Bhaian Baajh (Punjabi Story) : Navtej Singh

ਭਾਈਆਂ ਬਾਝ (ਕਹਾਣੀ) : ਨਵਤੇਜ ਸਿੰਘ

ਉਹ ਡੌਰ-ਭੌਰ ਖੜ੍ਹਾ ਸੀ। ਉਹਦੇ ਪੁੱਤਰ, ਨੂੰਹਾਂ, ਧੀਆਂ, ਜਵਾਈ, ਉਹਦੀ ਵਹੁਟੀ, ਉਹਦੇ ਪਿੰਡ ਦੇ ਲੋਕ, ਸਭ ਉਹਦੇ ਸਾਹਮਣੇ ਖੜੋਤੇ ਹੋਏ ਸਨ।
ਹੁਣ ਉਹਦੇ ਪੈਰੀਂ ਬੇੜੀਆਂ ਨਹੀਂ ਸਨ, ਹੱਥਕੜੀਆਂ ਵੀ ਨਹੀਂ। ਨਾ ਹੀ ਉਹਦੇ ਗਲ ਫ਼ਾਂਟਾਂ ਵਾਲੀ ਉਹ ਕਮੀਜ਼ ਤੇ ਪਜਾਮਾ ਸੀ। ਹੁਣ ਉਹਦੇ ਤੇੜ ਉਹੀ ਰੇਸ਼ਮੀ ਸਲੇਟੀ ਚਾਦਰਾ ਤੇ ਉਹੀ ਮਿੱਟੀ ਰੰਗਾ ਕੁੜਤਾ ਸੀ ਜਿਹੜਾ ਅੱਜ ਤੋਂ ਨੌਂ ਮਹੀਨੇ ਪਹਿਲਾਂ ਉਸ ਰਾਤ ਉਸ ਨੇ ਪਾਇਆ ਹੋਇਆ ਸੀ।
ਅੱਜ ਤੋਂ ਨੌਂ ਮਹੀਨੇ ਪਹਿਲਾਂ ਇਕ ਰਾਤ ਆਪਣੀ ਪੈਲੀ ਵਿਚ ਪਾਣੀ ਲਾਂਦਿਆਂ ਉਹਨੂੰ ਦੁਰੇਡਿਉਂ ਕੋਈ ਅਲੋਕਾਰ ਵਾਜ ਸੁਣਾਈ ਦਿੱਤੀ ਸੀ,
ਭਾਈਆਂ ਬਾਝ ਨਾ ਮਜਲਸਾਂ ਸੋਂਹਦੀਆਂ ਨੇ,
ਅਤੇ ਭਾਈਆਂ ਬਾਝ ਬਹਾਰ ਨਾਹੀਂ।
ਪਤਾ ਨਹੀਂ ਕਿਹੋ ਜਿਹਾ ਵਜਦ ਉਹਦੇ ਉਤੇ ਤਾਰੀ ਹੋ ਗਿਆ ਸੀ ਤੇ ਉਹ ਇਸ ਵਾਜ ਦੀ ਸੂਹ ਪਿਛੇ ਲੱਗ ਤੁਰਿਆ ਸੀ। ਅੱਧ-ਚਾਨਣੀ, ਅੱਧ-ਹਨੇਰੀ ਰਾਤ ਸੀ, ਜਿਵੇਂ ਉਹ ਕਿਸੇ ਸੁਪਨੇ ਦੇ ਘੁਸਮੁਸੇ ਵਿਚ ਵਹਿ ਰਿਹਾ ਹੋਵੇ ਤੇ ਦੂਰ ਉਹਦੀ ਭਰ-ਜਵਾਨੀ ਵੇਲੇ ਦਾ ਯਾਰ ਗੌਂ ਰਿਹਾ ਹੋਵੇ,
“ ਅਤੇ ਭਾਈਆਂ ਬਾਝ ਬਹਾਰ ਨਾਹੀਂ। ਉਹ ਇਥੇ ਕਿਥੋਂ? ਉਹ ਤੇ ਦੇਸ ਦੀ ਵੰਡ ਵੇਲੇ ਮਾਰਿਆ ਗਿਆ ਸੀ। ਉਹਦਾ ਹੋਰ ਕੋਈ ਵੀ ਨਹੀਂ ਸੀ। ਸਿਰਫ਼ ਉਹੀ ਸੀ, ਉਹਦਾ ਜਾਨੀ ਯਾਰ ਤੇ ਉਹਦੀ ਅਲੋਕਾਰ ਵਾਜ ਸੀ ਜਿਸ ਨਾਲ ਉਨ੍ਹਾਂ ਦੋਵਾਂ ਦੀ ਜਿੰਦ ਗੂੰਜਦੀ ਸੀ ਤੇ ਵੰਡ ਦੀ ਨਾਗ ਲੀਕ ਦੇ ਪਾਰ ਜਾਣ ਦੀ ਥਾਂ ਉਹ ਆਪਣੇ ਜਾਨੀ ਯਾਰ ਦੇ ਘਰ ਆ ਗਿਆ ਸੀ। ਵੰਡ ਦੀ ਨਾਗ ਲੀਕ ਉਨ੍ਹਾਂ ਦੇ ਪਿੰਡ ਦੀ ਅਖੀਰਲੀ ਪੈਲੀ ਦੀ ਵੱਟ ਦੇ ਨਾਲ ਸੀ, ਪਰ ਉਹਨੇ ਉਧਰ ਮੂੰਹ ਹੀ ਨਹੀਂ ਸੀ ਕੀਤਾ।
ਤੇ ਧਾੜਵੀਆਂ ਨੇ ਉਹਦੇ ਹੱਥਾਂ ਵਿਚੋਂ ਖੋਹ ਕੇ ਉਦੋਂ ਉਹਨੂੰ ਉਥੇ ਹੀ ਗੋਲੀ ਮਾਰ ਦਿੱਤੀ ਸੀ,
ਪਰ ਅੱਜ ਇਹ ਵਾਜ ਕਿਥੋਂ,
“ ਭਾਈ ਮਰਨ ਤਾਂ ਪੌਂਦੀਆਂ ਭੱਜ ਬਾਹਾਂ”।
ਉਹਦੀ ਹੀ ਤਾਂ ਵਾਜ ਸੀ ਇਹ! ਜਹਾਨ ਸਾਰੇ ਵਿਚ ਹੋਰ ਕੋਈ ਵੀ ਇੰਨ-ਬਿੰਨ ਇਵੇਂ ਨਹੀਂ ਸੀ ਗੌਂ ਸਕਦਾ। ਇਹ ਉਹੀ ਸੀ, ਉਹਦਾ ਯਾਰ, ਇਹ ਉਹੀ ਸੀ।
“ਬਿਨਾਂ ਭਾਈਆਂ ਪਰ੍ਹੇ ਪਰਵਾਰ ਨਾਹੀਂ”।
ਜੇ ਉਹਦਾ ਸਰੀਰ ਨਹੀਂ, ਤਾਂ ਇਹ ਜ਼ਰੂਰ ਉਹਦੀ ਰੂਹ ਸੀ। ਉਹਦੀ ਰੂਹ ਸੀ। ਉਹਦੀ ਹੀ ਰੂਹ ਸੀ। ਮੇਰੇ ਜਾਨੀ ਯਾਰ ਦੀ ਰੂਹ। ਤੇ ਉਹ ਕੁਰਲਾ ਰਹੀ ਸੀ,
“ ਲੱਖ ਓਟ ਹੈ ਭਾਈਆਂ ਵਸਦਿਆਂ ਦੀ
ਭਾਈਆਂ ਜੀਂਵਦਿਆਂ ਦੇ ਕਾਈ ਹਾਰ ਨਾਹੀਂ।”
ਤੇ ਉਹ ਇਸ ਵਾਜ ਦੇ ਸੇਧੇ ਤੁਰਦਾ ਗਿਆ, ਤੁਰਦਾ ਹੀ ਗਿਆ। ਪਿੰਡ ਦੀ ਅਖੀਰਲੀ ਪੈਲੀ ਦੀ ਵੱਟ ਆ ਗਈ, ਪਰ ਇਸ ਵੱਟ ਦੇ ਕੋਲ ਉਹ ਨਾਗ ਲੀਕ ਉਹਨੂੰ ਨਾ ਦਿਸੀ ਜਿਹੜੀ ਅੱਜ ਤੋਂ ਪੂਰੇ 24 ਵਰ੍ਹੇ ਤੇ ਕੁਝ ਮਹੀਨੇ ਪਹਿਲਾਂ ਇੱਥੇ ਖਿੱਚੀ ਗਈ ਸੀ। ਉਨ੍ਹਾਂ ਦੇ ਪਿੰਡ ਤੋਂ ਅਗਲੇ ਪਿੰਡ ਦਾ ਬਾਗ ਵਾਲਾ ਖੂਹ ਦਿੱਸਣ ਲੱਗ ਪਿਆ ਸੀ। ਉਹੀ ਬਾਗ ਜਿੱਥੇ ਚਵ੍ਹੀ ਵਰ੍ਹੇ ਪਹਿਲਾਂ ਕਈ ਵਾਰੀ ਰਾਤਾਂ ਨੂੰ ਉਹ ਮਹਿਫ਼ਲਾਂ ਲਾਂਦੇ ਹੁੰਦੇ ਸਨ ਤੇ ਉਹਦਾ ਯਾਰ ਸਾਰੀ ਸਾਰੀ ਰਾਤ ਗੌਂਦਾ ਹੁੰਦਾ ਸੀ।
ਬਾਗ ਵਿਚ ਮਹਿਫ਼ਲ ਵੀ ਜੁੜੀ ਜਾਪਦੀ ਸੀ ਤੇ ਕੋਈ ਗੌਂ ਰਿਹਾ ਸੀ,
“ਭਾਈ ਢਾਹੁੰਦੇ, ਭਾਈ ਉਸਾਰਦੇ ਨੇ,
ਵਾਰਿਸ ਭਾਈਆਂ ਬਾਝੋਂ ਬੇਲੀ ਯਾਰ ਨਾਹੀਂ।”
ਕੀ ਮੇਰੇ ਯਾਰ ਦੀ ਵਾਜ ਇਸ ਗਲੇ ਵਿਚ ਆਣ ਵਸੀ ਸੀ?
“ ਭਾਈਆਂ ਬਾਝ ਨਾ ਮਜਲਸਾਂ ਸੋਂਹਦੀਆਂ ਨੇ
ਤੇ ਭਾਈਆਂ ਬਾਝ ਬਾਹਰ ਨਾਹੀਂ”।
ਉਹ ਮਹਿਫ਼ਲ ਤੋਂ ਬੜੀ ਦੂਰ ਖੜ੍ਹੋ ਕੇ ਬਿੰਦ ਦੀ ਬਿੰਦ ਇਹ ਵਾਜ ਸੁਣਨਾ ਚਾਹੁੰਦਾ ਸੀ।
ਚਾਣ-ਚੱਕ ਉਹਨੂੰ ਉਹ ਨਾਗ ਲੀਕ ਚੇਤੇ ਆ ਗਈ ਜਿਸ ਸਦਕਾ ਉਹ ਆਪਣੇ ਗੁਆਂਢੀ ਪਿੰਡ ਦੀ ਜੂਹ ਲਈ, ਆਪਣੀਆਂ ਮਹਿਫ਼ਲਾਂ ਵਾਲੇ ਬਾਗ ਲਈ ਪਰਦੇਸੀ ਹੋ ਗਿਆ ਸੀ। ਉਹ ਬਿੰਦ ਦੀ ਬਿੰਦ ਹੀ ਸੁਣੇਗਾ ਤੇ ਫੇਰ ਅਛੋਪਲੇ ਹੀ ਪਿਛਲੇ ਪੈਰੀਂ ਪਰਤ ਜਾਏਗਾ। ਕਿਤੇ ਇਹ ਨਾਗ ਲੀਕ ਉਹ ਨੂੰ ਡਸ ਨਾ ਜਾਏ!
“ਕਿਹੜਾ ਏ ਬਈ?” ਤੇ ਕੁਝ ਬੰਦੇ ਉਹਦੇ ਕੋਲ ਆਣ ਖੜੋਤੇ ਸਨ। ਕੁਝ ਚਿਰ ਪਿਛੋਂ ਨੇੜੇ ਦੀ ਚੌਕੀ ਤੋਂ ਦੋ ਸਿਪਾਹੀ ਵੀ ਆ ਗਏ। ਉਹ ਵਾਜ ਹੁਣ ਬੰਦ ਹੋ ਗਈ। ਨਾਗ ਲੀਕ ਨੇ ਉਹ ਨੂੰ ਡੱਸ ਲਿਆ ਸੀ।
ਸਿਪਾਹੀਆਂ ਨੇ ਉਹਦੀਆਂ ਅੱਖਾਂ ’ਤੇ ਪੱਟੀਆਂ ਬੰਨ੍ਹ ਕੇ ਉਹਨੂੰ ਜੀਪ ਵਿਚ ਬਿਠਾ ਦਿੱਤਾ। ਜੀਪ ਸ਼ੂਕਦੀ ਜਾ ਰਹੀ ਸੀ। “ਜਸੂਸ ਜਸੂਸ”, ਸਾਰੀ ਜੀਪ ਵਿਚ ਜਿਵੇਂ ਬਦਬੂ ਹੋਵੇ। ਉਹਨੂੰ ਜਾਪਿਆ, ਜੀਪ ਜਿਸ ਰਾਹ ’ਤੇ ਜਾ ਰਹੀ ਸੀ, ਉਹ ਉਹਦੇ ਸਹੁਰਿਆਂ ਦੇ ਪਿੰਡ ਵੱਲ ਜਾਂਦਾ ਸੀ।
ਅੱਜ ਤੋਂ ਤੀਹ ਵਰ੍ਹੇ ਪਹਿਲਾਂ ਉਹ ਸਿਹਰੇ ਬੰਨ੍ਹ ਕੇ ਇਸੇ ਰਾਹ ਉਤੋਂ ਲੰਘਿਆ ਸੀ। ਉਦੋਂ ਉਹਦਾ ਯਾਰ ਵੀ ਉਹਦੇ ਨਾਲ ਸੀ। ਤੇ ਉਹ ਸਾਰੀ ਵਾਟ ਗੌਂਦਾ ਰਿਹਾ ਸੀ, ਵੰਨ-ਸੁਵੰਨੀਆਂ ਬੋਲੀਆਂ ਤੇ ਹੀਰ,
ਨਾਲ ਅਜਬ ਬਹਾਰ ਦੇ ਸ਼ਿਅਰ ਕਹਿ ਕੇ
ਰਾਂਝੇ ਹੀਰ ਦਾ ਮੇਲ ਮਿਲਾਈਏ ਜੀ।
ਯਾਰਾਂ ਨਾਲ ਮਜਲਸਾਂ ਵਿਚ ਬਹਿ ਕੇ
ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ।
ਵਿਚ ਵਿਚ ਉਹ ਉੁਹਦੇ ਕੋਲ ਜਾ ਕੇ ਉਹਨੂੰ ਛੇੜਦਾ ਸੀ, ਆਪਣੀ ਭਾਬੀ ਬਾਰੇ ਬੋਲੀਆਂ ਜੋੜ-ਜੋੜ ਕੇ ਸੁਣਾਂਦਾ ਸੀ। ਉਦੋਂ ਉਹਨੇ ਆਪਣੇ ਯਾਰ ਨੂੰ ਕਿਹਾ ਸੀ, “ਤੈਨੂੰ ਵੀ ਹੁਣ ਮੈਂ ਛੜਿਆਂ ਨਹੀਂ ਰਹਿਣ ਦੇਣਾ। ਆਪਣੀ ਭਾਬੀ ਵੀ ਮੈਂ ਝਬਦੇ ਹੀ ਲੱਭ ਲਿਆਣੀ ਏ।”
ਇਸ ਵੇਲੇ ਉਹਦੇ ਅੰਦਰ ਇਕ ਤਾਂਘ ਬੜੀ ਪ੍ਰਬਲ ਸੀ ਕਿ ਇਹ ਸਿਪਾਹੀ ਉਹਦੀਆਂ ਅੱਖਾਂ ਖੋਲ੍ਹ ਦੇਣ, ਭਾਵੇਂ ਬਿੰਦ ਦੀ ਬਿੰਦ ਲਈ ਹੀ, ਉਹ ਇਸ ਰਾਹ ਨੂੰ ਰੱਜ ਕੇ ਵੇਖ ਸਕੇ। ਵੰਡ ਤੋਂ ਪਿਛੋਂ ਇਥੇ ਦੇ ਪੈਲੀ ਬੰਨੇ ਕਿਹੋ ਜਿਹੇ ਹੋ ਗਏ ਹਨ। ਤੇ ਇਥੋਂ ਦੇ ਰੁੱਖ ਤੇ ਪੰਛੀ! ਤੇ ਰਾਹੀਆਂ ਦੇ ਕੱਪੜੇ ਕਿਹੋ ਜਿਹੇ ਸਨ। ਪਹਿਲੀਆਂ ਨਾਲੋਂ ਤਾਂ ਸਭ ਕੁਝ ਕਿਤੇ ਚੰਗਾ ਹੋਏਗਾ, ਜਿਵੇਂ ਉਨ੍ਹਾਂ ਵਾਲੇ ਪਾਸੇ ਹੋ ਗਿਆ ਸੀ। ਬੱਸ ਸਿਰਫ਼ ਉਹਦਾ ਯਾਰ ਹੀ ਜਿਉਂਦਾ ਨਹੀਂ ਸੀ ਰਿਹਾ ਤੇ ਇਹ ਨਾਗ ਲੀਕ ਵਹਿ ਗਈ ਸੀ।
ਉੁਹਦੇ ਹੱਥ ਉਹਦੀਆਂ ਅੱਖਾਂ ਉਤੇ ਬੱਧੀ ਪੱਟੀ ਵੱਲ ਜਾਣਾ ਚਾਹੁੰਦੇ ਸਨ, ਪਰ ਹੱਥ ਤਾਂ ਹੱਥਕੜੀ ਵਿਚ ਜਕੜੇ ਹੋਏ ਸਨ। ਤੇ ਉਹਦੀਆਂ ਅੱਖਾਂ ਤੋਂ ਪੱਟੀ ਉਕਾ ਨਹੀਂ ਸੀ ਸਰਕ ਰਹੀ ਤੇ ਉਹਦੇ ਸਾਹਮਣੇ, ਉਹਦੇ ਪਿਛੇ ਉਹੀ ਰਾਹ ਸੀ ਜਿਸ ‘ਤੇ ਤੀਹ ਵਰ੍ਹੇ ਪਹਿਲਾਂ ਉਹ ਸਿਹਰੇ ਬੰਨ੍ਹ ਕੇ ਲੰਘਿਆ ਸੀ ਤੇ ਉਦੋਂ ਉਹਦਾ ਯਾਰ ਵੀ ਉਹਦੇ ਨਾਲ ਸੀ ਤੇ ਗੌਂ ਰਿਹਾ ਸੀ,
ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ
ਇਸ਼ਕ ਹੀਰ ਦਾ ਨਵਾਂ ਬਣਾਈਏ ਜੀ।
ਏਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ
ਜੀਭਾ ਸੁਹਣੀ ਨਾਲ ਸੁਣਾਈਏ ਜੀ।

ਉਹ ਅਲਫ਼ ਨੰਗਾ ਸੀ। ਮੱਘਰ ਦਾ ਅੱਧ ਸੀ। ਉਹਦੇ ਥੱਲੇ ਬਰਫ਼ ਦੀ ਸਿੱਲ ਸੀ।
“ਤੂੰ ਏਧਰ ਬਿਨਾਂ ਪਾਸਪੋਰਟ ਕਿਉਂ ਆਇਆ?”
“ਉਹ ਕੀ ਹੁੰਦੀ ਏ ਜੀ?”
“ਏਡਾ ਭੋਲਾ ਬਣਦਾ ਏ। ਜ਼ਰਾ ਇਹਦੀ ਖਾਤਰ ਕਰੋ ਜਵਾਨੋ।”
ਤੇ ਜਵਾਨਾਂ ਨੇ ਫ਼ੇਰ ਉਸ ਦੇ ਪਿੰਡੇ ਉਤੇ ਡਾਂਗਾਂ ਵਰ੍ਹਾਣੀਆਂ ਸ਼ੁਰੂ ਕਰ ਦਿੱਤੀਆਂ।
“ਹੁਣ ਦੱਸ, ਤੈਨੂੰ ਲੜਾਈ ਲੱਗਣ ਤੋਂ ਤਿੰਨ ਦਿਨ ਪਹਿਲਾਂ ਕਿਸ ਨੇ ਇਧਰ ਜਸੂਸੀ ਕਰਨ ਲਈ ਭੇਜਿਆ? ਸੱਚ ਸੱਚ ਦੱਸ, ਨਹੀਂ ਤਾਂ ਤੇਰੀ ਚਮੜੀ ਉਧੇੜ ਦਿਆਂਗੇ।” ਉਨ੍ਹਾਂ ਉਹਨੂੰ ਬਰਫ਼ ਤੋਂ ਉਠਾਇਆ ਤੇ ਉਹਦੇ ਲਾਹੇ ਕੱਪੜਿਆਂ ਵਿਚੋਂ ਚਾਦਰ ਉਹਨੂੰ ਬੰਨ੍ਹਣ ਲਈ ਦਿੱਤੀ। “ਮੈਨੂੰ ਕਿਸੇ ਨਹੀਂ ਭੇਜਿਆ। ਮੈਂ ਕੋਈ ਜਸੂਸ ਨਹੀਂ। ਮੈਨੂੰ ਤਾਂ ਆਪਣੀ ਪੈਲੀ ਵਿਚ ਪਾਣੀ ਲਾਂਦਿਆਂ ਏਧਰੋਂ ਕੋਈ ਅਲੋਕਾਰ ਵਾਜ ਸੁਣਾਈ ਦਿੱਤੀ ਸੀ।”
“ਕਾਹਦੀ ਵਾਜ?”
“ਗੌਣ ਦੀ ਵਾਜ, ਜਿਵੇਂ ਮੇਰਾ ਯਾਰ ਗੌਂ ਰਿਹਾ ਹੋਵੇ।”
“ਕੀ ਪਿਆ ਬਕਨੈਂ! ਗੌਣ ਦੀ ਵਾਜ? ਕਿਹੜਾ ਏ ਤੇਰਾ ਯਾਰ? ਕੋਈ ਸਮੱਗਲਰ ਹੋਣੈ।”
“ਨਹੀਂ ਜੀ, ਉਹਨੂੰ ਤਾਂ ਦੇਸ ਦੀ ਵੰਡ ਵੇਲੇ ਹੋਏ ਫ਼ਸਾਦਾਂ ਵਿਚ ਧਾੜਵੀਆਂ ਨੇ ਮਾਰ ਦਿੱਤਾ ਸੀ, ਪਰ ਉਸ ਰਾਤੀਂ ਏਧਰੋਂ ਇੰਨ-ਬਿੰਨ ਮੈਨੂੰ ਉਹਦੀ ਵਾਜ ਸੁਣਾਈ ਦਿੱਤੀ ਸੀ।”
“ਇਸ ਮਾਂ ਦੇ ਯਾਰ ਨੂੰ ਫੇਰ ਨੰਗਿਆ ਕਰੋ ਤੇ ਲਿਟਾਓ ਬਰਫ਼ ਦੀ ਸਿੱਲ ’ਤੇ। ਮੈਂ ਤਾਂ ਬੜੇ ਬੜੇ ਨਾਮੀ ਡਾਕੂਆਂ ਨੂੰ ਸਿੱਧਾ ਕੀਤਾ ਹੋਇਐ, ਇਹ ਕਿਸ ਬਾਗ ਦੀ ਮੂਲੀ ਏ। ਜਵਾਨੋਂ, ਜ਼ਰਾ ਇਹਦੀ ਖਾਤਰ ਫੇਰ ਕਰੋ।”
ਤੇ ਜਵਾਨਾਂ ਨੇ ਫ਼ੇਰ ਉਹਦੇ ਅਲਫ਼ ਨੰਗੇ ਪਿੰਡੇ ਉਤੇ ਡਾਂਗਾਂ ਵਰ੍ਹਾਣੀਆਂ ਸ਼ੁਰੂ ਕਰ ਦਿੱਤੀਆਂ। ਇਹ ਹੋਰ ਕੋਈ ਥਾਂ ਸੀ। ਹੁਣ ਉਹ ਪੁਲਸੀ ਵਰਦੀ ਵਾਲੇ ਅਫ਼ਸਰ ਸਾਹਮਣੇ ਨਹੀਂ, ਫੌਜੀ ਵਰਦੀ ਵਾਲੇ ਅਫ਼ਸਰ ਸਾਹਮਣੇ ਖੜ੍ਹਾ ਸੀ। “ਤੂੰ ਸ਼ੁਦਾਈ ਦਾ ਮਕਰ ਕਰ ਕੇ ਸਾਡੇ ਕੋਲੋਂ ਜਾਨ ਨਹੀਂ ਬਚਾ ਸਕਦਾ। ਸੱਚ ਸੱਚ ਦੱਸ, ਤੁਹਾਡੇ ਪਿੰਡ ਤੋਂ ਕਿੰਨੀ ਕੁ ਦੂਰ ਤੁਹਾਡੀਆਂ ਫੌਜਾਂ ਨੇ ਤੇ ਕਿਹੜੇ ਪਾਸੇ? ਕੀ ਉਥੇ ਟੈਂਕ ਵੀ ਨੇ? ਇਹ ਨਕਸ਼ਾ ਵੇਖ। ਉਥੇ ਤੁਹਾਡੇ ਨੇੜੇ ਬੰਕਰ ਕਿਥੇ ਕਿਥੇ ਨੇ?”
“ਮੈਨੂੰ ਕੁਝ ਪਤਾ ਨਹੀਂ ਸਾਹਬ ਜੀ, ਉਥੇ ਤਾਂ ਕੁਝ ਵੀ ਨਹੀਂ। ਤੇ ਇਹ ਬੰਕਰ ਕੀ ਹੁੰਦੇ ਨੇ, ਸਾਹਬ ਜੀ?”
“ਫੇਰ ਤੂੰ ਉਸੇ ਤਰ੍ਹਾਂ ਬਕੀ ਜਾ ਰਿਹੈਂ। ਇਹ ਪੁਲਿਸ ਨਹੀਂ ਜਿਹੜੀ ਤੇਰੇ ਖੇਖਣ ਵੇਖ ਕੇ ਤੈਨੂੰ ਆਰਾਮ ਕਰਨ ਦਏਗੀ। ਇਹ ਫੌਜ ਏ ਫੌਜ। ਅਸੀਂ ਤੈਨੂੰ ਗੋਲੀ ਮਾਰ ਦਿਆਂਗੇ।”
“ਹਾਂ, ਉਨ੍ਹਾਂ ਉਦੋਂ ਮੇਰੇ ਹੱਥਾਂ ਵਿਚੋਂ ਖੋਹ ਕੇ ਮੇਰੇ ਯਾਰ ਨੂੰ ਗੋਲੀ ਮਾਰ ਦਿੱਤੀ ਸੀ। ਤੇ ਮੈਂ ਕੁਝ ਵੀ ਨਹੀਂ ਸੀ ਕਰ ਸਕਿਆ। ਮੈਨੂੰ ਉਦੋਂ ਧਰਤੀ ਨੇ ਵੀ ਵਿਹਲ ਨਹੀਂ ਸੀ ਦਿੱਤੀ ਤੇ ਕਿੱਡਾ ਸੋਹਣਾ ਉਹ ਗੌਂਦਾ ਹੁੰਦਾ ਸੀ। “ ਭਾਈ ਮਰਨ ਤਾਂ ਪੌਂਦੀਆਂ ਭੱਜ ਬਾਂਹਾਂ” ਸੱਚ ਜਾਣੋਂ, ਜਿਸ ਦਿਨ ਦਾ ਉਹ ਮਰ ਗਿਆ ਏ, ਮੇਰੀਆਂ ਬਾਂਹਾਂ ਹੀ ਭੱਜ ਗਈਆਂ ਨੇ ਤੇ ਮੈਂ ਉਹਦੀ ਵਾਜ ਸੁਣ ਕੇ ਹੀ ਇੱਧਰ ਆਇਆ ਸਾਂ। ਸਾਹਬ ਜੀ, ਮੈਨੂੰ ਕਿਸੇ ਭੇਜਿਆ ਨਹੀਂ। ਮੈਂ ਜਸੂਸ ਨਹੀਂ। ਮੈਂ ਤਾਂ ਉਹਦਾ ਯਾਰ ਆਂ।”
“ਓਏ ਭੈਣ ਦਿਆ ਯਾਰਾ, ਬਾਂਹਾਂ ਉਦੋਂ ਤੇਰੀਆਂ ਕਿਥੋਂ ਭੱਜੀਆਂ ਸਨ। ਤੇਰੀਆਂ ਬਾਂਹਾਂ ਬਣਾ ਕੇ ਭੰਨਾਂਗੇ ਹੁਣ ਅਸੀਂ। ਤੇਰੀ ਇਹ ਕਹਾਣੀ ਸੁਣ ਸੁਣ ਕੇ ਤਾਂ ਸਾਡੇ ਕੰਨ ਪੱਕ ਚੁੱਕੇ ਨੇ। ਤੂੰ ਕਹਿਨਾ ਏ, ਮੈਂ ਉਹਦੀ ਵਾਜ ਸੁਣ ਕੇ ਹੀ ਇੱਧਰ ਆਇਆ ਸਾਂ। ਕਿੰਨੀ ਬੇਵਕੂਫ਼ ਕੌਮ ਏ ਤੁਹਾਡੀ, ਆਪਣੇ ਜਸੂਸਾਂ ਨੂੰ ਕੋਈ ਚੱਜ ਦਾ ਬਹਾਨਾ ਵੀ ਨਹੀਂ ਸਿਖਾ ਸਕੀ। ਹੋਰ ਤੇ ਹੋਰ ਤੇਰਾ ਭੇਸ ਵੀ ਨਹੀਂ ਠੀਕ ਬਦਲਾਇਆ ਉਨ੍ਹਾਂ ਕੰਜਰਾਂ ਨੇ।” ਤੇ ਫੇਰ ਉਹ ਆਪਣੇ ਸਿਪਾਹੀਆਂ ਨੂੰ ਦੱਸਣ ਲੱਗਾ, “ਅਸੀਂ ਜਿਹੜੇ ਜਸੂਸ ਭੇਜਦੇ ਹਾਂ ਉਧਰ, ਸਭ ਫ਼ਸਟ ਕਲਾਸ। ਐਨ ਇਨ੍ਹਾਂ ਵਰਗਾ ਭੇਸ ਤੇ ਬਿਲਕੁਲ ਬਾ-ਇਤਬਾਰ ਕਹਾਣੀ ਸਿਖਾਂਦੇ ਹਾਂ। ਅਸੀਂ ਇਨ੍ਹਾਂ ਵਾਂਗ ਕੋਈ ਬੇਵਕੂਫ ਥੋੜ੍ਹੇ ਆਂ। ਬੇਵਕੂਫ਼ ਤੇ ਬੁਜ਼ਦਿਲ ਸਹੁਰੇ।”
ਤੇ ਫੇਰ ਜਦੋਂ ਉਹ ਹੋਰ ਕੁਝ ਵੀ ਉਨ੍ਹਾਂ ਨੂੰ ਦੱਸ ਨਾ ਸਕਿਆ, ਤਾਂ ਅਫਸਰ ਨੇ ਆਪਣੇ ਜਵਾਨਾਂ ਨੂੰ ਕਿਹਾ, “ਇਹਨੂੰ ਬਿਜਲੀ ਦਾ ਸ਼ਾਕ ਦਿਓ।” ਜਵਾਨ ਬਾਹਰ ਵੱਲ ਗਏ। ਅਫ਼ਸਰ ਸਿਗਰਟ ਪੀਂਦਾ-ਪੀਂਦਾ ਅੰਦਰ ਚਲਿਆ ਗਿਆ। ਤੇ ਉਹ ਕੱਲਾ ਉਥੇ ਖੜੋਤਾ ਰਿਹਾ।
ਉਹਨੂੰ ਚੇਤੇ ਆਇਆ, ਬੜੇ ਜਫ਼ਰ ਜਾਲ ਕੇ ਉਹਨੇ ਕੁਝ ਚਿਰ ਹੀ ਹੋਇਆ ਸੀ, ਆਪਣੇ ਘਰ ਬਿਜਲੀ ਲੁਆਈ ਸੀ। ਤੇ ਹਾਲੇ ਉਹਦਾ ਚਾਨਣ ਵੀ ਉਹਨੇ ਰੱਜ ਕੇ ਨਹੀਂ ਸੀ ਮਾਣਿਆ ਕਿ ਉਹ ਆਪਣੇ ਯਾਰ ਦੀ ਵਾਜ ਦੀ ਸੂਹ ਪਿਛੇ ਏਧਰ ਆ ਗਿਆ ਸੀ। ਤੇ ਇਹ ਬਿਜਲੀ ਦੇ ਸ਼ਾਕ ਕੀ ਹੁੰਦੇ ਹਨ!
ਜਵਾਨ ਇਕ ਜੰਤਰ ਜਿਹਾ ਲੈ ਆਏ। ਕਮਰੇ ਦੀ ਕੰਧ ਨਾਲ ਲਗੇ ਡੱਬੇ ਜਿਹੇ ਨਾਲ ਉਨ੍ਹਾਂ ਤਾਰ ਲਾਈ, ਤੇ ਫ਼ੇਰ ਉਹ ਉਹਦੇ ਦੁਆਲੇ ਹੋ ਕੇ ਇਹ ਤਾਰਾਂ ਉਹਨੂੰ ਛੁਹਾਣ ਲੱਗੇ। ਉਹਦੀਆਂ ਚਾਂਗਰਾਂ ਨਿਕਲ ਗਈਆਂ। ਉਹ ਤ੍ਰਭਕ-ਤ੍ਰਭਕ ਪੈਂਦਾ। ਉਹਦੇ ਅੰਦਰ ਅੱਗ ਦੀ ਇਕ ਲੀਕ ਬਹੁਤ ਤੇਜ਼ ਦੌੜਦੀ, ਉਹਦੇ ਪੈਰਾਂ ਵਿਚੋਂ ਧਰਤੀ ਵੱਲ ਜਾਣਾ ਚਾਹੁੰਦੀ ਤੇ ਉਹਨੂੰ ਪਟਕਾ-ਪਟਕਾ ਕੇ ਮਾਰਦੀ।” ਨਿੱਕੇ ਹੁੰਦਿਆਂ ਉਹ ਤੇ ਉਹਦਾ ਯਾਰ ਪਿੰਡੋਂ ਦੂਰ ਆਪਣੇ ਡੰਗਰ ਚਾਰ ਰਹੇ ਸਨ। ਅਚਾਨਕ ਝੱਖੜ ਝੁੱਲ ਪਿਆ ਸੀ ਤੇ ਬਿਜਲੀ ਕੜਕਣ ਲੱਗ ਪਈ ਸੀ। ਉਹ ਝੱਟਪਟ ਆਪਣੇ ਡੰਗਰ ਇਕੱਠੇ ਕਰ ਕੇ ਵੱਡੇ ਸਾਰੇ ਬੋਹੜ ਦੀ ਓਟ ਵਿਚ ਆਣ ਖੜੋਤੇ ਸਨ। ਇਕ ਕੱਟੀ ਸਾਰੇ ਵੱਗ ਤੋਂ ਕੁਝ ਦੂਰ ਵੱਖਰੀ ਰਹਿ ਗਈ ਸੀ ਤੇ ਅਚਾਨਕ ਬਿਜਲੀ ਪਰਲੋ ਵਾਂਗ ਕੜਕੀ ਸੀ ਤੇ ਉਨ੍ਹਾਂ ਦੇ ਸਾਹਮਣੇ ਉਹ ਕੱਟੀ ਤੜਫ਼-ਤੜਫ਼ ਕੇ ਮੂਧੀ ਜਾ ਪਈ ਸੀ।

ਹੁਣ ਉਹ ਉਨ੍ਹਾਂ ਦੀ ਜੇਲ੍ਹ ਵਿਚ ਸੀ। ਇੱਥੇ ਉਹਨੂੰ ਕਿਸੇ ਦਿਨ ਚਵ੍ਹੀ ਘੰਟੇ ਪਾਣੀ ਦੀ ਬੂੰਦ ਵੀ ਨਹੀਂ ਸੀ ਦਿੱਤੀ ਜਾਂਦੀ ਤੇ ਕਿਸੇ ਦਿਨ ਜ਼ਬਰਦਸਤੀ ਨਲਕੇ ਦੀ ਟੂਟੀ ਥੱਲੇ ਲਿਟਾ ਕੇ ਪਾਣੀ ਨਾਲ ਅਫ਼ਰਾ ਦਿੱਤਾ ਜਾਂਦੀ ਸੀ। ਕਦੇ ਪੂਰਾ ਦਿਨ ਰਾਤ ਉਹਨੂੰ ਰੋਟੀ ਨਹੀਂ ਸੀ ਦਿੱਤੀ ਜਾਂਦੀ। ਫੇਰ ਇਕ ਬਿੰਦ ਲਈ ਵੀ ਸੌਣ ਨਹੀਂ ਸੀ ਦਿੱਤਾ ਜਾਂਦਾ ਤੇ ਉਹਦੀ ਕੋਠੜੀ ਵਿਚ ਹਰ ਵੇਲੇ ਤੇਜ਼ ਬੱਤੀ ਬਲਦੀ ਰੱਖੀ ਜਾਂਦੀ ਸੀ।
ਇਥੇ ਵੀ ਕਦੇ-ਕਦੇ ਉਹਨੂੰ ਭਾਂਤ-ਭਾਂਤ ਦੇ ਅਫ਼ਸਰਾਂ ਕੋਲ ਲਿਜਾਇਆ ਜਾਂਦਾ ਸੀ, ਤੇ ਉਹੀ ਸਵਾਲ, “ਤੂੰ ਇਧਰ ਕਿਉਂ ਆਇਆ ਸੈਂ? ਤੈਨੂੰ ਏਧਰ ਕਿਨ੍ਹੇ ਭੇਜਿਆ ਸੀ? ਤੁਹਾਡੀ ਫੌਜ ਕਿਥੇ ਸੀ? ਤੇ ਟੈਂਕ? ਤੇ ਬੰਕਰ?”
ਇਸ ਜੇਲ੍ਹ ਦੇ ਕੁਝ ਕੈਦੀ ਉਸ ‘ਤੇ ਰਬ-ਤਰਸੀ ਵੀ ਕਰਦੇ ਸਨ। ਪਰ ਬਹੁਤੇ ‘ਪਾਗਲ ਓਏ ਪਾਗਲ ਓਏ’ ਕਹਿ ਕੇ ਉਹਦੀ ਖਿੱਲੀ ਵੀ ਉਡਾਂਦੇ ਸਨ। ਹਾਂ, ਇਕ ਸੀ ਇਨ੍ਹਾਂ ਵਿਚੋਂ। ਉਹ ਭਾਵੇਂ ਏਥੋਂ ਦਾ ਹੀ ਸੀ, ਪਰ ਉਹ ਉਹਨੂੰ ਬੜਾ ਹੀ ਪਿਆਰ ਕਰਦਾ ਸੀ। ਕੈਦੀਆਂ ਨੇ ਉਹਨੂੰ ਦੱਸਿਆ ਸੀ ਕਿ ਉਹ ਏਸ ਦੇਸ਼ ਦਾ ਬੜਾ ਮਸ਼ਹੂਰ ਸ਼ਾਇਰ ਸੀ। ਉਹਨੇ ਕੋਈ ਬਾਗੀ ਬੰਦ ਲਿਖੇ ਸਨ ਜਿਨ੍ਹਾਂ ਕਰ ਕੇ ਏਥੋਂ ਦੀ ਹਕੂਮਤ ਕਹਿਰ ਵਿਚ ਆ ਗਈ ਸੀ ਤੇ ਉਹਨੂੰ ਏਥੇ ਡਾਕੂਆਂ, ਕਾਤਲਾਂ, ਚੋਰਾਂ, ਜ਼ਨਾਹੀਆਂ, ਖੀਸੇ ਕਤਰਿਆਂ ਤੇ ਜਵਾਰੀਆਂ ਦੇ ਨਾਲ ਡੱਕ ਦਿੱਤਾ ਗਿਆ ਸੀ। ਉਸ ਸ਼ਾਇਰ ਨੇ ਆਪਣੇ ਬਾਗੀ ਬੰਦਾਂ ਵਿਚੋਂ ਕੁਝ ਉਹਨੂੰ ਸੁਣਾਏ ਸਨ,
ਪਰਦੇਸੀਓ ਅੱਗ ਟੁਰੀ ਜੇ,
ਹੋਰ ਟੁਰੇ, ਹੋਰ ਟੁਰੇ, ਹੋਰ ਟੁਰੇ
ਸੀਸ ਕਟਾਏ ਨੇ ਤਾਂ ਹੋਰ ਕਟਾਓ
ਵਧਦੇ ਵੰਝੋ, ਰਾਹਵਾਂ ਦੀ ਤ੍ਰੇਹ ਮਿਟਾਓ
ਕਾਲੀ ਹਨੇਰੀ ਝੁੱਲੀ ਏ
ਇਹਦੇ ਅੱਗੇ ਤੁਹਾਡੀ ਤੀਲੀਆਂ ਦੀ ਕੁੱਲੀ ਏ।
ਹਨੇਰੀਆਂ ਨਾਲ ਭਿੜੇ ਉਹ,
ਹੋਰ ਭਿੜੋ, ਹੋਰ ਭਿੜੋ
ਤੀਲਾ ਤੀਲਾ ਝੰਡਾ ਉਚਾ ਚਾਓ।
ਕਈ ਵਾਰੀ ਦੂਜਿਆਂ ਤੋਂ ਲੁਕ ਕੇ ਉਹ ਸ਼ਾਇਰ ਉਹਦੇ ਜ਼ਖ਼ਮਾਂ ਉਤੇ ਮਲ੍ਹਮ ਲਾਂਦਾ, ਉਹਦੇ ਸਰੀਰ ਨੂੰ ਘੁਟਦਾ ਤੇ ਫ਼ੇਰ ਉਹ ਪੀੜ ਨਾਲ ਤ੍ਰਿਪ-ਤ੍ਰਿਪ ਰੋ ਪੈਂਦਾ ਸੀ। ਅਜਿਹੇ ਪਲਾਂ ਵਿਚ ਉਹ ਉਹਨੂੰ ਇੰਨ-ਬਿੰਨ ਆਪਣੇ ਉਸ ਯਾਰ ਵਰਗਾ ਲਗਦਾ ਸੀ ਜਿਸ ਨੂੰ ਉਹਦੇ ਹੱਥਾਂ ਵਿਚੋਂ ਖੋਹ ਕੇ ਧਾੜਵੀਆਂ ਨੇ ਉਦੋਂ ਗੋਲੀ ਮਾਰ ਦਿੱਤੀ ਸੀ, ਤੇ ਜਿਹਦੀ ਵਾਜ ਦੀ ਸੂਹ ਲੈਂਦਾ ਉਹ ਏਧਰ ਫਾਥਾ ਸੀ। ਤੇ ਕਈ ਵਾਰੀ ਉਹ ਸ਼ਾਇਰ ਉਹ ਨੂੰ ਹੀਰ ਸੁਣਾਂਦਾ ਹੁੰਦਾ ਸੀ,
“ ਭਾਈ ਢਾਹੁੰਦੇ ਭਾਈ ਉਸਾਰਦੇ ਨੇ।
ਵਾਰਸ ਭਾਈਆਂ ਬਾਝੋਂ ਬੇਲੀ ਯਾਰ ਨਾਹੀਂ!
ਅਜਿਹੀਂ ਪਲੀਂ ਉਹਨੂੰ ਉਸ ਕੈਦੀ ਸ਼ਾਇਰ ਦੀ ਨੁਹਾਰ ਵਿਚੋਂ ਕਦੇ-ਕਦੇ ਵਾਰਸ ਸ਼ਾਹ ਦਾ ਝਾਉਲਾ ਪੈਂਦਾ ਸੀ।
ਉਹਨੇ ਵਾਰਸ ਸ਼ਾਹ ਦੀ ਮੂਰਤ ਤਾਂ ਨਹੀਂ ਸੀ ਵੇਖੀ, ਫੇਰ ਵੀ ਉਹਨੂੰ ਅਜਿਹੀਂ ਪਲੀਂ ਜਾਪਦਾ ਸੀ ਕਿ ਵਾਰਸ ਸ਼ਾਹ ਜ਼ਰੂਰ ਇੰਨ-ਬਿੰਨ ਇਹਦੇ ਵਰਗਾ ਹੀ ਹੋਵੇਗਾ।
ਫੇਰ ਇਕ ਦਿਨ ਉਹਦੇ ਨਾਲ ਦੇ ਕੈਦੀਆਂ ਵਿਚੋਂ ਇਕ ਨੇ ਦੱਸਿਆ, “ਗੋਲੀਬੰਦੀ ਹੋ ਗਈ ਏ।”
ਉਹਨੇ ਡੌਰ-ਭੌਰ ਉਨ੍ਹਾਂ ਨੂੰ ਪੁੱਛਿਆ, “ਫੇਰ ਕੀ ਮੇਰਾ ਯਾਰ ਗੋਲੀਓਂ ਬਚ ਕੇ ਪਰਤ ਆਏਗਾ?”
ਕੁਝ ਨੇ ਉਹਦੀ ਖਿੱਲੀ ਉਡਾਈ, ਤੇ ‘ਪਾਗਲ ਓਏ ਪਾਗਲ ਓਏ’ ਦੇ ਆਵਾਜ਼ੇ ਕੱਸੇ। ਉਹ ਬਾਗੀ ਸ਼ਾਇਰ ਉਨ੍ਹਾਂ ਸਭ ਨੂੰ ਕੜਕ ਕੇ ਪਿਆ ਤੇ ਉਨ੍ਹਾਂ ਵਿਚੋਂ ਵੱਖ ਕਰ ਕੇ ਉਹਨੂੰ ਆਪਣੇ ਨਾਲ ਉਥੋਂ ਕੁਝ ਦੂਰ ਲੈ ਗਿਆ। ਉਹ ਦੋਵੇਂ ਬੜਾ ਚਿਰ ਇਕ-ਦੂਜੇ ਨੂੰ ਜੱਫੀ ਪਾਈ ਜੇਲ੍ਹ ਦੇ ਅਹਾਤੇ ਵਿਚ ਉਗੇ ਰੁੱਖ ਥੱਲੇ ਬੈਠੇ ਰਹੇ। ਫੇਰ ਉਹ ਸਿਸਕ ਕੇ ਰੋ ਪਿਆ ਤੇ ਸ਼ਾਇਰ ਦਾ ਮੂੰਹ ਆਪਣੇ ਹੱਥਾਂ ਵਿਚ ਫੜ ਕੇ ਕਹਿਣ ਲੱਗਾ, “ਤੂੰ ਮੇਰਾ ਯਾਰ, ਤੂੰ ਗੋਲੀਓਂ ਬਚ ਕੇ ਪਰਤ ਆਇਐਂ। ਗੋਲੀਬੰਦੀ ਹੋ ਗਈ ਏ। ਹੁਣ ਗੋਲੀ ਨਹੀਂ ਨਾ ਚੱਲੇਗੀ? ਹੁਣ ਉਹ ਫੇਰ ਡਾਂਗਾਂ ਨਹੀਂ ਨਾ ਮਾਰਨਗੇ? ਬਰਫ਼ ਉਤੇ ਨਹੀਂ ਨਾ ਬਿਠਾਣਗੇ? ਬਿਜਲੀ ਨਹੀਂ ਨਾ ਲਾਣਗੇ?” ਤੇ ਅਖੀਰ ਉਹ ਬੇਸੁਰਤ ਹੋ ਕੇ ਸ਼ਾਇਰ ਦੀ ਝੋਲੀ ਵਿਚ ਡਿੱਗ ਪਿਆ।
ਇਕ ਦਿਨ ਉਹਨੇ ਸੁਣਿਆ ਕਿ ਦੋਵਾਂ ਦੇਸਾਂ ਵਿਚਾਲੇ ਕੋਈ ਸਮਝੌਤਾ ਹੋ ਗਿਆ ਸੀ। ਕੁਝ ਮਹੀਨਿਆਂ ਬਾਅਦ ਸਿਪਾਹੀ ਉਹਨੂੰ ਨਾਗ ਲੀਕ ਦੇ ਇਸ ਪਾਰ ਛੱਡ ਗਏ। ਉਹ ਡੌਰ-ਭੌਰ ਖੜ੍ਹਾ ਸੀ। ਉਹਦੇ ਪੁੱਤਰ, ਨੂੰਹਾਂ, ਧੀਆਂ, ਜਵਾਈ, ਉਹਦੀ ਵਹੁਟੀ, ਉਹਦੇ ਪਿੰਡ ਦੇ ਲੋਕ, ਸਭ ਉਹਦੇ ਸਾਹਮਣੇ ਖੜੋਤੇ ਹੋਏ ਸਨ, ਪਰ ਅਲੋਕਾਰ ਵਾਜ ਵਾਲਾ ਉਹਦਾ ਯਾਰ ਉਥੇ ਕਿਤੇ ਨਹੀਂ ਸੀ। ਤੇ ਉਹ ਬਾਗੀ ਸ਼ਾਇਰ ਉਥੇ ਕਿਤੇ ਨਹੀਂ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ