Chandigarhian (Punjabi Story) : Muhammad Imtiaz

ਚੰਡੀਗੜ੍ਹੀਅਨ (ਕਹਾਣੀ) : ਮੁਹੰਮਦ ਇਮਤਿਆਜ਼

''ਸਰ! ਸਾਰਾ ਕੁਸ਼ ਤਿਆਰ ਪਿਐ! ਬਸ, ਡਰੈਸਾਂ ਦੀ ਈ ਘਾਟ ਐ!'' ਅਨੀਤਾ ਮੈਡਮ ਨੇ ਪ੍ਰਿੰਸੀਪਲ ਦੇ ਕਮਰੇ ਅੰਦਰ ਦਾਖ਼ਲ ਹੁੰਦਿਆਂ ਹੀ ਕਿਹਾ।
ਉਸਦਾ ਚਿਹਰਾ ਵੇਖ ਕੇ ਪ੍ਰਿੰਸੀਪਲ ਦਾ ਦਿਲ ਬੈਠ ਗਿਆ। ''ਤੁਸੀਂ ਤਿਆਰੀ ਕਰਾਓ, ਜਾ ਕੇ। ਮੈਂ ਦੇਖਦਾਂ'', ਪ੍ਰਿੰਸੀਪਲ ਨੇ ਜਿਵੇਂ ਉਸਨੂੰ ਟਾਲਿਆ ਹੋਵੇ।
ਅਨੀਤਾ ਨੇ ਇੱਕ ਪਲ ਲਈ ਪ੍ਰਿੰਸੀਪਲ ਦੇ ਚਿਹਰੇ ਵੱਲ ਵੇਖਿਆ। ਕੁਝ ਦੇਰ ਸੋਚਿਆ। ਫਿਰ ਕਮਰੇ 'ਚੋਂ ਬਾਹਰ ਚਲੀ ਗਈ।

''ਤਿਆਰੀ ਤਾਂ, ਦੱਸ, ਹੁਣ ਸਾਰੀ ਹੋ ਚੁੱਕੀ ਐ, ਡਰੈੱਸਾਂ ਹੈ ਨੀ!........ ਤੇ ਸਰ ਕਹੀ ਜਾਂਦੇ ਨੇ 'ਤਿਆਰੀ ਕਰਾਓ, ਤਿਆਰੀ ਕਰਾਓ'!!'' ਅਨੀਤਾ ਨੇ ਕਮਰੇ 'ਚੋਂ ਭਰ ਕੇ ਲਿਆਂਦਾ ਮਨ ਜਰਨੈਲ ਸਿੰਘ ਅੱਗੇ ਹੌਲ਼ਾ ਕੀਤਾ। ਉਹ ਪਹਿਲਾ ਵਿਅਕਤੀ ਸੀ, ਜੋ ਉਸਨੂੰ ਪ੍ਰਿੰਸੀਪਲ ਦੇ ਕਮਰੇ 'ਚੋਂ ਬਾਹਰ ਨਿਕਲਦਿਆਂ ਮਿਲਿਆ ਸੀ।
''ਸਰ! ਦੋ ਘੰਟੇ ਹੋ ਗੇ ਜੀ........!!'' ਇਸ ਵਾਰ ਭਾਵਨਾ ਮੈਡਮ ਨੇ ਪ੍ਰਿੰਸੀਪਲ ਦੇ ਕਮਰੇ 'ਚ ਹੱਲਾ ਬੋਲਿਆ।
ਪ੍ਰਿੰਸੀਪਲ ਦੇ ਹੱਥਾਂ ਵਿੱਚੋਂ ਜਿਵੇਂ ਜਾਨ ਮੁੱਕ ਗਈ ਹੋਵੇ। ਟੈਲੀਫੋਨ ਦਾ ਫੜਿਆ ਰਿਸੀਵਰ ਹੇਠਾਂ ਰੱਖਦਿਆਂ ਉਸਨੇ ਫਿਰ ਕਿਹਾ, ''ਚਲੋ, ਮੈਂ ਦੇਖਦਾਂ......!''
ਭਾਵਨਾ ਪ੍ਰਿੰਸੀਪਲ ਦੇ ਕਮਰੇ 'ਚੋਂ ਮੁਸਕੜੀਏਂ ਹੱਸਦੀ ਹੋਈ ਬਾਹਰ ਨਿਕਲੀ ਤੇ ਗਿਟਮਿਟ ਕਰਦੇ ਬਾਕੀ ਅਧਿਆਪਕਾਂ ਦੇ ਟੋਲੇ 'ਚ ਸ਼ਾਮਿਲ ਹੋ ਗਈ।
''ਹੁਣ ਏਹਨੂੰ ਆਊੁ ਸਵਾਦ, ਜਦ ਕੱਲ੍ਹ ਨੂੰ ਮਿੱਟੀ ਪਲੀਤ ਹੋਊ ਸਾਰਿਆਂ ਸਾਹਮਣੇ!........ ਸਾਰੇ ਫੰਕਸ਼ਨ ਦਾ ਸੱਤਿਆਨਾਸ ਮਾਰਿਆ ਗਿਆ........!'' ਜਰਨੈਲ ਸਿੰਘ ਦੀ ਆਵਾਜ਼ ਟੋਲੇ ਦਰਮਿਆਨ ਸਾਫ ਸੁਣਾਈ ਦੇ ਰਹੀ ਸੀ।
''ਹੁਣ ਤੱਕ ਨਹੀਂ ਪਹੁੰਚੀ ਮੈਡਮ!'' ਭਾਵਨਾ ਨੇ ਇੱਕ ਵਾਰ ਫਿਰ ਗੁੱਸਾ ਕੱਢਿਆ।
''ਸਜ-ਧਜ ਕੇ ਤਾਂ ਐਵੇਂ ਗਈ ਐ, ਜਿਵੇਂ ਅੱਜ ਮੰਗਣਾ ਹੋਵੇ ਉਹਦਾ!'' ਕਿਸੇ ਮਰਦ ਅਧਿਆਪਕ ਨੇ ਵੀ ਵਹਿੰਦੀ ਗੰਗਾ 'ਚ ਹੱਥ ਧੋਤਾ।
''ਮੇਕਅੱਪ ਤੇ ਸੂਟ ਤਾਂ ਦੀਪਿਕਾ ਦਾ ਅੱਜ ਟੌਪ ਸੀ, ਬਈ, ਪੂਰਾ!.......'' ਦੂਜੇ ਮਰਦ ਅਧਿਆਪਕ ਨੇ ਵੀ ਕਿਹਾ।

ਜਦੋਂ ਅੋਰਤਾਂ ਨੇ ਟੇਢੀਆਂ ਨਜ਼ਰਾਂ ਨਾਲ ਉਸ ਵੱਲ ਤੱਕਿਆ ਤਾਂ ਉਸਨੇ ਹੋਰ ਸ਼ਬਦ ਜੋੜੇ, ''........... ਉਸ ਤੇ ਸਕੂਲ 'ਚੋਂ ਬਾਹਰ ਜਾਂਦਿਆਂ ਮੇਰੀ ਅਚਾਨਕ ਨਜ਼ਰ ਪਈ ਸੀ!........ ਮੈਂ ਤਾਂ ਸਮਝਿਆ ਕੋਈ ਨਵੀਂ ਮੈਡਮ ਆਈ ਐ!.........''
''ਪ੍ਰਿੰਸੀਪਲ ਨੇ ਵੀ ਇੱਕੋ ਰਟ ਲਾਈ ਹੋਈ ਐ ਅੱਜ ਕੱਲ੍ਹ-ਦੀਪਿਕਾ, ਦੀਪਿਕਾ!'' ਨੱਕ ਵੱਟਦਿਆਂ ਭਾਵਨਾ ਬੋਲੀ।
''ਸਰ ਨੇ ਤਾਂ ਜਮ੍ਹੀਂ ਸ਼ਰਮ ਲਾਹ ਰੱਖੀ ਐ!......'', ਅਨੀਤਾ ਬੋਲੀ।
''ਹੋਰ!! ਪਹਿਲਾਂ 'ਮੈਡਮ' ਸਕੂਲ 'ਚ ਹੁੰਦੇ ਸੀ ਤਾਂ ਸਰ ਨੂੰ ਫੇਰ ਵੀ ਡਰ ਸੀ!
ਜਦੋਂ ਦੀ ਉਹਨਾਂ ਦੀ ਜਾੱਬ ਲੱਗੀ ਐ, ਇਹਨਾਂ ਨੂੰ ਕਿਸੇ ਦਾ ਡਰ ਈ ਨਹੀਂ ਰਿਹਾ!'' ਇੱਕ ਹੋਰ ਅਧਿਆਪਕਾ ਬੋਲੀ।
ਕੁਝ ਸਮਾਂ ਪਹਿਲਾਂ ਹੀ ਪ੍ਰਿੰਸੀਪਲ ਦੀ ਪਤਨੀ ਦੀ ਸਰਕਾਰੀ ਨੌਕਰੀ ਲੱਗੀ ਸੀ। ਪਹਿਲਾਂ ਉਹ ਵੀ ਇਸੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦੀ ਸੀ।

ਜਦੋਂ ਤੋਂ ਉਸਦੀ ਪਤਨੀ ਸਕੂਲ ਛੱਡ ਕੇ ਗਈ ਸੀ, ਪ੍ਰਿੰਸੀਪਲ ਦਾ ਦੀਪਿਕਾ ਨਾਲ ਵਾਹ-ਵਾਸਤਾ ਵੱਧ ਗਿਆ ਸੀ। ਕਿਸੇ ਫੰਕਸ਼ਨ ਦੀ ਤਿਆਰੀ ਹੁੰਦੀ ਤਾਂ ਦੀਪਿਕਾ ਨੂੰ ਪਹਿਲ ਦੇ ਆਧਾਰ ਤੇ ਬੁਲਾਇਆ ਜਾਂਦਾ। ਜੇ ਕੋਈ ਜ਼ਰੂਰੀ ਪੱਤਰ ਤਿਆਰ ਕਰਨਾ ਹੁੰਦਾ ਤਾਂ ਉਹ ਚਪੜਾਸੀ ਨੂੰ ਆਖਦਾ, ''ਦੀਪਿਕਾ ਨੂੰ ਬੁਲਾ ਕੇ ਲਿਆਈਂ....... ਸਲਾਹ ਕਰਨੀ ਐ।''

ਇਸੇ ਤਰ੍ਹਾਂ ਗੱਲਾਂ-ਗੱਲਾਂ 'ਚ ਜਦੋਂ ਤੋਂ ਪ੍ਰਿੰਸੀਪਲ ਨੇ ਦੀਪਿਕਾ ਨੂੰ ਦੱਸਿਆ ਸੀ ਕਿ ਉਸਨੇ ਐਮ. ਏ. ਚੰਡੀਗੜ੍ਹ ਤੋਂ ਕੀਤੀ ਸੀ, ਉਦੋਂ ਤੋਂ ਦੀਪਿਕਾ ਦੀ ਉਸ ਵਿੱਚ ਦਿਲਚਸਪੀ ਵਧ ਗਈ ਸੀ।
''ਤੰਨੇ ਕਿੰਨੀ ਬਾਰ ਕਿਹਾ ਮੈਂ ਕਿ ਐਸਾ ਮੱਤ ਕਰ.......!'' ਹਰ ਵਾਰ ਜਦੋਂ ਵੀ ਪ੍ਰਿੰਸੀਪਲ ਉਸਦੇ ਇਲਾਕੇ ਦੀ ਬੋਲੀ ਦੀ ਨਕਲ ਉਤਾਰਦਾ ਤਾਂ ਉਹ ਹੱਸ ਦਿੰਦੀ।
ਕੋਈ ਵੀ ਮਾਮਲਾ ਪੇਸ਼ ਆਉਣ ਤੇ ਦੰਦ ਕਰੀਚ ਕੇ ਅੱਖਾਂ ਝਪਕਾਉਣਾ- ਆਪਣੀ ਇਸ ਆਦਤ ਨਾਲ ਉਹ ਇਹ ਵਿਖਾਉਣ ਦੀ ਕੋਸ਼ਿਸ ਕਰਦੀ ਸੀ ਕਿ
ਹਰੇਕ ਗੱਲ ਨੂੰ ਉਹ ਗਹਿਰਾ ਉਤਰਕੇ ਸੋਚਦੀ ਸੀ।
ਅੱਜ-ਕੱਲ੍ਹ ਹੇਅਰਬੈਂਡ ਨਾਲ ਪਿੱਛੇ ਵੱਲ ਨੂੰ ਸੈੱਟ ਕੀਤੇ ਉਸਦੇ ਵਾਲ ਹੋਰ ਆਕਰਸ਼ਕ ਨਜ਼ਰ ਆਉਣ ਲੱਗ ਪਏ ਸਨ।
ਦੀਪਿਕਾ ਦੇ ਪੀਰੀਅਡ ਘਟਦੇ-ਘਟਦੇ ਦੋ ਰਹਿ ਗਏ ਸਨ। ਬਾਕੀ ਅਧਿਆਪਕ ਨੌਂ-ਨੌਂ ਪੀਰੀਅਡ ਲਾਉਂਦਿਆਂ ਕੁੜ੍ਹਦੇ ਰਹਿੰਦੇ ਸਨ।
ਪਹਿਲਾਂ ਮਰਦ ਅਧਿਆਪਕ ਦੀਪਿਕਾ ਦੇ ਪੀਰੀਅਡ ਲੈਣ ਲਈ ਤਿਆਰ ਰਹਿੰਦੇ ਸਨ। ਜਦੋਂ ਦੀ ਪ੍ਰਿੰਸੀਪਲ ਨਾਲ ਉਸਦੀ ਨੇੜਤਾ ਵਧੀ ਸੀ, ਉਹਨਾਂ ਦਾ 'ਦਿਆਲੂਪਣ' ਗ਼ਾਇਬ ਹੋ ਗਿਆ ਸੀ।
''ਆਪਣੇ-ਆਪ ਨੂੰ ਇਹ ਬੜੀ ਇੰਟਲੈਕਚੁਅਲ ਸਮਝਦੀ ਐ! ਟੂਰ ਤੇ ਬੱਚਿਆਂ ਨੂੰ ਐਮੇਂ ਅੱਗੇ ਹੋ-ਹੋ ਸਮਝਾ ਰਹੀ ਸੀ, ਜਿਮੇਂ ਟੂਰਿਜ਼ਮ ਦਾ ਕੋਰਸ ਕੀਤਾ ਹੋਵੇ......!''
ਮਰਦ ਅਧਿਆਪਕਾਂ ਵਿੱਚ ਗੱਲਾਂ ਹੁੰਦੀਆਂ ਸਨ।

''ਭਾਖੜਾ ਡੈਮ ਨੂੰ ਤਾਂ, ਯਾਰ, ਇਹ ਨੰਗਲ ਡੈਮ ਦੱਸੀ ਜਾਂਦੀ ਸੀ! ਮੈਂ ਤਾਂ ਪ੍ਰਿੰਸੀਪਲ ਦੇ ਮੂੰਹ ਨੂੰ ਚੁੱਪ ਕਰ ਗਿਆ, ਨਹੀਂ ਤਾਂ, ਮੈਂ ਨਿਆਣਿਆਂ ਸਾਹਮਣੇ ਈ ਨੰਬਰ ਡੌਨ ਕਰ ਦੇਣੇ ਸੀ ਇਹਦੇ!........''
''ਆਹੋ! ਉਹ ਵੀ ਤਾਂ ਇਹਨੂੰ ਨਾਲ-ਨਾਲ ਲਈ ਫਿਰਦਾ ਸੀ!''
''ਚੰਡੀਗੜ੍ਹ ਪਹੁੰਚ ਕੇ ਤਾਂ ਦੋਹਾ ਨੇ ਹੱਦ ਈ ਕਰ 'ਤੀ, ਆਪਦੀ ਈ ਜੋੜੀ ਬਣਾਈ ਫਿਰੀ ਗਏ! ਨਾ ਬੱਚਿਆਂ ਦੀ ਪਰਵਾਹ, ਨਾ ਸਟਾਫ਼ ਦੀ ਸ਼ਰਮ!!''

ਪ੍ਰਿੰਸੀਪਲ ਜਦੋਂ ਅਧਿਆਪਕਾਂ ਦੇ ਚਿਹਰਿਆਂ ਤੋਂ ਅਸੰਤੁਸ਼ਟੀ ਦੇ ਭਾਵ ਪੜ੍ਹਦਾ, ਤਾਂ ਉਹਨਾਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਦਾ, ''ਅਸਲ 'ਚ, ਦੀਪਿਕਾ ਉੱਤੇ ਮੈਂ ਦੂਜੇ ਕੰਮ ਬਹੁਤ ਪਾ ਰੱਖੇ ਨੇ। ਤਾਂ ਕਰਕੇ ਕਲਾਸਾਂ ਘਟਾ ਦਿੱਤੀਆਂ ਨੇ!''
''ਪਰ, ਸਰ! ਹੋਰ ਟੀਚਰ ਵੀ ਤਾਂ ਫੰਕਸ਼ਨ ਦੀਆਂ ਤਿਆਰੀਆਂ ਕਰਾਉਂਦੇ ਨੇ, ਉਹ ਫੇਰ ਵੀ ਛੇ-ਛੇ, ਸੱਤ-ਸੱਤ ਪੀਰੀਅਡ ਲਾਉਂਦੇ ਨੇ! ਨਾਲੇ, ਹੋਰ ਕੰਮ ਵੀ ਕਰਦੇ ਨੇ!........,'' ਜਰਨੈਲ ਸਿੰਘ ਸਾਰੇ ਸਟਾਫ ਸਾਹਮਣੇ ਹੀ ਗਰਮ ਹੋ ਜਾਂਦਾ।
ਕਈ ਵਾਰ ਉਹ ਸਿੱਧਾ ਦੀਪਿਕਾ ਨੂੰ ਹੀ ਸੰਬੋਧਿਤ ਹੁੰਦਾ, ''.......... ਤੂੰ ਭਾਮੇਂ ਦੋ ਪੀਰਡ ਵੀ ਨਾ ਲਾ, ਮੈਨੂੰ ਕੋਈ ਦੁੱਖ ਨੀ! ਪਰ ਇਹਦੇ ਨਾਲ ਬਾਕੀ ਸਟਾਫ ਦਾ ਮੌਰਲ ਡਾਊਨ ਹੁੰਦੈ!''

ਉਹਨੂੰ ਪ੍ਰਿੰਸੀਪਲ ਸਾਹਮਣੇ ਬੋਲਣ ਤੋਂ ਕੋਈ ਝਿਜਕ ਨਹੀਂ ਸੀ। ਉਹ ਸਰਕਾਰੀ ਸਕੂਲ ਤੋਂ ਰਿਟਾਇਰ ਹੋ ਕੇ ਆਇਆ ਸੀ, ਤੇ ਇਹ ਪ੍ਰਾਈਵੇਟ ਨੌਕਰੀ ਉਸ ਲਈ ਸਿਰਫ਼ ਵਿਅਸਤ ਰਹਿਣ ਦਾ ਇੱਕ ਜ਼ਰੀਆ ਸੀ।
''........ ਏਸ ਉਮਰ 'ਚ ਬੀ. ਪੀ. ਹਾਈ ਕਰਨ ਨਾਲ ਥੋਡੀ ਸੇਹਤ ਖਰਾਬ ਹੋ ਸਕਦੀ ਐ!'' ਪ੍ਰਿੰਸੀਪਲ ਜਰਨੈਲ ਸਿੰਘ ਨੂੰ ਠੰਢਾ ਕਰਨ ਦੀ ਕੋਸ਼ਿਸ਼ ਕਰਦਾ। ਜਰਨੈਲ ਸਿੰਘ ਕੁਝ ਸੋਚ ਕੇ ਚੁੱਪ ਕਰ ਜਾਂਦਾ।
ਬਾਕੀ ਸਟਾਫ ਜਰਨੈਲ ਸਿੰਘ ਦੀ ਪ੍ਰਤੀਨਿਧਤਾ ਵਿੱਚ ਓਟ ਮਹਿਸੂਸ ਕਰਦਾ ਸੀ।
ਜਦੋਂ ਪ੍ਰਿੰਸੀਪਲ ਕਮਰੇ 'ਚੋਂ ਬਾਹਰ ਨਿਕਲਿਆ ਤਾਂ ਅਧਿਆਪਕਾਂ ਵਿੱਚ ਖ਼ਾਮੋਸ਼ੀ ਛਾ ਗਈ। ਉਸਨੇ ਮੋਬਾਈਲ ਫੋਨ ਕੰਨ ਤੇ ਲਾਇਆ ਹੋਇਆ ਸੀ।
''ਪਰ........?'' ਉਸਦਾ ਚਿਹਰਾ ਲਾਲ-ਸੁਰਖ਼ ਹੁੰਦਾ ਜਾ ਰਿਹਾ ਸੀ।
ਸਾਰਿਆਂ ਨੇ ਉਤਸੁਕਤਾ ਭਰੀਆਂ ਨਜ਼ਰਾਂ ਨਾਲ ਉਸ ਵੱਲ ਵੇਖਿਆ।

ਪ੍ਰਿੰਸੀਪਲ ਨੇ ਮੋਬਾਈਲ ਬੰਦ ਕਰਕੇ ਜੇਬ ਵਿੱਚ ਪਾਇਆ ਤੇ ਅਧਿਆਪਕਾਂ ਨੂੰ ਬੋਲਿਆ, ''ਚਲੀ ਗਈ! ਉਹ ਉਧਰੋਂ ਹੀ ਬਸ ਚੜ੍ਹ ਗਈ!.......'' ਉਸਨੇ ਸ਼ਬਦ ਬੜੇ ਔਖਿਆਂ ਇਕੱਠੇ ਕੀਤੇ ਸਨ।
''ਪਰ, ਸਰ! ਡਰੈਸਾਂ.........?'' ਅਨੀਤਾ ਦੇ ਮੂੰਹੋਂ ਸੁਭਾਵਿਕ ਹੀ ਨਿਕਲ ਗਿਆ।
ਜਰਨੈਲ ਸਿੰਘ ਨੇ ਉਸਨੂੰ ਚੁੱਪ ਰਹਿਣ ਲਈ ਇਸ਼ਾਰਾ ਕੀਤਾ।
''ਪਰ ਗਈ ਕਿੱਥੇ?.........'' ਅਨੀਤਾ ਦੇ ਮੂੰਹੋਂ ਸੁਭਾਵਿਕ ਹੀ ਨਿਕਲ ਗਿਆ।
''ਚੰਡੀਗੜ੍ਹ।''
''ਕੀਹਦੇ ਨਾਲ?''
''ਮੁੰਡਾ ਚੰਡੀਗੜ੍ਹ ਪੜ੍ਹਦਾ ਸੀ। ਉਹਦੇ ਨਾਲ ਚਲੀ ਗਈ.......!'' ਕਹਿ ਕੇ ਪ੍ਰਿੰਸੀਪਲ ਪਿਛਾਂਹ ਦਫਤਰ ਵੱਲ ਮੁੜ ਗਿਆ।

(ਕਹਾਣੀ-ਸੰਗ੍ਰਹਿ 'ਪਾਕਿਸਤਾਨੀ' ਵਿੱਚੋਂ)

  • ਮੁੱਖ ਪੰਨਾ : ਕਹਾਣੀਆਂ, ਮੁਹੰਮਦ ਇਮਤਿਆਜ਼
  • ਮੁੱਖ ਪੰਨਾ : ਪੰਜਾਬੀ ਕਹਾਣੀਆਂ