Chaanan De Beej (Punjabi Story) : Navtej Singh
ਚਾਨਣ ਦੇ ਬੀਜ (ਕਹਾਣੀ) : ਨਵਤੇਜ ਸਿੰਘ
ਜੇ ਦਿਲਰਾਜ ਕਦੇ ਇੰਜ ਲਿਖ ਦਏ: ‘ਤਿੱਖੜ ਦੁਪਹਿਰ ਵਿਚ ਚਮਕਦੀ ਧੁੱਪ ਉਹਨੂੰ ਚੰਨ-ਚਾਨਣੀ ਵਰਗੀ ਜਾਪੀ,’ ਤਾਂ ਪੜ੍ਹਨ ਵਾਲੇ ਹੱਸ ਪੈਣਗੇ। ਪਰ ਅੱਜ ਦੁਪਹਿਰੇ ਉਹਨੂੰ ਇਨ-ਬਿਨ ਇੰਜ ਹੀ ਲੱਗ ਰਿਹਾ ਸੀ—ਉਹਦੇ ਆਲੇ-ਦੁਆਲੇ ਟਿਕੀ ਹੋਈ ਚਾਨਣੀ ਰਾਤ ਵਾਂਗ ਚਾਨਣ ਪਸਰਿਆ ਹੋਇਆ ਹੈ, ਤੇ ਇਨ-ਬਿਨ ਚਾਨਣੀ ਰਾਤ ਵਰਗੀ ਹੀ ਇਕੱਲ; ਤੇ ਇੰਜ ਹੀ ਉਹਨੂੰ ਕੱਲ੍ਹ ਦੁਪਹਿਰੇ ਲੱਗਾ ਸੀ; ਪਰ ਕੱਲ੍ਹ ਤੋਂ ਪਹਿਲਾਂ ਕਦੇ ਵੀ ਉਮਰ ਭਰ ਇੰਜ ਨਹੀਂ ਸੀ ਲੱਗਾ।
ਕੱਲ੍ਹ ਦੁਪਹਿਰ ਦੀ ਤਾਂ ਹੋਰ ਗੱਲ ਸੀ! ਓਦੋਂ ਤਾਂ ਉਹ ਤੇ ਰਚਨਾ ਇਕੱਠੇ ਬੈਠੇ ਰਹੇ ਸਨ, ਉਹ ਦੋਵੇਂ ਤੇ ਜਾਪਿਆ ਸੀ ਇਕ ਦੁਨੀਆਂ। ਪਰ ਅੱਜ ਏਥੇ ਕਲਮਕੱਲਿਆਂ ਵੀ ਉਹਨੂੰ ਕੱਲ੍ਹ ਦੀ ਤਰ੍ਹਾਂ ਹੀ ਤਿੱਖੜ ਦੁਪਹਿਰਾ ਚੰਨ-ਚਾਨਣੀ ਵਰਗਾ ਲੱਗ ਰਿਹਾ ਸੀ।
ਤਿੰਨੇ ਦਿਨ ਲਗਾਤਾਰ ਦੁਪਹਿਰੀਂ ਉਹ ਤੇ ਰਚਨਾ ਮਿਲਦੇ ਰਹੇ ਸਨ। ਤੇ ਇਹ ਮਿਲਣੀਆਂ, ਦਿਲਰਾਜ ਨੂੰ ਜਾਪਦਾ ਸੀ, ਜਿਵੇਂ ਜ਼ਿੰਦਗੀ ਦੀਆਂ ਕਈ ਲੂਹਣੀਆਂ ਦੁਪਹਿਰਾਂ ਨੂੰ ਸੁਖਾਵੀਂ ਚੰਨ-ਚਾਨਣੀ ਛੁਹਾ ਗਈਆਂ ਸਨ।
ਉਹਨੂੰ ਅੱਜ ਵੀ ਗਰਮੀ ਪੋਹ ਨਹੀਂ ਸੀ ਰਹੀ। ਮੌਸਮ ਤੇ ਸਫ਼ਰ ਦੀ ਬੇ-ਆਰਾਮੀ ਨਹੀਂ, ਸਗੋਂ ਉਹਦੇ ਉੱਤੇ ਇਕ ਖੇੜਾ ਸੀ—ਜਿਵੇਂ ਉਹ ਹੁਣੇ-ਹੁਣੇ ਕੋਈ ਚੰਗੀ ਕਹਾਣੀ ਲਿਖ ਕੇ ਉੱਠਿਆ ਹੋਵੇ। ਦਿਲਰਾਜ ਨੇ ਪਿਛਲੇ ਦਿਨੀਂ ਕੋਈ ਕਹਾਣੀ ਨਹੀਂ ਸੀ ਲਿਖੀ, ਪਰ ਉਹ ਹੁਣੇ-ਹੁਣੇ ਬੜੀ ਸੁਹਣੀ ਕਹਾਣੀ ਜਿਊਂ ਕੇ ਆਇਆ ਸੀ।
ਤੇ ਕਿਹਾ ਸ਼ੁਰੂ ਸੀ ਇਸ ਕਹਾਣੀ ਦਾ! ਕਿਹੇ ਸ਼ਹਿਰ ਤੇ ਕਿਹੇ ਦਿਨ ਵਾਪਰੀ ਸੀ ਇਹ।—ਉਹ ਕੰਬ ਗਿਆ।
ਸ਼ਹਿਰ—ਜਿਹੜਾ ਪੰਜਾਬ ਦੀ ਰਾਜਧਾਨੀ ਹੈ, ਪਰ ਜਿਦ੍ਹੀ ਉਸਾਰੀ ਦੀ ਇਕ ਲਕੀਰ ਵੀ ਪੰਜਾਬੀ ਨਹੀਂ।
ਦਿਨ—ਜਿੱਦਨ ਇਸ ਸ਼ਹਿਰ ਦੇ ਆਰੀਆ ਸਮਾਜ ਦੇ ਮੰਦਰ ਵਿਚ ਬਾਰਾਂ ਸੰਨਿਆਸੀਆਂ ਨੇ ਸ਼ਰਧਾਲੂ ਭੀੜ ਦੇ ਸਾਹਮਣੇ ਇਕ ਹਵਨ-ਕੁੰਡ ਸਜਾਇਆ ਸੀ, ਸੁੱਚੇ ਘਿਓ ਨਾਲ ਲਾਟਾਂ ਬਾਲੀਆਂ ਸਨ, ਤੇ ਫੇਰ ਵੱਡੇ ਸਵਾਮੀ ਜੀ ਨੇ ਸਭਨਾਂ ਨੂੰ ਦਿਖਾ ਕੇ ਇਕ ਖੋਪਾ ਭੰਨਿਆ ਸੀ। ਇਸ ਖੋਪੇ ਦੇ ਇਕ ਪਾਸੇ ਇਕ ਸਿੱਖ ਦੀ ਤਸਵੀਰ, ਤੇ ਦੂਜੇ ਪਾਸੇ ਕਾਂਗਰਸੀ ਹਿੰਦੂ ਦੀ ਤਸਵੀਰ ਸੀ ਤੇ ਉੱਪਰ ਲਿਖਿਆ ਸੀ:
ਪੰਜਾਬੀ ਕੀ ਜਬਰੀ ਪੜ੍ਹਾਈ ਮੁਰਦਾਬਾਦ!
ਤੇ ਫੇਰ ਹਿੰਦੀ ਦੀ ਰੱਖਿਆ ਦੇ ਨਾਹਰਿਆਂ ਦੀ ਗੁੰਜਾਰ ਵਿਚ ਵੱਡੇ ਸਵਾਮੀ ਜੀ ਨੇ ਹਵਨ-ਕੁੰਡ ਵਿਚ ਏਸ ਖੋਪੇ ਦੀ ਅਹੂਤੀ ਦੇ ਦਿੱਤੀ ਸੀ। ਤੇ ਸੁੱਚੇ ਘਿਓ ਨਾਲ ਬਾਲੀਆਂ ਲਾਟਾਂ ਵਿਚ ਇਕ ਸਿੱਖ ਦੀ ਤਸਵੀਰ ਸੜਦੀ ਰਹੀ ਸੀ ਤੇ ਇਕ ਹਿੰਦੂ ਕਾਂਗਰਸੀ ਦੀ...
ਏਸ ਭੀੜ ਵਿਚ ਦਿਲਰਾਜ ਵੀ ਖਲੋਤਾ ਹੋਇਆ ਸੀ। ਤੇ ਕਈ ਨਜ਼ਰਾਂ ਉਹਦੇ ਵੱਲ ਉੱਠੀਆਂ ਸਨ ਤੇ ਇਨ੍ਹਾਂ ਨਜ਼ਰਾਂ ਦੇ ਨੇਜ਼ਿਆਂ ਨੇ ਉਹਨੂੰ ਕਿਹਾ ਸੀ: ਤੂੰ ਸਿੱਖ ਏਂ। ਦਿਨ—ਜਿੱਦਨ ਸਿੱਖਾਂ ਨੇ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਸਨ। ਕੁਝ ਸਿੱਖ ਅਖ਼ਬਾਰਾਂ ਵਿਚ ਵੱਡੀਆਂ-ਵੱਡੀਆਂ ਸੁਰਖ਼ੀਆਂ ਨਾਲ ਛਪਿਆ ਸੀ:
ਹਰਿਮੰਦਰ ਦੇ ਸਰੋਵਰ ਵਿਚ ਕੋਈ ਹਿੰਦੂ ਸਿਗਰਟ ਸੁੱਟ ਗਿਆ।
ਤੇ ਛਪਿਆ ਸੀ :
ਸੁੱਤੇ ਪਏ ਇਕ ਸਿੱਖ ਸੱਜਣ ਦੇ ਕੇਸ ਕੋਈ ਕਤਲ ਕਰ ਗਿਆ।
ਤੇ ਸਿੱਖ ਦੁਕਾਨਾਂ ਬੰਦ ਕਰਾਂਦਾ ਇੱਕ ਜਥਾ ਦਿਲਰਾਜ ਨਾਲ ਖਹਿਬੜ ਪਿਆ ਸੀ। ਜਥੇਦਾਰ ਨੇ ਦਿਲਰਾਜ ਵੱਲ ਤੱਕ ਕੇ ਘੂਰੀ ਵੱਟੀ ਸੀ, ਜਿਵੇਂ ਤਕਿਆ ਨਹੀਂ, ਫਿਟਕਾਰਿਆ ਹੋਵੇ: ਤੂੰ ਸਿੱਖ ਨਹੀਂ!
ਤੂੰ ਸਿੱਖ ਏਂ—ਤੂੰ ਸਿੱਖ ਨਹੀਂ... …ਬੜੀ ਦੇਰ ਹੋਈ ਜਦੋਂ ਉਹ ਲਾਹੌਰ ਹੁੰਦਾ ਸੀ, ਸਾਂਝੇ ਪੰਜਾਬ ਦੀ ਪਿਆਰੀ ਰਾਜਧਾਨੀ ਵਿਚ, ਤਾਂ ਉਹਨੂੰ ਇਕ ਵਾਰੀ ਇੰਜ ਹੀ ਮਹਿਸੂਸ ਹੋਇਆ ਸੀ। ਤੇ ਅੱਜ ਵੰਡੇ ਪੰਜਾਬ ਦੀ ਓਪਰੀ ਰਾਜਧਾਨੀ ਵਿਚ, ਦਸ ਵਰ੍ਹਿਆਂ ਮਗਰੋਂ, ਫਿਰ ਉਹਨੂੰ ਕੁਝ ਭਰਾਵਾਂ ਦੀਆਂ ਨਜ਼ਰਾਂ ਦੇ ਨੇਜ਼ਿਆਂ ਨੇ ਕਿਹਾ ਸੀ: ਤੂੰ ਸਿੱਖ ਏਂ। ਤੇ ਕੁਝ ਭਰਾਵਾਂ ਦੀਆਂ ਅੱਖਾਂ ਨੇ ਫਿਟਕਾਰਿਆ ਸੀ: ਤੂੰ ਸਿੱਖ ਨਹੀਂ!
ਤੇ ਅਗਲੇ ਮੋੜ ਉੱਤੇ ਇਕ ਕੁੜੀ ਉਹਦੇ ਵੱਲ ਆਈ।
“ਤੁਸੀਂ ਦਿਲਰਾਜ ਜੀ... ...!”
“ਜੀ।”
“ਮੈਂ ਰਚਨਾ।”
ਦਿਲਰਾਜ ਦੇ ਚਿਹਰੇ ਉੱਤੇ ਪਛਾਣ ਦੀ ਸੋਝੀ ਉਘੜਨ ਲੱਗੀ।
“ਰਚਨਾ ਨਹੀਂ, ਪਰ ਰਚੀ ਦਾ ਸ਼ੈਦ ਤੁਹਾਨੂੰ ਚੇਤਾ ਹੋਵੇ। ਦਸ ਵਰ੍ਹੇ ਹੋਏ, ਮੇਰੇ ਪਿਤਾ ਜੀ ਨੂੰ ਲਾਹੌਰ ਛੁਰਾ ਵੱਜਿਆ ਸੀ। ਓਦੋਂ ਕੁਝ ਦਿਨ ਮੈਂ ਤੁਹਾਡੇ ਘਰ ਰਹੀ ਸਾਂ—ਮੈਂ ਯਾਰਾਂ ਕੁ ਵਰ੍ਹਿਆਂ ਦੀ ਸਾਂ। ਤੁਸੀਂ ਮੈਨੂੰ ਰਚੀ ਕਹਿੰਦੇ ਹੁੰਦੇ ਸੋ।”
ਤੇ ਦਿਲਰਾਜ ਨੇ ਅਚੇਤ ਹੀ ਉਹਦੀਆਂ ਅੱਖਾਂ ਵੱਲ ਤਕਿਆ। ਅੱਖਾਂ ਉਹੀ ਸਨ, ਜਵਾਨੀ ਨੇ ਜਿਸਮ ਤੇ ਮੂੰਹ-ਮੱਥਾ ਵਟਾ ਦਿੱਤਾ ਸੀ, ਪਰ ਅੱਖਾਂ ਉਹੀ ਸਨ।
“ਰਚੀ ... ਤੂੰ ਏਥੇ ਕਿੱਥੇ?”
“ਚੇਤੇ ਜੇ, ਇਕ ਵਾਰ ਸੈਰ ਕਰਦਿਆਂ ਤੁਸੀਂ ਮੇਰਾ ਹੱਥ ਤੱਕਿਆ ਸੀ,” ਤੇ ਇਕੀ ਵਰ੍ਹਿਆਂ ਦੀ ਰਚਨਾ ਦੀਆਂ ਗੱਲ੍ਹਾਂ ਉੱਤੇ ਚਾਣਚੱਕ ਦਸ ਵਰ੍ਹਿਆਂ ਪਿੱਛੋਂ ਜਿਵੇਂ ਹੁਣ ਸੰਗ ਦੀ ਸੂਹੀ ਭਾਅ ਖਿੰਡ ਗਈ ਹੋਵੇ, “ਤੇ ਤੁਸੀਂ ਕਿਹਾ ਸੀ, ‘ਰਚੀਏ, ਤੂੰ ਇਕ ਦਿਨ ਅਧਿਆਪਕਾ ਬਣੇਂਗੀ’—ਸੋ ਮੈਂ ਤੁਹਾਡੀ ਪੇਸ਼ੀਨਗੋਈ ਸੱਚ ਕਰ ਰਹੀ ਹਾਂ। ਏਥੇ ਅੱਜ-ਕੱਲ੍ਹ ਬੀ.ਟੀ. ਦਾ ਇਮਤਿਹਾਨ ਦੇ ਰਹੀ ਹਾਂ।”
ਅੱਖਾਂ ਉਹੀ ਸਨ, ਰਚੀ ਦੀਆਂ ਅੱਖਾਂ।
ਤੇ ਰਚਨਾ ਨੇ ਅੱਖਾਂ ਨੀਵੀਆਂ ਕਰ ਲਈਆਂ। (ਰਚਨਾ ਨੂੰ ਚੇਤੇ ਆ ਗਿਆ ਸੀ, ਦਿਲਰਾਜ ਜੀ ਯਾਰਾਂ ਵਰ੍ਹਿਆਂ ਦੀ ਰਚੀ ਦੀਆਂ ਅੱਖਾਂ ਬਾਰੇ ਕਈ ਕੁਝ ਬੜਾ ਸੁਹਣਾ ਕਹਿੰਦੇ ਹੁੰਦੇ ਸਨ—ਤੇ ਹੁਣ ਸ਼ਾਇਦ ਉਹ ਇਹ ਆਖ ਨਾ ਸਕਣ!)
ਤੇ ਦਿਲਰਾਜ ਚੁੱਪ ਖੜੋਤਾ ਰਿਹਾ, (ਇਕ ਆਪਣੀ ਉਮਰੋਂ ਵੱਧ ਸਿਆਣੀ ਬੱਚੀ ਦੀ ਕਾਪੀ ਸੀ, ਵਿਚ ਕੁਝ ਲੁਕੇ ਹੋਏ ਪੱਤੇ ਸਨ, ਫੁੱਲ ਸਨ, ਤਿਤਲੀਆਂ ਦੇ ਖੰਭ ਸਨ, ਭਗਤ ਸਿੰਘ, ਟੈਗੋਰ ਤੇ ਨਹਿਰੂ ਦੀਆਂ ਮੂਰਤਾਂ ਸਨ, ਸਹੇਲੀਆਂ ਦੇ ਪਿਆਰ-ਸੁਨੇਹੇ ਸਨ— ਤੇ ਏਸ ਕਾਪੀ ਵਿਚ ਦਿਲਰਾਜ ਨੇ ਰਚੀ ਨੂੰ ਲਿਖ ਕੇ ਦਿੱਤਾ ਸੀ: ‘ਰਚੀਏ, ਤੇਰੀਆਂ ਅੱਖਾਂ ਵਿਚ ਚਾਨਣ ਦੇ ਬੀਜ ਨੇ’।)
“ਤੇ ਤੂੰ ਮੈਨੂੰ ਕਿਵੇਂ ਪਛਾਣ ਲਿਆ?” ਜਦੋਂ ਰਚਨਾ ਦੇ ਪਿਤਾ ਪੰਡਤ ਸ਼ਾਂਤੀ ਸਰੂਪ ਜੀ ਨੂੰ ਫ਼ਸਾਦਾਂ ਦੇ ਦਿਨੀਂ ਸੁਲਾਹ-ਸਫ਼ਾਈ ਕਰਾਂਦਿਆਂ ਛੁਰਾ ਵੱਜਾ ਸੀ, ਤੇ ਰਚੀ ਉਨ੍ਹਾਂ ਦੇ ਘਰ ਆ ਕੇ ਰਹੀ ਸੀ, ਓਦੋਂ ਦਿਲਰਾਜ ਪੰਝੀਆਂ ਵਰ੍ਹਿਆਂ ਦਾ ਹੁੰਦਾ ਸੀ।
“ਮੈਂ ਤੁਹਾਡੀ ਹਰ ਕਹਾਣੀ ਦਾ ਅੱਖਰ-ਅੱਖਰ ਪੜ੍ਹਦੀ ਰਹੀ ਆਂ। ਜਿਥੇ ਵੀ ਤੁਹਾਡੀ ਮੂਰਤ ਛਪੀ ਏ—ਮੈਂ ਕੱਟ ਕੇ ਸਾਂਭਦੀ ਰਹੀ ਆਂ।”
ਤੇ ਉਹ ਤੁਰਦੇ-ਤੁਰਦੇ ਇਕ ਪਾਰਕ ਵਿਚ ਪੁੱਜ ਗਏ।
“ਤੇ ਜੋ ਮੈਂ ਓਦੋਂ ਪੁਲ ਉੱਤੇ ਕਿਹਾ ਸੀ, ‘ਫੇਰ ਜਦੋਂ ਤੁਸੀਂ ਮੈਨੂੰ ਮਿਲੋਗੇ ਮੈਂ ਹੀ ਤੁਹਾਨੂੰ ਪਛਾਣਾਂਗੀ, ਤੁਸੀਂ ਰਚੀ ਨੂੰ ਭੁੱਲ ਜਾਓਗੇ’—ਉਹ ਵੀ ਸੱਚ ਈ ਨਿਕਲਿਆ ਨਾ।” ਅੰਬਾਂ ਦੇ ਇਕ ਬ੍ਰਿਛ ਥੱਲੇ ਬਹਿੰਦਿਆਂ ਰਚਨਾ ਨੇ ਦਿਲਰਾਜ ਨੂੰ ਕਿਹਾ।
(ਰੇਲ ਦੀ ਪਟੜੀ ਪਾਰ ਕਰਨ ਲਈ ਇਕ ਪੌੜੀਆਂ ਵਾਲਾ ਪੁਲ ਸੀ। ਦਿਲਰਾਜ ਤੇ ਰਚੀ ਸ਼ਾਮ ਵੇਲੇ ਉਹਦੇ ਨੇੜਿਓਂ ਲੰਘ ਰਹੇ ਸਨ। ਗੱਡੀ ਦੀ ਕੂਕ ਸੁਣਾਈ ਦਿੱਤੀ ਸੀ। ਟੁਪ ਟੁਪ ਕਰਦੀ ਰਚੀ, ਦਿਲਰਾਜ ਨੂੰ ਨਾਲ ਲੈ ਕੇ ਪੁਲ ਉੱਤੇ ਚੜ੍ਹਨ ਲੱਗ ਪਈ ਸੀ। ਦਿਲਰਾਜ ਨੇ ਕਿਹਾ ਸੀ, “ਅਸੀਂ ਪਾਰ ਕੀ ਕਰਨ ਜਾਣਾ ਏਂ ਰਚੀਏ।” ਪਰ ਉਹ ਬਾਲੜੇ ਹੱਥਾਂ ਨਾਲ ਉਹਨੂੰ ਬਾਹੋਂ ਖਿੱਚਦੀ ਅੈਨ ਪੁਲ ਦੇ ਉੱਤੇ ਲੈ ਗਈ ਸੀ। ਰੇਲਾਂ ਦੀ ਦੂਰ ਤਕ ਖਿਲਰੀ ਇਕ ਬੁਣਤੀ ਸੀ, ਇੰਜਨਾਂ ਵਿਚੋਂ ਉੱਠਦੇ ਬੱਦਲ ਸਨ, ਸਾਵੀਆਂ ਪੀਲੀਆਂ ਲਾਲ ਬੱਤੀਆਂ ਦੇ ਤਾਰੇ ਸਨ। ਗੱਡੀ ਲੰਘੀ, ਪੁਲ ਦੇ ਉੱਤੇ ਰਚੀ ਨੇ ਅੱਖਾਂ ਮੀਟ ਲਈਆਂ, ਦਿਲਰਾਜ ਦੀ ਬਾਂਹ ਹੋਰ ਘੁਟੀ ਗਈ। “ਜਦੋਂ ਕਿਸੇ ਪੁਲ ਦੇ ਥੱਲਿਓਂ ਗੱਡੀ ਲੰਘਦੀ ਹੋਵੇ, ਓਦੋਂ ਉੱਤੇ ਖੜ ਕੇ ਜੋ ਵੀ ਚਾਹੀਏ, ਉਹ ਚਾਹ ਪੂਰੀ ਹੋ ਜਾਂਦੀ ਏ,” ਰਚੀ ਨੇ ਗੱਡੀ ਲੰਘ ਜਾਣ ਪਿੱਛੋਂ ਦਿਲਰਾਜ ਨੂੰ ਕਿਹਾ ਸੀ, ਤੇ ਉਹਨੇ ਦੱਸਿਆ ਸੀ ਕਿ ਉਹਨੇ ਹੁਣੇ ਅੱਖਾਂ ਮੀਟ ਕੇ ਚਾਹਿਆ ਸੀ, “ਜਦੋਂ ਮੈਂ ਵੱਡੀ ਹੋ ਜਾਵਾਂ ਤੇ ਏਨਾ ਕੁਝ ਪੜ੍ਹ ਲਵਾਂ ਜਿੰਨਾ ਤੁਸੀਂ ਪੜ੍ਹਿਆ ਹੈ—ਤਾਂ ਮੈਂ ਇੱਕ ਵਾਰ ਤੁਹਾਨੂੰ ਜ਼ਰੂਰ ਮਿਲਾਂ।” ਤੇ ਫੇਰ ਟੁਪ ਟੁਪ ਕਰਦਿਆਂ ਪੁਲੋਂ ਉਤਰਦਿਆਂ ਰਚੀ ਨੇ ਕਿਹਾ ਸੀ, “ਅਸੀਂ ਜ਼ਰੂਰ ਮਿਲਾਂਗੇ, ਪਰ ਓਦੋਂ ਤੁਸੀਂ ਮੈਨੂੰ ਸਿਹਾਣਨਾ ਨਹੀਂ। ਮੈਂ ਹੀ ਤੁਹਾਨੂੰ ਪਛਾਣਾਂਗੀ। ਓਦੋਂ ਮੈਂ ਭਾਬੀ ਜੀ ਜਿੱਡੀ ਹੋਵਾਂਗੀ ਤੇ ਫ਼ਰਾਕ ਨਹੀਂ ਪਾਵਾਂਗੀ, ਉਨ੍ਹਾਂ ਵਾਂਗ ਹੀ ਸਾੜ੍ਹੀ ਪਾਵਾਂਗੀ।”)
“ਤੇ ਤੂੰ ਸਾੜ੍ਹੀ ਪਾਣੀ ਨਹੀਂ ਸ਼ੁਰੂ ਕੀਤੀ?”
“ਤਾਂ ਤੁਹਾਨੂੰ ਚੇਤੇ ਵੇ!”
ਦਿਲਰਾਜ ਨੇ ਰਚਨਾ ਦੀਆਂ ਸੁਖ-ਛਲਕਾਂਦੀਆਂ ਅੱਖਾਂ ਵਿਚ ਇੱਕ ਡੂੰਘੀ ਨਜ਼ਰ ਭਰੀ।
ਰਚਨਾ ਨੇ ਆਪਣੀਆਂ ਅੱਖਾਂ ਨੀਵੀਆਂ ਪਾ ਲਈਆਂ।
(ਰਚਨਾ ਨੂੰ ਚੇਤੇ ਆਇਆ ਓਦੋਂ ਦਿਲਰਾਜ ਜੀ ਨੇ ਕਿਹਾ ਸੀ, “ਤੂੰ ਵੱਡੀ ਹੋ ਜਾਏਂਗੀ। ਤੇਰਾ ਵੇਸ, ਤੇਰਾ ਕਦ ਬੁਤ, ਤੇਰਾ ਮੂੰਹ ਮੱਥਾ ਵਟ ਜਾਏਗਾ; ਪਰ ਤੇਰੀਆਂ ਅੱਖਾਂ ਇਹੀ ਰਹਿਣਗੀਆਂ—ਤੇ ਇਹਨਾਂ ਨੂੰ ਮੈਂ ਸੈਆਂ ਅੱਖਾਂ ਵਿਚੋਂ ਵੀ ਸਿਹਾਣ ਸਕਦਾ ਹਾਂ।”)
ਤੇ ਰਚਨਾ ਨੇ ਅੱਖਾਂ ਉੱਚੀਆਂ ਕਰ ਲਈਆਂ।
“ਤਾਂ ਤੁਹਾਨੂੰ ਚੇਤੇ ਵੇ!”
ਰਚਨਾ ਦੀਆਂ ਅੱਖਾਂ ਵਿਚ ਅਸਮਾਨ ਜਿਵੇਂ ਉਤਰ ਆਇਆ।
ਫੇਰ ਉਹ ਦੂਜੀ ਦੁਪਹਿਰ ਨੂੰ ਓਸੇ ਪਾਰਕ ਵਿਚ ਮਿਲੇ। ਸਵੇਰੇ ਰਚਨਾ ਦਾ ਇਮਤਿਹਾਨ ਸੀ, ਸ਼ਾਮੀਂ ਉਹਨੇ ਪਰਸੋਂ ਦੇ ਇਮਤਿਹਾਨ ਲਈ ਚਾਰਟ ਬਣਵਾਨ ਜਾਣਾ ਸੀ।
“ਤੁਹਾਡੀ ਐਤਕੀਂ ਛਪੀ ਕਹਾਣੀ ਮੈਨੂੰ ਬੜੀ ਪਿਆਰੀ ਲੱਗੀ ਏ।”
“ਕਿਹੜੀ?”
“ਪੁੱਛਦੇ ਤਾਂ ਇੰਜ ਓ ਜਿਵੇਂ ਹਰ ਮਹੀਨੇ ਕਿੰਨੀਆਂ ਈ ਕਹਾਣੀਆਂ ਲਿਖ ਛੱਡਦੇ ਹੋਵੋ! ਤੁਹਾਡੀ ਤਾਂ ਨਵੀਂ ਕਹਾਣੀ ਨੂੰ ਸਹਿਕ ਜਾਈਦਾ ਏ!”
“ਸੱਚੀਂ—ਕੋਈ ਮੇਰੀਆਂ ਕਹਾਣੀਆਂ ਨੂੰ ਵੀ ਸਹਿਕਦਾ ਏ!”
ਜਿਸ ਕਹਾਣੀ ਦੀ ਰਚਨਾ ਗੱਲ ਕਰ ਰਹੀ ਸੀ, ਉਹ ਦਿਲਰਾਜ ਨੇ ਇਕ ਅਜਿਹੇ ਲੇਖਕ ਬਾਰੇ ਲਿਖੀ ਸੀ ਜਿਦ੍ਹੀਆਂ ਕਹਾਣੀਆਂ ਭਾਵੇਂ ਬੜੇ ਚਾਅ ਨਾਲ ਅਨੇਕਾਂ ਬੋਲੀਆਂ ਵਿਚ ਪੜ੍ਹੀਆਂ ਜਾਂਦੀਆਂ ਸਨ, ਪਰ ਉਹ ਲੇਖਕ ਲੋਚਦਾ ਰਹਿੰਦਾ ਸੀ, ਉਹ ਇਕ ਕੁੜੀ ਵੀ ਕਦੇ ਉਹਦੀ ਕਿਸੇ ਕਹਾਣੀ ਦਾ ਹੁੰਗਾਰਾ ਭਰੇ, ਉਹ ਇਕ ਕੁੜੀ ਜੋ ਉਹਦੀ ਜਿੰਦ ਨਾਲੋਂ ਇੰਜ ਬੇਰਹਿਮੀ ਨਾਲ ਤੋੜੀ ਵਿਛੋੜੀ ਗਈ ਸੀ, ਪਰ ਜਿਹੜੀ ਉਹਦੀ ਕਹਾਣੀ ਦੀ ਰੂਹ ਵਿਚ ਇੰਜ ਰਚ-ਮਿਚ ਚੁਕੀ ਸੀ।
“ਲੈ, ਮੈਂ ਤੇ ਕਈਆਂ ਨੂੰ ਜਾਣਦੀ ਆਂ, ਜਿਹੜੇ ਤੁਹਾਡੀ ਨਵੀਂ ਕਹਾਣੀ ਨੂੰ ਸਹਿਕਦੇ ਰਹਿੰਦੇ ਨੇ। ਪਿੱਛੇ ਜਹੇ ਮੈਂ ਤੁਹਾਨੂੰ ਖ਼ਤ ਲਿਖਣ ਲੱਗੀ ਸਾਂ—“ਹਰ ਮਹੀਨੇ ਤੁਸੀਂ ਇਕ ਕਹਾਣੀ ਜ਼ਰੂਰ ਲਿਖਿਆ ਕਰੋ। ਖ਼ਤ ਤੋਂ ਤਾਂ ਤੁਸਾਂ ਮੈਨੂੰ ਉੱਕਾ ਨਹੀਂ ਸੀ ਸਿਹਾਣਨਾ! ਪਰ ਹੁਣ ਮੈਂ ਕਹਿੰਦੀ ਜੇ, ਹਰ ਮਹੀਨੇ ਤੁਸੀਂ ਘੱਟੋ-ਘੱਟ ਇਕ ਕਹਾਣੀ ਜ਼ਰੂਰ ਲਿਖਿਆ ਕਰੋ, ਨਹੀਂ ਤੇ... …”
“ਨਹੀਂ ਤੇ..?”
“ਨਹੀਂ ਤੇ—ਮੈਂ ਤੁਹਾਡੇ ਨਾਲ ਰੁੱਸ ਜਾਵਾਂਗੀ।” ਕੁਝ ਅਟਕ ਕੇ ਫੇਰ ਉਹਨੇ ਸਰੂਰ ਜਿਹੇ ਵਿਚ ਕਿਹਾ, “ਐਤਕੀਂ ਵਾਲੀ ਕਹਾਣੀ ਮੈਂ ਕਿੰਨੀ ਵਾਰ ਈ ਪੜ੍ਹੀ ਏ, ਤੇ ਕਿੰਨੀ ਈ ਵਾਰ ਦੂਜਿਆਂ ਨੂੰ ਪੜ੍ਹ ਕੇ ਸੁਣਾਈ ਏ। ਸੱਚੀ, ਬੜੀਓ ਈ ਪਿਆਰੀ ਕਹਾਣੀ ਏ!”
“ਇਹ ਕਹਾਣੀ ਤੈਨੂੰ ਪਿਆਰੀ ਲੱਗੀ ਏ,—ਪਰ ਮੈਂ ਇਹ ਕਹਾਣੀ ਜਿਊਂਦਾ ਹਾਂ। ਇਹ ਕਹਾਣੀ ਜਿਊਣੀ ਬੜੀ ਔਖੀ ਏ।”
ਤੇ ਰਚਨਾ ਓਸ ਕਹਾਣੀ ਵਿਚਲੀ ਕੁੜੀ ਬਾਰੇ ਹੌਲੀ-ਹੌਲੀ ਦਿਲਰਾਜ ਨੂੰ ਪੁੱਛਣ ਲੱਗੀ। ਤੇ ਦਿਲਰਾਜ ਦੱਸਦਾ ਰਿਹਾ। ਉਹ ਰਚਨਾ ਬਣ ਚੁਕੀ ਰਚੀ ਨਾਲ ਆਪਣੀ ਜ਼ਿੰਦਗੀ ਦਾ ਦਰਦ ਸਾਂਝਿਆਂ ਕਰਦਾ ਰਿਹਾ। ਇਹ ਦਰਦ ਓਦੋਂ ਵੀ ਹੁੰਦਾ ਸੀ, ਜਦੋਂ ਰਚੀ ਉਹਦੇ ਕੋਲ ਲਾਹੌਰ ਦੇ ਓਸ ਪੁਲ ਉੱਤੇ ਖੜੋਤੀ ਸੀ। ਪਰ ਇਹ ਦਰਦ ਰਚੀ, ਰਚਨਾ ਬਣ ਕੇ ਹੀ ਸਮਝ ਸਕਦੀ ਸੀ।
(ਤੇ ਰਚੀ ਦੀਆਂ ਬਾਲੜੀਆਂ ਅੱਖਾਂ ਕਿੰਨੀਆਂ ਰਲਦੀਆਂ ਹੁੰਦੀਆਂ ਸਨ, ਏਸ ਕਹਾਣੀ ਵਿਚਲੀ ਕੁੜੀ ਦੀਆਂ ਅੱਖਾਂ ਨਾਲ। ਤੇ ਰਚਨਾ ਦੀਆਂ ਜਵਾਨ ਅੱਖਾਂ ਇਨ-ਬਿਨ ਓਸ ਕੁੜੀ ਦੀਆਂ ਸਨ। ਓਸ ਕੁੜੀ ਦੀਆਂ ਅੱਖਾਂ ਨੇ ਉਹਦੀ ਕਿਸੇ ਕਹਾਣੀ ਦਾ ਹੁੰਗਾਰਾ ਨਹੀਂ ਸੀ ਭਰਿਆ ਤੇ ਉਨ੍ਹਾਂ ਅੱਖਾਂ ਨਾਲ ਰਲਦੀਆਂ ਅੱਖਾਂ ਦੇ ਹੁੰਗਾਰੇ ਨੇ ਅੱਜ ਉਹਦੇ ਅੰਦਰਲੇ ਖੱਪੇ ਨੂੰ ਹੋਰ ਡੂੰਘਿਆਂ ਕਰ ਦਿੱਤਾ ਸੀ।)
ਤੇ ਦਿਲਰਾਜ ਰਚਨਾ ਨੂੰ ਦੱਸਦਾ ਗਿਆ—ਉਹਨੇ ਕਈ ਦੇਸ਼ ਗਾਹੇ ਸਨ, ਉਹਨੇ ਆਪਣੇ ਖੰਭਾਂ ਵਿਚ ਇਹ ਦਰਦ ਵਲ੍ਹੇਟ ਕੇ ਕਈ ਅਸਮਾਨ ਉੱਡੇ ਸਨ, ਉਹਨੇ ਆਪਣੀ ਹਿੱਕ ਵਿਚ ਇਹ ਦਰਦ ਸਾਂਭ ਕੇ ਕਈ ਸਮੁੰਦਰ ਚੀਰੇ ਸਨ; ਤੇ ਮਨੁੱਖੀ-ਮੇਲਾਂ ਦੀ ਉਜਲੀ ਸ਼ਾਹਰਾਹ ਉੱਤੇ ਜਦੋਂ ਵੀ ਕਿਸੇ ਅੰਦਰ ਉਹਦੇ ਲਈ ਪਿਆਰ ਜਾਗਿਆ ਸੀ, ਤਾਂ ਉਹਨੂੰ ਏਸੇ ਕਹਾਣੀ ਵਿਚਲੀ ਕੁੜੀ ਦਾ ਝਾਉਲਾ ਪਿਆ ਸੀ। ਜਿਸ ਵੀ ਕਿਸੇ ਨੂੰ ਕਦੇ ਉਹਨੇ ਕੋਈ ਕਹਾਣੀ ਸੁਣਾਈ ਸੀ, ਨਾਲ ਹੀ ਉਹਨੇ ਉਸ ਕੁੜੀ ਨੂੰ ਵੀ ਸੁਣਾਨੀ ਚਾਹੀ ਸੀ। ਜਿਥੇ ਵੀ ਕਿਤੇ ਲੋਕਾਂ ਨੇ ਉਹਨੂੰ ਉੱਚਿਆਂ ਚੁੱਕਿਆ ਸੀ, ਉਹਨੇ ਉਸ ਕਹਾਣੀ ਵਿਚਲੀ ਕੁੜੀ ਦੀਆਂ ਅੱਖਾਂ ਨੂੰ ਛੁਹਣਾ ਲੋਚਿਆ ਸੀ। ਜਿਥੇ ਵੀ ਕਿਤੇ ਕਿਸੇ ਨੇ ਉਹਨੂੰ ਨੀਵਿਆਂ ਸੁੱਟਿਆ ਸੀ, ਉਹਨੇ ਉਸ ਕੁੜੀ ਦੇ ਕਦਮਾਂ ਵਿਚ ਆਸਰਾ ਲੈਣਾ ਚਾਹਿਆ ਸੀ।
ਰਚਨਾ ਉਸ ਕਹਾਣੀ ਦੀ ਕੁੜੀ ਨੂੰ ਕਲਪਨਾ ਹੀ ਕਲਪਨਾ ਵਿਚ ਤਕ ਰਹੀ ਸੀ— ਤੇ ਉਹ ਕੁੜੀ ਇੰਜ ਇਕਦਮ ਚੁੱਪ ਕਿਉਂ ਬੈਠੀ ਸੀ? ਉਹ ਏਨੀਆਂ ਸੁਹਣੀਆਂ ਕਹਾਣੀਆਂ ਦਾ ਹੁੰਗਾਰਾ ਕਿਉਂ ਨਹੀਂ ਸੀ ਭਰਦੀ, ਆਖ਼ਰ ਕਿਉਂ ਨਹੀਂ ਸੀ ਭਰਦੀ? ਤੇ ਫੇਰ ਰਚਨਾ ਦੇ ਇਸਤ੍ਰੀ-ਦਿਲ ਨੇ ਮਹਿਸੂਸ ਕੀਤਾ: ਉਹ ਕੁੜੀ ਮਜਬੂਰ ਸੀ, ਉਹਦੇ ਹੁੰਗਾਰੇ ਕੈਦ ਸਨ।
ਦਿਲਰਾਜ ਚੁੱਪ ਕਰ ਗਿਆ। ਅਜਿਹੀ ਕਹਾਣੀ ਲਿਖਣੀ ਸੌਖੀ ਸੀ, ਪਰ ਜਿਊਣੀ ਕਿੰਨੀ ਔਖੀ ਸੀ, ਕਿੰਨੀ ਹੀ…
ਤੇ ਫੇਰ ਜਿਵੇਂ ਇਹਨਾਂ ਚੀਸਾਂ ਦੀ ਸੁਰੰਗ ਨੂੰ ਪਾਰ ਕਰ ਕੇ ਚਾਨਣਿਆਂ ਦੀ ਵਾਦੀ ਵਿਚ ਪੁੱਜਣਾ ਹੋਵੇ, ਰਚਨਾ ਨੇ ਦਿਲਰਾਜ ਦੀਆਂ ਦੂਜੀਆਂ ਕਹਾਣੀਆਂ ਦੀ ਗੱਲ ਛੁਹ ਲਈ— ਕੈਦੀ ਹੁੰਗਾਰਿਆਂ ਦੀਆਂ ਨਹੀਂ, ਆਜ਼ਾਦੀ ਲਈ ਜੂਝਦੀਆਂ ਕਹਾਣੀਆਂ, ਕਹਾਣੀਆਂ ਜਿਹੜੀਆਂ ਮਨੁੱਖ-ਮੋਹੇ ਝੰਡੇ ਲਹਿਰਾਂਦੀਆਂ ਹਨ।
ਬੜੇ ਡੂੰਘੇ ਸ਼ੁਕਰਾਨੇ ਵਜੋਂ ਦਿਲਰਾਜ ਦਾ ਸਿਰ ਰਚਨਾ ਅੱਗੇ ਝੁਕ ਗਿਆ।
ਵਿਛੜਦਿਆਂ ਦਿਲਰਾਜ ਨੇ ਰਚਨਾ ਦੀਆਂ ਅੱਖਾਂ ਵਿਚ ਤਕਿਆ, “ਰਚੀ …ਰਚਨਾ…ਅੱਖਾਂ ਤਕ ਕੇ ਮੈਨੂੰ ਤੁਰਕਮੇਨੀਆਂ ਦਾ ਇੱਕ ਗੀਤ ਯਾਦ ਆ ਗਿਆ ਏ।”
ਅੱਖਾਂ ਉੱਚੀਆਂ ਹੋਈਆਂ, ਅੱਖਾਂ ਨੇ ਗੀਤ ਦੇ ਬੋਲ ਪੁੱਛੇ। ਪਰ ਗੱਲ੍ਹਾਂ ਉੱਤੇ ਸੰਗ ਦੀ ਸੂਹੀ ਭਾਅ ਖਿੰਡ ਗਈ, ਤੇ ਭਾਵੇਂ ਉਹਨਾਂ ਦੋਵਾਂ ਵਿਚਾਲੇ ਵਿਥ ਸੀ, ਪਰ ਇਹ ਸੂਹੀ ਭਾਅ ਇਕ ਦੀ ਗੱਲ੍ਹ ਉਤੋਂ ਖਿੰਡਦੀ-ਖਿੰਡਦੀ ਦੂਜੇ ਦੀ ਗੱਲ੍ਹ ਤੱਕ ਪੁੱਜ ਗਈ, ਤੇ ਪੁੱਜਦੀ ਰਹੀ...
“ਲੋਕੀਂ ਆਖਦੇ ਨੇ,
ਅੱਖਾਂ ਰੂਹ ਦੀ ਤਸਵੀਰ ਹੁੰਦੀਆਂ ਨੇ।
ਮੈਂ ਤੇਰੀਆਂ ਅੱਖਾਂ ਤਕੀਆਂ ਨੇ,
ਤੇ ਸੋਚਦਾ ਹਾਂ ਤੇਰੀ ਰੂਹ ਕਿੰਨੀ ਸੁਹਣੀ ਹੋਏਗੀ!”
ਤੇ ਅਗਲੀ ਦੁਪਹਿਰੇ ਓਸੇ ਪਾਰਕ ਵਿਚ ਦਿਲਰਾਜ ਨੂੰ ਕਾਫ਼ੀ ਉਡੀਕਣਾ ਪਿਆ। ਅਖ਼ੀਰ ਜਦੋਂ ਰਚਨਾ ਕੁਝ ਪਛੜ ਕੇ ਓਥੇ ਪੁੱਜੀ ਤਾਂ ਉਹ ਕੁਝ ਰੋਹ ਜਿਹੇ ਵਿਚ ਸੀ, ਜਿਵੇਂ ਰਾਹ ਵਿਚ ਉਹਨੂੰ ਕਿਸੇ ਛੇੜਿਆ ਹੋਵੇ।
“ਦਿਲਰਾਜ ਜੀ, ਅੱਜ ਮੈਂ ਆਪਣੀ ਚੋਣ ਬਦਲ ਲਈ ਏ।” ਆਉਂਦਿਆਂ ਹੀ ਉਹਨੇ ਕਿਹਾ।
“ਕਿਹੜੀ ਚੋਣ?”
“ਆਪਣੇ ਕੰਮ ਦੀ ਚੋਣ।”
“ਕਿੰਨੇ ਬਦਕਿਸਮਤ ਨੇ ਉਹ ਬੱਚੇ ਜਿਹੜੇ ਹੁਣ ਤੇਰੇ ਕੋਲੋਂ ਪੜ੍ਹ ਨਹੀਂ ਸਕਣਗੇ।”
“ਤੁਸੀਂ ਬੜੇ ਇੰਜ ਦੇ ਹੋ! ਲੇਖਕ ਜੂ ਹੋਏ—ਗੱਲਾਂ ਬਣਾਨੀਆਂ ਤੁਹਾਡਾ ਕਿੱਤਾ ਏ! ਮੈਂ ਪੜ੍ਹਨਾ ਤਾਂ ਨਹੀਂ ਛੱਡਣ ਲੱਗੀ। ਚੋਣ ਮੈਂ ਸਿਰਫ਼ ਮਜ਼ਮੂਨ ਦੀ ਹੀ ਬਦਲੀ ਏ। ਹੁਣ ਮੈਂ ਜੁਗਰਾਫ਼ੀਆ ਨਹੀਂ ਪੜ੍ਹਾਵਾਂਗੀ।”
“ਜੁਗਰਾਫ਼ੀਆ ਨਹੀਂ ਪੜ੍ਹਾਏਂਗੀ? ਯਾਦ ਈ ਜਦੋਂ ਲਾਹੌਰ ਤੈਨੂੰ ਮੈਂ ਦੁਨੀਆਂ ਦਾ ਨਕਸ਼ਾ ਲਿਆ ਕੇ ਦਿੱਤਾ ਸੀ, ਤਾਂ ਤੂੰ ਕਿਹਾ ਸੀ, ਮੈਨੂੰ ਸਭਨਾਂ ਮੂਰਤਾਂ ਤੋਂ ਵੱਧ ਇਹ ਨਕਸ਼ਾ ਸੁਹਣਾ ਲੱਗਦਾ ਏ—ਜਿਵੇਂ ਇਹ ਨਕਸ਼ਾ ਨਹੀਂ ਕੋਈ ਵੱਡਾ ਸਾਰਾ ਬਾਗ਼ ਹੋਵੇ।”
“ਤੇ ਵੰਨ-ਸੁਵੰਨੀਆਂ ਕਿਆਰੀਆਂ ਵਿਚ ਫੁੱਲਾਂ ਦੀ ਥਾਂ ਬੰਦੇ, ਤੇ ਤੀਵੀਆਂ,” ਰਚਨਾ ਨੇ ਦਸ ਵਰ੍ਹੇ ਪਹਿਲਾਂ ਦੀ ਗੱਲ ਪੂਰੀ ਕੀਤੀ, “ਹਾਂ, ਜਦੋਂ ਮੇਰਾ ਹੱਥ ਤੱਕ ਕੇ ਤੁਸੀਂ ਕਿਹਾ ਸੀ, ‘ਤੂੰ ਅਧਿਆਪਕਾ ਬਣੇਂਗੀ’, ਓਦੋਂ ਤੋਂ ਹੀ ਸਦਾ ਮੈਂ ਇਹ ਸੋਚਿਆ ਏ ਕਿ ਮੈਂ ਜੁਗਰਾਫ਼ੀਆ ਪੜ੍ਹਾਵਾਂਗੀ। ਪਰ ਅੱਜ ਮੈਂ ਇਹ ਚੋਣ ਬਦਲ ਲਈ ਏ।”
ਤੇ ਫੇਰ ਉਹਨੇ ਅੱਜ ਦੇਰ ਨਾਲ ਪੁੱਜਣ ਦੀ ਵਜਾਹ ਦੱਸੀ, “ਰਾਹ ਵਿਚ ਹਿੰਦੀ ਰੱਖਿਆ ਦੇ ਸਤਿਆਗ੍ਰਹੀਆਂ ਦੀ ਬੜੀ ਭੀੜ ਸੀ। ਰਸਤੇ ਰੁਕੇ ਹੋਏ ਸਨ। ਤੇ ਕਿੰਨਾ ਸ਼ੋਰ ਸੀ—ਤੇ ਧੂੜ ਨਹੀਂ, ਜਿਵੇਂ ਨਫ਼ਰਤ ਦੀ ਗਰਦ ਉੱਠ ਰਹੀ ਸੀ ਓਥੇ!”
ਤੇ ਕੱਲ੍ਹ ਵਾਲੇ, ਤੇ ਪਰਸੋਂ ਵਾਲੇ ਹੀ ਅੰਬ ਦੇ ਬ੍ਰਿਛ ਨਾਲ ਢਾਸਣਾ ਲਾ ਕੇ ਉਹਨੇ ਅਡੋਲ ਹੋ ਕੇ ਕਿਹਾ, “ਮੈਂ ਅਧਿਆਪਕਾ ਬਣਾਂਗੀ, ਅੱਗੇ ਨਾਲੋਂ ਵੱਧ ਉਤਸ਼ਾਹ ਨਾਲ—ਤੇ ਬੱਚਿਆਂ ਨੂੰ ਪੰਜਾਬੀ ਪੜ੍ਹਾਵਾਂਗੀ।”
ਦਿਲਰਾਜ ਨੇ ਉਹਦੇ ਵੱਲ ਤਕਿਆ। ਰਚਨਾ ਨੂੰ ਕਿਸੇ ਨਹੀਂ ਸੀ ਛੇੜਿਆ— ਪੰਜਾਬੀ ਦੀ ਰੱਖਿਆ ਤੇ ਹਿੰਦੀ ਦੀ ਰੱਖਿਆ ਦੇ ਪਜ ਵਾਰੋ ਵਾਰੀ ਉਹਨਾਂ ਦੀ ਕੌਮ ਦੇ ਸਤਿ ਨੂੰ ਹੱਥ ਪਾਇਆ ਗਿਆ ਸੀ।
ਤੇ ਏਸ ਬਿੰਦ ਰਚਨਾ ਦੀ ਨੁਹਾਰ ਇਨ-ਬਿਨ ਆਪਣੇ ਪਿਤਾ ਜੀ ਵਰਗੀ ਹੋ ਗਈ ਸੀ, ਪੰਡਤ ਸ਼ਾਂਤੀ ਸਰੂਪ ਵਰਗੀ, ਜਿਨ੍ਹਾਂ ਨੂੰ ਲਾਹੌਰ ਆਪਸ ਵਿੱਚ ਲੜਦੇ ਪੰਜਾਬੀਆਂ ਦੇ ਵਾਰ ਡਕਦਿਆਂ ਛੁਰਾ ਵੱਜਾ ਸੀ।
ਰਚਨਾ ਦੀਆਂ ਝਿਮਣੀਆਂ ਵਿੱਚੋਂ ਇੱਕ ਵਾਲ ਟੁੱਟ ਕੇ ਉਹਦੀ ਸੱਜੀ ਗੱਲ੍ਹ ਨਾਲ ਪਲਮਿਆ ਹੋਇਆ ਸੀ। ਦਿਲਰਾਜ ਨੇ ਅਡੋਲ ਇਹ ਵਾਲ ਉਹਦੀ ਗੱਲ੍ਹ ਨਾਲੋਂ ਲਾਹਿਆ। ਰਚਨਾ ਨੇ ਝੱਟ ਆਪਣੀ ਤਲੀ ਅੱਗੇ ਕਰ ਦਿੱਤੀ, ਤੇ ਝਿੰਮਣੀਆਂ ਨਾਲੋਂ ਲੱਥਾ ਇਹ ਵਾਲ ਦਿਲਰਾਜ ਨੇ ਉਹਦੀ ਤਲੀ ਉੱਤੇ ਟਿਕਾ ਦਿੱਤਾ।
“ਜਦੋਂ ਝਿੰਮਣੀਆਂ ਵਿੱਚੋਂ ਵਾਲ ਟੁੱਟੇ, ਤੇ ਕੋਈ ਬੜਾ ਆਪਣਾ ਇੰਜ ਇਹਨੂੰ ਤਲੀ ਉੱਤੇ ਰੱਖ ਦਏ, ਤੇ ਫੇਰ ਅੱਖਾਂ ਮੀਟ ਕੇ ਫੂਕ ਮਾਰਿਆਂ ਜੇ ਉੱਡ ਜਾਏ, ਤਾਂ ਕਹਿੰਦੇ ਨੇ ਓਦੋਂ ਜਿਹੜੀ ਵੀ ਸੱਧਰ ਮਨ ਵਿੱਚ ਆਏ ਉਹ ਪੂਰੀ ਹੋ ਜਾਂਦੀ ਏ।—ਹੱਸਣਾ ਨਾ ਇਹ ਰਚਨਾ ਨਹੀਂ, ਤੁਹਾਡੀ ਨਿੱਕੀ ਜਿਹੀ ਰਚੀ ਬੋਲ ਰਹੀ ਜੇ।”
“ਤੇਰੀਆਂ ਸੱਧਰਾਂ ਨੂੰ ਪੂਰਿਆਂ ਹੋਣ ਦੀ ਜਾਚ ਏ। ਅੱਗੇ ਲਾਹੌਰ ਦੇ ਪੁਲ ਉੱਤੇ ਗੱਡੀ ਲੰਘਦਿਆਂ ਜੋ ਤੂੰ ਚਾਹਿਆ ਸੀ, ਉਹ ਪੂਰਾ ਹੋ ਗਿਆ ਏ। ਹੁਣ ਵੀ ਕੋਈ ਸੱਧਰ ਪੂਰੀ ਕਰਾ ਲੈ।”
“ਓਦੋਂ ਲਾਹੌਰ ਦੇ ਪੁਲ ਉੱਤੇ ਖੜੋ ਕੇ ਇੱਕ ਸੱਧਰ ਸੋਚ ਲੈਣੀ ਬੜੀ ਸਹਿਲ ਸੀ, ਪਰ ਏਸ ਵੇਲੇ ਤਾਂ ਮੇਰੇ ਮਨ ਵਿੱਚ ਸੱਧਰਾਂ ਦੀ ਇੱਕ ਡਾਰ ਏ।”
“ਮੈਂ ਤੇਰੇ ਨਾਲ ਦਰਦ ਸਾਂਝਾ ਕੀਤਾ ਏ, ਤੂੰ ਮੇਰੇ ਨਾਲ ਆਪਣੀਆਂ ਸੱਧਰਾਂ ਸਾਂਝੀਆਂ ਕਰ ਲੈ?”
“ਕਈ ਸੱਧਰਾਂ ਨੇ, ਪਰ ਇੱਕ ਸੱਧਰ ਹੋਰਨਾਂ ਸਭਨਾਂ ਨਾਲੋਂ ਕਿਤੇ ਬਲਵਾਨ ਏ: ਸਾਰੇ ਪੰਜਾਬੀ ਆਪਣੀ ਮਾਖਿਓਂ ਮਿੱਠੀ ਮਾਂ-ਬੋਲੀ ਪੜ੍ਹ ਲੈਣ!” ਤੇ ਰਚਨਾ ਨੇ ਅੱਖਾਂ ਮੀਟ ਲਈਆਂ।
ਰਚਨਾ ਜਿਵੇਂ ਪੁਲ ਉੱਤੇ ਖੜੋਤੀ ਰਚੀ ਬਣ ਗਈ। ਰਚੀ ਨੇ ਆਪਣੇ ਸਿਲ੍ਹੇ ਬੁੱਲ੍ਹਾਂ ਉੱਤੇ ਜੀਭ ਫੇਰਦਿਆਂ ਫੂਕ ਮਾਰੀ, ਵਾਲ ਉੱਡ ਗਿਆ। ਰਚਨਾ ਨੇ ਅੱਖਾਂ ਖੋਲ੍ਹੀਆਂ।
ਦਿਲਰਾਜ ਨੇ ਰਚਨਾ ਦੀਆਂ ਅੱਖਾਂ ਵਿੱਚ ਤਕਿਆ, ਉਹਦੀਆਂ ਅੱਖਾਂ ਵਿੱਚ ਚਾਨਣ ਦੇ ਬੀਜ ਸਨ। ਤੇ ਦਿਲਰਾਜ ਨੂੰ ਜਾਪਿਆ ਓਥੇ ਰਚਨਾ ਹੀ ਇਕੱਲੀ ਨਹੀਂ ਸੀ, ਓਥੇ ਪੰਜਾਬ ਦੀ ਜਵਾਨੀ ਖੜੋਤੀ ਸੀ।
ਓਸ ਬਿੰਦ ਤਿੱਖੜ ਦੁਪਹਿਰਾ ਚੰਨ-ਚਾਨਣੀ ਵਿੱਚ ਵਟ ਗਿਆ; ਏਸ ਤੋਂ ਪਹਿਲਾਂ ਕਦੇ ਵੀ ਉਮਰ ਭਰ ਦਿਲਰਾਜ ਨੂੰ ਇੰਜ ਨਹੀਂ ਸੀ ਲੱਗਾ।
[1957]