Bahut Vaddi Ghalti (Punjabi Story) : Omkar Sood Bahona

ਬਹੁਤ ਵੱਡੀ ਗ਼ਲਤੀ (ਕਹਾਣੀ) : ਓਮਕਾਰ ਸੂਦ ਬਹੋਨਾ

ਮਾਂ ਦੇ ਵਾਰ-ਵਾਰ ਕਹਿਣ 'ਤੇ ਵੀ ਸੋਨੂੰ ਰੋਟੀ ਨਹੀਂ ਸੀ ਖਾ ਰਿਹਾ । ਬੱਸ, ਉਦਾਸ ਨਿੰਮੋਝੂਣਾ ਸੋਚਾਂ ਵਿੱਚ ਗਰਕਿਆ ਉਹ ਕਦੇ ਮੰਜੇ 'ਤੇ ਬਹਿ ਜਾਂਦਾ ਸੀ ਤੇ ਕਦੇ ਲੇਟ ਕੇ ਉਤਾਂਹ ਛੱਤ ਦੀਆਂ ਕੜੀਆਂ ਨੂੰ ਘੂਰਨ ਲੱਗ ਪੈਂਦਾ ਸੀ । ਉਸ ਦੀਆਂ ਅੱਖਾਂ ਉੱਤੇ ਆਈ ਹਲਕੀ ਜਿਹੀ ਸੋਜ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਸੀ ਕਿ ਉਹ ਰੋ ਕੇ ਹਟਿਆ ਹੈ । ਮਾਂ ਨੇ ਉਸ ਨੂੰ ਹੌਸਲਾ ਦੇਣ ਵਜੋਂ ਇਹ ਸ਼ਬਦ ਵੀ ਕਹੇ ਸਨ ਕਿ ਜੋ ਹੋਣਾ ਸੀ ਹੋ ਗਿਆ! ਹੁਣ ਅੱਗੇ ਤੋਂ ਧਿਆਨ ਰੱਖੀਂ ਤੇ ਮੁੜ ਅਜਿਹੀ ਗ਼ਲਤੀ ਭੁੱਲ ਕੇ ਵੀ ਨਾ ਕਰੀਂ! ਪਰ ਉਹ ਡੁੰਨ-ਵੱਟਾ ਬਣਿਆ ਉਵੇਂ ਜਿਵੇਂ ਮੰਜੇ 'ਤੇ ਪਿਆ ਆਪਣੀ ਕੀਤੀ ਬਹੁਤ ਵੱਡੀ ਗਲਤੀ 'ਤੇ ਪਛਤਾਵਾ ਕਰ ਰਿਹਾ ਸੀ ।

ਉਹ ਅੱਠਵੀਂ ਜਮਾਤ ਵਿੱਚ ਪੜ੍ਹਦਾ ਸੀ । ਪੜ੍ਹਨ ਵਿੱਚ ਕੋਈ ਬਹੁਤਾ ਹੁਸ਼ਿਆਰ ਨਹੀਂ ਸੀ । ਦਰਅਸਲ ਉਸ ਦਾ ਮਨ ਪੜ੍ਹਾਈ ਵਿੱਚ ਉੱਕਾ ਹੀ ਨਹੀਂ ਸੀ ਲਗਦਾ । ਉਹ ਹਰ ਸਮੇਂ ਖੇਡਣ ਤੇ ਸ਼ਰਾਰਤਾਂ ਕਰਨ ਵਿੱਚ ਗਲ਼ਤਾਨ ਰਹਿੰਦਾ ਸੀ । ਸਕੂਲੋਂ ਆਉਂਦਿਆਂ ਹੀ ਬਸਤਾ ਘਰੇ ਸੁਟ ਕੇ ਬਾਹਰ ਖੇਡਣ ਨਿਕਲ ਜਾਂਦਾ ਸੀ । ਬੰਟੇ ਖੇਡਦਾ, ਪਤੰਗਾਂ ਉਡਾਉਂਦਾ ਤੇ ਜਾਂ ਬੇ-ਪ੍ਰਵਾਹ ਅਵਾਰਾ ਘੁੰਮਦਾ ਰਹਿੰਦਾ ਸੀ । ਉਹ ਆਪਣੇ ਤੋਂ ਛੋਟਿਆਂ ਨੂੰ ਕੁਟਦਾ, ਵੱਡਿਆਂ ਨੂੰ ਟਿੱਚ ਕਰਕੇ ਜਾਣਦਾ । ਜੇ ਕਦੇ ਮਾਂ ਕਹਿੰਦੀ, "ਪੁੱਤ ਪੜ੍ਹ ਲੈ ਤੇਰਾ ਅੱਠਵੀਂ ਦਾ ਬੋਰਡ ਦਾ ਇਮਤਿਹਾਨ ਹੈ! ਫੇਲ੍ਹ ਹੋ ਜਾਵੇਂਗਾ!" ਤਾਂ ਉਹ ਅੱਗਿਓਂ ਘੜਿਆ-ਘੜਾਇਆ ਉੱਤਰ ਦਿੰਦਾ, "ਤੂੰ ਚਿੰਤਾ ਨਾ ਕਰੀਂ ਮਾਂ! ਤੈਨੂੰ ਪਾਸ ਹੋ ਕੇ ਦਿਖਾਊਂਗਾ!" ਪਿਓ ਦਾ ਉਸ ਨੂੰ ਕੋਈ ਡਰ ਨਹੀਂ ਸੀ ਕਿਉਂਕਿ ਉਹ ਫ਼ੌਜ਼ ਵਿੱਚ ਨੌਕਰੀ ਕਰਦਾ ਸੀ । ਪਿਤਾ ਦੇ ਨਰਮ ਵਤੀਰੇ ਤੇ ਅਥਾਹ ਪਿਆਰ ਦਾ ਸੋਨੂੰ ਸਭ ਤੋਂ ਵੱਧ ਫ਼ਾਇਦਾ ਲੈਂਦਾ । ਖੂਬ ਸਾਰੀਆਂ ਸ਼ਰਾਰਤਾਂ ਕਰਦਾ । ਛੁੱਟੀ ਵਾਲੇ ਦਿਨ ਉਹ ਦੁਪਹਿਰ ਨੂੰ ਦੋ-ਚਾਰ ਹਾਣੀ ਮੁੰਡਿਆਂ ਨਾਲ ਬਾਹਰ ਸੂਏ ਵੱਲ ਨੂੰ ਨਿਕਲ ਜਾਂਦਾ । ਬਾਹਰ ਸੂਏ ਦੇ ਪੁਲ ਤੋਂ ਲੰਘਦੀ ਸੜਕ 'ਤੇ ਆ ਜਾ ਰਹੇ ਰਾਹੀਆਂ ਨਾਲ ਤਰ੍ਹਾਂ-ਤਰ੍ਹਾਂ ਦੇ ਕੋਝੇ ਮਜ਼ਾਕ ਕਰਦਾ । ਕਈ ਵਾਰ ਖਾਲੀ ਲਿਫ਼ਾਫ਼ਿਆਂ ਵਿੱਚ ਦਰਖ਼ਤਾਂ ਦੇ ਸੁੱਕੇ ਪੱਤੇ ਭਰ ਕੇ ਸੜਕ 'ਤੇ ਰੱਖ ਦਿੰਦਾ । ਆਪ ਆਪਣੇ ਸਾਥੀਆਂ ਸਮੇਤ ਉਰੇ-ਪਰ੍ਹੇ ਲੁਕ ਬਹਿੰਦਾ । ਸੜਕ ਤੋਂ ਗੁਜਰ ਰਿਹਾ ਕੋਈ ਸਾਈਕਲ ਸਵਾਰ ਲਾਲਚ ਵੱਸ ਉਹ ਲਿਫ਼ਾਫ਼ਾ ਉਠਾ ਲੈਂਦਾ । ਲਿਫ਼ਾਫ਼ੇ ਵਿੱਚ ਭਰੇ ਪੱਤੇ ਵੇਖਦਾ, ਲਿਫ਼ਾਫ਼ਾ ਥਾਏਂ ਸੁੱਟ ਕੇ ਦਵਾ ਦਵ ਸਾਈਕਲ 'ਤੇ ਚੜ੍ਹ ਜਾਂਦਾ । ਪਿੱਛੋਂ ਸੋਨੂੰ ਤੇ ਉਸ ਦੇ ਸਾਥੀਆਂ ਦਾ ਬੇਹੂਦਾ ਸ਼ੋਰ ਦੂਰ ਤੱਕ ਰਾਹੀ ਦਾ ਪਿੱਛਾ ਕਰਦਾ! ਊਂ ਸੋਨੂੰ ਹਰ ਰੋਜ਼ ਸਕੂਲ ਜਾਂਦਾ ਸੀ ਬਿਲਾ ਨਾਗ਼ਾ, ਪਰ ਪੜ੍ਹਾਈ ਬਿਲਕੁਲ ਨਹੀਂ ਸੀ ਕਰਦਾ । ਸਕੂਲੋਂ ਮਿਲਿਆ ਕੰਮ ਗਾਈਡਾਂ ਤੋਂ ਨਕਲ ਮਾਰ ਕੇ ਕਾਪੀਆਂ 'ਤੇ ਉਤਾਰ ਦਿੰਦਾ, ਖਾਸ ਕਰ ਹਿਸਾਬ ਦੇ ਸਵਾਲਾਂ ਦਾ ਤਾਂ ਉਸ ਨੂੰ ਕੋਈ ਗਿਆਨ ਹੀ ਨਹੀਂ ਸੀ! ਸਕੂਲ ਵਿੱਚ ਮਾਸਟਰ ਜੀ ਹਰ ਵਿਸ਼ੇ ਵਿੱਚ ਟੈਸਟ ਲੈਂਦੇ । ਸੋਨੂੰ ਦੇ ਹਰ ਵਿਸ਼ੇ ਵਿੱਚੋਂ ਪੰਜ ਜਾਂ ਸੱਤ ਪ੍ਰਤੀਸ਼ਤ ਨੰਬਰ ਆਉਂਦੇ, ਬੱਸ ਇਸ ਤੋਂ ਵੱਧ ਕਦੇ ਵੀ ਨਹੀਂ । ਉਸ ਦੇ ਅਧਿਆਪਕ ਉਸ ਤੋਂ ਸਦਾ ਦੁਖੀ ਰਹਿੰਦੇ । ਉਸ ਨੂੰ ਕੁਟਦੇ ਪਰ ਢੀਠ ਸੋਨੂੰ 'ਤੇ ਕੋਈ ਅਸਰ ਨਾ ਹੁੰਦਾ ਸਗੋਂ ਮਾਰਨ ਨਾਲ ਅਧਿਆਪਕਾਂ ਦਾ ਆਪਣਾ ਮਨ ਦੁਖੀ ਹੀ ਹੁੰਦਾ ਸੀ । ਫਿਰ ਵੀ ਉਹ ਆਪਣੇ ਹਾਣੀਆਂ ਕੋਲ ਡੀਂਗਾਂ ਮਾਰਦਾ, 'ਪਾਸ ਹੋਵਾਂਗਾ, ਪਾਸ ਹੋਵਾਂਗਾ, ਜ਼ਰੂਰ ਪਾਸ ਹੋਵਾਂਗਾ!' ਪਰ ਸਮਾਂ ਕਿਸੇ ਦੀ ਪ੍ਰਵਾਹ ਨਹੀਂ ਕਰਦਾ । ਸੋਨੂੰ ਸਮੇਂ ਤੋਂ ਬੇਪ੍ਰਵਾਹ ਸੀ । ਲੰਘ ਰਹੇ ਸਮੇਂ ਦੀ ਉਸ ਨੂੰ ਕੋਈ ਚਿੰਤਾ ਨਹੀਂ ਸੀ । ਅਖੀਰ ਸਮਾਂ ਸਿਰ 'ਤੇ ਆਇਆ ਵੇਖ ਸੋਨੂੰ ਘਬਰਾ ਗਿਆ, ਪਰ ਉਸ ਨੇ ਮਨ ਨੂੰ ਹੌਂਸਲਾ ਦਿੱਤਾ-'ਕੋਈ ਗੱਲ ਨਹੀਂ, ਨਕਲ ਜ਼ਿੰਦਾਬਾਦ!'

ਇਮਤਿਹਾਨ ਹਾਲ ਵਿੱਚ ਬੈਠਾ ਸੋਨੂੰ ਬੜੇ ਹੀ ਜ਼ੋਰਾਂ-ਸ਼ੋਰਾਂ ਨਾਲ ਨਕਲ ਵਾਲੀਆਂ ਪਰਚੀਆਂ ਤੋਂ ਵੇਖ-ਵੇਖ ਸਵਾਲ ਹੱਲ ਕਰੀ ਜਾ ਰਿਹਾ ਸੀ । ਪ੍ਰੀਖਿਆ ਹਾਲ ਵਿੱਚ ਚੁੱਪ ਛਾਈ ਹੋਈ ਸੀ । ਨਿਗਰਾਨ ਅਮਲਾ ਆਪਣੀ ਡਿਊਟੀ 'ਤੇ ਤਾਇਨਾਤ ਸੀ । ਅਜੇ ਤੱਕ ਕਿਸੇ ਵੀ ਨਿਗਰਾਨ ਆਧਿਆਪਕ ਦੀ ਨਿਗਾਹ ਉਸ ਤੱਕ ਨਹੀਂ ਸੀ ਪਹੁੰਚੀ ਕਿਉਂਕਿ ਉਹ ਨਕਲ ਬੜਾ ਹੀ ਸੁਚੇਤ ਹੋ ਕੇ ਮਾਰ ਰਿਹਾ ਸੀ । ਅਚਾਨਕ ਪ੍ਰੀਖਿਆ ਹਾਲ ਦੀ ਸ਼ਾਂਤੀ ਭੰਗ ਹੋ ਗਈ, ਜਦੋਂ 'ਉਡਣ ਦਸਤਾ' ਆਪਣੀ ਗੱਡੀ ਵਿੱਚੋਂ ਉੱਤਰ ਕੇ 'ਦਗੜ-ਦਗੜ' ਕਰਦਾ ਪ੍ਰੀਖਿਆ ਹਾਲ ਵਿੱਚ ਦਾਖਲ ਹੋ ਗਿਆ । ਸੋਨੂੰ ਸਭ ਕਾਸੇ ਤੋਂ ਬੇਖਬਰ ਸੀ । ਉਡਣ ਦਸਤੇ ਦੇ ਮੈਂਬਰਾਂ ਨੇ ਸੋਨੂੰ ਨੂੰ ਨਕਲ ਮਾਰਦਿਆਂ ਰੰਗੇ ਹੱਥੀਂ ਪਕੜ ਲਿਆ । ਢੇਰ ਸਾਰੀਆਂ ਪਰਚੀਆਂ ਉਸ ਕੋਲੋਂ ਪਕੜੀਆਂ ਗਈਆਂ । ਸੋਨੂੰ ਦੇ ਲੱਖ ਵਾਰੀ ਮਿਨਤਾਂ-ਤਰਲੇ ਕਰਨ 'ਤੇ ਵੀ ਉਸ ਨੂੰ ਮਾਫ਼ ਨਹੀਂ ਕੀਤਾ ਗਿਆ । ਉਸ ਕੋਲੋਂ ਪਕੜੀਆਂ ਨਕਲ ਦੀਆਂ ਪਰਚੀਆਂ ਉਸ ਦੀ ਉੱਤਰ ਕਾਪੀ ਨਾਲ ਨੱਥੀ ਕਰਕੇ ਨਕਲ ਦਾ ਕੇਸ ਬਣਾ ਦਿੱਤਾ ਗਿਆ । ਉਸ ਦਾ ਸਾਰਾ ਰਿਕਾਰਡ ਸਿੱਖਿਆ ਬੋਰਡ ਨੂੰ ਭੇਜ ਦਿੱਤਾ ਗਿਆ ਸੀ । ਹੁਣ ਸਿੱਖਿਆ ਬੋਰਡ ਦੇ ਫੈਸਲੇ ਦੀ ਉਡੀਕ ਬਾਕੀ ਸੀ ।

ਉਸ ਦੇ ਅਧਿਆਪਕਾਂ ਨੇ ਉਸ ਨੂੰ ਦੱਸਿਆ ਕਿ ਹੁਣ ਉਹ ਤਿੰਨ ਸਾਲਾਂ ਵਾਸਤੇ ਪ੍ਰੀਖਿਆ ਨਹੀਂ ਦੇ ਸਕੇਗਾ! ਨਕਲ ਦੀ ਬੁਰੀ ਬੀਮਾਰੀ ਨੇ ਉਸ ਦੇ ਪੜ੍ਹਨ ਲਿਖਣ ਦੇ ਤਿੰਨ ਸਾਲ ਨਸ਼ਟ ਕਰ ਦੇਣੇ ਸਨ । ਉਸ ਦੇ ਹਾਣੀ ਮੁੰਡਿਆਂ ਨੇ ਉਦੋਂ ਤੱਕ ਦਸਵੀਂ ਪਾਸ ਕਰ ਲੈਣੀ ਸੀ । ਸੋਚ-ਸੋਚ ਕੇ ਉਹ ਪਰੇਸ਼ਾਨ ਹੋ ਰਿਹਾ ਸੀ । ਮੰਜੇ 'ਤੇ ਪਿਆ ਛੱਤ ਵੱਲ ਘੂਰ ਰਿਹਾ ਸੀ । ਮਾਂ ਦੇ ਵਾਰ-ਵਾਰ ਕਹਿਣ 'ਤੇ ਵੀ ਰੋਟੀ ਨਹੀਂ ਸੀ ਖਾ ਰਿਹਾ । ਸ਼ਰਮ ਅਤੇ ਗ਼ਮ ਨਾਲ ਉਸ ਦੀ ਭੁੱਖ ਮਰ ਗਈ ਸੀ । ਪੜ੍ਹਾਈ ਨਾ ਕਰਨ ਅਤੇ ਨਕਲ ਮਾਰਨ ਦਾ ਨਤੀਜਾ ਯਾਦ ਕਰ-ਕਰ ਕੇ ਪਛਤਾ ਰਿਹਾ ਸੀ । ਉਸ ਨੂੰ ਆਪਣੀ ਕੀਤੀ ਬੇਕਾਰ ਦੀ ਆਵਾਰਾ ਗਰਦੀ 'ਤੇ ਗੁੱਸਾ ਆ ਰਿਹਾ ਸੀ ਪਰ ਹੁਣ ਕੀ ਹੋ ਸਕਦਾ ਸੀ । ਵੇਲਾ ਲੰਘ ਚੁਕਿਆ ਸੀ । ਭਾਣਾ ਮੰਨਣਾ ਹੀ ਪੈਣਾ ਸੀ । ਸਮਾਂ ਆਪਣੀ ਨਿਰੰਤਰ ਚਾਲ ਚੱਲੀ ਜਾ ਰਿਹਾ ਸੀ । ਉਹ ਪਛਤਾਵੇ ਦੇ ਹੰਝੂ ਅੱਖਾਂ ਵਿੱਚ ਘੁੱਟੀ ਚੁੱਪ ਸੀ!

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਓਮਕਾਰ ਸੂਦ ਬਹੋਨਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ