Brichh Baalri Nu (Punjabi Story) : Navtej Singh
ਬ੍ਰਿਛ ਬਾਲੜੀ ਨੂੰ (ਕਹਾਣੀ) : ਨਵਤੇਜ ਸਿੰਘ
ਨਿੱਕੀ ਜਿਹੀ ਜਿੰਦੇ! ਮੈਂ ਏਸ ਪੀੜਾਂ-ਵਿੰਨ੍ਹੀ ਤੇ ਕਈ ਥਾਈਂ ਰੰਗ-ਸੁਰੰਗੀ ਧਰਤੀ ਉੱਤੇ ਅਨੇਕਾਂ ਲੋਕਾਂ ਨਾਲ ਗੱਲਾਂ ਕਰ ਤਕੀਆਂ ਨੇ—ਵੱਖ-ਵੱਖ ਦੇਸਾਂ ਵਿਚ ਵੱਖ-ਵੱਖ ਉਮਰਾਂ ਦੇ ਲੋਕ, ਕੁੜੀਆਂ ਤੇ ਮੁੰਡੇ, ਜਵਾਨ ਦੇ ਬਿਰਧ। ਪਰ ਏਨੀ ਨਿੱਕੀ ਉਮਰ ਦੀ ਕਿਸੇ ਕੁੜੀ ਨਾਲ ਅੱਜ ਤੱਕ ਮੈਂ ਗੱਲਾਂ ਨਹੀਂ ਕੀਤੀਆਂ—ਤੇ ਫੇਰ ਇਹੋ ਜਿਹੀਆਂ ਗੱਲਾਂ! ਏਸੇ ਲਈ ਮੈਨੂੰ ਅਹੁੜਦਾ ਨਹੀਂ ਪਿਆ, ਕਿਵੇਂ ਸ਼ੁਰੂ ਕਰਾਂ, ਕੀ ਕਹਾਂ ਤੇ ਕੀ ਨਾਂਹ ਤੇ ਨਾਲੇ ਰੋਹ ਨਾਲ ਮੇਰੇ ਲਫ਼ਜ਼ ਤਪਦੇ ਜਾ ਰਹੇ ਨੇ!
ਮੈਂ ਤੈਨੂੰ ਕਿਸ ਨਾਂ ਨਾਲ ਬੁਲਾਵਾਂ, ਮੇਰੇ ਆਜ਼ਾਦ ਦੇਸ਼ ਵਿਚ ਨਵੀਂ-ਨਵੀਂ ਆਈ ਜਿੰਦੇ! ਤੂੰ ਜਿਹੜੀ ਪਿੱਪਲ ਦੇ ਡਾਹਣ ਉੱਤੇ ਜੰਮੀ ਏਂ। ਕੀ ਮੈਂ ਤੈਨੂੰ ਬ੍ਰਿਛ-ਬਾਲੜੀ ਕਹਾਂ? ਤੇਰੀ ਮਾਂ ਹਾਲੀ ਤੱਕ ਡੌਰ-ਭੌਰ ਏ—ਉਹ ਤੇਰਾ ਕੋਈ ਲਾਡਲਾ ਨਾਂ ਵੀ ਨਹੀਂ ਰੱਖ ਸਕੀ।
ਬ੍ਰਿਛ-ਬਾਲੜੀਏ! ਤੂੰ ਪਿੱਪਲਾਂ ਵਿਚ ਵਸਦੀ ਕੋਈ ਰੂਹ ਨਹੀਂ, ਤੂੰ ਆਦਮ ਤੇ ਹਵਾ ਦੀ ਕਹਾਣੀ ਦਾ ਕੋਈ ਪਾਤ੍ਰ ਨਹੀਂ—ਤੂੰ ਮੇਰੇ ਸਾਹਮਣੇ ਲੇਟੀ ਇਕ ਸੱਚੀ-ਮੁੱਚੀ ਦੀ, ਲਹੂ-ਮਾਸ ਦੀ ਕੁੜੀ ਏਂ!
ਤੂੰ ਕੁਝ ਦਿਨ ਪਹਿਲਾਂ ਇਕ ਪਿੱਪਲ ਉੱਤੇ ਜੰਮੀਂ ਸੈਂ। ਇਹਦੀਆਂ ਕੁਝ ਟਾਹਣੀਆਂ ਨੂੰ ਆਪਣੀ ਪੱਗ ਦੇ ਪੇਚਾਂ ਨਾਲ ਗੁੰਦ ਕੇ ਤੇਰੇ ਪਿਓ ਨੇ ਇਕ ਪੰਘੂੜਾ ਜਿਹਾ ਬਣਾਇਆ ਸੀ—ਏਸ ਉੱਤੇ ਜੰਮਣ ਤੋਂ ਮਗਰੋਂ ਤਿੰਨ ਦਿਨ ਤੇ ਤਿੰਨ ਰਾਤਾਂ ਤੂੰ ਪਈ ਰਹੀ ਸੈਂ।
ਤੇ ਤੇਰੇ ਏਸ ਪੰਘੂੜੇ ਦੇ ਐਨ ਥੱਲੇ ਦੀਆਂ ਟਾਹਣੀਆਂ ਦੁਆਲੇ, ਕਿਸੇ ਭਿਆਨਕ ਕਾਲੀ ਪੱਗ ਦੇ ਪੇਚਾਂ ਵਾਂਗ, ਸੱਪ ਲਿਪਟੇ ਹੋਏ ਸਨ। ਤੇ ਤੇਰਾ ਪਿਓ ਤਿੰਨ ਦਿਨ ਤੇ ਤਿੰਨ ਰਾਤਾਂ ਇਨ੍ਹਾਂ ਸੱਪਾਂ ਨੂੰ ਤੇਰੇ ਤੋਂ ਪਰ੍ਹਾਂ ਰੱਖਦਾ ਰਿਹਾ ਸੀ। ਇਹ ਸੱਪ ਸਾਖੀਆਂ ਵਿਚਲੇ ਸੱਪਾਂ ਵਾਂਗ ਤੇਰੇ ਉੱਤੇ ਛਾਂ ਨਹੀਂ ਸਨ ਕਰਦੇ। ਛਾਂ ਦੀ ਲੋੜ ਨਹੀਂ ਸੀ, ਮੀਂਹ ਹੀ ਤਾਂ ਵਸਦਾ ਰਿਹਾ ਸੀ ਏਨੇ ਦਿਨ ਤੇ ਏਨੀਆਂ ਰਾਤਾਂ, ਮੋਹਲੇਧਾਰ ਮੀਂਹ।
ਤੇਰਾ ਪਿਓ ਇਨ੍ਹਾਂ ਸੱਪਾਂ ਤੋਂ ਤੈਨੂੰ ਬਚਾ ਗਿਆ—ਪਰ ਆਪ ਹੁਣ ਉਹ ਸੌਂ ਚੁੱਕਿਆ ਏ; ਤਿੰਨ ਦਿਨ ਤੇ ਤਿੰਨ ਰਾਤਾਂ ਦਾ ਉਨੀਂਦਰਾ ਲਾਹਣ ਲਈ ਨਹੀਂ, ਇਨ੍ਹਾਂ ਸੱਪਾਂ ਨੇ ਉਹਨੂੰ ਸੁਆ ਦਿੱਤਾ ਏ। ਤੇ ਹੁਣ ਉਹ ਤੈਨੂੰ ਕਦੇ ਆਪਣੀ ਗੋਦੀ ਨਹੀਂ ਲੈ ਸਕੇਗਾ, ਤੇ ਕਦੇ ਤੇਰੀਆਂ ਗੱਲ੍ਹਾਂ, ਤੇ ਤੇਰੇ ਨਿੱਕੇ ਨਿੱਕੇ ਪੈਰ ਨਹੀਂ ਚੁੰਮ ਸਕੇਗਾ, ਤੇ ਕਦੇ ਤੇਰੀ ਖੁਸ਼ਬੋ ਆਪਣੇ ਅੰਦਰ ਨਹੀਂ ਰਚਾ ਸਕੇਗਾ।...
ਜਦੋਂ ਤੇਰੇ ਪੰਘੂੜੇ ਦੇ ਐਨ ਥੱਲੇ ਵੱਡੀ ਸਾਰੀ ਕਾਲੀ ਪੱਗ ਦੇ ਪੇਚਾਂ ਵਾਂਗ ਸੱਪ ਟਾਹਣੀਆਂ ਦੁਆਲੇ ਲਿਪਟੇ ਹੋਏ ਸਨ—ਓਦੋਂ ਇਨ੍ਹਾਂ ਸੱਪਾਂ ਤੋਂ ਥੱਲੇ ਪਾਣੀ ਸੀ, ਪਾਣੀ ਚੁਪਾਸੀਂ, ਅੰਤਾਂ ਦਾ ਪਾਣੀ, ਰੋਹੜੂ ਪਾਣੀ, ਗਰ੍ਹਲ ਗਰ੍ਹਲ ਵਗਦਾ—ਤੇ ਇਕ ਪਰਲੋ ਸੀ ਆਲੇ ਦੁਆਲੇ। ਸੱਪ ਤੇ ਮਨੁੱਖ ਦਰੱਖ਼ਤਾਂ ਉੱਤੇ ਥਾਂ ਲੱਭਣ ਲਈ ਘੁਲ ਰਹੇ ਸਨ। ਰੁੜ੍ਹਦੀਆਂ ਛੰਨਾਂ, ਤਰਦੀਆਂ ਛੱਤਾਂ, ਬੰਦਿਆਂ ਤੇ ਡੰਗਰਾਂ ਦੀਆਂ ਲੋਥਾਂ ਰੁੱਖਾਂ ਨਾਲ ਕਈ ਥਾਈਂ ਅੜੀਆਂ ਹੋਈਆਂ ਸਨ। ਤੇ ਰਾਤੀਂ ਜਿਵੇਂ ਦਰੱਖ਼ਤ ਬੋਲ ਪੈਂਦੇ ਹੋਣ: ਖ਼ਬਰਦਾਰ-ਖ਼ਬਰਦਾਰ—ਸੌਣਾ ਨਾ—ਡਿੱਗ ਪਓਗੇ। ਤੇ ਗੜ੍ਹੰਬ ਕੋਈ ਡਿੱਗਾ—ਤੇ ਦਰਖ਼ਤ ਜਿਵੇਂ ਇਕ ਦਮ ਕੁਰਲਾ ਪਏ ਰਾਮ ਸਿੰਘ ਦੀ ਮਾਂ—ਨਾਨਕ ਦੀ ਬੇਬੇ—ਸੀਤਾ ਦਾ ਬਾਪੂ—ਕੌਣ ਡਿੱਗਾ ਏ—ਕੌਣ!
ਗਾਹੜ-ਗਾਹੜ…ਦੂਰ ਢਾਰੇ ਡਿੱਗ ਰਹੇ ਸਨ, ਮਕਾਨ ਢਹਿ ਰਹੇ ਸਨ, ਹਵੇਲੀਆਂ ਜ਼ਿਮੀਂ ਵਿਚ ਧਸ ਰਹੀਆਂ ਸਨ।
ਏਸ ਪਰਲੋ ਵਿਚ ਇਕ ਪਿੱਪਲ ਦੇ ਉੱਤੇ, ਪਾਣੀ ਦੀ ਮਾਰ ਤੋਂ ਆਸਰਾ ਲਈ, ਤੇਰੀ ਮਾਂ ਨੇ ਤੈਨੂੰ ਜੰਮਿਆਂ ਸੀ।
…ਤੇਰੇ ਜੰਮਣ ਤੋਂ ਇਕ ਦਿਨ ਪਹਿਲਾਂ ਖੌ-ਪੀਏ ਦਾ ਵੇਲਾ ਸੀ। ਤੇਰਾ ਬਾਪੂ ਆਪਣੀ ਬੂਰੀ ਮਹਿੰ ਚੋ ਰਿਹਾ ਸੀ। ਤੇਰੀ ਮਾਂ ਦੇ ਜਣੇਪੇ ਦੇ ਦਿਨ ਪੁਗਣ ਵਾਲੇ ਸਨ। ਉਹਨੇ ਚੁਲ੍ਹੇ ਉੱਤੇ ਸੀਰਾ ਬਣਾਨ ਲਈ ਧਰਿਆ ਸੀ। ਬਾਪੂ ਨੇ ਹੱਟੀ ਤੋਂ ਚਾਈਂ ਚਾਈਂ ਬਦਾਮ ਹੁਣੇ ਲਿਆਂਦੇ ਸਨ। ਤੇਰੀ ਮਾਂ ਸੀਰੇ ਵਿਚ ਪਾਣ ਲਈ ਬਦਾਮ ਭੰਨ ਰਹੀ ਸੀ। ਤੇਰੀ ਮਾਂ ਲਈ ਇਹ ਪਹਿਲੀ ਵਾਰ ਸੀ। ਸੀਰੇ ਦੀ ਸੂ ਸੂ, ਮਹਿੰ ਦੀਆਂ ਟੱਲੀਆਂ ਦੀ ਟੁਣ-ਟੁਣ, ਤੇ ਵਲਟੋਹੀ ਵਿਚ ਪੈਂਦੀਆਂ ਧਾਰਾਂ ਦੀ ਸਾਂ ਸਾਂ ਦੇ ਵਿਚ ਬਦਾਮਾਂ ਦੇ ਭਜਣ ਦੀ ਟਕ ਟਕ ਰਲ ਰਹੀ ਸੀ। ਘਰੋਗੀ ਸੁਖ ਦੀ ਕੂਲੀ ਚੁੱਪ ਦਾ ਇਹ ਨਿੰਮ੍ਹਾ ਨਿੰਮ੍ਹਾ ਸੰਗੀਤ ਤੇ ਇਹਦੇ ਵਿਚ ਤੇਰੇ ਬਾਪੂ ਤੇ ਤੇਰੀ ਮਾਂ ਦੀਆਂ ਸੈਆਂ ਸੱਧਰਾਂ ਧੜਕ ਰਹੀਆਂ ਸਨ।
ਕਾੜ ਕਾੜ, ਡੰਮ੍ਹ ਡੰਮ੍ਹ…ਇਕ ਗ਼ਜ਼ਬ ਦਾ ਸ਼ੋਰ ਹੋਇਆ। ਪਿੰਡ ਦਾ ਢੋਲ ਅੱਧੀ ਰਾਤ ਦੇ ਝੱਖੜ ਵਾਂਗ ਝੁਲ ਪਿਆ। ਪਿੰਡ ਦੇ ਕੋਲ ਵਗਦਾ ਦਰਿਆ ਚੜ੍ਹ ਆਇਆ ਸੀ। ਤੇ ਪਾਣੀ ਆ ਰਿਹਾ ਸੀ। ਢੋਲ ਪਾਟਣ ਲੱਗਾ ਪਰ ਬੱਚਿਆਂ, ਤੀਵੀਂਆਂ ਤੇ ਬੰਦਿਆਂ ਦੀਆਂ ਕੁਰਲਾਹਟਾਂ ਉਸ ਤੋਂ ਵੀ ਉੱਚੀਆਂ ਹੋ ਰਹੀਆਂ ਸਨ, ਤੇ ਡਰੇ ਹੋਏ ਡੰਗਰ ਲਗਾਤਾਰ ਅੜਿੰਗੀ ਜਾ ਰਹੇ ਸਨ। ਪਾਣੀ ਆ ਰਿਹਾ ਸੀ। ਪਾਣੀ ਆਈ ਜਾ ਰਿਹਾ ਸੀ।
ਪਾਣੀ…ਪਾਣੀ...ਅੰਤਾਂ ਦਾ ਰੋੜ੍ਹ। ਛੰਨਾਂ, ਢਾਰੇ, ਮਕਾਨ ਸਭ ਡੁਬਦੇ ਜਾ ਰਹੇ ਸਨ। ਸਭ ਕੁਝ ਰੁੜ੍ਹਨ ਲੱਗ ਪਿਆ ਸੀ। ਮੱਝਾਂ ਤੇ ਵਲਟੋਹੀਆਂ ਤੇ ਕੜਾਹੀਆਂ, ਸੰਦੂਕ ਤੇ ਮੰਜੀਆਂ। ਇਕ ਰੁੜ੍ਹਦੇ ਫੱਟੇ ਉੱਤੇ ਇਕ ਬਾਲ ਬੈਠਾ ਸੀ, ਉਹਦੇ ਸਾਹਮਣੇ ਬਾਟੀ ਵਿਚ ਖਿਚੜੀ ਪਈ ਸੀ। ਬੰਦੇ ਤੇ ਤੀਵੀਆਂ, ਜਿਸ ਚੀਜ਼ ਨੂੰ ਵੀ ਹੱਥ ਪੈ ਸਕਦਾ ਸੀ ਉਹਨੂੰ ਹੱਥ ਪਾਈ, ਰੁੜ੍ਹੀ ਜਾ ਰਹੇ ਸਨ। ਤੇਰੀ ਮਾਂ ਤੇ ਤੇਰੇ ਬਾਪੂ ਨੇ ਇਕ ਸ਼ਤੀਰੀ ਨੂੰ ਹੱਥ ਪਾਇਆ ਹੋਇਆ ਸੀ, ਤੇ ਤੇਰੀ ਮਾਂ ਨੂੰ ਜੰਮਣ-ਪੀੜਾਂ ਛਿੜ ਪਈਆਂ ਸਨ।
ਅਗਲੀ ਸਵੇਰ ਅਚਾਨਕ ਉਨ੍ਹਾਂ ਦੋਹਾਂ ਦਾ ਹੱਥ ਇਕ ਪਿਪਲ ਦੇ ਡਾਹਣ ਨੂੰ ਪੈ ਗਿਆ। ਉਨ੍ਹਾਂ ਤੋਂ ਪਹਿਲਾਂ ਕਈ ਸੱਪ ਏਸ ਪਿੱਪਲ ਦੁਆਲੇ ਹੋਏ ਹੋਏ ਸਨ। ਪਰ ਤੇਰੀ ਮਾਂ ਤੇ ਤੇਰਾ ਪਿਓ ਬਚ ਬਚਾ ਕੇ ਸੱਪਾਂ ਤੋਂ ਉੱਪਰ ਚੜ੍ਹ ਗਏ। ਤੇ ਇਥੇ ਇਸ ਪਿੱਪਲ ਉੱਤੇ ਸੱਪਾਂ ਦੇ ਕੋਲ ਤੂੰ ਜੰਮੀਂ।
ਕਈ ਤੈਨੂੰ ਦੱਸਣਗੇ ਕਿ ਇੰਜ ਲਿਖੀ ਹੀ ਹੋਈ ਸੀ—ਤੇਰਾ ਇੰਜ ਜੰਮਣਾ, ਤੇਰੇ ਪਿਓ ਦਾ ਇੰਜ ਮਰਨਾ, ਤੇਰੀ ਮਾਂ ਤੇ ਤੇਰੇ ਪਿੰਡ ਦੇ ਹੋਰਨਾਂ ਗੁਆਂਢੀ ਪਿੰਡਾਂ ਦੇ ਲੋਕਾਂ ਦੇ ਉੱਤੇ ਇੰਜ ਕਹਿਰ ਵਰਤਣਾ। ਪਰ ਮੈਂ ਤੈਨੂੰ ਦੱਸਣਾ ਚਾਂਹਦਾ ਹਾਂ—ਤੇ ਇਕ ਦਿਨ ਤੂੰ ਇਹ ਜ਼ਰੂਰ ਸਮਝ ਜਾਏਂਗੀ—ਕਿ ਇਹ ਕਿਸੇ ਵਿਧਾਤਾ ਵਲੋਂ ਲਿਖੀ ਨਹੀਂ ਸੀ, ਸਾਡੀ ਏਸ ਧਰਤੀ ਉੱਤੇ ਜਿਹੜੇ ਨਿੱਕੇ-ਵੱਡੇ ਵਿਧਾਤਾ ਬਣ ਬੈਠੇ ਨੇ ਉਨ੍ਹਾਂ ਨੇ ਏਸ ਕਹਿਰ ਦਾ ਬਹੁਤਾ ਹਿੱਸਾ ਆਪ ਸਾਡੇ ਤੁਹਾਡੇ ਲਈ ਲਿਖਿਆ ਹੈ। ਸੱਪਾਂ ਦੇ ਡੰਗ ਤਾਂ ਸਿਰਫ਼ ਇਨ੍ਹਾਂ ਦੀ ਰਜ਼ਾ ਦਾ ਬਹਾਨਾ ਹੀ ਬਣੇ ਨੇ, ਅਸਲ ਵਿਚ ਤੇਰਾ ਪਿਓ ਇਨ੍ਹਾਂ ਦੇ ਜ਼ਹਿਰ ਨਾਲ ਨਹੀਂ ਮਰਿਆ ਏ। ਤੇ ਇਹ ਜ਼ਹਿਰ ਇਨ੍ਹਾਂ ਨਿੱਕੇ-ਵੱਡੇ ਵਿਧਾਤਿਆਂ ਨੂੰ ਰਾਜ-ਬਦਲੀ ਵੇਲੇ ਪ੍ਰਦੇਸੀ ਹਾਕਮਾਂ ਕੋਲੋਂ ਵਿਰਸੇ ਵਿਚ ਮਿਲਿਆ ਸੀ।
ਜਦੋਂ ਸੱਪਾਂ ਦੀ ਕੁਰਬਲ-ਕੁਰਬਲ ਵਿਚ ਮਾਂ ਤੈਨੂੰ ਪਿੱਪਲ ਉੱਤੇ ਜੰਮ ਰਹੀ ਸੀ, ਓਦੋਂ ਏਸ ਪਿੱਪਲ ਤੋਂ ਛਿਆਂ ਕੋਹਾਂ ਦੀ ਵਿੱਥ ਉੱਤੇ ਪੱਕੇ ਫ਼ੌਜੀ ਬੰਗਲਿਆਂ ਦੇ ਕੋਲ ਸਾਰਾ ਦਿਨ ਬੈਂਡ ਦੀ ਮਸ਼ਕ ਹੁੰਦੀ ਰਹੀ ਸੀ; ਕਦੀ ਕਦੀ ਦੇਸੀ, ਪਰ ਬਹੁਤੀ ਵਾਰ ਪ੍ਰਦੇਸੀ ਧੁੰਨਾਂ ਫ਼ੌਜੀ ਬੈਂਡ ਉੱਤੇ ਕੱਢੀਆਂ ਜਾਂਦੀਆਂ ਰਹੀਆਂ ਸਨ।
ਕਿਹੋ ਜਿਹੀ ਦੁਨੀਆਂ ਵਿਚ ਤੂੰ ਆਈ ਸੈਂ! ਤੂੰ ਰੋ ਪਈ ਸੈਂ, ਤੇਰੀ ਮਾਂ ਪੀੜ ਵਿਚ ਕਿੰਨੀ ਦੇਰ ਕੁਰਲਾਂਦੀ ਰਹੀ ਸੀ, ਤੇਰੇ ਆਲੇ-ਦੁਆਲੇ ਲੋਕ ਦੁੱਖ ਨਾਲ ਹੜ੍ਹੇ ਡੁਬਕੀਆਂ ਲੈਂਦੇ ਰਹੇ ਸਨ...। ਪੱਕੇ ਬੰਗਲਿਆਂ ਦੇ ਨੇੜੇ ਫ਼ੌਜੀ ਬੈਂਡ ਵੱਜੀ ਜਾ ਰਿਹਾ ਸੀ।
ਹੁਣ ਕੌਮੀ ਨਗ਼ਮੇ ਵੱਜ ਪਏ ਸਨ। ਫ਼ੌਜੀ ਅਫ਼ਸਰਾਂ ਦੀਆਂ ਵਹੁਟੀਆਂ ‘ਬੜੇ ਖਾਣੇ’ ਲਈ ਮੇਜ਼ ਸਜਾ ਰਹੀਆਂ ਸਨ। ਕਿੰਨੇ ਹੀ ਅਰਦਲੀ ਗੁਲਦਸਤਿਆਂ ਲਈ ਫੁੱਲ ਢੂੰਡ ਕੇ ਲਿਆਏ ਸਨ। ਕਿਚਨ ਵਿਚੋਂ ਵੰਨ ਸੁਵੰਨੇ ਖਾਣਿਆਂ ਦੀਆਂ ਲਪਟਾਂ ਆ ਰਹੀਆਂ ਸਨ।
ਹੜ੍ਹ ਵਿਚ ਡੁਬਦੀ ਕੌਮ ਦਾ ਕੋਈ ਜਰਨੈਲ ਆ ਰਿਹਾ ਸੀ। ਤੇ ਕੌਮ ਦੇ ਇਕ ਹਜ਼ਾਰ ਤੋਂ ਵੱਧ ਸਿਪਾਹੀ ਡੁਬਦੀ ਕੌਮ ਤੋਂ ਛੇ ਕੋਹਾਂ ਦੀ ਵਿੱਥ ਉੱਤੇ ਇੰਜ ਨਰੜੇ ਬੈਠੇ ਸਨ। ਇਨ੍ਹਾਂ ਸਿਪਾਹੀਆਂ ਨੂੰ ਉਹ ਜ਼ਹਿਰ ਵਿਰਸੇ ਵਿਚ ਨਹੀਂ ਸੀ ਮਿਲਿਆ, ਇਨ੍ਹਾਂ ਦੇ ਦਿਲ ਕੁਰਲਾਹਟਾਂ ਸੁਣ ਰਹੇ ਸਨ, ਇਨ੍ਹਾਂ ਨੂੰ ਡੋਬੂ ਪੈ ਰਹੇ ਸਨ। ਪਰ ਇਨ੍ਹਾਂ ਦੇ ਨਿੱਕ ਨਿੱਕੇ ਵਿਧਾਤਿਆਂ ਨੇ ਇਨ੍ਹਾਂ ਨੂੰ ਇਥੇ ਜੂੜਿਆ ਹੋਇਆ ਸੀ। ਕੌਮ ਦੇ ਜਰਨੈਲ ਦੀ ਜੀਪ ਵਾਸਤੇ ਰਾਹ ਰਸਤੇ ਠੀਕ ਕਰਨ ਲਈ ਕੌਮ ਦੇ ਸੈਆਂ ਸਿਪਾਹੀਆਂ ਦੀਆਂ ਫ਼ਟੀਗਾਂ ਲੱਗੀਆਂ ਹੋਈਆਂ ਸਨ। ਬੂਟ ਲਿਸ਼ਕਾਏ ਜਾ ਰਹੇ ਸਨ, ਵਰਦੀਆਂ ਅਕੜਾਈਆਂ ਜਾ ਰਹੀਆਂ ਸਨ, ਫੁੱਲ ਸਜ ਰਹੇ ਸਨ, ਬੈਂਡ ਵਜ ਰਹੇ ਸਨ…
ਜਿਸ ਸ਼ਾਮ ਤੇਰੀ ਮਾਂ ਸੀਰੇ ਵਿਚ ਪਾਣ ਲਈ ਬਦਾਮ ਭੰਨ ਰਹੀ ਸੀ, ਤੇ ਤੇਰਾ ਪਿਓ ਅਖ਼ੀਰਲੀ ਵਾਰ ਆਪਣੀ ਰੀਝਾਂ-ਪਾਲੀ ਬੂਰੀ ਮਹਿੰ ਚੋ ਰਿਹਾ ਸੀ—ਓਸ ਤੋਂ ਦੋ ਦਿਨ ਪਹਿਲਾਂ ਵੱਡੇ ਸ਼ਹਿਰ ਦੇ ਹਾਕਮ ਦੇ ਦਫ਼ਤਰ ਵਿਚ ਤਾਰ ਆਈ ਸੀ ਕਿ ਪਹਾੜਾਂ ਵਲੋਂ ਹੜ੍ਹ ਦਾ ਪਾਣੀ ਦਰਿਆਵਾਂ ਵਿਚ ਆ ਰਿਹਾ ਹੈ, ਦੋ ਦਿਨਾਂ ਤੱਕ ਫ਼ਲਾਣੇ ਫ਼ਲਾਣੇ ਇਲਾਕਿਆਂ ਵਿਚ ਪੁੱਜ ਜਾਏਗਾ। ਤੇਰੇ ਪਿੰਡ ਵਾਲਾ ਇਲਾਕਾ ਵੀ ਇਨ੍ਹਾਂ ਵਿਚ ਸੀ।
ਜਿਸ ਵੇਲੇ ਵੱਡੇ ਹਾਕਮ ਦੇ ਦਫ਼ਤਰ ਵਿਚ ਇਹ ਤਾਰ ਆਈ ਸੀ, ਓਸ ਵੇਲੇ ਜੇ ਪੈਦਲ ਵੀ ਕੋਈ ਆਦਮੀ ਉੱਥੋਂ ਸੁਨਾਹ ਲੈ ਕੇ ਤੁਹਾਡੇ ਪਿੰਡ ਵੱਲ ਟੁਰ ਪੈਂਦਾ ਤਾਂ ਵੀ ਪਰਲੋ ਤੋਂ ਇਕ ਰਾਤ ਤੇ ਇਕ ਦਿਨ ਪਹਿਲਾਂ ਤੁਹਾਡੇ ਪਿੰਡ ਪੁੱਜ ਜਾਂਦਾ। ਤੇ ਤੁਹਾਡੇ ਪਿੰਡਾਂ ਦੇ ਵਾਸੀ ਆਪਣੀਆਂ ਹਲ-ਪੰਜਾਲੀਆਂ, ਆਪਣਾ ਮੰਜੀ ਪੀੜ੍ਹਾ, ਆਪਣਾ ਆਟਾ ਦਾਣਾ, ਆਪਣੇ ਡੰਗਰ ਢੋਰ ਲੈ ਕੇ ਪਾਣੀ ਦੀ ਮਾਰ ਤੋਂ ਪਰ੍ਹਾਂ ਉੱਚੀਆਂ ਥਾਵਾਂ ਉੱਤੇ ਚਲੇ ਜਾਂਦੇ। ਪੱਕੇ ਫ਼ੌਜੀ ਬੰਗਲਿਆਂ ਦੇ ਨੇੜੇ ਹੀ ਗਰਾਊਂਡ ਵਿਚ ਹੀ ਭਾਵੇਂ ਡੇਰਾ ਜਾ ਲਾਂਦੇ; ਤੇ ਤੂੰ ਸੱਪਾਂ ਕੋਲ ਪਿੱਪਲ ਦੀ ਡਾਹਣ ਉੱਤੇ ਨਹੀਂ, ਕਿਸੇ ਬਿਸਤਰੇ ਉੱਤੇ ਜੰਮਦੀਓਂ। ਤੇਰੀ ਮਾਂ ਤੈਨੂੰ ਜੰਮ ਕੇ ਪਿੱਪਲ ਦੇ ਪੱਤਿਆਂ ਉੱਤੋਂ ਮੀਂਹ ਦੇ ਪਾਣੀ ਨਾਲ ਆਪਣੀ ਤ੍ਰੇਹ ਤੇ ਭੁੱਖ ਨਾ ਬੁਝਾਂਦੀ। ਤੇਰਾ ਪਿਓ ਬੂਰੀ ਮਹਿੰ ਦਾ ਦੁੱਧ ਉਹਦੇ ਲਈ ਚੋ ਕੇ ਲਿਆਂਦਾ, ਕੋਈ ਗੁਆਂਢਣ ਬਦਾਮ ਘਿਓ ਬਣਾ ਕੇ ਉਹਨੂੰ ਖੁਆਂਦੀ।
ਪਰ ਹਾਕਮ ਨੇ ਅੱਜ ਸ਼ਾਮ ਕੌਮੀ ਉਸਾਰੀ ਉੱਤੇ ਭਾਸ਼ਣ ਦੇਣ ਜਾਣਾ ਸੀ। ਓਦੂੰ ਪਹਿਲੋਂ ਆਪਣੀ ਸ਼੍ਰੀਮਤੀ ਜੀ ਲਈ ਇਕ ਦੋ ਸਾੜੀਆਂ ਵੀ ਪਸੰਦ ਕਰਨੀਆਂ ਸਨ, ਤੇ ਹਾਲੀ ਲੈਕਚਰ ਲਈ ਕੁਝ ਤਿਆਰੀ ਵੀ ਬਾਕੀ ਸੀ, ਸੋ ਉਹਨੇ ਬੜੀ ਕਾਹਲ ਵਿਚ ਤਾਰ ਪੜ੍ਹੀ, ਤੇ ਦਸਖ਼ਤ ਕਰ ਕੇ ਹੁਕਮ ਲਿਖ ਦਿੱਤਾ:
“ਮੁਤਅਲਕਾ ਥਾਣੇਦਾਰਾਂ ਨੂੰ ਤਾਰ ਰਾਹੀਂ ਫ਼ੌਰਨ ਇਤਲਾਹ ਦੇ ਦਿੱਤੀ ਜਾਏ।”
ਘਰ ਜਾ ਕੇ ਕੌਮੀ ਉਸਾਰੀ ਉੱਤੇ ਲੈਕਚਰ ਲਈ ਨੁਕਤੇ ਲੱਭਦਿਆਂ ਹਾਕਮ ਨੇ ਅਖ਼ਬਾਰ ਉੱਤੇ ਕਾਹਲੀ ਕਾਹਲੀ ਨਜ਼ਰ ਮਾਰੀ। ਕਿਸੇ ਹੋਰ ਜ਼ਿਲ੍ਹੇ ਵਿਚ ਪਾਣੀ ਨਾਲ ਘਿਰੇ ਪਿੰਡਾਂ ਦੀ ਇਕ ਤਸਵੀਰ ਸੀ।
ਇਕ ਫ਼ਿਲਮੀ ਰਿਸਾਲਾ ਫੜੀ ਹਾਕਮ ਦੀ ਜਵਾਨ ਕੁੜੀ ਅੰਦਰ ਇਹ ਕਹਿਣ ਆਈ ਕਿ ਮੰਮੀ ਹੁਣੇ ਹੀ ਡਰੈਸ-ਅਪ ਹੋ ਕੇ ਆਣ ਲੱਗੇ ਨੇ। ਕੁੜੀ ਦੀ ਨਜ਼ਰ ਅਖ਼ਬਾਰ ਵਿਚ ਛਪੀ ਪਾਣੀ ਵਿਚ ਘਿਰੇ ਪਿੰਡ ਦੀ ਤਸਵੀਰ ਉੱਤੇ ਜਾ ਪਈ। ਉਹਨੇ ਕਿਹਾ, “ਓ, ਹਾਉ ਲਵਲੀ, ਪਾਪਾ—ਇਕ ਦਮ ਕਸ਼ਮੀਰ ਦੀ ਸੀਨਰੀ ਵਰਗਾ।”
ਵੱਡੇ ਹਾਕਮ ਨੇ ਕੌਮੀ ਉਸਾਰੀ ਬਾਰੇ ਸੋਚ ਵਿਚ ਡੁੱਬਿਆਂ, ਅਚੇਤ ਹੀ ਆਪਣੀ ਧੀ ਦੀਆਂ ਗੱਲ੍ਹਾਂ ਉੱਤੇ ਲਾਡ ਨਾਲ ਚਪਤ ਲਾਈ, “ਬੜੀ ਨਾਟੀ ਏਂ—ਡਾਲੀ!”
ਨਾਟੀ ਡਾਲੀ ਕਿਸੇ ਫ਼ਿਲਮ-ਐਕਟਰੈਸ ਦੀ ਤਸਵੀਰ ਵਾਲਾ ਰਿਸਾਲਾ ਭੁੜਕਾਂਦੀ ਅੰਦਰ ਚਲੀ ਗਈ।
ਤੇ ਬ੍ਰਿਛ-ਬਾਲੜੀਏ! ਜਦੋਂ ਤੂੰ ਤਿੰਨ ਦਿਨ, ਤਿੰਨ ਰਾਤਾਂ ਪੱਗ ਨਾਲ ਗੁੰਦੀਆਂ ਪਿੱਪਲ ਦੀਆਂ ਟਹਿਣੀਆਂ ਤੇ ਲੇਟ ਰਹੀ, ਤੇ ਜਦੋਂ ਤੁਹਾਡੇ ਗੁਆਂਢੀ ਪਿੰਡਾਂ ਦੇ ਲੋਕਾਂ ਨੇ ਆ ਕੇ ਤੈਨੂੰ ਤੇ ਤੇਰੀ ਮਾਂ ਨੂੰ ਉੱਤੋਂ ਲਾਹਿਆ, ਤੇ ਜਦੋਂ ਆਲੇ-ਦੁਆਲੇ ਦਰੱਖ਼ਤਾਂ ਉੱਤੇ ਟੰਗੀਆਂ ਬੂਰੀਆਂ ਕਾਲੀਆਂ ਮੱਝਾਂ ਤੇ ਬਗੇ ਲਾਖੇ ਬਲਦਾਂ ਨੂੰ ਗਿਰਝਾਂ ਖਾ ਰਹੀਆਂ ਸਨ—ਓਦੂੰ ਵੀ ਇਕ ਦਿਨ ਬਾਅਦ ਵੱਡੇ ਹਾਕਮ ਦੀ ਫ਼ੌਰਨ ਭੇਜੀ ਤਾਰ ਤੇਰੇ ਇਲਾਕੇ ਦੇ ਥਾਣੇ ਵਿਚ ਪੁੱਜੀ। ਕੌਮੀ-ਉਸਾਰੀ ਦੇ ਸ਼ੈਦਾਈ ਹਾਕਮ ਨੇ ਸ਼ੈਦ ਖਿਆਲ ਹੀ ਨਹੀਂ ਸੀ ਕੀਤਾ ਕਿ ਹਾਲੀ ਪਿੰਡਾਂ ਵਿਚ ਤਾਰ-ਘਰ ਨਹੀਂ ਖੁੱਲ੍ਹੇ!
ਤੇਰੇ ਇਲਾਕੇ ਦੇ ਥਾਣੇ ਦੇ ਕੋਲ ਹੀ ਜ਼ਿਲ੍ਹੇ ਭਰ ਵਿਚੋਂ ਵਧੀਆ ਕਲਮੀ ਅੰਬਾਂ ਦਾ ਬਾਗ਼ ਹੈ। ਹਾਕਮਾਂ ਦੀਆਂ ਪਾਰਟੀਆਂ ਲਈ ਅੰਬ ਲੈਣ ਵਾਸਤੇ ਅੰਬਾਂ ਦੀ ਰੁੱਤੇ ਕਈ ਵਾਰ ਸਰਕਾਰੀ ਨੌਕਰ ਉੱਥੇ ਉਚੇਚੇ ਭੇਜੇ ਜਾਂਦੇ ਹਨ—ਪਰ ਏਸ ਤਾਰ ਦਾ ਸੁਨਾਹ ਦੇਣ ਲਈ ਕੋਈ ਉਚੇਚਾ ਆਦਮੀ ਵੱਡੇ ਹਾਕਮ ਦੇ ਦਫ਼ਤਰੋਂ ਨਾ ਆਇਆ!
ਤੇ ਹੁਣ ਜਦੋਂ ਤੇਰਾ ਪਿਓ ਨਹੀਂ ਰਿਹਾ ਤੇ ਕਈਆਂ ਦੀਆਂ ਮਾਂਵਾਂ ਨਹੀਂ ਰਹੀਆਂ, ਤੇ ਕਈਆਂ ਦੇ ਬਾਲ ਤੇ ਵਹੁਟੀਆਂ ਨਹੀਂ ਰਹੇ, ਹੁਣ ਜਦੋਂ ਤੁਹਾਡੇ ਹਲ ਵਾਹੁਣ ਵਾਲੇ ਤੇ ਦੁੱਧ ਦੇਣ ਵਾਲੇ ਪਸ਼ੂ-ਸਾਥੀ ਨਹੀਂ ਰਹੇ, ਤੇ ਜਦੋਂ ਪਿੰਡ ਨਹੀਂ ਰਿਹਾ, ਪਿੰਡ ਦਾ ਮੰਦਰ ਤੇ ਸਕੂਲ ਨਹੀਂ ਰਹੇ, ਜਦੋਂ ਖੂਹ ਬੋਦਾਰ ਪਾਣੀਆਂ ਨਾਲ ਭਰ ਕੇ ਜ਼ਿਮੀਂ ਦੀ ਪੱਧਰ ਤੇ ਹੋ ਗਏ ਨੇ— ਓਦੋਂ ਸ਼ਹਿਰ ਤੋਂ ਨਿੱਕੇ ਵੱਡੇ ਵਿਧਾਤਾ ਤੁਹਾਡੇ ਪਿੰਡ ਆ ਰਹੇ ਨੇ। ਹੁਣ ਤੁਹਾਡੇ ਲਈ ਬੇੜੀਆਂ ਆ ਰਹੀਆਂ ਨੇ। ਜਿਨ੍ਹਾਂ ਵੱਡੇ-ਵੱਡੇ ਆਟਾ-ਮਿੱਲ ਮਾਲਕਾਂ ਨੇ ਤੁਹਾਡੇ ਕੋਲੋਂ ਹੀ ਸਸਤੇ ਭਾ ਖੋਹੀ ਕਣਕ ਦੇ ਆਟੇ ਦਾ ਭਾ ਇਕਦਮ ਚੜ੍ਹਾ ਦਿੱਤਾ ਏ, ਉਨ੍ਹਾਂ ਵੱਲੋਂ ਭੇਜੀਆਂ ਰਜ਼ਾਈਆਂ ਆ ਰਹੀਆਂ ਨੇ। ਉਨ੍ਹਾਂ ਦੀਆਂ ਭੇਜੀਆਂ ਰਜ਼ਾਈਆਂ ਦੀਆਂ ਤਸਵੀਰਾਂ ਖਿੱਚਣ ਲਈ ਫ਼ੋਟੋਗ੍ਰਾਫ਼ਰ ਆ ਰਹੇ ਨੇ।
ਤਾਰ ਰਾਹੀਂ ਇਤਲਾਹ ਘੱਲਣ ਦਾ ਹੁਕਮ ਦੇਣ ਵਾਲਾ ਵੱਡਾ ਹਾਕਮ ਵੀ ਅਗਨ-ਬੋਟ ਉੱਤੇ ਚੜ੍ਹ ਕੇ ਆਇਆ ਸੀ। ਉਹਦੇ ਨਾਲ ਉਹਦੀ ਧੀ ਵੀ ਆਈ ਸੀ। ਹਾਕਮ ਦੀ ਜਵਾਨ ਕੁੜੀ ਦੇ ਹੱਥ ਵਿਚ ਇਕ ਕੈਮਰਾ ਸੀ, ਤੇ ਉਹ ਸੀਨਰੀਆਂ ਲੱਭਦੀ ਰਹੀ ਸੀ।
ਹਾਕਮ ਦੀ ਧੀ ਨੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਆਨ ਪੜ੍ਹਿਆ ਸੀ ਕਿ ਐਤਕੀ ਰੱਬੀ ਦੀ ਫ਼ਸਲ ਬੜੀ ਚੰਗੀ ਹੋਏਗੀ, ਕਿਉਂਕਿ ਹੜ੍ਹ ਨਾਲ ਜ਼ਮੀਨ ਬੜੀ ਜ਼ਰਖੇਜ਼ ਹੋ ਗਈ ਹੈ, ਤੇ ਹਾਕਮ ਦੀ ਧੀ ਏਸ ‘ਨਵੀਂ ਨਵੀਂ ਜ਼ਰਖੇਜ਼ ਹੋਈ ਜ਼ਮੀਨ’ ਦੇ ਟੁਕੜੇ ਦੇ ਮਾਲਕ ਬੁੱਢੇ ਜੱਟ ਨੂੰ ਦਿਲਾਸਾ ਦੇ ਰਹੀ ਸੀ, “ਕੋਈ ਫ਼ਿਕਰ ਨਾ ਕਰੋ, ਓਲਡ ਮੈਨ, ਐਤਕੀ ਤੁਸੀਂ ਆਪਣੀ ਜ਼ਮੀਨ ਵਿਚ ਰੱਬੀ ਬੀਜਣੀ—ਉਹਦੀ ਫ਼ਸਲ ਬੀਜਣੀ—ਉਹਦੀ ਫ਼ਸਲ ਬਹੁਤ ਹੋਵੇਗੀ।”
ਬੁੱਢੇ ਜੱਟ ਨੂੰ ਆਪਣੇ ਡੁਬ ਗਏ ਝੋਟਿਆਂ ਦਾ ਝੋਰਾ ਖਾ ਰਿਹਾ ਸੀ। ਉਸਨੇ ਅਣਜਾਣਿਆਂ ਹੀ ਹਾਕਮ ਦੀ ਧੀ ਨੂੰ ਹੁੰਗਾਰਾ ਤਾਂ ਭਰ ਦਿੱਤਾ ਸੀ—ਪਰ ਉਹਨੂੰ ਏਸ ਕੁੜੀ ਦੀ ਗੱਲ, ਉਹਦੀ ਪੁਸ਼ਾਕ ਵਾਂਗ ਹੀ ਪ੍ਰਦੇਸੀ ਲੱਗੀ ਸੀ।
ਤੇ ਕੁੜੀ ਗੱਲ ਕਰ ਕੇ ਆਪਣੇ ਮਨ ਵਿਚ ਸੋਚ ਰਹੀ ਸੀ, “ਰੱਬੀ ਦੇ ਦਾਣੇ ਕਿਹੋ ਜਿਹੇ ਹੁੰਦੇ ਹੋਣਗੇ? ਰੱਬੀ ਦਾ ਆਟਾ ਮਹੀਨ ਪਿਸ ਸਕੇਗਾ ਕਿ ਨਹੀਂ?” ਤੇ ਫੇਰ ਉਹ ਬੇ-ਫ਼ਿਕਰ ਹੋ ਗਈ ਸੀ, “ਸਾਨੂੰ ਤਾਂ ਕਣਕ ਮਿਲੇਗੀ ਹੀ! ਜੇ ਇਥੇ ਨਾ ਹੋਈ ਤਾਂ ਅਮਰੀਕਾ ਤੋਂ, ਆਸਟ੍ਰੇਲੀਆ ਤੋਂ।”
ਹੁਣ ਇਨ੍ਹਾਂ ਵਿਚੋਂ ਕੋਈ ਵੀ ਇਥੇ ਨਹੀਂ। ਸ਼ਾਮ ਦਾ ਘੁਸਮੁਸਾ ਹੋ ਰਿਹਾ ਏ। ਤੇਰੀ ਮਾਂ ਥੋੜ੍ਹੇ ਜਿਹੇ ਆਟੇ ਨੂੰ ਪਾਣੀ ਵਿਚ ਘੋਲ ਕੇ ਪੀਣ ਦਾ ਯਤਨ ਕਰ ਰਹੀ ਹੈ, ਤਾਂ ਜੋ ਤੇਰੇ ਲਈ ਦੁੱਧ ਉਹਨੂੰ ਆ ਸਕੇ।
ਤੂੰ ਮੁਸਕਰਾ ਰਹੀ ਏਂ, ਬ੍ਰਿਛ-ਬਾਲੜੀਏ! ਤੇ ਤੇਰੀ ਮੁਸਕਾਨ ਵਿਚ ਮੇਰੇ ਲੋਕਾਂ ਦੀ ਪਵਿੱਤਰ ਰੂਹ ਦੀ ਮਹਿਕ ਤੇ ਚਾਨਣ ਰਚੇ ਹੋਏ ਨੇ।
ਸਾਡੇ ਦੇਸ ਦੇ ਇਕ ਬੜੇ ਵੱਡੇ ਕਵੀ ਨੇ ਕਿਹਾ ਸੀ, “ਜਦੋਂ ਵੀ ਕੋਈ ਨਵਾਂ ਬਾਲ ਸਾਡੀ ਧਰਤੀ ਉੱਤੇ ਔਂਦਾ ਹੈ, ਉਹ ਇਸ ਗੱਲ ਦਾ ਸੁਨੇਹਾ ਦੇਂਦਾ ਹੈ ਕਿ ਹਾਲੀ ਰੱਬ ਸਾਡੇ ਨਾਲ ਨਾਰਾਜ਼ ਨਹੀਂ ਹੋਇਆ।”
ਮੈਂ ਰੱਬ ਬਾਰੇ ਕੁਝ ਨਹੀਂ ਜਾਣਦਾ, ਪਰ ਤੇਰੀ ਮੁਸਕਾਨ ਮੇਰੇ ਲੋਕਾਂ ਦੀ ਮਹਾਨਤਾ ਦਾ ਸੁਨੇਹਾ ਮੈਨੂੰ ਦੇ ਰਹੀ ਏ। ਤੇਰੀ ਮੁਸਕਾਨ ਮੇਰੇ ਨਾਲ ਜ਼ਿੰਦਗੀ ਦੇ ਅਮਰ ਹੋਣ ਦੀਆਂ ਬਾਤਾਂ ਪਾ ਰਹੀ ਏ। ਤੇਰੀ ਮਾਂ, ਮੇਰੇ ਲਈ ਲੋਕਾਂ ਦੀ ਜੀਵਨ-ਤਾਂਘ ਦਾ ਬਹਾਦਰ ਚਿੰਨ੍ਹ ਬਣ ਗਈ ਏ।
ਮੁਸਕਰਾ ਬ੍ਰਿਛ-ਬਾਲੜੀਏ! ਤੂੰ ਅਮਰ ਲੋਕਾਂ ਦੀ ਧੀ ਏਂ। ਅੱਜ ਭਾਵੇਂ ਤੇਰਾ ਜਨਮ ਧਿੰਗੋਜ਼ੋਰੀ ਬਣ ਬੈਠੇ ਨਿੱਕੇ ਵੱਡੇ ਵਿਧਾਤਿਆਂ ਨੇ ਏਸੇ ਤਰ੍ਹਾਂ ਲਿਖਿਆ ਏ, ਪਰ ਤੇਰੀ ਜਵਾਨੀ ਹੁਣ ਉਹ ਨਹੀਂ ਲਿਖ ਸਕਣਗੇ; ਮੇਰੇ ਅਮਰ ਲੋਕ ਆਪ ਆਪਣੀ ਤੇ ਤੇਰੀ ਹੋਣੀ ਓਦੋਂ ਤੱਕ ਲਿਖ ਲੈਣਗੇ, ਹੋਣੀ—ਜਿਹੜੀ ਤੇਰੀ ਮੁਸਕਾਨ ਜਿੰਨੀ ਹੀ ਸੁਹਣੀ ਹੋਏਗੀ!
[1955]