Betaab (Punjabi Story) : Navtej Singh
ਬੇਤਾਬ (ਕਹਾਣੀ) : ਨਵਤੇਜ ਸਿੰਘ
ਅੱਜ ‘ਰਾਏ ਵਿੱਲਾ’ ਵਿਚ ਸੰਗੀਤ ਦੀ ਇਕ ਮਹਿਫ਼ਲ ਹੋਣੀ ਸੀ, ਤੇ ਕਈ ਕਾਰਾਂ ਇਸਦੇ ਫ਼ਾਟਕ ਕੋਲ ਆ ਕੇ ਰੁਕ ਰਹੀਆਂ ਸਨ। ਪਰਾਹੁਣਿਆਂ ਦੇ ਸੁਆਗਤ ਲਈ ਸ੍ਰੀਮਤੀ ਰਾਏ ਬੂਹਿਓਂ ਬਾਹਰ ਵਰਾਂਡੇ ਵਿਚ ਖਲੋਤੇ ਹੋਏ ਸਨ ਤੇ ਸਭਨਾਂ ਨੂੰ ਅੱਗੋਂ ਮੁਸਕਰਾ ਕੇ ਮਿਲਦੇ ਸਨ। ਪਰ ਮੁਸਕਾਨ ਉਨ੍ਹਾਂ ਦੇ ਮੂੰਹ ਤੇ ਓਪਰੀ ਲੱਗ ਰਹੀ ਸੀ—ਸ਼ਾਇਦ ਇਸ ਲਈ ਕਿ ਉਨ੍ਹਾਂ ਦੇ ਮੂੰਹ ਤੋਂ ਜੀਵਨ-ਅਸਤ ਨੂੰ ਤਾਜ਼ਾ ਨਿਛੋਹ ਜਵਾਨੀ ਵਿਚ ਬਦਲਣ ਦੇ ਅਸਫ਼ਲ ਜਿਹੇ ਜਤਨ ਵੀ ਸਾਫ਼ ਲੱਭ ਰਹੇ ਸਨ।
ਸੁਹਣੇ ਸਜੇ ਚੌੜੇ ਕਮਰੇ ਵਿਚ ਸਭ ਪਰਾਹੁਣੇ ਬੈਠ ਗਏ। ਬੈਠਣ ਲੱਗਿਆਂ ਅੱਧਖੜ ਉਮਰ ਦੇ ਜੋੜੇ ਜਾਂ ਇਕੱਲੇ ਥਾਂ ਦੀ ਚੋਣ ਲਈ ਕੋਈ ਉਤਾਵਲੇ ਨਹੀਂ ਸਨ; ਪਰ ਜਵਾਨ ਜੋੜਿਆਂ ਦਾ ਇਸ ਚੋਣ ਵੱਲ ਉਚੇਚਾ ਧਿਆਨ, ਲੁਕਾਣ ਦੀ ਕੋਸ਼ਿਸ਼ ਦੇ ਬਾਵਜੂਦ ਵੀ ਸਾਫ਼ ਦਿਸ ਰਿਹਾ ਸੀ। ਕੋਈ ਚੁੱਪ-ਕੋਨੇ ਲੱਭ ਰਹੇ ਸਨ, ਸ੍ਰੀ ਸਚਦੇਵ ਕੁਮਾਰੀ ਰਾਏ ਕੋਲ ਬੈਠਣਾ ਚਾਹੁੰਦਾ ਸੀ, ਤੇ ਹੋਰ ਕਈ ਸ੍ਰੀਮਾਨ ਤੇ ਕੁਮਾਰੀਆਂ...।
ਗਾਣਾ ਸ਼ੁਰੂ ਹੋਇਆ। ਗਾਣ ਵਾਲੀ ਇਕ ਸੋਹਲ ਸੁਹਣੀ ਕੁੜੀ ਸੀ। ਉਸਦੇ ਨਾਲ ਸੰਗਤ ਕਰ ਰਿਹਾ ਤਬਲਚੀ ਉਸ ਤੋਂ ਉਲਟ ਸੀ—ਮੋਟੇ ਭੱਦੇ ਨਕਸ਼, ਕਾਲਾ ਮੂੰਹ, ਮਸਕੀਨ ਜਿਹੀ ਤੱਕਣੀ, ਪਰ ਹੁਨਰ ਵਿਚ ਪੂਰਾ। ਕਿਸੇ ਅਜੀਬ ਸੌਖ ਤੇ ਭਰੋਸੇ ਨਾਲ ਉੱਠਦੀਆਂ ਉਂਗਲੀਆਂ ਤਾਲ ਦੇ ਰਹੀਆਂ ਸਨ। ਤੇ ਇਹੀ ਇਕ ਤਾਲ ਉਸ ਸਾਰੇ ਬੇਤਾਲ ਇਕੱਠ ਵਿਚ ਕਿਸੇ ਤਾਲ ਦੇ ਸਹਿਕਵਾਨ ਨੂੰ ਲੱਭ ਸਕਦੀ ਸੀ।
ਇਸਤ੍ਰੀਆਂ ਆਪਣੇ ਬੱਚਿਆਂ ਦਾ ਇਸ ਮਹਿਫ਼ਲ ਤੇ ਆਣ ਲਈ ਚਾਅ ਇਕ ਦੂਜੀ ਨੂੰ ਦੱਸ ਰਹੀਆਂ ਸਨ। ਕੋਈ ਆਖ ਰਹੀ ਸੀ, “ਅੱਜ ਬੇਬੀ ‘ਡਰੈੱਸ-ਅਪ’ ਹੁੰਦਿਆਂ ਬੜਾ ‘ਗੁੱਡ’ ਬਣਿਆ ਰਿਹਾ ਸੀ, ਬਿਲਕੁਲ ‘ਨਾਟੀ’ ਨਹੀਂ ਹੋਇਆ।” ਪਰ ‘ਗੁੱਡ-ਬੇਬੀ’ ਦੇ ਮੂੰਹ ਤੇ ਹਾਲੀ ਵੀ ਉਨ੍ਹਾਂ ਝਿੜਕਾਂ ਦਾ ਅਸਰ ਬਾਕੀ ਸੀ—ਜਿਹੜੀਆਂ ਉਹਨੂੰ ‘ਡਰੈੱਸ ਅਪ’ ਹੁੰਦਿਆਂ ਪਈਆਂ ਸਨ।
ਕਮਰੇ ਦਾ ਫ਼ਰਸ਼ ਚਿਲਕਵੇਂ ਚਿਪਸ ਦਾ ਸੀ। ਜੇ ਅਕਾਸ਼ ਦੇ ਤਾਰੇ ਕਿਸੇ ਤਰ੍ਹਾਂ ਸੁੰਗੜ ਕੇ ਨੇੜੇ ਨੇੜੇ ਹੋ ਜਾਣ ਤਾਂ ਉਹ ਇਸ ਅਮੀਰ ਕਮਰੇ ਦੇ ਫ਼ਰਸ਼ ਵਾਂਗਰ ਲੱਗਣ। ਇਨ੍ਹਾਂ ‘ਸੰਗੀਤ-ਪ੍ਰੇਮੀ’ ਲੋਕਾਂ ਵਿਚੋਂ ਅਕਾਸ਼ ਵੱਲ ਕਦੇ ਕਿਸੇ ਇੰਜ ਗਹੁ ਨਾਲ ਨਹੀਂ ਤੱਕਿਆ ਹੋਵੇਗਾ, ਜਿਵੇਂ ਸ੍ਰੀ ਸੇਠੀ ਚਿਪਸ ਦੇ ਫ਼ਰਸ਼ ਵੱਲ ਤੱਕ ਰਹੇ ਸਨ। ਉਹ ਸ੍ਰੀਮਤੀ ਸੇਠੀ ਨਾਲ ਸਲਾਹ ਵੀ ਕਰ ਰਹੇ ਸਨ ਕਿ ਉਹ ਵੀ ਆਪਣੇ ਡਰਾਇੰਗ ਰੂਮ ਵਿਚ ਇਹੋ ਜਿਹਾ ਫ਼ਰਸ਼ ਲੁਆਣਗੇ।
ਸਾਜ਼ ਵੱਜ ਰਹੇ ਸਨ। ਗਾਣ ਵਾਲੀ ਗਾ ਰਹੀ ਸੀ।
ਇਕੱਲਾ ਬੈਠਾ ਇਕ ਨੌਜਵਾਨ ਸਾਹਮਣੇ ਟੰਗੀ ਕਿਸੇ ਐਕਟਰੈੱਸ ਦੀ ਤਸਵੀਰ ਤੇ ਗੌਂਦੀ ਕੁੜੀ ਵੱਲ, ਪ੍ਰੋਗਰਾਮ ਵਿਚ ਦਿਲਚਸਪੀ ਨਾ ਲੈਣ ਵਾਲੀ ਨਜ਼ਰ ਨਾਲ, ਕਈ ਵਾਰੀ ਤੱਕ ਛੱਡਦਾ ਸੀ, ਤੇ ਕਈ ਹੋਰ ਵੀ ਕਦੇ ਗਾਣ ਵਾਲੀ ਵੱਲ ਤੱਕ ਲੈਂਦੇ ਸਨ। ਪਰ ਕੋਝੇ ਤਬਲਚੀ ਵੱਲ ਕੌਣ ਤੱਕਦਾ? ਉਹ ਆਪੇ ਹੀ ਕਈ ਵਾਰੀ ਆਪਣੀਆਂ ਨੀਵੀਆਂ ਜਿਹੀਆਂ ਨਜ਼ਰਾਂ ਨਾਲ ਏਧਰ-ਉਧਰ ਤੱਕ ਛੱਡਦਾ ਸੀ, ਗੱਲਾਂ ਕਰਦੀਆਂ ਇਸਤਰੀਆਂ ਨੂੰ, ਬੱਚਿਆਂ ਨੂੰ ਜਿਹੜੇ ਬਾਹਰ ਖੇਡ ਰਹੇ ਗ਼ਰੀਬ ਹਾਣੀਆਂ ਨੂੰ ਰਸ਼ਕ ਨਾਲ ਤੱਕ ਰਹੇ ਸਨ, ਤੇ ਊਂਘਦੇ ਜਾਂ ਗੱਲਾਂ ਕਰ ਰਹੇ ਖਾਸ ਪਤਵੰਤੇ ਪਰਾਹੁਣਿਆਂ ਨੂੰ। ਉਹਨੇ ਇਕ ਵਾਰ ਤੱਕਿਆ ਕਿ ਕਮਰੇ ਦੇ ਚੁੱਪ ਦੁਰਾਡੇ ਕੋਨੇ ਵਿਚ ਬੈਠੇ ਸ੍ਰੀ ਸਚਦੇਵ, ਕੁਮਾਰੀ ਰਾਏ ਦੀਆਂ ਨਰਮ ਨਾਜ਼ਕ ਉਂਗਲਾਂ ਨੂੰ ਪਿਆਰ ਦੁਲਾਰ ਰਹੇ ਸਨ। ਤੇ ਉਹਨੂੰ ਆਪਣਾ ਤਬਲਾ, ਜਿਦ੍ਹੇ ਤੇ ਉਹਦੀਆਂ ਉਂਗਲਾਂ ਦੇ ਨਿਸ਼ਾਨ ਵੀ ਪੈ ਚੁੱਕੇ ਸਨ, ਕੁਝ ਦੁਖਦਾਈ ਲੱਗਾ। ਕੂਲੇ ਤੇ ਕੱਸੇ ਹੋਏ ਚਮੜੇ ਦੇ ਬੇਜਾਨ ਹੋਣ ਦਾ ਖ਼ਿਆਲ ਉਹਨੂੰ ਇਕ ਪਲ ਲਈ ਠਕੋਰ ਗਿਆ।
ਗਾਣਾ ਖ਼ਤਮ ਹੋਇਆ। ਕਈ ਬੜੀਆਂ ਹੋਛੀਆਂ ਨਜ਼ਰਾਂ ਨਾਲ ਗਾਣ ਵਾਲੀ ਕੁੜੀ ਨੂੰ ਤੱਕ ਰਹੇ ਸਨ, ਤੇ ਕਈ ਓਨੀ ਹੀ ਹੋਛੀ ਤਰ੍ਹਾਂ ਉਹਦੇ ਮਾਮੂਲੀ ਜਿਹੇ ਗਾਣੇ ਦੀ ਤਾਰੀਫ਼ ਕਰ ਰਹੇ ਸਨ।
ਤਬਲਚੀ ਇਕੱਲਾ ਬੈਠਾ ਆਪਣੇ ਤਬਲੇ ਸੰਭਾਲ ਰਿਹਾ ਸੀ।
ਹੁਨਰ ਵਿਚ ਪੂਰਾ ਹੋਣ ਦੇ ਬਾਵਜੂਦ ਵੀ ਕੋਝਾ ਤਬਲਚੀ ਕਿਸੇ ਦੀ ਮਾੜੀ ਮੋਟੀ ਤਾਰੀਫ਼ ਨਹੀਂ ਸੀ ਲੈ ਸਕਿਆ। ਉਹ ਆਪਣੀ ਉਮਰ ਦੇ ਉਨ੍ਹਾਂ ਸਾਲਾਂ ਵਿਚ ਸੀ, ਜਦੋਂ ਹਰ ਕੋਈ ਕਿਸੇ ਦੀ ਤਾਰੀਫ਼ ਭਰੀ ਤੱਕਣੀ ਲਈ ਤਰਸਦਾ ਹੈ—ਤੇ ਜੇ ਕਦੇ ਇਹ ਚਿਰ-ਲੋਚੀ ਤੱਕਣੀ ਕਿਸੇ ਕੁੜੀ ਦੀ ਹੋ ਸਕੇ, ਤਾਂ ਉਹ ਭੁੱਲ ਸਕਦਾ ਸੀ ਕਿ ਉਹਦੀ ਜ਼ਿੰਦਗੀ ਵਿਚ ਕੂਲੇ ਤੇ ਕੱਸੇ ਹੋਏ ਬੇਜਾਨ ਚਮੜੇ ਦੇ ਸਿਵਾ ਹੋਰ ਕੁਝ ਵੀ ਨਹੀਂ। ਪਰ ਕੋਝਾ ਸ਼ੰਕਰ, ਤੱਕਣੀ ਤੇ ਇਕ ਪਾਸੇ ਰਹੀ, ਮਾਮੂਲੀ ਤਾਰੀਫ਼ ਦੇ ਦੋ ਲਫ਼ਜ਼ਾਂ ਤੋਂ ਵੀ ਵਾਂਝਿਆਂ ਰਿਹਾ ਜਾਪਦਾ ਸੀ।
ਉਹ ਕਦੇ ਕਦੇ ਸੋਚਦਾ ਹੁੰਦਾ ਸੀ—ਇਹ ਸਾਰੀਆਂ ਗਾਣ ਵਾਲੀਆਂ, ਜਿਨ੍ਹਾਂ ਦੀ ਇਹ ਲੋਕ ਏਨੀ ਤਾਰੀਫ਼ ਕਰਦੇ ਹਨ, ਜੇ ਥੋੜ੍ਹੀ ਦੇਰ ਲਈ ਗਾਣ ਵਾਲੇ ਬਣ ਜਾਣ, ਤਾਂ ਕੀ ਇਹ ਇਨ੍ਹਾਂ ਦੀ ਫੇਰ ਵੀ ਤਾਰੀਫ਼ ਕਰਨਗੇ, ਇਸੇ ਤਰ੍ਹਾਂ ਹੋਛੀ ਖ਼ੁਸ਼ਾਮਦ ਕਰਨਗੇ?
* * * * *
ਅੱਜ ਉਪਰਲੀ ਮਹਿਫ਼ਲ ਦੇ ਕਈ ਦਿਨਾਂ ਬਾਅਦ ‘ਪ੍ਰਿੰਸ ਲਾਜ’ ਵਿਚ ਸੰਗੀਤ ਦੀ ਮਹਿਫ਼ਲ ਸੀ। ਉਸੇ ਤਰ੍ਹਾਂ ਕਾਰਾਂ ਇਸਦੇ ਫ਼ਾਟਕ ਅੱਗੇ ਰੁਕੀਆਂ। ਜੰਗਾਲੇ ਹੋਏ ਹਾਸੇ ਹੱਸਦੇ ਪਰਾਹੁਣਿਆਂ ਦਾ ਸੁਆਗਤ ਕਰਨ ਲਈ ਉਹੋ ਜਿਹੀ ਇਕ ਸ੍ਰੀਮਤੀ ਵਰਾਂਡੇ ਵਿਚ ਆਈ। ਉਸ ਕਿਸਮ ਦੇ ਸ੍ਰੋਤਿਆਂ ਦੇ ਜੁਟਣ ਤੇ ਗਾਣਾ ਸ਼ੁਰੂ ਹੋਇਆ। ਤਬਲਚੀ ਵੀ ਉਹੋ ਸ਼ੰਕਰ—ਕੋਝਾ ਸ਼ੰਕਰ ਸੀ।
ਗੀਤ ਸ਼ੁਰੂ ਹੋਇਆ। ਅੱਜ ਜਿਹੜੀ ਕੁੜੀ ਗੌਂ ਰਹੀ ਸੀ, ਉਹ ਉਨ੍ਹਾਂ ਪਹਿਲੀਆਂ ਸਭਨਾਂ ਨਾਲੋਂ ਵੱਖਰੀ ਜਾਪਦੀ ਸੀ ਜਿਨ੍ਹਾਂ ਨਾਲ ਅੱਗੇ ਸ਼ੰਕਰ ਨੇ ਤਬਲਾ ਵਜਾਇਆ ਸੀ। ਉਹ ਗੌਂਦੀ ਗਈ ਤੇ ਸ਼ੰਕਰ ਦੇ ਮੂੰਹ ਉਤੋਂ ਉਹਦਾ ਚਿਰ-ਪੁਰਾਣਾ ਮਸਕੀਨ ਜਿਹਾ ਪ੍ਰਭਾਵ ਅਲੋਪ ਹੁੰਦਾ ਗਿਆ। ਸ਼ੰਕਰ ਦੇ ਮੂੰਹ ਉੱਤੇ ਇਕ ਚਮਕ ਆਉਂਦੀ ਗਈ। ਜਿਹੜੀਆਂ ਕੁੜੀਆਂ ਨਾਲ ਸ਼ੰਕਰ ਅੱਗੇ ਤਬਲਾ ਵਜਾਂਦਾ ਹੁੰਦਾ ਸੀ ਉਹ ਵੀ ਸੁਹਣੀਆਂ ਹੁੰਦੀਆਂ ਸਨ, ਪਰ ਅੱਜ ਦੀ ਗੀਤਕਾਰ ਦਾ ਸੁਹੱਪਣ ਕੁਝ ਇਸ ਤਰ੍ਹਾਂ ਦਾ ਸੀ ਜਿਹੜਾ ਕਿਸੇ ਤਸਵੀਰ ਵਿਚ ਨਹੀਂ ਚਿਤ੍ਰਿਆ ਜਾ ਸਕਦਾ। ਉਹਦੀਆਂ ਅੱਖਾਂ ਦੀ ਭਾਅ ਸਭ ਹੋਛੇ ਵਤੀਰੇ ਭੁਲਵਾ ਦੇਂਦੀ ਸੀ। ਸਿਰਫ਼ ਸ਼ੰਕਰ ਹੀ ਨਹੀਂ, ਉਹਦੇ ਪਹਿਲੇ ਗੀਤ ਤੋਂ ਬਾਅਦ ਸਾਰੇ ਸ੍ਰੋਤਿਆਂ ਵਿਚ ਵੀ ਇਕ ਫ਼ਰਕ ਆ ਗਿਆ ਸੀ।
ਜਦੋਂ ਸ੍ਰੋਤਿਆਂ ਦੇ ‘ਵਨਸ ਮੋਰ’ ਕਹਿਣ ਉੱਤੇ ਉਸ ਗੀਤਾਂ ਦੀ ਰਾਣੀ ਨੇ ਇਕ ਅਨੋਖੀ ਅਡੋਲਤਾ ਨਾਲ ਨਵਾਂ ਗੀਤ ਛੋਹਿਆ ਤਾਂ ਸ਼ੰਕਰ ਨੂੰ ਇਉਂ ਲੱਗਾ ਜਿਵੇਂ ਉਹ ਹੁਣ ਤੱਕ ਇਕ ਹਨੇਰੇ ਕਮਰੇ ਵਿਚ ਬੈਠਾ ਹੋਇਆ ਸੀ ਤੇ ਅਚਾਨਕ ਉਹਦੇ ਕੋਲ ਇਕ ਦੀਵਾ ਜਗ ਪਿਆ ਹੈ। ਉਹ ਉਹਦੇ ਗੀਤਾਂ ਦੇ ਚਾਨਣ ਦੀ ਨਦੀ ਵਿਚ ਗੁਆਚ ਜਾਣਾ ਤਾਂਘਦਾ ਸੀ।
ਸ਼ੰਕਰ ਦੇ ਮਨ ਵਿਚ ਇਕ ਆਸ ਟਿਮਟਿਮਾ ਉੱਠੀ—ਗੀਤਾਂ ਦੀ ਰਾਣੀ ਉਹਦੇ ਵੱਲ ਤੱਕੇਗੀ! ਉਹਨੂੰ ਜਾਪਿਆ ਉਹ ਚਿਰ-ਸਹਿਕਿਆ ਬਿੰਦ ਹੁਣ ਆਣ ਪੁੱਜਾ ਸੀ, ਗੀਤਾਂ ਦੀ ਰਾਣੀ ਉਹਦੇ ਵੱਲ ਤੱਕੇਗੀ। ਪਰ ਉਹਦੇ ਚਾਨਣ ਵਿਚ ਉਹਦਾ ਕੋਝ ਹੋਰ ਉੱਘੜ ਆਏਗਾ! ਸੁਹਣੇ ਨੈਣ ਕਸੁਹਣੇ ਨਕਸ਼ਾਂ ਨੂੰ ਤੱਕ ਲੈਣਗੇ...ਉਹਦਾ ਦਿਲ ਤੇਜ਼ ਤੇਜ਼ ਧੜਕਣ ਲੱਗ ਪਿਆ ਤੇ ਉਹਨੂੰ ਇਹ ਆਪਣੇ ਤਬਲੇ ਦੀ ਵਾਜ ਨਾਲੋਂ ਵੀ ਉੱਚਾ ਹੁੰਦਾ ਜਾਪਿਆ। ਆਹ ਸੁਹਣੇ ਨੈਣ ਕਸੁਹਣੇ ਨਕਸ਼ਾਂ ਨੂੰ ਤੱਕ ਲੈਣਗੇ! ਉਹਦੀ ਜਿੰਦ ਦੇ ਹਨੇਰੇ ਕਮਰੇ ਵਿਚ ਅਚਾਨਕ ਜਗ ਪਏ ਦੀਵੇ ਦਾ ਚਾਨਣ ਉਹਦੇ ਮੂੰਹ ਉੱਤੇ ਪੈਣ ਵਾਲਾ ਸੀ। ਉਹਦੇ ਅੰਦਰ ਇਕ ਝੱਖੜ ਝੁੱਲ ਪਿਆ; ਉਹ ਆਪਣੇ ਦੋਵੇਂ ਹੱਥ ਤਬਲੇ ਤੋਂ ਖਿੱਚ ਕੇ ਆਪਣਾ ਮੂੰਹ ਲੁਕਾਅ ਲਏ…ਆਪਣਾ ਮੂੰਹ ਲੁਕਾ ਲਏ...। ਉਹਦੀਆਂ ਉਂਗਲਾਂ ਵਿਚ ਜਿਵੇਂ ਲਹੂ ਜਾਣਾ ਰੁਕ ਗਿਆ ਹੋਏ, ਉਂਗਲਾਂ ਜਿਹੜੀਆਂ ਹੁਣੇ ਆਪਣੇ ਪੋਟਿਆਂ ਵਿਚ ਪ੍ਰੀਤ ਪਰੋ ਕੇ ਗੀਤਾਂ ਦੀ ਰਾਣੀ ਨੂੰ ਤਾਲ ਦੇ ਰਹੀਆਂ ਸਨ, ਉਹ ਉਂਗਲਾਂ ਕੁਝ ਥਿੜਕਦੀਆਂ ਜਾਪੀਆਂ। ਗੀਤਾਂ ਦੀ ਚਾਨਣੀ ਨਦੀ…ਉਹਦੇ ਕੋਝੇ ਨਕਸ਼...ਤੇ ਸ਼ੰਕਰ ਬੇਤਾਲ ਹੋ ਗਿਆ।
ਸਾਰੇ ਸਰੋਤੇ ਖਿਝ ਕੇ ਉਹਦੇ ਵੱਲ ਤੱਕਣ ਲੱਗ ਪਏ।
ਗੀਤਾਂ ਦੀ ਰਾਣੀ ਨੇ ਉਸ ਵੱਲ ਨਾ ਤੱਕਿਆ। ਤਾਲੋਂ ਖੁੰਝੇ ਇਸ ਪਲ ਵਿਚ ਸ਼ੰਕਰ ਵੱਲ ਤੱਕ ਕੇ ਉਹ ਉਹਦੀ ਨਮੋਸ਼ੀ ਨਹੀਂ ਸੀ ਵਧਾਣਾ ਚਾਂਹਦੀ।
[1941]