Chhallaan (Punjabi Story) : Navtej Singh

ਛੱਲਾਂ (ਕਹਾਣੀ) : ਨਵਤੇਜ ਸਿੰਘ

ਸਿਨਮਾ ਤੱਕ ਕੇ ਉਹ ਦੋਵੇਂ ਬਾਹਰ ਨਿਕਲੇ। ਬੜੀ ਸੁਹਣੀ ਫ਼ਿਲਮ ਸੀ। ਦੋਵਾਂ ਦੇ ਬੋਝਿਆਂ ਵਿਚ ਜਿੰਨੇ ਕੁ ਪੈਸੇ ਸਨ, ਉਹ ਸਿਨੇਮੇ ਦੀ ਟਿਕਟ ’ਤੇ ਲੱਗ ਚੁੱਕੇ ਸਨ।

“ਅੱਜ ਦੀ ਮੇਰੀ ਸ਼ਾਮ ਵਿਹਲੀ ਏ, ਪੈਦਲ ਏਨੀ ਦੂਰ ਤੁਰਨ ਨਾਲ ਮੇਰਾ ਤਾਂ ਕੋਈ ਹਰਜ ਨਹੀਂ ਹੋਣ ਲੱਗਾ,” ਮੁੰਡੇ ਨੇ ਕਿਹਾ।

“ਮੈਨੂੰ ਵੀ ਅੱਜ ਕੋਈ ਖਾਸ ਕੰਮ ਨਹੀਂ,” ਕੁੜੀ ਨੇ ਆਖਿਆ।

ਉਨ੍ਹਾਂ ਕਾਫ਼ੀ ਦੂਰ ਜਾਣਾ ਸੀ। ਉਸ ਸੜਕ ਉੱਤੇ, ਜਿਦ੍ਹੇ ਤੇ ਸਮੁੰਦਰ ਵਿਚਕਾਰ ਸਿਰਫ਼ ਇਕ ਮਜ਼ਬੂਤ ਕੰਧ ਸੀ, ਜਿਸ ਨੂੰ ਨਿੱਤ ਸਮੁੰਦਰ ਦੀਆਂ ਛੱਲਾਂ ਛੂੰਹਦੀਆਂ ਰਹਿੰਦੀਆਂ ਤੇ ਜਿਦ੍ਹੇ ਕੰਢੇ ਗੁਲ-ਮੁਹਰ ਦੇ ਸੁਹਣੇ ਦਰੱਖਤਾਂ ਨਾਲ ਸ਼ਿੰਗਾਰੇ ਹੋਏ ਸਨ, ਉਸ ਸੜਕ ਤੇ ਇਕੱਠਿਆਂ ਤੁਰਨਾ ਉਨ੍ਹਾਂ ਦੀ ਅਮੁੱਕ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਇਕ ਬੜਾ ਘੱਟ ਮਿਲਣ ਵਾਲਾ ਮੌਕਾ ਸੀ।

ਅਚਾਨਕ ਕੁੜੀ ਨੇ ਕਿਹਾ, “ਅੱਜ ਦੀਵਾਨ ਸਾਹਿਬ ਦੇ ਰੋਜ਼ਾਨਾ ਅਖ਼ਬਾਰ ਨੇ ਸਾਡੀ ਲਹਿਰ ਦੇ ਖਿਲਾਫ਼ ਲਿਖ ਦਿੱਤਾ ਏ।”

“ਸਿਆਸੀ ਨੁਕਤਾਚੀਨੀ ਏ ਕਿ ਓਹੀ?”

“ਓਹੀ ਬਕਵਾਸ; ਕੁੜੀਆਂ ਮੁੰਡੇ ਕੱਠੇ ਸੋਫ਼ਿਆਂ ਤੇ ਬੈਠਦੇ ਨੇ—ਭਲਾ ਸੋਫ਼ੇ ਦੀਵਾਨ ਸਾਹਿਬ ਸਾਨੂੰ ਸੁਗਾਤੀ ਦੇ ਗਏ ਹੋਣਗੇ—ਤੇ ਓਹੀ ਪਿਤਾ ਪਿਤਾਮਿਆਂ ਕੋਲੋਂ ਵਿਰਸੇ ਵਿਚ ਮਿਲਿਆ ਦੂਸ਼ਣ; ਇਹ ਜ਼ਨਾਨੀਆਂ ਸਾਂਝੀਆਂ ਕਰ ਦੇਂਦੇ ਨੇ! ਨਾਲੇ ਨਾਚ ਗਾਣੇ ਕਰਵਾਂਦੇ ਨੇ, ਕੁੜੀਆਂ-ਮੁੰਡੇ ਰਲ ਕੇ ਚੰਦਾ ਕੱਠਾ ਕਰਦੇ ਨੇ, ਵਿਆਹ ਕਰਵਾ ਲੈਂਦੇ ਨੇ। ਉਹੀ ਮਾਪਿਆਂ ਨੂੰ ਚਿਤਾਉਣੀ ਤੇ ਭਾਰਤ ਵਰਸ਼ ਦੀ ਪੁਰਾਤਨ ਸਭਿਅਤਾ ਨੂੰ ਖ਼ਤਰਾ।”

ਮੁੰਡਾ ਹੱਸਿਆ ਤੇ ਫੇਰ ਗੰਭੀਰ ਹੋ ਗਿਆ, “ਇਕੋ ਜਿਹੇ ਆਦਰਸ਼ ਨਾਲ ਮੱਲੇ ਮਨ, ਐਨ ਕੁਦਰਤੀ ਏ, ਇਕ ਦੂਜੇ ਨੂੰ ਆਪਣੇ ਨੇੜੇ ਸਮਝਣ। ਇਨ੍ਹਾਂ ਵਿਚ ਦੋਸਤੀ ਹੋਣੀ ਵੀ ਕੋਈ ਅਨੋਖੀ ਗੱਲ ਨਹੀਂ, ਤੇ ਨਾਲੇ ਕੋਸਾ ਜਿਹਾ ਸੁਸਤ ਜਿਹਾ ਆਦਰਸ਼ ਥੋੜ੍ਹਾ ਏ? ਸਭ ਕੁਝ ਛੱਡ ਕੇ ਇਹਦੇ ਲਈ ਨਿਤਰੀਦਾ ਏ। ਆਪਣੇ ਆਦਰਸ਼ ਦੇ ਸਾਥੀਆਂ ਦੇ ਸਿਵਾ ਹੋਰ ਕੋਈ ਬਰਾਦਰੀ ਈ ਨਹੀਂ ਰਹਿ ਜਾਂਦੀ। ਤੇ ਫੇਰ ਵੀ, ਅਸੀਂ ਤਕਦੇ ਆਂ ਸਾਡੇ ਸਾਥੀ ਇਸਤ੍ਰੀਆਂ, ਮਰਦਾਂ ਨੂੰ ਆਪਸ ਵਿਚ ਇਕ ਉਚੇਚੇ ਸੰਕੋਚ ਦੀ ਕੰਧ ਉਸਾਰਨੀ ਪੈਂਦੀ ਏ, ਤਾਂ ਕਿ ਇਹ ਅਖ਼ਲਾਕੀ ਠੇਕੇਦਾਰ ਲਹਿਰ ਨੂੰ ਬਦਨਾਮ ਨਾ ਕਰ ਸਕਣ—ਪਰ ਫੇਰ ਵੀ ਉਹੀ ਬਕਵਾਸ।”

“ਬਕਣਾ ਤਾਂ ਇਨ੍ਹਾਂ ਦਾ ਵਸਬ ਹੋਇਆ,” ਕੁੜੀ ਨੇ ਕਿਹਾ, “ਬਕੀ ਜਾਣ— ਭਵਿੱਖ ਸਾਡਾ ਏ!”

“ਮੈਂ ਜਾਣਦਾ ਹਾਂ—ਜਿਸ ਸਮਾਜ ਦੇ ਖੰਡਰ ਤਕ ਇਹ ਹਿੱਕ ਨੂੰ ਲਾਈ ਰੱਖਣਾ ਚਾਂਹਦੇ ਨੇ, ਉਹਦਾ ਅਖ਼ਲਾਕ ਕੀ ਏ? ਉਹਦੇ ਵਿਚ ਪਿਆਰ ਤੇ ਵਿਆਹ ਦੀ ਅਸਲੀਅਤ ਕੀ ਏ? ਇਸ ਸਮਾਜ ਵਿਚ ਮਨੁੱਖ ਦੀ ਤਾਂ ਹਸਤੀ ਈ ਕੋਈ ਨਹੀਂ, ਸਿਰਫ਼ ਸਰਮਾਏ ਦੀ ਹਸਤੀ ਏ। ਸਰਮਾਇਆ ਪਿਆਰ ਵਰਗੇ ਕੁਦਰਤੀ ਜਜ਼ਬੇ ਨਾਲ ਜਿਵੇਂ ਚਾਹੇ ਖੇਡਦਾ, ਉਹਨੂੰ ਗੰਦਲਾ ਤੇ ਕਰੂਪ ਕਰਦਾ ਰਹਿੰਦਾ ਏ...”

“ਮੇਰੀ ਇਕ ਭੈਣ ਏ। ਜਦੋਂ ਮੈਂ ਆਪਣੇ ਘਰ ਰਹਿੰਦੀ ਹੁੰਦੀ ਸਾਂ, ਮੈਂ ਤੱਕਦੀ ਸਾਂ, ਉਹ ਖਿਡੌਣੇ ਤੋਂ ਵੱਧ ਆਪਣੀ ਅਸਲੀਅਤ ਨਹੀਂ ਸੀ ਪਛਾਣਦੀ। ਪਰ ਉਹਦਾ ਕੋਈ ਕਸੂਰ ਨਹੀਂ—ਸਾਡੇ ਤਬਕੇ ਦੀਆਂ ਕੁੜੀਆਂ ਦੀ ਜ਼ਿੰਦਗੀ ਹੀ ਇਹ ਹੈ—ਪਹਿਲੋਂ ਗੁੱਡੀਆਂ ਨਾਲ ਖੇਡੋ ਤੇ ਪਿਓ ਦੀਆਂ ਅੱਖੀਆਂ ਵਿਚੋਂ ਦੁਨੀਆਂ ਨੂੰ ਤਕੋ, ਤੇ ਵਿਆਹ ਕਰ ਕੇ ਫੇਰ ਬੱਚਿਆਂ ਨਾਲ ਖੇਡੋ, ਸਾੜ੍ਹੀਆਂ ਖਰੀਦੋ, ਤੇ ਪਤੀ ਦੀਆਂ ਅੱਖਾਂ ਵਿਚੋਂ ਦੁਨੀਆਂ ਤਕੋ!”

“ਪਿਆਰ ਤੇ ਵਿਆਹ,” ਮੁੰਡਾ ਇਕ ਕੌੜਾ ਜਿਹਾ ਹਾਸਾ ਹੱਸਿਆ। …ਉਹਨੂੰ ਰੇਡੀਓ ਸਾਹਮਣੇ ਬੈਠੀ ਉਹ ਕੁੜੀ ਯਾਦ ਆ ਗਈ। ਬੜੀ ਦੇਰ ਦੀ ਗੱਲ ਸੀ—ਸਿਤਾਰ ਵਜ ਰਹੀ ਸੀ, ਸੈਂਡਲ ਵਿਚੋਂ ਝਾਕਦੀਆਂ ਉਹਦੀਆਂ ਰੰਗੇ ਨਹੁੰਆਂ ਵਾਲੀਆਂ ਉਂਗਲੀਆਂ ਤਾਲ ਨਾਲ ਉੱਠ ਰਹੀਆਂ ਸਨ। ਉਹ ਬੀ.ਏ. ਦਾ ਇਮਤਿਹਾਨ ਦੇ ਘਰ ਪਰਤਿਆ ਸੀ। ਧੁੱਪ-ਵਿਹੂਣੇ ਪੱਤਿਆਂ ਵਰਗੀਆਂ ਅੱਖਾਂ ਉੱਚੀਆਂ ਕਰ ਕੇ ਉਸ ਕੁੜੀ ਨੇ ਓਸ ਕੋਲੋਂ ਪੁੱਛਿਆ ਸੀ, “ਤੁਹਾਡਾ ਫ਼ੇਵਰਿਟ ਸਾਜ਼ ਕੀ ਏ?” ਉਹ ਖ਼ੁਸ਼ ਹੋਈ ਸੀ ਕਿ ਉਨ੍ਹਾਂ ਦਾ ਫ਼ੇਵਰਿਟ ਸਾਜ਼ ਮਿਲਦਾ ਸੀ; ਉਨ੍ਹਾਂ ਦੇ ਪਿਓ ਖ਼ੁਸ਼ ਹੋਏ ਸਨ, ਉਨ੍ਹਾਂ ਦੇ ਬੈਂਕ-ਹਿਸਾਬ ਮਿਲਦੇ ਸਨ; ਤੇ ਕੁਝ ਦਿਨਾਂ ਬਾਅਦ ਵਿਆਹ ਦੀ ਤਜਵੀਜ਼...

ਗੁਲ-ਮੁਹਰ ਸ਼ਿੰਗਾਰੀ ਸੜਕ ਤੋਂ ਉਹ ਲੰਘੀ ਜਾ ਰਹੇ ਸਨ, ਅਨੰਤ ਸਮੁੰਦਰ ਵਿਚ ਛੱਲਾਂ ਉੱਠਦੀਆਂ ਤੇ ਲਗਾਤਾਰ ਸੜਕ ਤੇ ਸਮੁੰਦਰ ਵਿਚਲੀ ਕੰਧ ਨਾਲ ਟੱਕਰ ਮਾਰ ਕੇ ਮੁੜ ਜਾਂਦੀਆਂ।

ਬੱਦਲ ਤਾਂ ਜਦੋਂ ਉਹ ਸਿਨਮਾ ਕੋਲੋਂ ਤੁਰੇ ਸਨ, ਓਦੋਂ ਤੋਂ ਹੀ ਬਣੇ ਹੋਏ ਸਨ, ਹੁਣ ਵਰ੍ਹਣ ਲੱਗ ਪਏ ਸਨ। ਜ਼ੋਰ ਦੀ ਮੀਂਹ ਸ਼ੁਰੂ ਹੋ ਗਿਆ। ਸੜਕ ਮੀਂਹ ਕਰ ਕੇ ਹੋਰ ਕਾਲੀ ਹੋ ਗਈ, ਤੇ ਗੁਲ-ਮੁਹਰ ਦੇ ਝੜੇ ਫੁੱਲ ਹੋਰ ਲਾਲ। ਲਾਲ ਫੁੱਲ, ਕਾਲੀ ਸੜਕ ਤੇ ਤਰਨ ਲੱਗ ਪਏ ਸਨ। ਕੁੜੀ ਫੁੱਲਾਂ ਨੂੰ ਤਕ ਕੇ ਗੁਣਗੁਣਾਨ ਲਗ ਪਈ, “ਹੋ ਸਭ ਲਾਲ ਜਹਾਨ!” ਮੁੰਡੇ ਨੇ ਗੀਤ ਵਿਚ ਵਾਜ ਰਲਾਈ।

ਸਮੁੰਦਰ ਬੜਾ ਪੁਰ-ਸ਼ੋਰ ਹੋ ਚੁਕਿਆ ਸੀ। ਕਣੀਆਂ ਨੇ ਆਸੇ-ਪਾਸੇ ਇਕ ਧੁੰਦ ਖਿਲਾਰ ਦਿੱਤੀ ਸੀ। ਉਨ੍ਹਾਂ ਦੋਵਾਂ ਨੂੰ ਕੋਈ ਵੇਖ ਨਹੀਂ ਸੀ ਸਕਦਾ, ਕੋਈ ਸੁਣ ਨਹੀਂ ਸੀ ਸਕਦਾ। ਉਹ ਉੱਚੀ-ਉੱਚੀ ਗੌਣ ਲੱਗ ਪਏ...ਸਾਹਮਣਿਓਂ ਪੈਂਦੀਆਂ ਕਣੀਆਂ ਦੀ ਚੋਭ, ਸਮੁੰਦਰ ਦੀਆਂ ਛੱਲਾਂ ਦਾ ਸ਼ੋਰ। ਆਪਸ ਵਿਚਲਾ ਸੰਕੋਚ ਕਣੀਆਂ ਉਹਲੇ ਹੋਣ ਕਰਕੇ ਖੁਰ ਰਿਹਾ ਸੀ—ਉਹ ਹੋਰ ਨੇੜੇ ਜਿਹੇ ਹੋ ਕੇ ਚੱਲਣ ਲੱਗ ਪਏ, ਹੋਰ ਨੇੜੇ ਜਿਹੇ ਹੋ ਕੇ ਤਕਣ ਲੱਗ ਪਏ।

ਮੁੰਡੇ ਦੀ ਪਤਲੂਨ ਦੇ ਪਉਂਚੇ ਉਹਦੀਆਂ ਲੱਤਾਂ ਨਾਲ ਤੇ ਕਮੀਜ਼ ਉਹਦੇ ਪਿੰਡੇ ਨਾਲ ਚੰਬੜ ਗਈ। ਕੁੜੀ ਨੇ ਸਾੜ੍ਹੀ ਦਾ ਪੱਲਾ ਉਚੇਚੇ ਧਿਆਨ ਨਾਲ ਆਪਣੇ ਬਲਾਊਜ਼ ਉੱਤੇ ਦੂਹਰਾ ਤੀਹਰਾ ਕਰ ਲਿਆ। ਕੁੜੀ ਦੇ ਵਾਲ ਛੱਲਾਂ ਦੀ ਉੱਡਦੀ ਫੁਹਾਰ ਵਰਗੇ ਹੋ ਗਏ।

ਕੁੜੀ ਨੇ ਆਪਣੇ ਪੈਰਾਂ ਵੱਲ ਤਕਦਿਆਂ ਆਖਿਆ, “ਮੈਨੂੰ ਮੀਂਹ ਵਿਚ ਆਪਣੇ ਪੈਰ ਸੁਹਣੇ ਲੱਗਣ ਲੱਗ ਪੈਂਦੇ ਨੇ!”

ਮੁੰਡਾ ਉਹਦੇ ਪੈਰਾਂ ਵੱਲ ਤੱਕਦਾ ਹੀ ਪਿਆ ਸੀ ਕਿ ਇਕ ਜ਼ੋਰਦਾਰ ਛੱਲ, ਜਿਹੜੀ ਸੜਕ ਤੇ ਸਮੁੰਦਰ ਵਿਚਲੀ ਕੰਧ ਵੀ ਟੱਪ ਆਈ ਸੀ, ਇਕ ਫੋਰ ਵਿੱਚ ਉਨ੍ਹਾਂ ਦੋਵਾਂ ਨੂੰ ਛੁਹ ਗਈ। ਦੋਵੇਂ ਹੱਸ ਪਏ, ਕੁੜੀ ਦਾ ਹਾਸਾ ਤਕ ਕੇ ਮੁੰਡੇ ਨੂੰ ਛੱਲ ਫੇਰ ਯਾਦ ਆ ਗਈ। ਦੋਵਾਂ ਆਪਣੀ ਜੀਭ ਆਪਣੇ ਬੁੱਲ੍ਹਾਂ ਤੇ ਫੇਰ ਕੇ ਬਾਲਾਂ ਵਾਂਗ ਮੂੰਹ ਬਣਾਇਆ। ਕੁੜੀ ਨੇ ਦੂਰ ਇਸ਼ਾਰਾ ਕੀਤਾ, ਜਿਥੇ ਇਕ ਹੋਰ ਛੱਲ ਪਹਿਲਾਂ ਵਾਂਗ ਉਤਾਂਹ ਉੱਠੀ ਸੀ। ਮੁੰਡੇ ਨੇ ਇਕ ਹੋਰ ਥਾਂ ਤਕਦਿਆਂ ਕਿਹਾ, “ਉਹ..!” ਤੇ ਕੁੜੀ ਨੇ ਬਾਲੜੇ ਚਾਅ ਵਿਚ ਦੁਹਰਾਇਆ
“ਉਹ...!”

ਦੋ ਕੁ ਕਦਮ ਅੱਗੇ ਚੱਲ ਕੇ ਸਮੁੰਦਰ ਵੱਲ ਪੌੜੀਆਂ ਉਤਰਦੀਆਂ ਸਨ, ਤੇ ਬੋਰਡ ਤੇ ਲਿਖਿਆ ਹੋਇਆ ਸੀ, “ਮੀਂਹ ਦੇ ਮੌਸਮ ਵਿਚ ਥੱਲੇ ਕੋਈ ਨਾ ਉਤਰੇ।” ਪਰ ਉਹ ਦੋਵੇਂ ਉਤਰ ਗਏ—ਬੋਰਡ ਨੇ ਜਿਵੇਂ ਉਨ੍ਹਾਂ ਨੂੰ ਵੰਗਾਰਿਆ ਹੋਵੇ।

ਗਿੱਲੀਆਂ ਪੱਥਰ ਦੀਆਂ ਪੌੜੀਆਂ ਤੇ ਉਹ ਦੋਵੇਂ ਖੜੋ ਗਏ। ਦੂਰ ਤੱਕ ਸਮੁੰਦਰ ਦੇ ਕੰਢੇ ਤੇ ਕਾਲੇ-ਕਾਲੇ ਵੱਡੇ-ਵੱਡੇ ਪੱਥਰ ਪਏ ਹੋਏ ਸਨ। ਛੱਲਾਂ ਦਾ ਇਕ ਝੱਖੜ ਸੀ, ਗਾੜ੍ਹ-ਗਾੜ੍ਹ ਛੱਲਾਂ ਉੱਠਦੀਆਂ, ਛੱਲਾਂ ਪੌੜੀ ਦੇ ਪੈਰਾਂ ਨਾਲ ਵੀ ਟਕਰਾਂਦੀਆਂ, ਉਤਾਂਹ ਪਾਣੀ ਉਲਰਦਾ। ਉਨ੍ਹਾਂ ਦੋਵਾਂ ਨੇ ਘੁੱਟ ਕੇ ਪੌੜੀ ਦੀ ਕੰਧ ਨਾਲ ਲੱਗੇ ਲੋਹੇ ਦੇ ਡੰਡੇ ਨੂੰ ਫੜ ਲਿਆ। ਇਕ ਲਹਿਰ ਜ਼ੋਰ ਦੀ ਆਈ, ਜਿਦ੍ਹੇ ਵਿਚ ਪੌੜੀਆਂ ਡੁੱਬ ਗਈਆਂ, ਜਿਹੜੀ ਉਨ੍ਹਾਂ ਦੋਵਾਂ ਦੁਆਲੇ ਲਿਪਟ ਗਈ। ਉਨ੍ਹਾਂ ਨੂੰ ਜਾਪਿਆ ਜਿਵੇਂ ਉਹ ਡੂੰਘ-ਡੂੰਘਾਰੇ ਸਮੁੰਦਰ ਵਿਚ ਸਨ, ਅਹਿਲ ਅਡੋਲ। ਲਹਿਰ ਲਹਿ ਗਈ। ਦੋਵੇਂ ਹੱਸ ਰਹੇ ਸਨ—ਇਕ ਹਾਸਾ, ਨਿਰੋਲ ਹਾਸਾ, ਛੱਲ ਦੇ ਉੱਠਣ ਵਾਂਗ ਕੁਦਰਤੀ।

ਮੁੰਡੇ ਨੇ ਕਿਹਾ, “ਚੱਲੀਏ?”

ਕੁੜੀ ਨੇ ਆਖਿਆ, “ਇਕ ਵੇਰ ਹੋਰ।”

ਉਹ ਦੋਵੇਂ ਨਵੀਂ ਛੱਲ ਉਡੀਕਣ ਲੱਗ ਪਏ। ਦੋਵੇਂ ਚੁੱਪ ਸਨ, ਪਰ ਸਾਂਝੀ ਉਡੀਕ ਨੇ ਉਨ੍ਹਾਂ ਦੇ ਚੁੱਪ ਬੋਲਾਂ ਨੂੰ, ਸਾਂਝਿਆਂ ਕਰ ਦਿੱਤਾ, ਉਨ੍ਹਾਂ ਦੀ ਤਕਣੀ ਇਕ ਦੂਜੇ ਤੇ ਟਿਕਾ ਦਿੱਤਾ। ਦੋਵਾਂ ਦੀਆਂ ਅੱਖਾਂ ਸਮੁੰਦਰ ਵਾਂਗ ਡੂੰਘੀਆਂ ਹੋ ਗਈਆਂ, ਜਿਸ ਵਿਚੋਂ ਛੱਲਾਂ ਉੱਠ ਰਹੀਆਂ ਸਨ, ਤੇ ਉਹ ਤਕਦੇ ਰਹੇ, ਤਕਦੇ ਰਹੇ। ਅਣਜਾਣਿਆਂ ਹੀ ਇਕ ਛਲ ਉੱਠੀ, ਦੋਵਾਂ ਦੁਆਲੇ ਲਿਪਟ ਗਈ, ਲਿਪਟੀ ਰਹੀ, ਫੇਰ ਲਹਿ ਗਈ।

ਕੁੜੀ ਨੇ ਆਪਣੀਆਂ ਉਂਗਲੀਆਂ ਮੁੰਡੇ ਦਿਆਂ ਬੁੱਲ੍ਹਾਂ ਵੱਲ ਕਰਦਿਆਂ ਆਖਿਆ,
“ਕਿੰਨਾ ਲੂਣ-ਲੂਣ ਹੋ ਗਿਐ...।”

ਮੁੰਡੇ ਨੇ ਉਂਗਲੀਆਂ ਨੂੰ ਬੁੱਲ੍ਹਾਂ ਨਾਲ ਛੁਹਿਆ। …ਇਕ ਛੱਲ ਕਾਲੇ ਵੱਡੇ ਪੱਥਰਾਂ ਉੱਤੋਂ ਹੁੰਦੀ ਸਮੁੰਦਰ ਤੇ ਸੜਕ ਵਿਚਲੀ ਮਜ਼ਬੂਤ ਕੰਧ ਨੂੰ ਟੱਪ ਰਹੀ ਸੀ।

ਉਹ ਉਤਾਂਹ ਚੜ੍ਹ ਆਏ। ਸੜਕ ਉੱਤੇ ਗੁਲ-ਮੁਹਰ ਦੇ ਫੁੱਲ ਖਿਲਰੇ ਹੋਏ ਸਨ, ਕੁੜੀ ਦੇ ਮੂੰਹ ਉੱਤੇ ਗੁਲ-ਮੁਹਰ ਦਾ ਰੰਗ ਖਿਲਰ ਰਿਹਾ ਸੀ।

[1944]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •