Bahut Ho Gia Vigaar, Bas Hun Sambhal Jao (Punjabi Article): Labh Singh Shergill

ਬਹੁਤ ਹੋ ਗਿਆ ਵਿਗਾੜ, ਬੱਸ ਹੁਣ ਸੰਭਲ ਜਾਉ (ਲੇਖ) : ਲਾਭ ਸਿੰਘ ਸ਼ੇਰਗਿੱਲ

ਕਦੇ ਖੁੱਲ੍ਹੀ ਫਿਜ਼ਾ ਤੇ ਸ਼ੁੱਧ ਹਵਾ ’ਚ ਸਾਹ ਲੈਂਦਾ ਹੋਇਆ ਆਦਮੀ ਆਪਣੇ ਆਪ ਨੂੰ ਪੂਰਾ ਤੰਦਰੁਸਤ ਤੇ ਤਰੋਤਾਜ਼ਾ ਮਹਿਸੂਸ ਕਰਦਾ ਸੀ । ਅੱਜ ਹਵਾ ਪ੍ਰਦੂਸ਼ਿਤ ਹੋਣ ਨਾਲ਼ ਤੰਦਰੁਸਤੀ ਮਨੁੱਖ ਦੇ ਜੀਵਨ ਵਿੱਚੋਂ ਗਾਇਬ ਹੁੰਦੀ ਜਾ ਰਹੀ ਹੈ। ਆਦਮੀ ਦੀ ਕਾਇਆ ਬੀਮਾਰੀਆਂ ਦਾ ਘਰ ਹੋ ਰਹੀ ਹੈ । ਇਹ ਖੁਦ ਆਦਮੀ ਦੇ ਪੈਦਾ ਕੀਤੇ ਵਿਗਾੜ ਹਨ ਜਿੰਨ੍ਹਾਂ ਦਾ ਨਤੀਜਾ ਉਹ ਤਰ੍ਹਾਂ-ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਦੇ ਰੂਪ ਵਿੱਚ ਭੁਗਤ ਰਿਹਾ ਹੈ ।

ਮਨੁੱਖ ਜਦੋਂ ਤੋਂ ਆਪਣੇ ਆਪ ਨੂੰ ਆਧੁਨਿਕ ਸਮਝਣ ਲੱਗਿਆ ਹੈ। ਤਰ੍ਹਾਂ-ਤਰ੍ਹਾਂ ਦੀਆਂ ਖੋਜਾਂ ਕੀਤੀਆਂ ਹਨ । ਚੰਗੇਰੇ ਜੀਵਨ ਲਈ ਅਨੇਕਾਂ ਸਹੂਲਤਾਂ ਅਪਣਾਈਆਂ ਹਨ ਉਦੋਂ ਤੋਂ ਇਸ ਨੇ ਰੱਜ ਕੇ ਵਾਤਾਵਰਨ ਨੂੰ ਮਧੋਲਿਆ ਹੈ । ਬੜੀ ਨਿਰਦੈਤਾ ਨਾਲ਼ ਇਸ ਹਰੀ ਭਰੀ ਧਰਤੀ ਨੂੰ ਆਧੁਨਿਕਤਾ ਦੇ ਨਾਂ ’ਤੇ ਉਜਾੜਿਆ ਹੈ। ਇਹ ਸਿਲਸਿਲਾ ਅਜੇ ਵੀ ਰੁਕਿਆ ਨਹੀਂ ਲਗਾਤਾਰ ਜਾਰੀ ਹੈ । ਇਸ ਨੇ ਕੁਦਰਤੀ ਫਿਜ਼ਾ ਨੂੰ ਉਜਾੜ ਕੇ ਕੰਕਰੀਟ ਦੀਆਂ ਦੀਵਾਰਾਂ ਖੜੀਆਂ ਕਰ ਲਈਆਂ ਹਨ ਜੋ ਤਨ-ਮਨ ਨੂੰ ਠੰਢਕ ਦੇਣ ਦੀ ਬਜਾਇ ਤਪਸ਼ ਹੀ ਪ੍ਰਦਾਨ ਕਰ ਰਹੀਆਂ ਹਨ ।

ਗਰਮੀ ਰੁੱਤ ’ਚੋਂ ਨਿਕਲ ਕੇ ਜਿਉਂ ਹੀ ਅਸੀਂ ਸਰਦੀ ਰੁੱਤ ਵਿੱਚ ਦਾਖਲ ਹੁੰਦੇ ਹਾਂ ਤਾਂ ਤਿਉਹਾਰਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਪਹਿਲਾਂ ਦੁਸਹਿਰਾ ਫਿਰ ਕੱਤਕ ਮਹੀਨੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ । ਲੋਕਾਂ ਦੇ ਮਨਾਂ ਵਿੱਚ ਇਸ ਤਿਉਹਾਰ ਪ੍ਰਤੀ ਬੜਾ ਉਤਸ਼ਾਹ ਤੇ ਖੁਸ਼ੀ ਹੁੰਦੀ ਹੈ । ਬੜੇ ਚਾਵਾਂ ਨਾਲ਼ ਇਸ ਦੀ ਸਭ ਨੂੰ ਉਡੀਕ ਹੁੰਦੀ ਹੈ । ਇਸੇ ਮਹੀਨੇ ਖੇਤਾਂ ਵਿੱਚ ਝੋਨੇ ਦੀ ਫਸਲ ਦੀ ਕਟਾਈ ਹੁੰਦੀ ਹੈ। ਖੇਤੀ ਨਾਲ਼ ਜੁੜੇ ਹਰ ਕਿਸਾਨ ਨੂੰ ਆਪਣੀ ਫਸਲ ਦਾ ਵੀ ਤਿਉਹਾਰ ਜਿੰਨਾ ਹੀ ਚਾਅ ਹੁੰਦਾ ਹੈ। ਫਸਲ ਵੇਚ ਕੇ ਦੀਵਾਲੀ ਦੀਆਂ ਖੁਸ਼ੀਆਂ ਨੂੰ ਦੁੱਗਣਾ ਕਰਨ ਦੀ ਹਰ ਮਨ ਵਿੱਚ ਰੀਝ ਹੁੰਦੀ ਹੈ । ਆਪਣੀਆਂ ਖੁਸ਼ੀਆਂ, ਆਪਣੀਆਂ ਰੀਝਾਂ ਪੂਰੀਆਂ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਇਸ ਮਹੀਨੇ ਵਾਤਾਵਰਨ ਨਾਲ਼ ਜੋ ਖਿਲਵਾੜ ਹੁੰਦਾ ਹੈ ਉਹ ਸ਼ਾਇਦ ਪੂਰੇ ਸਾਲ ਦੇ ਹੋਰ ਤਿਉਹਾਰਾਂ ਨਾਲ਼ੋਂ ਕਿਤੇ ਜ਼ਿਆਦਾ ਹੁੰਦਾ ਹੈ। ਫਸਲ ਦੀ ਕਟਾਈ ਤੋਂ ਬਾਅਦ ਬਚਦੀ ਰਹਿੰਦ ਖੂੰਹਦ (ਪਰਾਲ਼ੀ) ਨੂੰ ਅੱਗ ਦੇ ਭੇਂਟ ਕੀਤਾ ਜਾਂਦਾ ਹੈ, ਚਾਰੇ ਪਾਸੇ ਧੂੰਆਂ ਹੀ ਧੂੰਆਂ ਨਜ਼ਰ ਆਉਂਦਾ ਹੈ । ਦੂਸਰੇ ਪਾਸੇ ਦੀਵਾਲੀ ’ਤੇ ਅਸੀਂ ਹਰ ਸਾਲ ਇਸ ਤੋਂ ਪਹਿਲਾਂ ਬੜੇ ਜ਼ੋਰ-ਸ਼ੋਰ ਨਾਲ਼ ਪ੍ਰਚਾਰ ਕਰਦੇ ਹਾਂ ਕਿ ਦੀਵਾਲੀ ’ਤੇ ਪਟਾਖੇ ਨਹੀਂ ਚਲਾਉਣੇ, ਪ੍ਰਦੂਸ਼ਨ ਨਹੀਂ ਕਰਨਾ ਪਰ ਦੀਵਾਲੀ ਵਾਲ਼ੇ ਦਿਨ ਆਪਣੇ ਕੀਤੇ ਵਾਅਦੇ ਆਪ ਹੀ ਤੋੜ ਦਿੰਦੇ ਹਾਂ । ਚਾਰੇ ਪਾਸੇ ਬਾਰੂਦ ਦੀ ਗੰਧ ਤੇ ਧੂੰਏਂ ਦੇ ਗੁਬਾਰ ਚੜ੍ਹ ਜਾਂਦੇ ਹਨ । ਸਾਡੇ ਵੱਡੇ-ਵਡੇਰੇ , ਸਾਡੇ ਬਜ਼ੁਰਗ ਇੰਨ੍ਹਾਂ ਤਿਉਹਾਰਾਂ ਨੂੰ ਬੜੀ ਪਵਿੱਤਰਤਾ ਅਤੇ ਸਾਦਗੀ ਨਾਲ਼ ਮਨਾਇਆ ਕਰਦੇ ਸਨ ਅਸੀਂ ਇਨ੍ਹਾਂ ਨੂੰ ਮਨਾਉਣ ਦਾ ਰੂਪ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ ਸਾਦਗੀ ਦੀ ਥਾਂ ਤੇ ਵਿਖਾਵਾ, ਚਮਕ-ਦਮਕ ਨੇ ਤਿਉਹਾਰਾਂ ਲਈ ਅਸਲੀ ਭਾਵਨਾ ਹੀ ਖਤਮ ਕਰ ਦਿੱਤੀ ਹੈ। ਦੂਸਰੇ ਪਾਸੇ ਖੇਤਾਂ ਵਿਚਲੀ ਪਰਾਲ਼ੀ ਦੀ ਅੱਗ ਤੋਂ ਉੱਠਿਆ ਜ਼ਹਿਰੀਲਾ ਧੂੰਆਂ ਆਪਣਾ ਆਤੰਕ ਫੈਲਾਉਂਦਾ ਹੈ ਜੋ ਹਾਦਸਿਆਂ ਤੇ ਬੀਮਾਰੀਆਂ ਦਾ ਕਾਰਨ ਬਣਦਾ ਹੈ ।

ਪਰਮਾਤਮਾ ਨੇ ਮਨੁੱਖ ਦੇ ਰੂਪ ਵਿੱਚ ਆਪਣਾ ਅੰਸ਼ ਇਸ ਧਰਤੀ ’ਤੇ ਭੇਜਿਆ ਸੀ ਕਿ ਉਹ ਇਸ ਨੂੰ ਖੂਬਸੂਰਤ ਬਣਾਵੇਗਾ ਪਰ ਇਸ ਨੇ ਤਾਂ ਪੂਰੀ ਕਾਇਨਾਤ ਨੂੰ ਉਜਾੜ ਕੇ ਰੱਖ ਦਿੱਤਾ ਹੈ। ਅੱਜ ਉਹ ਪ੍ਰਮਾਤਮਾ ਵੀ ਆਦਮੀ ਨੂੰ ਇਸ ਧਰਤੀ ’ਤੇ ਭੇਜ ਕੇ ਪਛਤਾਉਂਦਾ ਹੋਵੇਗਾ।

ਹਵਾ,ਪਾਣੀ, ਮਿੱਟੀ ਸਭ ਨੂੰ ਇਸ ਮਨੁੱਖ ਨੇ ਆਧੁਨਿਕਤਾ ਦੇ ਨਾਂ ’ਤੇ ਹੱਦੋਂ ਵੱਧ ਪ੍ਰਦੂਸ਼ਿਤ ਕਰ ਦਿੱਤਾ ਹੈ। ਇਹ ਵਿਗਾੜ ਇੰਨਾ ਵਧ ਗਿਆ ਹੈ ਕਿ ਉਹ ਖੁਦ ਇੰਨ੍ਹਾਂ ਜ਼ਹਿਰਾਂ ਦਾ ਸ਼ਿਕਾਰ ਹੋ ਰਿਹਾ ਹੈ । ਕਦੇ ਹਰੀ ਭਰੀ ਬਨਸਪਤੀ, ਸ਼ੁੱਧ ਹਵਾ, ਨਿਰਮਲ ਪਾਣੀ, ਜਰਖੇਜ਼ ਭੂਮੀ ਇਨਸਾਨ ਦੇ ਨਿਰਬਾਹ ,ਉਸ ਦੇ ਤੰਦਰੁਸਤ ਸਰੀਰ ਅਤੇ ਮਨ ਦਾ ਅਧਾਰ ਸੀ। ਜਿਸ ਦਾ ਜ਼ਿਕਰ ਸਾਡੇ ਪੁਰਾਤਨ ਗ੍ਰੰਥਾਂ ਵਿੱਚ ਮਿਲਦਾ ਹੈ, ਅਸੀਂ ਆਪਣੇ ਦਾਦਿਆਂ ਪੜਦਾਦਿਆਂ ਤੋਂ ਵੀ ਇਹ ਗੱਲਾਂ ਸੁਣਦੇ ਰਹੇ ਹਾਂ।

ਵਿਕਾਸ ਦੇ ਨਾਂ ’ਤੇ ਸਾਡੇ ਕੋਲ਼ ਜੋ ਬੇਸ਼ਕੀਮਤੀ ਸੀ ਅਸੀਂ ਗਵਾ ਲਿਆ ਹੈ। ਧਰਤੀ ਹੇਠਲਾ ਪਾਣੀ ਖਾਤਮੇ ’ਤੇ ਪਹੁੰਚ ਗਿਆ ਹੈ । ਹਵਾ ਸਾਹ ਲੈਣ ਯੋਗ ਅਸੀਂ ਛੱਡੀ ਨਹੀਂ । ਜ਼ਰਖੇਜ ਭੂਮੀ ਨੂੰ ਜ਼ਹਿਰਾਂ ਨਾਲ਼ ਭਰ ਦਿੱਤਾ ਹੈ। ਹੋਰ ਅਜੇ ਕਿੰਨੀ ਕੁ ਕਸਰ ਬਾਕੀ ਰਹਿ ਗਈ ਹੈ ਇਸ ਨੂੰ ਬਰਬਾਦ ਕਰਨ ਦੀ। ਹੁਣ ਤਾਂ ਇਸ ਦੇ ਨਤੀਜੇ ਸਾਹਮਣੇ ਹਨ, ਹੁਣ ਤਾਂ ਸੰਭਲ ਜਾਣਾ ਚਾਹੀਦਾ ਹੈ। ਕੀ ਸਾਰਾ ਕੁੱਝ ਗਵਾ ਕੇ ਹੀ ਸਾਡੀਆਂ ਅੱਖਾਂ ਖੁੱਲ੍ਹਣਗੀਆਂ ਫਿਰ ਪਛਤਾਵੇ ਤੋਂ ਬਿਨਾਂ ਸਾਡੇ ਪੱਲੇ ਕੁੱਝ ਨਹੀਉਂ ਜੇ ਰਹਿਣਾ।

ਅਜੇ ਵੀ ਵੇਲ਼ਾ ਹੈ, ਡੁੱਲ਼ੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ ਅੱਜ ਵੀ ਸੰਭਲ ਜਾਈਏ ਤਾਂ ਅਜੇ ਵੀ ਬਹੁਤ ਕੁੱਝ ਬਚਾਇਆ ਜਾ ਸਕਦਾ ਹੈ ਕੁਦਰਤ ਦੀਆਂ ਬਖਸ਼ੀਆਂ ਇਹ ਨਿਆਮਤਾਂ ਨੂੰ ਬਚਾਉਣ ਵਾਲ਼ੇ ਪਾਸੇ ਤੁਰ ਪਈਏ ਤਾਂ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਦੀ ਝੋਲੀ ਵਿੱਚ ਕੁੱਝ ਸ਼ੁੱਧਤਾ ਪਾ ਸਕੀਏ ਨਹੀਂ ਤਾਂ ਉਨ੍ਹਾਂ ਨੇ ਸਾਨੂੰ ਕਦੇ ਮੁਆਫ ਨਹੀਂ ਕਰਨਾ ਤੇ ਸਤਿਕਾਰ ਦੀ ਥਾਂ ਤ੍ਰਿਸਕਾਰ ਦੇ ਪਾਤਰ ਬਣੇ ਰਹਾਂਗੇ ਹਮੇਸ਼ਾ। ਪੈਸੇ ਦੀ ਦੌੜ ਨੇ ਸਾਡੇ ਕੋਲ਼ੋਂ ਬਹੁਤ ਕੁੱਝ ਖੋਹ ਲਿਆ ਹੈ ਜੇ ਅਜੇ ਵੀ ਅਸੀਂ ਨਾ ਸੰਭਾਲੇ ਤਾਂ ਇਸ ਧਰਤੀ ’ਤੇ ਬਹੁਤ ਛੇਤੀ ਜਿਵੇਂ ਪਸ਼ੂ ਪੰਛੀਆਂ ਦੀਆਂ ਪ੍ਰਜਾਤੀਆਂ ਖਤਮ ਹੋਈਆਂ ਹਨ ਇਸੇ ਤਰ੍ਹਾਂ ਮਨੁੱਖ ਜਾਤੀ ਦੀਆਂ ਨਸਲਾਂ ਦਾ ਵਾਧਾ ਰੁਕ ਜਾਵੇਗਾ ਜੋ ਬਹੁਤ ਹੀ ਗੰਭੀਰ ਅਤੇ ਚਿੰਤਨ ਦਾ ਵਿਸ਼ਾ ਹੈ। ਇਸ ਚੌਗਿਰਦੇ ਨੂੰ ਦੁਬਾਰਾ ਉਸੇ ਰੂਪ ਵਿੱਚ ਲਿਆਉਣ ਲਈ ਹਰ ਸੰਭਵ ਯਤਨ ਕਰਨਾ ਹੀ ਹੈ ਤੇ ਇਸ ਵਿੱਚ ਹੀ ਸਾਰੇ ਜਗਤ ਦਾ ਭਲਾ ਹੋਵੇਗਾ ।

  • ਮੁੱਖ ਪੰਨਾ : ਕਹਾਣੀਆਂ ਅਤੇ ਲੇਖ : ਲਾਭ ਸਿੰਘ ਸ਼ੇਰਗਿੱਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •