Band Pia Bistara (Punjabi Story) : Navtej Singh

ਬੰਦ ਪਿਆ ਬਿਸਤਰਾ (ਕਹਾਣੀ) : ਨਵਤੇਜ ਸਿੰਘ

ਪਿਆਰ ਲਈ ਝੂਠ ਦਾ ਠੁੰਮਣਾ ਕਿਉਂ?...

ਪਤਾ ਨਹੀਂ ਇਹ ਗੀਤ ਜੋੜਨ ਵਾਲੇ ਮਹਿਬੂਬਾ ਤੇ ਵਤਨ ਦੋਵਾਂ ਬਾਰੇ ਬੜੀ ਵਾਰੀ ਝੂਠ ਕਿਉਂ ਬੋਲਦੇ ਨੇ? ਕੀ ਤੁਹਾਡੀ ਮਹਿਬੂਬਾ ਤੁਹਾਨੂੰ ਤਾਂ ਹੀ ਪਿਆਰੀ ਲੱਗ ਸਕਦੀ ਏ ਜੇ ਉਹ ‘ਚਾਂਦ ਸੀ ਮਹਿਬੂਬਾ’ ਹੋਵੇ? ਕੀ ਤੁਹਾਡਾ ਵਤਨ ਤੁਹਾਨੂੰ ਤਾਂ ਹੀ ਚੰਗਾ ਲੱਗ ਸਕਦਾ ਏ ਜੇ ਉਹ ਸਾਰੇ ਜਹਾਂ ਸੇ ਅੱਛਾ ਹੋਵੇ?

ਇੰਝ ਗੀਤਾਂ ਵਿਚ ਹੀ ਹੁੰਦਾ ਹੋਵੇਗਾ ਮੈਂ ਆਪਣੇ ਵਤਨ ਦੀ ਹੀ ਗੱਲ ਕਰਦਾ ਹਾਂ—ਤੁਸੀਂ ਮੈਨੂੰ ਜ਼ਰੂਰ ਟੋਕੋਗੇ ਕਿ ਉਹ ਮੇਰਾ ਵਤਨ ਕਿਵੇਂ ਹੋਇਆ ਜਿਥੇ ਮੈਨੂੰ ਜਾਣ ਦੀ ਇਜਾਜ਼ਤ ਨਹੀਂ—ਜਦੋਂ ਹਾਲੀ ਮੈਂ ਆਪਣੇ ਵਤਨ ਦੀ ਜੂਹ ਵੀ ਨਹੀਂ ਸੀ ਟੱਪੀ ਓਦੋਂ ਮੇਰਾ ਖ਼ਿਆਲ ਵੀ ਇਹੀ ਸੀ, ਤੇ ਹੁਣ ਜਦੋਂ ਮੈਂ ਸਾਰੇ ਜਹਾਨ ਬਾਰੇ ਏਨਾ ਕੁਝ ਜਾਣ ਲਿਆ ਏ, ਓਦੋਂ ਮੈਨੂੰ ਪੱਕਾ ਹੋ ਚੁੱਕਿਆ ਏ ਕਿ ਮੇਰਾ ਵਤਨ ਸਾਰੇ ਜਹਾਨ ਵਿਚੋਂ ਕਿਸੇ ਤਰ੍ਹਾਂ ਵੀ ਅੱਛਾ ਨਹੀਂ, ਪਰ ਫੇਰ ਵੀ ਮੇਰੇ ਚੇਤਿਆਂ ਵਿਚ ਸਭ ਤੋਂ ਵੱਧ ਉਹੀ ਵਸਿਆ ਹੋਇਆ ਏ।

ਮੇਰੀਆਂ ਅੱਖਾਂ ਹੁਣ ਜਦੋਂ ਇਕ ਦੁਨੀਆਂ ਦੇ ਹੁਸਨ ਨੂੰ ਆਪਣੇ ਅੰਦਰ ਰਚਾ ਚੁਕੀਆਂ ਨੇ, ਚੰਨ ਵਰਗੇ ਚਿਹਰਿਆਂ ਨਾਲ ਆਸ਼ਨਾ ਹੋ ਚੁੱਕੀਆਂ ਨੇ, ਓਦੋਂ ਵੀ ਮੇਰੇ ਦਿਲ ਤੇ ਜਾਨ ਵਿਚ ਮੇਰੇ ਅਨੰਤ ਦਿਨਾਂ ਦੀ ਉਹੀ ਮਹਿਬੂਬਾ ਵੱਸੀ ਹੋਈ ਏ, ਜਿਦ੍ਹੇ ਮੂੰਹ ਤੋਂ ਜਵਾਨੀ ਦੇ ਚੜ੍ਹਾਅ ਪਿਛੋਂ ਕਿੱਲਾਂ ਦੇ ਦਾਗ਼ ਕਦੇ ਅਲੋਪ ਨਹੀਂ ਹੋਏ...

ਮੈਨੂੰ ਅਤਿਕਥਨੀ ਵਾਲੇ ਗੀਤ ਕਦੇ ਵੀ ਚੰਗੇ ਨਹੀਂ ਲੱਗੇ; ਤੇ ਸ਼ਾਇਦ ਇਸੇ ਲਈ ਮੈਂ ਆਪ ਇਕ ਨਵਾਂ ਨਕੋਰ ਗੀਤ ਲਿਖਣਾ ਚਾਹੁੰਦਾ ਹਾਂ, ਆਪਣੇ ਸਾਦਮੁਰਾਦੇ ਵਤਨ ਬਾਰੇ ਇਕ ਵੱਖਰੀ ਤਰ੍ਹਾਂ ਦਾ ਗੀਤ; ਪਰ ਮੈਨੂੰ ਗੀਤ ਲਿਖਣਾ ਨਹੀਂ ਆਉਂਦਾ। ਹਾਂ, ਜੇ ਕਦੇ ਮੈਂ ਗੀਤ ਲਿਖ ਸਕਦਾ ਹੁੰਦਾ ਤਾਂ ਮੈਂ ਆਪਣੇ ਗੀਤ ਵਿਚ ਅਜਿਹੀਆਂ ਗੱਲਾਂ ਜ਼ਰੂਰ ਕਹਿੰਦਾ ਜਿਹੜੀਆਂ ਵਤਨ-ਪਿਆਰ ਦੇ ਕਿਸੇ ਵੀ ਗੀਤ ਵਿਚ ਅੱਗੇ ਕਦੇ ਵੀ ਨਹੀਂ ਕਹੀਆਂ ਗਈਆਂ।

ਮੈਂ ਅੱਜ ਤੁਹਾਡੇ ਨਾਲ ਓਸ ਗੀਤ ਵਿਚਲੀਆਂ ਗੱਲਾਂ ਹੀ ਕਰ ਲੈਂਦਾ ਹਾਂ, ਉਹ ਗੀਤ ਕਿਹੜਾ ਮੈਂ ਕਦੇ ਲਿਖ ਨਹੀਂ ਸਕਣਾਂ! ਤੁਹਾਡੇ ਵਿਚੋਂ ਕਈ ਨਸੀਬਾਂ ਵਾਲੇ ਨੇ, ਤੇ ਓਥੇ ਰਹਿੰਦੇ ਨੇ, ਜਿਹੜਾ ਮੇਰਾ ਵਤਨ ਏ, ਪਰ ਜਿਥੇ ਮੈਂ ਜਾ ਨਹੀਂ ਸਕਦਾ।

ਜਿਵੇਂ ਮੈਂ ਅੱਗੇ ਦੱਸ ਚੁੱਕਿਆਂ, ਮੇਰਾ ਵਤਨ ਮਨੁੱਖ ਦੀ ਇਸ ਧਰਤੀ ਦਾ ਇਕ ਆਮ ਜਿਹਾ ਟੁੱਕੜਾ ਸੀ। ਹੁਨਾਲੇ ਵਿਚ ਓਥੇ ਅਤਿ ਦੀ ਗਰਮੀ ਤੇ ਸਿਆਲੇ ਵਿਚ ਓਥੇ ਅਤਿ ਦੀ ਸਰਦੀ ਪੈਂਦੀ ਸੀ। ਫੁਲਾਂ ਨੂੰ ਖਿੜਣ, ਟਹਿਕਣ ਲਈ ਬੜਾ ਈ ਥੋੜ੍ਹਾ ਮੌਕਾ ਮਿਲਦਾ ਸੀ। ਗੁਲਾਬਾਸੀ ਤੇ ਗੇਂਦੇ ਦੇ ਫੁੱਲ ਹੀ ਮੈਨੂੰ ਆਪਣੇ ਬਚਪਨ ਵਿਚੋਂ ਚੇਤੇ ਨੇ, ਤੇ ਹਾਂ ਪੋਸਤ ਦੇ ਜੰਗਲੀ ਫੁੱਲ। ਰੁੱਖ ਆਮ ਤੌਰ ਉਤੇ ਉਥੇ ਟਾਹਲੀਆਂ ਦੇ ਹੀ ਸਨ। ਇਥੋਂ ਤੱਕ ਕਿ ਨਿੱਕੇ ਹੁੰਦਿਆਂ ਮੇਰੇ ਲਈ ਟਾਹਲੀ ਲਫ਼ਜ਼ ਰੁੱਖ ਦੇ ਹੀ ਮਾਅਨੇ ਰੱਖਦਾ ਸੀ। ਮੈਂ ਜਦੋਂ ਪਹਿਲੀ ਵਾਰ ਬੇਰੀ ਵੇਖੀ ਸੀ, ਤਾਂ ਮੈਂ ਉਹਨੂੰ ਬੇਰਾਂ ਦੀ ਟਾਹਲੀ ਆਖਿਆ ਸੀ, ਤੇ ਇਸੇ ਤਰ੍ਹਾਂ ਮੇਰੇ ਲਈ ਹੋਰ ਕੁਝ ਟਾਹਲੀਆਂ ਸਨ, ਕਿੱਕਰਾਂ ਦੀਆਂ ਤੇ ਜਾਮਨੂੰਆਂ ਦੀਆਂ।

ਇਕ ਜਾਮਨੂੰ ਸਾਡੇ ਘਰ ਦੇ ਪਛਵਾੜੇ ਹੁੰਦਾ ਸੀ। ਉਹਨੂੰ ਉਸ ਤਰ੍ਹਾਂ ਦੇ ਮੋਟੇ-ਮੋਟੇ ਤੇ ਰਸੀਲੇ ਜਾਮਨੂੰ ਨਹੀਂ ਸਨ ਲਗਦੇ ਜਿਹੋ ਜਿਹੇ ਬਾਜ਼ਾਰਾਂ ਵਿਚ ਲੂਣ ਲਗੇ ਵਿਕਦੇ ਨੇ, ਉਹਦੇ ਜਾਮਨੂੰ ਨਿੱਕੇ-ਨਿੱਕੇ ਤੇ ਗਲ-ਘੋਟੂ ਸਨ। ਪਰ ਉਹ ਆਪਣਾ ਜਾਮਨੂੰ ਮੈਨੂੰ ਕਿੰਨਾ ਚੰਗਾ ਲੱਗਦਾ ਸੀ!

ਇਕ ਰਾਤ ਮੈਨੂੰ ਨੀਂਦਰ ਨਹੀਂ ਸੀ ਆ ਰਹੀ। ਮੇਰੀ ਅੰਮੀਂ ਪੋਲੇ-ਪੋਲੇ ਹੱਥਾਂ ਨਾਲ ਮੇਰੀ ਪਿੱਠ ਉਤਲੀ ਪਿੱਤ ਮਲ ਰਹੀ ਸੀ ਤੇ ਨਾਲੇ ਚੰਨ ਉਤੇ ਰਹਿੰਦੀ ਚੰਨ ਤੋਂ ਵੀ ਸੋਹਣੀ ਕਿਸੇ ਪਰੀ ਦੀ ਬਾਤ ਪਾ ਰਹੀ ਸੀ। ਮੇਰੀ ਅੰਮੀ ਨੇ ਚਾਹਿਆ ਕਿ ਮੈਂ ਉਸ ਚੰਨ-ਪਰੀ ਨਾਲ ਵਿਆਹ ਕਰ ਕੇ ਓਥੇ ਜਾ ਰਹਾਂ, ਆਪਣੀ ਅੰਮੀਂ ਨੂੰ ਵੀ ਓਥੇ ਨਾਲ ਲੈ ਜਾਵਾਂ।

ਮੈਂ ਪੁੱਛਿਆ, “ਅੰਮੀਂ, ਚੰਨ ਉਤੇ ਜਾਮਨੂੰਆਂ ਦੀ ਟਾਹਲੀ ਹੁੰਦੀ ਏ?”

ਅੰਮੀਂ ਨੂੰ ਇਹ ਤਾਂ ਪਤਾ ਸੀ ਕਿ ਓਥੇ ਚਾਂਦੀ ਤੇ ਹੀਰਿਆਂ ਦੇ ਪਰਬਤ, ਦੁੱਧ ਤੇ ਮਾਖਿਓਂ ਦੀਆਂ ਨਦੀਆਂ, ਪਰੀਆਂ ਤੇ ਬੁੱਢੀ ਮਾਈ ਦਾ ਚਰਖਾ ਹੁੰਦਾ ਏ, ਪਰ ਜਾਮਨੂੰਆਂ ਦਾ ਜ਼ਿਕਰ ਉਹਨੇ ਕਿਸੇ ਵੀ ਬਾਤ ਵਿਚ ਨਹੀਂ ਸੀ ਸੁਣਿਆ, ਸੋ ਉਹਨੇ ਕਿਹਾ, “ਨਹੀਂ।” ਮੈਂ ਉਸੇ ਵੇਲੇ ਚੰਨ ਵਲੋਂ ਮੂੰਹ ਮੋੜ ਲਿਆ—ਮੈਂ ਕੀ ਕਰਨਾ ਸੀ ਅਜਿਹੇ ਚੰਨ ਉਤੇ ਜਾ ਕੇ...

ਜਿਸ ਰਾਤ ਮੇਰੀ ਅੰਮੀਂ ਨੇ ਇਹ ਬਾਤ ਸੁਣਾਈ ਸੀ ਉਹ ਬੜੀ ਗਰਮ ਰਾਤ ਸੀ, ਪਰ ਮੇਰੇ ਵਤਨ ਵਿਚ ਕਦੇ-ਕਦੇ ਓਦੂੰ ਵੀ ਗਰਮ ਰਾਤਾਂ ਆਉਂਦੀਆਂ ਹੁੰਦੀਆਂ ਸਨ। ਇਕ ਵਾਰੀ ਰਾਤ ਵੇਲੇ ਵੀ ਓਥੇ ਏਨੀ ਗਰਮ ਲੂ ਚੱਲੀ ਸੀ ਕਿ ਮੇਰੀ ਅੰਮੀਂ ਮੈਨੂੰ ਅੰਦਰ ਲੈ ਗਈ ਤੇ ਉਹਨੇ ਬੂਹੇ ਬਾਰੀਆਂ ਬੰਦ ਕਰ ਦਿੱਤੇ ਸਨ। ਬਾਰੀ ਦੇ ਸ਼ੀਸ਼ੇ ਵਿਚੋਂ ਮੈਂ ਆਪਣੀ ਲਾਖੀ ਵੱਛੀ ਤੇ ਉਹਦੀ ਮਾਂ ਨੂੰ ਬਾਹਰ ਝੁਲਸਦਿਆਂ ਵੇਖ ਰਿਹਾ ਸਾਂ, ਉਨ੍ਹਾਂ ਦੀ ਜੀਭ ਪਲੇ-ਪਲੇ ਬਾਹਰ ਹੌਂਕਦੀ, ਤੇ ਮੈਂ ਅੰਦਰ ਬੈਠਾ ਤ੍ਰੇਹ ਨਾਲ ਤਰਲੋ-ਮੱਛੀ ਹੋ ਰਿਹਾ ਸਾਂ; ਪਰ ਘੜਿਆਂ ਵਿਚ, ਪਤੀਲਿਆਂ ਵਿਚ ਜਿਥੇ ਵੀ ਪਾਣੀ ਸੀ ਉਹ ਤੱਤਾ ਤੇਲ ਤੇ ਬਾਹਰ ਨਲਕੇ ਤੱਕ ਜਾਣ ਦਾ ਹੀਆ ਕਿਸੇ ਨੂੰ ਨਹੀਂ ਸੀ ਪੈਂਦਾ।

ਤੇ ਇਕ ਵਾਰ ਓਥੇ ਏਨੀ ਮਕੜੀ ਆਈ ਸੀ ਕਿ ਸਭ ਟਾਹਲੀਆਂ, ਬੇਰੀਆਂ ਤੇ ਜਾਮਨਾਂ ਰੁੰਡ-ਮੁੰਡ ਕਰ ਗਈ ਸੀ। ਰੇਲ ਗੱਡੀ ਕਿੰਨੇ ਦਿਨ ਨਹੀਂ ਸੀ ਚਲੀ। ਰੇਲ ਦੀ ਪਟੜੀ ਮਕੜੀਆਂ ਥੱਲੇ ਗੁਆਚ ਗਈ ਸੀ, ਤੇ ਜਦੋਂ ਉਤੇ ਇੰਜਨ ਰਤਾ ਕੁ ਵੀ ਚਲਦਾ ਤਾਂ ਫਿਸੀਆਂ ਮਕੜੀਆਂ ਦੀ ਮਿਝ ਨਾਲ ਪਟੜੀ ਲਥ-ਪਥ ਹੋ ਜਾਂਦੀ ਸੀ ਤੇ ਇੰਜਨ ਫੱਫ-ਫੱਫ ਕਰ ਕੇ ਰੁਕ ਜਾਂਦਾ ਸੀ।

ਸਾਡਾ ਪਿੰਡ ਦਰਿਆ ਦੇ ਕੰਢੇ ਉਤੇ ਸੀ। ਸਾਡਾ ਇਹ ਦਰਿਆ ਬੜਾ ਹੀ ਚੌੜਾ ਸੀ। ਵਿਚਕਾਰ ਇਕ ਬਰੇਤੀ ਸੀ, ਸਿਆਲੇ ਵਿਚ ਇਹ ਬਰੇਤੀ ਵੱਡੀ ਹੋ ਜਾਂਦੀ, ਤੇ ਹੁਨਾਲੇ ਵਿਚ ਟਿਮਕਣੀ ਜਿਹੀ।

ਮੀਂਹਾਂ ਪਿਛੋਂ ਇਸ ਦਰਿਆ ਦੇ ਕੰਢੇ ਅਣਗਿਣਤ ਖੁੰਭਾਂ ਉਗਦੀਆਂ ਤੇ ਮੈਂ ਦੱਭ ਘਾਹ ਦੀਆਂ ਤਿੜਾਂ ਵਿਚ ਖੁੰਭਾਂ ਦੇ ਹਾਰ ਪਰੋ ਲੈਂਦਾ। ਓਦੋਂ ਮੇਰੀ ਅੰਮੀਂ ਉਨ੍ਹਾਂ ਖੁੰਭਾਂ ਦਾ ਜਿਹੋ ਜਿਹਾ ਸਲੂਣਾ ਬਣਾਂਦੀ ਸੀ, ਉਹੋ ਜਿਹਾ ਸੁਆਦੀ ਪਕਵਾਨ ਮੈਂ ਸਾਰੀ ਉਮਰ ਕਿਤੇ ਨਹੀਂ ਖਾਧਾ।

ਤੇ ਉਥੇ ਸਾਡੇ ਦਰਿਆ ਦੇ ਕੰਢੇ ਬੜੇ ਵੱਡੇ-ਵੱਡੇ ਹਦਵਾਣੇ ਹੁੰਦੇ ਸਨ। ਦਸ ਦਸ ਪੰਦਰਾਂ ਸੇਰਾਂ ਦਾ ਇਕ ਹਦਵਾਣਾ। ਅਸੀਂ ਪੱਥਰਾਂ ਦਾ ਆਸਰਾ ਦੇ ਕੇ ਹਦਵਾਣੇ ਦਰਿਆ ਵਿਚ ਟਿਕਾ ਛੱਡਦੇ ਤੇ ਫੇਰ ਜਦੋਂ ਇਹ ਠੰਢੇ ਠਾਰ ਹੋ ਜਾਂਦੇ ਤਾਂ ਰੱਜ ਰੱਜ ਕੇ ਖਾਂਦੇ। ਓਨੇ ਠੰਢੇ, ਓਨੇ ਮਿੱਠੇ ਤੇ ਓਨੇ ਲਾਲ ਹਦਵਾਣੇ ਮੈਂ ਏਧਰ ਕਦੇ ਨਹੀਂ ਖਾਧੇ।

ਮੇਰਾ ਸਕੂਲ ਦਰਿਆਓਂ ਪਾਰ ਤਿੰਨਾਂ ਕੋਹਾਂ ਦੀ ਵਾਟ ਉਤੇ ਸੀ। ਸਕੂਲ ਜਾਣ ਲਈ ਰੋਜ਼ ਪਹਿਲਾਂ ਮੈਨੂੰ ਬੇੜੀ ਰਾਹੀਂ ਦਰਿਆ ਪਾਰ ਕਰਨਾ ਪੈਂਦਾ। ਮੈਂ ਆਪਣਾ ਸਾਈਕਲ ਵੀ ਬੇੜੀ ਵਿਚ ਰੱਖ ਲੈਂਦਾ। ਸਕੂਲ ਦਾ ਚੌਥਾ ਹਿੱਸਾ ਰਾਹ ਦਰਿਆ ਨਾਲ ਰੁੜ੍ਹ ਕੇ ਆਈ ਬਜਰੀ ਵਾਲਾ ਸੀ। ਮੇਰਾ ਸਾਇਕਲ ਬਜਰੀ ਵਿਚ ਧਸ-ਧਸ ਜਾਂਦਾ ਤੇ ਬੜਾ ਹੀ ਜ਼ੋਰ ਲਗਦਾ, ਤੇ ਫੇਰ ਜਦੋਂ ਪੱਕੀ ਸੜਕ ਉਤੇ ਪੈਂਦਾ ਤਾਂ ਕਿਤੇ ਮੈਨੂੰ ਸੁੱਖ ਦਾ ਸਾਹ ਆਉਂਦਾ।

ਸਿਆਲੇ ਵਿਚ ਸਕੂਲ ਜਾਣ ਲਈ ਬੜੀ ਹੀ ਸਵੇਰੇ ਮੈਨੂੰ ਉਠਣਾ ਪੈਂਦਾ। ਮੈਂ ਤੁਹਾਨੂੰ ਦੱਸ ਹੀ ਚੁੱਕਿਆ ਹਾਂ ਓਥੇ ਅੰਤਾਂ ਦਾ ਪਾਲਾ ਪੈਂਦਾ ਸੀ। ਸਵੇਰੇ ਪਹਿਲੋਂ ਅੰਮੀਂ ਮੇਰੇ ਬੂਟਾਂ ਨੂੰ ਅੰਗੀਠੀ ਉਤੇ ਸੇਕਦੀ, ਫੇਰ ਮੇਰੀਆਂ ਜੁਰਾਬਾਂ ਤੇ ਫੇਰ ਮੇਰੇ ਪੈਰ—ਤੇ ਫੇਰ ਕਿਤੇ ਮੈਂ ਬੂਟ, ਜੁਰਾਬਾਂ ਪਾਂਦਾ। ਇਸੇ ਤਰ੍ਹਾਂ ਮੇਰੇ ਹੱਥ ਤੇ ਦਸਤਾਨੇ ਵੀ ਸੇਕੇ ਜਾਂਦੇ।

ਸਿਆਲੇ ਵਿਚ ਜੇ ਰਾਤੀਂ ਬਾਹਰ ਦੁੱਧ ਰੱਖ ਦਿਓ, ਤਾਂ ਸਵੇਰੇ ਕੁਲਫ਼ੀ ਜੰਮ ਜਾਂਦੀ ਤੇ ਸਵੇਰੇ ਖਾਲਾਂ ਸਾਰੀਆਂ ਕੱਕਰ-ਕੱਕਰ ਹੁੰਦੀਆਂ। ਜਦੋਂ ਮੈਂ ਬੇੜੀ ਚੜ੍ਹਦਾ ਤਾਂ ਦਰਿਆ ਧੁੰਦ ਦੇ ਥੱਲੇ ਲੁਕਿਆ ਹੁੰਦਾ, ਤੇ ਹੱਥ ਪਸਾਰਿਆਂ ਨਹੀਂ ਸੀ ਲੱਭਦਾ।

ਸਕੂਲੇ ਪੁੱਜ ਕੇ ਬੜੀ ਦੇਰ ਮੈਂ ਦਸਤਾਨਿਆਂ ਸਣੇ ਆਪਣੇ ਹੱਥ ਸੇਕਦਾ ਰਹਿੰਦਾ, ਤਾਂ ਜਾ ਕੇ ਕਿਤੇ ਮੇਰੀਆਂ ਉਂਗਲਾਂ ਸਿੱਧੀਆਂ ਹੁੰਦੀਆਂ ਤੇ ਮੈਂ ਕਲਮ ਫੜ ਸਕਦਾ।

ਸ਼ਾਮੀਂ ਜਦੋਂ ਮੈਂ ਸਕੂਲੋਂ ਪਰਤਦਾ ਤਾਂ ਵੀ ਦਰਿਆ ਧੁੰਦ ਥੱਲੇ ਲੁਕਿਆ ਹੁੰਦਾ। ਗਰਮੀਆਂ ਵਿਚ ਛੁੱਟੀ ਭਾਵੇਂ ਇਕ ਵਜੇ ਹੀ ਹੋ ਜਾਂਦੀ, ਪਰ ਏਨੀ ਤਿੱਖੜ ਦੁਪਹਿਰ ਹੁੰਦੀ ਕਿ ਉਸ ਵਿਚ ਤਿੰਨ ਕੋਹ ਸਾਈਕਲ ਚਲਾਣਾ ਮੌਤ ਨੂੰ ਸੱਦਾ ਦੇਣਾ ਸੀ, ਤੇ ਮੈਂ ਸਕੂਲ ਦੇ ਇਕ ਕਮਰੇ ਵਿਚ ਟਾਟ ਉਤੇ ਪਿਆ ਰਹਿੰਦਾ, ਤੇ ਸੂਰਜ-ਢਲੇ ਹੀ ਸਕੂਲੋਂ ਪਰਤਦਾ।

ਜਦੋਂ ਮੈਂ ਦਰਿਆ ਕੋਲ ਪੁੱਜਦਾ ਤਾਂ ਓਦੋਂ ਉਹ ਮੈਨੂੰ ਬੜਾ ਚੰਗਾ ਲੱਗਦਾ—ਪੰਘਰੀ ਵਹਿੰਦੀ ਠੰਢ। ਬੇੜੀ ਵਿਚ ਚੜ੍ਹਣੋਂ ਪਹਿਲਾਂ ਹੀ ਮੈਂ ਦਰਿਆ ਵਿਚ ਤਾਰੀਆਂ ਲਾ ਕੇ ਆਪਣਾ ਪਿੰਡਾ ਠਾਰ ਲੈਂਦਾ।

ਕਦੀ ਕਦੀ ਮੈਂ ਸੁਣਦਾ, ਪਿੰਡ ਦਾ ਕੋਈ ਬੰਦਾ ਦਰਿਆ ਵਿਚ ਨਹਾਣ ਗਿਆ ਤੇ ਫੇਰ ਕਦੇ ਵੀ ਨਾ ਪਰਤਿਆ। ਇੰਝ ਹੀ ਇਕ ਵਾਰ ਮੇਰੇ ਬੇਲੀ ਸ਼ੀਰੀਂ-ਦਿਲ ਨਾਲ ਹੋਇਆ।

ਸਾਡੇ ਦਰਿਆ ਵਿਚ ਮਗਰਮਛ ਸਨ। ਇਕ ਦੋ ਵਾਰੀ ਮੈਂ ਉਨ੍ਹਾਂ ਨੂੰ ਬਰੇਤੇ ਉਤੇ ਲੇਟਿਆਂ ਵੀ ਵੇਖਿਆ ਸੀ। ਦੁਨੀਆਂ ਵਿਚ ਬੜੀਆਂ ਡਰਾਉਣੀਆਂ ਚੀਜ਼ਾਂ ਨੇ। ਮੈਂ ਏਡਾ ਵੱਡਾ ਹੋ ਗਿਆਂ, ਪਰ ਹੁਣ ਤੱਕ ਮੈਨੂੰ ਮਗਰਮੱਛ ਦੀ ਮੂਰਤ ਤੋਂ ਵੀ ਡਰ ਲੱਗਦਾ ਏ।

ਸਾਡੇ ਪਿੰਡ ਦੀਆਂ ਸਾਰੀਆਂ ਪੈਲੀਆਂ ਲੰਘ ਕੇ ਉਤਰ ਵਾਲੇ ਪਾਸੇ ਇਕ ਨਿੱਕੀ ਜਿਹੀ ਪਹਾੜੀ ਸੀ। ਛੁੱਟੀ ਵਾਲੇ ਦਿਨ ਕਦੇ-ਕਦੇ ਅਸੀਂ ਉਹਦੇ ਪੈਰਾਂ ਵਿਚ ਖੇਡਦੇ ਹੁੰਦੇ ਸਾਂ। ਉਥੇ ਜੰਗਲੀ ਫੁੱਲ ਹੁੰਦੇ, ਮਲ੍ਹੇ ਹੁੰਦੇ, ਤੇ ਰੰਗ-ਬਰੰਗੇ ਵੱਟੇ। ਇਕ ਵਾਰੀ ਸਾਨੂੰ ਓਥੋਂ ਇਕ ਨਿੱਕਾ ਜਿਹਾ ਟੁੱਟਿਆ ਹੋਇਆ ਬੁੱਤ ਵੀ ਲੱਭਾ ਸੀ। ਮੇਰੇ ਪਿਤਾ ਜੀ ਨੇ ਦੱਸਿਆ ਕਿ ਇਹ ਹਜ਼ਾਰਾਂ ਵਰ੍ਹੇ ਪੁਰਾਣੀ ਕਿਸੇ ਤਹਿਜ਼ੀਬ ਦੀ ਨਿਸ਼ਾਨੀ ਸੀ।

ਫੇਰ ਜਦੋਂ ਮੈਂ ਜਵਾਨ ਹੋ ਗਿਆ, ਮੇਰੀ ਪਹਿਲੀ ਨੌਕਰੀ ਓਸੇ ਸਕੂਲ ਵਿਚ ਲਗ ਗਈ ਜਿਥੇ ਮੈਂ ਪੜ੍ਹਿਆ ਸਾਂ। ਰੋਜ਼ ਪਹਿਲੀਆਂ ਵਾਂਗ ਹੀ ਦਰਿਆ ਪਾਰ ਕਰ ਕੇ ਤਿੰਨ ਕੋਹ ਸਾਈਕਲ ਚਲਾ ਕੇ ਮੈਂ ਆਪਣੀ ਨੌਕਰੀ ਉਤੇ ਪੁੱਜਦਾ।

ਮੈਂ ਆਪਣੀ ਪਹਿਲੀ ਤਨਖ਼ਾਹ ਵਿਚੋਂ ਬੜੇ ਚਾਅਵਾਂ ਨਾਲ ਇਕ ਬਿਸਤਰਾ ਬਣਾਇਆ। ਅਸਲ ਵਿਚ ਸਾਡੇ ਘਰ ਵਿਚ ਓਥੇ ਆਇਆ ਗਿਆ ਬਹੁਤ ਸੀ, ਤੇ ਬਿਸਤਰੇ ਥੁੜੇ ਹੀ ਰਹਿੰਦੇ ਸਨ। ਘਰ ਵਿਚ ਨਿੱਕਿਆਂ ਹੋਣ ਕਰਕੇ ਮੇਰੇ ਹਿੱਸੇ ਵਾਧੂ-ਘਾਟੂ ਬਿਸਤਰਾ ਹੀ ਆਉਂਦਾ ਸੀ, ਤੇ ਕਈ ਵਾਰੀ ਤਾਂ ਕਿਸੇ ਨਾਲ ਲੇਟਣਾ ਪੈਂਦਾ ਸੀ, ਸੋ ਮੇਰੀ ਬੜੀ ਦੇਰ ਦੀ ਸੱਧਰ ਸੀ ਕਿ ਇਕ ਬੜਾ ਵਧੀਆ ਬਿਸਤਰਾ ਹੋਵੇ, ਤੇ ਹੋਵੇ ਵੀ ਨਿਰੋਲ ਮੇਰਾ। ਨਾਲੇ ਸਾਡੇ ਵਤਨ ਦੇ ਖੇਸ ਤੇ ਦਰੀਆਂ ਤਾਂ ਦੂਰ-ਦੂਰ ਤੱਕ ਮਸ਼ਹੂਰ ਸਨ।

ਜਦੋਂ ਆਪਣੇ ਘਰ, ਆਪ ਖਰੀਦੇ ਇਸ ਨਵੇਂ ਬਿਸਤਰੇ ਉਤੇ ਮੈਂ ਪਹਿਲੀ ਵਾਰ ਸੁੱਤਾ ਤਾਂ ਮੇਰੀ ਖ਼ੁਸ਼ੀ ਦਾ ਕੋਈ ਅੰਤ ਪਾਰਾਵਾਰ ਨਾ ਰਿਹਾ।

ਕਿਹੀ ਸੋਹਣੀ ਨੀਂਦਰ ਆਈ ਸੀ ਉਸ ਰਾਤ ਮੈਨੂੰ, ਤੇ ਉਸ ਰਾਤ ਹੀ ਪਹਿਲੀ ਵਾਰ ਮੈਨੂੰ ਆਪਣੀ ਮਹਿਬੂਬਾ ਸੁਫ਼ਨੇ ਵਿਚ ਮਿਲੀ ਸੀ—ਉਹ ਤੇ ਮੈਂ ਆਪਣੀ ਪਹਾੜੀ ਦੇ ਪੈਰਾਂ ਵਿਚ ਜੰਗਲੀ ਪੋਸਤ ਦੇ ਫੁਲ ਇਕੱਠੇ ਕਰ ਰਹੇ ਸਾਂ, ਉਹ ਹੱਸਦੀ—ਹੱਸਦੀ ਪਹਾੜ ਉਤੇ ਚੜ੍ਹਣ ਲਗ ਗਈ ਸੀ, ਉਹਦੇ ਗਲ ਵਿਚ ਖੁੰਭਾਂ ਦੇ ਹਾਰ ਸਨ, ਤੇ ਉਪਰ ਪੂਰਾ ਚੰਨ ਸੀ, ਉਹਦੇ ਮੋਢਿਆਂ ਉਤੇ ਖੰਭ ਉਗ ਆਏ ਸਨ, ਤੇ ਮੇਰਿਆਂ ਉਤੇ, ਤੇ ਅਸੀਂ ਦੋਵੇਂ ਉੱਡ ਰਹੇ ਸਾਂ ...

ਇਸ ਆਪਣੇ ਬਿਸਤਰੇ ਉਤੇ ਹਾਲੀ ਮਸਾਂ ਹਫ਼ਤਾ ਕੁ ਹੀ ਮੈਂ ਸੁੱਤਾ ਹੋਵਾਂਗਾ ਕਿ ਮੈਨੂੰ ਤੇ ਮੇਰੇ ਨਾਲ ਲੱਖਾਂ ਹੀ ਲੋਕਾਂ ਨੂੰ ਆਪਣਾ ਵਤਨ ਛੱਡ ਕੇ ਏਧਰ ਆਉਣਾ ਪਿਆ। ਤੇ ਇਸੇ ਤਰ੍ਹਾਂ ਲੱਖਾਂ ਨੂੰ ਹੀ ਇਧਰੋਂ ਆਪਣਾ ਵਤਨ ਛੱਡ ਕੇ ਓਧਰ ਜਾਣਾ ਪਿਆ।

ਬੜੇ ਹੀ ਭਿਆਨਕ ਦਿਨ ਸਨ ਉਹ—ਜਿਵੇਂ ਦਰਿਆ ਤੋਂ ਬਾਹਰ ਵੀ ਥਾਂ-ਥਾਂ ਮਗਰਮਛ ਹੋਣ।

ਉਹ ਇਕ ਬਿਸਤਰਾ ਤੇ ਆਪਣੇ ਤਨ ਦੁਆਲੇ ਦੇ ਤਿੰਨ ਕੱਪੜੇ ਲੈ ਕੇ ਮੈਨੂੰ ਆਪਣਾ ਵਤਨ ਛੱਡਣਾ ਪਿਆ। ਮੈਂ ਇਕੱਲਾ ਕਾਰਾ ਹੀ ਕਿਸੇ ਹਾਲ ਏਧਰ ਪੁਜਾ।

ਪਹਿਲਾਂ ਤਾਂ ਕੁਝ ਦਿਨ ਕਾਫ਼ਲਿਆਂ ਵਿਚ, ਕੈਂਪਾਂ ਵਿਚ, ਟਰੱਕਾਂ ਵਿਚ, ਗੱਡੀਆਂ ਵਿਚ ਅਜਿਹੇ ਹਾਲ ਲੰਘੇ ਕਿ ਬਿਸਤਰਾ ਲਾਣ ਦੀ ਥਾਂ ਹੀ ਕੋਈ ਨਹੀਂ ਸੀ। ਫੇਰ ਰਾਤ ਨੂੰ ਕਦੇ-ਕਦੇ ਥਾਂ ਮਿਲਣ ਲੱਗ ਪਈ, ਪਰ ਮੈਂ ਆਪਣੇ ਬਝੇ ਬਿਸਤਰੇ ਨਾਲ ਢਾਸਣਾ ਲਾ ਕੇ ਹੀ ਲੇਟ ਜਾਂਦਾ। ਕੁਝ ਚਿਰ ਪਿਛੋਂ ਮੈਨੂੰ ਇਕ ਪ੍ਰਾਈਵੇਟ ਸਕੂਲ ਵਿਚ ਕੰਮ ਮਿਲ ਗਿਆ। ਇਕ ਕਮਰਾ ਤੇ ਇਕ ਮੰਜਾ ਵੀ ਇਕ ਮਿਹਰਬਾਨ ਨੇ ਲੱਭ ਦਿੱਤਾ—ਪਰ ਉਸ ਕਮਰੇ ਵਿਚ ਵੀ ਆਪਣਾ ਬਿਸਤਰਾ ਖੋਲ੍ਹਣ ਉਤੇ ਮੇਰਾ ਜੀਅ ਨਾ ਕੀਤਾ। ਇਥੇ ਪ੍ਰਦੇਸ ਵਿਚ ਇਹ ਬਿਸਤਰਾ ਭਲਾ ਕਿਉਂ ਖੋਲ੍ਹਾਂ। ਇਥੇ ਅਲਾਣੀ ਮੰਜੀ ਉਤੇ ਹੀ ਝਟ ਟਪਾ ਲਵਾਂਗਾ। ਨਾਲੇ ਹਾਲੀ ਸਿਆਲਾ ਵੀ ਤਾਂ ਨਹੀਂ ਸੀ ਆਇਆ, (ਇਥੋਂ ਦਾ ਸਿਆਲਾ ਵੀ ਤਾਂ ਬੜਾ ਨੀਮ ਜਿਹਾ ਹੁੰਦਾ ਏ!) ਮਹੀਨਾ ਨਹੀਂ, ਤੇ ਦੋ ਮਹੀਨੇ ਹੋਰ, ਹੱਦ ਚਾਰ ਮਹੀਨੇ, ਤੇ ਹਾਲਤ ਸੁਧਰ ਜਾਏਗੀ, ਸਭ ਆਪੋ-ਆਪਣੇ ਘਰੀਂ ਪਰਤ ਪੈਣਗੇ। ਪਹਿਲੇ ਦਿਨ ਮੁੜ ਆਣਗੇ ਤੇ ਇਹ ਬਿਸਤਰਾ ਆਪਣੇ ਵਤਨ ਹੀ ਜਾ ਕੇ ਲਾਵਾਂਗਾ, ਗੁਲਾਬਾਸ਼ੀਆਂ ਤੇ ਗੈਂਦੇ ਵਾਲੇ ਆਪਣੇ ਘਰ ਜਿਹੜਾ ਉਹ ਵੱਡੇ ਸਾਰੇ ਦਰਿਆ ਦੇ ਕੰਢੇ ਸੀ (ਇਥੋਂ ਦੇ ਦਰਿਆ ਵੀ ਤੇ ਨਾਲੇ ਜਿਹੇ ਸਨ!) ਜਿਸਨੂੰ ਸਿਆਲੇ ਵਿਚ ਧੁੰਦ ਲੁਕੋ ਲੈਂਦੀ ਸੀ, ਤੇ ਮੀਹਾਂ ਪਿਛੋਂ ਜਿਦ੍ਹੇ ਕੰਢਿਆਂ ਉਤੇ ਖੁੰਭਾਂ ਹੀ ਖੁੰਭਾਂ ਨਿਕਲ ਆਉਂਦੀਆਂ ਸਨ, ਤੇ ਜਿਥੇ ਹਦਵਾਣੇ ਏਨੇ ਠੰਢੇ, ਏਨੇ ਮਿਠੇ ਤੇ ਏਨੇ ਲਾਲ ਹੁੰਦੇ ਸਨ, ਤੇ ਜਿਥੇ ਉਹ ਪਹਾੜੀ ਸੀ ਜਿਸ ਦੇ ਪੈਰਾਂ ਵਿਚੋਂ ਲੱਭਿਆ ਹਜ਼ਾਰਾਂ ਵਰ੍ਹਿਆਂ ਦਾ ਪੁਰਾਣਾ ਬੁੱਤ ਓਥੇ ਮੇਰੀ ਬੈਠਕ ਦੀ ਅੰਗੀਠੀ ਉਤੇ ਪਿਆ ਸੀ…ਤੇ ਮੇਰੀ ਮਹਿਬੂਬਾ...

ਪਰ ਮਹੀਨਾ, ਦੋ ਮਹੀਨੇ, ਚਾਰ ਮਹੀਨੇ ਤੇ ਫੇਰ ਹੁਣ ਤ੍ਰੇਈ ਵਰ੍ਹੇ ਹੋਣ ਲੱਗੇ ਨੇ— ਮੈਨੂੰ ਏਧਰ ਹੀ ਰਹਿਣਾ ਪੈ ਰਿਹਾ ਏ। ਹੁਣ ਇਥੇ ਮੇਰਾ ਪਰਿਵਾਰ ਏ, ਇਕ ਦਰਮਿਆਨਾ ਜਿਹਾ ਆਪਣਾ ਮਕਾਨ ਏ, ਇਥੇ ਵੀ ਆਇਆ ਗਿਆ ਰਹਿਣ ਲੱਗ ਪਿਆ ਏ। ਪਰ ਜੇ ਕਦੇ ਬਿਸਤਰੇ ਘੱਟ ਵੀ ਜਾਣ ਤਾਂ ਵੀ ਆਪਣੇ ਵਤਨ ਤੋਂ ਲਿਆਂਦਾ ਉਹ ਬਿਸਤਰਾ, ਆਪਣੀ ਪਹਿਲੀ ਤਨਖ਼ਾਹ ਦੀ ਖ਼ਰੀਦ, ਖੋਲ੍ਹਣ ਉਤੇ ਮੇਰਾ ਜੀਅ ਨਹੀਂ ਕਰਦਾ। ਉਹ ਤੇ ਮੈਂ ਸੋਚਿਆ ਸੀ ਕਿ ਆਪਣੇ ਵਤਨ ਜਾ ਕੇ ਹੀ ਖੋਲ੍ਹਾਂਗਾ—ਤੁਸੀਂ ਫਿਰ ਟੋਕੋਗੇ ਉਹ ਮੇਰਾ ਵਤਨ ਕਿਵੇਂ ਹੋਇਆ ਜਿਥੇ ਮੈਂ ਜਾ ਹੀ ਨਹੀਂ ਸਕਦਾ!—ਤੇ ਉਹ ਬਿਸਤਰਾ ਉਵੇਂ ਦਾ ਉਵੇਂ ਬੰਦ ਪਿਆ ਏ...

[1971]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •