Chief Di Daawat (Punjabi Story) : Bhisham Sahani

ਚੀਫ਼ ਦੀ ਦਾਅਵਤ (ਕਹਾਣੀ) : ਭੀਸ਼ਮ ਸਾਹਨੀ

ਅੱਜ ਮਿਸਟਰ ਸ਼ਾਮਨਾਥ ਦੇ ਘਰ ਚੀਫ਼ ਦੀ ਦਾਅਵਤ ਸੀ। 

ਸ਼ਾਮਨਾਥ ਅਤੇ ਉਹਦੀ ਪਤਨੀ ਨੂੰ ਮੁੜ੍ਹਕਾ ਪੂੰਝਣ ਦੀ ਵੀ ਵਿਹਲ ਨਹੀਂ ਸੀ। ਪਤਨੀ ਡਰੈਸਿੰਗ ਗਾਊਨ ਪਹਿਨੀ ਉਲਝੇ ਹੋਏ ਵਾਲਾਂ ਦਾ ਜੂੜਾ ਬਣਾਈ, ਮੂੰਹ ਉਤੇ ਫੈਲੀ ਲਿਪਸਟਿਕ ਅਤੇ ਪਾਊਡਰ ਨੂੰ ਭੁਲਾਈ, ਅਤੇ ਮਿਸਟਰ ਸ਼ਾਮਨਾਥ ਸਿਗਰਟ ਤੇ ਸਿਗਰਟ ਫੂਕਦੇ ਹੋਏ, ਚੀਜ਼ਾਂ ਦੀ ਲਿਸਟ ਹੱਥ ਵਿੱਚ ਫੜੀ, ਇਕ ਕਮਰੇ ਤੋਂ ਦੂਜੇ ਕਮਰੇ ਵਿੱਚ ਆ-ਜਾ ਰਹੇ ਸਨ। 

ਆਖ਼ਰ ਪੰਜ ਵੱਜਦੇ-ਵੱਜਦੇ ਤਿਆਰੀ ਪੂਰੀ ਹੋ ਗਈ। ਕੁਰਸੀਆਂ, ਮੇਜ਼, ਤਿਪਾਈਆਂ, ਨੈਪਕਿਨ, ਫੁੱਲ ਸਭ ਕੁਝ ਬਰਾਂਡੇ ਵਿਚ ਆ ਗਿਆ। ਡਰਿੰਕ ਦਾ ਪ੍ਰਬੰਧ ਬੈਠਕ ਵਿਚ ਕਰ ਦਿਤਾ ਗਿਆ। ਘਰ ਦਾ ਫਾਲਤੂ ਸਮਾਨ ਅਲਮਾਰੀਆਂ ਦੇ ਪਿੱਛੇ ਅਤੇ ਪਲੰਘ ਹੇਠਾਂ ਛੁਪਾਇਆ ਜਾਣ ਲੱਗਾ। ਉਦੋਂ ਹੀ ਸ਼ਾਮਨਾਥ ਦੇ ਸਾਹਮਣੇ ਅਚਾਨਕ ਇਕ ਅੜਿਚਣ ਆ ਖੜ੍ਹੀ ਹੋਈ: ਮਾਂ ਦਾ ਕੀ ਕਰੀਏ?

ਇਸ ਗੱਲ ਵੱਲ ਨਾ ਤਾਂ ਉਹਦਾ ਅਤੇ ਨਾ ਹੀ ਉਹਦੀ ਮਾਹਿਰ ਪਤਨੀ ਦਾ ਧਿਆਨ ਗਿਆ ਸੀ। ਮਿਸਟਰ ਸ਼ਾਮਨਾਥ ਸ੍ਰੀਮਤੀ ਵੱਲ ਮੁੜ ਕੇ ਅੰਗਰੇਜ਼ੀ ਵਿੱਚ ਬੋਲਿਆ -ਮਾਂ ਦਾ ਕੀ ਕਰੀਏ?

ਸ੍ਰੀਮਤੀ ਕੰਮ ਕਰਦੀ-ਕਰਦੀ ਰੁਕ ਗਈ ਅਤੇ ਕੁਝ ਸੋਚਣ ਪਿੱਛੋਂ ਬੋਲੀ- ਇਨ੍ਹਾਂ ਨੂੰ ਪਿਛਲੇ ਪਾਸੇ ਇਨ੍ਹਾਂ ਦੀ ਸਹੇਲੀ ਦੇ ਘਰ ਭੇਜ ਦਿਓ। ਰਾਤ ਭਾਵੇਂ ਉੱਥੇ ਹੀ ਰਹਿਣ। ਕੱਲ੍ਹ ਨੂੰ ਆ ਜਾਣ। 

ਸ਼ਾਮਨਾਥ ਸਿਗਰਟ ਮੂੰਹ ਵਿੱਚ ਦਬਾਈ ਸੁੰਗੜੀਆਂ ਅੱਖਾਂ ਨਾਲ ਸ੍ਰੀਮਤੀ ਦੇ ਮੂੰਹ ਵਲ ਵੇਖਦਾ ਹੋਇਆ ਕੁਝ ਚਿਰ ਸੋਚਦਾ ਰਿਹਾ, ਫਿਰ ਸਿਰ ਮਾਰ ਕੇ ਬੋਲਿਆ- ਨਹੀਂ, ਮੈਂ ਨਹੀਂ ਚਾਹੁੰਦਾ ਕਿ ਉਸ ਬੁੱਢੀ ਦਾ ਆਉਣਾ-ਜਾਣਾ ਇੱਥੇ ਫਿਰ ਸ਼ੁਰੂ ਹੋ ਜਾਵੇ। ਪਹਿਲਾਂ ਹੀ ਬੜੀ ਮੁਸ਼ਕਿਲ ਨਾਲ ਬੰਦ ਕੀਤਾ ਸੀ। ਮਾਂ ਨੂੰ ਕਹਿ ਦਿੰਦੇ ਹਾਂ ਕਿ ਛੇਤੀ ਖਾਣਾ ਖਾ ਕੇ ਸ਼ਾਮ ਵੇਲੇ ਹੀ ਆਪਣੀ ਕੋਠੀ ਵਿੱਚ ਚਲੇ ਜਾਣ। ਮਹਿਮਾਨ ਤਾਂ ਕਿਤੇ ਅੱਠ ਵਜੇ ਆਉਣਗੇ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਕੰਮ ਨਿਬੇੜ ਲੈਣ। 

ਸੁਝਾਅ ਠੀਕ ਸੀ। ਦੋਹਾਂ ਨੂੰ ਪਸੰਦ ਆਇਆ। ਪਰ ਫਿਰ ਅਚਾਨਕ ਸ੍ਰੀਮਤੀ ਬੋਲੀ- ਜੇ ਉਹ ਸੌਂ ਗਏ ਅਤੇ ਨੀਂਦ ਵਿਚ ਘੁਰਾੜੇ ਮਾਰਨ ਲੱਗੇ, ਫਿਰ? ਨਾਲ ਹੀ ਤਾਂ ਬਰਾਂਡਾ ਹੈ, ਜਿੱਥੇ ਮਹਿਮਾਨ ਖਾਣਾ ਖਾਣਗੇ। 

-ਤਾਂ ਇਨ੍ਹਾਂ ਨੂੰ ਕਹਿ ਦਿੰਦੇ ਹਾਂ ਕਿ ਅੰਦਰੋਂ ਦਰਵਾਜ਼ਾ ਬੰਦ ਕਰ ਲੈਣ। ਮੈਂ ਬਾਹਰੋਂ ਤਾਲਾ ਲਾ ਦਿਆਂਗਾ। ਜਾਂ ਮਾਂ ਨੂੰ ਕਹਿ ਦਿੰਦਾ ਹਾਂ ਕਿ ਅੰਦਰ ਜਾ ਕੇ ਸੌਣ ਨਾ, ਬੈਠੇ ਰਹਿਣ, ਹੋਰ ਕੀ!

-ਤੇ ਜੇ ਸੌਂ ਗਏ, ਫੇਰ? ਡਿਨਰ ਦਾ ਕੀ ਪਤਾ, ਕਦੋਂ ਤੱਕ ਚੱਲੇ? ਗਿਆਰਾਂ-ਗਿਆਰਾਂ ਵਜੇ ਤੱਕ ਤਾਂ ਤੁਹਾਡੀ ਡਰਿੰਕ ਚੱਲਦੀ ਰਹਿੰਦੀ ਹੈ...। 

ਸ਼ਾਮਨਾਥ ਕੁਝ ਖਿਝ ਗਿਆ, ਹੱਥ ਮਾਰਦਾ ਹੋਇਆ ਬੋਲਿਆ -ਚੰਗੇ ਭਲੇ ਏਹ ਭਰਾ ਕੋਲ ਜਾ ਰਹੇ ਸਨ, ਤੂੰ ਐਵੇਂ ਹੀ ਚੰਗੀ ਬਣਨ ਲਈ ਵਿੱਚ ਲੱਤ ਅੜਾ ਦਿੱਤੀ। 

-ਵਾਹ ਬਈ ਵਾਹ! ਤੁਹਾਡੇ ਮਾਂ-ਪੁੱਤ ਦੇ ਮਾਮਲੇ ਵਿੱਚ ਮੈਂ ਕਿਉਂ ਬੁਰੀ ਬਣਾਂ? ਮੈਨੂੰ ਕੀ? ਤੁਸੀਂ ਜਾਣੋ, ਜਾਂ ਉਹ ਜਾਣਨ! 

ਮਿਸਟਰ ਸ਼ਾਮਨਾਥ ਚੁੱਪ ਕਰ ਗਿਆ। ਇਹ ਮੌਕਾ ਬਹਿਸ ਦਾ ਨਹੀਂ ਸੀ। ਸਮੱਸਿਆ ਦਾ ਹੱਲ ਲੱਭਣਾ ਪੈਣਾ ਸੀ। ਉਸ ਨੇ ਘੁੰਮ ਕੇ ਮਾਂ ਦੀ ਕੋਠੜੀ ਵੱਲ ਵੇਖਿਆ। ਕੋਠੜੀ ਦਾ ਦਰਵਾਜ਼ਾ ਬਰਾਂਡੇ ਵਿਚ ਖੁੱਲ੍ਹਦਾ ਸੀ। ਬਰਾਂਡੇ ਵੱਲ ਵੇਖ ਕੇ ਉਹ ਤੁਰੰਤ ਬੋਲਿਆ- ਮੈਂ ਸੋਚ ਲਿਆ ਹੈ। ਅਤੇ ਉਨ੍ਹਾਂ ਹੀ ਕਦਮਾਂ ਨਾਲ ਮਾਂ ਦੀ ਕੋਠੜੀ ਦੇ ਬਾਹਰ ਜਾ ਖੜ੍ਹਾ ਹੋਇਆ। ਮਾਂ ਕੰਧ ਦੇ ਨੇੜੇ ਇੱਕ ਪੀੜ੍ਹੀ ’ਤੇ ਬੈਠੀ ਚੁੰਨੀ ਨਾਲ ਮੂੰਹ-ਸਿਰ ਢਕੀ ਮਾਲਾ ਫੇਰ ਰਹੀ ਸੀ। ਸਵੇਰ ਤੋਂ ਤਿਆਰੀ ਹੁੰਦੀ ਵੇਖਦਿਆਂ ਮਾਂ ਦਾ ਦਿਲ ਵੀ ਧੜਕ ਰਿਹਾ ਸੀ। ਬੇਟੇ ਦੇ ਦਫ਼ਤਰ ਦਾ ਵੱਡਾ ਸਾਹਿਬ ਘਰੇ ਆ ਰਿਹਾ ਹੈ, ਸਾਰਾ ਕੰਮ ਠੀਕ-ਠਾਕ ਨਿਬੜ ਜਾਏ! 

-ਮਾਂ, ਅੱਜ ਤੁਸੀਂ ਰੋਟੀ ਛੇਤੀ ਖਾ ਲਿਓ! ਮਹਿਮਾਨ ਸਾਢੇ ਸੱਤ ਵਜੇ ਆ ਜਾਣਗੇ। 

ਮਾਂ ਨੇ ਹੌਲੀ ਜਿਹੀ ਮੂੰਹ ਤੋਂ ਚੁੰਨੀ ਪਰੇ ਕੀਤੀ ਅਤੇ ਬੇਟੇ ਵੱਲ ਵੇਖਦਿਆਂ ਕਿਹਾ -ਅੱਜ ਮੈਂ ਰੋਟੀ ਨਹੀਂ ਖਾਣੀ, ਪੁੱਤ! ਤੈਨੂੰ ਤਾਂ ਪਤਾ ਹੀ ਹੈ, ਮਾਸ-ਮੱਛੀ ਬਣੇ, ਤਾਂ ਮੈਂ ਕੁਝ ਨਹੀਂ ਖਾਂਦੀ। 

-ਚਲੋ, ਜੋ ਵੀ ਹੋਵੇ, ਆਪਣਾ ਕੰਮ ਛੇਤੀ ਨਿਬੇੜ ਲੈਣਾ। 

-ਠੀਕ ਹੈ, ਬੇਟਾ!

-ਤੇ ਮਾਂ, ਅਸੀਂ ਪਹਿਲਾਂ ਬੈਠਕ ਵਿੱਚ ਬੈਠਾਂਗੇ, ਉਂਨਾ ਚਿਰ ਤੁਸੀਂ ਏਥੇ ਬਰਾਂਡੇ ਵਿੱਚ ਬੈਠੇ ਰਹਿਣਾ। ਜਦੋਂ ਅਸੀਂ ਇੱਥੇ ਆਏ, ਤਾਂ ਤੁਸੀਂ ਗੁਸਲਖਾਨੇ ਦੇ ਰਸਤੇ ਵਿੱਚੋਂ ਬੈਠਕ ਵਿੱਚ ਚਲੇ ਜਾਣਾ!

-ਠੀਕ ਹੈ, ਬੇਟਾ!

-ਤੇ ਮਾਂ, ਅੱਜ ਛੇਤੀ ਨਾ ਸੌਣਾ। ਤੁਹਾਡੇ ਘੁਰਾੜਿਆਂ ਦੀ ਅਵਾਜ਼ ਦੂਰ ਤਕ ਜਾਂਦੀ ਹੈ। 

ਮਾਂ ਝਿਜਕ ਨਾਲ ਬੋਲੀ -ਕੀ ਕਰਾਂ, ਪੁੱਤ! ਮੇਰੇ ਵੱਸ ਦੀ ਗੱਲ ਨਹੀਂ। ਜਦੋਂ ਤੋਂ ਬੀਮਾਰ ਹੋ ਕੇ ਹਟੀ ਹਾਂ, ਨੱਕ ਰਾਹੀਂ ਸਾਹ ਨਹੀਂ ਲੈ ਸਕਦੀ। 

ਮਿਸਟਰ ਸ਼ਾਮਨਾਥ ਨੇ ਪ੍ਰਬੰਧ ਤਾਂ ਕਰ ਦਿੱਤਾ, ਫਿਰ ਵੀ ਉਸ ਦੀ ਘਬਰਾਹਟ ਖ਼ਤਮ ਨਹੀਂ ਹੋਈ। ਜੇ ਚੀਫ਼ ਅਚਾਨਕ ਉਧਰ ਆ ਗਿਆ, ਫੇਰ! ਅੱਠ-ਦਸ ਮਹਿਮਾਨ ਹੋਣਗੇ, ਦੇਸੀ ਅਫ਼ਸਰ, ਉਨ੍ਹਾਂ ਦੀਆਂ ਪਤਨੀਆਂ ਵੀ ਹੋਣਗੀਆਂ, ਕੋਈ ਵੀ ਗੁਸਲਖਾਨੇ ਵੱਲ ਜਾ ਸਕਦਾ ਹੈ। ਘਬਰਾਹਟ ਅਤੇ ਗੁੱਸੇ ਵਿੱਚ ਉਹ ਸਿਰ ਖੁਰਕਣ ਲੱਗਿਆ। ਇੱਕ ਕੁਰਸੀ ਚੁੱਕ ਕੇ ਬਰਾਂਡੇ ਵਿੱਚ ਕੋਠੜੀ ਦੇ ਬਾਹਰ ਰੱਖਦਿਆਂ ਬੋਲਿਆ -ਆਓ ਮਾਂ, ਇਸ ’ਤੇ ਜ਼ਰਾ ਬੈਠਣਾ!

ਮਾਂ ਮਾਲਾ ਸੰਭਾਲਦੀ, ਪੱਲਾ ਠੀਕ ਕਰਦੀ ਉੱਠੀ ਅਤੇ ਹੌਲੀ ਜਿਹੀ ਕੁਰਸੀ ’ਤੇ ਆ ਕੇ ਬਹਿ ਗਈ। 

-ਇਉਂ ਨਹੀਂ ਮਾਂ, ਲੱਤਾਂ ਉੱਤੇ ਕਰਕੇ ਨਹੀਂ ਬੈਠੀਦਾ! ਇਹ ਮੰਜਾ ਥੋੜ੍ਹੋ ਹੈ! ਮਾਂ ਨੇ ਲੱਤਾਂ ਹੇਠਾਂ ਕਰ ਲਈਆਂ। 

-ਤੇ ਰੱਬ ਕਰਕੇ, ਨੰਗੇ ਪੈਰੀਂ ਨਾ ਤੁਰਿਓ। ਨਾ ਹੀ ਖੜਾਵਾਂ ਪਾ ਕੇ ਸਾਹਮਣੇ ਆਇਓ। ਇੱਕ ਦਿਨ ਮੈਂ ਤੁਹਾਡੀਆਂ ਉਹ ਖੜਾਵਾਂ ਚੁੱਕ ਕੇ ਬਾਹਰ ਸੁੱਟ ਦਿਆਂਗਾ। 

ਮਾਂ ਚੁੱਪ ਰਹੀ। 

-ਕੱਪੜੇ ਕਿਹੜੇ ਪਾਓਗੇ, ਮਾਂ?

-ਜਿਹੜੇ ਹਨ, ਉਹੀ ਪਾਵਾਂਗੀ, ਬੇਟਾ! ਜੋ ਕਹੇਂਗਾ, ਪਹਿਨ ਲਵਾਂਗੀ। 

ਮਿਸਟਰ ਸ਼ਾਮਨਾਥ ਸਿਗਰਟ ਮੂੰਹ ਵਿਚ ਰੱਖੀ, ਫਿਰ ਅੱਧਖੁੱਲ੍ਹੀਆਂ ਅੱਖਾਂ ਨਾਲ ਮਾਂ ਵੱਲ ਵੇਖਣ ਲੱਗਾ, ਅਤੇ ਮਾਂ ਦੇ ਕੱਪੜਿਆਂ ਬਾਰੇ ਸੋਚਣ ਲੱਗਾ। ਸ਼ਾਮਨਾਥ ਹਰ ਗੱਲ ਵਿੱਚ ਤਰਤੀਬ ਚਾਹੁੰਦਾ ਸੀ। ਘਰ ਦਾ ਪ੍ਰਬੰਧ ਉਹਦੇ ਆਪਣੇ ਹੱਥ ਵਿਚ ਸੀ। ਖੂੰਟੀਆਂ ਕਮਰਿਆਂ ਵਿੱਚ ਕਿੱਥੇ ਲਾਈਆਂ ਜਾਣ, ਬਿਸਤਰੇ ਕਿੱਥੇ ਵਿਛਾਏ ਜਾਣ, ਕਿਹੜੇ ਰੰਗ ਦੇ ਪਰਦੇ ਲਾਏ ਜਾਣ, ਪਤਨੀ ਕਿਹੜੀ ਸਾੜ੍ਹੀ ਪਹਿਨੇ, ਮੇਜ਼ ਕਿਸ ਸਾਈਜ਼ ਦਾ ਹੋਵੇ... ਸ਼ਾਮਨਾਥ ਨੂੰ ਚਿੰਤਾ ਸੀ ਕਿ ਜੇ ਚੀਫ਼ ਦਾ ਸਾਹਮਣਾ ਮਾਂ ਨਾਲ ਹੋ ਗਿਆ ਤਾਂ ਕਿਤੇ ਸ਼ਰਮਸਾਰ ਨਾ ਹੋਣਾ ਪਵੇ। ਮਾਂ ਨੂੰ ਸਿਰ ਤੋਂ ਪੈਰਾਂ ਤੱਕ ਵੇਖਦੇ ਹੋਏ ਬੋਲਿਆ -ਤੁਸੀਂ ਸਫ਼ੈਦ ਸਲਵਾਰ-ਕਮੀਜ਼ ਪਹਿਨ ਲਓ ਮਾਂ! ਪਹਿਨ ਕੇ ਆਓ ਤਾਂ ਜ਼ਰਾ ਵੇਖ ਲਵਾਂ!

ਮਾਂ ਹੌਲੀ ਜਿਹੀ ਉੱਠੀ ਅਤੇ ਆਪਣੀ ਕੋਠੜੀ ਵਿੱਚ ਕੱਪੜੇ ਪਹਿਨਣ ਚਲੀ ਗਈ। 

-ਇਹ ਮਾਂ ਦਾ ਝਮੇਲਾ ਹੀ ਰਹੇਗਾ। ਉਹਨੇ ਫਿਰ ਅੰਗਰੇਜ਼ੀ ਵਿੱਚ ਆਪਣੀ ਪਤਨੀ ਨੂੰ ਕਿਹਾ -ਕੋਈ ਢੰਗ-ਸਿਰ ਦੀ ਗੱਲ ਹੋਵੇ, ਤਾਂ ਵੀ ਕੋਈ ਕਹੇ। ਜੇ ਕਿਤੇ ਪੁੱਠੀ-ਸਿੱਧੀ ਗੱਲ ਹੋ ਗਈ, ਚੀਫ਼ ਨੂੰ ਬੁਰਾ ਲੱਗਿਆ ਤਾਂ ਸਾਰਾ ਸੁਆਦ ਜਾਂਦਾ ਰਹੇਗਾ। 

ਮਾਂ ਸਫ਼ੈਦ ਕਮੀਜ਼-ਸਲਵਾਰ ਪਹਿਨ ਕੇ ਬਾਹਰ ਆਈ। ਛੋਟਾ ਜਿਹਾ ਕੱਦ, ਸਫ਼ੈਦ ਕੱਪੜਿਆਂ ਵਿੱਚ ਵਲ੍ਹੇਟੀ, ਛੋਟਾ ਜਿਹਾ ਸੁੱਕਾ ਹੋਇਆ ਸਰੀਰ, ਧੁੰਦਲੀਆਂ ਅੱਖਾਂ, ਸਿਰਫ਼ ਸਿਰ ਦੇ ਅੱਧੇ ਝੜੇ ਹੋਏ ਵਾਲ, ਸਫ਼ੈਦ ਪੱਲੇ ਵਿੱਚ ਛੁਪ ਗਏ ਸਨ। ਪਹਿਲਾਂ ਨਾਲੋਂ ਕੁਝ ਹੀ ਘੱਟ ਕਰੂਪ ਨਜ਼ਰ ਆ ਰਹੀ ਸੀ। 

-ਚਲੋ, ਠੀਕ ਹੈ। ਕੋਈ ਚੂੜੀਆਂ ਵਗੈਰਾ ਹੋਣ ਤਾਂ ਉਹ ਵੀ ਪਹਿਨ ਲਓ, ਕੋਈ ਹਰਜ਼ ਨਹੀਂ। 

-ਚੂੜੀਆਂ ਕਿੱਥੋਂ ਲਿਆਵਾਂ ਬੇਟਾ! ਤੈਨੂੰ ਤਾਂ ਪਤਾ ਹੈ, ਸਾਰੇ ਗਹਿਣੇ ਤੇਰੀ ਪੜ੍ਹਾਈ ਲਈ ਵਿਕ ਗਏ!

ਇਹ ਵਾਕ ਸ਼ਾਮਨਾਥ ਨੂੰ ਤੀਰ ਵਾਂਗ ਵੱਜਿਆ। ਖਿਝ ਕੇ ਬੋਲਿਆ -ਇਹ ਕਿਹੜਾ ਰਾਗ ਛੇੜ ਦਿੱਤਾ ਮਾਂ! ਸਿੱਧਾ ਕਹਿ ਦਿਓ, ਗਹਿਣੇ ਨਹੀਂ ਹਨ, ਬਸ! ਇਸ ਨਾਲ਼ ਪੜ੍ਹਾਈ-ਲਿਖਾਈ ਦਾ ਕੀ ਸਬੰਧ ਹੈ? ਜੇ ਗਹਿਣੇ ਵਿਕ ਗਏ ਤਾਂ ਕੁਝ ਬਣ ਕੇ ਹੀ ਆਇਆ ਹਾਂ, ਨਿਰਾ ਲੁੱਟਰ ਤਾਂ ਨਹੀਂ ਬਣਿਆ। ਜਿੰਨਾ ਦਿੱਤਾ ਸੀ, ਉਸ ਤੋਂ ਦੁੱਗਣੇ ਲੈ ਲੈਣੇ!

ਮੇਰੀ ਜੀਭ ਸੜ ਜਾਵੇ ਬੇਟਾ, ਮੈਂ ਤੈਥੋਂ ਗਹਿਣੇ ਮੰਗਾਂਗੀ? ਮੇਰੇ ਮੂੰਹੋਂ ਤਾਂ ਐਵੇਂ ਹੀ ਨਿਕਲ ਗਿਆ ਸੀ। ਜੇ ਗਹਿਣੇ ਹੁੰਦੇ ਤਾਂ ਲੱਖ ਵਾਰੀ ਪਹਿਨਦੀ। 

ਸਾਢੇ ਪੰਜ ਵੱਜ ਚੁੱਕੇ ਸਨ। ਅਜੇ ਮਿਸਟਰ ਸ਼ਾਮਨਾਥ ਨੇ ਆਪ ਵੀ ਨਹਾ-ਧੋ ਕੇ ਤਿਆਰ ਹੋਣਾ ਸੀ। ਪਤਨੀ ਕਦੋਂ ਦੀ ਆਪਣੇ ਕਮਰੇ ਵਿੱਚ ਜਾ ਚੁੱਕੀ ਸੀ। ਸ਼ਾਮਨਾਥ ਜਾਂਦਾ ਹੋਇਆ ਇੱਕ ਵਾਰ ਫੇਰ ਮਾਂ ਨੂੰ ਸਮਝਾਉਂਦਾ ਗਿਆ -ਮਾਂ, ਰੋਜ਼ ਵਾਂਗੂੰ ਗੁੰਮਸੁੰਮ ਜਿਹੀ ਨਾ ਬੈਠੇ ਰਹਿਣਾ। ਜੇ ਸਾਹਿਬ ਏਧਰ ਆ ਗਏ ਅਤੇ ਕੁਝ ਪੁੱਛਣ ਲੱਗੇ ਤਾਂ ਠੀਕ ਤਰ੍ਹਾਂ ਜਵਾਬ ਦੇਣਾ। 

-ਮੈਂ ਨਾ ਪੜ੍ਹੀ, ਨਾ ਲਿਖੀ, ਬੇਟਾ! ਮੈਂ ਕੀ ਗੱਲ ਕਰਾਂਗੀ! ਤੂੰ ਹੀ ਦੱਸ ਦੇਵੀਂ ਕਿ ਮਾਂ ਅਨਪੜ੍ਹ ਹੈ, ਕੁਝ ਜਾਣਦੀ-ਸਮਝਦੀ ਨਹੀਂ। ਫਿਰ ਉਹ ਨਹੀਂ ਪੁੱਛੇਗਾ। 

ਸੱਤ ਵਜਦੇ-ਵਜਦੇ ਮਾਂ ਦਾ ਦਿਲ ਧੱਕ-ਧੱਕ ਕਰਨ ਲੱਗਿਆ। ਜੇ ਚੀਫ਼ ਸਾਹਮਣੇ ਆ ਗਿਆ ਅਤੇ ਉਹਨੇ ਕੁਝ ਪੁੱਛਿਆ, ਤਾਂ ਉਹ ਕੀ ਜਵਾਬ ਦੇਵੇਗੀ? ਅੰਗਰੇਜ਼ ਨੂੰ ਤਾਂ ਉਹ ਦੂਰੋਂ ਹੀ ਵੇਖ ਕੇ ਘਬਰਾ ਜਾਂਦੀ ਸੀ, ਇਹ ਤਾਂ ਅਮਰੀਕੀ ਹੈ, ਪਤਾ ਨਹੀਂ ਕੀ ਪੁੱਛ ਲਵੇ! ਮੈਂ ਕੀ ਕਹਾਂਗੀ! ਮਾਂ ਦਾ ਦਿਲ ਕੀਤਾ ਕਿ ਚੁੱਪ-ਚਾਪ ਪਿਛਲੇ ਪਾਸੇ ਵਿਧਵਾ ਸਹੇਲੀ ਦੇ ਘਰ ਚਲੀ ਜਾਵੇ। ਪਰ ਬੇਟੇ ਦੇ ਹੁਕਮ ਨੂੰ ਕਿਵੇਂ ਟਾਲ ਸਕਦੀ ਸੀ! ਚੁੱਪ-ਚਾਪ ਕੁਰਸੀ ਉੱਤੇ ਲੱਤਾਂ ਲਟਕਾਈ ਉੱਥੇ ਹੀ ਬੈਠੀ ਰਹੀ। ਇੱਕ ਕਾਮਯਾਬ ਪਾਰਟੀ ਉਹ ਹੁੰਦੀ ਹੈ, ਜਿਸ ਵਿੱਚ ਡਰਿੰਕ ਕਾਮਯਾਬੀ ਨਾਲ ਚੱਲ ਜਾਵੇ। ਸ਼ਾਮਨਾਥ ਦੀ ਪਾਰਟੀ ਸਫਲਤਾ ਦੀ ਸਿਖਰ ’ਤੇ ਸੀ। ਗੱਲਬਾਤ ਉਸੇ ਰੁਟੀਨ ਵਿੱਚ ਚੱਲ ਰਹੀ ਸੀ, ਜਿਸ ਰੁਟੀਨ ਵਿੱਚ ਗਲਾਸ ਭਰੇ ਜਾ ਰਹੇ ਸਨ। ਕਿਤੇ ਕੋਈ ਰੁਕਾਵਟ ਨਹੀਂ ਸੀ, ਕੋਈ ਅੜਿੱਚਣ ਨਹੀਂ ਸੀ। ਸਾਹਿਬ ਨੂੰ ਵਿਸਕੀ ਪਸੰਦ ਆਈ ਸੀ। ਮੇਮ-ਸਾਹਿਬ ਨੂੰ ਪਰਦੇ ਪਸੰਦ ਆਏ ਸਨ, ਸੋਫਾ-ਕਵਰ ਦਾ ਡਿਜ਼ਾਈਨ ਪਸੰਦ ਆਇਆ ਸੀ, ਕਮਰੇ ਦੀ ਸਜਾਵਟ ਪਸੰਦ ਆਈ ਸੀ। ਇਸ ਤੋਂ ਵੱਧ ਹੋਰ ਕੀ ਚਾਹੀਦਾ ਹੈ! ਸਾਹਿਬ ਤਾਂ ਡਰਿੰਕ ਦੇ ਦੂਜੇ ਦੌਰ ਵਿੱਚ ਹੀ ਚੁਟਕਲੇ ਤੇ ਕਹਾਣੀਆਂ ਸੁਣਾਉਣ ਲੱਗ ਪਏ ਸਨ। ਦਫ਼ਤਰ ਵਿੱਚ ਜਿੰਨਾ ਰੋਹਬ ਰੱਖਦੇ ਸਨ, ਇੱਥੇ ਉਂਨਾ ਹੀ ਦੋਸਤ-ਨੁਮਾ ਹੋ ਰਹੇ ਸਨ। ਅਤੇ ਉਨ੍ਹਾਂ ਦੀ ਪਤਨੀ, ਕਾਲਾ ਗਾਊਨ ਪਹਿਨੀ, ਗਲੇ ਵਿੱਚ ਸਫ਼ੈਦ ਮੋਤੀਆਂ ਦਾ ਹਾਰ, ਸੈਂਟ ਅਤੇ ਪਾਊਡਰ ਦੀ ਮਹਿਕ ਨਾਲ ਓਤਪੋਤ ਕਮਰੇ ਵਿੱਚ ਬੈਠੀਆਂ ਸਾਰੀਆਂ ਦੇਸੀ ਔਰਤਾਂ ਦਾ ਕੇਂਦਰ-ਬਿੰਦੂ ਬਣੀ ਹੋਈ ਸੀ। ਗੱਲ-ਗੱਲ ’ਤੇ ਹੱਸਦੀ, ਗੱਲ-ਗੱਲ ’ਤੇ ਸਿਰ ਹਿਲਾਉਂਦੀ। ਤੇ ਸ਼ਾਮਨਾਥ ਦੀ ਪਤਨੀ ਨਾਲ ਤਾਂ ਇਉਂ ਗੱਲਾਂ ਕਰ ਰਹੀ ਸੀ, ਜਿਵੇਂ ਉਹਦੀ ਪੁਰਾਣੀ ਸਹੇਲੀ ਹੋਵੇ! 

ਅਤੇ ਇਉਂ ਹੀ ਪੀਂਦੇ-ਪਿਆਉਂਦੇ ਸਾਢੇ ਦਸ ਵੱਜ ਗਏ। ਵਕਤ ਬੀਤਦੇ ਪਤਾ ਹੀ ਨਾ ਲੱਗਿਆ। 

ਆਖ਼ਰ ਸਾਰੇ ਜਣੇ ਆਪੋ-ਆਪਣੇ ਗਲਾਸਾਂ ‘ਚੋਂ ਆਖ਼ਰੀ ਘੁੱਟ ਪੀ ਕੇ ਖਾਣਾ ਖਾਣ ਲਈ ਉੱਠੇ ਅਤੇ ਬੈਠਕ ਤੋਂ ਬਾਹਰ ਆ ਗਏ। ਸਭ ਤੋਂ ਮੂਹਰੇ ਰਾਹ ਦੱਸਦਾ ਹੋਇਆ ਸ਼ਾਮਨਾਥ, ਪਿੱਛੇ ਚੀਫ਼ ਅਤੇ ਹੋਰ ਮਹਿਮਾਨ। 

ਬਰਾਂਡੇ ਵਿੱਚ ਪਹੁੰਚਦੇ ਹੀ ਸ਼ਾਮਨਾਥ ਅਚਾਨਕ ਰੁਕ ਗਿਆ। ਜੋ ਦ੍ਰਿਸ਼ ਉਹਨੇ ਵੇਖਿਆ, ਉਸ ਨਾਲ ਉਹਦੀਆਂ ਲੱਤਾਂ ਕੰਬਣ ਲੱਗੀਆਂ ਤੇ ਪਲ-ਭਰ ਵਿੱਚ ਸਾਰਾ ਨਸ਼ਾ ਕਾਫ਼ੂਰ ਹੋਣ ਲੱਗਿਆ। ਬਰਾਂਡੇ ਵਿੱਚ ਐਨ ਕੋਠੜੀ ਦੇ ਬਾਹਰ ਮਾਂ ਆਪਣੀ ਕੁਰਸੀ ਉੱਤੇ ਜਿਉਂ ਦੀ ਤਿਉਂ ਬੈਠੀ ਸੀ, ਪਰ ਦੋਵੇਂ ਪੈਰ ਕੁਰਸੀ ਦੀ ਸੀਟ ’ਤੇ ਰੱਖੇ ਹੋਏ, ਅਤੇ ਸਿਰ ਸੱਜੇ ਤੋਂ ਖੱਬੇ, ਖੱਬੇ ਤੋਂ ਸੱਜੇ ਝੂਲ ਰਿਹਾ ਸੀ ਅਤੇ ਮੂੰਹ ‘ਚੋਂ ਲਗਾਤਾਰ ਘੁਰਾੜਿਆਂ ਦੀ ਆਵਾਜ਼ ਆ ਰਹੀ ਸੀ। ਜਦੋਂ ਸਿਰ ਕੁਝ ਚਿਰ ਲਈ ਟੇਢਾ ਹੋ ਕੇ ਇੱਕ ਪਾਸੇ ਵੱਲ ਖੜ੍ਹ ਜਾਂਦਾ ਤਾਂ ਘੁਰਾੜੇ ਹੋਰ ਵੀ ਉੱਚੀ ਹੋ ਜਾਂਦੇ। ਅਤੇ ਫਿਰ ਜਦੋਂ ਝਟਕੇ ਨਾਲ ਨੀਂਦ ਟੁੱਟਦੀ ਤਾਂ ਸਿਰ ਫਿਰ ਤੋਂ ਸੱਜੇ ਤੋਂ ਖੱਬੇ ਝੂਟੇ ਲੈਣ ਲੱਗਦਾ। ਪੱਲਾ ਸਿਰ ਤੋਂ ਖਿਸਕ ਗਿਆ ਸੀ ਅਤੇ ਮਾਂ ਦੇ ਝੜੇ ਹੋਏ ਵਾਲ਼, ਅੱਧੇ ਗੰਜੇ ਸਿਰ ’ਤੇ ਖਿੱਲਰੇ ਪਏ ਸਨ। 

ਵੇਖਦਿਆਂ ਹੀ ਸ਼ਾਮਨਾਥ ਗੁੱਸੇ ਵਿੱਚ ਆ ਗਿਆ। ਜੀਅ ਕੀਤਾ ਕਿ ਮਾਂ ਨੂੰ ਧੱਕਾ ਮਾਰ ਕੇ ਉਠਾ ਦੇਵੇ ਅਤੇ ਉਨ੍ਹਾਂ ਨੂੰ ਕੋਠੜੀ ਵੱਲ ਧੱਕ ਦੇਵੇ। ਪਰ ਇਉਂ ਕਰਨਾ ਸੰਭਵ ਨਹੀਂ ਸੀ। ਚੀਫ਼ ਅਤੇ ਬਾਕੀ ਮਹਿਮਾਨ ਕੋਲ ਖੜ੍ਹੇ ਸਨ। 

ਮਾਂ ਵੱਲ ਵੇਖਦਿਆਂ ਹੀ ਦੇਸੀ ਅਫ਼ਸਰਾਂ ਦੀਆਂ ਕੁਝ ਔਰਤਾਂ ਹੱਸ ਪਈਆਂ, ਇੰਨੇ ਵਿੱਚ ਚੀਫ਼ ਨੇ ਹੌਲੀ ਜਿਹੀ ਕਿਹਾ -ਪੂਅਰ ਡੀਅਰ!

ਮਾਂ ਘਬਰਾ ਕੇ ਉੱਠ ਗਈ। ਸਾਹਮਣੇ ਖੜ੍ਹੇ ਇੰਨੇ ਲੋਕਾਂ ਨੂੰ ਵੇਖ ਕੇ ਇਉਂ ਬੌਖਲਾਈ ਕਿ ਕੁਝ ਬੋਲ ਨਾ ਸਕੀ। ਤੁਰੰਤ ਪੱਲਾ ਸਿਰ ’ਤੇ ਰੱਖਦੀ ਹੋਈ ਖੜ੍ਹੀ ਹੋ ਗਈ ਅਤੇ ਹੇਠਾਂ ਵੱਲ ਵੇਖਣ ਲੱਗੀ। ਉਨ੍ਹਾਂ ਦੇ ਪੈਰ ਥਿੜਕਣ ਲੱਗੇ ਅਤੇ ਹੱਥਾਂ ਦੀਆਂ ਉਂਗਲਾਂ ਥਰ-ਥਰ ਕੰਬਣ ਲੱਗੀਆਂ। 

-ਮਾਂ, ਤੁਸੀਂ ਜਾ ਕੇ ਸੌਂ ਜਾਓ, ਤੁਸੀਂ ਕਿਉਂ ਇੰਨੀ ਦੇਰ-ਤੱਕ ਜਾਗ ਰਹੇ ਸੀ! ਅਤੇ ਬਚਕਾਨਾ ਜਿਹੀਆਂ ਨਜ਼ਰਾਂ ਨਾਲ ਸ਼ਾਮਨਾਥ ਚੀਫ਼ ਦੇ ਮੂੰਹ ਵੱਲ ਵੇਖਣ ਲੱਗਿਆ। 

ਚੀਫ਼ ਦੇ ਚਿਹਰੇ ’ਤੇ ਮੁਸਕਰਾਹਟ ਸੀ। ਉਹ ਉੱਥੇ ਹੀ ਖੜ੍ਹੇ-ਖੜ੍ਹੇ ਬੋਲੇ -ਨਮਸਤੇ!

ਮਾਂ ਨੇ ਝਿਜਕ ਵਿੱਚ ਆਪਣੇ ਸੁੰਗੜੇ ਹੋਏ ਦੋਵੇਂ ਹੱਥ ਜੋੜੇ ਪਰ ਇੱਕ ਹੱਥ ਚੁੰਨੀ ਦੇ ਅੰਦਰ ਸੀ ਮਾਲਾ ਫੇਰਦਾ ਹੋਇਆ, ਦੂਜਾ ਹੱਥ ਬਾਹਰ। ਉਹ ਠੀਕ-ਤਰ੍ਹਾਂ ਨਮਸਤੇ ਵੀ ਨਾ ਕਰ ਸਕੀ। ਸ਼ਾਮਨਾਥ ਇਸ ’ਤੇ ਵੀ ਖਿਝ ਗਿਆ। 

ਇੰਨੇ ਵਿਚ ਚੀਫ਼ ਨੇ ਆਪਣਾ ਸੱਜਾ ਹੱਥ ਮਿਲਾਉਣ ਲਈ ਮਾਂ ਦੇ ਅੱਗੇ ਕੀਤਾ। ਮਾਂ ਹੋਰ ਘਬਰਾ ਗਈ। 

-ਮਾਂ, ਹੱਥ ਮਿਲਾਓ!

ਪਰ ਹੱਥ ਕਿਵੇਂ ਮਿਲਾਉਂਦੀ? ਸੱਜੇ ਹੱਥ ਵਿੱਚ ਤਾਂ ਮਾਲਾ ਸੀ। ਘਬਰਾਹਟ ਵਿੱਚ ਮਾਂ ਨੇ ਖੱਬਾ ਹੱਥ ਹੀ ਸਾਹਿਬ ਦੇ ਸੱਜੇ ਹੱਥ ਉੱਤੇ ਰੱਖ ਦਿੱਤਾ। ਸ਼ਾਮਨਾਥ ਅੰਦਰੋ-ਅੰਦਰੀ ਮੱਚ ਗਿਆ। ਦੇਸੀ ਅਫ਼ਸਰਾਂ ਦੀਆਂ ਔਰਤਾਂ ਖਿੜ-ਖਿੜਾ ਕੇ ਹੱਸ ਪਈਆਂ। 

ਇਉਂ ਨਹੀਂ, ਮਾਂ! ਤੁਹਾਨੂੰ ਤਾਂ ਪਤਾ ਹੈ ਸੱਜਾ ਹੱਥ ਮਿਲਾਈਦਾ ਹੈ। ਸੱਜਾ ਹੱਥ ਮਿਲਾਓ। 

ਪਰ ਉਦੋਂ ਤੱਕ ਚੀਫ਼ ਮਾਂ ਦਾ ਖੱਬਾ ਹੱਥ ਹੀ ਵਾਰ-ਵਾਰ ਹਿਲਾ ਕੇ ਕਹਿ ਰਹੇ ਸਨ -ਹਾਓ ਡੂ ਯੂ ਡੂ?

-ਬੋਲੋ ਮਾਂ, ਮੈਂ ਠੀਕ ਹਾਂ। ਕਹੋ ਮਾਂ -ਹਾਊ ਡੂ ਯੂ ਡੂ। 

 ਮਾਂ ਝਿਜਕਦੀ ਹੋਈ ਹੌਲੀ ਜਿਹੀ ਬੋਲੀ, -ਹੌ ਡੁ ਜੂ ਡੁ...

ਇੱਕ ਵਾਰ ਫ਼ਿਰ ਕਹਿਕਹਾ ਗੂੰਜਿਆ। 

ਮਾਹੌਲ ਖ਼ੁਸ਼ਗਵਾਰ ਹੋਣ ਲੱਗਿਆ। ਸਾਹਿਬ ਨੇ ਸਥਿਤੀ ਸੰਭਾਲ ਲਈ ਸੀ। ਸਾਰੇ ਹੀ ਹੱਸਣ-ਚਹਿਕਣ ਲੱਗ ਪਏ ਸਨ। ਸ਼ਾਮਨਾਥ ਦੇ ਮਨ ਦਾ ਗੁੱਸਾ ਵੀ ਕੁਝ-ਕੁਝ ਘੱਟ ਹੋ ਰਿਹਾ ਸੀ। 

ਸਾਹਿਬ ਨੇ ਮਾਂ ਦਾ ਹੱਥ ਅਜੇ ਵੀ ਆਪਣੇ ਹੱਥ ਵਿੱਚ ਫੜਿਆ ਹੋਇਆ ਸੀ। ਅਤੇ ਮਾਂ ਸੁੰਗੜਦੀ ਜਾ ਰਹੀ ਸੀ। ਸਾਹਿਬ ਦੇ ਮੂੰਹ ‘ਚੋਂ ਸ਼ਰਾਬ ਦੀ ਬੋ ਆ ਰਹੀ ਸੀ। 

ਸ਼ਾਮਨਾਥ ਅੰਗਰੇਜ਼ੀ ਵਿੱਚ ਬੋਲਿਆ -ਮੇਰੀ ਮਾਂ ਪਿੰਡ ਦੀ ਰਹਿਣ ਵਾਲੀ ਹੈ। ਸਾਰੀ ਉਮਰ ਪਿੰਡ ਹੀ ਰਹੀ ਹੈ। ਇਸ ਲਈ ਤੁਹਾਥੋਂ ਝਿਜਕਦੀ ਹੈ। 

ਸਾਹਿਬ ਇਸ ’ਤੇ ਖੁਸ਼ ਨਜ਼ਰ ਆਏ। ਬੋਲੇ -ਅੱਛਾ? ਮੈਨੂੰ ਪਿੰਡ ਦੇ ਲੋਕ ਬਹੁਤ ਪਸੰਦ ਹਨ। ਫਿਰ ਤਾਂ ਤੇਰੀ ਮਾਂ ਗੀਤ ਅਤੇ ਨਾਚ ਵੀ ਜਾਣਦੀ ਹੋਵੇਗੀ! ਚੀਫ਼ ਖ਼ੁਸ਼ੀ ਵਿੱਚ ਸਿਰ ਹਿਲਾਉਂਦੇ ਹੋਏ ਮਾਂ ਨੂੰ ਟਿਕਟਿਕੀ ਲਾਈ ਵੇਖਣ ਲੱਗੇ। 

-ਮਾਂ, ਸਾਹਿਬ ਕਹਿੰਦੇ ਹਨ, ਕੋਈ ਗਾਣਾ ਸੁਣਾਓ! ਕੋਈ ਪੁਰਾਣਾ ਗੀਤ, ਤੁਹਾਨੂੰ ਤਾਂ ਬਥੇਰੇ ਯਾਦ ਹੋਣਗੇ! 

ਮਾਂ ਹੌਲ਼ੀ ਜਿਹੀ ਬੋਲੀ -ਮੈਂ ਕੀ ਗਾਵਾਂ, ਬੇਟਾ! ਮੈਂ ਕਦੋਂ ਗਾਉਂਦੀ ਹਾਂ? 

-ਵਾਹ, ਮਾਂ! ਮਹਿਮਾਨ ਦਾ ਆਖਿਆ ਵੀ ਕੋਈ ਟਾਲਦਾ ਹੈ। ਸਾਹਿਬ ਨੇ ਇੰਨੀ ਇੱਛਾ ਨਾਲ ਕਿਹਾ ਹੈ, ਨਹੀਂ ਗਾਓਗੇ, ਤਾਂ ਸਾਹਿਬ ਨੂੰ ਬੁਰਾ ਲੱਗੇਗਾ। 

-ਮੈਂ ਕੀ ਗਾਵਾਂ, ਬੇਟਾ! ਮੈਨੂੰ ਕੀ ਆਉਂਦਾ ਹੈ?

-ਵਾਹ! ਕੋਈ ਵਧੀਆ ਜਿਹੇ ਟੱਪੇ ਹੀ ਸੁਣਾ ਦਿਓ! ‘ਦੋ ਪੱਤਰ ਅਨਾਰਾਂ ਦੇ...’

ਦੇਸੀ ਅਫ਼ਸਰਾਂ ਅਤੇ ਉਨ੍ਹਾਂ ਦੀਆਂ ਬੀਵੀਆਂ ਨੇ ਇਸ ਸੁਝਾਅ ’ਤੇ ਖੂਬ ਤਾੜੀਆਂ ਵਜਾਈਆਂ। ਮਾਂ ਕਦੇ ਦੀਨ ਨਜ਼ਰਾਂ ਨਾਲ਼ ਬੇਟੇ ਦੇ ਮੂੰਹ ਵੱਲ ਵੇਖਦੀ ਅਤੇ ਕਦੇ ਨੇੜੇ ਖੜ੍ਹੀ ਨੂੰਹ ਦੇ ਮੂੰਹ ਵੱਲ। 

ਇੰਨੇ ਵਿੱਚ ਬੇਟੇ ਨੇ ਗੰਭੀਰ ਹੁਕਮੀਆ ਅੰਦਾਜ਼ ਵਿੱਚ ਕਿਹਾ -ਮਾਂ!

ਇਸ ਤੋਂ ਬਾਅਦ ਤਾਂ ਹਾਂ-ਨਾਂਹ ਦਾ ਸਵਾਲ ਹੀ ਨਹੀਂ ਸੀ ਉਠਦਾ। ਮਾਂ ਬੈਠ ਗਈ ਅਤੇ ਪਤਲੀ, ਮਰੀਅਲ ਕੰਬਦੀ ਆਵਾਜ਼ ਵਿੱਚ ਇੱਕ ਪੁਰਾਣਾ ਵਿਆਹ-ਗੀਤ ਗਾਉਣ ਲੱਗੀ -

ਹਰਿਆ ਨੀ ਮਾਏ, ਹਰਿਆ ਨੀ ਭੈਣੇ 

ਹਰਿਆ ਤੇ ਭਾਗੀਂ ਭਰਿਆ...

ਦੇਸੀ ਔਰਤਾਂ ਖਿੜਖਿੜਾ ਕੇ ਹੱਸੀਆਂ। ਦੋ-ਤਿੰਨ ਪੰਕਤੀਆਂ ਗਾ ਕੇ ਮਾਂ ਚੁੱਪ ਕਰ ਗਈ। 

ਬਰਾਂਡਾ ਤਾੜੀਆਂ ਨਾਲ ਗੂੰਜ ਉੱਠਿਆ। ਸਾਹਿਬ ਨੇ ਤਾੜੀਆਂ ਵਜਾਉਣੀਆਂ ਬੰਦ ਹੀ ਨਾ ਕੀਤੀਆਂ। ਸ਼ਾਮਨਾਥ ਦੀ ਖਿਝ ਹੁਣ ਖ਼ੁਸ਼ੀ ਅਤੇ ਮਾਣ ਵਿੱਚ ਬਦਲ ਗਈ ਸੀ। ਮਾਂ ਨੇ ਪਾਰਟੀ ਵਿੱਚ ਨਵਾਂ ਰੰਗ ਭਰ ਦਿੱਤਾ ਸੀ। 

ਤਾੜੀਆਂ ਰੁਕਣ ’ਤੇ ਸਾਹਿਬ ਬੋਲੇ -ਪੰਜਾਬ ਦੇ ਪਿੰਡਾਂ ਦੀ ਦਸਤਕਾਰੀ ਕੀ ਹੈ?

ਸ਼ਾਮਨਾਥ ਖ਼ੁਸ਼ੀ ਵਿੱਚ ਝੂਮ ਰਿਹਾ ਸੀ। ਬੋਲਿਆ -ਬਹੁਤ ਕੁਝ ਹੈ, ਸਾਹਿਬ! ਮੈਂ ਤੁਹਾਨੂੰ ਇੱਕ ਸੈੱਟ ਉਨ੍ਹਾਂ ਚੀਜ਼ਾਂ ਦਾ ਭੇਟ ਕਰਾਂਗਾ। ਤੁਸੀਂ ਉਨ੍ਹਾਂ ਨੂੰ ਵੇਖ ਕੇ ਖੁਸ਼ ਹੋ ਜਾਓਗੇ। 

ਪਰ ਸਾਹਿਬ ਨੇ ਸਿਰ ਹਿਲਾ ਕੇ ਅੰਗਰੇਜ਼ੀ ਵਿੱਚ ਫਿਰ ਕਿਹਾ -ਨਹੀਂ, ਮੈਂ ਦੁਕਾਨਾਂ ਦੀਆਂ ਚੀਜ਼ਾਂ ਨਹੀਂ ਮੰਗਦਾ। ਪੰਜਾਬੀਆਂ ਦੇ ਘਰਾਂ ਵਿੱਚ ਕੀ ਬਣਦਾ ਹੈ, ਔਰਤਾਂ ਖ਼ੁਦ ਕੀ ਬਣਾਉਂਦੀਆਂ ਹਨ। 

ਸ਼ਾਮਨਾਥ ਕੁਝ ਸੋਚ ਕੇ ਬੋਲਿਆ -ਕੁੜੀਆਂ ਗੁੱਡੀਆਂ-ਪਟੋਲੇ ਬਣਾਉਂਦੀਆਂ ਹਨ, ਔਰਤਾਂ ਫੁਲਕਾਰੀਆਂ ਬਣਾਉਂਦੀਆਂ ਹਨ। 

-ਫੁਲਕਾਰੀ ਕੀ ਹੁੰਦੀ ਹੈ? 

ਸ਼ਾਮਨਾਥ ਫੁਲਕਾਰੀ ਦਾ ਮਤਲਬ ਸਮਝਾਉਣ ਦੀ ਅਸਫ਼ਲ ਕੋਸ਼ਿਸ਼ ਕਰਨ ਪਿੱਛੋਂ ਮਾਂ ਨੂੰ ਬੋਲਿਆ -ਕਿਉਂ ਮਾਂ, ਆਪਣੇ ਘਰ ਕੋਈ ਪੁਰਾਣੀ ਫੁਲਕਾਰੀ ਪਈ ਹੈ?

ਮਾਂ ਚੁੱਪਚਾਪ ਅੰਦਰ ਗਈ ਅਤੇ ਆਪਣੀ ਪੁਰਾਣੀ ਫੁਲਕਾਰੀ ਚੁੱਕ ਲਿਆਈ। 

ਸਾਹਿਬ ਬੜੀ ਦਿਲਚਸਪੀ ਨਾਲ ਫੁਲਕਾਰੀ ਵੇਖਣ ਲੱਗੇ। ਪੁਰਾਣੀ ਫੁਲਕਾਰੀ ਸੀ, ਥਾਂ-ਥਾਂ ਤੋਂ ਉਹਦੇ ਧਾਗੇ ਟੁੱਟ ਰਹੇ ਸਨ ਅਤੇ ਕੱਪੜਾ ਪਾਟ ਰਿਹਾ ਸੀ। ਸਾਹਿਬ ਦੀ ਦਿਲਚਸਪੀ ਵੇਖ ਕੇ ਸ਼ਾਮਨਾਥ ਬੋਲਿਆ -ਇਹ ਪਾਟੀ ਹੋਈ ਹੈ, ਸਾਹਿਬ! ਮੈਂ ਤੁਹਾਨੂੰ ਨਵੀਂ ਬਣਵਾ ਦਿਆਂਗਾ। ਮਾਂ ਬਣਾ ਦੇਣਗੇ। ਕਿਉਂ ਮਾਂ, ਸਾਹਿਬ ਨੂੰ ਫੁਲਕਾਰੀ ਬਹੁਤ ਪਸੰਦ ਹੈ। ਇਨ੍ਹਾਂ ਨੂੰ ਅਜਿਹੀ ਹੀ ਫੁਲਕਾਰੀ ਬਣਾ ਦਿਓਗੇ ਨਾ?

ਮਾਂ ਚੁੱਪ ਰਹੀ। ਫਿਰ ਡਰਦੀ-ਡਰਦੀ ਹੌਲੀ ਜਿਹੀ ਬੋਲੀ -ਹੁਣ ਮੇਰੀ ਨਜ਼ਰ ਕਿੱਥੇ ਹੈ ਬੇਟਾ! ਬੁੱਢੀਆਂ ਅੱਖਾਂ ਨਾਲ ਮੈਂ ਕੀ ਵੇਖਾਂਗੀ, ਕਿਵੇਂ ਬਣਾਵਾਂਗੀ?

ਸਾਹਿਬ ਨੇ ਸਿਰ ਹਿਲਾਇਆ, ਧੰਨਵਾਦ ਕੀਤਾ ਅਤੇ ਹੌਲੀ-ਹੌਲੀ ਝੂਮਦੇ ਹੋਏ ਖਾਣੇ ਦੇ ਮੇਜ਼ ਵੱਲ ਵਧ ਗਏ। ਬਾਕੀ ਮਹਿਮਾਨ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਹੋ ਤੁਰੇ। 

ਜਦੋਂ ਮਹਿਮਾਨ ਬਹਿ ਗਏ ਅਤੇ ਮਾਂ ਤੋਂ ਸਾਰਿਆਂ ਦਾ ਧਿਆਨ ਹਟ ਗਿਆ ਤਾਂ ਮਾਂ ਹੌਲੀ-ਜਿਹੀ ਕੁਰਸੀ ਤੋਂ ਉੱਠੀ ਅਤੇ ਸਾਰਿਆਂ ਤੋਂ ਨਜ਼ਰਾਂ ਬਚਾਉਂਦੀ ਹੋਈ ਆਪਣੀ ਕੋਠੜੀ ਵਿੱਚ ਚਲੀ ਗਈ। 

ਪਰ ਕੋਠੜੀ ਵਿੱਚ ਜਾਣ ਦੀ ਦੇਰ ਸੀ ਕਿ ਅੱਖਾਂ ‘ਚੋਂ ਛਮਛਮ ਹੰਝੂ ਵਗਣ ਲੱਗੇ। ਉਹ ਚੁੰਨੀ ਨਾਲ ਵਾਰ-ਵਾਰ ਅੱਖਾਂ ਪੂੰਝਦੀ, ਪਰ ਉਹ ਵਾਰ-ਵਾਰ ਵਗ ਤੁਰਦੇ, ਜਿਵੇਂ ਵਰ੍ਹਿਆਂ ਦਾ ਬੰਨ੍ਹ ਤੋੜ ਕੇ ਵਹਿ ਰਹੇ ਹੋਣ। ਮਾਂ ਨੇ ਬਹੁਤ ਦਿਲ ਨੂੰ ਸਮਝਾਇਆ, ਹੱਥ ਜੋੜੇ, ਰੱਬ ਦਾ ਨਾਂ ਲਿਆ। ਬੇਟੇ ਦੇ ਚਿਰੰਜੀਵ ਹੋਣ ਦੀ ਅਰਦਾਸ ਕੀਤੀ, ਵਾਰ-ਵਾਰ ਅੱਖਾਂ ਬੰਦ ਕੀਤੀਆਂ, ਪਰ ਹੰਝੂ ਬਰਸਾਤ ਦੇ ਪਾਣੀ ਵਾਂਗ ਜਿਵੇਂ ਰੁਕਦੇ ਹੀ ਨਹੀਂ ਸਨ। 

ਅੱਧੀ ਰਾਤ ਦਾ ਵੇਲਾ ਹੋਵੇਗਾ। ਮਹਿਮਾਨ ਖਾਣਾ ਖਾ ਕੇ ਇੱਕ-ਇੱਕ ਕਰਕੇ ਜਾ ਚੁੱਕੇ ਸਨ। ਮਾਂ ਕੰਧ ਨਾਲ ਲੱਗੀ, ਅੱਖਾਂ ਟੱਡੀ ਕੰਧ ਨੂੰ ਵੇਖੀ ਜਾ ਰਹੀ ਸੀ। ਘਰ ਦੇ ਮਾਹੌਲ ਦਾ ਤਣਾਓ ਢਿੱਲਾ ਪੈ ਚੁੱਕਾ ਸੀ। ਮੁਹੱਲੇ ਦੀ ਖ਼ਾਮੋਸ਼ੀ ਸ਼ਾਮਨਾਥ ਦੇ ਘਰ ਉੱਤੇ ਵੀ ਛਾ ਚੁੱਕੀ ਸੀ, ਸਿਰਫ਼ ਰਸੋਈ ਵਿੱਚ ਪਲੇਟਾਂ ਖੜਕਣ ਦੀ ਆਵਾਜ਼ ਆ ਰਹੀ ਸੀ। ਉਦੋਂ ਹੀ ਅਚਾਨਕ ਮਾਂ ਦੀ ਕੋਠੜੀ ਦਾ ਬੂਹਾ ਜ਼ੋਰ-ਜ਼ੋਰ ਨਾਲ ਖੜਕਣ ਲੱਗਿਆ। 

-ਮਾਂ, ਬੂਹਾ ਖੋਲ੍ਹੋ! 

ਮਾਂ ਦਾ ਦਿਲ ਬੈਠ ਗਿਆ। ਘਬਰਾ ਕੇ ਉੱਠੀ। ਕੀ ਮੈਥੋਂ ਫਿਰ ਕੋਈ ਗ਼ਲਤੀ ਹੋ ਗਈ ਹੈ? ਮਾਂ ਕਿੰਨੇ ਚਿਰ ਤੋਂ ਖ਼ੁਦ ਨੂੰ ਕੋਸ ਰਹੀ ਸੀ ਕਿ ਕਿਉਂ ਉਹਨੂੰ ਨੀਂਦ ਆ ਗਈ, ਕਿਉਂ ਊਂਘਣ ਲੱਗ ਪਈ? ਕੀ ਬੇਟੇ ਨੇ ਅਜੇ ਤੱਕ ਮਾਫ਼ ਨਹੀਂ ਕੀਤਾ? ਮਾਂ ਉੱਠੀ ਅਤੇ ਕੰਬਦੇ ਹੱਥਾਂ ਨਾਲ ਬੂਹਾ ਖੋਲ੍ਹਿਆ। 

ਦਰਵਾਜ਼ਾ ਖੁੱਲ੍ਹਦਿਆਂ ਹੀ ਸ਼ਾਮਨਾਥ ਝੂਮਦਾ ਹੋਇਆ ਅੱਗੇ ਵਧਿਆ ਅਤੇ ਮਾਂ ਨੂੰ ਗਲਵੱਕੜੀ ਵਿਚ ਕੱਸ ਲਿਆ। 

-ਓ ਮਾਂ, ਤੁਸੀਂ ਤਾਂ ਅੱਜ ਰੰਗ ਬੰਨ੍ਹ ਦਿੱਤਾ... ਸਾਹਿਬ ਤੁਹਾਥੋਂ ਇੰਨਾ ਖੁਸ਼ ਹੋਏ ਕਿ ਕੀ ਦੱਸਾਂ! ਓ ਮਾਂ, ਡੀਅਰ ਮਦਰ...

ਮਾਂ ਦਾ ਨਿੱਕਾ ਜਿਹਾ ਜਿਸਮ ਸੁੰਗੜ ਕੇ ਬੇਟੇ ਦੀ ਗਲਵੱਕੜੀ ਵਿੱਚ ਛੁਪ ਗਿਆ। ਮਾਂ ਦੀਆਂ ਅੱਖਾਂ ਵਿੱਚ ਫਿਰ ਹੰਝੂ ਆ ਗਏ। ਉਨ੍ਹਾਂ ਨੂੰ ਪੂੰਝਦੀ ਹੋਈ ਉਹ ਹੌਲੀ-ਜਿਹੀ ਬੋਲੀ -ਬੇਟਾ, ਤੂੰ ਮੈਨੂੰ ਹਰਿਦੁਆਰ ਭੇਜ ਦੇਹ! ਮੈਂ ਕਦੋਂ ਦੀ ਤੈਨੂੰ ਕਹਿ ਰਹੀ ਹਾਂ!

ਸ਼ਾਮਨਾਥ ਦਾ ਝੂਮਣਾ ਅਚਾਨਕ ਬੰਦ ਹੋ ਗਿਆ। ਉਹਦੀਆਂ ਤਿਊੜੀਆਂ ਚੜ੍ਹ ਗਈਆਂ। ਉਹਦੀਆਂ ਬਾਹਵਾਂ ਦੀ ਜਕੜ ਮਾਂ ਦੇ ਸਰੀਰ ਤੋਂ ਢਿੱਲੀ ਹੋ ਗਈ। 

-ਕੀ ਕਿਹਾ, ਮਾਂ! ਇਹ ਕਿਹੜਾ ਰਾਗ ਤੁਸੀਂ ਫ਼ਿਰ ਤੋਂ ਛੇੜ ਦਿੱਤਾ ਹੈ? ਸ਼ਾਮਨਾਥ ਦਾ ਗੁੱਸਾ ਵਧਣ ਲੱਗ ਪਿਆ ਸੀ। ਬੋਲਦਾ ਰਿਹਾ -ਤੁਸੀਂ ਮੈਨੂੰ ਬਦਨਾਮ ਕਰਨਾ ਚਾਹੁੰਦੇ ਹੋ, ਮਾਂ? ਤੁਸੀਂ ਜਾਣਬੁਝ ਕੇ ਹਰਿਦੁਆਰ ਚਲੇ ਜਾਣਾ ਚਾਹੁੰਦੇ ਹੋ, ਤਾਂ ਕਿ ਦੁਨੀਆਂ ਕਹੇ ਕਿ ਬੇਟਾ ਮਾਂ ਨੂੰ ਆਪਣੇ ਕੋਲ ਨਹੀਂ ਰੱਖ ਸਕਦਾ। 

-ਨਹੀਂ ਬੇਟਾ, ਹੁਣ ਤੂੰ ਆਪਣੀ ਪਤਨੀ ਨਾਲ ਜਿਵੇਂ ਮਨ ਕਰੇ, ਰਹਿ। ਮੈਂ ਆਪਣਾ ਖਾ-ਹੰਢਾ ਲਿਆ। ਹੁਣ ਇੱਥੇ ਕੀ ਕਰਾਂਗੀ? ਹਜੇ ਕੁਝ ਦਿਨ ਜ਼ਿੰਦਗੀ ਦੇ ਬਚੇ ਹਨ, ਰੱਬ ਦਾ ਨਾਂ ਲਵਾਂਗੀ। ਤੂੰ ਬੱਸ, ਮੈਨੂੰ ਹਰਿਦੁਆਰ ਭੇਜ ਦੇਹ! 

-ਤੁਸੀਂ ਚਲੇ ਜਾਓਗੇ ਤਾਂ ਫੁਲਕਾਰੀ ਕੌਣ ਬਣਾਵੇਗਾ? ਸਾਹਿਬ ਨੂੰ ਤੁਹਾਡੇ ਸਾਹਮਣੇ ਹੀ ਫੁਲਕਾਰੀ ਦੇਣ ਦਾ ਵਾਅਦਾ ਕੀਤਾ ਹੈ! 

-ਮੇਰੀਆਂ ਅੱਖਾਂ ਕਿੱਥੇ ਕੰਮ ਕਰਦੀਆਂ ਨੇ ਹੁਣ, ਬੇਟਾ! ਜੋ ਫੁਲਕਾਰੀ ਬਣਾ ਸਕਾਂ! ਤੂੰ ਕਿਤੋਂ ਹੋਰ ਬਣਵਾ ਲੈ, ਜਾਂ ਬਣੀ-ਬਣਾਈ ਲੈ ਲੈ! 

-ਮਾਂ, ਤੁਸੀਂ ਮੈਨੂੰ ਧੋਖਾ ਦੇ ਕੇ ਇਉਂ ਚਲੇ ਜਾਓਗੇ! ਮੇਰਾ ਬਣਦਾ ਕੰਮ ਵਿਗਾੜ ਕੇ ਰੱਖ ਦਿਓਗੇ? ਪਤਾ ਨਹੀਂ ਕਿ ਸਾਹਿਬ ਖ਼ੁਸ਼ ਹੋਵੇਗਾ, ਤਾਂ ਮੈਨੂੰ ਤਰੱਕੀ ਮਿਲੇਗੀ! 

ਮਾਂ ਚੁੱਪ ਕਰ ਗਈ। ਫਿਰ ਬੇਟੇ ਦੇ ਮੂੰਹ ਵੱਲ ਵੇਖਦੀ ਹੋਈ ਬੋਲੀ -ਹੈਂ? ਤੇਰੀ ਤਰੱਕੀ ਹੋਵੇਗੀ? ਕੀ ਸਾਹਿਬ ਤੇਰੀ ਤਰੱਕੀ ਕਰ ਦੇਵੇਗਾ? ਕੀ ਉਹਨੇ ਅਜਿਹਾ ਕੁਝ ਕਿਹਾ ਹੈ?

-ਕਿਹਾ ਤਾਂ ਭਾਵੇਂ ਨਹੀਂ। ਪਰ ਤੁਸੀਂ ਵੇਖਿਆ ਹੀ ਸੀ, ਕਿੰਨਾ ਖ਼ੁਸ਼ ਗਿਆ ਹੈ। ਕਹਿੰਦਾ ਸੀ, ਜਦੋਂ ਤੇਰੀ ਮਾਂ ਫੁਲਕਾਰੀ ਬਣਾਉਣੀ ਸ਼ੁਰੂ ਕਰੇਗੀ, ਤਾਂ ਮੈਂ ਵੇਖਣ ਆਵਾਂਗਾ ਕਿ ਕਿਵੇਂ ਬਣਾਉਂਦੀ ਹੈ! ਜੇ ਸਾਹਿਬ ਖ਼ੁਸ਼ ਹੋ ਗਿਆ ਤਾਂ ਮੈਨੂੰ ਇਸ ਤੋਂ ਵੀ ਵੱਡੀ ਨੌਕਰੀ ਮਿਲ ਸਕਦੀ ਹੈ, ਮੈਂ ਵੱਡਾ ਅਫ਼ਸਰ ਬਣ ਸਕਦਾ ਹਾਂ। 

ਮਾਂ ਦੇ ਚਿਹਰੇ ਦਾ ਰੰਗ ਬਦਲਣ ਲੱਗਿਆ। ਹੌਲੀ-ਹੌਲੀ ਉਹਦਾ ਝੁਰੜੀਆਂ-ਭਰਿਆ ਚਿਹਰਾ ਖਿੜਨ ਲੱਗਿਆ। ਅੱਖਾਂ ਵਿੱਚ ਥੋੜ੍ਹੀ-ਥੋੜ੍ਹੀ ਚਮਕ ਆਉਣ ਲੱਗੀ। ਬੋਲੀ -ਤਾਂ ਤੇਰੀ ਤਰੱਕੀ ਹੋਵੇਗੀ, ਬੇਟਾ!

-ਤਰੱਕੀ ਇਉਂ ਹੀ ਹੋ ਜਾਵੇਗੀ? ਸਾਹਿਬ ਨੂੰ ਖ਼ੁਸ਼ ਰੱਖਾਂਗਾ, ਤਾਂ ਹੀ ਕੁਝ ਬਣੇਗਾ। ਨਹੀਂ ਤਾਂ ਉਹਦੀ ਸੇਵਾ ਕਰਨ ਵਾਲੇ ਹੋਰ ਘੱਟ ਹਨ?

-ਤਾਂ ਮੈਂ ਬਣਾ ਦਿਆਂਗੀ, ਬੇਟਾ! ਜਿਵੇਂ-ਕਿਵੇਂ ਵੀ ਮੈਂ ਬਣਾ ਦਿਆਂਗੀ। 

ਅਤੇ ਮਾਂ ਦਿਲ ਹੀ ਦਿਲ ਵਿੱਚ ਫਿਰ ਤੋਂ ਬੇਟੇ ਦੇ ਉੱਜਲ ਭਵਿੱਖ ਦੀਆਂ ਕਾਮਨਾਵਾਂ ਕਰਨ ਲੱਗੀ। ਅਤੇ ਮਿਸਟਰ ਸ਼ਾਮਨਾਥ, ‘ਹੁਣ ਸੌਂ ਜਾਓ ਮਾਂ!’ ਕਹਿੰਦਾ ਹੋਇਆ ਲੜਖੜਾਉਂਦੇ ਕਦਮਾਂ ਨਾਲ ਆਪਣੇ ਕਮਰੇ ਵੱਲ ਚੱਲ ਪਿਆ। 

(ਅਨੁ : ਪ੍ਰੋ. ਨਵ ਸੰਗੀਤ ਸਿੰਘ)

  • ਮੁੱਖ ਪੰਨਾ : ਭੀਸ਼ਮ ਸਾਹਨੀ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ