Bulbul (Russian Story in Punjabi) : Leonid Sobolev

ਬੁਲਬੁਲ (ਰੂਸੀ ਕਹਾਣੀ) : ਲਿਓਨਿਦ ਸੋਬੋਲੇਵ

ਜਲ ਸੈਨਾ ਦੇ ਜਾਸੂਸੀ ਵਿਭਾਗ ਦਾ ਇਕ ਦਸਤਾ ਓਦੇਸਾ ਦੇ ਨੇੜੇ ਮੁਹਾਜ਼ ਲਾਗੇ ਸਰਗਰਮ ਸੀ। ਰਾਤ ਵੇਲੇ ਇਹ ਜਵਾਨ ਰੁਮਾਨੀਅਨਾਂ ਵਾਲੇ ਪਿਛਵਾੜੇ ਜਾ ਕੇ, ਸੁਰੰਗਾਂ ਵਿਛੇ ਮੈਦਾਨਾਂ ਵਿਚਕਾਰ ਆਪਣੇ ਢਿੱਡਾਂ ਪਰਨੇ ਰੀਂਗਦੇ, ਪਤਝੜ ਦੇ ਠੰਡੇ, ਲੱਕ-ਲੱਕ ਡੂੰਘੇ ਪਾਣੀਆਂ ਵਾਲੀਆਂ ਖਾੜੀਆਂ ਗਾਹੁੰਦੇ, ਦੁਸ਼ਮਣ ਦੀਆਂ ਸਫਾਂ ਦੇ ਬਹੁਤ ਪਿੱਛੇ ਆਪਣੀਆਂ ਕਿਸ਼ਤੀਆਂ ਨੂੰ ਲੈ ਜਾਂਦੇ, ਜਾਸੂਸੀ ਕਰਦੇ ਸਨ। ਸੰਤਰੀਆਂ ਨੂੰ ਸੰਗੀਨ ਜਾਂ ਛੁਰੀ ਖੋਭ ਕੇ ਪਾਰ ਬੁਲਾਉਂਦੇ, ਦੁਸ਼ਮਣ ਦੇ ਹੈਡ-ਕੁਆਟਰ ਦੀਆਂ ਝੁੱਗੀਆਂ ਉੱਤੇ ਦਸਤੀ ਗੋਲਿਆਂ ਦਾ ਮੀਂਹ ਵਰ੍ਹਾਉਂਦੇ, ਆਪਣੇ ਤੋਪਖ਼ਾਨੇ ਦੀਆਂ ਵਰ੍ਹਦੀਆਂ ਗੋਲੀਆਂ ਹੇਠ, ਜਿਸ ਦੇ ਨਿਸ਼ਾਨੇ ਦਾ ਨਿਰਦੇਸ਼ ਉਹ ਆਪ ਕਰਦੇ ਸਨ, ਮੌਕੇ ਅਨੁਸਾਰ ਬੈਠੇ ਰਹਿੰਦੇ। ਇਹ ਝਕਾਨੀ ਦੇ ਜਾਣ ਵਾਲੇ, ਨਿਡਰ ਤੇ ਫੁਰਤੀ ਨਾਲ ਕੰਮ ਕਰਨ ਵਾਲੇ “ਕਾਲੇ ਦੈਂਤ” ਜਾਂ “ਕਾਲੇ ਕਮੀਸਾਰ” ਸਨ ਜਿਵੇਂ ਕਿ ਡਰਦੇ ਮਾਰੇ ਰੁਮਾਨੀਅਨ ਇਹਨਾਂ ਨੂੰ ਆਖਦੇ ਸਨ।

ਇਹਨਾਂ ਵਿਚ ਹੀ ‘ਫਰੂੰਜ਼ੇ' ਨਾਂ ਦੇ ਜੰਗੀ ਜਹਾਜ਼ ਦਾ ਇਕ ਅਲੈਕਟ੍ਰੀਸ਼ਨ ਸੀ। ਸੋਹਣਾ ਸੁਣੱਖਾ ਉੱਚਾ ਲੰਮਾ ਜਹਾਜ਼ੀ ਜਿਸ ਨੇ ਬੜੇ ਮਾਣ ਨਾਲ ਮੁੱਛਾਂ ਨੂੰ ਵੱਟ ਚਾੜ੍ਹਿਆ ਹੁੰਦਾ।ਇਹਨਾਂ ਮੁੱਛਾਂ ਤੇ ਰਸਾਲੇ ਦੀ ਉਹਦੀ ਬਿਰਜਸ ਕਰਕੇ ਉਹਦਾ ਨਾਂ ਹੀ “ਹੁਸਾਰ” ਪੈ ਗਿਆ ਹੋਇਆ ਸੀ। ਬਿਰਜਸਾਂ, ਫ਼ੌਜੀਆਂ ਵਾਲੀਆਂ ਕਮੀਜ਼ਾਂ ਤੇ ਕਿਸ਼ਤੀਨੁਮਾ ਟੋਪੀਆਂ ਅਤਿ ਦੀ ਲੋੜ ਕਰਕੇ ਪਾਈਆਂ ਜਾਂਦੀਆਂ ਸਨ।ਖੁੱਲ੍ਹੀ ਮੋਹਰੀ ਵਾਲੀਆਂ ਜਹਾਜ਼ੀਆਂ ਦੀਆਂ ਪਤਲੂਣਾਂ ਅਤੇ ਜਲ- ਸੈਨਿਕਾਂ ਵਾਲੇ ਬੂਟਾਂ ਨਾਲ ਦਲਦਲੀ ਜ਼ਮੀਨ ਉੱਤੇ ਰੀਂਗਣ ਵਿਚ ਬੜੀ ਦਿੱਕਤ ਹੁੰਦੀ ਸੀ। ਜਲ-ਸੈਨਿਕ ਜਾਸੂਸਾਂ ਨੇ ਆਪਣੀਆਂ ਵਰਦੀਆਂ ਤਾਂ ਭਾਵੇਂ ਬਦਲ ਲਈਆਂ ਸਨ ਪਰ ਉਹਨਾਂ ਦੇ ਦਿਲ ਜਹਾਜ਼ੀਆਂ ਵਾਲੇ ਹੀ ਸਨ।ਉਹ ਜਲ ਸੈਨਿਕਾਂ ਵਾਲੀਆਂ ਧਾਰੀਦਾਰ ਬੰਡੀਆਂ ਕੱਪੜਿਆਂ ਦੇ ਹੇਠਾਂ ਪਾ ਕੇ ਖੁਸ਼ ਰਹਿੰਦੇ ਸਨ ਤੇ ਉਹਨਾਂ ਦੀਆਂ ਟੋਪੀਆਂ ਉੱਤੇ ਤਾਰੇ ਦੇ ਐਨ ਹੇਠਾਂ ਕਰਕੇ, ਜਲ ਸੈਨਾ ਦਾ ਛੋਟਾ ਜਿਹਾ ਲੰਗਰ ਡਲ੍ਹਕਾਂ ਮਾਰ ਰਿਹਾ ਹੁੰਦਾ ਸੀ।

ਗਰਮੀ ਤੇ ਹੁਸੜ ਵਾਲ਼ੇ ਇਕ ਦਿਨ ਛੇ ਜਾਸੂਸ ਹਮਾਮ ਤੋਂ ਮੁੜਦੇ ਹੋਏ ਓਦੇਸਾ ਵਿਚੋਂ ਲੰਘ ਰਹੇ ਸਨ।ਉਹਨਾਂ ਨੂੰ ਡਾਢੀ ਪਿਆਸ ਲੱਗੀ ਹੋਈ ਸੀ। ਪਰ ਪਿਆਸ ਤਾਂ ਸ਼ਹਿਰ ਦੇ ਬਾਕੀ ਸਭ ਲੋਕਾਂ ਨੂੰ ਵੀ ਲੱਗੀ ਹੋਈ ਸੀ ਅਤੇ ਸੜਕ ਉੱਤੇ ਠੰਡਾ ਵੇਚਣ ਵਾਲੇ ਖੋਖਿਆਂ ਅੱਗੇ ਕਤਾਰਾਂ ਲੱਗੀਆਂ ਹੋਈਆਂ ਸਨ।ਆਪਣੀ ਕਿਸਮਤ ਨੂੰ ਕੋਸਦੇ ਹੋਏ ਉਹ ਤਾਂਘਦੀਆਂ ਨਜ਼ਰਾਂ ਨਾਲ ਘੜੀਆਂ ਵੇਖਦੇ ਤਿੰਨ ਖੋਖਿਆਂ ਅੱਗੋਂ ਦੀ ਲੰਘ ਗਏ। ਉਹਨਾਂ ਕੋਲ ਕਤਾਰ ਵਿਚ ਖੜੇ ਹੋਣ ਦਾ ਵਕਤ ਨਹੀਂ ਸੀ। ਅਚਾਨਕ ਹੀ ਉਹਨਾਂ ਨੂੰ ਅਸਮਾਨ ਚੀਰਦੀ ਸੁਰੰਗ ਦੀ ਘੂੰ-ਘੂੰ ਦੀ ਅਵਾਜ਼ ਸੁਣਾਈ ਦਿੱਤੀ। ਇਹ ਸ਼ਹਿਰ ਦੇ ਬਾਹਰ-ਵਾਰ ਦਾ ਇਲਾਕਾ ਸੀ ਜਿੱਥੇ ਅਕਸਰ ਸੁਰੰਗਾਂ ਫਟ ਕੇ ਡਿੱਗਦੀਆਂ ਰਹਿੰਦੀਆਂ ਸਨ, ਅਤੇ ਇਹਨਾਂ ਦੀ ਲੰਮੀ, ਘਿਣਾਉਣੀ ਅਵਾਜ਼ ਤੋਂ ਓਦੇਸਾ ਦੇ ਵਸਨੀਕ ਚੰਗੀ ਤਰ੍ਹਾਂ ਜਾਣੂ ਸਨ। ਲਾਈਨ ਟੁੱਟ ਗਈਙ ਲੋਕ ਮਕਾਨਾਂ ਦੀਆਂ ਪੱਥਰ ਦੀਆਂ ਕੰਧਾਂ ਓਹਲੇ ਲੁਕ ਗਏ। ਪਰ ਸੁਰੰਗ ਨਾਲ ਕੋਈ ਧਮਾਕਾ ਨਹੀਂ ਹੋਇਆ। ਆਪਣੀ ਮਨਹੂਸ ਸੁਰ ਵਿਚ ਗਾਉਂਦੀ ਹੋਈ, ਉਹ ਕਿਧਰੇ ਲੋਪ ਹੋ ਗਈ। ਅੱਖ ਪਲਕਾਰੇ ਵਿਚ, “ਹੁਸਾਰ” ਖ਼ਾਲੀ ਖੋਖੇ ਵੱਲ ਸ਼ੂਟ ਵੱਟ ਗਿਆ।ਖੋਖੇ ਵਾਲਾ, ਜਿਹੜਾ ਹਰ ਕਿਸਮ ਦੇ ਖ਼ਤਰੇ ਦਾ ਆਦੀ ਹੋ ਗਿਆ ਸੀ, ਆਪਣੀ ਥਾਂ ਤੋਂ ਹਿਲ ਕੇ ਕਿਤੇ ਨਹੀਂ ਸੀ ਗਿਆ। ਖੁਸ਼ੀ-ਖੁਸ਼ੀ ਸੋਡੇ ਦੀਆਂ ਚੁਸਕੀਆਂ ਲੈਂਦਿਆਂ, ਹੁਸਾਰ ਨੇ ਹੱਥ ਹਿਲਾ ਕੇ ਆਪਣੇ ਸਾਥੀਆਂ ਨੂੰ ਵੀ ਆ ਜਾਣ ਦਾ ਇਸ਼ਾਰਾ ਕੀਤਾ।

ਪਤਾ ਲੱਗਾ ਕਿ “ਹੁਸਾਰ” ਹਰ ਕਿਸਮ ਦੀ ਅਵਾਜ਼ ਦੀ ਨਕਲ ਕਰਨ ਦਾ ਉਸਤਾਦ ਸੀ।ਉਹ ਆਪਣੇ ਭਰਵੇਂ ਗੁਲਾਬੀ ਬੁੱਲ੍ਹਾਂ ਵਿਚੋਂ ਉੱਕਾ ਹੀ ਅਣਕਿਆਸੀਆਂ ਅਵਾਜ਼ਾਂ ਕੱਢਦਾ ਸੀ: ਸੂੰ ਕਰ ਕੇ ਜਾਂਦੇ ਗੋਲੇ ਦੀ ਅਵਾਜ਼, ਕੁੱਕੜੀ ਦੇ ਕੁੜ-ਕੁੜ ਕਰਨ ਦੀ ਅਵਾਜ਼, ਤੇ ਆਰੇ ਦੇ ਚੀਕਣ ਦੀ ਅਵਾਜ਼, ਸੁਰੰਗ ਦੀ ਘੂੰ-ਘੂੰ ਕਰਨ ਦੀ ਅਵਾਜ਼, ਬੁਲਬੁਲ ਦੇ ਗਾਉਣ ਦੀ ਅਵਾਜ਼, ਗਰਨੇਡ ਦੀ ਸ਼ੂਕਰ ਦੀ ਅਵਾਜ਼, ਕਤੂਰੇ ਦੇ ਭੌਂਕਣ ਦੀ ਅਵਾਜ਼ ਅਤੇ ਦੂਰ ਆਉਂਦੇ ਹਵਾਈ ਜਹਾਜ਼ ਦੀ ਗੂੰਜ ਦੀ ਅਵਾਜ਼। ਪਤਾ ਲੱਗਣ ਦੀ ਦੇਰ ਸੀ ਕਿ ਉਸ ਵਿਚ ਇਹ ਗੁਣ ਹੈ ਓਸੇ ਵੇਲੇ ਉਸ ਤੋਂ ਲਾਭ ਉਠਾਉਣਾ ਸ਼ੁਰੂ ਕਰ ਦਿੱਤਾ ਗਿਆ।

“ਹੁਸਾਰ” ਨੂੰ “ਝੰਡਾਬਰਦਾਰ ਜਹਾਜ਼ ਉੱਤੇ ਸਿਗਨਲ ਦੇਣ ਵਾਲਾ" ਲਾ ਦਿੱਤਾ ਗਿਆ। ਅਵਾਜ਼ਾਂ ਦੀ ਸੰਕੇਤਾਵਲੀ ਤਿਆਰ ਕਰ ਲਈ ਗਈ ਤੇ ਮਨਜ਼ੂਰੀ ਵਾਸਤੇ ਕਮਾਂਡਿੰਗ ਅਫਸਰ ਅੱਗੇ ਪੇਸ਼ ਕਰ ਦਿੱਤੀ ਗਈ। ਇਸ ਵਿਚ ਕੁੜ-ਕੁੜ ਦਾ ਮਤਲਬ ਸੀ ਕਿ ਦੁਸ਼ਮਣ ਦਾ ਇਕ ਸੰਤਰੀ ਪਹਿਰਾ ਦੇ ਰਿਹਾ ਹੈ ਤੇ ਬਤਖ਼ ਦੀ ਕੈਂ-ਕੈਂ ਦਾ ਮਤਲਬ ਸੀ ਦੋ ਸੰਤਰੀ। ਸੋਨਚਿੜੀ ਦੀ ਸੋਗਮਈ ਚੀਂ-ਚੀਂ ਇਸ ਗੱਲ ਦਾ ਸੰਕੇਤ ਸੀ ਕਿ ਦੁਸ਼ਮਣ ਨੇ ਮਸ਼ੀਨਗੰਨ ਕੈਮਾਫਲਾਜ ਕਰ ਕੇ ਝਾੜੀਆਂ ਵਿਚ ਰੱਖੀ ਹੋਈ ਹੈ।ਝਿੜੀ ਵਿਚ ਜਾਂ ਉਡੀਕ ਵਿਚ ਖੜੀ ਕਿਸ਼ਤੀ ਦੇ ਨੇੜਿਓਂ, ਕਲਾਕਾਰ ਵਾਂਗ ਨਕਲ ਕੀਤੇ, ਬੁਲਬੁਲ ਦੇ ਤਰੰਨਮ ਰੁਮਾਨੀਅਨ ਪਿਛਵਾੜੇ ਵਿਚ ਰਾਤ ਗੁਜ਼ਾਰਨ ਮਗਰੋਂ ਜਵਾਨਾਂ ਨੂੰ ਸਹੀ ਸਲਾਮਤ ਨਿਕਲ ਜਾਣ ਦਾ ਇਸ਼ਾਰਾ ਸੀ। ਤਰਕਾਲਾਂ ਵੇਲੇ, ਜਦੋਂ ਜਾਸੂਸ ਬੀਤੀ ਰਾਤ ਦੇ ਖ਼ਤਰਨਾਕ ਧਾਵਿਆਂ ਮਗਰੋਂ ਆਰਾਮ ਕਰ ਰਹੇ ਹੁੰਦੇ ਸਨ, “ਹੁਸਾਰ” ਉਹਨਾਂ ਦਾ ਮਨੋਰੰਜਨ ਕਰ ਰਿਹਾ ਹੁੰਦਾ ਸੀ।ਉਹ ਆਪਣੀ ਝੁੱਗੀ ਦੇ ਅੰਦਰ ਪਰਾਲੀ ਦੇ ਢੇਰ ਉੱਤੇ ਲੱਤਾਂ ਬਾਹਾਂ ਪਸਾਰ ਕੇ ਪਏ ਰਹਿੰਦੇ ਅਤੇ ਉਹ ਆਪਣੇ ਸਿਰ ਪਿੱਛੇ ਬਾਹਾਂ ਦੇ ਕੇ ਵੱਖ-ਵੱਖ ਤਰ੍ਹਾਂ ਦੀਆਂ ਅਵਾਜ਼ਾਂ ਕੱਢ ਕੇ ਵਿਖਾ ਰਿਹਾ ਹੁੰਦਾ ਸੀ।

ਹਨੇਰੀ ਝੁੱਗੀ ਵਿਚ ਜਿੱਥੇ ਪਰਾਲੀ ਦੀ ਸਵੱਛ ਤੇ ਮਿੱਠੀ ਮਹਿਕ ਆ ਰਹੀ ਸੀ, ਉਹ ਸੀਟੀਆਂ ਵਜਾਉਂਦਾ ਆਪਣੇ ਪਾਸਿਓਂ ਤੇ ਦੁਸ਼ਮਣ ਵਲੋਂ ਵਰ੍ਹਾਏ ਜਾਂਦੇ ਗੋਲਿਆਂ ਦੀਆਂ ਅਵਾਜ਼ਾਂ ਦੇ ਨਾਲ-ਨਾਲ ਗੂੰਜਵੀਆਂ ਤੇ ਹੂ-ਬ-ਹੂ ਸਹੀ ਸੁਰਾਂ (ਓਦੇਸਾ ਦੇ ਚਾਰ ਚੁਫੇਰੇ ਇਕ ਸੁਰ-ਸੰਗੀਤ ਦੀ ਸਥਾਈ ਅਵਾਜ਼) ਅਤੇ ਅਮਨ ਦੇ, ਜਗਮਗਾਉਂਦੀਆਂ ਸੜਕਾਂ ਤੇ ਸੰਗੀਤ ਹਾਲਾਂ ਦੇ, ਖ਼ੂਬਸੂਰਤ ਚਿੱਟੀਆਂ ਫਰਾਕਾਂ ਦੇ, ਸੁਹਣੇ ਸਾਂਭੇ ਹੋਏ ਹੱਥਾਂ ਅਤੇ ਚਿਰੋਕਣੀਆਂ ਵਿਸਰੀਆਂ ਘਰੇਲੂ ਖੁਸ਼ੀਆਂ ਦੇ ਧੁੰਦਲੇ-ਧੁੰਦਲੇ ਸੁਪਨੇ ਜਗਾ ਰਿਹਾ ਸੀ। ਜਹਾਜ਼ੀ ਚੁੱਪ ਕੇ ਸੁਣ ਰਹੇ ਸਨ। ਤੇ ਜਦੋਂ ਲਹਿਰ ਵਾਂਗ ਉੱਠਦੀ ਬਹਿੰਦੀ ਆਖਰੀ ਸੁਰ ਵਾਤਾਵਰਣ ਵਿਚ ਘੁਲ ਜਾਂਦੀ ਤਾਂ ਇਕ ਵਾਰ ਪ੍ਰਸ਼ੰਸਾਮਈ ਤੇ ਸਾਵਧਾਨ ਖ਼ਾਮੋਸ਼ੀ ਛਾ ਜਾਂਦੀ ਤੇ ਫੇਰ ਉਸ ਕਿਸਮ ਦੀ ਖਰਵੀਂ ਅਵਾਜ਼ ਵਿਚ ਜਿਸ ਤਰ੍ਹਾਂ ਦੀ ਕਈ ਵਾਰੀ ਜੰਗੀ ਜਹਾਜ਼ ਦੀ ਵੱਡੀ ਸਾਰੀ ਧੂੰਏਂ ਦੀ ਚਿਮਨੀ ਵਿਚੋਂ ਨਿਕਲਦੀ ਸੁਣਦੀ ਹੈ, ਇਕ ਦਿਓਕੱਦ ਜਹਾਜ਼ੀ ਤੋਪਚੀ ਦੇ ਬੁੱਲ੍ਹਾਂ ਵਿਚੋਂ ਨਿਕਲਦੀ। “ਹੋਰ ਸੁਣਾ... ਬੜੀਆਂ ਵਧੀਆ ਅਵਾਜ਼ਾਂ ਕੱਢਦਾ ਏਂ।”

ਤੇ ਜਲ-ਸੈਨਿਕ ਪਰਾਲੀ ਉੱਤੇ ਲੰਮੇ ਪਏ ਰਹਿੰਦੇ ਅਤੇ ਜੰਗ ਬਾਰੇ, ਹੋਣੀ ਤੇ ਜਿੱਤ ਬਾਰੇ ਅਤੇ ਇਸ ਬਾਰੇ ਸੋਚਦੇ ਰਹਿੰਦੇ ਕਿ ਹੋਰ ਕੀ ਕੁਝ ਹੋਵੇਗਾ – ਯਕੀਨੀ ਤੌਰ 'ਤੇ ਇਹ ਹੋਵੇਗਾ ! ਇਸ ਤਰ੍ਹਾਂ ਦੀ ਸੁੱਖ-ਆਰਾਮ ਤੇ ਸੁਪਨਿਆਂ ਭਰੀ ਜ਼ਿੰਦਗੀ ਹੋਵੇਗੀ ਜਿਸ ਤਰ੍ਹਾਂ ਦੀ ਇਸ ਗੀਤ ਨੇ ਬਖ਼ਸ਼ੀ ਸੀ।ਓਧਰ ਉਹਨਾਂ ਦੀ ਝੁੱਗੀ ਦੇ ਬਾਹਰ ਉਹਨਾਂ ਲੋਕਾਂ ਉੱਤੇ ਗੋਲਿਆਂ ਦਾ ਮੀਂਹ ਵਰ੍ਹ ਰਿਹਾ ਹੁੰਦਾ ਜਿਹੜੇ ਸਾਡੀ ਅਮਨ ਭਰੀ ਜ਼ਿੰਦਗੀ ਲਈ ਲੜਾਈ ਵਿਚ ਝੋਕ ਦਿੱਤੇ ਗਏ ਸਨ।

ਰੁਮਾਨੀਅਨਾਂ ਦੇ ਪਿਛਵਾੜੇ ਵਿਚ ਆਪਣੇ ਅਗਲੇ ਧਾਵੇ ਸਮੇਂ, “ਹੁਸਾਰ” ਸਰਕੜੇ ਵਿਚ ਆਪਣੀ ਕਿਸ਼ਤੀ ਦੇ ਨਾਲ ਪਿੱਛੇ ਹੀ ਅਟਕ ਗਿਆ ਤਾਂ ਜੋ ਭੱਜ ਕੇ ਆਪਣੀਆਂ ਸਫਾਂ ਵਿਚ ਪਹੁੰਚਣ ਦੇ ਇਕੋ-ਇਕ ਸਾਧਨ ਦੀ ਰਾਖੀ ਕਰ ਸਕੇ ਤੇ ਆਪਣੇ ਸਿਗਨਲਾਂ ਨਾਲ ਆਪਣੇ ਸਾਥੀਆਂ ਨੂੰ ਚੌਕਸ ਕਰ ਸਕੇ ਤੇ ਆਦੇਸ਼ ਦੇ ਸਕੇ। ਰਾਤ ਭਰ ਉਹਨਾਂ ਪਿਛਵਾੜੇ ਦੁਸ਼ਮਣ ਨੂੰ ਭਾਜੜ ਪਾਈ ਰੱਖੀ ਸੀ। ਜਾਸੂਸਾਂ ਨੇ ਦੋ ਮਸ਼ੀਨਗੰਨਾਂ ਚੁੱਪ ਕਰਾ ਦਿੱਤੀਆਂ ਸਨ ਤੇ ਇਕ ਝੁੱਗੀ ਉੱਡਾ ਦਿੱਤੀ ਸੀ ਜਿਸ ਵਿਚ ਰੁਮਾਨੀਅਨਾਂ ਦਾ ਹੈਡ-ਕੁਆਟਰ ਸੀ।ਅਤੇ ਵੱਡੇ ਤੜਕੇ ਉਹ ਕਿਸ਼ਤੀ ਵੱਲ, ਸਰਕੜੇ ਦੀ ਓਟ ਵੱਲ ਵਾਪਸ ਮੁੜ ਪਏ ਸਨ। ਉਹਨਾਂ ਦੇ ਦੋ ਸਾਥੀ ਮਾਰੇ ਗਏ ਸਨ ਅਤੇ ਇਕ ਨੂੰ ਉਹ ਚੁੱਕੀ ਲਈ ਆਉਂਦੇ ਸਨ ਜਿਸ ਨੂੰ ਧਮਾਕੇ ਵਾਲਾ ਗੋਲਾ ਲੱਗਣ ਨਾਲ ਚਿੱਤੜਾਂ ਉੱਤੇ ਜ਼ਖ਼ਮ ਹੋ ਗਿਆ ਸੀ। ਸਰਕੜੇ ਵਿਚ ਉਹ ਆਰਾਮ ਕਰਨ ਲੱਗ ਪਏ ਅਤੇ ਰਾਤ ਦੀਆਂ ਅਵਾਜ਼ਾਂ ਸੁਣਨ ਲੱਗੇ ਤਾਂ ਜੋ ਉਹਨਾਂ ਨੂੰ ਇਹ ਪਤਾ ਲੱਗ ਜਾਏ ਕਿ ਕਿਸ਼ਤੀ ਕਿਹੜੀ ਥਾਂ ਉਡੀਕ ਵਿਚ ਹੈ।

ਇਕ ਬੁਲਬੁਲ ਗਾ ਰਹੀ ਸੀ। ਸੀਟੀਆਂ ਵਜਾਉਂਦੀ ਸੀ ਤੇ ਚਹਿਕਦੀ ਸੀ ਪਰ ਉਹਦੀ ਅਵਾਜ਼ ਉੱਖੜ-ਉੱਖੜ ਜਾਂਦੀ ਸੀ ਤੇ ਵਿਚ-ਵਿਚ ਉਹ ਖਾਮੋਸ਼ ਹੋ ਜਾਂਦੀ ਸੀ। ਇਸ ਤੋਂ ਬਾਅਦ ਜਦੋਂ ਉਸ ਨੇ ਫੇਰ ਗਾਉਣਾ ਸ਼ੁਰੂ ਕੀਤਾ ਤਾਂ ਉਸ ਦੀ ਅਵਾਜ਼ ਵਿਚ ਐਸੀ ਮਾਯੂਸੀ ਤੇ ਤੌਖ਼ਲਾ ਸੀ ਕਿ ਜਲ-ਸੈਨਿਕ ਆਪਣੇ ਸਾਥੀ ਨੂੰ ਕਿਸੇ ਦੀ ਨਿਗਰਾਨੀ ਹੇਠ ਛੱਡ ਕੇ, ਅਵਾਜ਼ ਦੀ ਸੇਧ ਵੱਲ ਭੱਜ ਉੱਠੇ।

“ਹੁਸਾਰ” ਕਿਸ਼ਤੀ ਵਿਚ ਪਿੱਠ ਦੇ ਭਾਰ ਚੁਫਾਲ ਪਿਆ ਸੀ। ਹਨੇਰੇ ਵਿਚ ਉਸ ਦਾ ਚਿਹਰਾ ਨਜ਼ਰ ਨਹੀਂ ਸੀ ਆਉਂਦਾ, ਪਰ ਉਹਦੀ ਛਾਤੀ ਵਿਚੋਂ ਲਹੂ ਰਿਸ ਰਿਹਾ ਸੀ।ਉਸ ਦੀ ਟਾਮੀ-ਗੰਨ ਉਹਦੇ ਹੱਥੋਂ ਡਿੱਗ ਪਈ ਹੋਈ ਸੀ। ਕਾਰਤੂਸਾਂ ਦੀ ਪੇਟੀ ਖ਼ਾਲੀ ਹੋ ਗਈ ਸੀ। ਸਰਕੜੇ ਵਿਚ, ਇਹਨਾਂ ਜਾਸੂਸਾਂ ਨੂੰ ਰੁਮਾਨੀਅਨ ਸੈਨਿਕਾਂ ਦੀਆਂ ਲਾਸ਼ਾਂ ਨਾਲ ਠੇਡੇ ਲੱਗੇ ਸਨ ਜਿਨ੍ਹਾਂ ਨੂੰ ਇਸ ਕਿਸ਼ਤੀ ਦਾ ਪਤਾ ਲੱਗ ਗਿਆ ਹੋਵੇਗਾ ਅਤੇ ਇਥੇ ਅਸਾਵੀਂ ਲੜਾਈ ਲੜੀ ਗਈ ਸੀ।

“ਹੁਸਾਰ” ਨੇ ਆਪਣੇ ਆਸ-ਪਾਸ ਕਿਸੇ ਦੀ ਅਵਾਜ਼ ਨਹੀਂ ਪਛਾਣੀ। ਉਹ ਪਿੱਠ ਪਰਨੇ ਅਹਿਲ ਪਿਆ ਸੀ ਤੇ ਉਸ ਨੂੰ ਉਖੜਵਾਂ ਤੇ ਔਖਾ ਸਾਹ ਆ ਰਿਹਾ ਸੀ।ਉਸ ਨੇ ਫੇਰ ਹਿੰਮਤ ਜੁਟਾ ਕੇ, ਆਪਣੇ ਠੰਡੇ ਤੇ ਆਕੜਦੇ ਜਾਂਦੇ ਬੁੱਲ੍ਹਾਂ ਵਿਚੋਂ ਇਕ ਹਲਕੀ ਜਿਹੀ ਸੀਟੀ ਵਜਾਈ। ਉਹ ਨਾ ਵੇਖ ਰਿਹਾ ਸੀ ਤੇ ਨਾ ਹੀ ਉਹਨੂੰ ਪਤਾ ਸੀ ਕਿ ਜਿਹੜੇ ਬੰਦਿਆਂ ਨੂੰ ਉਹ ਬਚਾਓ ਦੇ ਸਿਗਨਲ ਦੇ ਰਿਹਾ ਸੀ, ਉਹ ਸਹੀ ਸਲਾਮਤ ਕਿਸ਼ਤੀ ਵਿਚ ਆ ਪਹੁੰਚੇ ਸਨ। ਇਸ ਲਈ ਉਹ ਸੀਟੀਆਂ ਵਜਾਈ ਜਾ ਰਿਹਾ ਸੀ।ਉਸ ਨੇ ਸੀਟੀਆਂ ਵਜਾਉਣੀਆਂ ਓਦੋਂ ਵੀ ਬੰਦ ਨਹੀਂ ਕੀਤੀਆਂ ਜਦੋਂ ਉਹ ਸਾਰੇ ਜਣੇ ਕਿਸ਼ਤੀ ਵਿਚ ਬਹਿ ਗਏ ਸਨ ਅਤੇ ਮਲਕੜੇ ਜਿਹੇ ਚੱਪੂ ਚੜ੍ਹਾ ਕੇ, ਹਨੇਰੇ ਤੇ ਖ਼ਾਮੋਸ਼ ਸਾਗਰ ਵਿਚ ਕਿਸ਼ਤੀ ਚਲਾ ਰਹੇ ਸਨ।

ਸਮੁੰਦਰ ਦੇ ਉੱਪਰ ਬੁਲਬੁਲ ਦੇ ਚਹਿਕਣ ਦੀ ਅਵਾਜ਼ ਸੁਣ ਰਹੀ ਸੀ ਜਿਹੜਾ ਜੰਗਲਾਂ ਬੇਲਿਆਂ ਦਾ ਪੰਛੀ ਹੈ।ਕਿਸ਼ਤੀ ਵਿਚ ਖ਼ਾਮੋਸ਼ੀ ਛਾਈ ਹੋਈ ਸੀ ਜਿਹੜੀ ਕਿਸੇ-ਕਿਸੇ ਵੇਲੇ ਉੱਚੇ ਲੰਮੇ ਜਹਾਜ਼ੀ ਦੇ ਉੱਚੀ-ਉੱਚੀ ਤੇ ਲੰਮੇ-ਲੰਮੇ ਹੌਕਿਆਂ ਨਾਲ ਟੁਟਦੀ ਸੀ ਜਿਹੜਾ “ਹੁਸਾਰ” ਦੇ ਨਾਲ ਲੰਮਾ ਪਿਆ ਹੋਇਆ ਸੀ।

“ਰੁਕ-ਰੁਕ ਕੇ, ਔਖੇ-ਔਖੇ ਸਾਹ ਲੈਂਦਾ ਹੋਇਆ ਵੀ “ਹੁਸਾਰ” ਸੀਟੀਆਂ ਵਜਾਈ ਜਾ ਰਿਹਾ ਸੀ, ਅਤੇ ਜਦੋਂ ਸਮੁੰਦਰ ਉੱਤੇ ਅਸਮਾਨ ਦਾ ਰੰਗ ਗੁਲਾਬੀ ਹੋ ਗਿਆ ਤਾਂ ਬੁਲਬੁਲ ਦਾ ਚਹਿਕਣਾ ਇਸ ਸੁਰੀਲੇ ਗੀਤ ਵਿਚ ਬਦਲ ਗਿਆ।

ਉਸ ਜਿਸਮ ਵਾਂਗ ਜਿਸ ਵਿਚੋਂ ਇਹ ਨਿਕਲਦੀ ਸੀ ਟੁੱਟੀ-ਟੁੱਟੀ ਤੇ ਲੀਰ-ਲੀਰ ਇਹ ਸੁਰੀਲੀ ਅਵਾਜ਼ ਪੀਲੇ ਪੈ ਗਏ ਸਮੁੰਦਰ ਉੱਤੇ ਥਿਰਕ ਰਹੀ ਸੀ ਤੇ ਇਸ ਨੂੰ ਸੁਣਦੇ ਜਲ-ਸੈਨਿਕ ਤੇਜ਼-ਤੇਜ਼ ਤੇ ਅੰਨ੍ਹੇ ਵਾਹ ਚੱਪੂ ਮਾਰਦੇ ਜਾ ਰਹੇ ਸਨ।

  • ਮੁੱਖ ਪੰਨਾ : ਲਿਓਨਿਦ ਸੋਬੋਲੇਵ ਦੀਆਂ ਰੂਸੀ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •