Baraye Kaum Ye Rutbe Lahu Baha Ke Liye (Punjabi Article): Labh Singh Shergill
ਬਰਾਇ ਕੌਮ ਯਿ ਰੁਤਬੇ ਲਹੂ ਬਹਾ ਕੇ ਲੀਯੇ (ਲੇਖ) : ਲਾਭ ਸਿੰਘ ਸ਼ੇਰਗਿੱਲ
ਯੁੱਗ ਦੇ ਮਹਾਂਪੁਰਸ਼,ਸ਼ਾਂਤੀ ਦੇ ਪੁੰਜ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੇ ਚਾਂਦਨੀ ਚੌਕ 'ਚ ਹਿੰਦੂ ਧਰਮ ਦੀ ਰੱਖਿਆ ਕਰਦੇ ਹੋਏ ਆਪਣਾ ਸੀਸ ਕਟਵਾ ਦਿੱਤਾ। ਇਹ ਦੁਨੀਆਂ ਦੀ ਇਕੋ-ਇੱਕ ਅਜਿਹੀ ਘਟਨਾ ਤੇ ਅਦੁੱਤੀ ਮਿਸਾਲ ਹੈ ਜਿੱਥੇ ਕਿਸੇ ਗੁਰੂ ਨੇ ਦੂਸਰੇ ਧਰਮ ਨੂੰ ਬਚਾਉਣ ਲਈ ਆਪਣਾ ਬਲੀਦਾਨ ਦਿੱਤਾ ਹੋਵੇ। ਹੁਣ ਸਮਾਂ ਆ ਗਿਆ ਸੀ ਜ਼ਾਲਮ ਦੇ ਜ਼ੁਲਮ ਨੂੰ ਇਹੋ ਜਿਹੀ ਚੁਣੌਤੀ ਦੇਣ ਦਾ ਕਿ ਜਿਸ ਦਾ ਉਸ ਨੇ ਕਦੀ ਵੀ ਕਿਆਸ ਨਾ ਕੀਤਾ ਹੋਵੇ। ਭਾਵੇਂ ਕਿ ਉਸ ਸਮੇਂ ਦਸਮ ਪਿਤਾ ਜੀ ਦੀ ਉਮਰ ਸਿਰਫ਼ ਨੌਂ ਸਾਲ ਸੀ। ਇੰਨੀ ਛੋਟੀ ਉਮਰ ਵਿੱਚ ਉਨ੍ਹਾਂ 'ਤੇ ਇੰਨੀ ਵੱਡੀ ਜ਼ਿੰਮੇਵਾਰੀ ਆ ਪਈ। ਉਸ ਸਮੇਂ ਦੇ ਹਾਲਾਤਾਂ ਨੂੰ ਭਾਸਦੇ ਹੋਏ ਸ਼ੁਰੂ ਤੋਂ ਹੀ ਗੁਰੂ ਜੀ ਨੂੰ ਅੱਖਰੀ ਵਿੱਦਿਆ ਦੇ ਨਾਲ਼-ਨਾਲ਼ ਯੁੱਧ ਕਰਨ ਦੇ ਢੰਗ ਜਿਵੇਂ ਤੀਰ ਅੰਦਾਜ਼ੀ, ਤਲਵਾਰ ਚਲਾਉਣ, ਘੋੜ-ਸਵਾਰੀ ਤੇ ਹੋਰ ਹਥਿਆਰਾਂ ਦੀ ਸਿਖਲਾਈ ਲਗਾਤਾਰ ਦਿੱਤੀ ਜਾ ਰਹੀ ਸੀ। ਅੱਗੇ ਉਨ੍ਹਾਂ ਦੇ ਮਾਮਾ ਕਿਰਪਾਲ ਚੰਦ ਵੱਲੋਂ ਉਨ੍ਹਾਂ ਨੂੰ ਅਸ਼ਤਰ ਸ਼ਾਸਤਰ ਵਿੱਦਿਆ ਵਿੱਚ ਹਰ ਪੱਖੋਂ ਨਿਪੁੰਨ ਕਰਨ ਦੀ ਜ਼ਿੰਮੇਵਾਰੀ ਨਿਭਾਈ ਗਈ। ਅੱਗੇ ਚੱਲ ਕੇ ਸਮੇਂ ਦੀ ਰਮਜ਼ ਨੂੰ ਪਛਾਣਦਿਆਂ ਦਸਮੇਸ਼ ਪਿਤਾ ਜੀ ਨੇ ਜ਼ੁਲਮ ਦਾ ਟਾਕਰਾ ਕਰਨ ਤੇ ਧਰਮ/ਸੱਚ ਦੀ ਸਥਾਪਨਾ ਲਈ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ। ਪੰਥ ਦੀ ਰਹਿਨੁਮਾਈ ਹੇਠ ਖ਼ਾਲਸਾ ਫ਼ੌਜ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਸੰਗਠਿਤ ਹੋਣ ਲੱਗੇ। ਪਹਾੜੀ ਰਾਜਿਆਂ ਨੂੰ ਗੁਰੂ ਜੀ ਦੀ ਅਗਵਾਈ ਹੇਠ ਦਿਨ ਪ੍ਰਤੀ ਦਿਨ ਖ਼ਾਲਸਾ ਸੈਨਾ ਵਿੱਚ ਹੋ ਰਹੇ ਵਾਧੇ ਤੋਂ ਖ਼ਤਰਾ ਭਾਸਣ ਲੱਗਾ ਤੇ ਈਰਖਾ ਵਸ ਉਨ੍ਹਾਂ ਨੇ ਮੁਸਲਿਮ ਹੁਕਮਰਾਨਾਂ ਨੂੰ ਗੁਰੂ ਦੀ ਚੜ੍ਹਤ ਵਿਰੁੱਧ ਭੜਕਾਇਆ ਤੇ ਮੁਸਲਿਮ ਜਰਨੈਲਾਂ ਨਾਲ਼ ਮਿਲ਼ ਕੇ ਗੁਰੂ ਜੀ ਵਿਰੁੱਧ ਵਿਰੋਧੀ ਕਾਰਵਾਈਆਂ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਉੱਧਰ ਪੂਰੀ ਤਰ੍ਹਾਂ ਸਿਖ਼ਲਾਈ ਪ੍ਰਾਪਤ ਖ਼ਾਲਸਾ ਫ਼ੌਜ ਨੇ ਉਨ੍ਹਾਂ ਦੀਆਂ ਕਾਰਵਾਈਆਂ ਦਾ ਮੂੰਹਤੋੜ ਜਵਾਬ ਦਿੱਤਾ। ਪਹਾੜੀ ਰਾਜਿਆਂ ਤੇ ਮੁਗ਼ਲ ਸੈਨਾਵਾਂ ਵੱਲੋਂ ਨਿੱਤ ਦਿਨ ਹਮਲੇ ਹੁੰਦੇ ਰਹੇ ਤੇ ਅੱਗੇ ਵਧਦਿਆਂ ਆਨੰਦਗੜ੍ਹ ਕਿਲ੍ਹੇ ਨੂੰ ਚਾਰੇ ਪਾਸਿਓਂ ਮੁਸਲਿਮ ਤੇ ਪਹਾੜੀ ਰਾਜਿਆਂ ਦੀਆਂ ਸਾਂਝੀਆਂ ਸੈਨਾਵਾਂ ਨੇ ਘੇਰਾ ਪਾ ਲਿਆ। ਗੁਰੂ ਦੀਆਂ ਫੌਜਾਂ ਨੇ ਦੁਸ਼ਮਣ ਸੈਨਾ ਦੇ ਕਈ ਜਰਨੈਲਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਤਿਹਾਸਕਾਰ ਦੱਸਦੇ ਹਨ ਕਿ ਇਹ ਘੇਰਾ ਤਕਰੀਬਨ ਅੱਠ ਮਹੀਨੇ ਚਲਦਾ ਰਿਹਾ। ਅੰਦਰ ਗੁਰੂ ਜੀ ਦੀਆਂ ਫ਼ੌਜਾਂ ਲਈ ਰਸਦ ਖ਼ਤਮ ਹੋਣ ਲੱਗੀ ਉੱਧਰ ਵਿਰੋਧੀ ਸੈਨਾਵਾਂ ਦੇ ਬਹੁਤ ਸਾਰੇ ਜਰਨੈਲ ਤੇ ਸੈਨਾ ਦਾ ਭਾਰੀ ਪੱਧਰ 'ਤੇ ਜਾਨੀ ਨੁਕਸਾਨ ਹੋ ਚੁੱਕਿਆ ਸੀ। ਮੁਗ਼ਲ ਹਾਕਮਾਂ ਵੱਲੋਂ ਕੁਰਾਨ ਤੇ ਹਿੰਦੂ ਪਹਾੜੀ ਰਾਜਿਆਂ ਨੇ ਗਊ ਦੀਆਂ ਕਸਮਾਂ ਖਾ ਕੇ ਗੁਰੂ ਜੀ ਨੂੰ ਕਿਹਾ ਕਿ ਉਹ ਕਿਲ੍ਹਾ ਛੱਡ ਦੇਣ ਉਨ੍ਹਾਂ 'ਤੇ ਕਿਸੇ ਕਿਸਮ ਦਾ ਕੋਈ ਹਮਲਾ ਨਹੀਂ ਕੀਤਾ ਜਾਵੇਗਾ। ਕਿਲ੍ਹਾ ਛੱਡ ਕੇ ਜਾਂਦੀਆਂ ਸਿੱਖ ਸੈਨਾਵਾਂ 'ਤੇ ਦੁਸ਼ਮਣ ਸੈਨਾਵਾਂ ਨੇ ਪਿੱਛੋਂ ਦੀ ਹਮਲਾ ਕਰਕੇ ਖਾਧੀਆਂ ਕਸਮਾਂ ਨੂੰ ਤੋੜ ਦਿੱਤਾ। ਪਿੱਛੇ ਦੁਸ਼ਮਣ ਦੀ ਫੌਜ ਤੇ ਅੱਗੇ ਠਾਠਾਂ ਮਾਰਦੀ ਸਰਸਾ ਨਦੀ, ਰਾਤ ਦਾ ਵੇਲ਼ਾ, ਬਹੁਤ ਸਾਰਾ ਕੀਮਤੀ ਸਾਮਾਨ, ਲਿਖਤਾਂ, ਗ੍ਰੰਥ ਨਦੀ ਦੀ ਭੇਟ ਚੜ੍ਹ ਗਏ। ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੋਇਆ। ਇੱਥੋਂ ਗੁਰੂ ਜੀ ਦਾ ਪਰਿਵਾਰ ਨਾਲੋਂ ਵਿਛੋੜਾ ਪੈ ਗਿਆ। ਗੁਰੂ ਜੀ, ਵੱਡੇ ਸਾਹਿਬਜ਼ਾਦਿਆਂ ਤੇ ਕੁੱਝ ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜ੍ਹੀ ਜਾ ਮੋਰਚੇ ਸੰਭਾਲ ਲਏ। ਪਿੱਛੇ ਆ ਰਹੀ ਵਿਰੋਧੀ ਸੈਨਾ ਨੇ ਗੜ੍ਹੀ ਨੂੰ ਘੇਰਾ ਪਾ ਲਿਆ। ਅੰਦਰੋਂ ਗੁਰੂ ਦੇ ਸਿੰਘ ਗੁਰੂ ਜੀ ਦੀ ਰਣਨੀਤੀ ਅਨੁਸਾਰ ਛੋਟੇ ਜਥਿਆਂ ਦੇ ਰੂਪ ਵਿੱਚ ਵੈਰੀ 'ਤੇ ਅਜਿਹੇ ਵਾਰ ਕਰਦੇ ਕਿ ਉਨ੍ਹਾਂ ਨੂੰ ਸੰਭਲਣ ਦਾ ਮੌਕਾ ਵੀ ਨਾ ਮਿਲਦਾ। ਬਹਾਦਰੀ ਨਾਲ਼ ਲੜਦੇ ਸਿੰਘ ਤੇ ਦੋਵੇਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ। ਪੰਜ ਪਿਆਰਿਆਂ ਦੇ ਖ਼ਾਲਸਈ ਹੁਕਮ ਮੁਤਾਬਕ ਗੁਰੂ ਜੀ ਚਮਕੌਰ ਦੀ ਗੜ੍ਹੀ ਛੱਡ ਕੇ ਮਾਛੀਵਾੜੇ ਵੱਲ ਚਲੇ ਗਏ। ਕੁੱਝ ਦਿਨਾਂ ਬਾਅਦ ਉੱਥੇ ਹੀ ਉਨ੍ਹਾਂ ਨੂੰ ਸੂਬਾ ਸਰਹਿੰਦ ਨਵਾਬ ਵਜ਼ੀਰ ਖਾਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਤੇ ਮਾਤਾ ਗੁਜਰੀ ਜੀ ਵੱਲੋਂ ਸਵਾਸ ਤਿਆਗ ਕੇ ਸੱਚਖੰਡ ਚਲੇ ਜਾਣ ਦੀ ਖ਼ਬਰ ਮਿਲੀ। ਇਹ ਰੱਬੀ ਨੂਰ ਜਿੰਦਾਂ ਕਿੰਨੀਆਂ ਮਹਾਨ ਸਨ ਕਿ ਥੋੜ੍ਹੇ ਹੀ ਸਮੇਂ ਵਿੱਚ ਕਿੰਨੇ ਵੱਡੇ ਵੱਡੇ ਕਾਰਨਾਮੇ ਕਰ ਵਿਖਾਏ ਤੇ ਲੋਕਾਈ ਦੇ ਭਲੇ ਲਈ ਦੁਸ਼ਮਣਾਂ ਨਾਲ਼ ਟੱਕਰ ਲਈ ਤੇ ਸ਼ਹੀਦੀਆਂ ਪਾ ਗਏ। ਸੱਚਮੁੱਚ ਸੋਚ ਕੇ ਹੀ ਰੂਹ ਕੰਬ ਜਾਂਦੀ ਹੈ ਕਿ ਕਿੰਨੇ ਮਹਾਨ ਸਿਦਕਾਂ ਦੇ ਧਾਰਨੀ ਸਨ। ਜਿੰਨ੍ਹਾਂ ਨੇ ਜ਼ਾਲਮ ਵੱਲੋਂ ਕੀਤੇ ਕਹਿਰ ਨੂੰ ਹਰਾ ਕੇ ਧਰਮ/ਸੱਚ ਤੇ ਮਾਨਵਤਾ ਦੀ ਰੱਖਿਆ ਕੀਤੀ। ਅੱਲਾ ਯਾਰ ਖਾਂ ਜੋਗੀ ਆਪਣੀ ਰਚਨਾ 'ਗੰਜਿ ਸ਼ਹੀਦਾਂ' ਵਿੱਚ ਲਿਖਦੇ ਹਨ:-
ਮਿਜ਼ਾਰ 'ਗੰਜਿ ਸਹੀਦਾਂ' ਹੈ ਉਨ ਸ਼ਹੀਦੋਂ ਕਾ ।
ਫ਼ਰਿਸ਼ਤੇ ਜਿਨ ਕੀ ਤਰਸਤੇ ਥੇ ਖ਼ਾਕਿ ਪਾ ਕੇ ਲਿਯੇ।
ਦਿਲਾਈ ਪੰਥ ਕੋ ਸਰ-ਬਾਜ਼ੀਓ ਸੇ ਸਰਦਾਰੀ,
ਬਰਾਇ ਕੌਮ ਯਿ ਰੁਤਬੇ ਲਹੂ ਬਹਾ ਕੇ ਲੀਯੇ।
ਆਪਣਾ ਸਰਬੰਸ ਦਾਨ ਕਰਨ ਵਾਲ਼ੇ ਸਾਹਿਬ-ਏ-ਕਮਾਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਛੋਟੀਆਂ ਜਿੰਦਾਂ ਵੱਡੇ ਸਾਕੇ ਕਰ ਦਿਖਾਉਣ ਵਾਲ਼ੀਆਂ ਰੱਬੀ ਰੂਹਾਂ ਦਾ ਸਮੁੱਚੀ ਮਾਨਵਤਾ ਕਦੇ ਵੀ ਦੇਣ ਨਹੀਂ ਦੇ ਸਕਦੀ। ਉਨ੍ਹਾਂ ਦੇ ਸ਼ਹੀਦੀ ਦਿਹਾੜਿਆਂ 'ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਸ਼ਹੀਦੀ ਸਥਾਨਾਂ ਦੇ ਦਰਸ਼ਨ ਕਰਕੇ ਨਤਮਸਤਕ ਤੇ ਸਿਜਦਾ ਕਰਨ ਲਈ ਪਹੁੰਚਦੀਆਂ ਹਨ। ਸਾਨੂੰ ਉਨ੍ਹਾਂ ਦੇ ਦੱਸੇ ਸੱਚ ਦੇ ਰਾਹ 'ਤੇ ਚੱਲਣ, ਨਾ ਜ਼ੁਲਮ ਕਰਨਾ ਤੇ ਨਾ ਜ਼ੁਲਮ ਸਹਿਣਾ ਦੇ ਸੰਦੇਸ਼ ਨੂੰ ਧਾਰਨ ਕਰਕੇ ਸਭ ਦੇ ਭਲੇ ਲਈ ਕਾਰਜ ਕਰਨੇ ਚਾਹੀਦੇ ਹਨ। ਇੱਕ ਹੋਰ ਸਭ ਤੋਂ ਅਹਿਮ ਗੱਲ ਕਿ ਸਾਡੀ ਨੌਜਵਾਨੀ ਗੁਰੂਆਂ ਦੇ ਦੱਸੇ ਮਾਰਗ ਤੋਂ ਭਟਕ ਕੇ ਨਸ਼ਿਆਂ ਦੀ ਦਲਦਲ ਵਿੱਚ ਫਸਦੀ ਜਾ ਰਹੀ ਹੈ ਜੋ ਬਹੁਤ ਹੀ ਚਿੰਤਾ ਦੀ ਗੱਲ ਹੈ। ਭਟਕੀ ਨੌਜਵਾਨੀ ਨੂੰ ਵੀ ਇਹ ਅਰਜ਼ ਹੈ ਕਿ ਭੈੜੀਆਂ ਅਲਾਮਤਾਂ, ਦੁਨਿਆਵੀ ਨਸ਼ਿਆਂ ਨੂੰ ਤਿਆਗ ਕੇ ਗੁਰੂਆਂ ਦੀ ਬਾਣੀ ਨਾਲ਼ ਜੁੜਨ ਦਾ ਨਸ਼ਾ ਕਰਨ ਜੋ ਸਦੀਵੀ ਰਹੇਗਾ ਜਿਸ ਦੀ ਖੁਮਾਰੀ ਕਦੇ ਵੀ ਉਤਰੇਗੀ ਨਹੀਂ ਸਗੋਂ ਦਿਨ ਪਰ ਦਿਨ ਚੜ੍ਹਦੀ ਹੀ ਰਹੇਗੀ। ਹਥਲੀ ਕਲ਼ਮ ਇੰਨੀ ਸਮਰੱਥ ਨਹੀਂ ਕਿ ਗੁਰੂ ਪਾਤਸ਼ਾਹਾਂ, ਮਹਾਨ ਸ਼ਹੀਦਾਂ ਦੀ ਦਾਸਤਾਂ ਦਾ ਇੱਕ ਅੰਸ਼ ਮਾਤਰ ਵੀ ਲਿਖ ਸਕੇ ਅਤੇ ਨਾ ਹੀ ਕਿਸੇ ਭਾਸ਼ਾ ਕੋਲ਼ ਅਜਿਹੇ ਸਮਰੱਥ ਸ਼ਬਦਾਂ ਦਾ ਖ਼ਜ਼ਾਨਾ ਹੈ ਕਿ ਜਿਨ੍ਹਾਂ ਰਾਹੀਂ ਅਦੁੱਤੀ ਸ਼ਹਾਦਤਾਂ ਨੂੰ ਬਿਆਨ ਕੀਤਾ ਜਾ ਸਕੇ। ਇਹ ਸਭ ਬਿਆਨ ਤੋਂ ਪਰ੍ਹੇ ਦੀਆਂ ਗੱਲਾਂ ਹਨ ਜਿਸ ਨੂੰ ਉਹ ਸ਼ਹੀਦੀ ਰੂਹਾਂ ਹੀ ਜਾਣਦੀਆਂ ਸਨ। ਰਹਿੰਦੀ ਦੁਨੀਆਂ ਤੱਕ ਅਸੀਂ ਭਾਰਤ ਨਿਵਾਸੀ ਉਨ੍ਹਾਂ ਦਾ ਦੇਣ ਕਿਸੇ ਤਰ੍ਹਾਂ ਵੀ ਨਹੀਂ ਦੇ ਸਕਦੇ। ਮੁਸਲਿਮ ਸੂਫ਼ੀ ਸ਼ਾਇਰ ਬੁੱਲ੍ਹੇ ਸ਼ਾਹ ਦਸਮੇਸ਼ ਪਿਤਾ ਬਾਰੇ ਲਿਖਦੇ ਹਨ ਕਿ:-
ਨਾ ਕਹੂੰ ਜਬ ਕੀ ਨਾ ਕਹੂੰ ਤਬ ਕੀ ਬਾਤ ਕਹੂੰ ਮੈਂ ਅਬ ਕੀ ।
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤਿ ਸਭ ਕੀ।
ਆਪਣਾ ਸਭ ਕੁੱਝ ਧਰਮ ਤੇ ਲੋਕਾਈ ਦੇ ਲੇਖੇ ਲਾਉਣ ਵਾਲ਼ੇ ਉਸ ਸਰਬੰਸ ਦਾਨੀ ਦੇ ਅਤੇ ਮਹਾਨ ਸ਼ਹੀਦਾਂ ਦੇ ਚਰਨਾਂ ਵਿੱਚ ਬਾਰੰਬਾਰ ਸਿਜਦਾ।