Chocolate (English Story in Punjabi): G.B. Prabhat
ਚਾਕਲੇਟ (ਅੰਗਰੇਜ਼ੀ ਕਹਾਣੀ) : ਜੀ.ਬੀ. ਪ੍ਰਭਾਤ
ਉਸ ਦੀ ਉਮਰ ਅੱਸੀ ਸਾਲ ਸੀ ਜਦੋੋਂ ਚੁਹੱਤਰਵੇਂ ਸਾਲ ਵਿੱਚ ਪਤਨੀ ਦੇ ਐਲਜਾਈਮਰ ਰੋਗ ਦਾ ਪਤਾ ਲੱਗਿਆ। ਡਾਕਟਰ ਨੇ ਉਸ ਨੂੰ ਵੱਖ ਕਰਕੇ ਕਿਹਾ ਸੀ ਕਿ ਪਤਨੀ ਦੀ ਯਾਦਾਸ਼ਤ ਬਿਗੜਦੇ ਜਾਣ ਦੀ ਸੰਭਾਵਨਾ ਹੈ। ਰੋਗ ਵਧਣ ਨਾਲ ਉਹ ਆਪਣਾ ਵਰਤਮਾਨ ਅਤੇ ਅਤੀਤ ਹੀ ਨਹੀਂ ਭੁੱਲਣ ਲੱਗੇਗੀ ਸਗੋਂ ਇਹ ਅਹਿਸਾਸ ਵੀ ਖ਼ਤਮ ਹੋਣ ਲੱਗੇਗਾ ਕਿ ਉਹ ਕੌਣ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਪਤਨੀ ਨੂੰ ਦਿਮਾਗ਼ੀ ਤੌਰ 'ਤੇ ਮਸਰੂਫ਼ ਰੱਖਿਆ ਜਾਵੇ। ਚੰਗਾ ਹੋਏਗਾ ਕਿ ਬੀਤੇ ਦਿਨਾਂ ਦੀਆਂ ਗੱਲਾਂ ਕੀਤੀਆਂ ਜਾਣ ਅਤੇ ਪਤਨੀ ਨੂੰ ਉਹਨਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾਵੇ – ਇੱਕ ਤਰ੍ਹਾਂ ਦੀ ਦਿਮਾਗ਼ੀ ਵਰਜ਼ਸ਼। ਧਿਆਨ ਰੱਖਣਾ ਹੋਵੇਗਾ ਕਿ ਪਤਨੀ ਨੂੰ ਕਿਸੇ ਵੀ ਵਕਤ ਧਮਕਾਏ ਜਾਣ ਜਾਂ ਜ਼ਿਆਦਤੀ ਕਰਨ ਦਾ ਆਭਾਸ ਨਾ ਹੋਵੇ। ਨਾਲ-ਨਾਲ ਕੁਝ ਦਵਾਈਆਂ ਵੀ ਦੇਣੀਆਂ ਪੈਣਗੀਆਂ ਜਿਨ੍ਹਾਂ ਨਾਲ ਮਰਜ਼ ਦਾ ਖ਼ਾਤਮਾ ਤਾਂ ਸੰਭਵ ਨਹੀਂ ਹੈ, ਪਰ ਉਸ ਦੇ ਫੈਲਾਅ ਨੂੰ ਥੋੜ੍ਹਾ ਧੀਮਾ ਜ਼ਰੂਰ ਕੀਤਾ ਜਾ ਸਕਦਾ ਹੈ।
ਡਾਕਟਰ ਨੇ ਸਮਝਾਇਆ- “ਚਿੰਤਾ ਨਾ ਕਰੋ। ਇੱਕ ਦਿਨ ਵਿੱਚ ਕਿਤੇ ਕੁਝ ਨਹੀਂ ਬਦਲਦਾ, ਪਰ ਮਹੀਨਿਆਂ ਬਾਅਦ ਜਾਂ ਮੁਮਕਿਨ ਹੈ ਕਿ ਵਰ੍ਹਿਆਂ ਬਾਅਦ ਅਸਰ ਜ਼ਰੂਰ ਦਿੱਸੇਗਾ।” ਦਰੁਸਤ ਹੈ ਕਿ ਇੱਕ ਦਿਨ ਵਿੱਚ ਕੁਝ ਨਹੀਂ ਬਦਲਿਆ, ਮਹੀਨਿਆਂ ਜਾਂ ਸ਼ਾਇਦ ਵਰ੍ਹਿਆਂ ਬਾਅਦ ਕੁਝ ਫ਼ਰਕ ਵਿਖਾਈ ਦਿੱਤਾ। ਅੱਖਰ ਮਿਟਾਉਣ ਵਾਲ਼ੀ ਅਦਿੱਖ ਰਬੜ ਦੀ ਤਰ੍ਹਾਂ ਰੋਗ ਆਪਣੇ ਪੈਰ ਪਸਾਰਦਾ ਗਿਆ। ਉਸ ਦੀਆਂ ਯਾਦਾਂ ਦੇ ਪੰਨੇ ਦਿਨੋਂ-ਦਿਨ ਸਾਫ਼ ਹੁੰਦੇ ਚਲੇ ਗਏ। ਕਿਸੇ ਦਿਨ ਕੁਝ ਗੁਆਚ ਜਾਂਦਾ, ਕਿਸੇ ਦਿਨ ਕੁਝ ਹੋਰ। ਅੱਸੀ ਦੀ ਉਮਰ ਤਕ ਪਹੁੰਚਦੇ-ਪਹੁੰਚਦੇ ਬੁਢੇਪਾ ਉਸ ਨੂੰ ਵੀ ਆਪਣੇ ਸ਼ਿਕੰਜੇ ਵਿੱਚ ਲੈਣ ਲੱਗਿਆ। ਹਾਲਾਂਕਿ ਕਿਸੇ ਵੱਡੀ ਬਿਮਾਰੀ ਤੋਂ ਉਹ ਹੁਣ ਵੀ ਮਹਿਫ਼ੂਜ਼ ਸੀ। ਉਸ ਨੂੰ ਲਗਦਾ ਕਿ ਉਸ ਦੀ ਸਿਹਤ ਠੀਕ-ਠਾਕ ਜਿਹੀ ਬਣਾਈ ਰੱਖਣਾ ਰੱਬ ਦਾ ਅਨਿਆਂ ਹੈ ਕਿਉਂਕਿ ਪਤਨੀ ਕਿਸੇ ਪੁਰਾਣੀ ਤਸਵੀਰ ਦੀ ਤਰ੍ਹਾਂ ਧੁੰਦਲੀ ਪੈਂਦੀ ਜਾ ਰਹੀ ਸੀ। ਫਿਰ ਉਸ ਨੇ ਆਪਣੀ ਬਿਹਤਰ ਸਿਹਤਮੰਦੀ ਨਾਲ ਸ਼ਿਕਵੇ ਕਰਨਾ ਛੱਡ ਦਿੱਤਾ, ਸੋਚਿਆ - ਜੇ ਇੱਕ ਦਿਨ ਉਹਦੇ ਅੰਗ ਵੀ ਲੁੰਜ-ਪੁੰਜ ਹੋ ਗਏ ਤਾਂ ਪਤਨੀ ਦੀ ਸਾਂਭ-ਸੰਭਾਲ ਕੌਣ ਕਰੇਗਾ ! ਉਹਨਾਂ ਦੀ ਕੋਈ ਉਲ਼ਾਦ ਜਾਂ ਨੇੜਲਾ ਰਿਸ਼ਤੇਦਾਰ ਵੀ ਤਾਂ ਨਹੀਂ ਸੀ।
ਆਪਣੀ ਨਿੱਤ-ਨਿੱਤ ਦੀ ਜੱਦੋ-ਜਹਿਦ ਤੋਂ ਉਹ ਕਦੇ ਅੱਕਦਾ ਨਹੀਂ ਸੀ ਕਿਉਂਕਿ ਸਾਲਾਂ-ਬੱਧੀ ਉਸ ਨੂੰ ਪਤਨੀ ਦੇ ਨਾਲ-ਨਾਲ ਰਹਿਣ ਦੀ ਆਦਤ ਪੈ ਗਈ ਸੀ। ਉਸ ਦਾ ਕਮਰਾ ਸਾਫ਼-ਸੁਥਰਾ ਰਖਦਾ। ਬਿਸਤਰੇ ਉੱਤੇ ਹਮੇਸ਼ਾ ਦੁੱਧ-ਚਿੱਟੀ ਚਾਦਰ ਵਿਛੀ ਰਹੇ, ਇਸ ਦਾ ਧਿਆਨ ਉਹ ਲਾਜ਼ਮੀ ਰੱਖਦਾ ਸੀ ਕਿਉਂਕਿ ਪਤਨੀ ਉਸ ਗੱਲ ਨੂੰ ਲੈ ਕੇ ਸੁਚੇਤ ਰਹਿੰਦੀ ਸੀ ਜਾਂ ਇਉਂ ਕਹਿ ਲਈਏ ਕਿ ਜਦੋਂ ਤਕ ਠੀਕ ਸੀ, ਸੁਚੇਤ ਰਹੀ। ਚੰਗੀ ਗੱਲ ਇਹ ਸੀ ਕਿ ਨਹਾਉਣ ਅਤੇ ਕੱਪੜੇ ਪਹਿਨਣ ਦਾ ਕੰਮ ਉਹ ਹੁਣ ਵੀ ਖ਼ੁਦ-ਬਖ਼ੁਦ ਕਰਦੀ ਸੀ।
ਬਹੁਤ ਧਿਆਨ ਨਾਲ, ਰੋਜ਼-ਬਰੋਜ਼ ਉਹ ਡਾਕਟਰ ਦੀਆਂ ਹਿਦਾਇਤਾਂ ਮੰਨਦਾ ਰਿਹਾ। ਹਲੀਮੀ ਨਾਲ, ਗੱਲਬਾਤ ਵਿੱਚ ਉਹ ਮੁੜ-ਮੁੜ ਕੇ ਇਕੱਠਿਆਂ ਬਤੀਤ ਕੀਤੇ ਦਿਨਾਂ ਦੀਆਂ ਗੱਲਾਂ ਦੁਹਰਾਉਂਦਾ। ਇਹਨਾਂ ‘ਤੇ ਪਤਨੀ ਬੱਸ ‘ਹਾਂ-ਹਾਂ’ ਕਰਦੀ ਅਤੇ ਫਿਰ ਹਲਕਾ ਜਿਹਾ ਮੁਸਕਰਾ ਕੇ ਕਿਤੇ ਗੁਆਚ ਜਾਂਦੀ। ਜਦੋਂ ਉਹ ਗੱਲ ਅੱਗੇ ਵਧਾਉਣ ਦਾ ਯਤਨ ਕਰਦਾ ਤਾਂ ਪਤਨੀ ਨੂੰ ਅਕਸਰ ਕੁਝ ਵੀ ਯਾਦ ਨਾ ਆਉਂਦਾ। ਉਸ ਨਾਲ ਗੂੜ੍ਹਾ ਪ੍ਰੇਮ ਹੋਣ ਕਰਕੇ ਹੀ ਪਤਨੀ ਦੀ ਭਰਪੂਰ ਕੋਸ਼ਿਸ਼ ਰਹਿੰਦੀ ਕਿ ਪਤੀ ਨੂੰ ਉਸ ਦੀ ਯਾਦਾਸ਼ਤ ਗੁਆਚਣ ਦਾ ਆਭਾਸ ਨਾ ਹੋਵੇ ਅਤੇ ਉਸ ਦੀਆਂ ਅੱਖਾਂ ਵਿੱਚ ਤੈਰਦੇ ਖ਼ਾਲੀਪਣ ਨੂੰ ਕਿਤੇ ਉਹ ਪੜ੍ਹ ਨਾ ਲਵੇ। ਦਿਨੋਂ-ਦਿਨ ਇਹ ਸਿਲਸਲਾ ਚਲਦਾ ਰਿਹਾ। ਕਦੇ-ਕਦਾਈਂ ਪਤਨੀ ਨੂੰ ਕੋਈ ਗੱਲ ਯਾਦ ਆ ਜਾਂਦੀ ਸੀ – ਅਤੇ ਇਹੀ ਉਸ ਦੀਆਂ ਅੱਖਾਂ ਦੀ ਚਮਕ ਪਰਤਾਉਣ ਲਈ ਬਥੇਰਾ ਸੀ।
ਇੱਕ ਦਿਨ ਆਪਣੇ ਚਿਹਰੇ ਉੱਤੇ ਬਣੇ ਹੋਏ ਨਿਸ਼ਾਨ ਨੂੰ ਉਸ ਨੇ ਪਤਨੀ ਨੂੰ ਵਿਖਾਉਂਦੇ ਹੋਏ ਪੁੱਛਿਆ, “ਤੈਨੂੰ ਯਾਦ ਹੈ, ਕਿਵੇਂ ਬਣਿਆ ਇਹ ਨਿਸ਼ਾਨ?” - ਕੋਈ ਪੰਜਾਹ ਸਾਲ ਪੁਰਾਣੀ ਗੱਲ ਹੈ ਜਦੋਂ ਸੈਰ-ਸਪਾਟੇ ਲਈ ਉਹ ਬੈਂਕਾਕ ਗਏ ਹੋਏ ਸਨ। ਉਥੇ ਉਹ ਬੜੀ ਬੇਸਬਰੀ ਨਾਲ ਸ਼ਾਕਾਹਾਰੀ ਖਾਣਾ ਲੱਭਦਾ ਰਿਹਾ ਅਤੇ ਫਿਰ ਥੱਕ-ਹਾਰ ਕੇ ਮੂੰਗਫਲੀ ਦਾ ਇੱਕ ਪੈਕਟ ਲੈ ਕੇ ਹੋਟਲ ਵਿੱਚ ਪਰਤ ਆਇਆ। ਪੈਕਟ ਖੋਲ੍ਹ ਕੇ ਦਾਣਾ ਮੁੰਹ ਵਿੱਚ ਰਖਦਿਆਂ ਹੀ ਪਤਨੀ ਅੱਗ ਦਾ ਭਾਂਬੜ ਬਣ ਗਈ- ਜੋ ਮੁੰਹ ਵਿੱਚ ਸੀ, ਬਾਹਰ ਥੁੱਕ ਦਿੱਤਾ। ਮੂੰਗਫਲੀ ਉੱਤੇ ਲਸਣ ਦਾ ਲੇਪ ਕੀਤਾ ਹੋਇਆ ਸੀ ਅਤੇ ਉਸ ਨੂੰ ਲਸਣ ਬਿਲਕੁਲ ਬਰਦਾਸ਼ਤ ਨਹੀਂ ਸੀ।
ਉਸ ਨੇ ਬਗ਼ੈਰ ਗੁੱਸਾ ਕੀਤਿਆਂ ਆਖਿਆ ਕਿ ਸਫ਼ਰ ਉੱਤੇ ਜਾਂਦੇ ਹੋਇਆਂ ਸਾਨੂੰ ਜੋ ਮਿਲ ਜਾਵੇ, ਉਸੇ ਨਾਲ ਗੁਜ਼ਾਰਾ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਆਖ਼ਿਰ ਸ਼ਾਕਾਹਾਰੀ ਖਾਣਾ ਲੱਭਣ ਲਈ ਉਹ ਕਿੰਨੀ-ਕਿੰਨੀ ਦੂਰ ਤਾਈਂ ਸੜਕ ਗਾਹ ਆਇਆ ਸੀ। ਪਤਨੀ ਇੱਕ ਜ਼ਖ਼ਮੀ ਸ਼ੇਰਨੀ ਵਾਂਗ ਬਿਸਤਰੇ ਤੋਂ ਉੱਠੀ ਅਤੇ ਜਾ ਕੇ ਉਸ ਦੇ ਮੂੰਹ ‘ਤੇ ਦੰਦੀ ਵੱਢ ਦਿੱਤੀ।
“ਤੈਨੂੰ ਇਹ ਵਾਕਿਆ ਯਾਦ ਹੈ?” ਆਪਣੇ ਚਿਹਰੇ ਦੇ ਨਿਸ਼ਾਨ ਤੇ ਪੋੱਲਾ-ਪੋੱਲਾ ਹੱਥ ਫੇਰਦਿਆਂ ਉਸ ਨੇ ਪਤਨੀ ਨੂੰ ਪੁੱਛਿਆ। ‘ਹਾਂ – ਹਾਂ’ ……..ਅਤੇ ਅੱਗੇ ਕੁਝ ਨਹੀਂ। ਫਿਰ ਉਹੀ ਖ਼ਾਮੋਸ਼ੀ।
ਸਪਸ਼ਟ ਸੀ ਕਿ ਉਸ ਨੂੰ ਉਹ ਘਟਨਾ ਹੁਣ ਯਾਦ ਨਹੀਂ ਆ ਰਹੀ ਸੀ। ਉਥੇ ਕਿੰਨੀ ਹਰਿਆਲੀ ਸੀ। ਕਿੰਨੀ ਸ਼ੁੱਧ ਤਾਜ਼ਾ ਹਵਾ ਸੀ। ਉੱਡਦੇ ਫਿਰਦੇ ਬੱਦਲ…..ਅਤੇ ਰਾਤ ਨੂੰ ਵਾਦੀਆਂ ਵਿੱਚ ਬਿਜਲੀ ਇਉਂ ਚਮਕਦੀ ਸੀ ਜਿਵੇਂ ਹੇਠਾਂ ਕੋਈ ਅੰਬਰ ਹੋਵੇ….ਹਾਂ…ਹੂੰ….।
“ਯਾਦ ਹੈ, ਕਾਰ ਤੋਂ ਉੱਤਰਦਿਆਂ ਤੂੰ ਕੀ ਕਿਹਾ ਸੀ?” ਉਸ ਨੇ ਹੌਲ਼ੀ ਜਿਹੇ ਪੁੱਛਿਆ। ਉਸ ਨੂੰ ਖੁਦ ਤਾਂ ਇੰਨ-ਬਿੰਨ ਯਾਦ ਸੀ – ਆਲ਼ੇ-ਦੁਆਲ਼ੇ ਫੈਲੇ ਚਾਹ ਦਿਆਂ ਬਾਗਾਂ ਨੂੰ ਦੇਖਦਿਆਂ ਹੀ ਪਤਨੀ ਨੇ ਕਿਹਾ ਸੀ ਕਿ ਜਿਵੇਂ ਕਿਸੇ ਨੇ ਪਹਾੜੀ ਨੂੰ ਹਰੇ ਰੰਗ ਦੇ ਮਖ਼ਮਲੀ ਕੰਬਲ ਵਿੱਚ ਵਲ੍ਹੇਟ ਦਿੱਤਾ ਹੋਵੇ। ਇਸ ਵਾਰ ਪਤਨੀ ਮੁਸਕਰਾਈ ਪਰ ਬੋਲੀ ਕੁਝ ਨਾ। ਉਹ ਬੜੀ ਖਾਹਸ਼ ਨਾਲ ਉਸ ਨੂੰ ਦੇਖਦਾ ਰਿਹਾ। ਮੁਸਕਰਾਹਟ ਗੁੰਮ ਨਹੀਂ ਹੋਈ, ਬਣੀ ਰਹੀ।
ਉਸ ਨੇ ਦ੍ਰਿੜ੍ਹ ਹੌਸਲੇ ਨਾਲ ਡੂੰਘਾ ਸਾਹ ਲਿਆ ਅਤੇ ਗੱਲ ਨੂੰ ਬਦਲਣ ਦੀ ਕੋਸ਼ਿਸ਼ ਕੀਤੀ। ਪਤਨੀ ਦਾ ਵੀਹਵਾਂ ਜਨਮ-ਦਿਨ ਉਹਨਾਂ ਦੀ ਮੰਗਣੀ ਅਤੇ ਵਿਆਹ ਦੇ ਵਿਚਕਾਰ ਆਇਆ ਸੀ। ਮਨ ਨਾ ਮੰਨਣ ਦੇ ਬਾਵਜੂਦ ਵੀ ਪਤਨੀ ਨੂੰ ਆਪਣੇ ਘਰ ਵਾਲਿਆਂ ਨਾਲ ਹੈਦਰਾਬਾਦ ਇੱਕ ਰਿਸ਼ਤੇਦਾਰ ਦੇ ਵਿਆਹ ਵਿੱਚ ਜਾਣਾ ਪਿਆ। ਪਤਨੀ ਨੇ ਇਸ ਮੌਕੇ 'ਤੇ ਮੰਗੇਤਰ ਦੀ ਗ਼ੈਰਹਾਜ਼ਰੀ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਸੀ। ਇੱਕ ਗ੍ਰੀਟਿੰਗ ਕਾਰਡ ਦੇ ਨਾਲ ਇੱਕ ਚਾਕਲੇਟ ਏਥੋਂ ਦੇ ਪਤੇ ਤੇ ਡਾਕ ਰਾਹੀਂ ਰਵਾਨਾ ਕਰ ਦਿੱਤਾ ਸੀ। ਕੁਝ ਦਿਨਾਂ ਬਾਅਦ ਉਸ ਨੂੰ ਹੈਦਰਾਬਾਦ ਤੋਂ ਆਇਆ ਇੱਕ ਪੈਕਟ ਮਿਲਿਆ ਜਿਸ ਵਿੱਚ ਸਲੀਕੇ ਨਾਲ ਲਪੇਟ ਕੇ ਅੱਧਾ ਖਾਧਾ ਹੋਇਆ ਇੱਕ ਚਾਕਲੇਟ ਰੱਖਿਆ ਹੋਇਆ ਸੀ। ਇਸ ਤੋਂ ਬਾਅਦ ਸਾਲ ਦਰ ਸਾਲ, ਜਨਮ-ਦਿਨ ਮੌਕੇ ਚਾਕਲੇਟ ਦੇਣ ਦਾ ਸਿਲਸਲਾ, ਇਸੇ ਰੂਪ ਵਿੱਚ ਬਰਕਰਾਰ ਰਿਹਾ – ਪਤਨੀ ਅੱਧਾ ਚਾਕਲੇਟ ਖਾ ਕੇ ਸਲੀਕੇ ਨਾਲ ਕਾਗਜ਼ ਵਿੱਚ ਲਪੇਟ ਕੇ ਉਸ ਵੱਲ ਵਧਾ ਦਿੰਦੀ ਸੀ।
ਉਹ ਇਕਦਮ ਉੱਠਿਆ ਅਤੇ ਰਸੋਈ ਵੱਲ ਗਿਆ। ਫ਼ਰਿੱਜ ਖੋਲ੍ਹ ਕੇ ਉਸ ਨੇ ਸਵੇਰੇ ਖਰੀਦੀ ਹੋਏ ਚਾਕਲੇਟ ਦਾ ਪੈਕਟ ਲੱਭਿਆ। ਦਹਾਕਿਆਂ ਤੋਂ ਉਹ ਇਹੀ ਬ੍ਰਾਂਡ ਖਰੀਦਦੇ ਆ ਰਹੇ ਸਨ। ਜਦੋਂ ਉਹ ਕਮਰੇ ਵਿੱਚ ਆਇਆ, ਪਤਨੀ ਟੀਵੀ ਦੇਖ ਰਹੀ ਸੀ। ਉਸ ਨੇ ਹੌਲ਼ੇ ਜਿਹੇ ਹੱਥ ਅਗਾਂਹ ਕਰਕੇ ਚਾਕਲੇਟ ਪਤਨੀ ਵੱਲ ਵਧਾ ਦਿੱਤਾ। ਪਤਨੀ ਨੇ ਚਾਕਲੇਟ ਹੱਥ ਵਿੱਚ ਲੈ ਕੇ ਦੋ-ਤਿੰਨ ਵਾਰ ਉਲਟਾ ਕੇ ਦੇਖਿਆ। ਕਮਜ਼ੋਰ ਕੰਬਦੀਆਂ ਉਂਗਲਾਂ ਨਾਲ ਪਤਨੀ ਨੇ ਚਾਕਲੇਟ ਦਾ ਪੈਕਟ ਖੋਲ੍ਹਿਆ, ਮੂੰਹ ਖੋਲ੍ਹ ਕੇ ਅੱਧਾ ਚਾਕਲੇਟ ਖਾਧਾ – ਸਹਿਜੇ-ਸਹਿਜੇ ਉਸ ਨੂੰ ਮੂੰਹ ਵਿੱਚ ਘੁਲਣ ਲਈ ਲੋਟ ਕੀਤਾ – ਬੜੀ ਚੇਤਨਤਾ ਨਾਲ ਬਚੇ ਹੋਏ ਚਾਕਲੇਟ ਨੂੰ ਕਾਗਜ਼ ਵਿੱਚ ਲਪੇਟਿਆ ਅਤੇ ਹੱਥ ਉਸ ਵੱਲ ਵਧਾ ਦਿੱਤਾ।
ਉਸ ਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਿਆ। ਕੀ ਉਸ ਦੀਆਂ ਅੱਖਾਂ ਵਿੱਚ ਸ਼ਰਾਰਤ ਸੀ ਜਾਂ ਉਸ ਨੂੰ ਉਂਜ ਹੀ ਅਜਿਹਾ ਲੱਗਿਆ ਸੀ !
ਉਸ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਪਤਨੀ ਨੇ ਆਖਿਆ - “ਮੈਂ ਬਹੁਤ ਥੱਕ ਗਈ ਹਾਂ, ਸੌਂ ਜਾਵਾਂ ?”
ਪਤਨੀ ਦੀਆਂ ਅੱਖਾਂ ਲਾਲ ਅਤੇ ਥੱਕੀਆਂ ਹੋਈਆਂ ਦਿੱਸ ਰਹੀਆਂ ਸਨ। ਉਹ ਵੀ ਤਾਂ ਥੱਕ ਗਿਆ ਸੀ। ਕਿਹਾ - “ਹਾਂ, ਸੌਂ ਜਾਓ।”
ਜਦੋਂ ਪਤਨੀ ਲੇਟ ਗਈ, ਉਸ ਨੇ ਧੀਮੇ-ਧੀਮੇ ਉਸ ਦਾ ਸਿਰ ਦੋ-ਤਿੰਨ ਵਾਰ ਥਾਪੜਿਆ। ਉਲਝੇ ਹੋਏ ਵਾਲਾਂ ਨੂੰ ਠੀਕ ਕਰ ਦਿੱਤਾ ਅਤੇ ਮੁੜ ਥਾਪੜਨ ਲੱਗਿਆ। ਵੇਖਦਿਆਂ-ਵੇਖਦਿਆਂ ਪਤਨੀ ਡੂੰਘੀ ਨੀਂਦ ਵਿੱਚ ਚਲੀ ਗਈ। ਸਿਰ ਉੱਤੇ ਥਾਪ ਪੈਂਦਿਆਂ ਹੀ ਸੌਂ ਜਾਣ ਦੀ ਉਸ ਦੀ ਪੁਰਾਣੀ ਆਦਤ ਸੀ। ਉਸ ਨੇ ਮਨ ਹੀ ਮਨ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਸ ਦੀ ਇਹ ਆਦਤ ਬਾਕੀ ਬਚੇ ਹੋਏ ਜੀਵਨ ਵਿੱਚ ਵੀ ਬਣੀ ਰਹੇ ਤਾਂ ਚੰਗਾ।
ਉਸ ਨੇ ਆਪਣੇ ਦੂਜੇ ਹੱਥ ਵਿੱਚ ਪਏ ਚਾਕਲੇਟ ਦੇ ਪੈਕਟ ਵੱਲ ਨਿਗ੍ਹਾ ਮਾਰੀ। ਗੱਲ ਜਿੱਥੋਂ ਅੱਜ ਅਧੂਰੀ ਰਹਿ ਗਈ, ਕੱਲ੍ਹ ਨੂੰ ਉੱਥੋਂ ਅੱਗੇ ਵਧਾਉਣ ਦੀ ਕੋਸ਼ਿਸ਼ ਕਰੇਗਾ। ਸਚਮੁਚ ਚੀਜ਼ਾਂ ਇੱਕ ਦਿਨ ਵਿੱਚ ਬਦਲ ਜਾਣ, ਅਜਿਹਾ ਨਹੀਂ ਹੁੰਦਾ।
(ਅਨੁਵਾਦ : ਮੁਲਖ ਸਿੰਘ)