Barf Da Danav (Punjabi Story) : Jasbir Bhullar

ਬਰਫ਼ ਦਾ ਦਾਨਵ (ਕਹਾਣੀ) : ਜਸਬੀਰ ਭੁੱਲਰ

ਝੱਖੜ ਬੜਾ ਮੂੰਹ ਜ਼ੋਰ ਸੀ।
ਬਰਫ਼ ਦੇ ਗੁਬਾਰ ਅੰਬਰ ਤੱਕ ਫੈਲ ਗਏ।
ਉਥੇ ਕੁਝ ਵੀ ਅਸਲੀ ਨਹੀਂ ਸੀ ਦਿਸ ਰਿਹਾ। ਜੋ ਅਸਲੀ ਸੀ ਵੀ ਤਾਂ ਚਿੱਟੀ ਬਰਫ਼ ਸੀ, ਜਾਂ ਫਿਰ ਬਰਫ਼ ਦਾ ਉਹ ਟਿੱਬਾ ਸੀ ਜੋ ਸਾਹ ਲੈ ਰਿਹਾ ਪ੍ਰਤੀਤ ਹੁੰਦਾ ਸੀ।
ਅਚਨਚੇਤੀ ਬਰਫ਼ ਦਾ ਉਹ ਟਿੱਬਾ ਤਿੜਕ ਗਿਆ। ਉਹਦੇ ਵਿਚੋਂ ਚਿੱਟੇ ਦਸਤਾਨੇ ਵਾਲਾ ਹੱਥ ਬਾਹਰ ਨਿਕਲਿਆ। ਉਸ ਹੱਥ ਨੇ ਹਵਾ ਨੂੰ ਫੜਨ ਦੇ ਜਤਨ ਵਿਚ ਵਾਰ-ਵਾਰ ਮੁੱਠ ਖੋਲ੍ਹੀ ਅਤੇ ਬੰਦ ਕੀਤੀ। ਪਤਾ ਨਹੀਂ, ਉਹ ਹੱਥ ਹਵਾ ਨੂੰ ਫੜ ਵੀ ਸਕਿਆ ਜਾਂ ਨਹੀਂ, ਪਰ ਇੰਨਾ ਜ਼ਰੂਰ ਹੋਇਆ ਕਿ ਦਸਤਾਨੇ ਵਾਲਾ ਦੂਜਾ ਹੱਥ ਵੀ ਬਰਫ਼ ਵਿਚੋਂ ਬਾਹਰ ਝਾਕਿਆ ਅਤੇ ਫਿਰ ਅਸਮਾਨ ਵੱਲ ਫੈਲ ਗਿਆ।
ਇਕ ਵਿਸ਼ਾਲ ਦੇਹ ਆਪਣੇ ਆਪ ਨੂੰ ਬਰਫ਼ ਦੀ ਕੈਦ ਤੋਂ ਮੁਕਤ ਕਰ ਕੇ ਬਾਹਰ ਆ ਗਈ। ਕੁਝ ਚਿਰ ਉਹ ਉਥੇ ਹੀ ਗੋਠੜੀਆਂ ਮੂਧੀਆਂ ਮਾਰੀ, ਸਿਰ ਸੁੱਟੀ ਲੰਮੇ-ਲੰਮੇ ਸਾਹ ਲੈਂਦਾ ਰਿਹਾ। ਸਾਹ ਕੁਝ ਸਾਵੇਂ ਹੋਏ ਤਾਂ ਉਹਨੇ ਸਿਰ ਛੰਡਿਆ। ਸਰੀਰ ਉਤੇ ਜ਼ੋਰ-ਜ਼ੋਰ ਦੀ ਮੁੱਕੀਆਂ ਮਾਰ ਕੇ ਲਹੂ ਨੂੰ ਹਰਕਤ ਦਿੱਤੀ ਅਤੇ ਫਿਰ ਤਣ ਕੇ ਖਲੋ ਗਿਆ, ਜਿਵੇਂ ਕੋਈ ਹਿਮ-ਮਾਨਵ ਆਪਣੇ ਚਿੱਟੇ ਰਾਜ ਭਾਗ ਉਤੇ ਨਿਗ੍ਹਾ ਮਾਰਨ ਉਠਿਆ ਹੋਵੇ।
ਕਿੰਨੀ ਸਾਰੀ ਬਰਫ਼ ਉਹਦੇ ਉਤੋਂ ਮਿੱਟੀ ਵਾਂਗੂੰ ਝੜ ਗਈ।
ਉਹਦਾ ਉਚਾ ਭਰਵਾਂ ਕੱਦ-ਕਾਠ ਗਲੇਸ਼ੀਅਰ ਉਤੇ ਪਾਉਣ ਵਾਲੇ ਵਿਸ਼ੇਸ਼ ਕੱਪੜਿਆਂ ਵਿਚ ਹੋਰ ਵੀ ਭਾਰਾ ਲੱਗ ਰਿਹਾ ਸੀ।
ਆਦਮ ਬੋਅ...ਆਦਮ ਬੋਅ...
ਤੂਫ਼ਾਨ ਦੀਆਂ ਚੀਕਾਂ ਕੰਨਾਂ ਦੇ ਪਰਦੇ ਪਾੜਨ ਲੱਗ ਪਈਆਂ।
ਦਾਣਾ ਖੰਡ ਵਰਗੀ ਬਰਫ਼ ਉਹਦੇ ਨਾਲ ਖਹਿ ਕੇ ਅਗਾਂਹ ਲੰਘ ਰਹੀ ਸੀ, ਉਹਦੇ ਨਾਲ ਵੱਜ ਕੇ ਰੁਕ ਰਹੀ ਸੀ। ਬਰਫ ਦੀ ਵਾਛੜ ਨਾਲ ਉਹਦੇ ਚਿਹਰੇ ਉਤੇ ਤਿੱਖੀਆਂ ਸੂਈਆਂ ਚੁਭ ਰਹੀਆਂ ਸਨ। ਝੱਖੜ ਦਾ ਵੇਗ ਇੰਨਾ ਤੇਜ਼ ਸੀ ਕਿ ਉਹਦੇ ਪੈਰ ਉਖੜ ਰਹੇ ਸਨ। ਜੇ ਉਹ ਟਾਹਣੀਉਂ ਟੁੱਟਾ ਪੱਤਾ ਹੁੰਦਾ ਤਾਂ ਹਵਾ ਦੀ ਗਤੀ ਨਾਲ ਉਡਦਾ ਤੁਰਿਆ ਜਾਂਦਾ, ਪਰ ਉਹ ਸੈਨਿਕ ਸੀ। ਉਹਦੇ ਲਈ ਘੋਰਨਾ ਪੁੱਟ ਕੇ ਬੈਠਣਾ ਜ਼ਿਆਦਾ ਵਾਜਬ ਸੀ। ਉਹ ਕਾਹਲੀ ਨਾਲ ਤੂਫ਼ਾਨ ਵੱਲ ਪਿੱਠ ਕਰ ਕੇ ਬੈਠ ਗਿਆ। ਮੁੱਠਾਂ ਮੀਟ ਕੇ ਉਸ ਨੇ ਬਰਫ਼ ਉਤੇ ਟਿੱਕਾ ਦਿੱਤੀਆਂ ਅਤੇ ਹਾਰੇ ਹੁੱਟੇ ਮਨੁੱਖ ਵਾਂਗ ਉਤੇ ਸਿਰ ਰੱਖ ਦਿੱਤਾ। ਕੁਝ ਚਿਰ ਉਹ ਉਸੇ ਤਰ੍ਹਾਂ ਹੀ ਪਿਆ ਰਿਹਾ। ਉਹਦੇ ਜ਼ਿਹਨ ਉਤੇ ਪਸਰੀ ਹੋਈ ਧੁੰਦ ਥੋੜ੍ਹੀ ਜਿਹੀ ਛਣੀ। ਉਹ ਕੁਝ ਆਪਣੇ ਆਪ ਵੱਲ ਪਰਤਿਆ ਤਾਂ ਪ੍ਰੇਸ਼ਾਨ ਜਿਹਾ ਹੋ ਗਿਆ।
ਉਹ ਕਿਥੇ ਸਨ?
ਤੁਰਨ ਵੇਲੇ ਉਹ ਪੂਰੇ ਬਾਰਾਂ ਸਨ, ਦਸ ਅਤੇ ਦੋ ਬਾਰਾਂ। ਤੇ ਹੁਣ?
ਉਸ ਪਲ ਉਹਨੇ ਜਿੰਨਾ ਕੁ ਵੇਖਣਾ ਸੀ, ਉਹ ਵੀ ਅਣਵੇਖਿਆ ਹੀ ਰਹਿ ਗਿਆ। ਉਹਦੀਆਂ ਖੋਪਿਆਂ ਵਰਗੀਆਂ ਐਨਕਾਂ ਉਤੇ ਬਰਫ਼ ਜੰਮ ਗਈ ਸੀ।
ਉਹਨੇ ਦਸਤਾਨੇ ਵਾਲਾ ਹੱਥ ਸ਼ੀਸ਼ਿਆ ਉਤੇ ਰਗੜ ਕੇ ਬਰਫ਼ ਪੂੰਝੀ।
ਬਰਫ਼ ਦੀ ਬੁਛਾੜ ਤੋਂ ਬਚਣ ਲਈ ਉਹਨੇ ਚਿਹਰੇ ਸਾਹਵੇਂ ਹੱਥਾਂ ਦਾ ਓਹਲਾ ਕਰ ਲਿਆ ਅਤੇ ਧੌਣ ਪਿਛਾਂਹ ਮੋੜੀ। ਹੱਥਾਂ ਨੇ ਬਰਫ਼ ਉਤੇ ਵਿਛਿਆ ਦ੍ਰਿਸ਼ ਢਕ ਦਿੱਤਾ ਸੀ। ਉਹਨੇ ਹੱਥ ਥੋੜ੍ਹਾ ਜਿਹਾ ਉਪਰ ਕੀਤਾ ਤਾਂ ਹੈਰਾਨ ਰਹਿ ਗਿਆ।
ਉਹਦੇ ਨੇੜੇ ਹੀ ਕਾਂ ਮਰਿਆ ਪਿਆ ਸੀ।
ਗਲੇਸ਼ੀਅਰ ਬਰਫ਼ ਸੀ, ਨਿਰੀ ਬਰਫ਼। ਉਥੇ ਮਿੱਟੀ ਨਹੀਂ ਸੀ। ਚਾਰ-ਪੰਜ ਹਜ਼ਾਰ ਫੁੱਟ ਹੇਠਾਂ ਤੱਕ ਵੀ ਮਿੱਟੀ ਨਹੀਂ ਸੀ। ਉਥੇ ਫੁੱਲ ਨਹੀਂ ਸਨ ਉਗਦੇ। ਉਥੇ ਕਰੂੰਬਲਾਂ ਨਹੀਂ ਸਨ ਫੁਟਦੀਆਂ। ਉਥੇ ਕੁਝ ਵੀ ਆਪਣੀ ਸਹਿਜ ਹਾਲਤ ਵਿਚ ਜਿਉਂਦਾ ਨਹੀਂ ਸੀ ਰਹਿ ਸਕਦਾ। ਅੰਤਾਂ ਦੀ ਸੀਤ ਵਿਚ ਬੱਸ ਇਹ ਲਦਾਖੀ ਕਾਂ ਹੀ ਸੀ ਜਿਸ ਨੂੰ ਕਦੀ ਕੁਝ ਨਹੀਂ ਸੀ ਹੁੰਦਾ। ਗਲੇਸ਼ੀਅਰ ਦੇ ਤੀਹ ਤੋਂ ਪੰਜਾਹ ਡਿਗਰੀ ਸੈਂਟੀਗਰੇਡ ਮਨਫ਼ੀ ਤਾਪਮਾਨ ਵਿਚ ਜੋ ਕੁਝ ਵੀ ਹੁੰਦਾ ਸੀ, ਆਦਮੀਆਂ ਨੂੰ ਹੁੰਦਾ ਸੀ। ਆਦਮੀਆਂ ਦੇ ਸੁਪਨਿਆਂ ਤੋਂ ਲੈ ਕੇ ਆਦਮੀਆਂ ਦੇ ਲਹੂ ਤੱਕ, ਉਥੇ ਸਭ ਕੁਝ ਜੰਮ ਜਾਂਦਾ ਸੀ।
ਖਾਣ-ਪੀਣ ਵਾਲੀਆਂ ਵਸਤਾਂ ਦੇ ਡੱਬੇ ਖਾਲੀ ਕਰ-ਕਰ ਕੇ ਫੌਜੀ ਸੁੱਟਦੇ ਰਹਿੰਦੇ ਸਨ। ਗੂੜ੍ਹੇ ਕਾਲੇ ਕਾਂ ਉਨ੍ਹਾਂ ਡੱਬਿਆਂ ਉਤੇ ਠੂੰਗੇ ਮਾਰਦੇ ਅਕਸਰ ਵਿਖਾਈ ਦੇ ਜਾਂਦੇ ਸਨ।
ਉਥੇ ਕਾਵਾਂ ਦੀ ਗਿਣਤੀ ਹੌਲੀ-ਹੌਲੀ ਵਧ ਰਹੀ ਸੀ।
ਮਰੇ ਹੋਏ ਕਾਂ ਨੂੰ ਬਰਫ਼ ਨੇ ਅੱਧ-ਪਚੱਧ ਢਕ ਲਿਆ ਸੀ। ਸੂਬੇਦਾਰ ਪੂਰਨ ਸਿੰਘ ਦੀ ਜੰਮੀ ਹੋਈ ਸੋਚ ਵਿਚ ਹੌਲੀ-ਹੌਲੀ ਗੋਲੀਆਂ ਦੀਆਂ ਆਵਾਜ਼ਾਂ ਜਾਗ ਪਈਆਂ। ਇਹ ਕੋਈ ਅਲੋਕਾਰ ਗੱਲ ਨਹੀਂ ਸੀ। ਉਹ ਭਖੀ ਹੋਈ ਜੰਗ ਦਾ ਮੁਹਾਜ਼ ਸੀ। ਉਥੇ ਦੋਹਾਂ ਧਿਰਾਂ ਵੱਲੋਂ ਗੋਲੀਆਂ ਚੱਲਦੀਆਂ ਹੀ ਰਹਿੰਦੀਆਂ ਸਨ, ਪਰ ਗੋਲੀ ਨਾਲ ਪਹਿਲਾਂ ਉਥੇ ਕਦੀ ਕੋਈ ਕਾਂ ਨਹੀਂ ਸੀ ਮਰਿਆ। ਹੁਣ ਕਾਂ ਮਰ ਹੀ ਗਿਆ ਸੀ ਤਾਂ ਇਹ ਗੱਲ ਸੌ ਵਿਸਵੇ ਪੱਕੀ ਸੀ ਕਿ ਸਿਰਫ਼ ਕਾਂ ਨਹੀਂ ਸੀ ਮਰਿਆ।
ਪਲਟਨਾਂ ਦੀ ਅਦਲਾ-ਬਦਲੀ ਮਿਥੀ ਤਰਤੀਬ ਅਨੁਸਾਰ ਹੀ ਚੱਲ ਰਹੀ ਸੀ। ਵਾਪਸ ਜਾ ਰਹੀਆਂ ਟੋਲੀਆਂ ਨੂੰ ਸੂਬੇਦਾਰ ਪੂਰਨ ਸਿੰਘ ਨੇ ਹੈਰਾਨ ਹੋ ਕੇ ਵੇਖਿਆ ਸੀ। ਉਨ੍ਹਾਂ ਸਾਰਿਆਂ ਦਾ ਜਿਵੇਂ ਇਕੋ ਹੀ ਚਿਹਰਾ ਸੀ। ਵਧੀ ਹੋਈ ਦਾੜ੍ਹੀ, ਥੱਕੇ ਹੋਏ ਉਦਾਸ ਚਿਹਰੇ, ਬੁਝੀਆਂ ਹੋਈਆਂ ਅੱਖਾਂ ਵਿਚ ਠਹਿਰੀ ਹੋਈ ਮੌਤ। ਗਲੇਸ਼ੀਅਰ ਤੋਂ ਜਿਉਂਦੇ ਵਾਪਸ ਜਾਣ ਲੱਗਿਆਂ ਵੀ ਉਨ੍ਹਾਂ ਨੂੰ ਆਪਣੇ ਜਿਉਂਦੇ ਹੋਣ ਦਾ ਯਕੀਨ ਨਹੀਂ ਸੀ। ਗਲੇਸ਼ੀਅਰ ਦੀ ਜਾਨਲੇਵਾ ਠੰਢ ਵਿਚ ਖੁਸ਼ੀ ਇੰਨੀ ਨੀਲੀ ਪੈ ਗਈ ਸੀ ਕਿ ਉਨ੍ਹਾਂ ਕੋਲੋਂ ਚਿਹਰੇ ਉਤੇ ਜੰਮੀ ਹੋਈ ਮੌਤ ਦੀ ਪਰਤ ਵੀ ਨਹੀਂ ਸੀ ਪੂੰਝੀ ਜਾ ਸਕੀ।
ਪਲਟਨਾਂ ਭਰੀਆ-ਪੂਰੀਆਂ ਗਲੇਸ਼ੀਅਰ ਉਤੇ ਆਈਆਂ ਸਨ, ਪਰ ਕਦੀ ਭਰੀਆਂ-ਪੂਰੀਆਂ ਵਾਪਸ ਨਹੀਂ ਸਨ ਗਈਆਂ। ਪ੍ਰੇਸ਼ਾਨ ਜਿਹਾ ਸਵਾਲ ਅਚੇਤੇ ਉਨ੍ਹਾਂ ਸੈਨਿਕਾਂ ਦੀਆਂ ਅੱਖਾਂ ਵਿਚ ਵੀ ਠਹਿਰ ਗਿਆ ਸੀ। ਕੀ ਉਹ ਗਲੇਸ਼ੀਅਰ ਤੋਂ ਵਾਪਸ ਪਰਤ ਸਕਣਗੇ?
ਗਲੇਸ਼ੀਅਰ ਵਿਸ਼ਾਲ ਦਾਨਵ ਸੀ, ਬਰਫ਼ ਦਾ ਦਾਨਵ। ਉਹ ਜਿਵੇਂ ਕਿਸੇ ਸਿੱਧੀ-ਪ੍ਰਾਪਤੀ ਲਈ ਹਜ਼ਾਰਾਂ ਸਾਲਾਂ ਤੋਂ ਤਪ ਕਰ ਰਿਹਾ ਸੀ।
ਹੁਣ ਕੁਝ ਸਾਲਾਂ ਤੋਂ ਸੈਨਿਕ ਇਸ ਦਾਨਵ ਦੇ ਤਪ ਨੂੰ ਭੰਗ ਕਰਨ ਦੀ ਜੁਰਅਤ ਕਰਨ ਲੱਗ ਪਏ ਸਨ ਅਤੇ ਬਦਲੇ ਵਿਚ ਉਹਦੇ ਕਰੋਧ ਨੂੰ ਭੁਗਤ ਰਹੇ ਸਨ।
‘ਬਿਲਾ ਫੋਂਡ ਲਾ’ ਉਤੇ ਹਾਲੇ ਵੀ ਜੈਕ.ਐਲ਼ਆਈ. ਨੇ ਮੋਰਚੇ ਮੱਲੇ ਹੋਏ ਸਨ। ਡੋਗਰਾ ਦੀ ਅਲਫ਼ਾ ਕੰਪਨੀ ਨੇ ‘ਬਿਲਾ ਫੋਂਡ ਲਾ’ ਦਾ ਚਾਰਜ ਸੰਭਾਲਣ ਪਿਛੋਂ ਹੀ ਉਨ੍ਹਾਂ ਨੂੰ ਵਿਹਲਿਆਂ ਕਰਨਾ ਸੀ। ਜੈਕ.ਐਲ਼ਆਈ ਦੇ ਗਾਈਡਾਂ ਨਾਲ ਅਲਫ਼ਾ ਕੰਪਨੀ ਦੀਆਂ ਤਿੰਨ ਟੋਲੀਆਂ ‘ਬਿਲਾ ਫੋਂਡ ਲਾ’ ਵੱਲ ਕੂਚ ਕਰ ਚੁੱਕੀਆਂ ਸਨ।
ਉਨ੍ਹਾਂ ਨੂੰ ਤੋਰ ਕੇ ਸੂਬੇਦਾਰ ਪੂਰਨ ਸਿੰਘ ਉਥੇ ਹੀ ਖਲੋਤਾ ਰਿਹਾ ਸੀ।
ਜਿਥੋਂ ਤੱਕ ਨਜ਼ਰ ਜਾਂਦੀ ਸੀ, ਬਰਫ ਸੀ। ਉਥੇ ਕੋਈ ਸ਼ਾਹਰਾਹ ਨਹੀਂ ਸੀ। ਕਿਸੇ ਸੜਕ ਦੇ ਬਣਨ ਦੀ ਕੋਈ ਸੰਭਾਵਨਾ ਵੀ ਨਹੀਂ ਸੀ। ਬਰਫ਼ ਨੂੰ ਬਜਰੀ ਅਤੇ ਪੱਥਰਾਂ ਵਿਚ ਨਹੀਂ ਸੀ ਬਦਲਿਆ ਜਾ ਸਕਦਾ।
ਪਹਿਲੀਆਂ ਦੋਵੇਂ ਟੋਲੀਆਂ ਉਹਦੀ ਨਜ਼ਰ ਦੀ ਹੱਦ ਟੱਪ ਕੇ ਬਰਫ਼ ਦੇ ਉਚੇ-ਉਚੇ ਢਾਇਆਂ ਉਹਲੇ ਗਵਾਚ ਗਈਆਂ ਸਨ। ਪਿਛਲੀ ਟੋਲੀ ਦੇ ਜਵਾਨ ਹਾਲੇ ਵੀ ਧੱਬਿਆ ਵਾਂਗ ਦਿਸ ਰਹੇ ਸਨ, ਜਿਵੇਂ ਭੋਜਨ ਦੀ ਭਾਲ ਵਿਚ ਜਾ ਰਹੀਆਂ ਕੀੜੀਆਂ ਦੀ ਕਤਾਰ ਹੁੰਦੀ ਹੈ।
ਉਹ ਵੀ ਪਹਿਲੀਆਂ ਟੋਲੀਆਂ ਦੀ ਮਿੱਧੀ ਹੋਈ ਬਰਫ਼ ਨੂੰ ਆਪਣੇ ਪੈਰਾਂ ਹੇਠ ਲਿਤਾੜਦੇ ਹੋਏ ਤੁਰੇ ਜਾ ਰਹੇ ਹਨ। ਗਲੇਸ਼ੀਅਰ ਦੇ ਖਤਰਿਆਂ ਨੂੰ ਧਿਆਨ ਵਿਚ ਰੱਖਦਿਆਂ ਇਕੋ ਰਾਹ ਵਰਤਣਾ ਹੀ ਹਿੱਤ ਵਿਚ ਸੀ, ਪਰ ਇਹ ਜ਼ਰੂਰੀ ਨਹੀਂ ਸੀ ਕਿ ਮਿਥਿਆ ਹੋਇਆ ਰਾਹ ਹਰ ਵਾਰ ਗਲੇਸ਼ੀਅਰ ਨੂੰ ਵੀ ਮਨਜ਼ੂਰ ਹੋਵੇ, ਇਸ ਗੱਲ ਦਾ ਸਭ ਨੂੰ ਪਤਾ ਸੀ। ਇਸੇ ਕਰ ਕੇ ਗਲੇਸ਼ੀਅਰ ਉਤੇ ਕਦੀ ਕੋਈ ਇਕੱਲਾ ਨਹੀਂ ਸੀ ਤੁਰਦਾ। ਉਸ ਟੋਲੀ ਵਿਚ ਵੀ ਪੰਜ ਜਣੇ ਸਨ। ਉਨ੍ਹਾਂ ਦੇ ਲੱਕ ਪਹਿਲੇ ਸੈਨਿਕ ਤੋਂ ਲੈ ਕੇ ਪਿਛਲੇ ਸੈਨਿਕ ਤੱਕ ਇਕੋ ਰੱਸੇ ਨਾਲ ਬੱਝੇ ਹੋਏ ਸਨ। ਇਕ-ਦੂਜੇ ਤੋਂ ਦੂਰ ਚੱਲਦਿਆਂ ਵੀ ਉਸ ਰੱਸੇ ਨੇ ਸਭ ਨੂੰ ਆਪਸ ਵਿਚ ਜੋੜਿਆ ਹੋਇਆ ਸੀ। ਇਸ ਤਰ੍ਹਾਂ ਉਹ ਲੋੜ ਪੈਣ ਉਤੇ ਇਕ-ਦੂਜੇ ਦੀ ਸਹਾਇਤਾ ਕਰ ਸਕਦੇ ਸਨ।
ਉਸ ਵੇਲੇ ਗਲੇਸ਼ੀਅਰ ਬੜਾ ਸ਼ਾਂਤ ਸੀ, ਬੜਾ ਚੁੱਪ ਸੀ। ਅਚਾਨਕ ਉਹ ਤ੍ਰਭਕਿਆ। ਉਹਨੇ ਮੱਧਮ ਜਿਹੀਆਂ ਚੀਕਾਂ ਦੀ ਆਵਾਜ਼ ਸੁਣੀ ਸੀ।
ਬਰਫ਼ ਦੀ ਹਿੱਕ ਉਤੇ ਇਕ ਹੋਰ ਪਾੜ ਪੈ ਚੁਕਿਆ ਸੀ।
ਬਰਫ਼, ਵਿਚਕਾਰਲੇ ਸੈਨਿਕ ਦੇ ਪੈਰਾਂ ਹੇਠੋਂ ਪਾਟੀ ਅਤੇ ਪਾੜ ਫੈਲ ਕੇ ਅਗਲੇ ਤੇ ਪਿਛਲੇ ਸੈਨਿਕ ਦੇ ਪੈਰਾਂ ਤੱਕ ਪਹੁੰਚ ਗਿਆ। ਇਸ ਤੋਂ ਪਹਿਲਾਂ ਕਿ ਬਾਕੀ ਜਣੇ ਸੰਭਲ ਕੇ ਬਚਾਅ ਦੀ ਕਾਰਵਾਈ ਕਰਦੇ, ਉਹ ਵਿਚਕਾਰਲੇ ਜਵਾਨ ਦੇ ਨਾਲ ਹੀ ਪਾੜ ਵਿਚ ਖਿੱਚੇ ਗਏ।
ਬਰਫ਼ ਦਾ ਇਹ ਪਾੜ ਹਜ਼ਾਰਾਂ ਫੁੱਟ ਡੂੰਘਾ ਸੀ। ਇਹੋ ਜਿਹਾ ਹਾਦਸਾ ਕੋਈ ਪਹਿਲੀ ਵਾਰ ਨਹੀਂ ਸੀ ਹੋਇਆ। ਬਰਫ਼ ਅਣਕਿਆਸੀਆਂ ਥਾਂਵਾਂ ਉਤੇ ਪਾਟਦੀ ਰਹਿੰਦੀ ਸੀ। ਸੈਨਿਕ ਇਨ੍ਹਾਂ ਪਾੜਾਂ ਵਿਚ ਸਮਾ ਜਾਂਦੇ ਸਨ। ਵਿਸ਼ੇਸ਼ ਕੱਪੜਿਆਂ ਦਾ ਨਿੱਘ ਉਨ੍ਹਾਂ ਨੂੰ ਕਈ-ਕਈ ਦਿਨ ਤੱਕ ਜਿਉਂਦਾ ਵੀ ਰੱਖਦਾ ਸੀ, ਪਰ ਪਾੜ ਅੰਦਰ ਆਖਰੀ ਨੀਂਦ ਸੌਣਾ ਉਨ੍ਹਾਂ ਦੀ ਹੋਣੀ ਸੀ।
ਅਣਗਿਣਤ ਸੈਨਿਕ ਹੁਣ ਤੱਕ ਗਲੇਸ਼ੀਅਰ ਦੇ ਪਾੜਾਂ ਵਿਚ ਸਮਾ ਚੁੱਕੇ ਸਨ। ਉਨ੍ਹਾਂ ਦੇ ਜਿਸਮਾਂ ਦੀ ਗਰਮੀ, ਉਨ੍ਹਾਂ ਦੇ ਅਹਿਸਾਸ ਦਾ ਨਿੱਘ ਨਾ ਬਰਫ ਦੀ ਫ਼ਿਤਰਤ ਹੀ ਬਦਲ ਸਕੇ ਅਤੇ ਨਾ ਗਲੇਸ਼ੀਅਰ ਦੀ ਭੁੱਖ ਹੀ ਮੁੱਕੀ ਸੀ।
ਉਹਨੇ ਹੈਰਾਨ ਜਿਹਾ ਹੋ ਕੇ ਅੱਖਾਂ ਮਲੀਆਂ। ਬਰਫ ਦਾ ਪਸਾਰ ਦੂਰ ਜਾ ਕੇ ਸਲੇਟੀ ਆਸਮਾਨ ਵਿਚ ਇਕਮਿਕ ਹੋ ਗਿਆ ਸੀ। ਚਿੱਟੀ ਬਰਫ਼ ਉਤੇ ਕਾਲੇ ਧੱਬਿਆਂ ਦਾ ਕੋਈ ਵੀ ਚਿੰਨ੍ਹ ਬਾਕੀ ਨਹੀਂ ਸੀ।
ਮਰਨ ਵਾਲਿਆਂ ਵਿਚ ਅਲ਼ਫਾ ਕੰਪਨੀ ਦਾ ਕਮਾਂਡਰ ਵੀ ਸੀ, ਪਰ ਇਹ ਵੇਲਾ ਸੱਥਰ ਵਿਛਾ ਕੇ ਬੈਠਣ ਦਾ ਨਹੀਂ ਸੀ। ਹਾਲੇ ਤਾਂ ਮੁੱਢ ਸੀ। ਕੁਝ ਦਿਨਾਂ ਨੂੰ ਇਹੋ ਜਿਹੀਆਂ ਘਟਨਾਵਾਂ ਆਮ ਵਾਂਗ ਜਾਪਣ ਲੱਗ ਪੈਣੀਆਂ ਸਨ। ਖਾਲੀ ਹੋ ਗਈਆਂ ਥਾਂਵਾਂ ਮੁੜ ਭਰ ਜਾਣਗੀਆਂ। ਜ਼ਿੰਦਗੀ ਨੇ ਪਹਿਲਾਂ ਵਾਂਗ ਹੀ ਤੁਰਦੇ ਰਹਿਣਾ ਸੀ।
ਮੋਇਆਂ ਦੇ ਫਿਕਰ ਨਾਲੋਂ ਵੀ ਪਹਿਲਾ ਫਿਕਰ ‘ਬਿਲਾ ਫੋਂਡ ਲਾ’ ਦੀ ਕਮਾਂਡ ਦਾ ਸੀ। ਪਲਟਨ ਦੇ ਕਮਾਨ ਅਫ਼ਸਰ ਕੋਲ ਇਸ ਵੇਲੇ ਕੋਈ ਵੀ ਵਾਧੂ ਅਫ਼ਸਰ ਨਹੀਂ ਸੀ ਜਿਹਨੂੰ ‘ਬਿਲਾ ਫੋਂਡ ਲਾ’ ਦੀ ਸੰਭਾਲ ਲਈ ਭੇਜਿਆ ਜਾ ਸਕੇ। ਸਾਰੇ ਅਫ਼ਸਰ ਆਪੋ-ਆਪਣੀ ਥਾਂਈਂ ਪੋਸਟਾਂ ਦੀ ਜ਼ਿੰਮੇਵਾਰੀ ਸੰਭਾਲੀ ਬੈਠੇ ਸਨ। ਹੁਣ ਇਸ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਸੀ ਕਿ ਫਿਲਹਾਲ ਸੂਬੇਦਾਰ ਪੂਰਨ ਸਿੰਘ ਨੂੰ ‘ਬਿਲਾ ਫੋਂਡ ਲਾ’ ਵਾਲੀ ਕੰਪਨੀ ਦੀ ਕਮਾਨ ਸੌਂਪ ਦਿੱਤੀ ਜਾਵੇ।
ਜਦੋਂ ਸੂਬੇਦਾਰ ਪੂਰਨ ਸਿੰਘ ਆਪਣੀ ਟੋਲੀ ਨੂੰ ਲੈ ਕੇ ਤੁਰਿਆ ਤਾਂ ਅੰਬਰ ਉਤੇ ਤਾਰੇ ਚਮਕ ਰਹੇ ਸਨ। ਚੰਨ ਚਾਨਣੀ ਵਿਚ ਬਰਫ਼ ਦੀ ਲਿਸ਼ਕੋਰ ਨਾਲ ਅੱਖਾਂ ਚੁੰਧਿਆ ਰਹੀਆਂ ਸਨ। ਬਰਫ਼ ਉਤੇ ਪੈਂਦੀਆਂ ਚੰਨ ਦੀਆਂ ਰਿਸ਼ਮਾਂ ਨੇ ਰਾਤ ਨੂੰ ਚਿੱਟੇ ਦਿਨ ਵਿਚ ਬਦਲ ਦਿੱਤਾ ਸੀ, ਪਰ ਉਸ ਦਿਨ ਦਾ ਸੁਭਾਅ ਕਾਲਾ ਸੀ।
ਉਹ ਲਗਾਤਾਰ ਤੁਰੀ ਗਏ। ਉਨ੍ਹਾਂ ਦੇ ਵੱਡੇ-ਵੱਡੇ ਬੂਟਾਂ ਨਾਲ ਬਰਫ਼ ਘੱਟੇ ਵਾਂਗੂੰ ਉਡਦੀ ਰਹੀ।
ਹੌਲੀ-ਹੌਲੀ ਚੰਨ-ਤਾਰੇ ਫਿੱਕੇ ਪੈ ਗਏ ਅਤੇ ਫਿਰ ਲੋਪ ਹੋ ਗਏ।
ਗਲੇਸ਼ੀਅਰ ਦੀ ਸੀਤ ਫ਼ਿਜ਼ਾ ਵਿਚ ਬਿੱਲੀਆਂ ਦੇ ਰੋਣ ਵਰਗੀ ਸੁਰ ਜਾਗ ਪਈ।
ਮੌਸਮ ਵਿਗੜ ਗਿਆ ਸੀ। ਇਸ ਤੋਂ ਪਹਿਲਾਂ ਕਿ ਉਹ ਆਉਣ ਵਾਲੇ ਤੂਫ਼ਾਨ ਤੋਂ ਬਚਣ ਬਾਰੇ ਸੋਚਦੇ, ਉਨ੍ਹਾਂ ਦੇ ਨੇੜੇ ਹੀ ਦੁਸ਼ਮਣ ਦੇ ਤੋਪਖਾਨੇ ਦਾ ਗੋਲਾ ਆ ਕੇ ਡਿਗਿਆ। ਬਰਫ਼ ਉਤਾਂਹ ਨੂੰ ਉਡੀ ਅਤੇ ਦਹਿਸ਼ਤ ਦਾ ਤਰੌਂਕਾ ਦੇ ਗਈ। ਇਹ ਅਣਕਿਆਸਿਆ ਹਮਲਾ ਸੀ। ਉਹ ਦੁਸ਼ਮਣ ਦੇ ਤੋਪਖਾਨੇ ਦੀ ਮਾਰ ਹੇਠ ਆ ਗਏ ਸਨ।
ਉਹ ਇਕਦਮ ਬਰਫ਼ ਉਤੇ ਢਹਿ ਪਏ ਅਤੇ ਓਟਾਂ ਭਾਲਣ ਲਈ ਇਧਰ-ਉਧਰ ਰੀਂਗਣ ਲੱਗੇ। ਛੇਤੀ ਹੀ ਤੋਪਖਾਨੇ ਦੀ ਗੋਲਾਬਾਰੀ ਵਿਚ ਨਿੱਕੇ ਹਥਿਆਰਾਂ ਦੀਆਂ ਆਵਾਜ਼ਾਂ ਵੀ ਸ਼ਾਮਲ ਹੋ ਗਈਆਂ।
ਤੇਜ਼ ਹਵਾ ਨੇ ਝੱਖੜ ਦਾ ਰੂਪ ਧਾਰ ਲਿਆ। ਤੂਫ਼ਾਨ ਦੇ ਵੇਗ ਨਾਲ ਬਰਫ਼ ਉਡਣ ਲੱਗ ਪਈ। ਸੂਬੇਦਾਰ ਪੂਰਨ ਸਿੰਘ ਨੇ ਨਜ਼ਰਾਂ ਨਾਲ ਦੁਸ਼ਮਣ ਵਾਲ ਪਾਸੇ ਦੀ ਪੁਣ-ਛਾਣ ਕਰਨ ਦਾ ਜਤਨ ਕੀਤਾ। ਉਹਨੂੰ ਝੱਖੜ ਦੇ ਬੁਣੇ ਜਾਲੇ ਵਿਚ ਧੁੰਦਲੀ ਜਿਹੀ ਹਰਕਤ ਦਿੱਸੀ। ਠਿੱਸ! ਉਹਦੀ ਸਟੇਨ ਚੱਲਣ ਤੋਂ ਮੁਨਕਰ ਹੋ ਗਈ। ਮਨਫ਼ੀ ਤਾਪਮਾਨ ਨੇ ਸਟੇਨ ਦੇ ਪੁਰਜ਼ੇ ਜਾਮ ਕਰ ਦਿੱਤੇ ਸਨ। ਇਕ ਵਾਰ ਗੋਲੀ ਚੱਲ ਜਾਂਦੀ ਤਾਂ ਬੈਰਲ ਗਰਮ ਹੋ ਜਾਂਦੀ। ਇਸ ਤੋਂ ਪਿਛੋਂ ਤਾਂ ਗੋਲੀਆਂ ਚੱਲਦੀਆਂ ਹੀ ਰਹਿਣੀਆਂ ਸਨ। ਬੈਰਲ ਨੇ ਗਰਮ ਹੀ ਰਹਿਣਾ ਸੀ। ਹੁਣ ਉਹ ਆਪਣੀ ਸਟੇਨ ਲਈ ਨਿੱਘ ਕਿਥੋਂ ਲੈ ਕੇ ਆਵੇ? ਉਹਨੇ ਇਧਰ-ਉਧਰ ਵੇਖਿਆ। ਕੁਝ ਜਵਾਨ ਮੋਰਚੇ ਸੰਭਾਲੀ ਗੋਲੀਆਂ ਦਾਗ ਰਹੇ ਸਨ। ਕੁਝ ਆਪਣੇ ਹਥਿਆਰਾਂ ਉਤੇ ਖਿਝੇ ਹੋਏ ਸਨ। ਕੁਝ ਨੇ ਇਨ੍ਹਾਂ ਝਗੜਿਆਂ ਤੋਂ ਬੇਲਾਗ ਹੋ ਕੇ ਆਖਰੀ ਹਿਚਕੀ ਲੈ ਲਈ ਸੀ।
ਸੂਬੇਦਾਰ ਪੂਰਨ ਸਿੰਘ ਨੇ ਮੂੰਹ ਨਾਲ ਗਰਨੇਡ ਦੀ ਪਿੰਨ ਖਿੱਚੀ ਅਤੇ ਅਗਾਂਹ ਨੂੰ ਸਰਕ ਰਹੇ ਦੁਸ਼ਮਣ ਦੇ ਸਿਪਾਹੀਆਂ ਉਤੇ ਪੂਰੇ ਤਾਣ ਨਾਲ ਗਰਨੇਡ ਦੇ ਮਾਰਿਆ। ਐਨ ਉਸੇ ਵੇਲੇ ਇਕ ਹੋਰ ਭਿਆਨਕ ਧਮਾਕਾ ਹੋਇਆ ਜੋ ਗਰਨੇਡ ਫਟਣ ਦੇ ਖੜਾਕ ਨਾਲੋਂ ਕਿਤੇ ਜ਼ਿਆਦਾ ਕੰਨ-ਪਾੜਵਾਂ ਸੀ। ਉਹਦੇ ਪਿਛੇ ਪਹਾੜੀ ਤਿੜਕ ਕੇ ਬਰਫ਼ ਹੇਠਾਂ ਨੂੰ ਰਿੱਬ ਵਾਂਗ ਵਗਣੀ ਸ਼ੁਰੂ ਹੋ ਗਈ ਸੀ। ਉਸ ਮੁੜ ਕੇ ਪਿਛਾਂਹ ਵੇਖਿਆ ਅਤੇ ਬਚਾਅ ਲਈ ਉਥੋਂ ਉਠ ਕੇ ਨੱਸਣਾ ਚਾਹਿਆ, ਪਰ ਬਰਫ਼ ਦੀ ਗਾਰ ਜਿਹੀ ਉਹਦੇ ਉਤੋਂ ਦੀ ਅਗਾਂਹ ਵਧ ਗਈ।
ਉਹਦੇ ਲਈ ਸਮੁੱਚਾ ਵਾਤਾਵਰਨ ਸ਼ਾਂਤ ਹੋ ਗਿਆ।
ਦੁਸ਼ਮਣ ਦੀ ਗੋਲੀ ਦਾ ਜਵਾਬ ਉਹ ਗੋਲੀ ਨਾਲ ਦੇ ਸਕਦੇ ਸਨ, ਪਰ ਗਲੇਸ਼ੀਅਰ ਦੀ ਦੁਸ਼ਮਣੀ ਦੇ ਜਵਾਬ ਵਿਚ ਉਨ੍ਹਾਂ ਕੋਲ ਬਚਾਅ ਦਾ ਬੱਸ ਤਰਲਾ ਜਿਹਾ ਸੀ। ਬਰਫ਼ ਹੇਠ ਦੱਬਿਆ ਉਹ ਅਚੇਤੇ ਹੀ ਜ਼ੋਰ-ਜ਼ੋਰ ਦੀ ਹੱਥ-ਪੈਰ ਮਾਰਨ ਲੱਗ ਪਿਆ, ਜਿਵੇਂ ਪਾਣੀ ਵਿਚ ਤਰ ਰਿਹਾ ਹੋਵੇ। ਇਸ ਤਰ੍ਹਾਂ ਕਰਨ ਨਾਲ ਇੰਨਾ ਕੁ ਹੋ ਗਿਆ ਕਿ ਉਹਦੇ ਸਾਹ ਲੈਣ ਜੋਗੀ ਥਾਂ ਬਣੀ ਰਹੀ। ਉਹਦੇ ਸਿਰੜ ਨੇ ਟੁੱਟਣ ਲੱਗੇ ਸਾਹ ਉਹਨੂੰ ਮੁੜ ਸੌਂਪ ਦਿੱਤੇ।
ਬਰਫ਼ ਤੋਂ ਬਾਹਰ ਆ ਕੇ ਉਹ ਕਿੰਨੀ ਦੇਰ ਤੱਕ ਢੇਰੀ ਹੋਇਆ ਉਥੇ ਹੀ ਪਿਆ ਰਿਹਾ। ਜਦੋਂ ਜ਼ਿਹਨ ਤੋਂ ਬੇਹੋਸ਼ੀ ਦੀ ਧੁੰਦ ਪੇਤਲੀ ਪਈ ਤਾਂ ਉਹ ਆਪਣੇ ਆਪ ਵੱਲ ਪਰਤਿਆ।
ਉਸ ਵੇਲੇ ਵੀ ਬਰਫ਼ ਪੈ ਰਹੀ ਸੀ। ਝੱਖੜ ਦਾ ਜ਼ੋਰ ਵੀ ਘੱਟ ਨਹੀਂ ਸੀ ਹੋਇਆ।
ਦੋਹਾਂ ਧਿਰਾਂ ਵੱਲੋਂ ਗੋਲੀਆਂ ਚੱਲਣੀਆਂ ਬੰਦ ਹੋ ਚੁੱਕੀਆਂ ਸਨ, ਪਰ ਤੂਫ਼ਾਨ ਦਾ ਰੌਲਾ ਬਹੁਤ ਵਧ ਗਿਆ ਸੀ।
ਉਸ ਰੌਲੇ ਉਤੇ ਹਨੇਰੇ ਦਾ ਲੇਅ ਚੜ੍ਹਿਆ ਹੋਇਆ ਸੀ।
ਉਹਨੇ ਦਸਤਾਨੇ ਵਾਲੇ ਹੱਥ ਨਾਲ ਇਕ ਵਾਰੀ ਫਿਰ ਐਨਕ ਤੋਂ ਬਰਫ਼ ਸਾਫ਼ ਕੀਤੀ ਅਤੇ ਹੱਥਾਂ ਦਾ ਓਹਲਾ ਕਰ ਕੇ ਨਿਗ੍ਹਾ ਮਰੇ ਹੋਏ ਕਾਂ ਤੋਂ ਅਗਾਂਹ ਲੈ ਗਿਆ।
ਉਹਦਾ ਹੇਠਲਾ ਸਾਹ ਹੇਠਾਂ ਰਹਿ ਗਿਆ।
ਉਹਦੇ ਸਾਥੀਆਂ ਦੀਆਂ ਲਾਸ਼ਾਂ, ਇਧਰ-ਉਧਰ ਖਿਲਰੀਆਂ ਪਈਆਂ ਸਨ। ਬਰਫ਼ ਨੇ ਉਨ੍ਹਾਂ ਨੂੰ ਇੰਨਾ ਕੁ ਲੁਕਾ ਲਿਆ ਸੀ ਕਿ ਉਹ ਬੇਤਰਤੀਬ ਕਬਰਾਂ ਵਾਂਗ ਦਿਸ ਰਹੇ ਸਨ।
ਗਲੇਸ਼ੀਅਰ ਸਿਰਫ਼ ਬਰਫ਼ ਨਹੀਂ ਸੀ, ਉਥੇ ਫ਼ਸਲ ਵੀ ਉਗਦੀ ਸੀ। ਮੁਰਦਿਆਂ ਦੀ ਫ਼ਸਲ।
ਇਨ੍ਹਾਂ ਤੋਂ ਪਹਿਲਾਂ ਵੀ ਬਰਫ ਹੇਠ ਬਹੁਤ ਜਣੇ ਸਨ। ਕੁਝ ਚਿਰ ਨੂੰ ਇਨ੍ਹਾਂ ਉਤੇ ਵੀ ਬਰਫ ਦੀ ਮੋਟੀ ਪਰਤ ਜੰਮ ਜਾਵੇਗੀ। ਉਹ ਬਰਫ਼ ਦਾ ਹਿੱਸਾ ਹੋ ਜਾਣਗੇ। ਇਨ੍ਹਾਂ ਤੋਂ ਪਿਛੋਂ ਵੀ ਪਤਾ ਨਹੀਂ ਹੋਰ ਕੌਣ-ਕੌਣ ਆਉਣਗੇ। ਲਾਸ਼ਾਂ ਬਰਫ਼ ਦੀ ਰਜਾਈ ਤਾਣ ਕੇ ਹਮੇਸ਼ਾ ਲਈ ਪਈਆਂ ਰਹਿ ਜਾਣਗੀਆਂ।
ਉਹ ਉਨ੍ਹਾਂ ਨੂੰ ਏਡੀ ਛੇਤੀ ਨਹੀਂ ਮਰਨ ਦੇਵੇਗਾ।
ਉਹ ਨੇੜਲੀ ਲਾਸ਼ ਕੋਲ ਚਲਿਆ ਗਿਆ। ਬੈਠ ਕੇ ਉਸ ਲਾਸ਼ ਦੇ ਚਿਹਰੇ ਤੋਂ ਬਰਫ਼ ਸਾਫ਼ ਕੀਤੀ ਅਤੇ ਉਹਦੇ ਚਿਹਰੇ ਵੱਲ ਝੁਕ ਗਿਆ, ਜਿਵੇਂ ਕੋਈ ਗੱਲ ਕਹਿ ਰਿਹਾ ਹੋਵੇ। ਅਗਲੇ ਪਲ ਉਹ ਉਠ ਖਲੋਤਾ ਅਤੇ ਰਾਈਫਲ ਚੁੱਕ ਕੇ ਮੋਏ ਸੈਨਿਕ ਦੇ ਸਿਰਹਾਣੇ ਵਾਲੇ ਪਾਸੇ ਪੁੱਠੀ ਗੱਡ ਦਿੱਤੀ।
ਆਖਰੀ ਸਲੂਟ ਦੇਣ ਤੋਂ ਪਹਿਲਾਂ ਸੂਬੇਦਾਰ ਪੂਰਨ ਸਿੰਘ ਨੇ ਉਸ ਸੈਨਿਕ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨੀ ਚਾਹੀ ਤਾਂ ਉਹਨੂੰ ਸੈਨਿਕ ਦਾ ਨਾਂ ਹੀ ਯਾਦ ਨਾ ਆਇਆ।
“ਖੈਰ! ਉਸ ਦਾ ਜੋ ਵੀ ਨੰਬਰ ਸੀ, ਨਾਂ ਸੀ, ਉਹ ਬਿਨਾਂ ਕੁਝ ਜਾਣਿਆਂ-ਸਮਝਿਆਂ ਬਹਾਦਰੀ ਨਾਲ ਲੜਿਆ ਅਤੇ ਮਰ ਗਿਆ।” ਸੂਬੇਦਾਰ ਪੂਰਨ ਸਿੰਘ ਨੇ ਉਸ ਸੈਨਿਕ ਨੂੰ ਲੜਦਿਆਂ ਹੋਇਆ ਨਹੀਂ ਸੀ ਵੇਖਿਆ, ਪਰ ਇੰਨੀ ਕੁ ਪ੍ਰਾਰਥਨਾ ਕਰਨੀ ਤਾਂ ਵਾਜਬ ਹੀ ਸੀ।
ਉਹਨੇ ਸੈਨਿਕ ਦੀ ਲਾਸ਼ ਸਾਂਭਣ ਲਈ ਟੋਇਆ ਪੁੱਟਣ ਬਾਰੇ ਸੋਚਿਆ ਅਤੇ ਫਿਰ ਖਿਆਲ ਤਿਆਗ ਦਿੱਤਾ। ਅੱਜ ਤੋਂ ਪਹਿਲਾਂ ਵੀ ਮੋਇਆਂ ਲਈ ਕਦੀ ਕਿਸੇ ਨੇ ਟੋਆ ਨਹੀਂ ਸੀ ਪੁਟਿਆ।
ਸੈਨਿਕਾਂ ਦੀਆਂ ਲਾਸ਼ਾਂ ਨੂੰ ਸਾਂਭਣ ਦਾ ਕੰਮ ਹੁਣ ਬਰਫ਼ ਦਾ ਸੀ।
ਉਹਨੇ ਵਿਦਾਇਗੀ ਸਲੂਟ ਦਿੱਤਾ ਅਤੇ ਅਗਲੇ ਸੈਨਿਕ ਦੀ ਲਾਸ਼ ਵੱਲ ਅਹੁਲਿਆ। ਹਰ ਇਕ ਦੀ ਲਾਸ਼ ਉਤੇ ਉਹਨੇ ਇਕੋ ਕਾਰਵਾਈ ਦੁਹਰਾਈ ਤੇ ਫਿਰ...।
...ਤੇ ਫਿਰ ਇਕ ਲਾਸ਼ ਉਤੇ ਉਹ ਝੁਕਿਆ ਹੀ ਰਹਿ ਗਿਆ। ਉਸ ਲਾਸ਼ ਦਾ ਅੱਧਾ ਸਿਰ ਹੀ ਗਾਇਬ ਸੀ। ਗੋਲੇ ਦਾ ਕੋਈ ਟੁਕੜਾ ਸਰੀਰ ਦਾ ਉਹ ਹਿੱਸਾ ਹੀ ਤੋੜ ਕੇ ਲੈ ਗਿਆ ਸੀ।
ਉਹ ਫਿਰ ਵੀ ਉਸ ਅਲੂੰਏਂ ਚਿਹਰੇ ਨੂੰ ਪਛਾਣ ਸਕਦਾ ਸੀ। ਉਹ ਨਿਰਸੰਦੇਹ ਕੋਈ ਹੋਰ ਨਹੀਂ ਸੀ, ਜਿੰਦਰ ਸੀ।
ਜਿਨ੍ਹੀਂ ਦਿਨੀਂ ਉਨ੍ਹਾਂ ਦੀ ਪਲਟਨ ਨੂੰ ਗਲੇਸ਼ੀਅਰ ਉਤੇ ਜਾਣ ਦਾ ਹੁਕਮ ਮਿਲਿਆ ਸੀ, ਉਨ੍ਹੀਂ ਦਿਨੀਂ ਹੀ ਉਹ ਕੁਝ ਦਿਨਾਂ ਲਈ ਪਿੰਡ ਛੁੱਟੀ ਗਿਆ ਸੀ। ਧੀ ਹੁਣ ਨਿੱਕੀ ਨਹੀਂ ਸੀ, ਪਰ ਇੰਨੀ ਵੱਡੀ ਵੀ ਨਹੀਂ ਸੀ ਕਿ ਫਿਕਰ ਨੂੰ ਮੱਥੇ ਦੇ ਮੁੜ੍ਹਕੇ ਵਾਂਗ ਪੂੰਝ ਦੇਵੇ। ਸੂਬੇਦਾਰ ਪੂਰਨ ਸਿੰਘ ਨੇ ਉਦੋਂ ਧੀ ਦੇ ਸੰਸਿਆਂ ਨੂੰ ਆਪਣੀ ਦਲੀਲ ਨਾਲ ਮਾਰਨਾ ਚਾਹਿਆ ਸੀ, “ਫਿਕਰ ਕਾਹਦਾ ਹੈ? ਬਰਫ਼ ਅੱਗ ਤਾਂ ਨਹੀਂ ਹੁੰਦੀ। ਫਿਰ ਮੈਂ ਵੀ ਕਿਹੜਾ ਜਿੰਦਰ ਤੋਂ ਕੋਈ ਦੂਰ ਬੈਠਾ ਹੋਇਆ ਹਾਂ।”
ਉਸ ਠੀਕ ਹੀ ਕਿਹਾ ਸੀ। ਉਸ ਵੇਲੇ ਉਹ ਇੰਨਾ ਕੁ ਕਰੀਬ ਬੈਠਾ ਹੋਇਆ ਸੀ ਕਿ ਧੀ ਦੇ ਸੁਹਾਗ ਦੀ ਲਾਸ਼ ਨੂੰ ਆਪਣੇ ਅੰਦਰ ਮਹਿਸੂਸ ਕਰ ਰਿਹਾ ਸੀ।
ਤੋਪਾਂ ਬੰਦੂਕਾਂ ਦਾ ਘੋੜਾ ਦੱਬਣ ਵਾਲੇ ਹੱਥ ਸੈਨਿਕਾਂ ਦੇ ਜਿਸਮ ਨਾਲ ਜ਼ਰੂਰ ਲਟਕ ਰਹੇ ਸਨ, ਪਰ ਉਨ੍ਹਾਂ ਦੇ ਆਪਣੇ ਨਹੀਂ ਸਨ। ਉਹ ਆਪਣੇ ਹੱਥਾਂ ਦੀ ਬੇਵਸੀ ਉਤੇ ਖਿਝ ਗਿਆ। ਉਹਨੇ ਅੰਬਰ ਵੱਲ ਮੂੰਹ ਕਰ ਕੇ ਉਚੀ ਸਾਰੀ ਗਾਲ੍ਹ ਕੱਢੀ, ਪਰ ਉਥੇ ਸੁਣਨ ਵਾਲਾ ਕੌਣ ਸੀ?
ਉਹ ਬਰਫ਼ ਦੇ ਉਚੇ ਟਿੱਲੇ ਉਤੇ ਜਾ ਚੜ੍ਹਿਆ ਅਤੇ ਫਿਰ ਲਗਾਤਾਰ ਉਚੀ-ਉਚੀ ਗਾਲ੍ਹਾਂ ਕੱਢੀ ਗਿਆ।
ਉਹਦੀਆਂ ਸਾਰੀਆਂ ਦੀਆਂ ਸਾਰੀਆਂ ਗਾਲ੍ਹਾਂ ਬਰਫ਼ੀਲੇ ਤੂਫ਼ਾਨ ਦੀਆਂ ਆਵਾਜ਼ਾਂ ਵਿਚ ਗਵਾਚ ਗਈਆਂ।
ਉਹਨੇ ਪਿਛਾਂਹ ਭੌਂ ਕੇ ਵੇਖਿਆ, ਸ਼ਹੀਦੀ ਦੀ ਫਸਲ ਬਰਫ਼ ਦੀ ਮਾਰ ਹੇਠ ਆਈ ਹੋਈ ਸੀ। ਪੁੱਠੀਆਂ ਗੱਡੀਆਂ ਹੋਈਆਂ ਰਾਈਫ਼ਲਾਂ ਹੌਲੀ-ਹੌਲੀ ਬਰਫ਼ ਹੇਠ ਲੁਕ ਜਾਣਗੀਆਂ।
ਬਰਫ਼ ...!ਬਰਫ਼...!...ਬਰਫ਼!
ਕੀਹਨੂੰ ਕਿੰਨੀ ਬਰਫ਼ ਚਾਹੀਦੀ ਸੀ, ਇਹਦਾ ਕੋਈ ਹਿਸਾਬ ਨਹੀਂ ਸੀ। ਜਿੰਨੀ ਕੁ ਬਰਫ਼ ਦੋਹੀਂ ਪਾਸੀ ਪਈ ਹੋਈ ਸੀ, ਇਹਦਾ ਵੀ ਕੋਈ ਹਿਸਾਬ ਨਹੀਂ ਸੀ। ਉਹ ਫਿਰ ਵੀ ਲੜ ਰਹੇ ਸਨ, ਬਰਫ਼ ਖਾਤਰ ਲੜ ਰਹੇ ਸਨ।
ਬਰਫ਼ ਦਾ ਤੂਫ਼ਾਨ ਪਹਿਲਾਂ ਵਾਂਗ ਹੀ ਮੂੰਹ ਜ਼ੋਰ ਸੀ, ਪਰ ਜਿਹੜਾ ਤੂਫ਼ਾਨ ਉਹਦੇ ਅੰਦਰ ਜਾਗ ਪਿਆ ਸੀ, ਉਹ ਬਾਹਰਲੇ ਤੂਫਾਨ ਨਾਲੋਂ ਕਿਤੇ ਵੱਡਾ ਸੀ। ਉਹ ਉਚੀ ਆਵਾਜ਼ ਵਿਚ ਚੀਕਿਆ, “ਭੁੱਖਿਓ! ਕਿੰਨੀ ਬਰਫ਼ ਚਾਹੀਦੀ ਹੈ ਤੁਹਾਨੂੰ?
ਉਹਦੇ ਸਵਾਲ ਦੇ ਜਵਾਬ ਵਿਚ ਤੂਫ਼ਾਨ ਜਿਵੇਂ ਛਿਣ ਲਈ ਖਲੋ ਗਿਆ।
ਉਹ ਝੁਕ ਕੇ ਦਾਣਾ ਖੰਡ ਵਰਗੀ ਬਰਫ਼ ਸਾਹਮਣੇ ਝੱਟਣ ਲਗ ਪਿਆ, “ਐਹ ਲਵੋ!...ਹੋਰ ਲਵੋ!...ਹੋਰ...।”
ਉਹਨੂੰ ਅਚਾਨਕ ਜਿਵੇਂ ਕੁਝ ਯਾਦ ਆ ਗਿਆ। ਉਹਦੇ ਹੱਥ ਥਾਂਏਂ ਰੁਕ ਗਏ। ਉਹ ਇਕ ਛਿਣ ਅਧ-ਝੁਕਿਆ ਜਿਹਾ ਖਲੋਤਾ ਰਿਹਾ ਅਤੇ ਫਿਰ ਮੁੜ ਕੇ ਪਿਛਲੇ ਪਾਸੇ ਬਰਫ਼ ਝੱਟਣ ਲੱਗ ਪਿਆ, “ਲਓ!...ਤੁਸੀਂ ਵੀ ਲਓ!...ਤੁਸੀਂ ਭੁੱਖੇ ਓ...! ਐਹ ਲਓ...।”
ਉਹ ਬਰਫ਼ ਦੇ ਟਿੱਬੇ ਉਤੇ ਖਲੋਤਾ ਪਾਗਲਾਂ ਵਾਂਗ ਕਦੀ ਇਕ ਪਾਸੇ ਬਰਫ਼ ਸੁੱਟਣ ਲੱਗ ਪੈਂਦਾ ਅਤੇ ਕਦੀ ਦੂਜੇ ਪਾਸੇ। ਉਹ ਬੋਲੀ ਜਾ ਰਿਹਾ ਸੀ, ਪਰ ਉਹਦੇ ਬੋਲ ਬਰਫ਼ ਵਿਚ ਹੀ ਠਰ ਰਹੇ ਸਨ। ਉਹਦੀ ਆਵਾਜ਼ ਕਿਤੇ ਨਹੀਂ ਸੀ ਪਹੁੰਚ ਰਹੀ।
ਠੀਛੂੰ!
ਆਖਰੀ ਸਾਹ ਗਿਣ ਰਹੇ ਕਿਸੇ ਜ਼ਖਮੀ ਸਿਪਾਹੀ ਦੀ ਗੋਲੀ ਬਰਫ਼ ਦੀ ਚਾਦਰ ਪਾੜ ਕੇ ਉਹਦੇ ਆਰ-ਪਾਰ ਹੋ ਗਈ। ਉਹ ਉਥੇ ਹੀ ਡਿੱਗ ਪਿਆ। ਉਹਨੇ ਉਠਣ ਦਾ ਜਤਨ ਕੀਤਾ ਅਤੇ ਮੁੜ ਢੇਰੀ ਹੋ ਗਿਆ।
ਉਸ ਵੇਲੇ ਪਤਾ ਨਹੀਂ ਉਹ ਮਨੁੱਖ ਦੀ ਜ਼ਮੀਰ ਸੀ ਕਿ ਬਰਫ਼ਾਂ ਵਿਚ ਭਟਕਦੀ ਕੋਈ ਰੂਹ! ਇਕ ਮੌਤ ਹੀ ਸੀ, ਜਿਹੜੀ ਉਸ ਬੇਘਰੇ ਨੂੰ ਆਪਣੇ ਘਰ ਰੱਖ ਸਕਦੀ ਸੀ।
...ਤੇ ਉਹ ਮਰ ਗਿਆ।
ਗਲੇਸ਼ੀਅਰ ਦੀ ਚੀਕਾਂ ਮਾਰਦੀ ਤੇਜ਼ ਹਵਾ ਅਲਾਹੁਣੀਆਂ ਗਾਉਂਦੀ-ਗਾਉਂਦੀ ਹੌਲੀ-ਹੌਲੀ ਡੁਸਕਣ ਲੱਗ ਪਈ।
ਬਰਫ਼ ਉਹਦੀ ਦੇਹ ਨੂੰ ਹੌਲੀ-ਹੌਲੀ ਢਕ ਰਹੀ ਸੀ।
ਅਚਨਚੇਤੀ ਬਰਫ਼ ਉਹਦੇ ਇਕ ਪਾਸਿਓਂ ਹੇਠਾਂ ਬੈਠ ਗਈ। ਟਿੱਲੇ ਉਤੇ ਪਈ ਮੁਰਦਾ ਦੇਹ ਟੇਢੀ ਹੋ ਗਈ ਅਤੇ ਫਿਰ ਦੁਸ਼ਮਣ ਵਾਲੇ ਪਾਸੇ ਰਿੜ੍ਹ ਗਈ।
ਉਹ ਰਿੜ੍ਹ ਕੇ ਇਧਰਲੇ ਪਾਸੇ ਵੀ ਆ ਜਾਂਦਾ ਤਾਂ ਕੋਈ ਫਰਕ ਨਹੀਂ ਸੀ ਪੈਣਾ। ਉਹ ਵਰਤਣ ਵਾਲੀ ਸ਼ੈਅ ਸੀ ਅਤੇ ਵਰਤਿਆ ਜਾ ਚੁੱਕਿਆ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਜਸਬੀਰ ਭੁੱਲਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ