Muhammad Imtiaz - ਮੁਹੰਮਦ ਇਮਤਿਆਜ਼
ਮੁਹੰਮਦ ਇਮਤਿਆਜ਼ (2 ਫਰਵਰੀ 1983-) ਪੰਜਾਬੀ ਦੇ ਨੌਜਵਾਨ ਕਹਾਣੀਕਾਰ ਹਨ। ਉਨ੍ਹਾਂ ਦਾ ਜਨਮ ਪਿਤਾ ਮੁਸ਼ਤਾਕ ਅਹਿਮਦ ਅਤੇ ਮਾਤਾ ਜ਼ਰੀਨਾ ਨਾਜ਼ ਦੇ ਘਰ ਜ਼ਿਲ੍ਹਾ ਸੰਗਰੂਰ (ਪੰਜਾਬ) ਦੇ ਸ਼ਹਿਰ ਮਲੇਰਕੋਟਲਾ ਵਿੱਚ ਹੋਇਆ। ਉਨ੍ਹਾਂ ਦੀ ਵਿਦਿਆ ਐੱਮ.ਏ. ਅੰਗ੍ਰੇਜ਼ੀ, ਐੱਮ.ਏ. ਫਿਲਾਸਫੀ ਅਤੇ ਮਾਸਟਰ ਇਨ ਮਾਸ ਕਮਿਊਨੀਕੇਸ਼ਨ ਹੈ। ਅੱਜ ਕੱਲ੍ਹ ਉਹ ਜਲੰਧਰ ਰੇਡੀਓ ਸਟੇਸ਼ਨ 'ਤੇ ਪ੍ਰੋਗਰਾਮ ਅਫ਼ਸਰ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦਾ ਕਹਾਣੀ-ਸੰਗ੍ਰਹਿ 'ਪਾਕਿਸਤਾਨੀ' ਹੁਣੇ-ਹੁਣੇ ਪ੍ਰਕਾਸ਼ਿਤ ਹੋਇਆ ਹੈ।
ਜਸਬੀਰ ਭੁੱਲਰ ਨੇ ਉਨ੍ਹਾਂ ਬਾਰੇ ਕਿਹਾ ਕਿ ਮੁਹੰਮਦ ਇਮਤਿਆਜ਼ ਦੀਆਂ ਕਹਾਣੀਆਂ ਸਮਾਜਿਕ ਸਰੋਕਾਰਾਂ ਦੀ ਹਾਮੀ ਭਰਦਿਆਂ ਸੌੜੀ ਮਾਨਸਿਕਤਾ ਦੀਆਂ ਵਲਗਣਾਂ ਨੂੰ ਤੋੜ ਕੇ ਮਾਨਵੀ ਮੁਹੱਬਤ ਦੀ ਬਾਤ ਪਾਉਂਦੀਆਂ ਨੇ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਅੱਗੇ ਕਿਹਾ ਕਿ ਇਮਤਿਆਜ਼ ਦੀਆਂ ਕਹਾਣੀਆਂ ਵਿੱਚ ਭਾਸ਼ਾ ਦੀ ਸੁਖੈਨਤਾ, ਵਿਸ਼ੇ ਦੀ ਸਰਲਤਾ ਅਤੇ ਰੌਚਿਕਤਾ ਆਪ ਮੁਹਾਰੇ ਡੁੱਲ੍ਹ-ਡੁੱਲ੍ਹ ਪੈਂਦੀ ਹੈ।