Punjabi Kavita
  

Chitta Hoia Kaan : Iqbal Singh Hamjapur

ਚਿੱਟਾ ਹੋਇਆ ਕਾਂ : ਇਕਬਾਲ ਸਿੰਘ ਹਮਜਾਪੁਰ

ਜਿੱਥੇ ਕਾਂ ਰਹਿੰਦਾ ਸੀ, ਉੱਥੇ ਨਜ਼ਦੀਕ ਹੀ ਇੱਕ ਕਿਸਾਨ ਦਾ ਘਰ ਸੀ। ਕਾਂ ਰੋਜ਼ਾਨਾ ਕਿਸਾਨ ਦੇ ਘਰ ਦੇ ਬਨੇਰੇ ’ਤੇ ਬੈਠ ਕੇ ਕਿੰਨੀ-ਕਿੰਨੀ ਦੇਰ ਕਾਂ-ਕਾਂ ਕਰਦਾ ਰਹਿੰਦਾ ਸੀ, ਪਰ ਕਿਸਾਨ ਕਾਂ ਨੂੰ ਕੁਝ ਵੀ ਖਾਣ ਨੂੰ ਨਹੀਂ ਸੀ ਦਿੰਦਾ। ਕਿਸਾਨ ਕਾਂ ਨੂੰ ਬੁਰਾ-ਭਲਾ ਕਹਿੰਦਾ ਹੋਇਆ ਆਪਣੇ ਬਨੇਰੇ ਤੋਂ ਉਡਾ ਦਿੰਦਾ ਸੀ। ਉਸੇ ਕਿਸਾਨ ਨੇ ਇੱਕ ਕਬੂਤਰ ਪਾਲਿਆ ਹੋਇਆ ਸੀ। ਕਿਸਾਨ ਕਬੂਤਰ ਨੂੰ ਬੇਹੱਦ ਪਿਆਰ ਕਰਦਾ ਸੀ। ਕਾਂ ਨੂੰ ਸਮਝ ਨਹੀਂ ਆਉਂਦੀ ਸੀ ਕਿ ਕਿਸਾਨ ਉਸ ਨਾਲ ਨਫ਼ਰਤ ਕਿਉਂ ਕਰਦਾ ਹੈ। ਕਬੂਤਰ ਦੀ ਤਾਂ ਉਹ ਰੱਜ ਕੇ ਸੇਵਾ ਕਰਦਾ ਸੀ।

ਕਾਂ ਕਈ ਦਿਨ ਸੋਚਦਾ ਰਿਹਾ। ਕਈ ਦਿਨ ਸੋਚਣ ਤੋਂ ਬਾਅਦ ਉਸਨੂੰ ਖਿਆਲ ਆਇਆ ਕਿ ਕਿਸਾਨ ਉਸਦੇ ਕਾਲੇ ਰੰਗ ਨੂੰ ਨਫ਼ਰਤ ਕਰਦਾ ਹੈ।
‘ਗੋਰੇ-ਚਿੱਟੇ ਰੰਗ ਕਰਕੇ ਕਿਸਾਨ, ਕਬੂਤਰ ਨੂੰ ਪਿਆਰ ਕਰਦਾ ਹੈ। ਜੇ ਕਿਧਰੇ ਮੇਰਾ ਰੰਗ ਵੀ ਚਿੱਟਾ ਹੋਵੇ, ਫਿਰ ਕਿਸਾਨ ਮੈਨੂੰ ਵੀ ਪਿਆਰ ਕਰੇ।’ ਕਾਂ ਨੇ ਸੋਚਿਆ ਤੇ ਉਸਨੇ ਵੀ ਗੋਰਾ-ਚਿੱਟਾ ਹੋਣ ਦਾ ਫ਼ੈਸਲਾ ਕਰ ਲਿਆ।
ਗੋਰਾ ਹੋਣ ਲਈ ਹੁਣ ਕਾਂ ਰੋਜ਼ਾਨਾ ਨਹਿਰ ’ਤੇ ਜਾਣ ਲੱਗ ਪਿਆ। ਨਹਿਰ ’ਤੇ ਜਾ ਕੇ ਉਹ ਵਾਰ-ਵਾਰ ਸਾਬਣ ਲਾ ਕੇ ਨਹਾਉਂਦਾ। ਚੰਗੀ ਤਰ੍ਹਾਂ ਨਹਾਉਣ ਤੋਂ ਬਾਅਦ ਉਹ ਪਾਊਡਰ ਵੀ ਲਾਉਂਦਾ ਸੀ। ਕਾਂ ਨੂੰ ਇਸ ਤਰ੍ਹਾਂ ਕਰਦੇ ਨੂੰ ਕਈ ਦਿਨ ਹੋ ਗਏ ਸਨ। ਉਹ ਰੋਜ਼ਾਨਾ ਨਹਾ-ਧੋ ਕੇ ਸ਼ੀਸ਼ਾ ਵੇਖਦਾ ਸੀ, ਪਰ ਉਸਦਾ ਮਨ ਖ਼ਰਾਬ ਹੋ ਜਾਂਦਾ। ਇੰਨਾ ਕਰਨ ’ਤੇ ਵੀ ਉਸਦੇ ਰੰਗ ਦਾ ਭੋਰਾ ਵੀ ਫ਼ਰਕ ਨਹੀਂ ਪਿਆ ਸੀ।

ਕਾਂ ਕਈ ਦਿਨ ਵੇਖਦਾ ਰਿਹਾ। ਉਸਦਾ ਕਾਲਾ ਰੰਗ ਟਸ ਤੋਂ ਮਸ ਨਾ ਹੋਇਆ। ਹਾਰ ਕੇ ਉਹ ਗੋਰੇ-ਚਿੱਟੇ ਹੋਣ ਦਾ ਕੋਈ ਹੋਰ ਢੰਗ ਸੋਚਣ ਲੱਗ ਪਿਆ। ਉਹ ਸੋਚਦਾ-ਸੋਚਦਾ ਸ਼ਹਿਰ ਚਲਾ ਗਿਆ। ਕਾਂ ਨੂੰ ਪੂਰੀ ਉਮੀਦ ਸੀ ਕਿ ਸ਼ਹਿਰ ਵਿੱਚੋਂ ਉਸਨੂੰ ਗੋਰੇ-ਚਿੱਟੇ ਹੋਣ ਦਾ ਕੋਈ ਨਾ ਕੋਈ ਢੰਗ ਲੱਭ ਜਾਵੇਗਾ। ਸ਼ਹਿਰ ਆਕੇ ਉਸ ਨੇ ਇੱਕ ਨਾਈ ਨੂੰ ਲੋਕਾਂ ਦੇ ਵਾਲ ਰੰਗਦੇ ਵੇਖਿਆ। ਕਾਂ ਦੀ ਖ਼ੁਸ਼ੀ ਦੀ ਕੋਈ ਸੀਮਾ ਨਾ ਰਹੀ।
‘ਮੈਂ ਵੀ ਨਾਈ ਤੋਂ ਖੰਭ ਰੰਗਵਾ ਕੇ ਚਿੱਟਾ ਬਣ ਸਕਦਾ ਹਾਂ।’ ਕਾਂ ਨੇ ਸੋਚਿਆ ਤੇ ਉਹ ਵੀ ਆਪਣੇ ਖੰਭ ਰੰਗਵਾਉਣ ਲਈ ਨਾਈ ਕੋਲ ਪਹੁੰਚ ਗਿਆ।
ਕਾਂ ਨੇ ਨਾਈ ਨੂੰ ਖੰਭ ਚਿੱਟੇ ਕਰ ਦੇਣ ਲਈ ਆਖਿਆ, ਪਰ ਨਾਈ ਨਾ ਮੰਨਿਆ।
‘ਕਾਂ ਭਰਾਵਾ! ਮੈਂ ਲੋਕਾਂ ਦੇ ਵਾਲ ਕਾਲੇ ਕਰਦਾ ਹਾਂ, ਚਿੱਟੇ ਨਹੀਂ। ਮੈਂ ਤੇਰੇ ਖੰਭ ਕਾਲੇ ਕਰ ਸਕਦਾ ਹਾਂ, ਚਿੱਟੇ ਨਹੀਂ।’ ਨਾਈ ਨੇ ਕਾਂ ਨੂੰ ਦੱਸਿਆ ਤੇ ਕਾਂ ਫਿਰ ਮਾਯੂਸ ਹੋ ਗਿਆ। ਪਰ ਉਹ ਇੰਨੀ ਜਲਦੀ ਹਾਰ ਮੰਨਣ ਵਾਲਾ ਨਹੀਂ ਸੀ। ਕਾਂ ਸ਼ਹਿਰ ਵਿੱਚ ਗੋਰਾ-ਚਿੱਟਾ ਹੋਣ ਦਾ ਕੋਈ ਹੋਰ ਢੰਗ ਲੱਭਣ ਤੁਰ ਪਿਆ।
ਉਹ ਸ਼ਹਿਰ ਵਿੱਚ ਕਈ ਦਿਨ ਘੁੰਮਦਾ ਰਿਹਾ। ਫਿਰ ਇੱਕ ਦਿਨ ਉਸਦੀ ਨਜ਼ਰ ਇੱਕ ਚਿੱਤਰਕਾਰ ’ਤੇ ਪੈ ਗਈ। ਚਿੱਤਰਕਾਰ ਕਈ ਰੰਗ ਲੈ ਕੇ ਚਿੱਤਰ ਬਣਾ ਰਿਹਾ ਸੀ। ਕਾਂ ਨੇ ਚਿੱਤਰਕਾਰ ਨੂੰ ਵੀ ਆਪਣੇ ਖੰਭ ਰੰਗ ਦੇਣ ਲਈ ਆਖਿਆ।

‘ਕਾਂ ਭਰਾਵਾ! ਤੇਰੇ ਖੰਭ ਮੈਂ ਰੰਗ ਲਾ ਕੇ ਚਿੱਟੇ ਕਰ ਦਿਆਂਗਾ, ਪਰ ਰੰਗ ਸੁੱਕਣ ’ਤੇ ਤੇਰੇ ਖੰਭ ਆਪਸ ਵਿੱਚ ਜੁੜ ਜਾਣਗੇ। ਫਿਰ ਤੈਨੂੰ ਉੱਡਣ ਵਿੱਚ ਮੁਸ਼ਕਿਲ ਹੋਵੇਗੀ। ਉਂਜ ਵੀ ਰੰਗ ਵਿਚਲਾ ਰਸਾਇਣ ਤੇਰੀ ਚਮੜੀ ਨੂੰ ਖ਼ਰਾਬ ਕਰ ਦੇਵੇਗਾ।’ ਚਿੱਤਰਕਾਰ ਨੇ ਕਾਂ ਨੂੰ ਸਮਝਾਇਆ। ਉਸਨੇ ਕਾਂ ਨੂੰ ਖੰਭ ਨਾ ਰੰਗਾਉਣ ਦੀ ਸਲਾਹ ਦਿੱਤੀ, ਪਰ ਉਹ ਨਾ ਮੰਨਿਆ। ਕਾਂ ਕਿਸੇ ਨਾ ਕਿਸੇ ਤਰ੍ਹਾਂ ਕਬੂਤਰ ਵਰਗਾ ਚਿੱਟਾ ਦੁੱਧ ਬਣਨਾ ਚਾਹੁੰਦਾ ਸੀ। ਕਾਂ ਦੇ ਵਾਰ-ਵਾਰ ਕਹਿਣ ’ਤੇ ਚਿੱਤਰਕਾਰ ਨੇ ਕਾਂ ਦੇ ਖੰਭਾਂ ਨੂੰ ਚਿੱਟਾ ਰੰਗ ਕਰ ਦਿੱਤਾ। ਸਿਰਫ਼ ਉਸਦੀ ਚੁੰਜ ਤੇ ਪੈਰ ਕਾਲੇ ਰਹਿ ਗਏ ਸਨ।
ਚਿੱਟਾ ਕਬੂਤਰ ਵਰਗਾ ਬਣਨ ਤੋਂ ਬਾਅਦ ਕਾਂ ਦੇ ਨਿੱਕੇ-ਨਿੱਕੇ ਖੰਭ ਆਪਸ ਵਿੱਚ ਜੁੜ ਗਏ ਸਨ। ਉਸਨੂੰ ਉੱਡਣ ਵਿੱਚ ਮੁਸ਼ਕਿਲ ਹੋਣ ਲੱਗ ਪਈ ਸੀ। ਹੁਣ ਕਾਂ ਕੋਲੋਂ ਲੰਮੀ ਉਡਾਰੀ ਨਹੀਂ ਭਰੀ ਜਾਂਦੀ ਸੀ। ਰੰਗ ਵਿਚਲੇ ਰਸਾਇਣ ਕਾਰਨ ਕਾਂ ਨੂੰ ਗਰਮੀ ਵੀ ਵਧੇਰੇ ਲੱਗਣ ਲੱਗ ਪਈ ਸੀ।
ਗੋਰਾ-ਚਿੱਟਾ ਬਣਕੇ ਕਾਂ ਨੇ ਆਪਣੇ ਲਈ ਮੁਸੀਬਤਾਂ ਸਹੇੜ ਲਈਆਂ ਸਨ, ਫਿਰ ਵੀ ਉਹ ਬੇਹੱਦ ਖ਼ੁਸ਼ ਸੀ। ਉਸਦੇ ਮਨ ਦੀ ਮੁਰਾਦ ਪੂਰੀ ਹੋ ਗਈ ਸੀ ਤੇ ਉਹ ਚਾਈਂ-ਚਾਈਂ ਆਪਣੇ ਮਿੱਤਰ ਕਬੂਤਰ ਨੂੰ ਮਿਲਣ ਤੁਰ ਪਿਆ।

ਕਾਂ ਨੂੰ ਪੂਰੀ ਉਮੀਦ ਸੀ ਕਿ ਹੁਣ ਕਿਸਾਨ, ਉਸਦੀ ਕਬੂਤਰ ਵਾਂਗ ਹੀ ਸੇਵਾ ਕਰੇਗਾ, ਪਰ ਕਾਂ ਨੂੰ ਵੇਖਕੇ ਕਿਸਾਨ ਪਹਿਲਾਂ ਨਾਲੋਂ ਵੀ ਵਧੇਰੇ ਗੁੱਸੇ ਵਿੱਚ ਆ ਗਿਆ।
‘ਕਾਵਾਂ ਕਾਣਿਆ! ਮੈਨੂੰ ਪਹਿਲਾਂ ਤੇਰੀ ਬੋਲੀ ਤੇ ਚਲਾਕੀ ਭਰੀਆਂ ਆਦਤਾਂ ਹੀ ਭੈੜੀਆਂ ਲੱਗਦੀਆਂ ਸਨ, ਹੁਣ ਤੇਰੀ ਸ਼ਕਲ ਵੀ ਭੈੜੀ ਲੱਗਣ ਲੱਗ ਪਈ ਹੈ।’ ਕਿਸਾਨ ਨੇ ਆਖਿਆ ਤੇ ਉਹ ਇੱਟ-ਵੱਟਾ ਲੈ ਕੇ ਕਾਂ ਨੂੰ ਮਾਰਨ ਭੱਜਾ। ਕਾਂ ਨੇ ਝਕਾਨੀ ਦੇ ਕੇ ਮਸ੍ਹਾਂ ਜਾਨ ਬਚਾਈ।

ਹੁਣ ਕਾਂ ਨੂੰ ਸਮਝ ਲੱਗ ਗਈ ਸੀ ਕਿ ਗੋਰਾ-ਚਿੱਟਾ ਬਣ ਕੇ ਉਸਨੇ ਐਵੇਂ ਹੀ ਆਪਣੀ ਚਮੜੀ ਤੇ ਖੰਭ ਖ਼ਰਾਬ ਕਰ ਲਏ ਸਨ। ਕਿਸੇ ਦੂਸਰੇ ਕੋਲੋਂ ਪਿਆਰ ਤੇ ਸਤਿਕਾਰ ਲੈਣ ਲਈ ਗੋਰੇ-ਚਿੱਟੇ ਬਣਨ ਦੀ ਜ਼ਰੂਰਤ ਨਹੀਂ, ਸਗੋਂ ਆਪਣੀ ਬੋਲੀ ਵਿੱਚ ਮਿਠਾਸ ਘੋਲਣ ਦੀ ਜ਼ਰੂਰਤ ਹੈ ਤੇ ਮੰਦੀਆਂ ਆਦਤਾਂ ਦਾ ਤਿਆਗ ਕਰਨ ਦੀ ਜ਼ਰੂਰਤ ਹੈ। ਕਾਂ ਹੁਣ ਆਪਣੇ ਪਿੰਡੇ ’ਤੇ ਲੱਗੇ ਰੰਗ ਨੂੰ ਲਾਹੁਣ ਦਾ ਕੋਈ ਢੰਗ ਸੋਚਣ ਲੱਗ ਪਿਆ।


ਪੰਜਾਬੀ ਕਹਾਣੀਆਂ (ਮੁੱਖ ਪੰਨਾ)