Bauni Ghori Da Sawar (Punjabi Story) : Gurmail Mudahar

ਬੌਣੀ ਘੋੜੀ ਦਾ ਸਵਾਰ (ਕਹਾਣੀ) : ਗੁਰਮੇਲ ਮਡਾਹੜ

ਅਜੈਬ ਦੀ ਸਿਹਤ ਬਾਰੇ ਜਿਉਂ-ਜਿਉਂ ਮੈਨੂੰ ਖ਼ਬਰਾਂ ਮਿਲ ਰਹੀਆਂ ਸਨ ਤਿਉਂ-ਤਿਉਂ ਮੇਰਾ ਮਨ ਬੇਚੈਨ ਹੁੰਦਾ ਜਾ ਰਿਹਾ ਸੀ। ਜ਼ਿਲ੍ਹਾ ਮੈਜਿਸਟਰੇਟ ਤੋਂ ਛੁੱਟੀ ਦੀ ਮੰਗ ਕੀਤੀ ਤਾਂ ਕਿ ਉਸ ਨੂੰ ਮਿਲ ਆਵਾਂ, ਪਰ ਉਨ੍ਹਾਂ ਨਾ-ਮਨਜ਼ੂਰ ਕਰ ਦਿੱਤੀ। ਦਿਲ ਵਿਚ ਆਇਆ ਕਿ ਬਿਨਾ ਸਟੇਸ਼ਨ ਲੀਵ ਲਏ ਹੀ ਦੌੜ ਕੇ ਉਸ ਦਾ ਪਤਾ ਕਰ ਆਵਾਂ ਪਰ ਇਸ ਨਾਲ ਤਾਂ ਕੋਈ ਹੋਰ ਵੀ ਪੰਗਾ ਪੈ ਸਕਦਾ ਸੀ। ਮੇਰੀ ਉਸ ਨੂੰ ਮਿਲਣ ਦੀ ਖ਼ਬਰ ਕਿਸੇ ਤਰ੍ਹਾਂ ਵੀ ਲੁਕੀ ਨਹੀਂ ਰਹਿ ਸਕਦੀ ਸੀ ਕਿਉਂਕਿ ਹੁਣ ਉਹ ਕਿਹੜਾ ਸਾਧਾਰਨ ਬੰਦਾ ਸੀ। ਇਨ੍ਹੀਂ ਦਿਨੀਂ ਕੋਈ ਵੀ ਅਖ਼ਬਾਰ ਉਸ ਬਾਰੇ ਖ਼ਬਰ ਛਾਪੇ ਬਿਨਾ ਪ੍ਰਕਾਸ਼ਤ ਨਹੀਂ ਹੋ ਰਹੀ ਸੀ।
ਮੇਰੇ ਅੰਦਰਲਾ ਮੈਨੂੰ ਵਾਰ-ਵਾਰ ਲਾਹਨਤਾਂ ਪਾ ਰਿਹਾ ਸੀ। ਚੂਹਾ ਹਲਦੀ ਦੀ ਗੱਠੀ ਪ੍ਰਾਪਤ ਕਰਕੇ ਪਤਾ ਨਹੀਂ ਪੰਸਾਰੀ ਬਣ ਗਿਆ ਸੀ ਜਾਂ ਨਾ ਪਰ ਮੇਰੀ ਹਾਲਤ ਜ਼ਰੂਰ ਉਸ ਹਲਦੀ ਦੀ ਗੱਠੀ ਵਾਲੇ ਚੂਹੇ ਵਰਗੀ ਹੋ ਗਈ ਸੀ। ਮਨੁੱਖ ਨੂੰ ਜੇ ਥੋੜ੍ਹਾ ਜਿਹਾ ਵੀ ਕੋਈ ਲਾਭ ਕਿਸੇ ਪਾਸਿਓਂ ਮਿਲ ਜਾਂਦਾ ਹੈ ਉਹ ਆਪਣਾ ਪਿੱਛਾ ਕਿਵੇਂ ਭੁੱਲ ਜਾਂਦਾ ਹੈ, ਪਰ ਨਹੀਂ, ਮੈਂ ਭੁੱਲਿਆ ਨਹੀਂ ਸਾਂ। ਮੈਂ ਤਾਂ ਮਜਬੂਰ ਸਾਂ।
ਉਮਰ ਵਿਚ ਭਾਵੇਂ ਉਹ ਮੇਰੇ ਤੋਂ ਬਾਰਾਂ ਤੇਰਾਂ ਸਾਲ ਵੱਡਾ ਸੀ ਪਰ ਹਰ ਵਕਤ ਇਕੱਠੇ ਰਹਿਣ ਕਰਕੇ ਸਾਡੀ ਇਹ ਉਮਰਾਂ ਦੀ ਵਿੱਥ ਮਿਟੀ ਹੋਈ ਸੀ। ਰਿਸ਼ਤਾ ਭਾਵੇਂ ਸਾਡਾ ਮਾਮੇ ਭਾਣਜੇ ਦਾ ਹੀ ਸੀ ਪਰ ਅਸੀਂ ਭਰਾਵਾਂ ਵਾਂਗ ਰਹਿੰਦੇ, ਦੋਸਤਾਂ ਵਾਂਗ ਹੱਸਦੇ, ਖੇਡਦੇ, ਇੱਕ ਦੂਜੇ ਨੂੰ ਪਿਆਰ ਕਰਦੇ ਸਾਂ। ਦੋ ਸ਼ੌਕ ਉਸ ਨੂੰ ਬਚਪਨ ਤੋਂ ਹੀ ਅਮਲੀਆਂ ਦੇ ਨਸ਼ੇ ਨਾਲੋਂ ਵੀ ਬੜੇ ਚੜ੍ਹੇ ਹੋਏ ਸਨ। ਇੱਕ ਵਧੀਆ ਖਾਣਾ, ਦੂਜਾ ਹਰ ਰੋਜ਼ ਧੋਤੇ ਹੋਏ ਕੱਪੜੇ ਪਾ ਕੇ ਰੱਖਣਾ। ਜਿਹੜੇ ਕਦੇ ਉਸ ਨੇ ਕਿਸੇ ਤੋਂ ਨਹੀਂ ਧੁਆਏ ਸੀ ਤੇ ਨਾ ਹੀ ਕਿਸੇ ਦੇ ਧੋਤੇ ਕੱਪੜੇ ਉਸ ਦੇ ਨਖਰੇ ਹੇਠ ਆਏ ਸੀ। ਸਾਬਣ ਲਾ ਕੇ ਜਦ ਉਹ ਮੁੱਕਿਆਂ ਨਾਲ ਕੱਪੜਿਆਂ ਨੂੰ ਕੁਟਦਾ ਤਾਂ ਕਿਸੇ ਮੁਟਿਆਰ ਦੇ ਕੱਪੜਿਆਂ 'ਤੇ ਮਾਰੇ ਥਾਪਿਆਂ ਤੋਂ ਵੀ ਵੱਧ ਉਸ ਦੇ ਮੁੱਕਿਆਂ ਦਾ ਖੜਕਾ ਹੁੰਦਾ।
'ਹੌਲੀ ਕੁੱਟ ਲੈ…ਪਾੜਨੇ ਤਾਂ ਨੀ,' ਵੱਡੀ ਭਾਬੀ ਕਹਿੰਦੀ।
ਉਹ ਮੁਸਕਰਾ ਛੱਡਦਾ। ਕੰਨਾਂ ਦੀਆਂ ਪੇਪੜੀਆਂ ਤੋਂ ਜ਼ਰਾ ਚੱਕਵੀਂ ਬੰਨ੍ਹੀ ਪੱਗ ਹੇਠ ਉਸ ਦੀਆਂ ਸਿਉਨੇ ਦੀਆਂ ਨੱਤੀਆਂ ਵਿਚਲੀਆਂ ਮੋਰਨੀਆਂ ਦੀਆਂ ਅੱਖਾਂ ਦੇ ਲਾਲ ਨਗ ਦਿਨੇ ਸੂਰਜ ਦੀ ਰੌਸ਼ਨੀ ਵਿਚ, ਰਾਤ ਨੂੰ ਦੀਵਟ ਉਤੇ ਟਿਕੇ ਦੀਵੇ ਦੇ ਚਾਨਣ ਵਿਚ ਲੋਹੜੇ ਦੇ ਚਮਕਦੇ। ਖੱਬੇ ਕੰਨ ਅਤੇ ਗਿੱਚੀ ਵਿਚਾਲੇ ਚਾਰ ਉਂਗਲ ਦਾ ਛੱਡਿਆ ਟੌਰ੍ਹਾ ਕਿਸੇ ਲੱਕੇ ਕਬੂਤਰ ਦੀ ਪੂਛ ਦਾ ਭੁਲੇਖਾ ਪਾਉਂਦਾ। ਉਂਗਲ ਉਂਗਲ ਕਤਰੀ ਦਾੜ੍ਹੀ ਦੇ ਖਤਾਂ ਵਿਚ ਉਹਨੇ ਕਦੇ ਕੋਈ ਵਾਲ ਨਹੀਂ ਸੀ ਚਮਕਣ ਦਿੱਤਾ। ਨਾ ਹੀ ਕਦੇ ਉਸ ਨੇ ਆਪਣੇ ਕੱਪੜਿਆਂ 'ਤੇ ਦਾਗ਼ ਲੱਗਣ ਦਿੱਤਾ ਸੀ। ਉਸ ਦੀਆਂ ਲੱਤਾਂ ਬਚਪਨ ਵਿਚ ਹੀ ਸੋਕੇ ਦੀਆਂ ਸ਼ਿਕਾਰ ਹੋ ਗਈਆਂ ਸਨ, ਜਿਸ ਕਰਕੇ ਉਹ ਲੱਤਾਂ ਦਾ ਕੰਮ ਵੀ ਬਾਹਾਂ ਤੋਂ ਹੀ ਲੈਂਦਾ ਸੀ। ਚੱਲਣ ਵੇਲੇ ਉਸ ਨੇ ਧਰਤੀ ਉਤੇ ਆਪਣਾ ਹੇਠਲਾ ਭਾਗ ਕਦੇ ਨਹੀਂ ਲੱਗਣ ਦਿੱਤਾ ਸੀ। ਉਸ ਦੀ ਪੰਤਾਲੀਛਿਆਲੀ ਇੰਚ ਚੌੜੀ ਛਾਤੀ, ਵੀਹ-ਇੱਕੀ ਇੰਚ ਦੇ ਡੌਲੇ ਆਮ ਆਦਮੀ ਦਾ ਧਿਆਨ ਆਪਣੇ ਵੱਲ ਖਿੱਚੇ ਬਿਨਾ ਨਾ ਛੱਡਦੇ। ਗਰਦਨ ਉਤੇ ਗੈਂਡੇ ਵਾਂਗ ਚੜ੍ਹਿਆ ਮਾਸ ਦੇਖ ਕੇ ਹਰ ਕੋਈ ਉਸ ਦੀ ਤਾਕਤ ਦਾ ਸਿੱਕਾ ਮੰਨੇ ਬਿਨਾ ਨਾ ਰਹਿ ਸਕਦਾ। ਚੌੜੇ ਤੇ ਭਾਰੀ ਚਿਹਰੇ ਉਤੇ ਗੋਲ ਤੇ ਮੋਟੀਆਂ ਅੱਖਾਂ ਨਾਲ ਜਣਾ-ਖਣਾ ਨਜ਼ਰਾਂ ਮਿਲਾਉਣ ਤੋਂ ਕੰਨੀਂ ਕਤਰਾਉਂਦਾ। ਆਪਣੇ ਹੱਥਾਂ ਦੀਆਂ ਤਲੀਆਂ ਨੂੰ ਠੂਠੀਆਂ ਬਣਾ ਕੇ ਮੋਟੀਆਂ ਭਾਰੀ ਉਂਗਲਾਂ ਵੱਲ ਦੇਖਦਾ ਹੋਇਆ ਉਹ ਕਹਿੰਦਾ, "ਭਾਣਜੇ ਇਹ ਪੰਜਾ ਜੇ ਕਿਤੇ ਸ਼ੇਰ ਨਾਲ ਵੀ ਮਿਲ ਜਾਵੇ ਉਸ ਦਾ ਹੱਥ ਸਰਕੜੇ ਦੇ ਕਾਨੇ ਵਾਂਗੂੰ ਤੋੜ ਕੇ ਰੱਖ ਦੇਈਏ…ਇਹ ਉਂਗਲਾਂ ਤਾਂ ਛਿਪਕਲੀ ਦੇ ਪੰਜਿਆਂ ਨਾਲੋਂ ਵੀ ਕਰੜੀਆਂ ਨੇ ਜੇ ਕੰਧ 'ਤੇ ਮਾਰ ਦੇਈਏ ਤਾਂ ਕੀ ਮਜਾਲ ਐ ਕੋਈ ਉਖੇੜ ਦੇਵੇ। ਸਾਰੀ ਕੰਧ 'ਤੇ ਨਾ ਫਿਰ ਜਾਈਏ ਇਨ੍ਹਾਂ ਉਂਗਲਾਂ ਦੇ ਸਹਾਰੇ।"
ਇਹ ਲੱਗਦਾ ਵੀ ਸੱਚ ਸੀ। ਦੇਖਣ ਵਾਲੇ ਤਾਂ ਇਹ ਵੀ ਦੇਖ ਕੇ ਹੈਰਾਨ ਰਹਿ ਜਾਂਦੇ ਸਨ ਜਦ ਉਹ ਤੁਰੀ ਜਾਂਦੀ ਘੋੜੀ ਦੀ ਪਿੱਠ 'ਤੇ ਹੱਥ ਟਿਕਦੇ ਹੀ ਇੱਕੋ ਬਾਂਹ ਦੇ ਜ਼ੋਰ ਨਾਲ ਟਪੂਸੀ ਮਾਰ ਕੇ ਉਤੇ ਜਾ ਬਹਿੰਦਾ। ਇਨ੍ਹਾਂ ਹੱਥਾਂ ਤੋਂ ਈ ਉਹ ਪੈਰਾਂ ਦਾ ਕੰਮ ਲੈ ਕੇ ਘੋੜੀ ਨੂੰ ਹਵਾ ਨਾਲ ਗੱਲਾਂ ਕਰਨ ਲਾ ਦਿੰਦਾ ਸੀ।
ਇਹ ਪੰਤਾਲੀ-ਛਿਆਲੀ ਇੰਚੀ ਚੱਕੀ ਦੇ ਪੁੜਾਂ ਵਰਗੀ ਛਾਤੀ ਤੇ ਵੀਹ ਇੱਕੀ ਇੰਚੀ ਡੌਲੇ ਐਵੇਂ ਨਹੀਂ ਬਣੇ ਸਨ। ਇਹ ਸਭ ਉਸ ਦੇ ਦੂਜੇ ਸ਼ੌਕ ਦਾ ਹੀ ਸਿੱਟਾ ਸਨ। ਉਸ ਦੇ ਖਾਣ ਦਾ ਇਹ ਸ਼ੌਕ ਬੜਾ ਅਜੀਬ ਸੀ। ਗਰਮੀ ਗਰਮੀ ਉਹ ਸੂਰ ਦਾ ਇੱਕ ਬੱਚਾ ਲੈ ਕੇ ਪਾਲਦਾ ਰਹਿੰਦਾ। ਫਿਰ ਚੜ੍ਹਦੇ ਸਿਆਲ ਜਦ ਉਹ ਪੂਰਾ ਜਵਾਨ ਹੋ ਜਾਂਦਾ ਉਸ ਦਾ ਅਚਾਰ ਪਾ ਲੈਂਦਾ। ਸੌਂਣ ਲੱਗਿਆਂ ਹਾਰੇ ਵਿਚ ਪਾਥੀਆਂ ਲਾ ਕੇ ਤੌੜੀ ਵਿਚ ਦੁੱਧ ਪਾ ਕੇ, ਵਿਚ ਲੱਪ ਚੌਲਾਂ ਦੀ ਸੁੱਟ ਦਿੰਦਾ। ਸਾਰੀ ਰਾਤ ਦੁੱਧ ਕੜ੍ਹਦਾ ਰਹਿੰਦਾ। ਚੌਲ ਪੱਕੀ ਜਾਂਦੇ। ਸਵੇਰੇ ਉਠ ਕੇ ਉਹ ਇਨ੍ਹਾਂ ਰਾਬੜੀ ਵਰਗੇ ਬਣੇ ਚੌਲਾਂ ਨੂੰ ਬੜੀ ਠਾਠ ਨਾਲ ਖਾਂਦਾ। ਜਦ ਮੈਂ ਸੁਰਤ ਸੰਭਾਲੀ ਤਾਂ ਦੂਜੇ ਸ਼ੌਕ ਵਿਚ ਉਸ ਨੇ ਮੈਨੂੰ ਵੀ ਆਪਣਾ ਭਾਈਵਾਲ ਬਣਾ ਲਿਆ। ਸਵੇਰੇ ਚਾਰ ਵਜੇ ਉਠਾ ਕੇ ਲੱਗ ਜਾਂਦਾ ਮੈਤੋਂ ਡੰਡ ਬੈਠਕਾਂ ਕਢਾਉਣ ਤੇ ਜਿੰਨਾ ਚਿਰ ਮੈਂ ਬੇਦਮ ਨਾ ਹੋ ਜਾਂਦਾ, ਓਨਾ ਚਿਰ ਡੰਡ ਬੈਠਕਾਂ ਕਢਾਈ ਜਾਂਦਾ। ਮੇਰੀਆਂ ਥੱਕੀਆਂ ਹੋਈਆਂ ਲੱਤਾਂ ਦੀ ਮਾਲਸ਼ ਉਹ ਖ਼ੁਦ ਕਰਦਾ। ਰੋਜ਼ ਦੀ ਕਸਰਤ ਨਾਲ ਮੇਰੇ ਪੱਟਾਂ ਦੇ ਵਿਚ ਛੱਲੀਆਂ ਪੈਣ ਲੱਗ ਪਈਆਂ ਸਨ। ਲਵੇ ਲਾਉਣੇ ਦੇ ਪੇਂਡੂ ਖੇਡ ਮੇਲਿਆਂ ਵਿਚ ਜਿੱਥੇ ਵੀ ਸਾਡੇ ਪਿੰਡ ਦੀ ਕਬੱਡੀ ਟੀਮ ਭਾਗ ਲੈਣ ਲਈ ਜਾਂਦੀ ਉਹ ਸਾਡੇ ਤੋਂ ਪਹਿਲਾਂ ਹੀ ਮੈਦਾਨ ਵਿਚ ਦਰਸ਼ਕਾਂ ਦੇ ਪਿੱਛੇ ਆਪਣੀ ਘੋੜੀ 'ਤੇ ਬੈਠਾ ਦਿਖਾਈ ਦਿੰਦਾ। ਨੰਬਰ ਲੈਣ ਵਾਲੇ ਦੋਹਾਂ ਟੀਮਾਂ ਦੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਰੁਪਈਏ ਵੰਡ ਵੰਡ ਕੇ ਕਰਦਾ ਤੇ ਮੈਚ ਖਤਮ ਹੋਣ ਮਗਰੋਂ ਸਭ ਤੋਂ ਪਹਿਲਾਂ ਪਿੰਡ ਪਹੁੰਚ ਜਾਂਦਾ। ਸਾਡੇ ਬਾਹਰਲੇ ਘਰ ਸਾਰੀ ਟੀਮ ਇਕੱਠੀ ਹੁੰਦੀ। ਦੁੱਧ ਦੀ ਭਰੀ ਬਾਲਟੀ ਵਿਚ ਦੇਸੀ ਘਿਓ ਦਾ ਕੁੱਜਾ ਉਲਟਾ ਕੇ ਉਹ ਖਿਡਾਰੀਆਂ ਨੂੰ ਆਪ ਕੰਗਣੀ ਵਾਲਾ ਤਿੰਨ ਪਾ ਪੱਕੇ ਦਾ ਦੁੱਧ ਦਾ ਗਿਲਾਸ ਭਰ ਭਰ ਕੇ ਪਿਆਉਂਦਾ।
ਉਂਜ ਜਿੰਨੇ ਦਾ ਉਹ ਘਰ ਦਾ ਖਾਂਦਾ ਸੀ, ਪਹਿਨਦਾ ਸੀ, ਉਸ ਤੋਂ ਕਿਤੇ ਵੱਧ ਕਮਾਈ ਕਰਦਾ ਸੀ। ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੁੰਦਾ। ਗੁਡਦਾ ਤਾਂ ਸਾਰਿਆਂ ਤੋਂ ਵੱਧ, ਵੱਢਦਾ ਤਾਂ ਸਾਰਿਆਂ ਤੋਂ ਅੱਗੇ। ਲੋਕਾਂ ਦੇ ਮੂੰਹ ਅੱਡੇ ਰਹਿ ਜਾਂਦੇ ਉਸ ਦੀ ਫੁਰਤੀ ਦੇਖ ਕੇ। ਪਿੰਡ ਵਿਚ ਆਈ ਆਵਤ ਵਿਚ 'ਕੇਰਾਂ ਉਸ ਨੇ ਇਕੱਲੇ ਨੇ ਕੀਲਾ ਕਣਕ ਦਾ ਵੱਢ ਕੇ ਵੱਡੇ ਵੱਡੇ ਚੋਬਰਾਂ ਦੇ ਦੰਦ ਜੋੜ ਦਿੱਤੇ। ਰਹਿੰਦੀ ਖੂੰਹਦੀ ਕਸਰ ਅਗਲੇ ਸਾਲ ਪਿੰਡ ਵਿਚ ਹੋਏ ਪੰਜਾਬ ਪੱਧਰ ਦੇ ਪੇਂਡੂ ਖੇਡ ਮੇਲੇ ਵਿਚ ਕੱਢ ਦਿੱਤੀ। ਮੇਲਾ ਪੂਰੇ ਜ਼ੋਰਾਂ 'ਤੇ ਭਰਿਆ ਹੋਇਆ ਸੀ। ਰੰਗਬਿਰੰਗੀਆਂ ਪੱਗਾਂ ਦਾ ਜਿਵੇਂ ਉਥੇ ਹੜ੍ਹ ਹੀ ਆਇਆ ਹੋਵੇ। ਕਬੱਡੀ ਦਾ ਮੈਚ ਹੋ ਕੇ ਹਟਿਆ। ਇਕੱਠ ਅਜੇ ਵਿਛੜਨ ਹੀ ਲੱਗਿਆ ਸੀ ਕਿ ਇਕ ਗੱਭਰੂ ਨੇ ਗੁੱਟ ਫੜਨ ਛੁਡਾਉਣ ਦੀ ਝੰਡੀ ਖੜ੍ਹੀ ਕਰ ਦਿੱਤੀ। ਲੋਕਾਂ ਦੇ ਪੈਰ ਫਿਰ ਉਥੇ ਹੀ ਗੱਡੇ ਗਏ।
ਦਰਸ਼ਕਾਂ ਦੀ ਪਿਛਲੀ ਕਤਾਰ ਵਿਚ ਖੜ੍ਹੀ ਘੋੜੀ 'ਤੇ ਬੈਠੇ ਅਜੈਬ ਦੇ ਡੌਲੇ ਵੀ ਫਰਕ ਉਠੇ। ਉਸ ਨੇ ਮੈਨੂੰ ਇਸ਼ਾਰਾ ਕਰਕੇ ਕੋਲ ਬੁਲਾ ਕੇ ਕਿਹਾ, "ਭਾਣਜੇ ਮੇਰੇ ਨਾਓਂ 'ਤੇ ਝੰਡੀ ਫੜ ਲਿਆ।" ਮੈਂ ਅੱਗੇ ਵਧ ਕੇ ਝੰਡੀ ਫੜ ਲਈ। ਲੋਕਾਂ ਦੀਆਂ ਨਜ਼ਰਾਂ ਮੇਰੇ ਉਤੇ ਟਿਕ ਗਈਆਂ ਪਰ ਮੈਂ ਉਹ ਝੰਡੀ ਲਿਆ ਕੇ ਅਜੈਬ ਨੂੰ ਫੜਾ ਦਿੱਤੀ। ਸਾਰਾ ਪੰਡਾਲ ਤਾੜੀਆਂ ਨਾਲ ਗੂੰਜ ਉਠਿਆ, ਜਦੋਂ ਉਸ ਨੇ ਘੋੜੀ ਉਤੇ ਬੈਠੇ ਬੈਠੇ ਨੇ ਹੀ ਝੰਡੀ ਵਾਲੀ ਬਾਂਹ ਉਚੀ ਕਰ ਦਿੱਤੀ।
ਮੁਕਾਬਲਾ ਹੋਣ ਤੋਂ ਪਹਿਲਾਂ ਟਾਸ ਹੋਈ ਕਿ ਕੌਣ ਪਹਿਲਾਂ ਗੁੱਟ ਫੜੇਗਾ। ਟਾਸ ਗੱਭਰੂ ਜਿੱਤ ਗਿਆ। ਮੁਕਾਬਲਾ ਸ਼ੁਰੂ ਹੋਇਆ। ਲੋਕਾਂ ਦੀਆਂ ਨਿਗਾਹਾਂ ਪਹਿਲਾਂ ਮੁਕਾਬਲੇ ਵੱਲ ਫਿਰ ਘੜੀਆਂ ਦੀਆਂ ਸੂਈਆਂ ਉਤੇ ਰੁਕ ਗਈਆਂ। ਪੂਰਾ ਅੱਧਾ ਘੰਟਾ ਗੱਭਰੂ ਖਪਾਖੂਨ ਹੁੰਦਾ ਰਿਹਾ, ਪਰ ਅਜੈਬ ਤੋਂ ਗੁੱਟ ਨਾ ਛੁਡਾ ਸਕਿਆ। ਪੰਦਰਾਂ ਮਿੰਟ ਅਰਾਮ ਦੇ ਸਮੇਂ ਮਗਰੋਂ ਮੁਕਾਬਲਾ ਫਿਰ ਸ਼ੁਰੂ ਹੋਇਆ। ਇਸ ਵਾਰ ਅਜੈਬ ਨੇ ਤੀਜੇ ਝਟਕੇ ਵਿਚ ਹੀ ਆਪਣਾ ਗੁੱਟ ਛੁਡਾ ਲਿਆ। ਗੁੱਟ ਛੁੱਟਣ ਤੋਂ ਪਹਿਲਾਂ ਇੱਕ ਲੰਮੀ ਚੀਕ ਨਿਕਲੀ ਤੇ ਉਹ ਨੌਜਵਾਨ ਆਪਣਾ ਹੀ ਹੱਥ ਫੜ ਕੇ ਬਹਿ ਗਿਆ।
ਕਹਿੰਦੇ ਨੇ ਜਦੋਂ ਅਜੈਬ ਨੇ ਤੀਜਾ ਜ਼ੋਰ ਦਾ ਝਟਕਾ ਮਾਰਿਆ ਤਾਂ ਗੱਭਰੂ ਦੇ ਇੱਕ ਹੱਥ ਦਾ ਅੰਗੂਠਾ ਹੀ ਨਿਕਲ ਗਿਆ ਸੀ। ਛੇ ਫੁੱਟ ਚਾਰ ਇੰਚ ਦਾ ਕੱਦਾਵਰ ਤੇ ਕੁਇੰਟਲ ਤੋਂ ਉਤੇ ਭਾਰ ਵਾਲਾ ਪਿੰਡ ਸ਼ੇਰੋਂ ਦਾ ਦਰਸ਼ਨੀ ਜਵਾਨ ਸਿੰਘ ਜਦੋਂ ਖਾੜੇ ਵਿਚੋਂ ਬਾਹਰ ਆਪਣਾ ਹੱਥ ਫੜੀ ਕੱਪੜਿਆਂ ਵੱਲ ਸਿਰ ਸੁੱਟੀ ਜਾ ਰਿਹਾ ਸੀ ਤਾਂ ਉਸ ਵਕਤ ਕਈਆਂ ਨੂੰ ਉਸ ਦੀ ਹਾਲਤ 'ਤੇ ਤਰਸ ਆਇਆ ਤੇ ਅਜੈਬ ਪ੍ਰਤੀ ਹਮਦਰਦੀ ਵੀ। "ਜੇ ਕਿਤੇ ਇਸ ਦੇ ਲੱਤਾਂ ਹੁੰਦੀਆਂ।" ਉਨ੍ਹਾਂ ਨੇ ਇੱਕ ਲੰਮਾ ਹਉਕਾ ਲੈਂਦਿਆਂ ਕਿਹਾ। ਮਾਅਤੜਾਂ ਨੇ ਅਜੈਬ ਨੂੰ ਮੋਢਿਆਂ ਉਤੇ ਚੁੱਕ ਕੇ ਸਾਰੇ ਖਾੜੇ ਦਾ ਗੇੜਾ ਲਾ ਦਿੱਤਾ।
ਇਨਾਮ ਲੈਣ ਵੇਲੇ ਜਦ ਉਹ ਸਟੇਜ ਵੱਲ ਵਧਿਆ ਤਾਂ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਖ਼ੁਦ ਸਟੇਜ ਤੋਂ ਉਤਰ ਕੇ ਉਸ ਕੋਲ ਰਾਹ ਵਿਚ ਹੀ ਆ ਪਹੁੰਚਿਆ। ਉਸ ਨੇ ਝੁਕ ਕੇ ਅਜੈਬ ਨੂੰ ਜੱਫ਼ੀ ਪਾਈ। ਪ੍ਰਬੰਧਕਾਂ ਵੱਲੋਂ ਨਿਸ਼ਚਿਤ ਕੀਤਾ ਇਨਾਮ ਦਿੱਤਾ। ਫਿਰ ਇੱਕ ਸੌ ਰੁਪਈਆ ਆਪਣੇ ਬਟੂਏ 'ਚੋਂ ਕੱਢ ਕੇ ਦਿੱਤਾ। ਤਾੜੀਆਂ ਵਜਦੀਆਂ ਰਹੀਆਂ। ਫੋਟੋਆਂ ਖਿੱਚੀਆਂ ਗਈਆਂ। ਅਗਲੇ ਦਿਨ ਜਦੋਂ ਮੈਂ ਸ਼ਹਿਰ ਕਾਲਜ ਦੀ ਲਾਇਬਰੇਰੀ ਵਿਚ ਗਿਆ, ਵੱਖ-ਵੱਖ ਅਖ਼ਬਾਰਾਂ ਵਿਚ ਉਸ ਦੀਆਂ ਫੋਟੋਆਂ ਦੇਖ ਕੇ ਮਨ ਗੁਲਾਬ ਦੇ ਫੁੱਲ ਵਾਂਗ ਖਿੜ ਗਿਆ। ਝੱਟ ਉਥੋਂ ਭੱਜਿਆ ਤੇ ਅਖ਼ਬਾਰਾਂ ਵਾਲੀ ਦੁਕਾਨ ਤੋਂ ਅਖ਼ਬਾਰ ਮੁੱਲ ਲਏ ਤੇ ਥੱਬਾ ਅਖ਼ਬਾਰਾਂ ਦਾ ਆਪਣੇ ਸਾਰੇ ਟੱਬਰ ਅੱਗੇ ਲਿਆ ਧਰਿਆ। ਅਜੈਬ ਦੀਆਂ ਤਸਵੀਰਾਂ ਦੇਖ ਕੇ ਨਾਨਾ ਬੋਲ ਉਠਿਆ,
"ਬੱਲੇ ਬਹਾਦਰ ਓਏ ਮੇਰੇ ਸ਼ੇਰ ਦੇ।" ਨਾਨੀ ਅਖ਼ਬਾਰਾਂ ਦਾ ਰੁੱਗ ਭਰ ਕੇ ਸਾਰੇ ਵਿਹੜੇ ਵਿਚ ਊਰੀ ਵਾਂਗ ਘੁੰਮ ਗਈ। ਇਕੱਲੇ-ਇਕੱਲੇ ਘਰ ਵਿਚ ਇਕੱਲੀ-ਇਕੱਲੀ ਬੁੜ੍ਹੀ, ਕੁੜੀ ਨੂੰ ਉਹ ਤਸਵੀਰਾਂ ਇਉਂ ਦਿਖਾਉਂਦੀ ਫਿਰ ਰਹੀ ਸੀ ਜਿਵੇਂ ਬਚਪਨ ਵਿਚ ਅਪਾਹਜ ਹੋਏ ਉਸ ਦੇ ਪੁੱਤ ਦੀਆਂ ਲੱਤਾਂ ਫਿਰ ਕੰਮ ਕਰਨ ਲੱਗ ਪਈਆਂ ਹੋਣ।
"ਕਿਉਂ ਭਾਣਜੇ ਹਨ ਨਾ, ਇਹ ਉਂਗਲਾਂ ਛਿਪਕਲੀ ਦੇ ਪੰਜਿਆਂ ਵਰਗੀਆਂ, ਐਵੇਂ ਤਾਂ ਨਹੀਂ ਤੈਨੂੰ ਕਹਿੰਦਾ ਹੁੰਦਾ ਤੀ" ਆਥਣੇ ਰੋਟੀ ਖਾਣ ਲੱਗਿਆਂ ਉਸ ਨੇ ਆਪਣੀਆਂ ਹਥੇਲੀਆਂ ਦੀ ਕੌਲੀ ਜਿਹੀ ਬਣਾ ਕੇ ਉਂਗਲਾਂ ਵੱਲ ਦੇਖਦਿਆਂ ਮੈਨੂੰ ਕਿਹਾ ਸੀ।
ਇਸ ਤੋਂ ਮਗਰੋਂ ਪਿੰਡ ਵਿਚ ਉਸ ਦੀ ਧੁੰਮ ਮੱਚ ਗਈ। ਗੁਡਾਵਾ ਵਢਾਵਾ ਤਾਂ ਉਹ ਪਹਿਲਾਂ ਹੀ ਪਿੰਡ ਵਿਚ ਮੰਨਿਆ ਦੰਨਿਆ ਸੀ। ਹੁਣ ਖੇਡਾਂ ਵਿਚ ਵੀ ਉਸ ਦਾ ਨਾਂ ਚਮਕਣ ਲੱਗ ਪਿਆ ਸੀ। ਦੂਰੋਂਦੂਰੋਂ ਪੇਂਡੂ ਖੇਡ ਮੇਲਿਆਂ ਲਈ ਉਸ ਨੂੰ ਸੱਦਾ ਪੱਤਰ ਆਉਂਦਾ। ਗੁੱਟ ਫੜੇ ਤੇ ਛੁਡਾਏ ਜਾਂਦੇ। ਜਿੱਥੇ ਵੀ ਉਹ ਗਿਆ, ਉਥੋਂ ਹੀ ਪਹਿਲਾ ਇਨਾਮ ਜਿੱਤ ਕੇ ਲਿਆਇਆ। ਹਾਰਨਾ ਜਿਵੇਂ ਉਸ ਦੇ ਹਿੱਸੇ ਵਿਚ ਆਇਆ ਹੀ ਨਹੀਂ ਸੀ। ਸਾਡੀ ਬੈਠਕ ਦੀ ਕਾਰਨਸ ਚਾਂਦੀ ਦੇ ਕੱਪਾਂ, ਸ਼ੀਲਡਾਂ ਨਾਲ ਭਰ ਗਈ।
ਉਸ ਦੀ ਇਸ ਚਰਚਾ ਦਾ ਸਿੱਟਾ ਵੀ ਨਿਕਲਿਆ ਕਿ ਉਸ ਨੂੰ ਹਰ ਰੋਜ਼ ਕਿਤੋਂ ਨਾ ਕਿਤੋਂ ਕੋਈ ਨਾ ਕੋਈ ਰਿਸ਼ਤੇ ਵਾਲਾ ਆਇਆ ਹੀ ਰਹਿੰਦਾ, ਪਰ ਉਹ ਨੱਕ 'ਤੇ ਮੱਖੀ ਨਾ ਬੈਠਣ ਦਿੰਦਾ।
"ਬਾਪੂ ਵਿਆਹ ਲੋਕ ਕਾਸ ਲਈ ਕਰਾਉਂਦੇ ਨੇ?" ਉਸ ਨੇ ਇੱਕ ਦਿਨ ਬਾਪੂ ਤੋਂ ਪੁੱਛਿਆ।
"ਆਪਣੀ ਗ੍ਰਹਿਸਤੀ ਤੋਰਨ ਲਈ।"
"ਉਹ ਤਾਂ ਹੁਣ ਵੀ ਤੁਰ ਰਹੀ ਹੈ ਫੇਰ!"
"ਆਪਣੀ ਵੰਸ ਚਲਾਉਣ ਲਈ।"
"ਹੁਣ ਕੀ ਵੰਸ ਕਿਤੇ ਖੜ੍ਹ ਗਿਆ ਕਿ ਮੇਰੇ ਵਿਆਹ ਕਰਾਉਣ ਨਾਲ ਇਹ ਹੋਰ ਤੇਜ਼ ਚੱਲ ਪਊ? ਫਿਰ ਗਿਆਨੇ, ਤੇਜੇ ਦੇ ਨਿਆਣੇ ਕੀ ਮੇਰੇ ਨਹੀਂ? ਆਹ ਗੁਰਮੇਲ ਕੀ ਮੇਰੇ ਵੰਸ 'ਚੋਂ ਨਹੀਂ?
ਕਿਉਂ ਭਾਣਜੇ?" ਉਸ ਨੇ ਮੈਤੋਂ ਹਾਮੀ ਭਰਾਉਣੀ ਚਾਹੀ, ਪਰ ਮੈਂ ਉਸ ਦੀ ਗੱਲ ਦਾ ਕੀ ਜਵਾਬ ਦਿੰਦਾ, ਜਦੋਂ ਦੇਣ ਵਾਲੇ ਨਹੀਂ ਸੀ ਦੇ ਸਕਦੇ।
ਤੇ ਫਿਰ ਇੱਕ ਦਿਨ ਅਸੀਂ ਦੋਹੇਂ ਬਾਹਰਲੇ ਘਰ ਜਾ ਰਹੇ ਸੀ ਕਿ ਰਾਹ ਵਿਚ ਨਾਹਰੇ ਦੀ ਬਹੂ ਟੱਕਰ ਗਈ। "ਬੇ ਦੋਹਤਿਆ, ਹਰਾਮ ਖੋਰਿਆ, ਭੈੜਿਆ ਆਹ ਆਬਦੇ ਮਾਮੇ ਨੂੰ ਹੀ ਸਮਝਾ ਕਿ ਬਿਆਹ ਨੂੰ ਹਾਂ ਕਰ ਦੇਵੇ।" ਉਸ ਨੇ ਅਜੈਬ ਵੱਲ ਇਸ਼ਾਰਾ ਕਰਕੇ ਮੈਨੂੰ ਕਿਹਾ।
"ਮੈਂ ਕੀ ਸਮਝਾਵਾਂ ਮਾਮੀ…ਤੂੰ ਹੀ ਸਮਝਾ ਲੈ…ਲੈ ਮੈਂ ਪਾਸੇ ਹੋ ਜਾਨਾਂ।"
"ਨਹੀਂ ਭਾਈ ਮੈਂ ਤਾਂ ਕਹਿੰਦੀ ਤੀ ਆ ਜਵਾਨੀ ਤਾਂ ਐ ਈਂ ਫਿਰ ਤੁਰ ਕੇ ਲੰਘ ਜਾਊ ਬੁੜਾਪੇ ਵਿਚ ਕਿਸੇ ਨੇ ਬਾਤ ਨਹੀਂ ਪੁੱਛਣੀ। ਆਬਦੀ ਤੀਮੀ ਬਗੈਰ ਕੋਈ ਨਹੀਂ ਸਿਆਣਦਾ।"
"ਵਿਆਹ ਤਾਂ ਮੈਂ ਕਰਾਲਾਂ ਭਰਜਾਈ ਪਰ ਨਿਆਣੇ ਕੌਣ ਖਿਡਾਊ? ਹੱਥ ਤਾਂ ਮੇਰੇ ਹਰ ਵੇਲੇ ਧਰਤੀ 'ਤੇ ਹੀ ਰਹਿੰਦੇ ਨੇ।"
"ਲੈ ਫੋਟ ਬੇ ਤੂੰ ਹਾਂ ਤਾਂ ਕਰ ਨਿਆਣੇ ਤੇਰੇ ਅਸੀਂ ਬਥੇਰੇ ਖਿਡਾ ਦਿਆ ਕਰਾਂਗੇ। ਤੂੰ ਇਸ ਗੱਲ ਦਾ ਭੋਰਾ ਸੰਸਾ ਨਾ ਕਰ।"
"ਚੰਗਾ ਫਿਰ ਸੋਚਾਂਗੇ।" ਕਹਿ ਕੇ ਉਹ ਤੁਰ ਪਿਆ। ਰਾਹ ਵਿਚ ਮੈਂ ਉਸ ਨੂੰ ਬੜਾ ਗੰਭੀਰ ਹੋ ਕੇ ਕਿਹਾ, "ਬਾਈ ਹੁਣ ਵਿਆਹ ਤਾਂ ਤੂੰ ਕਰਾ ਈ ਲੈ।"
ਉਸ ਨੇ ਪਿੰਡ ਦੇ ਦਰਵਾਜ਼ੇ ਦੀ ਕੰਧ ਵੱਲ ਇਸ਼ਾਰਾ ਕਰਕੇ ਕਿਹਾ, "ਔਹ ਦੇਖ ਤੇ ਪੜ੍ਹ।"
ਕੰਧ 'ਤੇ ਫੈਮਲੀ ਪਲਾਨਿੰਗ ਵਾਲਿਆਂ ਦਾ ਇਸ਼ਤਿਹਾਰ ਸੀ। ਮੈਂ ਪੜ੍ਹ ਕੇ ਸੁਣਾ ਦਿੱਤਾ, "ਹਮ ਦੋ ਹਮਾਰੇ ਦੋ।"
"ਬਸ, ਗੱਲ ਖਤਮ। ਅਸੀਂ ਹਾਂ ਤਿੰਨ ਭਾਈ।
ਗਿਆਲੇ ਤੇ ਤੇਜੇ ਨੇ ਹੀ ਸੱਤ ਮੁੰਡੇ, ਪੰਜ ਕੁੜੀਆਂ ਬਣਾ ਕੇ ਮੇਰਾ ਹਿੱਸਾ ਮਾਰ ਦਿੱਤੈ। ਮੈਂ ਭਾਈ ਲੰਗੜਾ ਬੰਦਾ ਸਰਕਾਰ ਨਾਲ ਟੱਕਰ ਨਹੀਂ ਲੈ ਸਕਦਾ।" ਕਹਿ ਕੇ ਉਹ ਠਹਾਕਾ ਮਾਰ ਕੇ ਹੱਸ ਪਿਆ ਤੇ ਫਿਰ ਬੋਲਿਆ, "ਕੀਲਾ ਕੀਲਾ ਜ਼ਮੀਨ ਤਾਂ ਉਨ੍ਹਾਂ ਨੂੰ ਵੀ ਨਹੀਂ ਆਉਂਦੀ, ਜੇ ਮੈਂ ਦੋ ਹੋਰ ਜੰਮ 'ਤੇ ਫਿਰ…ਇਸ ਨਾਲੋਂ ਤਾਂ ਐਂ ਈ ਠੀਕ ਐ। ਚੱਲ ਛੱਡ ਇਸ ਸਿੜ੍ਹੀ ਸਿਆਪੇ ਨੂੰ। ਅੱਜ ਰਾਤ ਨੂੰ ਚੱਠੀਂ ਕੌਮਨਿਸ਼ਟਾਂ ਦੇ ਡਰਾਮੇ ਦੇਖ ਕੇ ਆਈਏ।"
"ਬਾਪੂ ਤੋਂ ਪੁੱਛ ਲੈ…ਡੰਗਰਾਂ ਦੀ ਰਾਖੀ?"
"ਉਹ ਕੁਛ ਨ੍ਹੀਂ ਕਹਿੰਦਾ, ਸੀਰੀ ਨੂੰ ਕਹਿ ਦਿਆਂਗੇ ਅੱਧੀ ਰਾਤ ਤੱਕ ਉਹ ਪੈ ਜਾਊ।" ਉਸ ਨੇ ਸਪਸ਼ਟ ਕੀਤਾ ਤੇ ਆਥਣੇ ਰੋਟੀ ਖਾ ਕੇ ਅਸੀਂ ਘੋੜੀ 'ਤੇ ਸਵਾਰ ਹੋ ਕੇ ਚੱਠੀਂ ਪਾਰਟੀ ਨਾਟਕ ਦੇਖਣ ਚਲੇ ਗਏ। ਸਰਕਾਰ ਦੀ, ਸਿਸਟਮ ਦੀ, ਪੁਲੀਸ ਦੀ ਤਕੜੀ ਆਲੋਚਨਾ ਕਰਕੇ ਨਾਟਕ ਦੇਖ ਕੇ ਅਜੈਬ ਦੇ ਮਨ ਉਤੇ ਪਤਾ ਨਹੀਂ ਕੀ ਗੁਜ਼ਰੀ, ਰਾਹ ਵਿਚ ਉਸ ਨੇ ਮੈਨੂੰ ਕਿਹਾ, "ਬਾਈ ਕੱਲ੍ਹ ਨੂੰ ਸ਼ਹਿਰੋਂ ਮੇਰੇ ਆਸਤੇ ਇੱਕ ਬਾਲ ਉਪਦੇਸ਼ ਈ ਲੈ ਆਈਂ।"
"ਕੀ ਕਰਨੈ?"
"ਪੜ੍ਹਿਆਂ ਕਰੂੰ…ਤੂੰ ਮੈਨੂੰ ਪੜ੍ਹਾ ਦਿਆ ਕਰੇਂਗਾ?"
"ਤੂੰ ਪੜ੍ਹਿਆ ਕਰੇਂਗਾ, ਬੁੱਢਾ ਤੋਤਾ?"
"ਪੜ੍ਹਾਈ ਦਾ ਭਾਣਜੇ ਉਮਰ ਨਾਲ ਕੋਈ ਸਬੰਧ ਨਹੀਂ। ਜਦੋਂ ਵੀ ਆਦਮੀ ਨੂੰ ਅਕਲ ਆ ਜਾਵੇ ਬਈ ਪੜ੍ਹਾਈ ਵਿਚ ਕਿੰਨੇ ਗੁਣ ਨੇ, ਸ਼ੁਰੂ ਕਰ ਲਵੇ। ਸੁਣਿਐਂ ਹੁਣ ਤਾਂ ਸਰਕਾਰ ਵੀ ਬੁੱਢੇ ਤੋਤੇ ਪੜ੍ਹਾਉਣ ਉਤੇ ਉਤਰੀ ਹੋਈ ਹੈ, ਅਖੇ ਜੇ ਦੇਸ਼ ਦੀ ਤਰੱਕੀ ਕਰਨੀ ਹੈ ਤਾਂ ਅਨਪੜ੍ਹਤਾ ਦੂਰ ਕਰਨੀ ਹੋਵੇਗੀ। ਕੱਲ੍ਹ ਨੰਬਰਦਾਰਾਂ ਦੇ ਰੇਡੀਓ ਉਤੇ ਵੱਡੇ ਮੰਤਰੀ ਦਾ ਬਿਆਨ ਆ ਰਿਹਾ ਤੀ।" ਲੱਗਦਾ ਸੀ ਮੇਰੀ ਗੱਲ ਸੁਣ ਕੇ ਉਹ ਜ਼ਿਆਦਾ ਹੀ ਗੰਭੀਰ ਹੋ ਗਿਆ ਸੀ।
"ਚੰਗਾ ਬਾਬਾ ਲਿਆ ਦੂੰ।" ਮੈਂ ਕਿਹਾ।
ਦੂਜੇ ਦਿਨ ਮੈਂ ਉਸ ਨੂੰ ਬਾਲ ਉਪਦੇਸ਼ ਲਿਆ ਦਿੱਤਾ, ਜਿਸ ਨੂੰ ਉਹ ਜਦੋਂ ਵੀ ਵਕਤ ਮਿਲਦਾ ਪੜ੍ਹਨ ਲੱਗ ਪੈਂਦਾ। ਦਿਨਾਂ ਵਿਚ ਹੀ ਉਹ ਚੰਗੀ ਤਰੱਕੀ ਕਰ ਗਿਆ। ਇਸ ਦੇ ਨਾਲ ਹੀ ਉਹ ਪਾਰਟੀ ਵੱਲੋਂ ਜਿੱਥੇ ਵੀ ਨਾਟਕ ਹੁੰਦੇ, ਦੇਖਣ ਜਾਣ ਲੱਗ ਪਿਆ। ਪਹਿਲਾਂ-ਪਹਿਲਾਂ ਇੱਕ ਦੋ ਵਾਰ ਉਹ ਮੈਨੂੰ ਨਾਲ ਲੈ ਜਾਂਦਾ ਰਿਹਾ। ਫਿਰ ਇਹ ਸੋਚ ਕੇ ਕਿ ਮੁੰਡੇ ਦੀ ਪੜ੍ਹਾਈ ਦਾ ਨੁਕਸਾਨ ਹੁੰਦੈ ਮੈਨੂੰ ਨਾਲ ਲੈ ਜਾਣੋਂ ਹਟ ਗਿਆ।
ਪਿੰਡ ਦੇ ਨੇੜੇ ਦੇ ਸ਼ਹਿਰ ਤੋਂ ਮੈਂ ਜਦ ਬੀ.ਏ. ਕਰ ਲਈ ਤਾਂ ਮੇਰੇ ਫ਼ੌਜੀ ਬਾਪੂ ਨੇ ਮੈਨੂੰ ਅੱਗੇ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇਸ ਤੋਂ ਅੱਗੇ ਮੈਨੂੰ ਜਿਹੜੀ ਵੀ ਪੜ੍ਹਾਈ ਕਰਨੀ ਪੈਣੀ ਸੀ, ਉਹ ਸੰਗਰੂਰ ਤੋਂ ਬਾਹਰ ਰਹਿ ਕੇ ਕਰਨੀ ਪੈਣੀ ਸੀ ਤੇ ਬਾਹਰ ਦਾ ਖਰਚ ਉਠਾਉਣਾ ਪਿਤਾ ਜੀ ਦੇ ਵੱਸ ਦਾ ਰੋਗ ਨਹੀਂ ਸੀ।
ਪੜ੍ਹਾਈ ਛੁੱਟ ਜਾਣ ਕਰਕੇ ਮੈਂ ਉਦਾਸ ਰਹਿਣ ਲੱਗ ਪਿਆ ਸੀ।
"ਤੇਰਾ ਕੀ ਖਿਆਲ ਐ ਭਾਣਜੇ ਪੜ੍ਹਾਈ ਬਾਰੇ?" ਇੱਕ ਦਿਨ ਅਜੈਬ ਨੇ ਮੇਰੇ ਤੋਂ ਪੁੱਛਿਆ।
"ਨੇਕ ਐ…ਪਰ ਪੜ੍ਹਾਵੇ ਵੀ ਕੋਈ?"
"ਤੂੰ ਪੜ੍ਹਨ ਆਲਾ ਬਣ, ਖਰਚਾ ਮੈਂ ਦਿਊਂ।"
"ਤੂੰ?"
"ਹਾਂ ਮੈਂ…ਹੁਣ ਤੱਕ ਇਨ੍ਹਾਂ ਤੋਂ ਲਿਆ ਈ ਕੀ ਐ? ਸਾਰੀ ਉਮਰ ਨਿਕਲ ਗਈ ਕਾਲਾ ਬਲਦ ਬਣ ਕੇ ਕਮਾਉਂਦੇ ਦੀ…ਜੇ ਮੇਰੇ ਮੁੰਡਾ ਹੁੰਦਾ ਫਿਰ ਵੀ ਤਾਂ ਸਾਰਦੇ, ਤੇਰਾ ਕੀ ਬਣਨ ਨੂੰ ਜੀਅ ਕਰਦੈ?"
"ਮੈਨੂੰ ਤਾਂ ਕੁੱਛ ਨਹੀਂ ਸੁਝਦਾ। ਬਸ ਬਿਨਾ ਸੇਧ ਤੋਂ ਹੀ ਬੀ.ਏ. ਕਰ ਲਈ ਐ…ਬੀ.ਐਡ. ਕਰਕੇ ਮਾਸਟਰ ਲੱਗ ਸਕਦਾਂ, ਕਲਰਕੀ ਕਰਨ ਨੂੰ ਤਾਂ ਮੇਰਾ ਉਕਾ ਹੀ ਜੀ ਨਹੀਂ ਕਰਦਾ।"
"ਛੱਡ ਪਰੇ ਮਾਸਟਰੀ ਵਿਚ ਕੀ ਪਿਐ, ਮੇਰੀ ਸਲਾਹ ਐ, ਤੂੰ ਵਕਾਲਤ ਕਰ ਲੈ। ਪੈਸੇ ਵੀ ਮਿਲ ਸਕਦੇ ਨੇ ਤੇ ਜੇ ਚਾਹੇਂ ਤਾਂ ਲੋਕਾਂ ਦੀ ਸੇਵਾ ਵੀ ਕਰ ਸਕਦੈਂ।"
"ਤੇਰੀ ਮਰਜ਼ੀ ਐ।"
"ਚੰਗਾ ਦਾਖਲੇ ਲਈ ਤੂੰ ਕੋਸ਼ਿਸ਼ ਕਰ ਲੈ…ਪੈਸਿਆਂ ਦਾ ਮੈਂ ਪ੍ਰਬੰਧ ਕਰੂੰ।"
ਬੀ.ਏ. ਵਿਚ ਚੰਗੇ ਨੰਬਰ ਹੋਣ ਕਰਕੇ ਪਹਿਲੀ ਸੱਟੇ ਹੀ ਮੈਨੂੰ ਪਟਿਆਲੇ ਦਾਖਲਾ ਮਿਲ ਗਿਆ। ਮੇਰਾ ਖਰਚਾ ਵੱਡਾ ਮਾਮਾ ਜਾਂ ਕਦੇ ਬਾਪੂ ਜੀ ਮੈਨੂੰ ਉਥੇ ਹੀ ਦੇ ਆਉਂਦੇ, ਪਰ ਕੁਝ ਚਿਰ ਮਗਰੋਂ ਮੈਨੂੰ ਅਜੈਬ ਮਾਮੇ ਨੂੰ ਮਿਲਣ ਲਈ ਹੌਲ ਪੈਣ ਲੱਗ ਜਾਂਦੇ। ਪੜ੍ਹਨ ਨੂੰ ਦਿਲ ਨਾ ਕਰਦਾ। ਮੂੰਹ ਜ਼ੋਰ ਹੋਇਆ ਦਿਲ ਮੈਨੂੰ ਉਸ ਨੂੰ ਮਿਲਣ ਲਈ ਪਿੰਡ ਖਿੱਚ ਲਿਆਉਂਦਾ। ਹਰ ਗੇੜੇ ਉਸ ਵਿਚ ਕੋਈ ਨਾ ਕੋਈ ਤਬਦੀਲੀ ਆਈ ਹੁੰਦੀ।
ਪਹਿਲਾਂ ਉਸ ਦੇ ਕੰਨਾਂ ਦੀਆਂ ਨੱਤੀਆਂ ਗਾਇਬ ਹੋਈਆਂ। ਫਿਰ ਟੌਰ੍ਹਾ ਉੜ ਗਿਆ। ਪੱਗ ਪੇਚਾਂ ਵਾਲੀ ਬਣ ਗਈ। ਖੱਤਾਂ ਵਾਲੀ ਦਾੜ੍ਹੀ ਦੀ ਥਾਂ ਪੂਰੀ ਭਰਵੀਂ ਦਾੜ੍ਹੀ ਹੋ ਗਈ। ਬੈਠਕ ਦੀ ਖੁੱਲ੍ਹੀ ਅਲਮਾਰੀ ਵਿਚ ਨਿਗ੍ਹਾ ਮਾਰੀ ਰੋਜ਼ਾਨਾ ਅਖ਼ਬਾਰ ਚਿਣੇ ਪਏ ਸਨ। ਚਾਂਦੀ ਦੇ ਕੱਪਾਂ ਤੇ ਸ਼ੀਲਡਾਂ ਵਾਲੀ ਕਾਰਨਸ ਦੇ ਇੱਕ ਪਾਸੇ ਕਾਰਲ ਮਾਰਕਸ ਦੀ ਪੂੰਜੀ ਪਈ ਸੀ। ਮਾਓ ਦੀ ਲਾਲ ਕਿਤਾਬ ਤੇ ਹੋਰ ਮਾਰਕਸੀ ਸਾਹਿਤ। ਇਹ ਸਭ ਅਜੈਬ ਦੀਆਂ ਸਨ। ਵਿਹੜੇ ਵਿਚੋਂ ਹਾਰਾ ਉਠ ਚੁੱਕਿਆ ਸੀ। ਬਾਹਰਲੇ ਘਰੋਂ ਬਾਗਲ ਵਿਚਲਾ ਟੋਆ ਭਰਿਆ ਪਿਆ ਸੀ, ਜਿਸ ਵਿਚ ਉਹ ਸੂਰ ਦਾ ਬੱਚਾ ਸੁੱਟ ਕੇ ਟੋਏ ਵਿਚ ਹੀ ਖੁਰਾਕ ਪਾ ਕੇ ਗਰਮੀ ਗਰਮੀ ਉਸ ਨੂੰ ਪਾਲਦਾ ਰਹਿੰਦਾ ਸੀ। ਕੱਪੜੇ ਵੀ ਉਸ ਦੇ ਪਹਿਲਾਂ ਵਾਂਗ ਨਹੀਂ ਚਮਕਦੇ ਸੀ। ਘਰੋਂ ਵੀ ਉਹ ਪਹਿਲਾਂ ਕਈ ਕਈ ਦਿਨ ਫਿਰ ਹਫ਼ਤਾ-ਹਫ਼ਤਾ ਗੈਰ-ਹਾਜ਼ਰ ਰਹਿਣ ਲੱਗ ਪਿਆ ਸੀ। ਉਸ ਦੇ ਲੱਛਣਾਂ ਤੋਂ ਮੈਨੂੰ ਇਹ ਤਾਂ ਪਤਾ ਲੱਗ ਚੁੱਕਿਆ ਸੀ ਕਿ ਉਹ ਮਾਰਕਸੀ ਪਾਰਟੀ ਦੇ ਰੰਗ ਵਿਚ ਰੰਗਿਆ ਜਾ ਚੁੱਕਿਆ ਸੀ ਪਰ ਉਹਦੇ ਇੰਨੇ ਦਿਨ ਬਾਹਰ ਰਹਿਣ ਦਾ ਕਾਰਨ ਮੈਨੂੰ ਸਮਝ ਨਹੀਂ ਸੀ ਆਇਆ। ਉਸ ਦਾ ਇਉਂ ਘਰੋਂ ਗੈਰ-ਹਾਜ਼ਰ ਰਹਿਣਾ ਘਰਦਿਆਂ ਨੂੰ ਅਖਰਨ ਲੱਗ ਪਿਆ ਕਿਉਂਕਿ ਉਨ੍ਹਾਂ ਦਾ ਇੱਕ ਕਾਮਾ ਜੋ ਖੁਸਦਾ ਜਾ ਰਿਹਾ ਸੀ।
"ਬਾਈ ਆ ਘਰਦੇ ਕੁਛ?" ਯੋਗ ਮੌਕਾ ਦੇਖ ਕੇ ਮੈਂ ਗੱਲ ਤੋਰੀ।
"ਹਾਂ ਔਖੇ ਨੇ…ਮੈਨੂੰ ਪਤੈ…,ਪਰ ਉਨ੍ਹਾਂ ਨੂੰ ਸਮਝਾ ਕਿ ਮੈਂ ਅੱਜ ਤੱਕ ਘਰ ਦਾ ਕੁਛ ਨਹੀਂ ਬਗਾੜਿਆ, ਨਾ ਹੀ ਕੋਈ ਪਿਉ ਦਾਦੇ ਦੇ ਨਾਉਂ ਨੂੰ ਬੱਟਾ ਲਾਇਐ। ਉਨ੍ਹਾਂ ਨੂੰ ਕਮਾ ਕੇ ਦਿੱਤੈ। ਇਲਾਕੇ ਵਿਚ ਖਾਨਦਾਨ ਦਾ ਨਾਂ ਚਮਕਾਇਐ…ਹੁਣ ਮੇਰੀ ਸਮਝ ਆਹ ਘਰੇਲੂ ਸਮੱਸਿਆਵਾਂ ਤੋਂ ਉਠ ਚੁੱਕੀ ਐ, ਮੇਰੇ ਮੂਹਰੇ ਹੁਣ ਉਨ੍ਹਾਂ ਸਦੀਆਂ ਤੋਂ ਦੱਬੇ ਕੁਚਲੇ ਲੋਕਾਂ ਦੀ ਜ਼ਿੰਦਗੀ ਦੀਆਂ ਰੋਜ਼ਮੱਰਾ ਦੀਆਂ ਔਕੜਾਂ ਨੇ ਜਿਹੜੇ ਇਸ ਯੁੱਗ ਵਿਚ ਵੀ ਮਨੁੱਖਾਂ ਦੀ ਨਹੀਂ ਕੀੜੇਮਕੌੜਿਆਂ ਦੀ ਜ਼ਿੰਦਗੀ ਜਿਉਂ ਰਹੇ ਨੇ, ਜਿਨ੍ਹਾਂ ਨੇ ਕਦੇ ਮਾਂ ਦੇ ਦੁੱਧ ਤੋਂ ਬਿਨਾ ਕਿਸੇ ਹੋਰ ਦੁੱਧ ਦਾ ਸਵਾਦ ਤੱਕ ਨਹੀਂ ਦੇਖਿਆ। ਕੰਦਮੂਲ ਖਾ ਕੇ ਢਿੱਡ ਭਰਦੇ ਨੇ। ਤਨ ਢੱਕਣ ਲਈ ਦਰੱਖ਼ਤਾਂ ਦੇ ਪੱਤੇ…। ਜਿੰਨਾ ਚਿਰ ਤੂੰ ਕਿਸੇ ਤਣ-ਪੱਤਣ ਨਹੀਂ ਲੱਗਦਾ ਓਨਾ ਚਿਰ ਈ ਮੇਰਾ ਇਸ ਘਰ ਨਾਲ ਲਗਾਓ ਐ ਬਸ ਫਿਰ ਇਹ ਸਾਲਮ ਦੀ ਸਾਲਮ ਜ਼ਿੰਦਗੀ ਲੋਕਾਂ ਦੇ ਲੇਖੇ ਲਾ ਦੇਣੀ ਐ। ਉਨਾ ਚਿਰ ਟਿਕ ਕੇ ਨਹੀਂ ਬਹਿਣਾ ਜਿੰਨਾ ਚਿਰ ਮਨੁੱਖ ਦਾ ਮਨੁੱਖ ਹੱਥੋਂ ਸ਼ੋਸ਼ਣ ਹੁੰਦਾ ਰਹੇਗਾ। ਸਾਰੇ ਇੱਕੋ ਜਿਹੀ ਖੁਸ਼ਹਾਲ ਜ਼ਿੰਦਗੀ ਨਹੀਂ ਜਿਉਣ ਲੱਗ ਪੈਣਗੇ। ਜਦੋਂ ਤੱਕ ਅਮੀਰ ਅਮੀਰ ਨਹੀਂ ਰਹੇਗਾ, ਗਰੀਬ ਗਰੀਬ ਨਹੀਂ।"
"ਫਿਰ ਇਹ ਤਾਂ ਤੇਰਾ ਸੁਪਨਾ ਬਣ ਕੇ ਹੀ ਰਹਿ ਜਾਵੇਗਾ।" ਮੈਂ ਕਿਹਾ।
"ਹਾਂ ਮਨੁੱਖ ਪਹਿਲਾਂ ਕੋਈ ਸੁਪਨਾ ਦੇਖਦਾ ਹੈ ਫਿਰ ਉਸ ਨੂੰ ਸਾਕਾਰ ਕਰਨ ਲਈ ਜੂਝਦਾ ਹੈ, ਵਿਰੋਧੀ ਤਾਕਤਾਂ ਨਾਲ ਲੜਦਾ ਹੈ, ਮੈਂ ਵੀ ਜੂਝਾਂਗਾ…ਤੇ ਵਿਰੋਧੀ ਤਾਕਤਾਂ ਨਾਲ ਅਖੀਰਲੇ ਸਾਹ ਤੱਕ ਲੜਦਾ ਰਹਾਂਗਾ।"
ਜਿਸ ਦਿਨ ਮੇਰਾ ਐਲ਼ਐਲ਼ਬੀ. ਦਾ ਨਤੀਜਾ ਅਖ਼ਬਾਰ ਵਿਚ ਆਇਆ, ਉਸ ਨੇ ਮੇਰਾ ਰੋਲ ਨੰਬਰ ਦੇਖ ਕੇ ਮਾਰੇ ਖੁਸ਼ੀ ਦੇ ਅਖ਼ਬਾਰ ਹਵਾ ਵਿਚ ਉਡਾ ਦਿੱਤਾ। ਮੈਨੂੰ ਘੁੱਟ ਕੇ ਜੱਫ਼ੀ ਵਿਚ ਲੈ ਕੇ ਬੋਲਿਆ, "ਲੈ ਫੇਰ ਭਾਣਜੇ ਹੁਣ ਤਾਂ ਪੀ.ਸੀ.ਐਸ. ਵੀ ਕੁੱਟ ਲੈ…ਪੋਸਟਾਂ ਨਿਕਲੀਆਂ ਹੋਈਆਂ ਨੇ…ਆਪਣੀ ਟਿੰਡ ਫੌਹੜੀ ਚੁੱਕ ਕੇ ਚੰਡੀਗੜ੍ਹ ਜਾ ਬਹਿ। ਟਿਊਸ਼ਨ ਰੱਖ ਕੇ ਕਰਾ ਦੇ ਕੇਰਾਂ ਤਾਂ ਧੰਨ ਧੰਨ। ਬਸ ਜਵਾਬ ਨਾ ਦੇਈਂ ਤੈਨੂੰ ਮੇਰੀ ਸਹੁੰ।"
ਉਸ ਦੀ ਗੱਲ ਮੰਨ ਕੇ ਮੈਂ ਫਾਰਮ ਭਰ ਦਿੱਤੇ। ਚੰਡੀਗੜ੍ਹ ਟਿਊਸ਼ਨ ਰੱਖ ਕੇ ਪੜ੍ਹਨ ਲੱਗ ਪਿਆ ਤੇ ਓਨਾ ਚਿਰ ਨਾ ਮੁੜਿਆ ਜਿੰਨਾ ਚਿਰ ਇਮਤਿਹਾਨ ਨਾ ਹੋਇਆ। ਇਮਤਿਹਾਨ ਹੋਣ ਤੋਂ ਮਗਰੋਂ ਮੇਰੀ ਇੰਟਰਵਿਊ ਹੋ ਗਈ। ਰਿਜ਼ਲਟ ਆਉਣ ਤੱਕ ਉਹ ਨਾ ਘਰ ਵੜਿਆ। ਜਿਸ ਦਿਨ ਮੇਰਾ ਰਿਜ਼ਲਟ ਆਉਣ ਦੀ ਖ਼ਬਰ ਉਸ ਨੇ ਮੇਰੀ ਨਾਨੀ ਮਾਂ ਨੂੰ ਦਿੱਤੀ ਸੀ ਉਸ ਦਿਨ ਤਾਂ ਉਹ ਆਪੇ ਵਿਚ ਨਹੀਂ ਸੀ ਸਮਾ ਰਿਹਾ। ਕਈ ਸਾਲਾਂ ਮਗਰੋਂ ਉਸ ਨੇ ਦਾਰੂ ਪੀਤੀ। ਘਰ ਦੇ ਵਿਹੜੇ ਵਿਚ ਖੌਰੂ ਪਾਇਆ। ਚਾਂਭਲਿਆ ਹੋਇਆ ਉਹ ਆਪਣੀਆਂ ਬਾਹਾਂ 'ਤੇ ਹੀ ਆਪਣੇ ਤਿਗ ਨੂੰ ਇਸ ਤਰ੍ਹਾਂ ਘੁੰਮਾ ਗਿਆ ਜਿਵੇਂ ਕੋਈ ਮਸਤੀ ਵਿਚ ਆਇਆ ਲੱਤਾਂ ਬਾਹਰਾ ਕੁਲੈਹਰੀ ਮੋਰ ਹਵਾ ਵਿਚ ਹੀ ਪੈਲ ਪਾਉਣੀ ਚਾਹੁੰਦਾ ਹੋਵੇ। ਉਸ ਦਿਨ ਮੈਨੂੰ ਮਹਿਸੂਸ ਹੋਇਆ ਕਿ ਮਨੁੱਖ ਲਈ ਉਹ ਦਿਨ ਕਿੰਨਾ ਚਾਵਾਂ ਤੇ ਭਾਗਾਂ ਵਾਲਾ ਹੁੰਦਾ ਹੈ ਜਿਸ ਦਿਨ ਉਹ ਆਪਣੇ ਸੁਪਨੇ ਦੇ ਸਾਕਾਰ ਹੋਣ ਦੀ ਖ਼ਬਰ ਸੁਣਦਾ ਹੈ। ਫਿਰ ਕਿਵੇਂ ਆਪਣਾ ਸਾਕਾਰ ਹੋਇਆ ਸੁਪਨਾ ਦੇਖਣ ਲਈ ਵਿਆਕੁਲ ਹੋ ਜਾਂਦਾ ਹੈ? ਕਿਵੇਂ ਸਬਰ ਕਰਨਾ ਕਠਿਨ ਹੋ ਜਾਂਦਾ ਹੈ ਉਸ ਲਈ ਤੇ ਫਿਰ ਉਹ ਆਪਣਾ ਸਾਕਾਰ ਹੋਇਆ ਸੁਪਨਾ ਦੇਖਣ ਲਈ ਪਹੁੰਚ ਹੀ ਗਿਆ ਮੇਰੇ ਦਫ਼ਤਰ ਵਿਚ। ਦਫ਼ਤਰ ਦੇ ਬੂਹੇ ਅੱਗੇ ਮੇਰਾ ਸੇਵਾਦਾਰ ਉਚੀ-ਉਚੀ ਕਿਸੇ ਨਾਲ ਖਹਿਬੜ ਰਿਹਾ ਸੀ। ਸ਼ੋਰ ਸੁਣ ਕੇ ਮੈਂ ਘੰਟੀ ਵਜਾਈ। ਸੇਵਾਦਾਰ ਲਾਲ-ਪੀਲਾ ਹੋਇਆ ਆ ਹਾਜ਼ਰ ਹੋਇਆ।
"ਕੀ ਗੱਲ ਐ ਬਹਾਦਰ?"
"ਕੁਛ ਨਹੀਂ ਸਾਹਿਬ, ਇੱਕ ਲੰਗੜਾ ਆਦਮੀ ਜ਼ਬਰਦਸਤੀ ਅੰਦਰ ਘੁਸ ਰਹਾ ਥਾ, ਸਾਹਿਬ ਕੇਸ ਸੁਨ ਰਹੇ ਥੇ, ਔਰ ਵੋ…।"
"ਲੰਗੜਾ" ਸ਼ਬਦ ਮੇਰੇ ਜ਼ਿਹਨ ਵਿਚ ਇਕਦਮ ਹਥੌੜੇ ਵਾਂਗ ਵੱਜਿਆ। ਮੇਰੇ ਸਾਹਮਣੇ ਝੱਟ ਮਾਮਾ ਅਜੈਬ ਸਿੰਘ ਆ ਖੜ੍ਹਾ ਹੋਇਆ। ਮਨ ਵਿਚ ਆਇਆ ਸੇਵਾਦਾਰ ਦੇ ਇੱਕ ਚਾਂਟਾ ਟਿਕਾ ਦਿਆਂ, ਪਰ ਮੈਂ ਕੁਝ ਸੋਚ ਕੇ ਬਾਹਰ ਆਇਆ। ਦੇਖਿਆ, ਸੱਚੀਂ ਮਾਮਾ ਅਜੈਬ ਸਿੰਹੁ ਪਿੱਠ ਕਰੀ ਬੈਠਾ ਸੀ। ਮੈਂ ਘੁੰਮ ਕੇ ਉਸ ਦੇ ਨਿਆਣੇ ਦੇ ਨਿੱਕੇ-ਨਿੱਕੇ ਪੈਰਾਂ ਵਰਗੇ ਪੈਰਾਂ ਨੂੰ ਛੂਹਿਆ। ਜਵਾਬ ਵਿਚ ਉਸ ਨੇ ਮੈਨੂੰ ਜੱਫ਼ੀ ਵਿਚ ਲੈ ਲਿਆ। ਸੇਵਾਦਾਰ ਹੈਰਾਨ-ਪ੍ਰੇਸ਼ਾਨ। ਉਸ ਵਿਚਾਰੇ ਨੂੰ ਕੀ ਪਤਾ ਸੀ ਕਿ ਮੈਨੂੰ ਇਸ ਕੁਰਸੀ ਤੱਕ ਪਹੁੰਚਾਉਣ ਵਾਲਾ ਇਹੀ ਮਹਾਂ ਮਨੁੱਖ ਹੈ। ਮੈਂ ਕੋਰਟ ਕੁਝ ਸਮੇਂ ਲਈ ਮੁਲਤਵੀ ਕਰਕੇ ਉਸ ਨੂੰ ਘਰ ਚੱਲਣ ਲਈ ਕਿਹਾ।
"ਨਹੀਂ ਭਾਣਜੇ ਮੈਂ ਤਾਂ ਤੈਨੂੰ ਕੁਰਸੀ 'ਤੇ ਕਚਹਿਰੀ ਲਾਈ ਬੈਠੇ ਨੂੰ ਦੇਖਣ ਆਇਆਂ। ਘਰ ਤਾਂ…ਮੇਰੀ ਇਹ ਤਮੰਨਾ ਪੂਰੀ ਕਰਦੇ। ਬਸ…।"
"ਆਹ ਕਿੱਡਾ ਵੱਡਾ ਮਨੁੱਖ ਤੇ ਤਮੰਨਾ…।"
ਮੇਰੇ ਅੰਦਰੋਂ ਹੂਕ ਨਿਕਲੀ।
ਮੈਂ ਸੇਵਾਦਾਰ ਨੂੰ ਕਹਿ ਕੇ ਉਸ ਦੀ ਕੁਰਸੀ ਸਾਹਮਣੇ ਡਹਾ ਦਿੱਤੀ। ਫਿਰ ਮੈਂ ਕੰਮ ਕਰਦਾ ਰਿਹਾ, ਉਹ ਮੈਨੂੰ ਕੰਮ ਕਰਦੇ ਨੂੰ ਦੇਖਦਾ ਰਿਹਾ।
ਲੰਚ ਬਰੇਕ ਵੇਲੇ ਮੈਨੂੰ ਗੱਡੀ ਲੈਣ ਆਈ।
"ਆ ਬਾਈ ਚੱਲੀਏ...।" ਮੈਂ ਉਸ ਨੂੰ ਫਿਰ ਘਰ ਚੱਲਣ ਲਈ ਕਿਹਾ।
"ਨਹੀਂ ਇਹ ਗੱਡੀਆਂ ਅਫ਼ਸਰਾਂ ਲਈ ਹੀ ਨੇ…ਕਾਮਰੇਡਾਂ ਲਈ ਨਹੀਂ ਜਿਨ੍ਹਾਂ ਨੇ ਹਰ ਵਕਤ ਲੋਕਾਂ ਵਿਚ ਕੰਮ ਕਰਨੈ।"
"ਚੱਲ ਫਿਰ ਕੇਰਾਂ ਝਾਟੀ ਤਾਂ ਲੈ ਲੈ ਕੀ ਯਾਦ ਕਰੇਂਗਾ ਕਿ ਅਫ਼ਸਰ ਭਾਣਜੇ ਕੋਲ…।"
ਮੈਂ ਟਿੱਚਰ ਭਰੇ ਲਹਿਜੇ ਵਿਚ ਕਿਹਾ।
"ਔਹ ਦੇਖ ਬਾਈ ਮੇਰੀ ਸਾਥਣ ਮੈਨੂੰ ਉਡੀਕਦੀ ਐ। ਤੇਰੀ ਕਾਰ ਤਾਂ ਤੈਨੂੰ ਧੋਖਾ ਦੇ ਜਾਵੇ, ਪਰ ਮਿਰਜ਼ੇ ਦੀ ਬੱਕੀ…।" ਉਸ ਨੇ ਮੇਰੀ ਗੱਲ ਦਾ ਉਸੇ ਲਹਿਜੇ ਵਿਚ ਉਤਰ ਦਿੱਤਾ।
ਮਾਮੇ ਦੀ ਗੱਲ ਮੈਨੂੰ ਉਸ ਦਿਨ ਠੀਕ ਹੀ ਲੱਗੀ ਜਿਸ ਦਿਨ ਸਾਡੀ ਕਾਰ ਦੌਰੇ 'ਤੇ ਗਿਆਂ ਦੀ ਖਰਾਬ ਹੋ ਗਈ ਸੀ ਤੇ ਮੇਰਾ ਗੰਨਮੈਨ ਦੱਸ ਰਿਹਾ ਸੀ 'ਸਰਦਾਰ ਜੀ ਕੱਲ੍ਹ ਮੈਂ ਸੰਗਰੂਰ ਗਿਆ ਸੀ ਉਥੇ ਤੁਹਾਡੇ ਉਸ ਬੌਨੀ ਘੋੜੀ ਵਾਲੇ ਮਾਮਾ ਜੀ ਨੂੰ ਦੇਖਿਆ। ਸਾਰੀਆਂ ਖੱਬੇ ਪੱਖੀ ਪਾਰਟੀਆਂ ਮਹਿੰਗਾਈ ਵਿਰੁਧ ਡੀ.ਸੀ. ਦਫ਼ਤਰ ਅੱਗੇ ਧਰਨਾ ਦੇਣ ਲਈ ਜਾ ਰਹੀਆਂ ਸਨ। ਰਾਹ ਵਿਚ ਨਾਕਾ ਲਾਇਆ ਹੋਇਆ ਸੀ। ਤੁਹਾਡੇ ਮਾਮਾ ਜੀ ਨੇ ਘੋੜੀ ਭਜਾ ਕੇ ਨਾਕਾ ਤੋੜ ਦਿੱਤਾ। ਮਗਰ ਹੀ ਜਨਤਾ ਜਾ ਵੜੀ। ਜਦੋਂ ਉਹ ਥੋੜ੍ਹਾ ਅੱਗੇ ਗਿਆ, ਇੱਕ ਸਿਪਾਹੀ ਤੋਂ ਘੋੜੀ ਦੀ ਥਾਂ ਉਸ ਦੇ ਸਿਰ ਵਿਚ ਡਾਂਗ ਵੱਜ ਗਈ ਉਹ ਉਥੇ ਡਿੱਗ ਪਿਆ। ਸਿਰ ਵਿਚੋਂ ਲਹੂ ਵਗਣ ਲੱਗ ਪਿਆ।"
"ਫਿਰ?" ਮੈਂ ਉਤਸੁਕ ਹੋ ਕੇ ਪੁੱਛਿਆ।
"ਭੜਕੀ ਹੋਈ ਭੀੜ ਨੇ ਪੁਲੀਸ 'ਤੇ ਇੱਟਾਂ, ਵੱਟੇ ਸਿੱਟੇ, ਡੀ.ਸੀ. ਦਫ਼ਤਰ ਦੀ ਇਮਾਰਤ ਨੂੰ ਨੁਕਸਾਨ ਪੁਚਾਉਣਾ ਚਾਹਿਆ। ਲਾਠੀਚਾਰਜ ਦੇ ਬਾਵਜੂਦ ਵੀ ਉਹ ਉਥੋਂ ਨਾ ਹਟੇ। ਅਖੇ ਗ੍ਰਿਫ਼ਤਾਰੀਆਂ ਦੇ ਕੀ ਹੀ ਰਹਾਂਗੇ। ਉਸੇ ਕੇਸ ਵਿਚ ਉਨ੍ਹਾਂ ਨੂੰ ਵੀ ਅੰਦਰ ਕਰ ਦਿੱਤਾ ਸੀ।"
ਤੇ ਫਿਰ ਅਖ਼ਬਾਰਾਂ ਰਾਹੀਂ ਖ਼ਬਰ ਆਈ ਕਿ ਅਜੈਬ ਨੇ ਜੇਲ੍ਹ ਦੇ ਨਾਕਸ ਪ੍ਰਬੰਧ ਵਿਰੁਧ ਕੈਦੀਆਂ ਦੀਆਂ ਮੰਗਾਂ ਦੇ ਹੱਕ ਵਿਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕਰ ਦਿੱਤੀ ਐ, ਜਿਸ ਕਰਕੇ ਉਸ ਦੀ ਸਿਹਤ ਦਿਨੋਂ-ਦਿਨ ਨਿਘਰਦੀ ਜਾ ਰਹੀ ਹੈ…ਜਿਉਂ ਜਿਉਂ ਉਸ ਦੀ ਸਿਹਤ ਵਿਗੜਦੀ ਜਾ ਰਹੀ ਹੈ ਤਿਉਂ ਤਿਉਂ ਉਸ ਨਾਲ ਹੋਰ ਕੈਦੀ ਅਣਮਿੱਥੇ ਸਮੇਂ ਲਈ ਵਰਤ ਰੱਖਦੇ ਆ ਰਹੇ ਹਨ। ਭੁੱਖ ਹੜਤਾਲੀਆਂ ਦੀ ਇਹ ਗਿਣਤੀ ਵਧਦੀ ਜਾ ਰਹੀ ਹੈ…ਮੁਜ਼ਾਹਰੇ ਹੋ ਰਹੇ ਹਨ…ਜੇਲ੍ਹ ਦੇ ਅੰਦਰ ਵੀ ਤੇ ਬਾਹਰ ਵੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਮੇਲ ਮਡਾਹੜ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ