Bhaagaan Di Dor (Punjabi Story) : Navtej Singh

ਭਾਗਾਂ ਦੀ ਡੋਰ (ਕਹਾਣੀ) : ਨਵਤੇਜ ਸਿੰਘ

ਸਾਰਾ ਪਿੰਡ ਪਰਤਾਪੀ ਸਾਧ ਨੂੰ ਉਡੀਕ ਰਿਹਾ ਸੀ—ਕਦੋਂ ਉਹ ਉਹਨਾਂ ਦੇ ਪਿੰਡ ਚਰਨ ਪਾਂਦਾ ਤੇ ਡੰਗਰਾਂ ਦਾ ਟੂਣਾ ਕਰਦਾ ਹੈ। ਤੇਜੂ ਮਜ਼੍ਹਬੀ ਨੂੰ ਤੇ ਜਾਪ ਰਿਹਾ ਸੀ ਜਿਵੇਂ ਭਾਗਾਂ ਦੀ ਡੋਰ ਹੀ ਉਸ ਸਾਧ ਦੇ ਹੱਥ ਹੈ। ਪੈਲੀਆਂ ਵਾਲਿਆਂ ਦੀਆਂ ਮਰਚਾਂ ਫੁੱਲ-ਗੁੱਡੀ ਲੱਗ ਕੇ ਸਜ ਗਈਆਂ ਸਨ। ਕੋਈ ਆਪਣਾ ਕਮਾਦ ਗੋਡਦਾ ਆਇਆ ਸੀ, ਤੇ ਕੋਈ ਆਪਣੀ ਝੋਨੇ ਦੀ ਪਨੀਰੀ ਵਿਚੋਂ ਨਦੀਣ ਕੱਢ ਰਿਹਾ ਸੀ; ਪਰ ਤੇਜੂ ਕੋਲ ਤਾਂ ਇਕੋ ਇਕ ਉਹਦੀ ਬਿੱਲੋ ਹੀ ਸੀ।

ਪਿੰਡ ਵਿਚ ਰੋਜ਼ ਹੀ ਕੁਝ ਡੰਗਰ ਕੰਨ ਢਿੱਲੇ ਛੱਡਣ ਲੱਗ ਪਏ ਸਨ। ਉਹ ਪੱਠੇ ਖਾਣੇ ਛੱਡ ਦੇਂਦੇ, ਉਨ੍ਹਾਂ ਦੀਆਂ ਅੱਖਾਂ ਵਿਚ ਗਿੱਡ ਆ ਜਾਂਦੀ, ਤੇ ਫੇਰ ਕੁਝ ਚਿਰ ਪਿੱਛੋਂ ਸੰਘ ਟੱਡ ਲੈਂਦੇ, ਮੂੰਹੋਂ ਝੱਗ ਵਗਦੀ, ਔਖੇ ਸਾਹ ਲੈਂਦੇ ਜਿਵੇਂ ਗਲ ਫੜਿਆ ਜਾਏ। ਬੜੇ ਆੜ੍ਹ-ਤੋੜ੍ਹ ਲੋਕਾਂ ਕੀਤੇ, ਪਰ ਕੋਈ ਵਾਹ ਨਹੀਂ ਸੀ। ਪਿੰਡ ਦੇ ਕਈ ਡੰਗਰ ਮਰ ਚੁਕੇ ਸਨ।

ਵੱਡਾ ਹਨੇਰ ਇਹ ਸੀ ਕਿ ਲਵੇ ਪਸ਼ੂ, ਤੇ ਚੋਟੀ ਦੇ ਡੰਗਰ ਹੀ ਇੰਜ ਫੜੇ ਜਾਂਦੇ ਸਨ। ਜਿਹੜੇ ਵੱਗ ਵਿਚ ਸਭ ਤੋਂ ਵੱਧ ਫਬਦੇ ਸਨ, ਉਨ੍ਹਾਂ ਉੱਤੇ ਹੀ ਇਹ ਸਾੜ੍ਹਸਤੀ ਆਈ ਸੀ।

ਪਿੰਡ ਵਿਚੋਂ ਕੁਝ ਨੇ ਕਿਹਾ ਸੀ ਕਿ ਸਾਧ ਨੂੰ ਛੱਡੋ, ਐਤਕੀਂ ਬਲਾਕ ਵਾਲਿਆਂ ਨੂੰ ਦਰਖ਼ਾਸਤ ਦੇ ਕੇ ਸਭਨਾਂ ਪਸ਼ੂਆਂ ਨੂੰ ਟੀਕੇ ਲੁਆ ਲਈਏ।

ਬਜ਼ੁਰਗਾਂ ਇਹ ਸਲਾਹ ਉੱਕਾ ਨਾ ਮੰਨੀ, “ਸੜੇ ਟੀਕਿਆਂ ਕੁਝ ਨਹੀਂ ਸਵਾਰਨਾ!”

“ਸਰਕਾਰੀ ਕੰਮਾਂ ਦੀ ਸੁਸਤ-ਚਾਲ ਦਾ ਪਤਾ ਈ ਏ ਤੁਹਾਨੂੰ।”

“ਪਹਿਲਾਂ ਸਾਰੇ ਪਿੰਡ ਦੇ ਦਸਖ਼ਤ ਕਰਾਓਗੇ ਤੇ ਫੇਰ ਦਰਖ਼ਾਸਤਾਂ ਦੇਂਦੇ ਫਿਰੋਗੇ।”

“ਕਿੰਨੇ ਦਿਨ ਦਰਖ਼ਾਸਤ ਦਫ਼ਤਰਾਂ ਵਿਚ ਚੱਕਰ ਕੱਟੇਗੀ, ਤੇ ਪਿੱਛੋਂ ਭਾਵੇਂ ਪਰ ਸਾਲ ਵਾਂਗ ਡੰਗਰ-ਡਾਕਟਰ ਸਿਰ ਹਿਲਾ ਦਏ, ‘ਟੀਕਿਆਂ ਦੀ ਦਵਾਈ ਹੈ ਨਹੀਂ’।”

ਅਖ਼ੀਰ ਜਿਨ੍ਹਾਂ ਟੀਕਿਆਂ ਲਈ ਵਾਜ ਕੱਢੀ ਸੀ, ਉਹ ਵੀ ਸਾਧ ਦੀ ਸ਼ਰਨ ਲੈਣੀ ਮੰਨ ਗਏ। ਬੜਾ ਪਰਤਾਪੀ ਤੇ ਕਰਨੀ ਵਾਲਾ ਸਾਧ ਸੀ ਉਹ। ਹੁਣ ਤਾਂ ਬਿਰਧ ਹੋ ਚੁਕਿਆ ਸੀ, ਪਰ ਜਦੋਂ ਭਰ ਜਵਾਨ ਹੁੰਦਾ ਸੀ ਤਾਂ ਦੱਸਦੇ ਹਨ ਇਕ ਵਾਰ ਡੇਰੇ ਵਿਚ ਆਈ ਕਿਸੇ ਜਵਾਨ ਤੀਵੀਂ ਨਾਲ ਉਹਦੇ ਉੱਤੇ ਊਜ ਲੱਗ ਗਈ; ਸਾਧ ਨੇ ਇਹ ਅਨਰਥ ਸੁਣਦਿਆਂ ਸਾਰ ਹੀ ਆਪਣੀ ਇੰਦਰੀ ਵੱਢ ਦਿਤੀ ਸੀ...

ਅੱਜ ਪਿੰਡ ਦੇ ਮੋਹਰੀ ਏਸੇ ਸਾਧ ਨੂੰ ਲਿਆਣ ਗਏ ਸਨ।

ਪਹਿਲਾਂ ਲੋਕੀ ਸਹਿਜ ਸੁਭਾ ਆਪਣੇ ਡੰਗਰਾਂ ਨੂੰ ਕਹਿ ਛੱਡਦੇ ਹੁੰਦੇ ਸਨ, ‘ਤੈਨੂੰ ਗੜੀ ਪਏ’, ਪਰ ਕੁਝ ਦਿਨਾਂ ਤੋਂ ਇੰਜ ਕੋਈ ਨਹੀਂ ਸੀ ਕਹਿੰਦਾ।

ਤੇਜੂ ਮਜ਼੍ਹਬੀ ਨੇ ਤਾਂ ਆਪਣੀ ਝੋਟੀ ਨੂੰ ਪਹਿਲਾਂ ਵੀ ਕਦੇ ਗਾਲ੍ਹ ਨਹੀਂ ਸੀ ਕੱਢੀ। ਉਹਨੇ ਛੋਟੀ ਜਿਹੀ ਕੱਟੀ ਤੋਂ ਆਪਣੀ ਬਿੱਲੋ ਏਡੀ ਕੀਤੀ ਸੀ। ਜਦੋਂ ਉਹ ਰੋਟੀ ਖਾਂਦਾ, ਤਾਂ ਉਹਦੀ ਬਿੱਲੋ ਚੌਂਤਰੇ ਕੋਲ ਆ ਜਾਂਦੀ। ਉਹਨੇ ਉਹਨੂੰ ਬੁਰਕੀਆਂ ਦੇ ਦੇ ਪੁੱਤਰਾਂ ਵਾਂਗ ਪਾਲਿਆ ਸੀ। ਬਿੱਲੋ ਜਿੱਥੇ ਵੀ ਹੁੰਦੀ, ਉਹਨੂੰ ਵੇਖ ਕੇ ਅੜਿੰਗਣ ਲੱਗ ਪੈਂਦੀ; ਤੇ ਜਿਵੇਂ ਕਿਤੇ ਬਿੱਲੋ ਨੂੰ ਪਤਾ ਸੀ ਕਿ ਚੇਤੇ ਸ਼ਾਹ, ਤੇਜੂ ਨੂੰ ਕਰਜ਼ਾ ਤਾਰਨ ਲਈ ਬੜੀ ਤੜੀ ਦੇ ਰਿਹਾ ਹੈ, ਉਹ ਸਾਢੇ ਤਿੰਨਾਂ ਵਰ੍ਹਿਆਂ ਵਿਚ ਹੀ ਸੂ ਪਈ ਸੀ!

ਚੇਤੇ ਸ਼ਾਹ ਨੇ ਬਥੇਰਾ ਜ਼ੋਰ ਲਾਇਆ ਸੀ ਕਿ ਤੇਜੂ ਉਹਨੂੰ ਬਿੱਲੋ ਦੇ ਦਏ, ਭਾਵੇਂ ਸਾਰੇ ਖਾਤੇ ਉੱਤੇ ਲੀਕ ਫਿਰਵਾ ਲਏ; ਪਰ ਤੇਜੂ ਤਾਂ ਬਿੱਲੋ ਦਾ ਵਾਲ ਤੱਕ ਵੀ ਕਿਸੇ ਨੂੰ ਦੇਣ ਲਈ ਤਿਆਰ ਨਹੀਂ ਸੀ। ਉਹਨੇ ਬਿੱਲੋ ਦੇ ਸੂੰਦਿਆਂ ਸਾਰ ਜ਼ੈਲੇ ਦੋਧੀ ਕੋਲੋਂ ਸੌ ਰੁਪਿਆ ਪੇਸ਼ਗੀ ਫੜ ਇਕ ਕਿਸ਼ਤ ਚੇਤੇ ਸ਼ਾਹ ਦੀ ਤਾਰ ਦਿੱਤੀ, ਤੇ ਉਹਦੀ ਆਸ ਸੀ ਇਕੋ ਸੂਏ ਵਿਚ ਉਹ ਭਾਰ ਲਾਹ ਲਏਗਾ।

ਪਰ ਹੁਣ ਪਿੰਡ ਵਿਚ ਕਿਸੇ ਦੀ ਕੱਟੀ ਮਰ ਗਈ ਸੀ, ਤੇ ਉਹਦੀ ਮਹਿੰ ਨਹੀਂ ਸੀ ਮਿਲਦੀ; ਤੇ ਕਿਸੇ ਦੀ ਮਹਿੰ ਨੂੰ ਹੀ ਕਸਰ ਹੋ ਗਈ ਸੀ। ਤੇਜੂ ਨੂੰ ਬੜਾ ਡਰ ਲੱਗ ਰਿਹਾ ਸੀ—ਪਰ ਉਹਨੂੰ ਪਰਤਾਪੀ ਸਾਧ ਉੱਤੇ ਬੜਾ ਨਿਸਚਾ ਸੀ।

ਸਾਧ ਲਈ ਗਏ ਬੰਦੇ ਖੌਪੀਏ ਪਰਤ ਆਏ। ਇੱਕ ਸਾਧ ਉਹਨਾਂ ਨਾਲ ਆਇਆ, ਪਰ ਇਹ ਪਰਤਾਪੀ ਸਾਧ ਨਹੀਂ, ਉਹਦਾ ਵੱਡਾ ਚੇਲਾ ਸੀ। ਪਰਤਾਪੀ ਸਾਧ ਨੂੰ ਉਨ੍ਹਾਂ ਤੋਂ ਪਹਿਲਾਂ ਹੋਰ ਪਿੰਡ ਵਾਲੇ ਲੈ ਗਏ ਹੋਏ ਸਨ।

ਪਿੰਡ ਵਿਚ ਪੀਪਾ ਖੜਕ ਗਿਆ:

“ਭਰਾਓ, ਡੰਗਰਾਂ ਦਾ ਉਪਾਅ ਕਰਨ ਲਈ ਸਾਧ ਆ ਗਏ ਨੇ। ਪੰਚੈਤ ਦਾ ਹੁਕਮ ਏ: ਰਾਤੀਂ ਦਸ ਵਜੇ ਤੋਂ ਲੈ ਕੇ ਸਵੇਰੇ ਜਦੋਂ ਤਕ ਸਾਰੇ ਪਿੰਡ ਦੇ ਡੰਗਰ ਨਹੀਂ ਲੰਘ ਜਾਂਦੇ ਓਦੋਂ ਤਕ ਕੋਈ ਦੀਵੇ ਵਟੀ ਨਾ ਲਾਏ, ਨਾ ਹੀ ਅੱਗ ਬਾਲੇ, ਨਾ ਖੂਹੀ ’ਚੋਂ ਪਾਣੀ ਕੱਢੇ, ਨਾ ਹੀ ਨਲਕਾ ਗੇੜੇ, ਨਾ ਗਾਂ ਮੱਝ ਚੋਵੇ। ਪਿੰਡੋਂ ਬਾਹਰ ਕੋਈ ਨਾ ਜਾਏ, ਨਾ ਹੀ ਅੰਦਰ ਆਏ। ਜਿਹੜਾ ਇਸ ਨੇਮ ਦਾ ਉਲੰਘਣ ਕਰੇਗਾ, ਉਹ ਪਿੰਡ ਦਾ ਦੇਣਦਾਰ ਹੋਏਗਾ। ਮੂੰਹ ਕਾਲਾ ਕਰ ਕੇ ਉਹਨੂੰ ਖੋਤੇ ਉੱਤੇ ਚਾੜ੍ਹਿਆ ਜਾਏਗਾ, ਪੰਜਾਹ ਰੁਪਏ ਡੰਨ ਵੀ ਲਿਆ ਜਾਏਗਾ।”

ਸਾਧ ਨੇ ਚੇਤੇ ਸ਼ਾਹ ਦੀ ਹੱਟੀ ਤੋਂ ਅੱਧ ਗਜ਼ ਹਲਵਾਣ, ਨਾਰੀਅਲ ਤੇ ਸਮੱਗਰੀ ਦਾ ਡੱਬਾ ਲੈ ਲਿਆ; ਤੇ ਸ਼ਾਹ ਨੇ ਹੀ ਦੋ ਸੇਰ ਦੇਸੀ ਘਿਓ ਦਾ ਵੀ ਪ੍ਰਬੰਧ ਕਰਾ ਦਿੱਤਾ। ਪੰਝੀ ਕੁ ਰੁਪਿਆਂ ਦਾ ਇਹ ਸਾਰਾ ਸੌਦਾ ਬਣ ਗਿਆ, ਪਰ ਚੇਤੇ ਸ਼ਾਹ ਨੇ ਖਿੜੇ ਮੱਥੇ ਉਧਾਰ ਦੇ ਦਿੱਤਾ। ਸਵੇਰੇ ਸਾਧ ਕੋਲ ਕਣਕ ਹੀ ਕਣਕ ਹੋ ਜਾਣੀ ਸੀ।

ਸਾਧ ਨੇ ਇਕ ਕੋਰਾ ਘੜਾ ਮੰਗਵਾਇਆ, ਤੇ ਉਹਦੇ ਥੱਲੇ ਮੋਰੀ ਕਰ ਲਈ। ਫੇਰ ਇਕ ਵਲਟੋਹੀ ਵਿਚ ਮੰਤ੍ਰ ਪੜ੍ਹ ਕੇ ਜਲ ਤੇ ਦੁੱਧ ਪਾਇਆ। ਸਾਧ ਦੇ ਨਾਲ ਵਲਟੋਹੀ ਤੇ ਘੜਾ ਫੜਨ ਲਈ ਚਾਰ ਪੰਜ ਗੱਭਰੂ ਹੋ ਗਏ। ਸਾਧ ਪਵਿੱਤਰ ਜਲ ਤੇ ਦੁੱਧ ਵਲਟੋਹੀ ਵਿਚੋਂ ਕੱਢ ਕੇ ਘੜੇ ਵਿਚ ਪਾ ਦੇਂਦਾ, ਤੇ ਇਹ ਘੜਾ ਪਿੰਡ ਦੇ ਬਾਹਰਵਾਰ ਫੇਰ ਕੇ ਉਹਨਾਂ ਇੱਕ ਕਾਰ ਵਾਹ ਦਿੱਤੀ।

ਏਸ ਕਾਰ ਤੋਂ ਪਾਰ ਕਿਸੇ ਨਹੀਂ ਸੀ ਜਾਣਾ, ਤੇ ਨਾ ਪਾਰੋਂ ਇਹਦੇ ਅੰਦਰ ਕਿਸੇ ਆਣਾ ਸੀ। ਇਹਦੇ ਅੰਦਰ ਜੋ ਜੋ ਭੂਤ ਚੁੜੇਲ ਸਨ, ਉਹ ਸਾਧ ਨੇ ਆਪਣੇ ਟੂਣੇ ਨਾਲ ਸਵੇਰ ਤਕ ਭਸਮ ਕਰ ਦੇਣੇ ਸਨ। ਪਾਸੋਂ ਆਪਣੇ ਆਪ ਕੋਈ ਚੁੜੇਲ ਜਾਂ ਭੂਤ ਇਹ ਕਾਰ ਉਲੰਘ ਨਹੀਂ ਸੀ ਸਕਦਾ; ਪਰ ਜੇ ਕੋਈ ਬੰਦਾ ਉਲੰਘੇ, ਤਾਂ ਉਹਦੇ ਨਾਲ ਲੱਗ ਕੇ ਇਨ੍ਹਾਂ ਦੇ ਆ ਜਾਣ ਦਾ ਡਰ ਸੀ। ਜਿਸ ਕਿਸੇ ਦੀ ਅੱਜ ਰਾਤ ਪਾਣੀ ਦੀ ਵਾਰ ਸੀ, ਭਾਵੇਂ ਅੱਧੀ ਰਾਤ ਨੂੰ ਜਾਂ ਚਾਰ ਵਜੇ ਸਵੇਰੇ, ਉਹ ਸਭ ਪਹਿਲੋਂ ਹੀ ਪਿੰਡੋਂ ਬਾਹਰ ਹੋ ਗਏ।

ਸਾਧ ਨੇ ਹਵਨ ਰਚਾ ਲਿਆ। ਉਹ ਮੰਤ੍ਰ ਉਚਾਰਦਾ ਤੇ ਨਾਲ ਨਾਲ ਅਗਨੀ ਨੂੰ ਦੇਸੀ ਘਿਓ ਤੇ ਸਮੱਗਰੀ ਅਰਪਣ ਕਰੀ ਜਾਂਦਾ ਸੀ। ਪਿੰਡ ਦੇ ਭਾਈ ਤੇ ਪੰਡਤ ਉਹਦੇ ਦੁਆਲੇ ਬੈਠੇ ਪਾਠ ਕਰੀ ਜਾ ਰਹੇ ਸਨ। ਭਾਈਆਂ ਨੇ ਜਪੁਜੀ ਸਾਹਿਬ ਦਾ ਇਕੋਤਰ ਸੌ ਪਾਠ ਕਰਨਾ ਸੀ।

ਖਾੜਕੂ ਬੰਦਿਆਂ ਦੀਆਂ ਪੰਜ ਟੋਲੀਆਂ ਬਣੀਆਂ। ਹਰ ਟੋਲੀ ਨੇ ਇਕ ਇਕ ਹਲਵਾਂਡਾ ਲੈ ਲਿਆ। ਸਾਧ ਨੇ ਹਵਨ ਵਿਚੋਂ ਕੁਝ ਅੰਗਿਆਰ ਚੁੱਕ ਕੇ ਹਲਵਾਂਡਿਆਂ ਵਿਚ ਪਾਏ ਤੇ ਸਮੱਗਰੀ ਧੂੜ ਦਿੱਤੀ। ਇਹ ਮਹਿਕਦਾ ਹਲਵਾਂਡਾ ਲੈ ਕੇ ਇਹ ਟੋਲੀਆਂ ਪਿੰਡ ਵਿਚ ਪੱਤੀਓ-ਪੱਤੀ ਖਿੰਡ ਗਈਆਂ।

ਬੂਹੇ ਸਭਨਾਂ ਨੇ ਪਹਿਲਾਂ ਹੀ ਖੁੱਲ੍ਹੇ ਰੱਖੇ ਸਨ, ਜੋ ਵਿਰਲਾ ਟਾਵਾਂ ਕੋਈ ਬੰਦ ਹੁੰਦਾ ਤਾਂ ਉਹ ਖੁਲ੍ਹਵਾ ਲੈਂਦੇ ਤੇ ਹਰ ਘਰ ਤੇ ਹਰ ਖੁਰਲੀ ਨੂੰ ਧੂਣੀ ਦੇਂਦੇ ਲੰਘ ਜਾਂਦੇ। ਨਾਲ-ਨਾਲ ਉਹ ਉਲੰਘਣਾ ਦੀ ਵੀ ਤਾੜ ਰਖਦੇ।

ਸਭਨਾਂ ਨੇ ਬਸ਼ੀਰ ਚਾਮੜੀ ਉੱਤੇ ਕਰੜਾ ਪਹਿਰਾ ਰੱਖਣ ਲਈ ਕਿਹਾ ਸੀ। ਡੰਗਰ ਮਰਨ ਤਾਂ ਉਹਨੂੰ ਲਾਹ ਹੁੰਦਾ ਹੈ। ਜਦੋਂ ਧੂਣੀ ਦੇਣ ਵਾਲੇ ਚਾਮੜੀ ਦੇ ਘਰ ਕੋਲ ਪੁੱਜੇ ਤਾਂ ਉਹ ਜਾਗਦਾ ਹੀ ਪਿਆ ਸੀ ਤੇ ਉਹਦੇ ਦੋਵੇਂ ਬੂਹੇ ਖੁੱਲ੍ਹੇ ਸਨ। “ਭਰਾਵੋ, ਤੁਸੀਂ ਜਦੋਂ ਮਰਜ਼ੀ ਆਣ ਕੇ ਆਪਣਾ ਸੰਸਾ ਕੱਢ ਲਓ! ਮੈਂ ਪਿੰਡ ਦਾ ਧਰੋਹੀ ਨਹੀਂ।”

ਓਧਰ ਹਵਨ ਤੇ ਪਾਠ ਸਾਰੀ ਰਾਤ ਜਾਰੀ ਰਿਹਾ। ਏਧਰ ਇਹ ਟੋਲੀਆਂ ਸਾਰੀ ਰਾਤ ਪਿੰਡ ਦੇ ਘਰ ਘਰ ਦਾ ਗੇੜਾ ਕੱਢਦੀਆਂ ਰਹੀਆਂ। ਅੰਮ੍ਰਿਤ ਵੇਲੇ ਤੱਕ ਇਹ ਦੋਵੇਂ ਕਾਰਜ ਸੰਪੂਰਨ ਹੋ ਗਏ।

ਸਵੇਰੇ ਸਵੇਰੇ ਸਾਧ ਨੇ ਅਰਦਾਸ ਕੀਤੀ, ਤੇ ਫੇਰ ਸਾਰੇ ਪਿੰਡ ਦੇ ਡੰਗਰ ਲੰਘਾਣ ਦਾ ਸਮਾਂ ਹੋ ਗਿਆ।

ਸਾਧ ਦੇ ਸਾਹਮਣੇ ਦੁੱਧ ਵਾਲੇ ਜਲ ਨਾਲ ਭਰਿਆ ਇਕ ਵੱਡਾ ਸਾਰਾ ਕੜਾਹਿਆ ਰੱਖਿਆ ਹੋਇਆ ਸੀ। ਜਿਸ ਵੱਡੇ ਮੋੜ ਉੱਤੋਂ ਸਾਰੇ ਪਿੰਡ ਦੇ ਡੰਗਰਾਂ ਨੇ ਲੰਘ ਕੇ ਏਥੇ ਪੁੱਜਣਾ ਸੀ, ਓਥੇ ਗਲੀ ਦੇ ਆਰ ਪਾਰ ਵੀਹ ਕੁ ਕੋਰੀਆਂ ਚੱਪਣੀਆਂ ਰੱਸੀ ਨਾਲ ਬੰਨ੍ਹ ਦਿੱਤੀਆਂ ਗਈਆਂ।

ਹਰ ਕਿਸੇ ਨੂੰ ਕਾਹਲ ਸੀ: ਪਹਿਲਾਂ ਉਹਦੇ ਡੰਗਰ ਲੰਘ ਜਾਣ ਤੇ ਉਹ ਵਿਹਲਾ ਹੋ ਜਾਏ। ਬੋਲੀਆਂ ਲੰਘੀਆਂ, ਬਿੱਲੀਆਂ ਤੇ ਪੰਜ-ਕਲਿਆਣੀਆਂ, ਸਿਵਰੀਆਂ ਤੇ ਕੁੰਡੀਚੂਰ ਲੰਘੀਆਂ। ਕਾਂਵਾਂ-ਰੌਲੀ ਮਚ ਗਈ। ਕੁਝ ਚਿਰ ਕਿਸੇ ਨੂੰ ਆਪਣੀ ਮੱਝ ਨਾ ਲੱਭੀ, ਕਿਸੇ ਦੀ ਕੱਟੀ ਘੁਸ ਗਈ। ਚੁਪਾਸੀ ਧੂੜ ਹੀ ਧੂੜ।

ਹਰ ਟੱਬਰ ਦਾ ਇਕ ਜੀਅ ਆਪਣੀ ਮਧਾਣੀ ਤੇ ਗੜਵੀ, ਤੇ ਫ਼ੀ ਪੂਛ ਪਾ ਪਕੇ ਕਣਕ ਦੇ ਦਾਣੇ ਪੱਲੇ ਬੰਨ੍ਹ ਕੇ ਲਿਆਇਆ ਸੀ।

ਜਦੋਂ ਸਾਧ ਦੇ ਨੇੜੇ ਡੰਗਰ ਪੁੱਜਦੇ ਤਾਂ ਉਹ ਤੇ ਉਹਦੇ ਰਾਤ ਦੇ ਸੰਗੀ ਭਾਈ-ਪੰਡਤ ਕੜਾਹੇ ਵਿਚਲੇ ਜਲ ਵਿਚੋਂ ਕੁਸ਼ਾ ਭਿਓਂ ਕੇ ਡੰਗਰਾਂ ਤੇ ਮਧਾਣੀਆਂ ਉੱਤੇ ਛਿਣਕਦੇ। ਉਨ੍ਹਾਂ ਵਿਚੋਂ ਇਕ ਹਰ ਕਿਸੇ ਦੀ ਗੜਵੀ ਵਿਚ ਇਹ ਪਵਿਤਰ ਜਲ ਪਾਈ ਜਾਂਦਾ। ਇਹ ਜਲ ਲੈ ਕੇ ਸਾਰੇ ਜਣੇ ਆਪਣੇ ਪੱਲੇ ਬੰਨ੍ਹੀ ਕਣਕ ਇਕ ਢੇਰੀ ਉੱਤੇ ਸੁੱਟ ਜਾਂਦੇ।

ਇਹ ਢੇਰੀ ਦਰਮਿਆਨੇ ਜੱਟ ਦੇ ਬੋਹਲ ਜਿੱਡੀ ਹੁੰਦੀ ਜਾਂਦੀ ਸੀ।

ਜਦੋਂ ਸਾਰੇ ਪਿੰਡ ਦੇ ਡੰਗਰ ਲੰਘ ਗਏ, ਤਾਂ ਜਾ ਕੇ ਕਿਤੇ ਘਰੋ ਘਰੀਂ ਅੱਗਾਂ ਬਲੀਆਂ, ਮਧਾਣੀਆਂ ਪਈਆਂ, ਤੇ ਖੂਹਾਂ ਦੀਆਂ ਭੌਣੀਆਂ ਗਿੜੀਆਂ। ਏਦੂੰ ਪਹਿਲਾਂ ਸਿਰਫ਼ ਸਾਧ ਵਾਲੇ ਪਾਸੇ ਹੀ ਮੇਲਾ ਲੱਗਾ ਹੋਇਆ ਸੀ, ਬਾਕੀ ਸਾਰੇ ਪਿੰਡ ਵਿਚ ਤਾਂ ਜਿਵੇਂ ਕਿਤੇ ਦੇਅ ਫਿਰ ਗਿਆ ਹੋਏ।

ਸਾਧ ਨੂੰ ਤੀਹ ਕੁ ਮਣ ਕਣਕ ਬਣ ਗਈ। ਦੋ ਕੁ ਮਣ ਉਹਨੇ ਚੇਤੇ ਸ਼ਾਹ ਕੋਲੋਂ ਲਏ ਸੌਦੇ ਤੇ ਘਿਓ ਲਈ ਉਹਨੂੰ ਕਟਾ ਦਿੱਤੀ। ਬਾਕੀ ਦੀ ਲਿਜਾਣ ਲਈ ਉਹਨੇ ਦੋ ਰੇੜ੍ਹੇ ਕਰ ਲਏ, ਤੇ ਆਪਣੇ ਡੇਰੇ ਨੂੰ ਤੁਰ ਪਿਆ।

ਇਕ ਟੋਲੀ ਨ੍ਹਾਮੇਂ ਮਹਿਰੇ ਨੂੰ ਫੜ ਲਿਆਈ। ਉਸ ਤੇ ਉਲੰਘਣਾ ਦਾ ਦੋਸ਼ ਸੀ। ਹਾਲੀ ਸਾਰੇ ਡੰਗਰ ਨਹੀਂ ਸਨ ਲੰਘੇ ਤੇ ਉਹਨੇ ਅਸ਼ਨਾਨ ਕਰ ਲਿਆ ਸੀ।

“ਨਹੀਂ, ਇਹ ਬਿਲਕੁਲ ਝੂਠ ਏ। ਮੈਂ ਆਪਣੀ ਵਹਿੜ ਲੰਘਾ ਲਈ ਸੀ, ਤੇ ਪਿੱਛੋਂ ਅਸ਼ਨਾਨ ਕੀਤਾ ਸੀ। ਭਾਵੇਂ ਸਾਧ ਨੂੰ ਪੁੱਛ ਲਓ।”

“ਸਾਧ ਜਦੋਂ ਚਲਾ ਗਿਆ ਏ, ਓਦੋਂ ਇਹ ਪੱਜ ਲਾਣ ਲੱਗਾ ਏ!”

“ਨਾਲੇ ਸਾਧ ਨੂੰ ਕੀ ਪਤਾ ਏ! ਹਜ਼ਾਰਾਂ ਡੰਗਰ ਤੇ ਅਨੇਕਾਂ ਬੰਦੇ ਲੰਘੇ ਨੇ ਉਸ ਕੋਲੋਂ। ਉਹ ਕਿਸ ਨੂੰ ਪਛਾਣੇਗਾ ਤੇ ਕਿਸ ਨੂੰ ਨਹੀਂ।”

“ਚੰਗਾ, ਅਸੀਂ ਮੰਨ ਲਿਆ ਕਿ ਤੇਰੀ ਵਹਿੜ ਲੰਘ ਗਈ, ਤੇ ਮਗਰੋਂ ਤੂੰ ਅਸ਼ਨਾਨ ਕੀਤਾ। ਪਰ ਕੀ ਉਸ ਵੇਲੇ ਤਕ ਪਿੰਡ ਦੇ ਸਾਰੇ ਡੰਗਰ ਲੰਘ ਚੁਕੇ ਸਨ?”

ਨ੍ਹਾਮੇਂ ਨੂੰ ਅੱਗੋਂ ਕੋਈ ਜਵਾਬ ਨਾ ਅਹੁੜਿਆ।

ਇਕ ਖੋਤੀ ਲਿਆਂਦੀ ਗਈ, ਤੇ ਪਲਾਣਾ ਪਾਇਆ ਗਿਆ। ਕਿਸੇ ਨੇ ਨੱਸ ਕੇ ਘਰੋਂ ਤਵੇ ਦੀ ਸ਼ਾਹੀ ਵੀ ਲੈ ਆਂਦੀ।

ਹਾਲੀ ਨ੍ਹਾਮੇਂ ਮਹਿਰੇ ਨੂੰ ਉਹ ਖੋਤੀ ਉੱਤੇ ਦੋ ਗੇੜੇ ਦੁਆ ਕੇ ਹਟੇ ਹੀ ਸਨ ਕਿ ਇਕ ਹੋਰ ਟੋਲੀ ਭੱਜੀ ਭੱਜੀ ਆਈ।

“ਖੋਤੀ ਏਥੇ ਹੀ ਕਾਬੂ ਰੱਖੋ। ਬੜਾ ਮੋਟਾ ਮੁਰਗ਼ਾ ਫਸਿਐ।”

“ਰਾਮ ਸੁੰਦਰ ਨੇ ਰਾਤ ਨੂੰ ਦੀਵਾ ਬਾਲਿਆ ਸੀ।”

“ਦੀਵਾ ਕਾਹਨੂੰ, ਬਿਜਲੀ ਦਾ ਲਾਟੂ।”

ਰਾਮ ਸੁੰਦਰ ਪਿੰਡ ਦਾ ਜਵਾਈ ਭਾਈ ਸੀ, ਤੇ ਏਥੇ ਹੀ ਉਹਨੇ ਕਰਿਆਨੇ ਦੀ ਦੁਕਾਨ ਕੱਢੀ ਹੋਈ ਸੀ। ਬੜਾ ਸਾਊ ਤੇ ਪੜ੍ਹਿਆ ਲਿਖਿਆ ਬੰਦਾ ਸੀ। ਕਾਂਗਰਸੀ ਖ਼ਿਆਲਾਂ ਦਾ ਹੋਣ ਕਰਕੇ ਕੁਝ ਜੱਟ ਉਹਨੂੰ ਸਰਕਾਰੀ ਪਿੱਠੂ ਸਮਝਦੇ ਤੇ ਉਸ ਨਾਲ ਕਿੜ ਖਾਂਦੇ ਸਨ। ਚਿਟੇ ਖੱਦਰ ਦੇ ਕੱਪੜੇ ਪਾ ਕੇ ਉਹ ਕਿਤੇ ਵਾਂਢੇ ਚੱਲਿਆ ਸੀ ਕਿ ਬੰਦੇ ਹੁਰਾਂ ਦੇ ਹੱਥ ਆ ਗਿਆ।

ਰਾਮ ਸੁੰਦਰ ਤ੍ਰੇਲੀਓ ਤ੍ਰੇਲੀ ਹੋਇਆ ਸਭਨਾਂ ਸਾਹਮਣੇ ਖੜੋਤਾ ਸੀ, “ਮੈਨੂੰ ਖੋਤੀ ’ਤੇ ਨਾ ਚਾੜ੍ਹੋ। ਹੋਰ ਜੋ ਮਰਜ਼ੀ ਜੇ ਡੰਨ ਲਾ ਲਓ,” ਤੇ ਉਹ ਕੰਬਦੇ ਹੱਥਾਂ ਨਾਲ ਦਸਾਂ ਦਸਾਂ ਦੇ ਪੰਜ ਨੋਟ ਗਿਣਨ ਲੱਗਾ।

“ਹੇ ਖਾਂ—ਖੋਤੀ ਤੇ ਨਾ ਚਾੜ੍ਹੋ! ਤੈਨੂੰ ਲਾਲ ਲੱਗੇ ਹੋਣੇ ਨੇ!”

ਆਲੇ ਦੁਆਲੇ ਭੀੜ ਕੱਠੀ ਹੋ ਗਈ। ਜਿਨ੍ਹਾਂ ਦੇ ਡੰਗਰ ਮਰੇ ਸਨ, ਉਨ੍ਹਾਂ ਨੂੰ ਤਾਂ ਬਹੁਤ ਹੀ ਗੁੱਸਾ ਸੀ।

“ਅਨ੍ਹੇਰ ਆ ਗਿਆ! ਪਿੰਡ ਦਾ ਕੋਈ ਸਲੂਕ ਹੀ ਨਹੀਂ ਰਿਹਾ!”

“ਮਰਿਆਦਾ ਹੀ ਪੁੱਗ ਗਈ ਏ!”

“ਤਦੇ ਤੇ ਬਮਾਰੀਆਂ ਵਧਦੀਆਂ ਜਾਂਦੀਆਂ ਨੇ।”

“ਹੁੰਦੇ ਖਾਣੇ ਬਾਹਮਣਾਂ ਤੇ ਇਨ੍ਹਾਂ ਕੁੱਤੇ ਮਹਿਰਿਆਂ ਅਤਿ ਚੁੱਕੀ ਹੋਈ ਏ।

ਹਜ਼ਾਰ-ਹਜ਼ਾਰ ਦੀਆਂ ਮੱਝਾਂ ਮਰ ਗਈਆਂ ਨੇ, ਪਰ ਇਨ੍ਹਾਂ ਦੇ ਕੰਨੀਂ ਜੂੰ ਨਹੀਂ ਸਰਕੀ।”

ਮੁੰਡੀਰ-ਵਾਧਾ ਕਦੇ ਖੋਤੀ ਨੂੰ ਤੇ ਕਦੇ ਰਾਮ ਸੁੰਦਰ ਨੂੰ ਹੁਸ਼ ਹੁਸ਼ ਕਰਨ ਲੱਗਾ।

ਭੀੜ ਵਿਚੋਂ ਕਈ ਐਵੇਂ ਹੀ ਉਹਨੂੰ ਹੁਝ ਮਾਰ ਜਾਂਦੇ।

ਦੋ ਬਜ਼ੁਰਗ ਵਿਚ ਪਏ, “ਮੁੰਡਿਓ, ਇਹ ਪਿੰਡ ਦਾ ਜਵਾਈ ਏ, ਇਹਨੂੰ ਮਾਫ਼ ਕਰ ਦਿਓ।”

“ਹੇ ਖਾਂ, ਪਿੰਡ ਦਾ ਜਵਾਈ! ਜਵਾਈ ਹੋਵੇਗਾ ਤਾਂ ਲੁਭਾਏ ਬ੍ਰਾਹਮਣ ਦਾ, ਸਾਡਾ ਤਾਂ ਕੁਝ ਨਹੀਂ ਲਗਦਾ।”

“ਹਾਂ, ਸਾਲਾ ਲੱਗ ਸਕਦੈ!”

“ਪੰਜਾਹ ਦੀ ਥਾਂ ਸੱਠ ਭਰ ਲਓ, ਪਰ ਖੋਤੀ ’ਤੇ ਨਾ ਚੜ੍ਹਾਓ।”

“ਤੇ ਨ੍ਹਾਮਾਂ ਬੰਦਾ ਨਹੀਂ ਹੋਣਾ, ਜਿਸ ਨੂੰ ਅਸਾਂ ਖੋਤੀ ’ਤੇ ਚੜ੍ਹਾਇਆ!”

“ਅਸੀਂ ਸਫ਼ੈਦਪੋਸ਼ੀ ਦੇ ਲਿਹਾਜ ਨਹੀਂ ਪਲਣ ਦੇਣੇ। ਪਰ੍ਹੇ ਸਾਹਮਣੇ ਸਭੇ ਬਰੋਬਰ ਨੇ,” ਕਾਮਰੇਡ ਬੋਲਿਆ। ਬੰਦਾ ਬੜੀ ਪਹਿਲਾਂ ਕਾਮਰੇਡਾਂ ਦੀ ਪਾਰਟੀ ਵਿਚ ਹੁੰਦਾ ਸੀ। ਇਕ ਵਾਰੀ ਕਿਸਾਨ ਮੋਰਚੇ ਵਿਚ ਕੈਦ ਵੀ ਕੱਟ ਆਇਆ ਸੀ। ਫੇਰ ਪਾਕਿਸਤਾਨ ਬਣਨ ਵੇਲੇ ਪਿੰਡ ਦੇ ਮੁਸਲਮਾਨਾਂ ਦਾ ਮਾਲ ਲੁੱਟਣ ਕਰਕੇ ਕਾਮਰੇਡਾਂ ਵਿਚੋਂ ਨਿਕਲ ਗਿਆ ਤੇ ਹੁਣ ਹੱਦ ਉੱਤੇ ਬਲੈਕ ਵਾਂਹਦਾ ਸੀ; ਪਰ ਪਿੰਡ ਵਿਚ ਸਾਰੇ ਉਹਨੂੰ ‘ਕਾਮਰੇਡ’ ਕਹਿ ਕੇ ਹੀ ਬੁਲਾਂਦੇ ਸਨ।

“ਚੰਗਾ, ਇੰਜ ਕਰਦੇ ਆਂ—ਨ੍ਹਾਮੇਂ ਮਹਿਰੇ ਨੂੰ ਪੁੱਛ ਲੈਂਦੇ ਆਂ। ਜੇ ਉਹ ਇਹਨੂੰ ਮਾਫ਼ੀ ਦੇ ਦਏ, ਤਾਂ ਸਾਡੇ ਵਲੋਂ ਇਹ ਬਰੀ।”

ਨ੍ਹਾਮੇਂ ਨੂੰ ਬੁਲਾਇਆ ਗਿਆ। ਉਹਦੇ ਮੂੰਹ ਤੋਂ ਤਵੇ ਦੀ ਸ਼ਾਹੀ ਹਾਲੀ ਪੂਰੀ ਤਰ੍ਹਾਂ ਲੱਥੀ ਨਹੀਂ ਸੀ। ਲੋਕੀਂ ਹੱਸਣ ਲੱਗ ਪਏ।

ਨ੍ਹਾਮੇਂ ਨੇ ਤਮਕ ਕੇ ਕਿਹਾ, “ਭਰਾਵੋ, ਜੇ ਮੇਰੀ ਇੱਜ਼ਤ ਏਸ ਨਾਲੋਂ ਮਾੜੀ ਏ ਤਾਂ ਬਿਨਾਂ ਸ਼ੱਕ ਇਹਨੂੰ ਮਾਫ਼ੀ ਦੇ ਦਿਓ। ਪਰ ਜੇ ਮੇਰੀ ਤੇ ਇਹਦੀ ਇੱਜ਼ਤ ਬਰੋਬਰ ਸਮਝਦੇ ਓ ਤਾਂ ਇਹਨੂੰ ਵੀ ਉਹੀ ਸਜ਼ਾ ਦਿਓ।”

ਕਾਮਰੇਡ ਦੀ ਚੜ੍ਹ ਮਚ ਗਈ। ਮੁੰਡੀਰ-ਵਾਧੇ ਨੇ ਬੜੀ ਉਧੜਧੁੰਮੀ ਮਚਾਈ। ਖੋਤੀ ਉੱਤੇ ਪਲਾਣਾ ਫੇਰ ਕੱਸਿਆ ਗਿਆ।

ਦੋਵਾਂ ਬਜ਼ੁਰਗਾਂ ਨੇ ਪਿੰਡ ਦੇ ਜਵਾਈ ਹੋਣ ਦਾ ਤਰਲਾ ਮਾਰ ਕੇ ਇਹ ਛੋਟ ਲੈ ਲਈ ਕਿ ਰਾਮ ਸੁੰਦਰ ਦਾ ਮੂੰਹ ਨਾ ਕਾਲਾ ਕੀਤਾ ਜਾਏ।

ਕਾਮਰੇਡ ਤੇ ਉਹਦੇ ਜੋਟੀਦਾਰਾਂ ਰਾਮ ਸੁੰਦਰ ਨੂੰ ਚੁੱਕ ਕੇ ਖੋਤੀ ਉੱਤੇ ਚਾੜ੍ਹ ਦਿੱਤਾ।

“ਇਹਦੇ ਮੂੰਹ ਤੇ ਸ਼ਾਹੀ ਮੱਲਣ ਦੀ ਲੋੜ ਹੀ ਨਹੀਂ, ਵੇਖੋ ਪਹਿਲਾਂ ਹੀ ਕਿਵੇਂ ਕਾਲਾ ਹੋਇਆ ਪਿਆ ਏ!”

“ਕਿਉਂ ਭਈ ਲਾਲਾ, ਕਿਸ ਭਾਅ ਵਿਕਦੀ ਏ!”

“ਹੁਣ ਸੁਣਾ ਅਖ਼ਬਾਰ ਦੀ ਕੋਈ ਖ਼ਬਰ! ਕਿਵੇਂ ਚੱਪੜ ਚੱਪੜ ਆਪਣੀ ਸਰਕਾਰ ਦੇ ਗੁਣ ਗੌਂਦਾ ਹੁੰਦਾ ਏ।”

ਦੁਪਹਿਰ ਦਾ ਇਹ ਖੌਰੂ ਮੁੱਕਿਆ ਹੀ ਸੀ ਕਿ ਪਿੰਡ ਵਿਚੋਂ ਦੋ ਮੱਝਾਂ ਦੇ ਮਰਨ ਦੀ ਖ਼ਬਰ ਆ ਗਈ।

ਤਖ਼ਤ-ਪੋਸ਼ ਉੱਤੇ ਬੈਠ ਕੇ ਵਿਚਾਰਾਂ ਹੋਣ ਲੱਗੀਆਂ।

“ਪੂਰਾ ਉਪਾਅ ਤਾਂ ਇਹ ਉਲੰਘਣ ਕਰਨ ਵਾਲੇ ਹੋਣ ਹੀ ਨਹੀਂ ਦੇਂਦੇ। ਬੀਮਾਰੀ ਖਲੋਵੇ ਕਿਵੇਂ!”

“ਮੈਂ ਤਾਂ ਪਹਿਲਾਂ ਕਿਹਾ ਸੀ, ਸਾਧ ਛੱਡੋ, ਡਾਕਟਰ ਕੋਲੋਂ ਟੀਕੇ ਲੁਆਈਏ।”

“ਇਹ ਤਾਂ ਪਖੰਡੀ ਸਾਧ ਸੀ। ਐਵੇਂ ਸਾਧਾਂ ਦੇ ਨਾਂ ਬਦਨਾਮ ਪਿਆ ਕਰਦੈ। ਪਰਤਾਪੀ ਸਾਧ ਦੀ ਕੋਈ ਰੀਸ ਨਹੀਂ।”

“ਰਾਤ ਨੂੰ ਇਹ ਸਾਧ ਵਿਚ ਵਿਚ ਠੌਂਕੇ ਲਾਂਦਾ ਰਿਹਾ ਏ! ਸਾਡੀ ਪੱਤੀ ਵਾਲਾ ਭਾਈ ਦੱਸਦਾ ਸੀ।”

“ਭਾਈ ਐਵੇਂ ਕੁਫ਼ਰ ਤੋਲਦਾ ਏ,” ਜਿਹੜੇ ਸਾਧ ਨੂੰ ਲਿਆਏ ਸਨ, ਉਨ੍ਹਾਂ ਵਿਚੋਂ ਇਕ ਬੋਲਿਆ।

“ਪਰ ਦਾਨ ਦੀ ਕਣਕ ਵਿਚੋਂ ਦੋ ਮਣ ਚੇਤੇ ਸ਼ਾਹ ਕੋਲ ਘਿਓ ਤੇ ਹੋਰ ਸੌਦੇ ਦੇ ਮੁੱਲ ਲਈ ਕਿਉਂ ਕਟਾ ਗਿਐ? ਪਿੰਡ ਦਾ ਦਾਨ ਪਿੰਡ ਵਿਚ ਭੋਰਾ ਵੀ ਰਹਿ ਜਾਏ ਤਾਂ ਪੁੰਨ ਕਿਵੇਂ ਲੱਗੇ!”

“ਚੇਤੂ ਕੰਜਰ ਨੂੰ ਹੀ ਇਹ ਅਕਲ ਕਰਨੀ ਚਾਹੀਦੀ ਸੀ। ਉਹਨੇ ਕਿਉਂ ਇਹ ਕਣਕ ਲਈ? ਪੈਸੇ ਕੋਈ ਭੱਜੇ ਥੋੜ੍ਹੇ ਜਾਂਦੇ ਸਨ, ਕੱਲ੍ਹ ਪਰਸੋਂ ਡੇਰਿਓਂ ਜਾ ਕੇ ਲੈ ਆਉਂਦਾ— ਡੇਰਾ ਕਿਹੜਾ ਵਲੈਤ ਸੀ।”

“ਇਨ੍ਹਾਂ ਹਟਵਾਣੀਆਂ ਦੀ ਭਲੀ ਪੁੱਛੀ ਜੇ! ਇਨ੍ਹਾਂ ਨੂੰ ਤਾਂ ਆਪਣੇ ਨਾਂਵੇਂ ਨਾਲ ਈ ਏ, ਜਾਂਦੀ ਰੰਡੀ ਹੋ ਜਾਏ ਭਾਵੇਂ, ਲਾਗੀਆਂ ਤੇ ਲਾਗ ਲੈ ਹੀ ਲੈਣਾ ਏ!”

“ਨਾਲੇ ਮੈਂ ਤਾਂ ਇਕ ਹੋਰ ਸੁਣੀ ਏਂ—ਠਾਕੁਰ-ਦਵਾਰੇ ਵਾਲੇ ਚੁਰੱਸਤੇ ਵਿਚ ਰਾਤ ਨੂੰ ਸੰਢੇ ਦਾ ਸਿਰ ਰੱਖ ਕੇ ਕੋਈ ਤੀਵੀਂ ਨਹਾ ਗਈ ਏ।”

“ਕਿਸੇ ਸਾਧ ਨੇ ਮੁੰਡਾ ਲੈਣ ਦੀ ਵਿਧੀ ਦੱਸੀ ਹੋਣੀ ਏਂ—ਜਦੋਂ ਕਿਤੇ ਟੂਣਾ-ਟਾਮਣ ਹੋ ਰਿਹਾ ਹੋਵੇ ਤਾਂ ਹੱਡੋ-ਰੋੜੇ ਤੋਂ ਸੰਢੇ ਦਾ ਸਿਰ ਲਿਆ ਕੇ...।”

ਕਿਸੇ ਦੀਆਂ ਢਾਹੀਂ ਸੁਣਾਈ ਦਿੱਤੀਆਂ। ਨੇੜੇ ਆਉਣ ਉੱਤੇ ਪਤਾ ਲੱਗਾ ਤੇਜੂ ਮਜ਼੍ਹਬੀ ਬੌਂਦਲਿਆ ਹੋਇਆ ‘ਮੇਰੀ ਬਿੱਲੋ…ਮੇਰੀ ਬਿੱਲੋ’ ਕੂਕੀ ਜਾਂਦਾ ਸੀ।

ਬੜੀ ਮੁਸ਼ਕਲ ਨਾਲ ਉਹਦੀ ਪੂਰੀ ਗੱਲ ਪਤਾ ਲੱਗੀ, “ਬਾਹਰੋਂ ਚਰ ਕੇ ਆਈ। ਕੰਨ ਢਿੱਲੇ, ਅੱਖਾਂ ’ਚ ਗਿੱਡ, ਰੁੰਨਾ ਮੂੰਹ। …ਮੇਰੇ ਹੱਥੋਂ ਬੁਰਕੀ ਵੀ ਨਾ ਲਏ। ਸੰਘਾ ਟਡਿਆ ਗਿਆ। ਸੱਜਣ ਸਿੰਘ ਨੇ ਸੀਖ ਤਾਅ ਕੇ ਗਿਲਟੀ ਗਾਲਣ ਦਾ ਉਪਰਾਲਾ ਕੀਤਾ। ਦੇਸੀ ਘਿਓ ਵੀ ਉਹਨੂੰ ਦਿੱਤਾ। ਪਰ ਉਹ ਫੁੜਕ ਕੇ ਜਾ ਪਈ। ਬੜੀ ਬੂਟੇ ਦੀ ਮੱਝ ਸੀ। …ਮੈਂ ਤੇ ਆਪਣੀ ਬਿੱਲੋ ਦਾ ਇਕ ਵਾਲ ਵੀ…”

ਸਭਨਾਂ ਤੇਜੂ ਨਾਲ ਬੜੀ ਹਮਦਰਦੀ ਜਤਾਈ, ਤੇ ਭਾਣਾ ਮੰਨਣ ਲਈ ਕਿਹਾ।

“ਮੇਰੀ ਜਾਚੇ ਪਰਤਾਪੀ ਸਾਧ ਬਿਨਾਂ ਪਿੰਡ ਦੀ ਬਿਪਤਾ ਨਹੀਂ ਟਲਣੀ। ਉਹਦੀ ਤਾਂ ਮਹਿਮਾ ਹੀ ਅਪਰ ਅਪਾਰ ਏ। ਜਿਸ ਆਪਣੀ ਇੰਦਰੀ ਈ ਕੱਟ ਛੱਡੀ...” ਸਰਪੰਚ ਨੇ ਬੜੇ ਵਜ਼ਨ ਨਾਲ ਕਿਹਾ।

“ਮੇਰੀ ਮੰਨੋਂ ਤਾਂ ਬੰਦੇ ਹੁਣੇ ਹੀ ਉਹਦੇ ਵੱਲ ਤੋਰ ਦਿਓ। ਜੇ ਅਸਾਂ ਗੱਲ ਸਵੇਰ ਉੱਤੇ ਛੱਡ ਦਿੱਤੀ, ਤੇ ਫੇਰ ਕਿਤੇ ਕੱਲ੍ਹ ਵਾਂਗ ਸਾਡੇ ਤੋਂ ਪਹਿਲੋਂ ਉਹਨੂੰ ਹੋਰ ਕੋਈ ਨਾ ਲੈ ਜਾਏ।”

ਸਾਰਾ ਪਿੰਡ ਪਰਤਾਪੀ ਸਾਧ ਨੂੰ ਉਡੀਕ ਰਿਹਾ ਸੀ—ਕਦੋਂ ਉਹ ਉਨ੍ਹਾਂ ਦੇ ਪਿੰਡ ਚਰਨ ਪਾਂਦਾ ਤੇ ਡੰਗਰਾਂ ਦਾ ਟੂਣਾ ਕਰਦਾ ਹੈ। ਪਰ ਤੇਜੂ ਮਜ਼੍ਹਬੀ ਨੂੰ ਹੁਣ ਕੋਈ ਉਡੀਕ ਨਹੀਂ ਸੀ ਰਹੀ, ਉਹਦੇ ਭਾਗਾਂ ਦੀ ਡੋਰ ਹੀ ਟੁੱਟ ਚੁੱਕੀ ਸੀ...

[1962]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •