Sau Mile Daur (Punjabi Story) : Balwant Gargi

ਸੌ ਮੀਲ ਦੌੜ (ਕਹਾਣੀ) : ਬਲਵੰਤ ਗਾਰਗੀ

ਸਾਨੂੰ ਪਤਾ ਨਹੀਂ ਸੀ ਲੱਗਦਾ ਕਿ ਇਕ ਦਿਨ ਵਿਚ ਹੀ ਸਾਰੇ ਪਿੰਡਾਂ ਨੂੰ ਕਿਵੇਂ ਖਬਰ ਕੀਤੀ ਜਾਵੇ ਜੁ ਕੱਲ੍ਹ ਤਰਕਾਲੀਂ ਜਿਲਾ ਕਿਸਾਨ ਕਮੇਟੀ ਦੀ ਮੀਟਿੰਗ ਹੈ। ਨਾ ਕੋਈ ਤਾਰ, ਨਾ ਟੈਲੀਫੋਨ; ਨਾ ਕੋਈ ਮੋਟਰ, ਨਾ ਲਾਰੀ। ਨੇੜੇ ਤੇੜੇ ਦੇ ਪਿੰਡਾਂ ਨੂੰ ਕੋਈ ਸੜਕ ਵੀ ਤੇ ਨਹੀਂ ਸੀ ਜਾਂਦੀ-ਬਸ ਚੁਫੇਰੀ ਰੋਹੀ, ਕੱਕਾ ਰਤਾ ਤੇ ਟਿੱਬੇ ਸਨ।
ਅਸੀਂ ਪ੍ਰੇਸ਼ਾਨ ਸਾਂ ਕਿ ਇਸ ਤੁਰਤ ਮੀਟਿੰਗ ਦੀ ਖਬਰ ਸਾਰੇ ਪਿੰਡਾਂ ਵਿਚ ਕਿਵੇਂ ਘੱਲੀ ਜਾਏ?
ਮੇਰੇ ਆਲੇ-ਦੁਆਲੇ ਸੰਘਣੀਆਂ ਖਰ੍ਹਵੀਆਂ ਦਾੜ੍ਹੀਆਂ ਵਾਲੇ ਜੱਟ ਰੰਗ-ਬਰੰਗੇ ਮੰਡਾਸੇ ਬੰਨ੍ਹੀ ਉੱਚੀ-ਉੱਚੀ ਗੱਲਾਂ ਕਰੀ ਜਾਂਦੇ ਸਨ। ਵੱਖ-ਵੱਖ ਰਾਵਾਂ ਦਾ ਰੌਲਾ ਸੀ।
ਅਚਾਨਕ ਇਕ ਅਵਾਜ਼ ਨੇ ਸਾਨੂੰ ਚੌਂਕਾ ਦਿੱਤਾ, “ਜੀ ਮੈਨੂੰ ਦਿਉ ਇਹ ਪਰਚੀਆਂ, ਮੈਂ ਫੜਾ ਆਉਣੈਂ ਮਿੰਟਾਂ ‘ਚ।”
ਵੀਹਾਂ-ਬਾਈਆਂ ਸਾਲਾਂ ਦਾ ਇਕ ਮਸ-ਫੁਟਾ ਗੱਭਰੂ ਸਾਹਮਣੇ ਖੜ੍ਹਾ ਸੀ-ਗਲ ਧੁੱਪਾਂ ਤੇ ਮੀਂਹਾਂ ਨਾਲ ਝੰਮਿਆ ਹੋਇਆ ਝੱਗਾ ਤੇ ਤੇੜ ਟਾਕੀਆਂ ਵਾਲਾ ਗਾਜਰ-ਰੰਗ ਕਛਹਿਰਾ।
“ਤੂੰ ਕਿਹੜੇ ਪਿੰਡ ਫੜਾ ਆਵੇਂਗਾ?” ਮੈਂ ਪੁੱਛਿਆ।
“ਜੀ ਸਾਰੇ ਪਿੰਡਾਂ ਵਿਚ ਈ ਦੇ ਆਵਾਂਗਾ।”
“ਸਾਰੇ ਪਿੰਡਾਂ ‘ਚ? ਤੈਨੂੰ ਪਤਾ ਏ ਸਾਡੀ ਮੀਟਿੰਗ ਕੱਲ੍ਹ ਤਰਕਾਲੀਂ ਐ।”
“ਹਾਂ, ਮੈਨੂੰ ਪਤਾ ਐ।” ਉਸ ਆਖਿਆ। “ਰਾਤੋ ਰਾਤ ਮਾਰ ਆਊਂਗਾ ਗੇੜਾ, ਕਿਹੜਾ ਚਿਰ ਲੱਗਦੈ, ਮਸਾਂ ਦਸ-ਬਾਰਾਂ ਤਾਂ ਸਾਰੇ ਪਿੰਡ ਨੇ, ਸੱਠਾਂ ਕੋਹਾਂ ਤੋਂ ਉਤੇ ਵਾਟ ਤਾਂ ਨਹੀਂ ਹੋਣੀ।”
ਮੈਂ ਇਸ ਗੱਭਰੂ ਦੀ ਗੱਲ ਸੁਣ ਕੇ ਹੈਰਾਨ ਹੋਇਆ। ਇਹ ਮਸ਼ਕਰੀ ਤਾਂ ਨਹੀਂ ਕਰ ਰਿਹਾ ਮੇਰੇ ਨਾਲ?

ਮੈਂ ਉਸ ਵੱਲ ਫਿਰ ਤੱਕਿਆ। ਉਸ ਦੇ ਬੁੱਲ੍ਹ ਮੋਟੇ ਸਨ, ਸਿਆੜਾਂ ਵਰਗੇ, ਤੇ ਉਨ੍ਹਾਂ ਬੁੱਲ੍ਹਾਂ ਉਤੇ ਸੁਰਮਈ ਰੰਗ ਦੀਆਂ ਮਸਾਂ ਫੁਟ ਰਹੀਆਂ ਸਨ, ਜੋ ਉਸ ਦੀ ਦਾੜ੍ਹੀ ਦੀ ਨਿੱਕੀ-ਨਿੱਕੀ ਲੂੰ ਵਿਚ ਗੁਆਚ ਗਈਆਂ ਸਨ। ਘੋੜੇ ਦੀਆਂ ਅੱਖਾਂ ਜਿਹੀਆਂ ਤਿਰਛੀਆਂ ਅੱਖਾਂ, ਤੇ ਜੰਗਾਲੇ ਲੋਹੇ ਵਰਗਾ ਰੰਗ। ਪੱਟਾਂ ਉਤੇ ਮੋਰਨੀਆਂ ਖੁਣੀਆਂ ਹੋਈਆਂ। ਸੱਠਾਂ ਕੋਹਾਂ ਦੀ ਵਾਟ ਇਹ ਕੁਝ ਕੁ ਘੰਟਿਆਂ ਵਿਚ ਕਿਵੇਂ ਤੈਅ ਕਰ ਲਵੇਗਾ? ਖੌਰੇ ਇਸ ਨੂੰ ਪਤਾ ਵੀ ਹੈ ਕਿ ਨਹੀਂ ਕਿ ਇਹ ਕੀ ਆਖ ਰਿਹਾ ਹੈ?”
ਇੰਨੇ ਵਿਚ ਬੁੱਢਾ ਇੰਦਰ ਸਿੰਘ ਬੋਲਿਆ, “ਇਹ ਤਾਂ ਆਪਣਾ ਬੂਟਾ ਸਿਹੁੰ ਐ। ਤੁਹਾਨੂੰ ਨਹੀਂ ਪਤਾ? ਸੌ ਮੀਲ ਦੌੜ ਲੈਂਦਾ ਐ ਇਹ ਤਾਂ।”
“ਸੌ ਮੀਲ਼..!”
ਹਾਂ, ਸੌ ਮੀਲ। ਦੌੜਦਾ ਕਾਹਦਾ ਏ ਬਸ ਹਵਾ ਨੂੰ ਫੱਕਦਾ ਏ।”
ਮੈਨੂੰ ਥੋੜ੍ਹਾ ‘ਚਰਜ ਲੱਗਾ।
ਇੰਦਰ ਸਿੰਘ ਨੇ ਮੈਨੂੰ ਪੁੱਛਿਆ, “ਤੂੰ ਇਸ ਤੋਂ ਪਹਿਲਾਂ ਕਦੀ ਨਹੀਂ ਸੁਣਿਆ ਬੂਟਾ ਸਿਹੁੰ ਦਾ ਨਾਂ?”
“ਨਾ, ਕਦੇ ਨਹੀਂ।”

“ਲਓ ਬੂਟਾ ਸਿਹੁੰ ਦੀ ਇਹ ਗੱਲ ਤਾਂ ਸਾਰੇ ਮਸ਼ਹੂਰ ਐ।” ਇੰਦਰ ਸਿੰਘ ਨੇ ਆਖਣਾ ਸ਼ੁਰੂ ਕੀਤਾ, “ਇਹ ਮੇਰੇ ਪਿੰਡੋਂ ਐ, ਸੰਤੇ ਦਾ ਪੁੱਤ। ਇਸ ਦਾ ਪਿਉ ਚੰਬਾ, ਬਿਸਵੇਦਾਰ ਦੇ ਖੇਤ ਦਾ ਰਾਖਾ ਸੀ। ਬੂਟਾ ਏਸੇ ਖੇਤ ਵਿਚ ਜੰਮਿਆ। ਖੇਤ ਦੀ ਨੁੱਕਰੇ ਫੂਸ ਦੀ ਇਕ ਨਿੱਕੀ ਜਿਹੀ ਝੁੱਗੀ ਵਿਚ ਹੀ ਸਾਰਾ ਟੱਬਰ ਰਹਿੰਦਾ ਸੀ। ਚੰਬਾ ਫਸਲ ਨੂੰ ਸੈਹਿਆ ਤੇ ਜੰਗਲੀ ਜਨੌਰਾਂ ਤੋਂ ਬਚਾਉਣ ਲਈ ਰਾਤ ਨੂੰ ਖੱਤੇ ਦੀ ਰਾਖੀ ਕਰਦਾ। ਪੋਹ ਦੀ ਇਕ ਰਾਤ ਨੂੰ ਜਦ ਕੱਕਰ ਜੰਮ ਰਿਹਾ ਸੀ, ਉਸ ਨੂੰ ਠੰਢ ਲੱਗ ਗਈ ਤੇ ਤਿੰਨ ਚਾਰ ਦਿਨਾਂ ਦੇ ਤਾਪ ਚੜ੍ਹਨ ਪਿੱਛੋਂ ਉਹ ਮਰ ਗਿਆ…। ਇਸ ਪਿੱਛੋਂ ਸੰਤੋ ਆਪਣੇ ਪੁੱਤ ਨਾਲ ਖੇਤ ਵਿਚ ਹੀ ਰਹੀ। ਉਸ ਓਡਾਂ ਤੋਂ ਇਕ ਨਿੱਕਾ ਜਿਹਾ ਕਤੂਰਾ ਲੈ ਕੇ ਪਾਲ ਲਿਆ। ਥੋੜ੍ਹੇ ਦਿਨਾਂ ਵਿਚ ਹੀ ਇਹ ਕਤੂਰਾ ਵੱਡੇ ਮੂੰਹ ਵਾਲਾ ਤਕੜਾ ਡੱਬੂ ਕੁੱਤਾ ਨਿਕਲ ਆਇਆ। ਬੂਟਾ ਡੱਬੂ ਨਾਲ ਖੇਡ-ਖੇਡ ਕੇ ਹੀ ਵੱਡਾ ਹੋਇਆ। ਉਹ ਡੱਬੂ ਦੀ ਪੂਛ ਮਰੋੜਦਾ, ਡੱਬੂ ਲੋਟਣੀ ਖਾਂਦਾ ਹੋਇਆ ਚਿਆਊਂ-ਚਿਆਊਂ ਕਰਦਾ ਮਸਤੀ ਵਿਚ ਆ ਕੇ ਛਾਲਾਂ ਮਾਰਦਾ, ਘਚਾਉਣੀਆਂ ਦਿੰਦਾ, ਭੌਂਕਦਾ ਤੇ ਬੂਟੇ ਨਾਲ ਵੱਡੇ ਭਰਾ ਵਾਂਗ ਖੇਡਦਾ। ਦੂਰੋਂ ਗਿੱਦੜਾਂ ਨੂੰ ਦੇਖ ਕੇ ਡੱਬੂ ਦੌੜਦਾ ਤੇ ਮਗਰੇ ਬੂਟਾ। ਕੁਝ ਚਿਰ ਪਿੱਛੋਂ ਬੂਟੇ ਨੂੰ ਇੰਨੀ ਤੱਕ ਹੋ ਗਈ ਕਿ ਉਹ ਸਹੇ ਮਗਰ ਦੌੜ ਕੇ ਉਸ ਨੂੰ ਝਾੜੀਆਂ ਤੇ ਮਲ੍ਹਿਆਂ ਵਿਚੋਂ ਕੱਢ ਲੈਂਦਾ, ਉਸ ਨੂੰ ਘੇਰ ਲੈਂਦਾ, ਛੱਡ ਦਿੰਦਾ ਤੇ ਫਿਰ ਫੜ ਲੈਂਦਾ। ਉਸ ਦੀ ਬਾਲ ਅਵਸਥਾ ਸੈਹਿਆਂ, ਗਿੱਦੜਾਂ ਤੇ ਜੰਗਲੀ ਜਨੌਰਾਂ ਮਗਰ ਨੱਸ-ਨੱਸ ਕੇ ਲੰਘੀ। ਉਹ ਬਿਸਵੇਦਾਰ ਦੇ ਵਛੇਰਿਆਂ ਤੇ ਬਤਾਰੂਆਂ ਮਗਰ ਦੌੜਦਾ ਤੇ ਉਨ੍ਹਾਂ ਤੋਂ ਵੀ ਅੱਗੇ ਨਿਕਲ ਜਾਂਦਾ। ਘੋੜਿਆਂ ਤੇ ਊਠਾਂ ਮਗਰ ਦੌੜਦਾ-ਦੌੜਦਾ ਬੂਟਾ ਜੁਆਨ ਹੋਇਆ। ਸੈਹਾ ਵੱਧ ਤੋਂ ਵੱਧ ਚਾਰ ਕੋਹ ਦੌੜ ਸਕਦਾ ਐ, ਗਿੱਦੜ ਅੱਠ ਕੋਹ, ਘੋੜਾ ਚਾਲੀ ਕੋਹ ਤੇ ਤਿੱਖੀ ਤੋਂ ਤਿੱਖੀ ਊਠਣੀ ਪੰਜਾਹ ਕੋਹ ਤੋਂ ਵੱਧ ਨਹੀਂ ਟੱਪਦੀ; ਪਰ ਬੂਟਾ ਸੌ ਮੀਲ ਦੌੜ ਸਕਦਾ ਐ, ਇਕੋ ਸਾਹ।”

“ਕਿੰਨੇ ਚਿਰ ਵਿਚ?”
“ਬਸ ਬਾਰਾਂ ਘੰਟਿਆਂ ‘ਚ।” ਉਸ ਆਖਿਆ, “ਊਠ ਤੇ ਘੋੜਾ ਇਸ ਤੋਂ ਤਿੱਖੇ ਭਾਵੇਂ ਦੌੜ ਲੈਣ, ਪਰ ਬੂਟੇ ਵਾਂਗ ਇਕੋ ਸਾਹ ਸੌ ਮੀਲ ਨਹੀਂ ਦੌੜ ਸਕਦੇ।”
ਮੈਂ ਬੂਟੇ ਵੱਲ ਗਹੁ ਨਾਲ ਤੱਕਿਆ। ਇਸ ਅਜੀਬ ਇਨਸਾਨ ਵੱਲ, ਜਿਸ ਦੀਆਂ ਅੱਖਾਂ ਘੋੜੇ ਜਿਹੀਆਂ ਸਨ ਤੇ ਮੂੰਹ ਉਤੇ ਜਨੌਰਾਂ ਜਿਹੀ ਅੱਲ੍ਹੜ ਖੁਸ਼ੀ ਦਾ ਝੌਲਾ ਸੀ। ਉਸ ਦੇ ਸਿਆੜਾਂ ਵਰਗੇ ਬੁੱਲ੍ਹ ਲਿਸ਼ਕ ਰਹੇ ਸਨ। ਉਸ ਦੇ ਪੱਟਾਂ ਦੀਆਂ ਮੱਛੀਆਂ ਤੇ ਪਿੰਜਣੀਆਂ ਵਿਚਕਾਰ ਉਸ ਦੇ ਢਾਲ ਵਰਗੇ ਗੋਡੇ ਜੜੇ ਹੋਏ ਸਨ। ਉਸ ਦੇ ਢਾਲ ਵਰਗੇ ਇਹ ਗੋਡੇ ਮੈਨੂੰ ਬੜੇ ਅਜੀਬ-ਅਜੀਬ ਲੱਗੇ।
ਇੰਦਰ ਸਿੰਘ ਨੇ ਮੈਨੂੰ ਸੋਚੀਂ ਪਏ ਨੂੰ ਤੱਕ ਕੇ ਆਖਿਆ, “ਜੇ ਤੁਹਾਨੂੰ ਮੇਰੀ ਗੱਲ ‘ਤੇ ਇਤਬਾਰ ਨਹੀਂ ਤਾਂ ਭਾਵੇਂ ਪਰਤਿਆ ਲਉ। ਤੁਸੀਂ ਇਹ ਸਾਰੀਆਂ ਪਰਚੀਆਂ ਏਸ ਨੂੰ ਫੜਾਓ, ਕੱਲ੍ਹ ਤੀਕ ਸਾਰੇ ਪਿੰਡਾਂ ਵਿਚ ਵੰਡ ਆਊ।”
ਉਸ ਸਾਰੀਆਂ ਚਿੱਠੀਆਂ ਬੂਟੇ ਨੂੰ ਫੜਾਈਆਂ ਤੇ ਸਾਰੇ ਪਿੰਡਾਂ ਦੇ ਨਾਂ-ਪਤੇ ਤੇ ਥਹੁ-ਟਿਕਾਣੇ ਦੱਸ ਕੇ ਉਸ ਨੂੰ ਆਖਿਆ, “ਬੂਟਿਆ, ਇਹ ਪਰਚੀਆਂ ਸਾਰੇ ਪਿੰਡੀਂ ਵੰਡ ਆਵੀਂ। ਜਾ ਮੇਰਾ ਬੱਗਾ ਸ਼ੇਰ, ਖੁਰੀ ਕਰ ਜਾ।”
ਦੂਜੇ ਦਿਨ ਬਾਰਾਂ ਦੇ ਬਾਰਾਂ ਪਿੰਡਾਂ ਦੇ ਸਕੱਤਰ ਤਰਕਾਲੀਂ ਐਨ ਵੇਲੇ ਸਿਰ ਮੀਟਿੰਗ ਲਈ ਪੁੱਜ ਗਏ। ਮੈਂ ਸਭਨਾਂ ਨੂੰ ਵਾਰੀ-ਵਾਰੀ ਪੁੱਛਿਆ, “ਤੁਹਾਡੇ ਕੋਲ ਸੱਦਾ ਲੈ ਕੇ ਕੌਣ ਗਿਆ ਸੀ?”
ਸਭਨਾਂ ਨੇ ਇਕੋ ਉੱਤਰ ਦਿੱਤਾ, “ਬੂਟਾ ਸਿਹੁੰ।”

ਮੀਟਿੰਗ ਪਿੱਛੋਂ ਮੈਂ ਬੂਟੇ ਨੂੰ ਮਿਲਿਆ। ਲਾਲ ਚੰਦ ਵਕੀਲ, ਜਿਸ ਨੇ ਮੁਜਾਰਿਆਂ ਦੇ ਕਈ ਮੁਕੱਦਮੇ ਬਿਨਾ ਫੀਸ ਲੜੇ ਸਨ; ਹੈਡ ਮਾਸਟਰ ਨੱਥੂ ਰਾਮ, ਜੋ ਆਪਣੇ ਜ਼ਮਾਨੇ ਵਿਚ ਕ੍ਰਿਕਟ ਦਾ ਬਹੁਤ ਚੰਗਾ ਖਿਲਾੜੀ ਸੀ; ਅਜਮੇਰ ਸਿੰਘ ਰੀਟਾਇਰਡ ਜੱਜ ਅਤੇ ਕਸਬੇ ਦੇ ਦੋ ਤਿੰਨ ਹੋਰ ਮੋਹਤਬਰ ਆਦਮੀ ਇਕੱਠੇ ਹੋ ਗਏ ਤੇ ਬੂਟਾ ਸਿਹੁੰ ਨਾਲ ਗੱਲਾਂ ਕਰਨ ਲੱਗੇ। ਅਸੀਂ ਉਸ ਦੀ ਫੁਰਤੀ ਤੇ ਸ਼ਕਤੀ ਉਤੇ ਹੈਰਾਨ ਖੜ੍ਹੇ ਸਾਂ ਤੇ ਸਾਨੂੰ ਇਸ ਗੱਲ ਦਾ ਦੁੱਖ ਹੋ ਰਿਹਾ ਸੀ ਕਿ ਇੰਨੇ ਅਚੰਭੇ ਭਰੇ ਤੇ ਵਚਿੱਤਰ ਦੌੜਨ ਵਾਲੇ ਨੂੰ ਉਸ ਦੇ ਪਿੰਡ ਤੋਂ ਬਾਹਰ ਕੋਈ ਨਹੀਂ ਸੀ ਜਾਣਦਾ।
ਬੁੱਢੇ ਹੈਡਮਾਸਟਰ ਨੇ ਹੌਕਾ ਭਰ ਕੇ ਆਖਿਆ, “ਦੁਨੀਆਂ ਵਿਚ ਸਭ ਤੋਂ ਲੰਬੀ ਦੌੜ ਅੱਜਕੱਲ੍ਹ ਵੱਧ ਤੋਂ ਵੱਧ ਪੱਚੀ ਮੀਲ ਹੈ ਤੇ ਏਥੇ ਸਾਡੇ ਕੋਲ ਬੂਟਾ ਸਿੰਘ ਖੜ੍ਹਾ ਹੈ, ਜੋ ਸੌ ਮੀਲ ਦੌੜ ਲੈਂਦਾ ਹੈ।”
ਜੱਜ ਨੇ ਆਖਿਆ, “ਜੇ ਬੂਟੇ ਨੂੰ ਕਦੇ ਲੰਡਨ ਜਾਣ ਦਾ ਮੌਕਾ ਮਿਲੇ ਤਾਂ ਇਸ ਦਾ ਨਿੱਕਾ ਜਿਹਾ ਪਿੰਡ ਦੁਨੀਆਂ ਦੇ ਨਕਸ਼ੇ ਉਤੇ ਲਿਸ਼ਕਣ ਲੱਗ ਪਏ।”
ਲਾਲ ਚੰਦ ਵਕੀਲ ਨੇ ਆਖਿਆ, “ਸਾਡੇ ਦੇਸ਼ ਵਿਚ ਬੜੇ-ਬੜੇ ਤਾਰੂ, ਦੌੜਾਂ ਵਾਲੇ, ਘੁਲਣ ਵਾਲੇ ਤੇ ਸ਼ਿਕਾਰ ਖੇਡਣ ਵਾਲੇ ਬਹਾਦਰ ਪਏ ਹਨ, ਪਰ ਸੱਭੇ ਅਣਪੜ੍ਹ ਤੇ ਗਰੀਬ ਹੋਣ ਕਰਕੇ ਏਥੇ ਹੀ ਰਹਿ ਜਾਂਦੇ ਹਨ।”
ਜੱਜ ਨੇ ਸੋਚ ਕੇ ਆਖਿਆ, “ਜੇ ਬੂਟਾ ਸੌ ਮੀਲ ਦੌੜ ਸਕਦਾ ਹੈ ਤਾਂ ਦੁਨੀਆਂ ਭਰ ਦੀ ਸ਼ੋਹਰਤ ਹਾਸਲ ਕਰਨ ਤੋਂ ਇਸ ਨੂੰ ਕੋਈ ਤਾਕਤ ਰੋਕ ਨਹੀਂ ਸਕਦੀ।”

ਇਕ ਬੁੱਢੇ ਹਵਾਲਦਾਰ ਨੇ ਆਖਿਆ, “ਮਹਾਰਾਜਾ ਪਟਿਆਲਾ ਕ੍ਰਿਕਟ ਤੇ ਖੇਡਾਂ ਦੇ ਬਹੁਤ ਸ਼ੁਕੀਨ ਹਨ। ਉਨ੍ਹਾਂ ਦੀ ਫੌਜ ਵਿਚ ਮਾਮੂਲੀ-ਮਾਮੂਲੀ ਆਦਮੀ, ਜੋ ਰਤਾ ਚੰਗੇ ਖਿਡਾਰੀ ਸਨ, ਹੁਣ ਕਪਤਾਨ ਤੇ ਮੇਜਰ ਬਣੇ ਬੈਠੇ ਹਨ। ਜੇ ਅਸੀਂ ਕਿਸੇ ਤਰ੍ਹਾਂ ਬੂਟਾ ਸਿਹੁੰ ਦੀ ਗੱਲ ਉਨ੍ਹਾਂ ਦੇ ਕੰਨੀਂ ਪਹੁੰਚਾ ਦੇਈਏ ਤਾਂ ਉਹ ਜ਼ਰੂਰੀ ਬੂਟਾ ਸਿਹੁੰ ਨੂੰ ਵਲੈਤ ਘੱਲ ਦੇਣ।”
ਇਕ ਚਲਾਕ ਅਰਜ਼ੀ-ਨਵੀਸ ਬੋਲਿਆ, “ਕਿਸੇ ਵੇਖਿਆ ਵੀ ਐ ਬੂਟੇ ਨੂੰ ਸੌ ਮੀਲ ਦੌੜਦਿਆਂ ਕਿ ਸਭੇ ਸੁਣੀ-ਸੁਣਾਈ ਉਤੇ ਸਲਾਹਾਂ ਪਕਾਈ ਜਾਂਦੇ ਹੋ।”
ਇਕ ਗੰਜੇ ਬਾਣੀਏ ਨੇ ਬੂਟੇ ਵੱਲ ਗਹੁ ਨਾਲ ਵੇਖਿਆ ਤੇ ਸਿਰ ਹਿਲਾ ਕੇ ਆਖਿਆ, “ਜੱਟਾਂ ਨੂੰ ਥਾਂ ਤੇ ਵਿੱਥ ਦਾ ਹਿਸਾਬ ਰਤਾ ਘੱਟ ਹੀ ਆਉਂਦਾ ਹੈ। ਜੇ ਇਹ ਪੱਚੀ-ਤੀਹ ਮੀਲ ਦੌੜ ਲਵੇ ਤਾਂ ਜੱਟਾਂ ਨੇ ਤਾਂ ਏਸੇ ਨੂੰ ਸੌ ਕੋਹ ਦੱਸਣਾ ਏ।”
ਹੈਡਮਾਸਟਰ ਨੇ ਸਿਆਣਪ ਨਾਲ ਸਲਾਹ ਦਿੱਤੀ, “ਜੇ ਤੁਸੀਂ ਇਸੇ ਦੁਬਿਧਾ ਵਿਚ ਪਏ ਹੋ ਤਾਂ ਕਿਉਂ ਨਾ ਪਹਿਲਾਂ ਏਥੇ ਈ ਏਸ ਦੀ ਦੌੜ ਕਰਾ ਦੇਈਏ? ਏਸ ਨਾਲ ਸ਼ੈਤ ਕੁਝ ਰੁਪਈਆ ਵੀ ਇਕੱਠਾ ਹੋ ਜਾਏ। ਵੱਡੀ ਚਰਾਂਦ ਦਾ ਘੇਰਾ ਪੂਰੇ ਚਾਰ ਸੌ ਚਾਲੀ ਗਜ਼ ਹੈ। ਜੇ ਬੂਟਾ ਸਿਹੁੰ ਇਸ ਦੇ ਚਾਰ ਸੌ ਚੱਕਰ ਕੱਢ ਲਵੇ ਤਾਂ ਸੌ ਮੀਲ ਹੋ ਜਾਵੇਗਾ। ਨਾਲੇ ਅਸੀਂ ਸਾਰੇ ਤੱਕ ਵੀ ਸਕਾਂਗੇ। ਇਸ ਪਿੱਛੋਂ ਫਿਰ ਉਸ ਦੀ ਅੱਗੇ ਤਰੱਕੀ ਬਾਰੇ ਵੀ ਸੋਚ ਸਕਦੇ ਹਾਂ।”
ਇਹ ਰਾਏ ਸਭਨਾਂ ਨੂੰ ਪਸੰਦ ਆਈ।
ਮੈਂ ਬੂਟੇ ਨੂੰ ਵੱਡੀ ਚਰਾਂਦ ਵਿਚ ਦੌੜਨ ਬਾਰੇ ਪੁੱਛਿਆ। ਉਸ ਆਪਣੀਆਂ ਅੱਖਾਂ ਝਪਕੀਆਂ ਤੇ ਸਿਰਫ ਇਹੋ ਕਿਹਾ, “ਜਿਵੇਂ ਆਖੋ।”
ਮਾੜੂ ਨੇ ਸਾਰੇ ਪਿੰਡ ਵਿਚ ਡੌਂਡੀ ਪਿੱਟੀ ਤੇ ਆਖਿਆ, “ਐਤਵਾਰ ਨੂੰ ਸਵੇਰੇ ਸੱਤ ਵਜੇ ਬੂਟਾ ਸਿਹੁੰ ਦੀ ਸੌ ਮੀਲ ਦੌੜ ਹੋਵੇਗੀ। ਪਿੰਡ ਦੇ ਸਾਰੇ ਲੋਕ ਵੱਡੀ ਚਰਾਂਦ ਵਿਚ ਇਹ ਦੌੜ ਵੇਖਣ ਲਈ ਆਉਣ-ਡਮ! ਡਮ! ਡਮ!

ਐਤਵਾਰ ਨੂੰ ਤੜਕੇ ਹੀ ਵੱਡੀ ਚਰਾਂਦ ਵਿਚ ਬੂਟਾ ਸਿਹੁੰ ਦੀ ਦੌੜ ਵੇਖਣ ਲਈ ਤਹਿਸੀਲ ਦੇ ਚਪੜਾਸੀ ਨੇ ਕਲੀ ਧੂੜ ਕੇ ਦੌੜਨ ਵਾਲੀ ਥਾਂ ਨਿਸ਼ਾਨ ਲਾ ਦਿੱਤੇ। ਚੁੰਗੀ ਦਾ ਦਾਰੋਗਾ ਇਕ ਪਾਸੇ ਬੂਟਾ ਸਿਹੁੰ ਦੇ ਚੱਕਰ ਗਿਣਨ ਉਤੇ ਬੈਠਾ ਸੀ। ਬੂਟੇ ਦੇ ਤੇੜ ਕਛਹਿਰਾ ਤੇ ਘਸਮੈਲੇ ਰੰਗ ਦਾ ਝੱਗਾ ਸੀ। ਸਿਰ ਉਤੇ ਲੰਬੇ ਕਾਲੇ ਵਾਲਾਂ ਦਾ ਜੂੜਾ ਕਰ ਕੇ ਇਸ ਦੁਆਲੇ ਉਸ ਨੇ ਕੇਸਰੀ ਰੁਮਾਲ ਬੰਨ੍ਹਿਆ ਹੋਇਆ ਸੀ।
ਸੱਤ ਵਜੇ ਹੈਡਮਾਸਟਰ ਨੱਥੂ ਰਾਮ ਨੇ, ਜੋ ਰੈਫਰੀ ਬਣਿਆ ਖੜ੍ਹਾ ਸੀ, ਸੀਟੀ ਵਜਾਈ ਤੇ ਬੂਟੇ ਨੇ ਦੌੜਨਾ ਸ਼ੁਰੂ ਕੀਤਾ।

ਲੋਕ ਅੱਠ ਵਜੇ ਤਕ ਆਉਂਦੇ ਰਹੇ। ਨੱਥੂ ਰਾਮ ਹੈਡਮਾਸਟਰ ਬੈਠਾ ਬੂਟੇ ਨੂੰ ਦੌੜਦਾ ਤੱਕਦਾ ਰਿਹਾ। ਬੂਟਾ ਇਕੋ ਸਾਹ, ਇਕੋ ਰਫਤਾਰ ਨਾਲ ਮੂੰਹ ਮੀਚੀ ਮਸ਼ੀਨ ਵਾਂਗ ਚਰਾਂਦ ਦੇ ਆਲੇ-ਦੁਆਲੇ ਦੌੜ ਰਿਹਾ ਸੀ। ਤੀਵੀਂਆਂ ਘੱਗਰੀਆਂ ਫੜਕਾਉਂਦੀਆਂ ਹੋਈਆਂ ਆਈਆਂ ਤੇ ਚਰਾਂਦ ਦੀ ਵੱਟ ਉਤੇ ਬੈਠ ਗਈਆਂ। ਉਹ ਸੰਗ-ਸਿਆਪੇ, ਵਿਆਹ-ਸ਼ਾਦੀਆਂ ਤੇ ਸਾਕ-ਸਕੀਰੀਆਂ ਦੀਆਂ ਚੁਗਲੀਆਂ ਵੀ ਕਰਦੀਆਂ ਰਹੀਆਂ ਤੇ ਬੂਟਾ ਸਿੰਘ ਨੂੰ ਲਾਟੂ ਵਾਂਗ ਘੁੰਮਦਾ ਵੀ ਤੱਕਦੀਆਂ ਰਹੀਆਂ।
ਦੁਪਹਿਰੇ ਬੂਟੇ ਨੇ ਅੱਧੇ ਘੰਟੇ ਲਈ ਸਾਹ ਲੀਤਾ। ਉਸ ਨੇ ਸੇਰ ਪੱਕਾ ਦੁੱਧ ਪੀਤਾ, ਆਪਣਾ ਝੱਗਾ ਤੇ ਕਛਹਿਰਾ, ਜੋ ਮੁੜ੍ਹਕੇ ਨਾਲ ਭਿੱਜ ਕੇ ਉਸ ਦੇ ਸਰੀਰ ਨਾਲ ਚੰਬੜ ਗਏ ਸਨ, ਬਦਲੇ, ਵਾਲਾਂ ਨੂੰ ਕੰਘਾ ਕਰ ਕੇ ਮੁੜ ਜੂੜਾ ਕੀਤਾ ਤੇ ਰੁਮਾਲ ਬੰਨ੍ਹ ਕੇ ਫਿਰ ਦੌੜਨ ਲੱਗਾ।

ਤਰਕਾਲਾਂ ਤੀਕ ਉਹ ਏਸੇ ਤਰ੍ਹਾਂ ਦੌੜਦਾ ਰਿਹਾ। ਸਾਢੇ ਛੇ ਵਜੇ ਨਿਯਤ ਵੇਲੇ ਤੋਂ ਅੱਧਾ ਘੰਟਾ ਪਹਿਲਾਂ ਹੀ, ਉਸ ਚਰਾਂਦ ਦੇ ਚਾਰ ਸੌ ਗੇੜੇ ਪੂਰੇ ਕਰ ਦਿੱਤੇ। ਉਸ ਵੇਲੇ ਸੂਰਜ ਡੁੱਬ ਰਿਹਾ ਸੀ। ਸੂਰਜ ਦੀ ਨਿਘਰਦੀ ਲਾਲੀ ਵਿਚ ਬੂਟੇ ਦੇ ਖਿਲਰੇ ਵਾਲਾਂ ਦੀਆਂ ਜਟੂਰੀਆਂ ਸੂਹੇ ਖੰਭਾਂ ਵਾਂਗ ਜਾਪਦੀਆਂ ਸਨ। ਉਸ ਦੀ ਛਾਤੀ ਧੌਂਕਣੀ ਵਾਂਗ ਚੱਲ ਰਹੀ ਸੀ ਤੇ ਉਸ ਦੇ ਕੈਂਹ ਵਰਗੇ ਸਰੀਰ ਉਤੇ ਮੁੜ੍ਹਕੇ ਦੀਆਂ ਤਤ੍ਹੀਰੀਆਂ ਵਗ ਰਹੀਆਂ ਸਨ।

ਜਦ ਉਸ ਦੌੜ ਖਤਮ ਕੀਤੀ ਤਾਂ ਲੋਕਾਂ ਨੇ ਨਾਅਰਿਆਂ ਨਾਲ ਉਸ ਦਾ ਸਵਾਗਤ ਕੀਤਾ ਤੇ ਉਸ ਨੂੰ ਮੋਢਿਆਂ ਉਤੇ ਚੁੱਕ ਕੇ ਸਾਰੇ ਪਿੰਡ ਵਿਚ ਉਸ ਦਾ ਜਲੂਸ ਕੱਢਿਆ। ਬੂਟੇ ਨੇ ਸਭ ਲੋਕਾਂ ਅੱਗੇ ਮੱਥਾ ਨਿਵਾ ਕੇ ਆਖਿਆ, “ਇਹ ਸਭ ਵਾਹਿਗੁਰੂ ਦੀ ਕਿਰਪਾ ਐ। ਉਸੇ ਦੀ ਮਿਹਰ ਮੇਰੀਆਂ ਹੱਡੀਆਂ ਵਿਚ ਦੌੜਦੀ ਐ। ਏਸੇ ਕਰਕੇ ਮੈਂ ਸੌ ਮੀਲ ਦੌੜ ਸਕਿਐਂ। ਜੇ ਕਿਤੇ ਇਕ ਵਾਰੀ ਮੈਨੂੰ ਕੋਈ ਲੰਡਨ ਭੇਜ ਦੇਵੇ ਤਾਂ ਦੌੜ ਵਾਲੀ ਤਾਂ ‘ਕੇਰਾਂ ਠਿੱਪੀ ਲਾ ਆਵਾਂ।”
ਅਸੀਂ ਬੂਟੇ ਦੀ ਖਬਰ ਉਰਦੂ ਤੇ ਪੰਜਾਬੀ ਦੇ ਅਖਬਾਰਾਂ ਵਿਚ ਘੱਲ ਦਿੱਤੀ ਤੇ ਮਹਾਰਾਜੇ ਪਟਿਆਲੇ ਨਾਲ ਉਸ ਦੀ ਮੁਲਕਾਤ ਕਰਾਉਣ ਦੇ ਹੀਲੇ ਸੋਚਣ ਲੱਗੇ।

ਤੀਜੇ ਦਿਨ ਪਿੰਡੋਂ ਬੂਟੇ ਦੀ ਮਾਂ ਆ ਗਈ। ਉਹ ਸੱਠਾਂ ਵਰ੍ਹਿਆਂ ਦੀ ਤਗੜੀ ਚੌੜੀ ਚੱਘੀ ਜੱਟੀ ਸੀ। ਉਸ ਦੇ ਬੁੱਲ੍ਹ ਬੂਟੇ ਦੇ ਬੁੱਲ੍ਹਾਂ ਵਰਗੇ ਰਤਾ ਮੋਟੇ ਸਨ ਤੇ ਅੱਖਾਂ ਅੱਗੇ ਗਿਜ-ਗਿਜ ਕਰਦੀ ਇਕ ਝਿੱਲੀ ਜਿਹੀ ਹਿੱਲ ਰਹੀ ਸੀ। ਉਹ ਬੂਟੇ ਨੂੰ ਲੈਣ ਆਈ ਸੀ। ਅਸੀਂ ਉਸ ਨੂੰ ਇਸ ਗੱਲ ਦਾ ਬੜਾ ਯਕੀਨ ਦਿਵਾਇਆ ਕਿ ਉਹ ਬੜੀ ਭਾਗਾਂ ਵਾਲੀ ਹੈ ਤੇ ਬੂਟਾ ਛੇਤੀ ਹੀ ਸਾਰੀ ਦੁਨੀਆਂ ਵਿਚ ਮਸ਼ਹੂਰ ਹੋ ਜਾਵੇਗਾ; ਪਰ ਉਸ ਨੂੰ ਸਾਡੀਆਂ ਗੱਲਾਂ ਉਤੇ ਯਕੀਨ ਨਾ ਆਇਆ। ਉਸ ਆਖਿਆ, “ਮੈਂ ਹੁਣ ਬੁੱਢੇ ਵਾਰੇ ਖੇਤ ਦੀ ਰਾਖੀ ਕਿਵੇਂ ਕਰਾਂ, ਮੈਥੋਂ ਗਿੱਦੜ ਤੇ ਸਹੇ ਨਹੀਂ ਹਟਾ ਹੁੰਦਾ। ਡੱਬੂ, ਚਿਰ ਹੋਇਆ, ਮਰ ਗਿਆ। ਬਸ ਮੇਰੇ ਕੋਲ ਮੇਰੇ ਪੁੱਤ ਬਾਝੋਂ ਹੋਰ ਕੋਈ ਨਹੀਂ। ਮੈਂ ਬੂਟੇ ਬਿਨਾ ਨਹੀਂ ਰਹਿ ਸਕਦੀ। ਮੈਂ ਜ਼ਰੂਰ ਉਸ ਨੂੰ ਆਪਣੇ ਨਾਲ ਲੈ ਕੇ ਜਾਊਂਗੀ।”

ਅਸੀਂ ਉਸ ਨੂੰ ਆਖਿਆ, “ਬੇਬੇ, ਧੰਨ ਭਾਗ ਤੇਰੀ ਕੁੱਖ ਦੇ ਜਿਸ ਬੂਟੇ ਜਿਹਾ ਪੁੱਤ ਜੰਮਿਆ। ਬੂਟਾ ਤਾਂ ਦੁਨੀਆਂ ਵਿਚ ਤੇਰੇ ਨਾਂ ਦੀ ਧੁੰਮ ਪਾ ਦੇਵੇਗਾ। ਤੂੰ ਉਸ ਨੂੰ ਪਿੰਡ ਵਿਚ ਇਕ ਝੁੱਗੀ ਵਿਚ ਲੁਕੋਈ ਬੈਠੀ ਏਂ। ਉਸ ਦੀ ਥਾਂ ਪਿੰਡ ਵਿਚ ਨਹੀਂ, ਸਗੋਂ ਸ਼ਹਿਰ ਹੈ। ਦੁਨੀਆਂ ਨੂੰ ਛੇਕੜ ਉਸ ਦਾ ਪਤਾ ਲੱਗਣਾ ਚਾਹੀਦਾ ਹੈ। ਤੇਰੀ ਕੁੱਛੜ ਬੈਠਾ ਰਿਹਾ ਤਾਂ ਕਿਸੇ ਨੂੰ ਕੀ ਪਤਾ ਲੱਗੇਗਾ ਕਿ ਇੰਨਾ ਸੂਰਬੀਰ ਤੇ ਬਹਾਦਰ ਦੌੜਨ ਵਾਲਾ ਐ ਤੇਰਾ ਪੁੱਤ। ਤੂੰ ਐਵੇਂ ਰੱਟਾ ਪਾ ਕੇ ਉਸ ਨੂੰ ਨਾਲ ਨਾ ਲੈ ਜਾਵੀਂ। ਐਵੇਂ ਮੂਰਖਪੁਣਾ ਨਾ ਕਰ। ਬੂਟੇ ਨੂੰ ਸਾਡੇ ਕੋਲ ਛੱਡ ਜਾਹ।”

ਉਸ ਨੇ ਸਾਡੀਆਂ ਗੱਲਾਂ ਸੁਣੀਆਂ ਅਣਸੁਣੀਆਂ ਕਰ ਕੇ ਆਖਿਆ, “ਮੈਂ ਆਪਣੇ ਪੁੱਤ ਬਾਝੋਂ ਨਹੀਂ ਰਹਿ ਸਕਦੀ। ਮੈਨੂੰ ਨਹੀਂ ਲੋੜ ਹੋਰ ਚੀਜ਼ਾਂ ਦੀ। ਸੁੱਖ ਨਾਲ ਮੇਰਾ ਬੱਗਾ ਸ਼ੇਰ ਜਿਉਂਦਾ ਰਹੇ। ਮੈਂ ਤਾਂ ਇਸ ਨੂੰ ਆਪਣੇ ਨਾਲ ਈ ਲੈ ਕੇ ਜਾਊਂਗੀ।”
ਪਰ ਜਦੋਂ ਜੱਜ ਨੇ ਉਸ ਨੂੰ ਸਮਝਾਇਆ ਕਿ ਮਹਾਰਾਜਾ ਪਟਿਆਲਾ ਨਾਲ ਬੂਟੇ ਦੀ ਮੁਲਾਕਾਤ ਦਾ ਪ੍ਰਬੰਧ ਹੋ ਰਿਹਾ ਹੈ ਤੇ ਬੂਟਾ ਸੱਚ-ਮੁੱਚ ਹੀ ਦੁਨੀਆਂ ਵਿਚ ਨਾਂ ਖੱਟੇਗਾ ਤਾਂ ਬੁੱਢੀ ਬੂਟੇ ਨੂੰ ਪਿੱਛੇ ਛੱਡ ਜਾਣ ਉਤੇ ਰਾਜ਼ੀ ਹੋ ਗਈ।
ਬੂਟੇ ਨੇ ਆਖਿਆ, “ਬੇਬੇ, ਤੂੰ ਸੰਸਾ ਨਾ ਲਾ। ਛੇਤੀ ਈ ਮੈਂ ਸਮੁੰਦਰ ਪਾਰ ਜਾਊਂਗਾ ਤੇ ਲੰਡਨ ‘ਚ ਜਾ ਕੇ ਸੌ ਮੀਲ ਦੌੜੂੰਗਾ, ਫਿਰ ਸਾਰੀ ਦੁਨੀਆਂ ਤੇਰੇ ਪੁੱਤ ਨੂੰ ਮੰਨੇਗੀ। ਫਿਰ ਆਪਣੇ ਕੋਲ ਰੁਪਈਏ ਹੀ ਰੁਪਈਏ ਹੋ ਜਾਣਗੇ। ਤੂੰ ਫਿਕਰ ਨਾ ਕਰ, ਤੇਰੇ ਵਾਲੇ ਸਾਰੇ ਦੁੱਖ ਤੋੜ ਦਿਊਂਗਾ। ਇਕ ਵਾਰੀ ਤੂੰ ਮੈਨੂੰ ਲੰਡਨ ਜਾ ਲੈਣ ਦੇਹ।”
ਦੂਜੇ ਦਿਨ ਉਹ ਆਪਣੇ ਪੁੱਤ ਨੂੰ ਛੱਡ ਕੇ ਪਿੰਡ ਚਲੀ ਗਈ।

ਅਸੀਂ ਬੂਟੇ ਲਈ ਥੋੜ੍ਹੇ ਜਿਹੇ ਪੈਸੇ ‘ਕੱਠੇ ਕੀਤੇ ਤਾਂ ਜੋ ਉਹ ਕੁਝ ਦਿਨ ਸਾਡੇ ਕੋਲ ਰਹਿ ਕੇ ਪਟਿਆਲੇ ਜਾਣ-ਆਉਣ ਦਾ ਪ੍ਰਬੰਧ ਕਰ ਸਕੇ। ਉਹ ਕੁਝ ਦਿਨ ਜੱਜ ਦੇ ਘਰ ਰਿਹਾ। ਜੱਜ ਦਾ ਬੰਗਲਾ ਆਬਾਦੀ ਤੋਂ ਬਾਹਰ ਬਾਜਰੇ ਦੇ ਖੇਤਾਂ ਦੀ ਜੂਹ ਨਾਲ ਲੱਗਦਾ ਸੀ। ਜੱਜ ਤੇ ਉਸ ਦੇ ਮਿੱਤਰ ਦੁਪਹਿਰਾਂ ਪਿੱਛੋਂ ਅੰਦਰ ਕਮਰੇ ਵਿਚ ਬੈਠ ਕੇ ਤਾਸ਼ ਖੇਡਦੇ ਤੇ ਬੂਟਾ ਬਾਹਰ ਬਰਾਂਡੇ ਵਿਚ ਆਪਣੇ ਖਿਆਲਾਂ ਵਿਚ ਡੁੱਬਿਆ ਇਕੱਲਾ ਬੈਠਾ ਰਹਿੰਦਾ। ਅਸੀਂ ਦੋ ਚਿੱਠੀਆਂ ਘੱਲੀਆਂ ਸਨ, ਇਕ ਪਟਿਆਲੇ ਵਿਚ ਖੇਡਾਂ ਦੇ ਵੱਡੇ ਅਫਸਰ ਨੂੰ ਤੇ ਦੂਜੀ ਮਹਾਰਾਜੇ ਨੂੰ। ਇਨ੍ਹਾਂ ਚਿੱਠੀਆਂ ਦੀ ਉਡੀਕ ਵਿਚ ਬੈਠੇ ਅਸੀਂ ਬੂਟੇ ਲਈ ਹੋਰ ਕੋਈ ਪ੍ਰੋਗਰਾਮ ਨਹੀਂ ਸਾਂ ਬਣਾ ਸਕਦੇ।

ਸਵੇਰੇ-ਸਵੇਰੇ ਬੂਟਾ ਲੰਮੀਆਂ-ਲੰਮੀਆਂ ਤੇ ਤਿਰਛੀਆਂ ਪੁਲਾਂਘਾ ਭਰਦਾ ਹੋਇਆ ਡਾਕਖਾਨੇ ਜਾ ਕੇ ਜੱਜ ਦੀ ਚਿੱਠੀ-ਪੱਤਰੀ ਲੈ ਕੇ ਆਉਂਦਾ। ਫਿਰ ਦੁਪਹਿਰਾ ਢਲਣ ਉਤੇ ਮੰਡੀ ਵੱਲ ਉਡ ਲੈਂਦਾ ਤੇ ਤਾਸ਼ ਖੇਡਦੇ ਹੋਏ ਜੱਜ ਤੇ ਉਸ ਦੇ ਮਿੱਤਰਾਂ ਲਈ ਪਾਨ, ਬਰਫ, ਨਿੰਬੂ, ਸ਼ਕੰਜਵੀ ਆਦਿ ਲੈ ਆਉਂਦਾ। ਲੋਕਾਂ ਦੀ ਭੀੜ, ਜੋ ਬੂਟੇ ਨੂੰ ਤੱਕਣ ਲਈ ਜੱਜ ਦੇ ਬੰਗਲੇ ਆਉਂਦੀ ਸੀ, ਜਿਵੇਂ ਉਹ ਕੋਈ ਵਚਿੱਤਰ ਜੀਵ ਹੋਵੇ, ਘਟਦੀ ਗਈ। ਹੌਲੀ-ਹੌਲੀ ਬੂਟੇ ਦੇ ਆਲੇ-ਦੁਆਲੇ ਅਦਭੁਤ ਤੇ ਚਰਚਾ-ਭਰੀ ਛੋਹ ਦਾ ਬੂਰ ਉਡ ਗਿਆ ਤੇ ਉਹ ਨੜੇ ਵਾਂਗ ਖਾਲੀ-ਖਾਲੀ ਰਹਿ ਗਿਆ, ਜਿਸ ਦੁਆਲੇ ਰੂੰ ਦੀ ਇਕ ਤੰਦ ਵੀ ਨਾ ਹੋਵੇ।
ਤਿੰਨ ਹਫਤੇ ਲੰਘ ਗਏ। ਬੂਟੇ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਕਈ ਸਾਲ ਲੰਘ ਗਏ ਹੋਣ।

ਇਕ ਦਿਨ ਉਸ ਨੇ ਮੈਨੂੰ ਆਖਿਆ, “ਮੈਂ ਇਕ ਸਰਦਾਰ ਨੂੰ ਜਾਣਦਾ ਹਾਂ, ਜੋ ਅੱਜ ਕੱਲ੍ਹ ਫਰੀਦਕੋਟ ਰਹਿੰਦਾ ਹੈ। ਕਿਸੇ ਵੇਲੇ ਉਹ ਮਹਾਰਾਜੇ ਪਟਿਆਲੇ ਦਾ ਡਿਉਢੀ ਅਫਸਰ ਹੁੰਦਾ ਸੀ। ਉਸ ਦੀ ਮਹਾਰਾਜੇ ਤਕ ਬਹੁਤ ਪਹੁੰਚ ਐ। ਜੇ ਮੈਂ ਉਸ ਕੋਲ ਜਾਵਾਂ ਤਾਂ ਉਹ ਮੈਨੂੰ ਜ਼ਰੂਰ ਮਹਾਰਾਜਾ ਸਾਹਿਬ ਨਾਲ ਮਿਲਾ ਦੇਵੇਗਾ। ਫੇਰ ਸ਼ੈਂਤ ਕੋਈ ਰਾਹ ਖੁੱਲ੍ਹ ਜਾਵੇ।”
ਇਕ ਹਫਤੇ ਪਿੱਛੋਂ ਬੂਟਾ ਫਰੀਦਕੋਟ ਉਸ ਆਦਮੀ ਨੂੰ ਮਿਲਣ ਚਲਾ ਗਿਆ।

ਇਸ ਪਿੱਛੋਂ ਮੈਨੂੰ ਪਤਾ ਲੱਗਾ ਕਿ ਬੂਟਾ ਪਟਿਆਲੇ ਚਲਾ ਗਿਆ ਹੈ। ਕਈ ਲੋਕਾਂ ਦੀਆਂ ਚਿੱਠੀਆਂ ਲੈ ਕੇ ਤੇ ਕਈਆਂ ਨੂੰ ਮਿਲਦੇ ਮਿਲਾਉਂਦੇ ਛੇਕੜ ਉਹ ਮਹਾਰਾਜਾ ਸਾਹਿਬ ਦੇ ਏ. ਡੀ. ਕਾਂਗ ਤੀਕ ਪੁੱਜ ਗਿਆ, ਜਿਸ ਨੇ ਬੂਟੇ ਦੀ ਮਹਾਰਾਜਾ ਸਾਹਿਬ ਨਾਲ ਛੇਤੀ ਤੋਂ ਛੇਤੀ ਮੁਲਾਕਾਤ ਕਰਵਾਉਣ ਦਾ ਵਾਇਦਾ ਕੀਤਾ।
ਇਸ ਪਿੱਛੋਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ। ਮੈਂ ਲਾਹੌਰ ਆਪਣੇ ਕੰਮ ਵਿਚ ਰੁੱਝਾ ਹੋਇਆ ਸਾਂ, ਇਸ ਲਈ ਬਹੁਤ ਚਿਰ ਪਿੰਡ ਨਾ ਆ ਸਕਿਆ। ਫਿਰ ਫਸਾਦ ਫੁਟ ਪਏ, ਦੇਸ਼ ਦੀ ਵੰਡ ਹੋ ਗਈ ਤੇ ਮੈਂ ਦਿੱਲੀ ਆ ਗਿਆ। ਇਸ ਪਿੱਛੋਂ ਮੈਨੂੰ ਬੂਟਾ ਸਿੰਘ ਦੀ ਬਹੁਤ ਚਿਰ ਤੀਕ ਕੋਈ ਖਬਰ ਨਾ ਮਿਲੀ।

1948 ਦੀ ਗੱਲ ਹੈ। ਸਰਦਾਰ ਪਟੇਲ ਰਿਆਸਤਾਂ ਦੇ ਮਹਾਰਾਜਿਆਂ ਨੂੰ ਭਾਰਤ ਯੂਨੀਅਨ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੂੰ ਪ੍ਰੇਰਨ ਲਈ ਦੇਸ਼ ਦਾ ਦੌਰਾ ਕਰ ਰਹੇ ਸਨ। ਮੈਂ ਉਸ ਦਿਨ ਪਟਿਆਲੇ ਸਾਂ। ਬਹੁਤ ਵੱਡਾ ਜਲੂਸ ਸੀ। ਸਰਦਾਰ ਪਟੇਲ ਤੇ ਮਹਾਰਾਜਾ ਚਾਂਦੀ ਦੀ ਬੱਘੀ ਵਿਚ ਨਾਲ-ਨਾਲ ਬੈਠੇ ਸਨ। ਬਾਜ਼ਾਰਾਂ, ਗਲੀਆਂ ਵਿਚ ਲੋਕ ਝੰਡੀਆਂ ਲਈ ਸਰਦਾਰ ਪਟੇਲ ਦੇ ਸੁਆਗਤ ਲਈ ਖੜ੍ਹੇ ਸਨ। ਬਾਰੀਆਂ-ਖਿੜਕੀਆਂ ਤੇ ਛੱਤਾਂ ਉੱਤੇ ਆਦਮੀ-ਤੀਵੀਆਂ ਜੁੜੇ ਖੜ੍ਹੇ ਸਨ। ਭੀੜ ਵਿਚ ਇਕ ਥਾਂ ਮੈਂ ਬੂਟਾ ਸਿੰਘ ਨੂੰ ਵੀ ਖੜ੍ਹੇ ਤੱਕਿਆ, ਜੋ ਚਾਂਦੀ ਦੀ ਬੱਘੀ ਨੂੰ ਹੌਲੀ-ਹੌਲੀ ਤੁਰਦੇ ਤੱਕ ਰਿਹਾ ਸੀ, ਜਿਸ ਨੂੰ ਛੇ ਦੂਧੀਆ ਘੋੜੇ ਖਿੱਚ ਰਹੇ ਸਨ ਤੇ ਜਿਸ ਦੇ ਅੱਗੇ ਲਿਸ਼-ਲਿਸ਼ ਕਰਦੀਆਂ ਜ਼ਰਕ-ਬਰਕ ਵਰਦੀਆਂ ਪਾਈ ਫੌਜੀ ਬੈਂਡ ਜਾ ਰਿਹਾ ਸੀ।

ਜਦ ਸਰਦਾਰ ਪਟੇਲ ਦੀ ਸਵਾਰੀ ਲੰਘੀ ਤਾਂ ਮੈਂ ਬੂਟੇ ਨੂੰ ਮਿਲਿਆ ਤੇ ਉਸ ਨੂੰ ਪੁੱਛਿਆ ਜੁ ਉਸ ਦੀ ਮਹਾਰਾਜੇ ਨਾਲ ਮੁਲਾਕਾਤ ਦਾ ਕੀ ਸਿੱਟਾ ਨਿਕਲਿਆ?
ਉਸ ਉੱਤਰ ਦਿੱਤਾ, “ਹੁਣ ਤਾਂ ਸਰਦਾਰ ਪਟੇਲ ਦਿੱਲੀ ਤੋਂ ਆਏ ਹੋਏ ਹਨ। ਮਹਾਰਾਜਾ ਤੇ ਬਾਕੀ ਸਾਰੇ ਅਹਿਲਕਾਰ ਰੁੱਝੇ ਹੋਏ ਹਨ। ਜਦ ਮਹਾਰਾਜਾ ਸਾਹਿਬ ਨੂੰ ਵਿਹਲ ਲੱਗੀ ਤਾਂ ਉਹ ਮੈਨੂੰ ਮਿਲ ਸਕਣਗੇ।”

ਮੈਂ ਦਿੱਲੀ ਮੁੜ ਆਇਆ। ਇਸ ਪਿੱਛੋਂ ਦੋ ਸਾਲ ਤੀਕ ਮੈਂ ਬੂਟੇ ਨੂੰ ਨਾ ਮਿਲ ਸਕਿਆ, ਪਰ ਕਦੇ-ਕਦੇ ਮੈਨੂੰ ਉਸ ਬਾਰੇ ਉਡਦੀ-ਉਡਦੀ ਖਬਰ ਜ਼ਰੂਰ ਮਿਲ ਜਾਂਦੀ। ਉਸ ਨੂੰ ਪਟਿਆਲੇ ਬਹੁਤ ਚਿਰ ਉਡੀਕਣਾ ਪਿਆ। ਹਰ ਵੇਲੇ ਕੋਈ ਨਾ ਕੋਈ ਜ਼ਰੂਰੀ ਕੰਮ ਮਹਾਰਾਜਾ ਸਾਹਿਬ ਨੂੰ ਘੇਰੀ ਰੱਖਦਾ। ਮਹਾਰਾਜੇ ਦੇ ਏ. ਡੀ. ਕਾਂਗ ਨੇ ਬੂਟੇ ਨੂੰ ਆਖਿਆ ਕਿ ਇਸ ਤਰ੍ਹਾਂ ਘੜੀ-ਮੁੜੀ ਪਿੰਡੋਂ ਆਉਣ ਜਾਣ ਨਾਲ ਵਕਤ ਤੇ ਰੁਪਈਏ ਪੈਸੇ ਦੇ ਫਾਲਤੂ ਖਰਚ ਨਾਲੋਂ ਇਹੋ ਚੰਗਾ ਹੈ ਕਿ ਉਹ ਪਟਿਆਲੇ ਕੋਈ ਨਿੱਕੀ-ਮੋਟੀ ਨੌਕਰੀ ਕਰ ਲਏ। ਪਹਿਲੀ ਫੁਰਸਤ ਵਿਚ ਹੀ ਉਸ ਦੀ ਮਹਾਰਾਜਾ ਸਾਹਿਬ ਨਾਲ ਮੁਲਾਕਾਤ ਕਰਵਾ ਦਿੱਤੀ ਜਾਵੇਗੀ। ਤੇ ਫੇਰ ਉਸ ਨੂੰ ਕੌਮਾਂਤਰੀ ਦੇਸ਼ਾਂ ਦੀਆਂ ਖੇਡਾਂ ਤੇ ਦੌੜਾਂ ਵਿਚ ਘੱਲ ਦਿੱਤਾ ਜਾਏਗਾ।
ਇਹ ਗੱਲ ਬੂਟੇ ਨੂੰ ਜਚ ਗਈ ਤੇ ਉਹ ਮੋਤੀ ਮਹੱਲ ਸਰਕਾਰ ਦੇ ਲੱਸੀਖਾਨੇ ਵਿਚ ਦਰਬਾਨ ਦੇ ਤੌਰ ‘ਤੇ ਨੌਕਰ ਹੋ ਗਿਆ। ਉਸ ਦੀ ਤਨਖਾਹ ਤਾਂ ਉਸ ਦਾ ਇਕ ਤਰ੍ਹਾਂ ਵਜ਼ੀਫਾ ਹੀ ਸੀ, ਕਿਉਂ ਜੋ ਸਾਰਾ ਦਿਨ ਬਸ ਇਕ ਸਟੂਲ ‘ਤੇ ਬੈਠੇ ਰਹਿਣ, ਲੰਮੇ ਪਏ ਰਹਿਣ ਤੇ ਬਾਗ ਵਿਚ ਘੁੰਮਣ-ਫਿਰਨ ਤੋਂ ਛੁੱਟ ਉਸ ਨੂੰ ਹੋਰ ਕੋਈ ਕੰਮ ਨਹੀਂ ਸੀ ਹੁੰਦਾ।
ਇਕ ਵਾਰੀ ਉਸ ਦੀ ਮਾਂ ਉਸ ਨੂੰ ਮੁੜ ਪਿੰਡ ਆਪਣੇ ਨਾਲ ਲੈ ਜਾਣ ਲਈ ਆਈ। ਉਹ ਬੂਟਾ, ਜੋ ਨਿੱਤ ਦੀ ਉਡੀਕ ਤੇ ਸਰਕਾਰੀ ਕੰਮਾਂ ਵਿਚ ਢਿੱਲ ਤੋਂ ਹੁਣ ਚੰਗੀ ਤਰ੍ਹਾਂ ਜਾਣੂੰ ਹੋ ਗਿਆ ਸੀ, ਆਪਣੀ ਮਾਂ ਨੂੰ ਸਾਰੀਆਂ ਗੱਲਾਂ ਸਮਝਾ ਕੇ ਆਖਣ ਲੱਗਾ, “ਬੇਬੇ, ਇਕ ਵਾਰੀ ਮੈਂ ਲੰਡਨ ਹੋ ਆਵਾਂ, ਫਿਰ ਤੇਰੀਆਂ ਸਾਰੀਆਂ ਕਸਰਾਂ ਪੂਰੀਆਂ ਕਰ ਦਿਊਂਗਾ। ਫਿਰ ਸਾਨੂੰ ਕਿਸੇ ਗੱਲ ਦੀ ਤੋਟ ਨਹੀਂ ਰਹਿਣੀ। ਬਸ ਹੁਣ ਤਾਂ ਦਿਨਾਂ ਦੀ ਹੀ ਗੱਲ ਹੈ। ਰਤਾ ਕੁ ਸਬਰ ਦਾ ਘੁੱਟ ਭਰ।”

ਇਹ ਆਖ ਕੇ ਉਸ ਨੇ ਬੁੱਢੀ ਮਾਂ ਨੂੰ ਪਿਛਲੇ ਤਿੰਨ ਮਹੀਨਿਆਂ ਦੀ ਤਨਖਾਹ ਦਿੱਤੀ, ਜੋ ਬੁੱਢੀ ਨੇ ਆਪਣੀ ਸਲਾਰੀ ਦੇ ਲੜ ਬੰਨ੍ਹ ਲਈ ਤੇ ਪਿੰਡ ਮੁੜ ਗਈ।

ਬੂਟਾ ਆਪਣੀ ਨੌਕਰੀ ਉਤੇ ਜੰਮਿਆ ਰਿਹਾ। ਕਈ ਵਾਰ ਉਹ ਬੈਠਾ-ਬੈਠਾ ਅੱਕ ਜਾਂਦਾ ਤਾਂ ਬਾਜ਼ਾਰ ਜਾਂ ਨੇੜੇ ਦੀ ਮੰਡੀ ਦਾ ਚੱਕਰ ਲਾਉਣ ਲਈ ਟਿੱਭ ਜਾਂਦਾ ਤੇ ਕਈ-ਕਈ ਘੰਟੇ ਘੁੰਮਣ-ਫਿਰਨ ਪਿੱਛੋਂ ਮੁੜਦਾ। ਸਾਰਾ ਦਿਨ ਡਿਊਟੀ ਤੋਂ ਗੈਰਹਾਜ਼ਰ ਰਹਿਣ ਕਰਕੇ ਲੱਸੀ-ਖਾਨੇ ਦੇ ਅਫਸਰ ਤੀਕ ਉਸ ਦੀ ਸ਼ਿਕਾਇਤ ਪੁੱਜੀ ਤੇ ਇਸ ਪਿੱਛੋਂ ਉੱਚੇ ਅਫਸਰ ਤੀਕ ਵੀ ਗੱਲ ਪਹੁੰਚ ਗਈ। ਬੂਟੇ ਦੀ ਪੇਸ਼ੀ ਹੋਈ। ਉਸ ਨੂੰ ਬਹੁਤ ਝਿੜਕਿਆ ਗਿਆ ਤੇ ਇਸ ਝਾੜ-ਝੰਬ ਪਿੱਛੋਂ ਉਸ ਨੂੰ ਮੁਆਫ ਕਰ ਦਿੱਤਾ ਗਿਆ ਕਿ ਜੇ ਅੱਗੇ ਤੋਂ ਬਿਨਾ ਦੱਸੇ ਆਪਣੀ ਡਿਊਟੀ ਛੱਡ ਕੇ ਕਿਤੇ ਗਿਆ ਤਾਂ ਉਸ ਨੂੰ ਨੌਕਰੀ ਤੋਂ ਜਵਾਬ ਮਿਲ ਜਾਏਗਾ। ਜੇ ਇਸ ਤਰ੍ਹਾਂ ਉਹ ਨੌਕਰੀ ‘ਚੋਂ ਕੱਢ ਦਿੱਤਾ ਗਿਆ ਤਾਂ ਉਸ ਦੇ ਨਾਂ ਨੂੰ ਟਿੱਕਾ ਲੱਗ ਜਾਏਗਾ ਤੇ ਉਸ ਨੂੰ ਕਦੀ ਵੀ ਕੌਮਾਂਤਰੀ ਦੇਸ਼ਾਂ ਦੀਆਂ ਦੌੜਾਂ ਦੇ ਮੁਕਾਬਲੇ ਵਿਚ ਨਹੀਂ ਘੱਲਿਆ ਜਾਏਗਾ।
ਇਸ ਵਾਕੇ ਨਾਲ ਬੂਟਾ ਸਹਿਮ ਗਿਆ। ਇਸ ਪਿੱਛੋਂ ਉਹ ਡਿਊਟੀ ਉਤੇ ਚੇਤੰਨ ਤੇ ਹੁਸ਼ਿਆਰੀ ਨਾਲ ਹਾਜ਼ਰ ਰਹਿਣ ਲੱਗਾ।

ਇਕ ਸਾਲ ਪਿੱਛੋਂ ਮੈਨੂੰ ਇਕ ਮੁਕੱਦਮੇ ਵਿਚ ਗੁਆਹੀ ਦੇਣ ਲਈ ਪਟਿਆਲੇ ਜਾਣਾ ਪਿਆ। ਸਾਰਾ ਦਿਨ ਕਚਹਿਰੀ ਭੁਗਤ ਕੇ ਥੱਕਿਆ-ਟੁੱਟਿਆ ਮੈਂ ਕਿਸੇ ਤਾਂਗੇ ਜਾਂ ਰਿਕਸ਼ੇ ਦੀ ਉਡੀਕ ਵਿਚ ਖੜ੍ਹਾ ਸਾਂ। ਕੁਝ ਚਿਰ ਪਿੱਛੋਂ ਮੈਂ ਦੂਰੋਂ ਹੌਲੀ-ਹੌਲੀ ਇਕ ਸਾਈਕਲ ਰਿਕਸ਼ਾ ਆਉਂਦੀ ਤੱਕੀ। ਉਸ ਦੇ ਨਾਲ-ਨਾਲ ਇਕ ਬੁੱਢੀ ਸੋਟੀ ਟੇਕਦੀ ਤੁਰੀ ਆ ਰਹੀ ਸੀ। ਜਦ ਰਿਕਸ਼ਾ ਨੇੜੇ ਆਈ ਤਾਂ ਮੈਂ ਇਸ ਵਿਚ ਬੈਠੇ ਬੂਟਾ ਸਿੰਘ ਨੂੰ ਪਛਾਣ ਲਿਆ। ਉਹ ਨਵੀਂ ਖਾਕੀ ਨਿੱਕਰ ਤੇ ਪੈਰੀਂ ਲਿਸ਼ਕਦੇ ਹੋਏ ਕਾਲੇ ਬੂਟ ਪਾਈ, ਸਿਰ ਉਤੇ ਮੂੰਗੀਆ ਰੰਗ ਦੀ ਪੱਗ ਬੰਨ੍ਹੀ ਬੈਠਾ ਸੀ। ਉਸ ਨੇ ਮੈਨੂੰ ਵੇਖ ਕੇ ਫਤਿਹ ਬੁਲਾਈ। ਰਿਕਸ਼ਾ ਖੜੋ ਗਈ।
“ਸੁਣਾ ਬਈ ਬੂਟਾ ਸਿਆਂ, ਕੀ ਹਾਲ ਐ ਤੇਰਾ?” ਮੈਂ ਪੁੱਛਿਆ।

“ਬਸ ਜੀ, ਵਾਹਿਗੁਰੂ ਦੀ ਕਿਰਪਾ ਐ। ਥੋਡੀ ਮਿਹਰਬਾਨੀ ਐ-ਠੀਕ ਆਂ। ਮਹਾਰਾਜਾ ਸਾਹਿਬ ਹੁਣ ਕੁਝ ਦਿਨਾਂ ਲਈ ਗਰਮੀ ਕਰਕੇ ਚੈਲ ਗਏ ਹੋਏ ਨੇ। ਜਦ ਮੁੜੇ ਤਾਂ ਉਨ੍ਹਾਂ ਨਾਲ ਮੇਰੀ ਮੁਲਾਕਾਤ ਹੋ ਜਾਊ। ਮੇਰਾ ਨਾਂ ਸਭਨਾਂ ਤੋਂ ਉਪਰ ਐ, ਬਸ ਪਹਿਲਾ ਨਾਂ ਮੇਰਾ ਈ ਐ…ਮੈਨੂੰ ਪਤਾ ਲੱਗਿਆ ਐ, ਅੱਸੂ ‘ਚ ਦੌੜਨ ਵਾਲਿਆਂ ਦੀ ਇਕ ਟੀਮ ਲੰਡਨ ਜਾ ਰਹੀ ਐ। ਪੱਕੀ ਆਸ ਐ, ਮਹਾਰਾਜਾ ਸਾਹਿਬ ਮੈਨੂੰ ਜ਼ਰੂਰ ਚੁਣ ਲੈਣਗੇ ਤੇ ਭੇਜ ਦੇਣਗੇ।” ਮੈਂ ਉਸ ਵੱਲ ਤੱਕਿਆ ਤੇ ਉਸ ਨੂੰ ਪੁੱਛਿਆ ਕਿ ਉਹ ਰਿਕਸ਼ੇ ਵਿਚ ਕਿਉਂ ਬੈਠਾ ਹੈ?

ਬੁੱਢੀ ਨੇ ਵੱਡਾ ਸਾਰਾ ਹੌਕਾ ਭਰਿਆ ਤੇ ਆਖਣ ਲੱਗੀ, “ਵੇ ਪੁੱਤਰਾ! ਮੇਰਾ ਬੂਟਾ ਤਾਂ ਸੁੱਖ ਨਾਲ ਉਡਾਰੂ ਪੰਛੀ ਸੀ। ਇਸ ਨੂੰ ਇਨ੍ਹਾਂ ਜਾਏ-ਖਾਣੀਆਂ ਨੌਕਰੀਆਂ ਦਾ ਕੀ ਪਤਾ ਸੀ। ਬਸ ਏਥੇ ਉਸ ਨੂੰ ਲੱਕੜ ਦੇ ਟੂਲ ‘ਤੇ ਬੰਨ੍ਹ ਕੇ ਬਿਠਾਲ ਦਿੱਤਾ। ਏਸ ਦੀਆਂ ਲੱਤਾਂ ‘ਚ ਤਾਂ ਬਿਜਲੀ ਸੀ ਬਿਜਲੀ! ਬਸ ਏਸ ਤਰ੍ਹਾਂ ਬੈਠੇ-ਬੈਠੇ ਇਸ ਦੇ ਪੱਟਾਂ ਤੇ ਪਿੰਜਣੀਆਂ ਦਾ ਲਹੂ ਗੋਡਿਆਂ ‘ਚ ‘ਕੱਠਾ ਹੋ ਗਿਆ ਐ। ਦੇਖੀਂ ਰਤਾ ਏਸ ਦੇ ਗੋਡੇ ਕਿਵੇਂ ਸੁੱਜੇ ਪਏ ਨੇ। ਹਾਏ ਨੀ ਅੰਮੜੀਏ!”

ਇਹ ਆਖ ਕੇ ਬੁੱਢੀ ਨੇ ਆਪਣੀਆਂ ਛਾਤੀਆਂ ਉਤੇ ਜ਼ੋਰ-ਜ਼ੋਰ ਦੀ ਮੁੱਕੀਆਂ ਮਾਰੀਆਂ। ਉਸ ਦੀਆਂ ਅੱਖਾਂ ਵਿਚੋਂ ਤ੍ਰਿਪ-ਤ੍ਰਿਪ ਹੰਝੂ ਡਿੱਗਣ ਲੱਗੇ ਤੇ ਉਸ ਨੇ ਆਖਿਆ, “ਹਾਏ ਨੀ! ਹੁਣ ਮੈਂ ਇਸ ਨੂੰ ਹਸਪਤਾਲ ਲੈ ਜਾਨੀ ਆਂ। ਉਥੇ ਡਾਕਦਾਰ ਏਸ ਨੂੰ ਸੂਏ ਲਾਊਗਾ।”
ਮੈਂ ਬੂਟੇ ਵੱਲ ਤੱਕਿਆ। ਉਸ ਦੇ ਢਾਲ ਵਰਗੇ ਗੋਡੇ ਹੁਣ ਪਾਥੀਆਂ ਵਾਂਗ ਫੁੱਲੇ-ਫੁੱਲੇ ਸਨ। ਉਸ ਨੂੰ ਇਸ ਤਰ੍ਹਾਂ ਰਿਕਸ਼ੇ ਵਿਚ ਅਪਾਹਜ ਵਾਂਗ ਬੈਠਿਆਂ ਦੇਖ ਕੇ ਮੇਰੇ ਕਾਲਜੇ ਵਿਚ ਇਕ ਚੀਸ ਜਿਹੀ ਉਠੀ।

ਉਸ ਨੇ ਮੇਰੇ ਵੱਲ ਆਪਣੀਆਂ ਜਨੌਰਾਂ ਜਿਹੀਆਂ ਅੱਖਾਂ ਨਾਲ ਤੱਕਿਆ, ਜਿਨ੍ਹਾਂ ਵਿਚ ਗੇਰੂ ਰੰਗੇ ਡੋਰੇ ਫੁਟਕੀਆਂ ਵਾਂਗ ਤਰ ਰਹੇ ਸਨ। ਚਾਣਚੱਕ ਉਨ੍ਹਾਂ ਵਿਚ ਆਸ ਦੀ ਇਕ ਕਿਰਨ ਮਘ ਉਠੀ ਤੇ ਉਸ ਦੇ ਬੁੱਲ੍ਹ ਸੱਜਰੀ ਵਾਹੀ ਸਿਆੜ ਵਾਂਗ ਖੁੱਲ੍ਹ ਗਏ ਤੇ ਉਸ ਆਖਿਆ, “ਡਾਕਟਰ ਬਿਜਲੀ ਦੇ ਸੂਇਆਂ ਨਾਲ ਮੇਰਾ ਇਲਾਜ ਕਰ ਰਿਹਾ ਐ। ਅੱਠ-ਦਸ ਦਿਨਾਂ ਵਿਚ ਮੈਂ ਰਾਜ਼ੀ-ਬਾਜ਼ੀ ਹੋ ਜਾਵਾਂਗਾ ਤੇ ਫਿਰ ਪਹਿਲਾਂ ਵਾਂਗ ਦੌੜਨ ਲੱਗਾਂਗਾ। ਇਸ ਪਿੱਛੋਂ ਜੀ ਮੈਂ ਲੰਡਨ ਜਾਊਂਗਾ ਤੇ ਸੌ ਮੀਲ ਦੌੜ ਦੌੜੂੰਗਾ…।”

ਮੈਂ ਉਸ ਵੱਲ ਤੱਕਿਆ। ਉਸ ਦਾ ਮੂੰਹ ਆਸ ਦੀ ਕਿਰਨ ਨਾਲ ਚਮਕ ਰਿਹਾ ਸੀ, ਉਹੀ ਆਸ ਜੋ ਮ੍ਰਿਗਤ੍ਰਿਸ਼ਨਾ ਵਾਂਗ ਉਸ ਨੂੰ ਜੀਵਨ ਦੇ ਇਕ ਮਾਰੂਥਲ ਤੋਂ ਦੂਜੇ ਥਲ ਤੀਕ ਭਟਕਾਉਂਦੀ ਹੋਈ ਲਈ ਫਿਰਦੀ ਸੀ। ਛੇਕੜ ਹੁਣ ਉਹ ਇਕ ਥੱਕੇ-ਟੁੱਟੇ ਹਿਰਨ ਵਾਂਗ ਡਿੱਗ ਪਿਆ ਸੀ, ਪਰ ਜਿਸ ਨੂੰ ਹੁਣ ਵੀ ਦੁਮੇਲ ਉਤੇ ਲਿਸ਼ਕਦੇ ਪਾਣੀ ਦਾ ਝੌਲਾ ਭਰਮਾਉਂਦਾ ਸੀ।

ਰਿਕਸ਼ਾ ਹੌਲੀ-ਹੌਲੀ ਤੁਰਦੀ ਹੋਈ ਚਲੀ ਗਈ। ਮੈਂ ਉਦੋਂ ਤੀਕ ਉਥੇ ਖੜ੍ਹਾ ਮਾਂ-ਪੁੱਤ ਨੂੰ ਵੇਖਦਾ ਰਿਹਾ, ਜਦ ਤੀਕ ਉਹ ਦੋਵੇਂ ਦੂਰ ਸੜਕ ਦੇ ਮੋੜ ਤੋਂ ਭੌਂ ਕੇ ਮੇਰੀਆਂ ਅੱਖਾਂ ਤੋਂ ਓਹਲੇ ਨਾ ਹੋ ਗਏ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਬਲਵੰਤ ਗਾਰਗੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ