ਦਾ...

ਠੰਡ ਅੰਦਰ ਆ ਰਹੀ ਸੀ, ਉਹਨੇ ਬਾਰੀ ਬੰਦ ਕਰ ਦਿੱਤੀ ਤੇ ਮੂੰਹ ਚਾਦਰ ਵਿਚ ਲੁਕਾ ਲਿਆ। ਢਿੱਡ ਤੇ ਗੋਡਿਆਂ ਵਿਚਕਾਰ ਪਿਆ ਸਰਹਾਣਾ ਉਹਨੂੰ ਫੁਲਦਾ ਜਾਪਿਆ, ਉਹ ਹੋਰ ਫੁਲ ਰਿਹਾ ਸੀ। ਉਹਨੇ ਆਪਣੇ ਗੋਡੇ ਸਿੱਧੇ ਕਰ ਲਏ, ਲੱਤਾਂ ਲਮਿਆਰ ਲਈਆਂ।…ਗਰੜ, ਗਰੜ, ਜਿਵੇਂ ਅਸਮਾਨ ਦੇ ਛੱਤ ਉੱਤੇ ਦੈਂਤ ਮੰਜੀਆਂ ਘਸੀਟ ਰਹੇ ਹੋਣ।

“ਔਂਤਰੀ, ਔਂਤਰੀ—ਮੇਰੇ ਲਈ ਬਾਲ ਇਕ ਵੀ ਨਾ ਜਣ ਸਕੀ!” ਨਾਲ ਦੀ ਮੰਜੀ ਤੋਂ ਉਹਦਾ ਪਤੀ ਬੁੜਾਇਆ।

[1944]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •