Bharat Mata Kaun Hai ? (English Story in Punjabi): Jawaharlal Nehru

ਭਾਰਤ ਮਾਤਾ ਕੌਣ ਹੈ ? (ਅੰਗ੍ਰੇਜ਼ੀ ਕਹਾਣੀ) : ਜਵਾਹਰ ਲਾਲ ਨਹਿਰੂ

ਕਦੇ-ਕਦੇ ਜਦੋਂ ਮੈਂ ਕਿਸੇ ਜਲਸੇ ਵਿੱਚ ਪਹੁੰਚਦਾ ਤਾਂ ਮੇਰਾ ਸਵਾਗਤ ‘ਭਾਰਤ ਮਾਤਾ ਦੀ ਜੈ’ ਨਾਹਰੇ ਨਾਲ ਕੀਤਾ ਜਾਂਦਾ। ਮੈਂ ਲੋਕਾਂ ਤੋਂ ਪੁੱਛ ਲੈਂਦਾ ਕਿ ਇਸ ਨਾਹਰੇ ਤੋਂ ਉਹਨਾਂ ਦਾ ਕੀ ਮਤਲਬ ਹੈ। ਇਹ ਭਾਰਤ ਮਾਤਾ ਕੌਣ ਹੈ ਜਿਸ ਦੀ ਉਹ ਜੈ ਚਾਹੁੰਦੇ ਹਨ? ਮੇਰੇ ਸਵਾਲ ਨਾਲ ਉਹਨਾਂ ਨੂੰ ਉਤਸੁਕਤਾ ਅਤੇ ਹੈਰਾਨੀ ਹੁੰਦੀ। ਫਿਰ ਕੁਝ ਜਵਾਬ ਨਾ ਔੜਨ ਕਾਰਨ ਉਹ ਇੱਕ-ਦੂਜੇ ਵੱਲ ਜਾਂ ਮੇਰੇ ਵੱਲ ਦੇਖਣ ਲਗਦੇ। ਮੈਂ ਸਵਾਲ ਕਰਦਾ ਹੀ ਰਹਿੰਦਾ। ਇੱਕ ਵਾਰ ਇੱਕ ਹੱਟੇ-ਕੱਟੇ ਜੱਟ ਕਿਸਾਨ ਨੇ ਜਵਾਬ ਦਿੱਤਾ ਕਿ ਭਾਰਤ ਮਾਤਾ ਤੋਂ ਉਸ ਦਾ ਮਤਲਬ ਧਰਤੀ ਤੋਂ ਹੈ। ਮੈਂ ਪੁੱਛਿਆ, “ਕਿਹੜੀ ਧਰਤੀ ? ਉਸ ਦਾ ਭਾਵ ਖ਼ਾਸ ਉਹਨਾਂ ਦੇ ਪਿੰਡ ਦੀ ਧਰਤੀ, ਜਾਂ ਜ਼ਿਲ੍ਹੇ ਦੀ ਜਾਂ ਸੂਬੇ ਦੀ ਜਾਂ ਸਾਰੇ ਹਿੰਦੋਸਤਾਨ ਦੀ ਧਰਤੀ ਤੋਂ ਹੈ ?”

ਲੋਕਾਂ ਨਾਲ ਇਸ ਤਰ੍ਹਾਂ ਦੇ ਸਵਾਲ-ਜਵਾਬ ਚਲਦੇ। ਕਈ ਵਾਰ ਤਾਂ ਉਹ ਅੱਕ ਕੇ ਮੈਨੂੰ ਹੀ ਕਹਿਣ ਲਗਦੇ ਕਿ ਮੈਂ ਹੀ ਦੱਸ ਦੇਵਾਂ। ਮੈਂ ਇਸ ਦੀ ਕੋਸ਼ਿਸ਼ ਕਰਦਾ ਅਤੇ ਦੱਸਦਾ ਕਿ ਹਿੰਦੋਸਤਾਨ ਉਹ ਸਭ ਕੁਝ ਹੈ ਜੋ ਉਹਨਾਂ ਨੇ ਸਮਝ ਰੱਖਿਆ ਹੈ। ਪਰ ਉਹ ਇਸ ਤੋਂ ਵੀ ਬਹੁਤ ਵੱਧ ਹੈ। ਹਿੰਦੋਸਤਾਨ ਦੀਆਂ ਨਦੀਆਂ, ਪਹਾੜ, ਜੰਗਲ, ਖੇਤ ਜੋ ਸਾਨੂੰ ਅੰਨ ਦਿੰਦੇ ਹਨ, ਉਹ ਸਾਰੇ ਸਾਨੂੰ ਪਿਆਰੇ ਹਨ। ਪਰ ਅਖੀਰ ਵਿੱਚ ਜਿਨ੍ਹਾਂ ਦੀ ਗਿਣਤੀ ਹੈ, ਉਹ ਹਨ- ਹਿੰਦੋਸਤਾਨ ਦੇ ਲੋਕ। ਉਹਨਾਂ ਅਤੇ ਮੇਰੇ ਵਰਗੇ ਲੋਕ, ਜੋ ਇਸ ਸਾਰੇ ਦੇਸ਼ ਵਿੱਚ ਫੈਲੇ ਹੋਏ ਹਨ। ਭਾਰਤ ਮਾਤਾ ਦਰਅਸਲ ਉਹੀ ਕਰੋੜਾਂ ਲੋਕ ਹਨ ਅਤੇ ਭਾਰਤ ਮਾਤਾ ਦੀ ਜੈ ਦਾ ਮਤਲਬ ਹੋਇਆ ਇਹਨਾਂ ਸਭ ਲੋਕਾਂ ਦੀ ਜੈ। ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਇਸ ਭਾਰਤ ਮਾਤਾ ਦਾ ਅੰਸ਼ ਹੋ। ਇੱਕ ਤਰ੍ਹਾਂ ਨਾਲ ਤੁਸੀਂ ਹੀ ਭਾਰਤ ਮਾਤਾ ਹੋ। ਜਿਵੇਂ-ਜਿਵੇਂ ਉਹ ਵਿਚਾਰ ਉਹਨਾਂ ਦੇ ਮਨ ਵਿੱਚ ਬੈਠਦੇ, ਉਹਨਾਂ ਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ। ਇਸ ਤਰ੍ਹਾਂ, ਜਿਵੇਂ ਉਹਨਾਂ ਨੇ ਕੋਈ ਵੱਡੀ ਖੋਜ ਕਰ ਲਈ ਹੋਵੇ।

(‘ਹਿੰਦੋਸਤਾਨ ਦੀ ਕਹਾਣੀ’ ਸਸਤਾ ਸਾਹਿੱਤਯ ਮੰਡਲ ਪ੍ਰਕਾਸ਼ਨ ਤੋਂ ਧੰਨਵਾਦ ਸਹਿਤ)

(ਹਿੰਦੀ ਤੋਂ ਅਨੁਵਾਦ : ਮੁਲਖ ਸਿੰਘ)

  • ਮੁੱਖ ਪੰਨਾ : ਭਾਰਤੀ ਭਾਸ਼ਾਵਾਂ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •