Chache Jumme Di Jaidad (Punjabi Story) : Joshua Fazal-ud-Din

ਚਾਚੇ ਜੁੱਮੇ ਦੀ ਜਾਇਦਾਦ (ਕਹਾਣੀ) : ਜੋਸ਼ੂਆ ਫ਼ਜ਼ਲਦੀਨ

ਚਾਚਾ ਜੁੱਮਾ ਨਿੱਕੇ ਹੁੰਦਿਆਂ ਤੋਂ ਹੀ ਚੰਗਾ ਰੌਣਕੀ ਬੰਦਾ ਸੀ । ਕਿਸੇ ਨੂੰ ਛੇੜ, ਕਿਸੇ ਨੂੰ ਛਾੜ, ਕਿਸੇ ਨਾਲ ਹਾਸਾ, ਕਿਸੇ ਨਾਲ ਮਖੌਲ । ਪਿੰਡ ਵਿਚ ਚੰਗੀ ਮੌਜ ਲਾਈ ਰਖਦਾ ਸੀ । ਪਰ ਉਹ ਜਵਾਨੀ ਦੇ ਦਿਨ ਸਨ । ਚਾਚਾ ਜੁੱਮਾ ਮੋਢਿਆਂ ਉਤੋਂ ਦੀ ਥੁਕਦਾ ਸੀ । ਤੁਰਦਾ ਤੁਰਦਾ ਕੰਧਾਂ ਨਾਲ ਪਇਆ ਖਹਿੰਦਾ ਜਵਾਨੀ ਮਸਤਾਨੀ ਜ਼ੋਰਾਂ ਤੇ ਸੀ । ਦੁਨੀਆਂ ਸਾਰੀ ਇਕ ਖੇਡ ਸੀ ਤੇ ਚਾਚਾ ਜੁੱਮਾ ਇਕ ਵੱਡਾ ਖਿਡਾਰੀ ਪਰ ਉਹ ਸਮੇਂ ਹੁਣ ਬੀਤ ਗਏ ਸਨ । ਚਾਚਾ ਜੁੱਮਾ ਹੁਣ ਬੁੱਢਾ ਹੋ ਗਿਆ ਸੀ । ਹੱਡ ਗੋਡੇ ਜਵਾਬ ਦਈ ਬੈਠੇ ਸਨ । ਟੁਰਦਾ ਤੇ ਡੰਗੋਰੀ ਹੱਥ ਵਿਚ ਫੜ ਕੇ । ਮੂੰਹ ਵਿਚ ਦੰਦ ਕੋਈ ਨਾ ਰਿਹਾ । ਨੇਤਰ ਕਮਜ਼ੋਰ ਪੈ ਗਏ । ਵਿਖਾਲੀ ਘਟ ਦੇਣ ਲਗ ਪਿਆ । ਅਗੋਂ ਰੱਬ ਦੀ ਕਰਨੀ, ਸ਼ਰੀਕਾ ਬੁਰਾ । ਦਿਨ ਰਾਤ ਬਸ ਏਸੇ ਤੱਕ ਵਿਚ ਕਿ ਕਦੋਂ ਚਾਚਾ ਪਰਾਣ ਛੱਡੇ ਤੇ ਅਸੀਂ ਜੈਦਾਦ ਦੇ ਵਾਰਸ ਹੋਈਏ। ਚਾਚਾ ਜੁੱਮਾ ਕਿਸਮਤ ਦਾ ਬਲੀ ਸੀ । ਪਿੰਡ ਵਿਚ ਉਹਦੀ ਚੰਗੀ ਚੋਖੀ ਧਾਕ ਬੱਝੀ ਹੋਈ ਸੀ । ਜ਼ਿਮੀਂ ਤੇ ਚਾਚੇ ਦੀ ਪਿੰਡ ਵਿਚ ਕੋਈ ਹੈ ਨਹੀਂ ਸੀ ਪਰ ਅਵਾਈ ਇਹ ਸੀ ਕਿ ਚਾਚੇ ਬਾਹਰ ਸ਼ਹਿਰ ਵਿਚ ਕਈ ਕੋਠੀਆਂ ਬਣਵਾਈਆਂ ਹੋਈਆਂ ਨੇ, ਜਿਹਨਾਂ ਦਾ ਕਰਾਇਆ ਕੋਈ ੫-੬ ਸੌ ਰੁਪਏ ਪਿਆ ਆਉਂਦਾ ਏ । ਬਰਾਦਰੀ ਵਿੱਚੋਂ ਚਾਚੇ ਦੇ ਪੋਤਰੇ, ਦੋਹਤਰੇ, ਧੀਆਂ, ਪੁੱਤਰ ਬਥੇਰੇ ਸਨ । ਪਰ ਸ਼ਰੀਕਾ ਸ਼ਰੀਕਾ ਹੀ ਹੁੰਦਾ ਏ । ਕੋਈ ਚਾਚੇ ਦੇ ਲਾਗੇ ਨਾ ਢੁਕੇ। ਆਖ਼ਰ ਕੌਣ ਜਾਏ ? ਕੀਂ ਲੈਣਾ ਏਂ, ਧਨ ਦੌਲਤ ਕਿਹੜੀ ਚਾਚੇ ਛਾਤੀ ਉਤੇ ਧਰ ਕੇ ਲੈ ਜਾਣੀ ਏਂ ? ਵਰ੍ਹਾ ਨਹੀਂ ਦੋ । ਪਈ ਨਦੀ ਕਿਨਾਰੇ ਰੁੱਖੜਾ, ਅੱਜ ਡਿਗਾ ਕਿ ਕਲ । ਚਾਚੇ ਨੇ ਕੋਈ ਬਹਿ ਤੇ ਰਹਿਣਾ ਹੀ ਨਹੀਂ। ਕੋਈ ਪਟੇ ਤੇ ਲਿਖਾ ਕੇ ਨਹੀਂ ਸੂ ਲਿਆਂਦੇ । ਅਸੀਂ ਕਾਹਨੂੰ ਖੰਘਾਰ ਪਏ ਸਾਂਭੀਏ । ਸਾਰੇ ਹੀ ਵਿਚਾਰੇ ਚਾਚੇ ਕੋਲੋਂ ਦੂਰ ਰਹਿਣ । ਉੱਜ ਚਾਚੇ ਦੀ ਜੈਦਾਦ ਦੀ ਮਹਿਮਾ ਸੁਣ ਸੁਣ ਕੇ ਕਪੜਿਆਂ ਵਿਚ ਨਾ ਮੇਉਣ । ਆਪਣੀ ਆਪਣੀ ਥਾਂ ਕੋਈ ਇਕ ਕੋਠੀ ਦਾ ਮਾਲਕ ਬਣੇ ਤੇ ਕੋਈ ਦੂੰਹ ਦਾ । ਪਰ ਨੇੜੇ ਕੋਈ ਨਾ ਢੁੱਕੇ। ਚਾਚੇ ਵਿਚਾਰੇ ਦੀ ਟਹਿਲ ਜੋਗਾ ਬਸ ਉਸ ਦਾ ਇਕੋ ਕਾਮਾ ਹੀ ਕਾਮਾ ਸੀ ਜਿਹੜਾ ਉਹਦੇ ਕੋਲ ਕੋਈ ਵੀਹਾਂ ਪੰਝੀਆਂ ਵਰ੍ਹਿਆਂ ਦਾ ਹੋਣਾ ਏ । ਕਿਸੇ ਨੇਕ ਕੁੱਖ ਦਾ ਜਾਇਆ ਸੀ । ਜੁੰਮੇ ਦੀ ਹੱਦੋਂ-ਬਾਹਰੀ ਸੇਵਾ ਕਰੇ । ਚਾਚਾ ਬੀਮਾਰ ਹੋਵੇ ਤੇ ਵਿਚਾਰਾ ਵੈਦਾਂ ਹਕੀਮਾਂ ਨੂੰ ਸਦਦਾ ਫਿਰੇ । ਵੱਲ ਹੋਵੇ ਤਾਂ ਹੁੱਕਾ ਕਦੀ ਠੰਢਾ ਨਾ ਹੋਣ ਦੇਵੇ । ਬਾਹਰ ਅੰਦਰ ਚਾਚੇ ਨੂੰ ਨਾਲ ਨਾਲ ਲਈ ਫਿਰੇ । ਮੁੱਦਾ ਗੱਲ ਕੀ ਜੇਕਰ ਇਹ ਕਾਮਾ ਨਾ ਹੁੰਦਾ ਤਾਂ, ਉਂਜ ਤਾਂ ਰੱਬ ਦੇ ਰੰਗ ਨਿਆਰੇ ਨੇ, ਜੁੱਮੇ ਵਾਲੀ ਖੇਡ ਚਰੋਕਣੀ ਮੁਕ ਚੁਕ ਗਈ ਹੁੰਦੀ । ਇਕ ਕਾਮੇ ਦੀ ਟਹਿਲ ਸੇਵਾ ਸੀ ਜੇਹੜੀ ਅੱਜ ਤੀਕਰ ਜੁੱਮੇ ਨੂੰ ਲਮਕਾਈ ਆਉਂਦੀ ਸੀ। ਚਾਚਾ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਤੇ ਚਾਰ ਚੌਦਾਂ ਵਿਚ ਗੱਜ ਕੇ ਆਂਹਦਾ ਸੀ, "ਯਾਰੋ ! ਮੇਰਿਆਂ ਪੋਤਰਿਆਂ ਦੋਹਤਰਿਆਂ ਤੇ ਹੋਰ ਭੈਣਾਂ ਭਾਈਆਂ ਨਾਲੋਂ ਤਾਂ ਮੇਰਾ ਇਹ ਕਾਮਾ ਬਹੁਤਾ ਦਰਦੀ ਏ । ਇਹਦਾ ਹੱਕ ਮੈਂ ਕਿਥੋਂ ਦੇਣ ਜੋਗਾ ਜੇ ? ਇਹ ਇਸੇ ਦੀ ਮੇਹਰਬਾਨੀ ਏ ਕਿ ਮੈਂ ਅਜ ਤੀਕਰ ਜੀਉਂਦਾ ਪਿਆ ਵਾਂ, ਨਹੀਂ ਤਾਂ ਸਾਡੀ ਤੇ ਚਰੋਕਣੀ ਮਿੱਟੀ ਵੀ ਨਾ ਰਹੀ ਹੁੰਦੀ ।"

ਪਰ ਜਿਹੜਾ ਬਣਿਆ ਏਂ ਅਖ਼ੀਰ ਇਕ ਦਿਨ ਜ਼ਰੂਰ ਢਹਿੰਦਾ ਏ, ਤੇ ਜਿਹੜਾ ਜੰਮਿਆ ਏ ਓਸ ਜ਼ਰੂਰ ਇਕ ਦਿਨ ਮੌਤ ਦਾ ਦੇਣਾ ਏ । ਚਾਚੇ ਜੁੱਮੇ ਦਾ ਵੀ ਅੰਤ ਆ ਗਿਆ । ਕਾਲ ਬਲੀ ਤੋਂ ਕਿਹੜਾ ਮਾਈ ਦਾ ਜਣਿਆ ਬੱਚ ਸਕਦਾ ਏ ? ਚਾਚਾ ਜੁੱਮਾ ਪੂਰਾ ਹੋ ਗਿਆ ਤੇ ਸ਼ਰਮੋਂ ਕੁਸ਼ਰਮੀ ਸ਼ਰੀਕਾ ਆਣ ਰੋਣ ਪਿੱਟਣ ਲਗਾ। ਚਾਚੇ ਦਾ ਕਫ਼ਨ ਦਫ਼ਨ ਕੀਤਾ । ਜਦੋਂ ਚਾਚੇ ਨੂੰ ਮੋਇਆਂ ਦੋ ਚਾਰ ਦਿਨ ਹੋਏ ਤਾਂ ਚੌਧਰੀ ਈਦੇ ਨੇ ਸਾਰੇ ਪਿੰਡ ਨੂੰ ਕੱਠਾ ਕੀਤਾ ਤੇ ਕਹਿਣ ਲਗਾ, "ਲਉ ਭਾਈਓ ! ਚਾਚਾ ਜੁੱਮਾ ਬੜਾ ਸਿਆਣਾ ਨਿਕਲਿਆ ਏ, ਮਰਨ ਤੋਂ ਪਹਿਲਾਂ ਇਕ ਵਸੀਅਤ ਲਿਖ ਕੇ ਛੱਡ ਗਿਆ ਏ । ਵਸੀਅਤ ਇਕ ਲਫ਼ਾਫ਼ੇ ਵਿਚ ਬੰਦ ਏ ਤੇ ਉਤੇ ਲਿਖਿਆ ਹੋਇਆ ਏ ਕਿ ਇਹਨੂੰ ਸਾਰੇ ਪਿੰਡ ਦੇ ਸਾਹਮਣੇ ਮੇਰਿਆਂ ਪੋਤਰਿਆਂ, ਦੋਹਤਰਿਆਂ ਵਿਚ ਬਹਿ ਕੇ ਪੜ੍ਹਿਆ ਜਾਏ । ਸੋ, ਲਉ ਭਾਈਓ ! ਚਾਚੇ ਜੁੰਮੇ ਦਾ ਸਾਰਾ ਸ਼ਰੀਕਾ ਜੁੜ ਪਏ। ਮੈਂ ਲਗਾ ਜੇ ਉਹਦੀ ਵਸੀਅਤ ਖੋਹਲਣ ।" ਝੱਟ ਵਿਚ ਹੀ ਸ਼ਰੀਕਾ ਜਿਹੜਾ ਜਿਹੜਾ ਰਹਿੰਦਾ ਸੀ ਉਹ ਵੀ ਹੁਮ ਹੁਮਾ ਕੇ ਆਣ ਕੱਠਾ ਹੋਇਆ । ਸਾਰਿਆਂ ਦੀ ਕਿਸਮਤ ਦਾ ਅਜ ਫ਼ੈਸਲਾ ਹੋਣਾ ਸੀ ਪਈ ਕਿਹਨੂੰ ਕਿੰਨਾ ਕੁਝ ਲੱਭਦਾ ਏ । ਅਖ਼ੀਰ ਜਦੋਂ ਸਾਰੀ ਪਰਹ ਲਗ ਗਈ ਤਾਂ ਚੌਧਰੀ ਈਦਾ ਉੱਠਿਆ ਤਾਂ ਸਾਰਿਆਂ ਨੂੰ ਵਿਖਾ ਕੇ ਲਫ਼ਾਫ਼ਾ ਖੋਹਲਿਆ ਅਤੇ ਲਗਾ ਪੜ੍ਹਨ, "ਮੇਰੀ ਸਾਰੀ ਜਾਇਦਾਦ ਕੋਈ ਦੋ ਲੱਖ ਦੀ ਏ । ਇਹਦੇ ਵਿਚੋਂ ਏਸ ਪਿੰਡ ਵਿਚ ਤਾਂ ਨਿਰਾ ਇਕ ਇਹੋ ਕੋਠੜਾ ਏ, ਜਿਹਦੇ ਵਿਚ ਮੈਂ ਆਪਣਾ ਸਿਰ ਲੁਕਾਂਦਾ ਹਾਂ । ਇਹ ਕੋਠਾ ਮੈਂ ਆਪਣੇ ਕਾਮੇ ਨੂੰ ਦੇਂਦਾ ਹਾਂ । ਬਾਕੀ ਜਾਇਦਾਦ ਦੀ ਵੰਡ ਇਸ ਤਰ੍ਹਾਂ ਕਰਦਾ ਹਾਂ : "੩੦, ੩੦ ਹਜ਼ਾਰ ਮੈਂ ਆਪਣੇ ਦੋਹਾਂ ਪੋਤਰਿਆਂ ਨੂੰ ਦੇਂਦਾ ਹਾਂ ।" ਸਾਰੇ ਪਾਸਿਉਂ ਵਾਜਾਂ ਆਈਆਂ, "ਸ਼ਾਵਾਸ਼ੇ, ਸ਼ਾਵਾਸ਼ੇ, ਚਾਚਾ ਜੁੱਮਿਆ ! ਡਾਢਾ ਹੀ ਕੁਲ-ਪਾਲ ਨਿਕਲਿਓਂ। ਪੋਤਰੇ ਵੀ ਖ਼ੁਸ਼ ਤੇ ਉਹਨਾਂ ਦੋ ਹੋਰ ਅੰਗ ਸਾਕ ਵੀ ਖ਼ੁਸ਼ !" ਅਗੋਂ ਚਲ ਕੇ ਵਸੀਅਤ ਵਿਚ ਲਿਖਿਆ ਸੀ: "ਤੇ ੨੦, ੨੦ ਹਜ਼ਾਰ ਮੈਂ ਆਪਣਿਆਂ ਤਿੰਨਾਂ ਦੋਹਤਰਿਆਂ ਨੂੰ ਦੇਂਦਾ ਹਾਂ । ਬਾਕੀ ੫, ੫ ਹਜ਼ਾਰ ਮੈਂ ਆਪਣਿਆਂ ਸਾਰਿਆਂ ਅੰਗਾਂ ਸਾਕਾਂ ਨੂੰ ਦੇਂਦਾ ਹਾਂ । ਬਾਕੀ ਜੋ ਕੁਝ ਬਚੇ ਉਹ ਸਾਰਿਆਂ ਰਿਸ਼ਤੇਦਾਰਾਂ ਵਿਚ ਬਰਾਬਰ ਬਰਾਬਰ ਵੰਡਿਆ ਜਾਵੇ । ਮੈਂ ਨਹੀਂ ਚਾਹੁੰਦਾ ਜੋ ਮੇਰਾ ਕੋਈ ਵੀ ਸਾਕ ਸਰਬੰਧੀ ਮੇਰੀ ਜਾਇਦਾਦੋਂ ਖ਼ਾਲੀ ਹੱਥ ਰਹਿਵੇ ।"

ਇਹ ਕਹਿ ਕੇ ਚੌਧਰੀ ਈਦਾ ਤਾਂ ਬਹਿ ਗਿਆ ਤੇ ਸਾਰੇ ਪਾਸੇ 'ਖ਼ੂਬ, ਖ਼ੂਬ, ਵਾਹ, ਭਈ ਵਾਹ', ਦਾ ਰੌਲਾ ਪੈ ਗਿਆ । ਚਾਚੇ ਜੁੱਮੇ ਦੇ ਨਿਆਂ ਦੀਆਂ ਸਾਰੇ ਵਡਿਆਈਆਂ ਕਰਨ ਤੇ ਕਈਆਂ ਨੇ ਤਾਂ ਉਥੇ ਬੈਠਿਆਂ ਬੈਠਿਆਂ ਹੀ ਵਪਾਰ ਵੀ ਕਰ ਲਏ । ਕਿਸੇ ਨੇ ਢੱਗਿਆਂ ਦਾ ਸੌਦਾ ਕੀਤਾ; ਕਿਸੇ ਨੇ ਗਾਂ ਦਾ ਤੇ ਕਿਸੇ ਮੱਝ ਦਾ ।

ਪਰ ਅਖ਼ੀਰ ਇਕ ਪੋਤਰਾ ਉਠਿਆ ਤੇ ਲੋਕਾਂ ਨੂੰ ਜ਼ਰਾ ਚੁਪ ਕਰਾ ਕੇ ਚੌਧਰੀ ਈਦੇ ਨੂੰ ਪੁਛਣ ਲੱਗਾ, "ਚੌਧਰੀ ਜੀ, ਇਹ ਰੁਪਿਆ ਹੈ ਕਿਥੇ ਤੇ ਸਾਨੂੰ ਮਿਲੇਗਾ ਕਦੋਂ ?" ਚੌਧਰੀ ਈਦਾ ਉਠਿਆ ਤੇ ਕਹਿਣ ਲਗਾ, "ਇਹ ਤੇ ਮੈਂ ਵੀ ਪਿਆ ਸੋਚਨਾਂ । ਵਸੀਅਤ ਵਿਚ ਇਹ ਤਾਂ ਕਿਧਰੇ ਵੀ ਨਹੀਂ ਲਿਖਿਆ ਤੇ ਨਾ ਹੀ ਕਿਧਰੇ ਕੋਈ ਰਸੀਦ ਪਰਚਾ ਹੀ ਏ । ਰੁਪਈਆ ਕਿਥੇ ਹੈ, ਇਹ ਤੇ ਚਾਚੇ ਜੁੱਮੇ ਕਿਸੇ ਨੂੰ ਦੱਸਿਆ ਹੀ ਨਹੀਂ !"
('ਪੰਜਾਬੀ ਦਰਬਾਰ' ਵਿੱਚੋਂ)

  • ਮੁੱਖ ਪੰਨਾ : ਪੰਜਾਬੀ ਕਹਾਣੀਆਂ