Basant Rutte Maran Di Baat (Punjabi Story) : Navtej Singh

ਬਸੰਤ ਰੁੱਤੇ ਮਰਨ ਦੀ ਬਾਤ (ਕਹਾਣੀ) : ਨਵਤੇਜ ਸਿੰਘ

ਅਚਿੰਤ ਦੀ ਅੱਖ ਖੁੱਲ੍ਹੀ ਤਾਂ ਉਹ ਆਪਣੇ ਹੱਥਾਂ ਵਲ ਵੇਖ ਰਹੀ ਸੀ।

ਸਵੇਰ-ਸਾਰ ਸਭ ਤੋਂ ਪਹਿਲਾਂ ਉਹ ਆਪਣੇ ਹੱਥਾਂ ਵਲ ਵੇਖਦੀ ਹੁੰਦੀ ਸੀ। ਬਚਪਨ ਤੋਂ ਇਹ ਉਹਦਾ ਨੇਮ ਬਣ ਚੁਕਿਆ ਸੀ। ਉਹਦੀ ਅੰਮੀਂ ਨੇ ਉਹਨੂੰ ਦੱਸਿਆ ਹੋਇਆ ਸੀ, “ਅੱਖਾਂ ਖੁੱਲ੍ਹਦਿਆਂ ਸਾਰ ਸਭ ਤੋਂ ਪਹਿਲੋਂ ਆਪਣੇ ਹੱਥਾਂ ਵਲ ਵੇਖੋ—ਨਹੀਂ ਤਾਂ ਪਤਾ ਨਹੀਂ ਕਿਹੋ ਜਿਹਾ ਮੂੰਹ ਕਿਤੋਂ ਦਿਸ ਪਏ ਤੇ ਦਿਨ ਐਸਾ ਵੈਸਾ ਬੀਤੇ।”

ਅਚਿੰਤ ਆਪਣੇ ਹੱਥਾਂ ਵੱਲ ਵੇਖ ਰਹੀ ਸੀ, ਤੇ ਉਹਦੀ ਜੀਭ ਉਤੇ ਉਹਦਾ ਨਾਂ ਸੀ।

ਕੁਝ ਮਹੀਨਿਆਂ ਤੋਂ ਜਦੋਂ ਅਚਿੰਤ ਸਵੇਰ-ਸਾਰ ਆਪਣੇ ਹੱਥਾਂ ਵਲ ਵੇਖਦੀ, ਤਾਂ ਆਪ-ਮੁਹਾਰੇ ਉਹਦਾ ਨਾਂ ਉਹਦੀ ਜੀਭ ਉਤੇ ਆ ਜਾਂਦਾ ਹੁੰਦਾ ਸੀ।

ਤੇ ਅਚਿੰਤ ਦੀ ਜੀਭ ਨੇ ਉਹਦਾ ਨਾਂ ਇਕ ਚੁੰਮੀਂ ਵਾਂਗ ਜੀਰ ਲਿਆ।

ਕੁਝ ਮਹੀਨਿਆਂ ਤੋਂ ਅਚਿੰਤ ਦੇ ਹੱਥਾਂ ਉਤੇ ਉਹਦੀ ਛੂਹ ਜੀਉਂ ਰਹੀ ਸੀ। ਉਹਦੇ ਨਿੱਘੇ ਹੱਥਾਂ ਦੀ ਛੁਹ (ਜਦੋਂ ਵੀ ਕਦੇ ਉਹਨੇ ਅਚਿੰਤ ਦੇ ਹੱਥ ਫੜੇ ਸਨ ਉਹਦੇ ਹੱਥ ਬੜੇ ਨਿੱਘੇ ਹੁੰਦੇ ਸਨ, ਤੇ ਕਿੰਨੇ ਨਿੱਘੇ ਸਨ ਉਹਦੇ ਬੋਲ...ਇਕ ਵਾਰ ਕਿਸੇ ਕਹਾਣੀ ਵਿਚੋਂ ਇਕ ਫ਼ਿਕਰਾ ਉਹਨੇ ਅਚਿੰਤ ਨੂੰ ਸੁਣਾਇਆ ਸੀ, “ਨੰਗੇ—ਮੇਰੇ ਲਈ ਤੇਰੇ ਨੰਗੇ ਹੱਥ, ਤੇਰਾ ਨੰਗਾ ਮੂੰਹ ਬਹੁਤ ਏ...”)।

ਅਚਿੰਤ ਜਦੋਂ ਨਹਾ ਧੋ ਕੇ ਤਿਆਰ ਹੋ ਗਈ, ਓਦੋਂ ਉਹਦੀ ਅੰਮੀਂ ਗੁਰਦਵਾਰਿਓਂ ਪਰਤੀ। ਹੋਰਨਾਂ ਦੇ ਨਾਲ ਅਚਿੰਤ ਨੂੰ ਵੀ ਉਹਨੇ ਪਰਸ਼ਾਦ ਦਿੱਤਾ। ਉਹਦੀ ਅੰਮੀਂ ਨੂੰ ਇਕ ਗਿਲਾ ਸੀ ਕਿ ਉਹਦੀ ਵੱਡੀ ਧੀ ਉਹਦੇ ਦੂਜੇ ਬੱਚਿਆਂ ਵਾਂਗ ਕਦੇ ਪੂਰੀ ਸ਼ਰਧਾ ਨਾਲ ਪਰਸ਼ਾਦ ਨਹੀਂ ਸੀ ਲੈਂਦੀ, ਪਰ ਅੱਜ ਅਚਿੰਤ ਨੇ ਬਹੁਤ ਚੰਗੀ ਤਰ੍ਹਾਂ ਪਰਸ਼ਾਦ ਲਿਆ ਸੀ, ਹੱਥ ਜੋੜੇ ਤੇ ਅੱਖਾਂ ਮੀਟੀਆਂ ਸਨ। ਉਹਦੀ ਅੰਮੀ ਖ਼ੁਸ਼ ਹੋਈ ਸੀ।

ਅਚਿੰਤ—ਜਿਹੜੀ ਪਰਸ਼ਾਦ, ਪ੍ਰਾਰਥਨਾ, ਪਰਮਾਤਮਾ ਕਿਸੇ ਨੂੰ ਨਹੀਂ ਸੀ ਮੰਨਦੀ—ਉਹਨੇ ਅੱਜ ਪਰਸ਼ਾਦ ਵੇਲੇ ਹੱਥ ਜੋੜ ਕੇ, ਅੱਖਾਂ ਮੀਟ ਕੇ, ਅਬੋਲ ਹੀ ਕਿਹਾ ਸੀ, “ਇਕ ਵਾਰ ਤਾਂ ਮੈਨੂੰ ਮਿਲ ਜਾ, ਮੈਨੂੰ ਜਲਾਵਤਨ ਨੂੰ, ਇਕ ਵਾਰ ਤਾਂ ਮੁੜ ਵਤਨੀਂ ਲੈ ਜਾ”

ਦੁੱਧ ਤੇ ਪਰੌਠੀ—ਕੁਝ ਵੀ ਉਹਦੇ ਅੰਦਰ ਨਹੀਂ ਸੀ ਲੰਘ ਰਿਹਾ। ਕਿਸੇ ਨਾ ਕਿਸੇ ਤਰ੍ਹਾਂ ਅਚਿੰਤ ਨੇ ਦੁੱਧ ਆਪਣੇ ਅੰਦਰ ਡੋਲ੍ਹਿਆ, ਪਰੌਂਠੀ ਆਪਣੇ ਨਿੱਕੇ ਵੀਰ ਦੀ ਪਲੇਟ ਵਿਚ ਰੱਖ ਦਿੱਤੀ, ਤੇ ਫੇਰ ਉਹ ਵਿਹੜੇ ਵਿਚ ਚਲੀ ਗਈ।

ਉਨ੍ਹਾਂ ਦੇ ਘਰ ਦੀ ਚਾਰਦੀਵਾਰੀ ਦੀਆਂ ਕੰਧਾਂ ਉਹਦੇ ਜੰਮਣ ਤੋਂ ਪਹਿਲਾਂ ਕਦੇ ਬਣੀਆਂ ਸਨ। ਜਦੋਂ ਉਹ ਨਿੱਕੀ ਹੁੰਦੀ ਸੀ, ਓਦੋਂ ਇਹ ਕੰਧਾਂ ਉਹਨੂੰ ਏਨੀਆਂ ਉਚੀਆਂ ਕਦੇ ਨਹੀਂ ਸਨ ਜਾਪੀਆਂ, ਪਰ ਹੁਣ ਜਦੋਂ ਉਹਦਾ ਆਪਣਾ ਕੱਦ ਇਨ੍ਹਾਂ ਦੇ ਹਾਣ ਦਾ ਹੋ ਗਿਆ ਸੀ, ਓਦੋਂ ਉਹਨੂੰ ਲਗਦਾ ਸੀ, ਜਿਵੇਂ ਇਹ ਬੜੀਆਂ ਹੀ ਉਚੀਆਂ ਹੋ ਗਈਆਂ ਸਨ!

ਇਨ੍ਹਾਂ ਉਚੀਆਂ ਕੰਧਾਂ ਤੋਂ ਪਾਰ, ਉਹਦੇ ਇਸ ਸ਼ਹਿਰ ਤੋਂ ਦੂਰ, ਇਕ ਬੜੇ ਪਿਆਰੇ ਸ਼ਹਿਰ ਵਿਚ ਉਹ ਰਹਿੰਦਾ ਸੀ!

ਉਹ ਪਿਆਰਾ ਸ਼ਹਿਰ ਤੇ ਉਹਦੀਆਂ ਸੜਕਾਂ...

ਕਿਹੜੀ ਸੜਕ ਸੀ ਉਸ ਸ਼ਹਿਰ ਦੀ ਜਿਸ ਉਤੇ ਉਹ ਇਕੱਠੇ ਨਹੀਂ ਸਨ ਤੁਰੇ!

ਉਹਨੇ ਇਕ ਵਾਰ ਅਚਿੰਤ ਨੂੰ ਕਿਹਾ ਸੀ, “ਮੈਂ ਸੜਕਾਂ ਨਾਲ ਪਰਣਾਇਆ ਹੋਇਆਂ!”

ਤੇ ਉਸ ਪਿਆਰੇ ਸ਼ਹਿਰ ਦੀ ਇਕ ਸੜਕ ਸੀ, ਜਿਥੇ ਅਚਿੰਤ ਨੇ ਉਹਨੂੰ ਇਕ ਦਿਨ ਕਿਹਾ ਸੀ, “ਮੈਂ ਤੈਨੂੰ ਪਿਆਰ ਕਰਦੀ ਹਾਂ”, ਤੇ ਪਤਾ ਨਹੀਂ ਕਿਉਂ, ਅਗੋਂ ਉਹ ਅੰਗਰੇਜ਼ੀ ਵਿਚ ਬੋਲੀ ਸੀ, “I love you simply...affectionately...passionately.” (ਸ਼ਾਇਦ ਉਹਨੇ ਅੰਗ੍ਰੇਜ਼ੀ ਰਾਹੀਂ ਆਲੇ-ਦੁਆਲੇ ਤੋਂ ਓਹਲਾ ਕੀਤਾ ਸੀ)।

ਉਸ ਪਿਆਰੇ ਸ਼ਹਿਰੋਂ ਜਦੋਂ ਉਹ ਇਸ ਕੰਧਾਂ ਵਾਲੇ ਸ਼ਹਿਰ ਆਈ ਸੀ, ਤਾਂ ਉਹ ਉਹਨੂੰ ਅਲਵਿਦਾ ਕਹਿਣ ਸਟੇਸ਼ਨ ਉਤੇ ਆਇਆ ਸੀ। ਜਿਸ ਗੱਡੀ ਉਸ ਜਾਣਾ ਸੀ ਉਹ ਸਵੇਰੇ-ਸਵੇਰੇ ਹੀ ਓਥੋਂ ਤੁਰਦੀ ਸੀ।

ਗੱਡੀ ਤੁਰਨ ਤੋਂ ਪਹਿਲਾਂ ਉਨ੍ਹਾਂ ਇਕੱਠਿਆਂ ਸਟੇਸ਼ਨ ਉਤੇ ਚਾਹ ਪੀਤੀ ਸੀ, ਤੇ ਉਹਨੇ ਉਹਨੂੰ ਇਕ ਕਹਾਣੀਆਂ ਦੀ ਕਿਤਾਬ ਦਿੱਤੀ ਸੀ।

ਇਕੱਠਿਆਂ ਚਾਹ ਪੀਂਦਿਆਂ ਉਹਨੇ ਉਸ ਕਿਤਾਬ ਵਿਚੋਂ ਪੜ੍ਹ ਕੇ ਸੁਣਾਇਆ ਸੀ: “ਕੁੜੀ ਵੀ ਪੀ ਕੇ ਕੁਝ ਮਸਤ ਹੋ ਗਈ ਸੀ, ਤੇ ਉਹ ਆਪ ਵੀ ਪੀ ਕੇ ਕੁਝ ਮਸਤ ਹੋ ਗਿਆ ਸੀ, ਪਰ ਠੀਕ ਠਾਕ ਸੀ, ਸੰਗੀਤ ਸੀ, ‘ਓ ਸੋਲ ਮੀਓ’ ਮੇਰਾ ਸੂਰਜ, ਇਟਲੀ, ਸਾਦਾ ਲੋਕ, ਮੁਹੱਬਤ ਦੇ ਗੀਤ ਗੌਂ ਰਹੇ, ਇਹ ਸਾਰਾ ਸੰਸਾਰ ਸੀ ਆਪਣੀ ਉਦਾਸੀ ਵਿਚ, ਮੁਹੱਬਤ ਮੰਗ ਰਿਹਾ, ਤੇ ਹਰ ਵਾਰ ਜਦੋਂ ਉਹ ਬੀਅਰ ਦਾ ਘੁੱਟ ਭਰਦਾ, ਤਾਂ ਉਹ ਵੀ ਬੀਅਰ ਦਾ ਘੁੱਟ ਭਰਦੀ, ਤੇ ਇਹ ਉਨ੍ਹਾਂ ਦੀ ਮੁਹੱਬਤ ਦਾ ਇਕ ਹਿੱਸਾ ਸੀ, ਇਹ ਉਨ੍ਹਾਂ ਦੀ ਇਕੱਠੀ ਮਾਸੂਮੀਅਤ ਦਾ ਇਕ ਹਿੱਸਾ ਸੀ, ਇਹ ਉਨ੍ਹਾਂ ਦੀ ਸਾਂਝ ਦਾ ਇਕ ਹਿੱਸਾ ਸੀ, ਇਕੱਠਿਆਂ ਜਾਗਦੇ ਹੋਣਾ, ਇਕ ਨਿੱਕੀ ਜਿਹੀ ਬੀਅਰ-ਬਾਰ ਵਿਚ; ਇਕੱਠਿਆਂ ਬੀਅਰ ਪੀਣਾ, ਇਕੱਠਿਆਂ ਨੌਜਵਾਨ ਇਤਾਲਵੀ ਦਾ ਉਦਾਸ-ਉਦਾਸ ਗੀਤ ਸੁਣਨਾ, ਇਕੱਠਿਆਂ ਦੁਨੀਆਂ ਵਿਚ ਜੀਉਂਦੇ ਹੋਣਾ, ਇਕੋ ਥਾਂ, ਉਨ੍ਹਾਂ ’ਚੋਂ ਹਰ ਕੋਈ ਲੱਖਾਂ ’ਚੋਂ ਇਕ। ਇਹ ਬੜਾ ਚੰਗਾ ਸੀ, ਤੇ ਪਿਆਲੇ ਵਿਚ ਚੁੰਮੀਂ ਸੀ, ਤੇ ਉਹ ਇਕ ਦੂਜੇ ਲਈ ਆਪਣੀਆਂ ਅੱਖਾਂ ਨਾਲ ਪੀ ਰਹੇ ਸਨ, ਤੇ ਉਹ ਜਾਣਦਾ ਸੀ ਕਿ ਉਨ੍ਹਾਂ ਦੋਵਾਂ ਪੀਤੀ ਹੋਈ ਸੀ, ਤੇ ਉਹ ਅਮਰ ਸਨ-”

ਤੇ ਉਹਨੇ ਅਚਿੰਤ ਨੂੰ ਓਦੋਂ ਫੁੱਲ ਦਿੱਤੇ ਸਨ, ਜਿਹੜੇ ਪਤਾ ਨਹੀਂ ਕਿਉਂ ਓਦੋਂ ਉਹਨੇ ਆਪਣੇ ਕੇਸਾਂ ਵਿਚ ਨਹੀਂ ਸਨ ਟੁੰਗੇ, ਤੇ ਆਪਣੇ ਪਰਸ ਵਿਚ ਪਾ ਲਏ ਸਨ!

ਫੇਰ ਜਦੋਂ ਉਹ ਫੁੱਲ ਸੁੱਕ ਗਏ ਸਨ, ਤਾਂ ਉਹਦੀ ਦਿੱਤੀ ਕਿਤਾਬ ਦੇ ਉਸ ਸਫ਼ੇ ਉਤੇ, ਜਿਥੇ ‘ਉਨ੍ਹਾਂ ਦੋਵਾਂ ਪੀਤੀ ਹੋਈ ਸੀ, ਤੇ ਉਹ ਅਮਰ ਸਨ’, ਅਚਿੰਤ ਨੇ ਇਹ ਫੁੱਲ ਸਾਂਭ ਦਿੱਤੇ ਸਨ; ਤੇ ਇਹ ਫੁੱਲ ਇਸ ਕਿਤਾਬ ਵਿਚ ਬੜੀ ਦੇਰ ਪਏ ਰਹੇ ਸਨ।

ਫੇਰ ਇਕ ਦਿਨ ਉਹਨੇ ਇਨ੍ਹਾਂ ਕੰਧਾਂ ਵਿਚ ਵਲਗੀ ਰਾਤ-ਰਾਣੀ ਦੀਆਂ ਜੜ੍ਹਾਂ ਕੋਲ ਇਨ੍ਹਾਂ ਫੁਲਾਂ ਦਾ ਚੂਰ-ਭੂਰ ਪੋਲੀ ਜਿਹੀ ਦਬਾ ਦਿੱਤਾ ਸੀ; ਤੇ ਸਟੇਸ਼ਨ ਉਤੇ ਸਵੇਰ-ਸਾਰ ਖਿੜੇ ਫੁਲ ਉਹਦੀ ਰਾਤ-ਰਾਣੀ ਵਿਚ ਸਮਾ ਗਏ ਸਨ, ਉਨ੍ਹਾਂ ਦੀ ਮਹਿਕ ਰਚ-ਮਿਚ ਗਈ ਸੀ।

ਉਹਦੇ ਸੱਜੇ ਹੱਥ ਨੇ ਆਪਣੇ ਕੇਸਾਂ ਨੂੰ ਟੋਹਿਆ। ਪਤਾ ਨਹੀਂ ਕਿਉਂ ਓਦੋਂ ਉਹਨੇ ਉਹ ਫੁਲ ਆਪਣੇ ਕੇਸਾਂ ਵਿਚ ਨਹੀਂ ਸਨ ਟੁੰਗੇ!

ਉਹ ਪਿਆਰਾ ਸ਼ਹਿਰ ਜਿਥੇ ਉਹ ਰਹਿੰਦਾ ਸੀ—“ਜੇ ਤੂੰ ਓਥੇ ਜਾਣ ਲਈ ਇਕ ਕਦਮ ਵੀ ਚੁੱਕਿਆ ਤਾਂ ਮੈਂ ਤੇਰੀਆਂ ਲੱਤਾਂ ਵੱਢ ਦਿਆਂਗਾ,” ਅਚਿੰਤ ਦੇ ਪਿਤਾ ਜੀ ਨੇ ਇਕ ਦਿਨ ਫ਼ੈਸਲਾ ਸੁਣਾ ਦਿੱਤਾ ਸੀ।

ਤੇ ਇਸ ਸ਼ਹਿਰ ਕਦੇ ਉਹ ਆ ਵੀ ਜਾਂਦਾ, ਤਾਂ ਇਹ ਕੰਧਾਂ ਸਨ, ਤੇ ਅਨੇਕਾਂ ਕੰਧਾਂ।

ਉਹਦੇ ਨਿੱਘੇ ਹੱਥ...ਵਿਚਾਲੇ ਇਕ ਕੰਧ।

ਉਹਦੇ ਨਿੱਘੇ ਬੋਲ…ਇਕ ਹੋਰ ਕੰਧ।

ਉਹਦੀ ਨਿੱਘੀ ਤੱਕਣੀ…ਇਕ ਹੋਰ ਕੰਧ।

ਉਹਦੀ ਸਹੇਲੀ ਸਰਲਾ ਬੜੇ ਵਰ੍ਹਿਆਂ ਪਿਛੋਂ ਪੇਕੇ ਆਈ ਸੀ। ਉਹਨੇ ਅੱਜ ਉਹਦੇ ਘਰ ਜਾਣ ਲਈ ਆਪਣੀ ਅੰਮੀਂ ਕੋਲੋਂ ਇਜਾਜ਼ਤ ਲਈ ਸੀ।

ਨਿੱਕਾ ਵੀਰ ਉਹਦੇ ਲਈ ਰਿਕਸ਼ਾ ਲੈ ਆਇਆ ਸੀ।

ਰਿਕਸ਼ੇ ਵਿਚ ਖੱਬੇ ਪਾਸੇ ਲੱਗ ਕੇ ਉਹ ਬਹਿ ਗਈ। ਸੱਜੇ ਪਾਸੇ ਜਿਵੇਂ ਕਿਸੇ ਦੇ ਬਹਿਣ ਲਈ ਉਹਨੇ ਥਾਂ ਛੱਡ ਦਿੱਤੀ। ਰਿਕਸ਼ਾ ਤੁਰ ਪਈ।

“ਬੀਬੀ ਜੀ, ਵਿਚਕਾਹੇ ਹੋ ਕੇ ਬਹਿ ਜਾਓ,” ਰਿਕਸ਼ਾ ਵਾਲੇ ਨੇ ਕਿਹਾ।

ਉਹ ਜਦੋਂ ਵੀ ਇਕੱਠੇ ਤੁਰਦੇ, ਉਹ ਸੱਜੇ ਪਾਸੇ ਹੁੰਦਾ; ਉਹ ਜਦੋਂ ਵੀ ਰਿਕਸ਼ਾ ਵਿਚ ਇਕੱਠੇ ਬਹਿੰਦੇ, ਉਹ ਸੱਜੇ ਪਾਸੇ ਬਹਿੰਦਾ—ਤੇ ਅਚਿੰਤ ਪੋਲਿਆਂ ਜਿਹੇ ਸੱਜੇ ਪਾਸੇ ਵੱਲ ਖਿਸਕ ਕੇ ਵਿਚਕਾਰ ਹੋ ਗਈ।

ਉਸ ਪਿਆਰੇ ਸ਼ਹਿਰ ਦੀ ਇਕ ਵੱਡੀ ਸੜਕ ਦੇ ਕੰਢੇ ਇਕ ਬੜਾ ਇਕੱਲਾ, ਹਨੇਰਾ, ਛੋਟਾ ਜਿਹਾ ਰਾਹ ਸੀ। ਇਹ ਲੰਘ ਕੇ ਉਨ੍ਹਾਂ ਦੇ ਇਕ ਸਾਂਝੇ ਦੋਸਤ ਦਾ ਘਰ ਆਉਂਦਾ ਸੀ। ਤੇ ਇਕ ਰਾਤ ਇਸ ਬੜੇ ਇਕੱਲੇ, ਹਨੇਰੇ, ਛੋਟੇ ਜਿਹੇ ਰਾਹ ਉਤੇ ਰਿਕਸ਼ੇ ਵਿਚ ਬੈਠਿਆਂ ਉਹ ਇਕ ਦੂਜੇ ਦੇ ਬਹੁਤ ਨੇੜੇ ਹੋ ਗਏ ਸਨ...

ਕਿਸੇ ਫ਼ਿਲਮ ਵਿਚ, ਜਾਂ ਕਿਸੇ ਕਹਾਣੀ ਵਿਚ ਰਿਕਸ਼ਾ ਵਿਚਲਾ ਅਜਿਹਾ ਪਲ ਕਦੇ ਨਹੀਂ ਸੀ ਚਿਤ੍ਰਿਆ ਗਿਆ! ਤੇ ਉਹ ਪਲ—ਬੜੇ ਇਕੱਲੇ, ਹਨੇਰੇ, ਛੋਟੇ ਜਿਹੇ ਰਾਹ ਉੱਤੇ ਰਿਕਸ਼ੇ ਵਿਚ ਇਕ ਦੂਜੇ ਦੇ ਇੰਜ ਨੇੜੇ ਹੋ ਜਾਣ ਦਾ ਪਲ—ਇਕ ਕਵਿਤਾ ਸੀ...

ਰਿਕਸ਼ਾ ਵਾਲਾ ਬੜੀ ਭੀੜ ਵਾਲੀ, ਧੁੱਪ-ਚਿਲਕਦੀ, ਵੱਡੀ ਸਾਰੀ ਸੜਕ ਉਤੇ ਵਾਹੋ-ਦਾਹੀ ਜਾ ਰਿਹਾ ਸੀ।

“ਮੈਨੂੰ ਕੋਈ ਕਾਹਲ ਨਹੀਂ,” ਉਹ ਅਗੋਂ ਇਹ ਵੀ ਕਹਿਣਾ ਚਾਹੁੰਦੀ ਸੀ—“ਮੈਨੂੰ ਕਿਤੇ ਪੁੱਜਣ ਦੀ ਕਾਹਲ ਨਹੀਂ, ਮੈਂ ਤਾਂ ਕੁਝ ਦੇਰ ਲਈ ਉਨ੍ਹਾਂ ਕੰਧਾਂ ਤੋਂ ਬਾਹਰ ਆਈ ਹਾਂ, ਹੌਲੀ ਚੱਲ”

ਰਿਕਸ਼ਾ ਵਾਲਾ ਓਵੇਂ ਹੀ ਵਾਹੋ-ਦਾਹੀ ਜਾ ਰਿਹਾ ਸੀ।

ਉਹਨੇ ਇਕ ਪ੍ਰਸਿੱਧ ਅਮਰੀਕੀ ਜੱਜ ਦੀ ਜੀਵਨੀ ਕਦੇ ਪੜ੍ਹੀ ਸੀ। ਉਨ੍ਹੀਵੀਂ ਸਦੀ ਦੇ ਅਖੀਰ ਦਾ ਜ਼ਿਕਰ ਸੀ। ਪੰਝਤਰਾਂ ਵਰ੍ਹਿਆਂ ਦਾ ਜੱਜ ਦੇਰ ਬਾਅਦ ਬਾਹਰੋਂ ਆਪਣੇ ਫ਼ਾਰਮ ਉਤੇ ਘਰ ਪਰਤ ਰਿਹਾ ਸੀ। ਸੱਤਰਾਂ ਵਰ੍ਹਿਆਂ ਦੀ ਉਹਦੀ ਵਹੁਟੀ ਆਪਣੀ ਫ਼ਿਟਨ ਉਤੇ ਬਹਿ ਕੇ ਸਟੇਸ਼ਨ ਉਤੇ ਉਹਨੂੰ ਲੈਣ ਜਾ ਰਹੀ ਸੀ। ਘੋੜਾ ਅਚਾਨਕ ਕੋਚਵਾਨ ਦੇ ਕਾਬੂ ਤੋਂ ਬਾਹਰ ਹੋ ਸਰਪਟ ਦੌੜ ਪਿਆ ਸੀ। ਵਹੁਟੀ ਨੇ ਕੋਚਵਾਨ ਨੂੰ ਕਿਹਾ ਸੀ, “ਜੇ ਇੰਜ ਸਰਪਟ ਹੋਏ ਘੋੜੇ ਨੇ ਕੋਈ ਐਕਸੀਡੈਂਟ ਕਰ ਦਿੱਤਾ, ਤੇ ਮੈਂ ਰਾਹ ਵਿਚ ਹੀ ਮਰ ਗਈ ਤਾਂ ਤੂੰ ਉਨ੍ਹਾਂ ਨੂੰ ਸਟੇਸ਼ਨ ਉਤੇ ਪੁੱਜ ਕੇ ਇਹ ਜ਼ਰੂਰ ਦੱਸ ਦਈਂ ਕਿ ਮੈਂ ਉਨ੍ਹਾਂ ਨੂੰ ਬਹੁਤ ਹੀ ਪਿਆਰ ਕਰਦੀ ਸਾਂ।”

…ਮੈਂ ਤੈਨੂੰ ਪਿਆਰ ਕਰਦੀ ਹਾਂ… I love you simply...affectionately...passionately.

“ਜੀਉਂਦੇ ਜੀਅ ਤੂੰ ਉਹਨੂੰ ਨਹੀਂ ਮਿਲ ਸਕਦੀ,” ਅਚਿੰਤ ਦੇ ਪਿਤਾ ਜੀ ਨੇ ਹੁਕਮ ਸੁਣਾਇਆ ਸੀ।

ਤੇ ਮਰ ਕੇ ਮਿਲਣਾ...ਵੀਹਾਂ ਵਰ੍ਹਿਆਂ ਦੀ ਉਮਰ ਵਿਚ, ਆਪਣੀ ਪਹਿਲੀ ਮੁਹੱਬਤ ਦੀ ਪਹਿਲੀ ਬਸੰਤ ਰੁੱਤੇ ਮਰਨ ਦੀ ਇਹ ਬਾਤ…

ਰਿਕਸ਼ਾ ਵਾਲਾ ਓਵੇਂ ਹੀ ਵਾਹੋ-ਦਾਹੀ ਜਾ ਰਿਹਾ ਸੀ।

ਸਾਹਮਣਿਓਂ ਇਕ ਟਰੱਕ ਆ ਰਿਹਾ ਸੀ।

ਸੱਜੇ ਪਾਸੇ ਇਕ ਤੂੜੀ-ਲੱਦਿਆ ਗੱਡਾ ਸੀ।

ਖੱਬੇ ਪਾਸੇ ਇਕ ਰੇੜ੍ਹਾ ਸੀ, ਲੰਮੇ-ਸਲੰਮੇ ਸਰੀਏ ਅਗਾਂਹ ਵਧੇ ਹੋਏ।

ਪਿੱਛੇ ਸਾਈਕਲ ਸਨ, ਸਾਈਕਲ, ਹੋਰ ਸਾਈਕਲ।

...ਤੇ ਟਰੱਕ ਜਿਵੇਂ ਉਹਦੇ ਰਿਕਸ਼ੇ ਨਾਲ ਟਕਰਾ ਗਿਆ ਹੋਵੇ…ਜਿਵੇਂ ਉਹ ਸਰੀਏ ਵਾਲੇ ਰੇੜ੍ਹੇ ਉਤੇ ਡਿਗ ਪਈ ਹੋਵੇ। ਜਿਵੇਂ ਉਹ ਹਸਪਤਾਲ ਵਿਚ ਹੋਵੇ...ਮਰਨ ਦੇ ਨੇੜੇ।

‘…ਜੀਉਂਦੇ ਜੀਅ ਤੂੰ ਉਹਨੂੰ ਨਹੀਂ ਮਿਲ ਸਕਦੀ…’

ਤੇ ਹੁਣ ਉਹ ਜੀਉਣੋਂ-ਪਰ੍ਹਾਂ—ਮਰਨੋਂ–ਉਰ੍ਹਾਂ ਪਈ ਸੀ, ਤੇ ਉਹਨੇ ਅਖ਼ੀਰਲੀ ਮੰਗ ਮੰਗੀ ਸੀ, ‘ਉਹਨੂੰ ਬੁਲਾ ਦਿਓ...।’

...ਉਹ ਆਇਆ ਸੀ, ਤੇ ਫੁੱਲ ਲਿਆਇਆ ਸੀ...

‘…ਇਹ ਮੇਰੇ ਕੇਸਾਂ ਵਿਚ ਟੁੰਗ ਦੇ...’

ਤੇ ਉਹਨੇ ਫੁੱਲ ਉਹਦੇ ਕੇਸਾਂ ਵਿਚ ਟੁੰਗ ਦਿੱਤੇ ਸਨ ਤੇ ਉਹਨੇ ਉਹਦੇ ਹੱਥ ਆਪਣੇ ਹੱਥਾਂ ਵਿਚ ਫੜ ਲਏ ਸਨ, ਕਿੰਨੇ ਨਿੱਘੇ ਹੱਥ...

‘ਅਚਿੰਤ, ਮੇਰੀ ਅਚਿੰਤ’, ਕਿੰਨੇ ਨਿਘੇ ਬੋਲ…

...ਤੇ ਵਿਚਾਲੇ ਕੋਈ ਕੰਧ ਨਾ, ਕੋਈ ਵੀ ਨਾ...

ਇਕ ਬਹੁਤ ਗੰਦੀ ਗਾਲ੍ਹ ਉਹਦੇ ਕੰਨਾਂ ਨਾਲ ਟਕਰਾਈ।

ਟਰੱਕ ਦਾ ਡਰਾਈਵਰ ਆਪਣੀ ਬਾਰੀ ਵਿਚੋਂ ਮੂੰਹ ਕੱਢ ਕੇ ਰਿਕਸ਼ਾ ਵਾਲੇ ਨੂੰ ਗਾਲ੍ਹਾਂ ਕੱਢ ਰਿਹਾ ਸੀ।

ਨਹੀਂ ਇਹ ਹਸਪਤਾਲ ਦਾ ਰਾਹ ਤਾਂ ਨਹੀਂ ਸੀ।

ਆਲੇ-ਦੁਆਲੇ ਖੜੋਤੇ ਲੋਕ ਸ਼ੁਕਰ ਮਨਾ ਰਹੇ ਸਨ, “ਟੱਕਰ ਹੁੰਦੀ ਮਸਾਂ-ਮਸਾਂ ਬਚੀ ਏ।”

ਭੀੜ ਲੰਘ ਕੇ ਰਿਕਸ਼ਾ ਵਾਲਾ ਫੇਰ ਓਵੇਂ ਹੀ ਵਾਹੋ-ਦਾਹੀ ਹੋ ਪਿਆ।

ਉਹ ਸਾਹਮਣੇ ਸਰਲਾ ਦੇ ਘਰ ਦੀਆਂ ਉੱਚੀਆਂ ਕੰਧਾਂ ਸਨ। ਸਰਲਾ ਬੜੇ ਵਰ੍ਹਿਆਂ ਪਿਛੋਂ ਪੇਕੇ ਆਈ ਸੀ ਤੇ ਅਚਿੰਤ ਨੇ ਅੱਜ ਉਹਦੇ ਘਰ ਜਾਣ ਲਈ ਆਪਣੀ ਅੰਮੀਂ ਕੋਲੋਂ ਇਜਾਜ਼ਤ ਲਈ ਸੀ।

[1968]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •