Chashani (Punjabi Story) : Mohanjeet Kukreja

ਚਾਸ਼ਨੀ (ਕਹਾਣੀ) : ਮੋਹਨਜੀਤ ਕੁਕਰੇਜਾ

ਤੇਜ਼ੀ ਨਾਲ ਮੁੜਦੀ ਇਕ ਬਸ ਤੋਂ ਡਰ ਕੇ ਉਹ ਪਿਛਾਂਹ ਨੂੰ ਹਟਿਆ, ਪਰ ਪਿੱਛੋਂ ਆਉਂਦੇ ਇਕ ਸਕੂਟਰ ਨੇ ਉਸਨੂੰ ਫੇਰ ਅੱਗੇ ਹੋਣ ਤੇ ਮਜਬੂਰ ਕਰ ਦਿੱਤਾ…

ਮੈਂ ਹੈਰਾਨ ਸਾਂ ਉਸ ਛੋਟੇ ਜਿਹੇ ਲੇਕਿਨ ਭੀੜ-ਭਾੜ ਵਾਲੇ ਚੌਰਾਹੇ ਦੇ ਵਿੱਚੋ-ਵਿੱਚ ਖੜੋਤਾ ਉਹ ਆਖ਼ਿਰ ਕਰ ਕੀ ਰਿਹਾ ਸੀ… ਚਾਰੇ ਪਾਸਿਓਂ ਲੰਘਦੀਆਂ, ਮੁੜਦੀਆਂ ਗੱਡੀਆਂ ਤੋਂ ਘਬਰਾ ਕੇ ਉਹ ਕਦੇ ਅੱਗੇ ਹੁੰਦਾ, ਕਦੇ ਪਿੱਛੇ ਹਟਦਾ, ਕਦੇ ਸੱਜੇ 'ਤੇ ਕਦੇ ਖੱਬੇ । ਹੈਰਾਨੀ ਦੀ ਗੱਲ ਇਹ ਸੀ ਕਿ ਉਹ ਢੀਠ ਬਾਰ-ਬਾਰ ਉਸੇ ਜਗਹ ਆਣ ਖੜ੍ਹਦਾ ।

ਸ਼ਕਲ-ਸੂਰਤ ਤੋਂ ਅਵਾਰਾ ਜਿਹਾ ਲੱਗ ਰਿਹਾ ਸੀ, ਅਤੇ ਸਿਹਤ ਜਿਵੇਂ ਗ਼ਰੀਬੀ-ਰੇਖਾ ਦੇ ਹੇਠਾਂ ਰਹਿੰਦੀ ਭਾਰਤੀ ਜਨਤਾ ਦੀ ਨੁਮਾਇੰਦਗੀ ਕਰ ਰਹੀ ਹੋਵੇ…

ਮੈਂ ਮਾੜਾ ਜਿਹਾ ਅਗਾਂਹ ਨੂੰ ਹੋਕੇ ਉਸ ਥਾਂ 'ਤੇ ਝਾਤ ਪਾਈ ਜਿਹੜੀ ਉਹਨੂੰ ਲਗਾਤਾਰ ਆਪਣੇ ਵੱਲ ਖਿੱਚ ਰਹੀ ਸੀ । ਲਾਗੇ ਦੀ ਹਲਵਾਈ ਦੀ ਹੱਟੀ ਤੋਂ ਜਲੇਬੀ ਖਾ ਕੇ ਕਿਸੇ ਨੇ ਚਾਸ਼ਨੀ ਨਾਲ ਲਿਬੜਿਆ ਡੋਨਾ ਉੱਥੇ ਸੁੱਟ ਦਿੱਤਾ ਸੀ 'ਤੇ ਉਹ ਬੇਵਕੂਫ਼ ਆਪਣੀ ਜਾਨ ਨੂੰ ਤਲੀ ਉਤੇ ਰੱਖੀ ਇਕ-ਇਕ ਬੂੰਦ ਚੱਟ ਕਰ ਜਾਣਾ ਚਾਹੁੰਦਾ ਸੀ ।

ਤਾਹੀਓਂ ਮੇਰੀ ਬੱਸ ਆ ਗਈ, ਚੌਰਾਹਾ ਪਾਰ ਕਰਕੇ ਉਸਦੇ ਸਾਡੇ ਸਟੈਂਡ ਤਕ ਪੁੱਜਣ ਦੇ ਵਿਚ ਇਕ ਅਜੀਬ ਜਿਹੀ ਗੁੱਰਾਹਟ-ਭਰੀ ਚੀਕ ਸੁਣਾਈ ਦਿੱਤੀ । ਦਫ਼ਤਰ ਪਹੁੰਚਣ ਦੀ ਜਲਦੀ ਸੀ, ਮੈਂ ਭੱਜ ਕੇ ਬਸ ਫੜ ਲਈ…

ਉਤਸੁਕਤਾ ਨਾਲ ਮੈਂ ਬਸ ਦੇ ਪਿਛਲੇ ਸ਼ੀਸ਼ੇ 'ਚੋਂ ਬਾਹਰ ਵੇਖਿਆ ।
ਉਸ ਕੁੱਤੇ ਦਾ ਲਹੂ ਚਾਸ਼ਨੀ ਨਾਲ ਰੱਲ ਕੇ ਪੂਰੀ ਸੜਕ 'ਤੇ ਵਗਦਾ ਜਾ ਰਿਹਾ ਸੀ…

  • ਮੁੱਖ ਪੰਨਾ : ਕਹਾਣੀਆਂ, ਮੋਹਨਜੀਤ ਕੁਕਰੇਜਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ