ਬਲਵੰਤ ਗਾਰਗੀ - Balwant Gargi

ਬਲਵੰਤ ਗਾਰਗੀ (4 ਦਸੰਬਰ 1916 - 22 ਅਪ੍ਰੈਲ 2003) ਪੰਜਾਬੀ ਦੇ ਨਾਟਕਕਾਰ, ਰੇਖਾਚਿੱਤਰ ਲੇਖਕ, ਕਹਾਣੀਕਾਰ, ਨਾਵਲਕਾਰ ਅਤੇ ਨਾਟਕ ਦਾ ਖੋਜੀ ਸਨ। ਬਲਵੰਤ ਗਾਰਗੀ ਦਾ ਜਨਮ ਕਸਬਾ ਸਹਿਣਾ (ਜਿਲ੍ਹਾ ਬਠਿੰਡਾ) ਦੀ ਨਹਿਰੀ ਕੋਠੀ ਵਿਖੇ ਹੋਇਆ। ਉਹਨਾਂ ਨੇ ਐਫ. ਸੀ. ਕਾਲਜ ਲਾਹੌਰ ਤੋਂ ਰਾਜਨੀਤੀ ਵਿਗਿਆਨ ਅਤੇ ਅੰਗਰੇਜ਼ੀ ਸਾਹਿਤ ਦੀ ਐਮ.ਏ. ਤੱਕ ਦੀ ਸਿੱਖਿਆ ਹਾਸਲ ਕੀਤੀ। ਉਹਨਾਂ ਨੇ ਆਪਣਾ ਜੀਵਨ ਇੱਕ ਸੁਤੰਤਰ ਲੇਖਕ, ਨਾਟਕਕਾਰ, ਨਿਰਦੇਸ਼ਕ ਅਤੇ ਪੱਤਰਕਾਰ ਵਜੋਂ ਸ਼ੁਰੂ ਕੀਤਾ। ਮੁੱਢਲੇ ਦੌਰ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਕੋਲ ਪ੍ਰੀਤ ਨਗਰ ਰਹਿੰਦਿਆਂ ਉਹਨਾਂ ਦੀ ਨਾਟਕੀ ਪ੍ਰਤਿਭਾ ਪ੍ਰਫੁਲਿਤ ਹੋਣੀ ਸ਼ੁਰੂ ਹੋਈ। ਉਹਨਾਂ ਨੇ ਰੇਡੀਓ ਤੇ ਮੰਚ ਰੰਗਮੰਚ ਲਈ ਨਾਟਕ ਲਿਖੇ। ਬਾਅਦ ਵਿੱਚ ਅਮਰੀਕਾ ਜਾ ਕੇ ਸੀਐਟਲ ਵਿੱਚ ਥੀਏਟਰ ਦਾ ਅਧਿਆਪਕ ਰਿਹਾ। ਉਥੇ ਹੀ 11 ਜੂਨ 1966 ਵਿੱਚ ਅਮਰੀਕਨ ਕੁੜੀ ਜੀਨੀ ਨਾਲ ਵਿਆਹ ਕਰਵਾ ਲਿਆ। ਭਾਰਤ ਦੇ ਇਲਾਵਾ ਉਹਦੇ ਨਾਟਕ ਮਾਸਕੋ, ਜਰਮਨੀ, ਪੋਲੈਂਡ, ਲੰਡਨ ਤੇ ਅਮਰੀਕਾ ਵਿੱਚ ਖੇਡੇ ਗਏ।

ਉਹਨਾਂ ਦੀਆਂ ਪ੍ਰਮੁੱਖ ਰਚਨਾਵਾਂ:

ਨਾਟਕ : ਲੋਹਾ ਕੁੱਟ (1944), ਸੈਲ ਪੱਥਰ, ਬਿਸਵੇਦਾਰ, ਕੇਸਰੋ, ਨਵਾਂ ਮੁੱਢ, ਘੁੱਗੀ, ਸੋਹਣੀ ਮਹੀਂਵਾਲ, ਮਿਰਜ਼ਾ ਸਾਹਿਬਾਂ, ਕਣਕ ਦੀ ਬੱਲੀ, ਧੂਣੀ ਦੀ ਅੱਗ, ਗਗਨ ਮੈ ਥਾਲੁ, ਸੁਲਤਾਨ ਰਜ਼ੀਆ, ਸੌਂਕਣ, ਅਭਿਸਾਰਕਾ।

ਇਕਾਂਗੀ ਸੰਗ੍ਰਿਹ : ਕੁਆਰੀ ਟੀਸੀ (1945), ਦੋ ਪਾਸੇ, ਪੱਤਣ ਦੀ ਬੇੜੀ, ਦਸਵੰਧ, ਦੁਧ ਦੀਆਂ ਧਾਰਾਂ, ਚਾਕੂ, ਪੈਂਤੜੇਬਾਜ਼।

ਕਹਾਣੀ ਸੰਗ੍ਰਹਿ : ਮਿਰਚਾਂ ਵਾਲਾ ਸਾਧ, ਡੁੱਲ੍ਹੇ ਬੇਰ, ਕਾਲਾ ਅੰਬ।

ਵਾਰਤਕ : ਨਿੰਮ ਦੇ ਪੱਤੇ, ਸੁਰਮੇ ਵਾਲੀ ਅੱਖ, ਕੌਡੀਆਂ ਵਾਲਾ ਸੱਪ, ਹੁਸੀਨ ਚਿਹਰੇ, ਕਾਸ਼ਨੀ ਵਿਹੜਾ, ਸ਼ਰਬਤ ਦੀਆਂ ਘੁੱਟਾਂ।

ਨਾਵਲ : ਕੱਕਾ ਰੇਤਾ, ਨੰਗੀ ਧੁੱਪ।

ਖੋਜ ਪੁਸਤਕਾਂ : ਲੋਕ ਨਾਟਕ, ਰੰగਮੰਚ।

ਉਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ (1962) ਅਤੇ ਪਦਮਸ਼੍ਰੀ ਸਨਮਾਨ (1972) ਨਾਲ ਸਨਮਾਨਿਤ ਕੀਤਾ ਗਿਆ।

ਬਲਵੰਤ ਗਾਰਗੀ ਪੰਜਾਬੀ ਨਾਟਕਕਾਰ (Balwant Gargi)