Chon (Punjabi Story) : Gurmail Mudahar

ਚੋਣ (ਕਹਾਣੀ) : ਗੁਰਮੇਲ ਮਡਾਹੜ

ਜਿਸ ਕੁਰਸੀ ‘ਤੇ ਮੈਂ ਬੈਠਾ ਸਾਂ, ਮੇਰੇ ਸੱਜੇ-ਖੱਬੇ, ਆਲੇ-ਦੁਆਲੇ ਮੁੱਕੇਬਾਜ਼ ਹੀ ਮੁੱਕੇਬਾਜ਼ ਬੈਠੇ ਸਨ। ਵੱਖ-ਵੱਖ ਇਲਾਕਿਆਂ ਦੇ, ਵੱਖ-ਵੱਖ ਰੰਗਾਂ ਦੇ, ਖੇਡ ਵਸਤਰਾਂ ਤੇ ਬਲੈਜ਼ਰਾਂ ਵਿਚ ਸਜੇ ਹੋਏ। ਸਾਰਿਆਂ ਦੀਆਂ ਨਜ਼ਰਾਂ ਸਾਹਮਣੇ ਮੰਚ ‘ਤੇ ਗੱਡੀਆਂ ਹੋਈਆਂ ਸਨ ਜਿਸ ਦੁਆਲੇ ਚਾਰ ਪੋਲ ਗੱਡ ਕੇ ਉਨ੍ਹਾਂ ਵਿਚੋਂ ਦੋ ਉਤੇ ਚਿੱਟਾ ਤੇ ਇੱਕ ਲਾਲ ਅਤੇ ਇੱਕ ਉਤੇ ਹਰਾ ਕੱਪੜਾ ਚਾੜ੍ਹਿਆ ਹੋਇਆ ਸੀ। ਇਨ੍ਹਾਂ ਸਾਰੇ ਪੋਲਾਂ ਨੂੰ ਹਰੇ ਅਤੇ ਲਾਲ ਰੰਗ ਦੇ ਰੱਸਿਆਂ ਨਾਲ ਬੰਨ੍ਹ ਕੇ ਦੋ ਚੱਕਰ ਮਾਰੇ ਹੋਏ ਸਨ ਤਾਂ ਕਿ ਕੋਈ ਮੁੱਕੇਬਾਜ਼ ਦੂਜੇ ਮੁੱਕੇਬਾਜ਼ ਦਾ ਕੁੱਟਿਆ ਮਾਰਿਆ ਜਾਂ ਧੱਕਿਆ ਹੋਇਆ ਮੰਚ ਤੋਂ ਹੇਠਾਂ ਨਾ ਜਾ ਡਿੱਗੇ।
ਮੁਕਾਬਲਾ ਸ਼ੁਰੂ ਹੋਣ ਵਿਚ ਕੁਝ ਮਿੰਟ ਬਾਕੀ ਸਨ, ਲੋਕੀਂ ਗੱਪਾਂ ਹੱਕ ਕੇ ਇਹ ਵਕਤ ਪੂਰਾ ਕਰ ਰਹੇ ਸਨ।
“ਨੈਸ਼ਨਲ ਵਾਸਤੇ ਮੁੰਡੇ ਇੱਥੋਂ ਈ ਚੁਣੇ ਜਾਣਗੇ?” ਮੇਰੇ ਸੱਜੇ ਹੱਥ ਦੀ ਕੁਰਸੀ ‘ਤੇ ਬੈਠੇ ਮੁੱਕੇਬਾਜ਼ ਤੋਂ ਉਸ ਦਾ ਸਾਥੀ ਪੁੱਛ ਰਿਹਾ ਸੀ।
“ਆਹੋ, ਜਿਹੜੇ ਫਸਟ ਆਉਣਗੇ...ਉਨ੍ਹਾਂ ਨੂੰ ਹੀ ਲੈ ਕੇ ਜਾਣਗੇ?”
ਮੁੱਕੇਬਾਜ਼ ਦੇ ਸਾਥੀ ਮੂੰਹੋਂ ‘ਚੋਣ’ ਸ਼ਬਦ ਸੁਣ ਕੇ ਮੇਰੇ ਕੰਨ ਖੜ੍ਹੇ ਹੋ ਗਏ ਸਨ ਤੇ ਨਾਲ ਹੀ ਮੈਨੂੰ ਇੱਕ ਗੱਲ ਚੇਤੇ ਆ ਗਈ ਸੀ। ਮੈਂ ਰੇਲਗੱਡੀ ਵਿਚ ਸਫ਼ਰ ਕਰ ਰਿਹਾ ਸਾਂ। ਡੱਬੇ ਵਿਚ ਭਾਰਤ ਦੀ ਹਾਕੀ ਵਿਚ ਹੋਈ ਹਾਰ ਬਾਰੇ ਗੱਲਾਂ ਹੋ ਰਹੀਆਂ ਸਨ।
“ਜੀ ਹਾਰਦੇ ਕਿਮੇ ਨਾ...ਚੋਣ ਕਰਨ ਵੇਲੇ ਤਾਂ ਲਿਹਾਜ਼ਾਂ ਪੂਰਨ ਲੱਗ ਪੈਂਦੇ ਨੇ।” ਕਿਸੇ ਆਦਮੀ ਦੇ ਸ਼ਬਦ ਸਨ।
“ਇਹ ਵੀ ਛੱਡੋ ਜੀ, ਜਿਵੇਂ ਨੌਕਰੀਆਂ ਲਈ ਸੀਟਾਂ ਰਿਜ਼ਰਵ ਕਰ ਦਿੱਤੀਆਂ ਜਾਂਦੀਆਂ ਨੇ, ਉਮੇ ਹੀ ਖੇਡਾਂ ਵਿਚ ਰਿਜ਼ਰਵੇਸ਼ਨਾਂ ਘਸੋੜ ਦਿੱਤੀਆਂ ਨੇ...ਆਦਿਵਾਸੀ, ਵੱਖ-ਵੱਖ ਜਾਤਾਂ ਤੇ ਵੱਖ-ਵੱਖ ਸਟੇਟਾਂ ਲਈ।” ਇੱਕ ਹੋਰ ਆਦਮੀ ਨੇ ਪਹਿਲੇ ਦੀ ਗੱਲ ਨੂੰ ਹੋਰ ਅੱਗੇ ਤੋਰਿਆ ਸੀ।
ਦੂਜੇ ਦੀ ਗੱਲ ਸੁਣ ਕੇ ਸਾਰੇ ਡੱਬੇ ਵਿਚ ਹਾਸਾ ਛਣਕ ਗਿਆ ਸੀ। ਉਦੋਂ ਮੇਰੇ ਮਨ ਵਿਚ ਸਵਾਲ ਉਠਿਆ ਸੀ, ‘ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਚੋਣ ਕਰਨ ਵਾਲਿਆਂ ਨੂੰ ਕੀ ਆਪਣੇ ਮੁਲਕ ਦੀ ਇੱਜ਼ਤ ਨਹੀਂ ਚਾਹੀਦੀ ਹੁੰਦੀ।’
“ਚੰਗਾ ਹੁਣ ਸਾਹਮਣੇ ਦੇਖ ਫਾਈਟ ਸ਼ੁਰੂ ਹੋ ਗਈ ਐ।” ਮੁੱਕੇਬਾਜ਼ ਆਪਣੇ ਸਾਥੀ ਨੂੰ ਭੱਜ ਕੇ ਪਿਆ ਸੀ। ਉਸ ਦੀ ਕੜਕਵੀਂ ਅਵਾਜ਼ ਸੁਣ ਕੇ ਮੈਂ ਵੀ ਯਾਦਾਂ ਦੇ ਅਪੋਲੋ ਤੋਂ ਉਤਰ ਕੇ ਮੁਕਾਬਲਾ ਦੇਖਣ ਲੱਗ ਪਿਆ ਸਾਂ।
ਮੁਕਾਬਲਾ ਕੁਝ ਨਹੀਂ ਸੀ। ਦੋਵੇਂ ਮੁੰਡੇ ਇੱਕੋ ਕਾਲਜ ਦੇ ਵਿਦਿਆਰਥੀ ਸਨ। ਦੋਵੇਂ ਜਣੇ ਜਿੱਤਦੇ-ਜਿੱਤਦੇ ਫਾਈਨਲ ਵਿਚ ਪਹੁੰਚ ਗਏ ਸਨ। ਪਹਿਲਾ ਰਾਊਂਡ ਮੁਕਾ ਕੇ, ਦੂਜੇ ਵਿਚ ਦੋਵਾਂ ਨੇ ਸੰਧੀ ਕਰ ਕੇ ਇੱਕ ਨੇ ਹਾਰ ਮੰਨ ਲਈ ਸੀ।
ਪਿੰਨ ਵੇਟ ਤੋਂ ਜਿਉਂ-ਜਿਉਂ ਉਪਰ ਫਲਾਈ, ਬੈਟਮ, ਫੈਦਰ, ਲਾਈਟ, ਮਿਡਲ ਆਦਿ ਵੇਟ ਹੁੰਦੇ ਜਾਂਦੇ ਸਨ, ਤਿਉਂ-ਤਿਉਂ ਮੁਕਾਬਲੇ ਜ਼ੋਰ ਫੜਦੇ ਜਾ ਰਹੇ ਸਨ। ਦੇਖਣ ਵਾਲਿਆਂ ਨੂੰ ਵੀ ਸੁਆਦ ਆਉਣ ਲੱਗ ਪਿਆ ਸੀ। ਆਉਂਦਾ ਵੀ ਕਿਉਂ ਨਾ, ਸਟੇਟ ਬੌਕਸਿੰਗ ਚੈਂਪੀਅਨਸ਼ਿਪ ਜੋ ਦੇਖ ਰਹੇ ਸਨ।
ਫਿਰ ਜਦ ਲਾਈਟ ਹੈਵੀ ਵੇਟ ਲਈ ਅਨਾਉਂਸਰ ਨੇ ਮੁੱਕੇਬਾਜ਼ਾਂ ਦੇ ਨਾਂ ਬੋਲੇ ਤਾਂ ਪੰਡਾਲ ਵਿਚ ਮੱਛੀ ਬਾਜ਼ਾਰ ਜਿਹਾ ਰੌਲਾ ਪੈਣ ਲੱਗ ਪਿਆ ਸੀ।
“ਸਰੂਪ ਨੂੰ ਪਿਛਲੇ ਸਾਲ ਸਟੇਟ ਦਾ ਬੈਸਟ ਲੂਜ਼ਰ ਐਵਾਰਡ ਮਿਲਿਆ ਸੀ।” ਮੁੱਕੇਬਾਜ਼ ਆਪਣੇ ਸਾਥੀ ਨੂੰ ਦੱਸ ਰਿਹਾ ਸੀ।
“ਉਹ ਕੀ ਹੁੰਦੈ?”
“ਜਿਸ ਦੇ ਮੁਕਾਬਲੇ ਦਾ ਆਦਮੀ ਬਹੁਤ ਹੀ ਤਕੜਾ ਹੋਵੇ ਤੇ ਮੁਕਾਬਲਾ ਪਹਿਲਾਂ ਹੀ ਇਕਤਰਫ਼ਾ ਦਿਖਾਈ ਦੇ ਰਿਹਾ ਹੋਵੇ, ਪਰ ਉਹ ਫਿਰ ਵੀ ਹੌਂਸਲੇ ਨਾਲ ਮੁਕਾਬਲਾ ਲੜੇ...ਕੁੱਟ ਖਾਏ...ਤੇ ਸਾਰੇ ਰਾਊਂਡ ਪੂਰੇ ਕਰੇ।”
“ਸਰੂਪ ਕਿੱਥੇ ਦਾ ਐ?”
“ਐਥੇ ਦਾ ਈ ਐ...ਇੱਥੇ ਚੈਂਪੀਅਨਸ਼ਿਪ ਕਰਾਉਣ ਤੇ ਚੰਦਾ ਵਗੈਰਾ ‘ਕੱਠਾ ਕਰਨ ਵਿਚ ਇਸੇ ਦਾ ਹੀ ਹੱਥ ਹੈ।”
“ਤੇ ਰਾਮ ਸਰਨ?”
“ਏਅਰ ਫੋਰਸ ਵਿਚ ਐ, ਚੰਡੀਗੜ੍ਹ।”
ਸਰੂਪ ਤੇ ਰਾਮ ਸਰਨ ਦੋਵੇਂ ਰਿੰਗ ‘ਚ ਆ ਕੇ ਇੱਕ ਲਾਈਨ ਵਿਚ ਇੱਕ ਦੂਜੇ ਦੇ ਬਰਾਬਰ ਖੜ੍ਹੇ ਹੋ ਗਏ ਸਨ। ਦਰਸ਼ਕ ਬੜੇ ਗੌਰ ਨਾਲ ਮੁੱਕੇਬਾਜ਼ਾਂ ਨੂੰ ਦੇਖ ਰਹੇ ਸਨ। ਸਰੂਪ ਦਾ ਜਿਸਮ ਜਿੱਥੇ ਆੜ੍ਹਤ ਦੀ ਦੁਕਾਨ ‘ਤੇ ਬੈਠੇ ਚੰਗੇ ਸੇਠ ਵਰਗਾ ਸੀ, ਉਥੇ ਰਾਮ ਸਰਨ ਦੇ ਜਿਸਮ ਦਾ ਇੱਕ-ਇੱਕ ਪੱਠਾ ਅੱਡ-ਅੱਡ ਦਿਖਾਈ ਦੇ ਰਿਹਾ ਸੀ, ਚੰਗੇ ਨਾਮਵਰ ਬਾਡੀ ਬਿਲਡਰ ਦੇ ਜਿਸਮ ਦੇ ਪੱਠਿਆਂ ਵਾਂਗ।
ਰੈਫਰੀ ਨੇ ਦੋਵਾਂ ਮੁੱਕੇਬਾਜ਼ਾਂ ਦੇ ਗਲੱਵਜ਼ ਦੀ ਪੜਤਾਲ ਕੀਤੀ। ਫਲੀਟ ਦੇਖੇ। ਦੋਵਾਂ ਦੇ ਹੱਥ ਮਿਲਾਏ ਤੇ ਦੋਵੇਂ ਮੁੱਕੇਬਾਜ਼ ਪਿੱਛੇ ਹਟ ਗਏ। ਦੋਵੇਂ ਆਪੋ-ਆਪਣੀਆਂ ਆਰਾਮ ਥਾਂਵਾਂ ‘ਤੇ ਖਲੋ ਗਏ, ਹਰੀ ਬੈਲਟ ਵਾਲਾ ਸਰੂਪ ਗਰੀਨ ਕੌਰਨਰ ਵਿਚ। ਲਾਲ ਬੈਲਟ ਵਾਲਾ ਰਾਮ ਸਰਨ ਰੈਡ ਕਾਰਨਰ ਵਿਚ, ਇੱਕ ਦੂਜੇ ਵੱਲ ਪਿੱਠਾਂ ਕਰ ਕੇ ਰੱਸਿਆਂ ਨੂੰ ਹੱਥ ਪਾ ਕੇ ਵਾਰਮ-ਅੱਪ ਹੋਣ ਲੱਗ ਗਏ ਸਨ।
ਘੰਟੀ ਵੱਜੀ।
ਰੈਫਰੀ ਨੇ ਮੁੱਕੇਬਾਜ਼ੀ ਸ਼ੁਰੂ ਕਰਨ ਦਾ ਇਸ਼ਾਰਾ ਕੀਤਾ।
ਦੋਵੇਂ ਮੁੱਕੇਬਾਜ਼ ਬਾਜ਼ਾਂ ਵਾਂਗ ਇੱਕ ਦੂਜੇ ‘ਤੇ ਝਪਟੇ। ਪਟਾਕ ਪਟਾਕ ਦੋਵੇਂ ਪਾਸਿਆਂ ਤੋਂ ਮੁੱਕੇ ਪੂਰੇ ਜ਼ੋਰ ਦੀ ਚੱਲਣ ਲੱਗੇ। ਸਥਾਨਕ ਦਰਸ਼ਕ ਸਰੂਪ ਦੀ ਹੌਸਲਾ ਅਫ਼ਜ਼ਾਈ ਲਈ ਸ਼ੋਰ ਮਚਾ ਰਹੇ ਸੀ।
“ਦੇਖੀਂ ਕਿਤੇ ਇਸ ਸ਼ਹਿਰ ਨੂੰ ਲਾਜ ਨਾ ਲਾ ਦਈਂ...।” ਕੋਈ ਦਰਸ਼ਕ ਕਹਿ ਰਿਹਾ ਸੀ। ਸਰੂਪ ਦਾ ਕੋਚ ਵੀ ਉਸ ਨੂੰ ਬਾਹਰ ਬੈਠਾ ਹਦਾਇਤਾਂ ਦੇ ਰਿਹਾ ਸੀ। ਸਰੂਪ ਦੀਆਂ ਬਾਹਾਂ ਦੀ ਹਰਕਤ ਦੇ ਨਾਲ-ਨਾਲ ਉਹਦੀਆਂ ਬਾਹਾਂ ਤੇ ਜ਼ੁਬਾਨ ਵੀ ਚੱਲ ਰਹੀ ਸੀ। “ਲੈਫਟ...ਲੈਫਟ...ਲੈ...ਫ਼..ਟ ਤੇ ਹੁਣ ਰਾਈਟ...ਉਹ...ਸਟ੍ਰੇਟ ਕੱਢ...ਸਟ੍ਰੇਟ...ਹਾਂ...ਹਾਂ...ਸ਼ਾਬਾਸ਼ ਲੈਫ਼..ਟ...ਲੈ...ਫ਼..ਟ... ਹੁੱਕ।” ਪਰ ਸਰੂਪ ਦੇ ਕੋਚ ਦੀ ਕੋਚਿੰਗ ਦਾ ਬਹੁਤ ਲਾਭ ਰਾਮ ਸਰਨ ਹੀ ਉਠਾ ਜਾਂਦਾ ਸੀ। ਸਰੂਪ ਦੇ ਚਲਾਏ ਹੋਏ ਮੁੱਕੇ ਬਹੁਤੇ ਹਵਾ ਵਿਚ ਹੀ ਰਹਿ ਜਾਂਦੇ, ਕਿਉਂਕਿ ਰਾਮ ਸਰਨ ਹਮਲਾ ਕਰ ਕੇ ਸਰੂਪ ਦੀ ਵਾਰੀ ਝੱਟ ਪਿੱਛੇ ਹਟ ਜਾਂਦਾ ਜਿਸ ਕਰ ਕੇ ਉਸ ਦਾ ਵਾਰ ਖਾਲੀ ਚਲਿਆ ਜਾਂਦਾ।
“ਸਰੂਪ ਦਾ ਫੁੱਟ ਵਰਕ ਦੇਖ ਕਿੰਨਾ ਤਕੜੈ।” ਪਰ੍ਹੇ ਬੈਠਾ ਇੱਕ ਮੁੱਕੇਬਾਜ਼ ਦੂਜੇ ਮੁੱਕੇਬਾਜ਼ ਨੂੰ ਕਹਿ ਰਿਹਾ ਸੀ।
“ਫ਼ੌਜੀ ਐ...ਇਨ੍ਹਾਂ ਜਿੰਨੀ ਪ੍ਰੈਕਟਿਸ ਕੌਣ ਕਰ ਸਕਦੈ?”
ਇਧਰ ਰਾਮ ਸਰਨ ਦੇ ਪੱਖ ਵਿਚ ਨਾ ਤਾਂ ਕੋਈ ਸ਼ੋਰ ਪੈ ਰਿਹਾ ਸੀ ਤੇ ਨਾ ਹੀ ਉਸ ਦਾ ਕੋਚ ਉਸ ਨੂੰ ਕੋਈ ਹਦਾਇਤ ਦੇ ਰਿਹਾ ਸੀ। ਬੱਸ ਚੁੱਪ-ਚੁਪੀਤੇ ਬੜੇ ਇਤਮਿਨਾਨ ਨਾਲ ਮੁਕਾਬਲਾ ਦੇਖੀ ਜਾ ਰਿਹਾ ਸੀ। ਜਾਂ ਫੇਰ ਕੁਝ ਨੋਟ ਕਰੀ ਜਾ ਰਿਹਾ ਸੀ। ਜਾਂ ਕਦੇ-ਕਦੇ ਉਸ ਦੀ ਟੀਮ ਦੇ ਉਸ ਦੇ ਸਾਥੀਆਂ ‘ਚੋਂ ਕੋਈ ਉਸ ਦੇ ਕੀਤੇ ਗਏ ਵਧੀਆ ਹਮਲੇ ‘ਤੇ ਬੋਲ ਉਠਦਾ ਸੀ, “ਵੈਰੀ ਗੁੱਡ।”
ਦੂਜੇ ਰਾਊਂਡ ਵਿਚ ਲੋਕਾਂ ਦਾ ਸ਼ੋਰ ਪੈਣਾ ਘੱਟ ਹੋ ਗਿਆ ਸੀ। ਸਰੂਪ ਦੇ ਕੋਚ ਦੀਆਂ ਬਾਹਾਂ ਤੇ ਜ਼ੁਬਾਨ ਚੱਲਣੀ ਬੰਦ ਹੋ ਗਈ ਸੀ। ਸਰੂਪ ਹੁਣ ਹਮਲੇ ਕਰਨ ਦੀ ਥਾਂ ਬਚਾਓ ਕਰਨ ਲੱਗ ਪਿਆ ਸੀ, ਪਰ ਰਾਮ ਸਰਨ ਦੇ ਹਮਲੇ ਉਸੇ ਤਰ੍ਹਾਂ ਹੀ ਜਾਰੀ ਸਨ।
ਤੀਜੇ ਰਾਊਂਡ ਵਿਚ ਸਰੂਪ ਦਾ ਸਾਹ ਫੁੱਲ ਜਾਣ ਕਰ ਕੇ ਉਸ ਦਾ ਮੂੰਹ ਖੁੱਲ੍ਹ ਗਿਆ ਸੀ। ਪੈਰਾਂ ਦੀ ਫੁਰਤੀ ਮੁੱਕ ਚੁੱਕੀ ਸੀ। ਹੁਣ ਉਹ ਪੈਰ ਇਸ ਤਰ੍ਹਾਂ ਮੁਸ਼ਕਿਲ ਨਾਲ ਉਠਾ ਰਿਹਾ ਸੀ, ਜਿਵੇਂ ਧਰਤੀ ਵਿਚ ਗੱਡੇ ਗਏ ਹੋਣ ਤੇ ਬਾਹਾਂ ਦੇ ਗਾਰਡ ਬਣਾ ਕੇ ਸਿਰ ਆਪਣੇ ਢਿੱਡ ਵਿਚ ਲੁਕਾਉਣ ਲੱਗ ਪਿਆ ਸੀ। ਕਦੇ ਗੋਡਿਆਂ ਵਿਚ ਸਿਰ ਦੇ ਕੇ ਬੈਠ ਕੇ ਸਾਹ ਲੈਂਦਾ। ਰੈਫਰੀ ਦੀ ਵਾਰਨਿੰਗ ‘ਤੇ ਫੇਰ ਖੜ੍ਹਾ ਹੁੰਦਾ। ਮੁਕਾਬਲਾ ਲੜਨ ਦੀ ਫਿਰ ਅਸਫ਼ਲ ਕੋਸ਼ਿਸ਼ ਕਰਦਾ, ਪਰ ਰਾਮ ਸਰਨ ਇਸ ਤਰ੍ਹਾਂ ਲੱਗ ਰਿਹਾ ਸੀ, ਜਿਵੇਂ ਹੁਣੇ ਹੀ ਰਿੰਗ ਵਿਚ ਦਾਖਲ ਹੋਇਆ ਹੋਵੇ। ਸਰੂਪ ਉਸ ਦੇ ਮੁੱਕਿਆਂ ਦਾ ਮੁਕਾਬਲਾ ਨਾ ਕਰ ਸਕਦਾ, ਫਿਰ ਸਾਹ ਚੜ੍ਹ ਜਾਣ ‘ਤੇ ਬਾਹਾਂ ਦੇ ਗਾਰਡ ਬਣਾ ਕੇ ਸਿਰ ਢਿੱਡ ਵਿਚ ਦੇ ਲੈਂਦਾ। ਇਸ ‘ਤੇ ਰਾਮ ਸਰਨ ਉਸ ਦੀਆਂ ਵੱਖੀਆਂ ਕੁੱਟਣ ਲੱਗ ਪੈਂਦਾ। ਵੱਖੀਆਂ ਕੁੱਟੀਆਂ ਜਾ ਰਹੀਆਂ ਦੇਖ ਕੇ ਸਰੂਪ ਖੜ੍ਹਾ ਹੁੰਦਾ। ਉਸ ਦੇ ਗਾਰਡ ਵੀ ਹੁਣ ਢਿੱਲੇ ਪੈ ਗਏ ਸਨ। ਸਰੂਪ ਦੇ ਸਿੱਧਾ ਖੜ੍ਹਾ ਹੁੰਦੇ ਹੀ ਰਾਮ ਸਰਨ ਪੂਰੇ ਜ਼ੋਰ ਨਾਲ ਸਟ੍ਰੇਟ ਸਰੂਪ ਦੇ ਨੱਕ ‘ਤੇ ਜੜ ਦਿੰਦਾ। ਸਟ੍ਰੇਟ ਵੱਜਦੇ ਹੀ ਸਰੂਪ ਸੁੱਕੇ ਛੱਪੜ ਵਿਚ ਪਈ ਮੱਛੀ ਵਾਂਗ ਤੜਫ਼ ਉਠਦਾ ਤੇ ਲੜਖੜਾ ਕੇ ਡਿੱਗ ਪੈਂਦਾ। ਰੈਫਰੀ ਦੇ ਕਦੇ ਸੱਤ, ਅੱਠ, ਕਦੇ ਨੌਂ ਗਿਣਦੇ ਹੀ ਉਠ ਕੇ ਫਿਰ ਮੁਕਾਬਲਾ ਲੜਨਾ ਸ਼ੁਰੂ ਕਰ ਦਿੰਦਾ।
“ਰਾਮ ਸਰਨ ਦਾ ਚਿਹਰਾ ਦੇਖ ਹੁਣ।” ਮੇਰਾ ਗੁਆਂਢੀ ਮੁੱਕੇਬਾਜ਼ ਆਪਣੇ ਸਾਥੀ ਨੂੰ ਕਹਿ ਰਿਹਾ ਸੀ।
“ਐਂ ਲੱਗਦੈ ਜਿਵੇਂ ਸਰੂਪ ਨੂੰ ਕੱਚਾ ਈ ਚੱਬ ਜਾਊ।” ਮੁੱਕੇਬਾਜ਼ ਦੇ ਸਾਥੀ ਨੇ ਹੁੰਗਾਰਾ ਭਰਿਆ ਸੀ।
“ਜੇ ਇਹੀ ਹਾਲ ਰਿਹਾ ਤਾਂ ਸਰੂਪ ਸ਼ਾਇਦ ਨਾਕ ਆਊਟ ਹੀ ਹੋ ਜੇ।” ਕੋਈ ਹੋਰ ਮੁੱਕੇਬਾਜ਼ ਬੁੜਬੁੜਾਇਆ, “ਹੋ ਸਕਦੈ ਹੱਥ ਖੜ੍ਹਾ ਹੀ ਕਰ ਦੇਵੇ...।”
“ਨਹੀਂ ਐਂ ਤਾਂ ਇਹ ਪੱਕਾ ਰੰਘੜ ਐ...ਮਰ ਕੇ ਹੀ ਰਿੰਗ ‘ਚੋਂ ਨਿਕਲੂ।”
“ਇਹ ਵੀ ਕੋਈ ਖੇਡ ਹੈ? ਮੁੰਡੇ ਦਾ ਸੱਤਿਆਨਾਸ ਕਰ ਦਿੱਤਾ।” ਪਰ੍ਹੇ ਖੜ੍ਹਾ ਇੱਕ ਬੁੱਢਾ ਸਰੂਪ ਦਾ ਲਹੂ ਲਿਬੜਿਆ ਚਿਹਰਾ ਤੇ ਬੁਨੈਣ ਦੇਖ ਕੇ ਕਹਿ ਰਿਹਾ ਸੀ।
“ਹੁਣ ਦੇਖ ਸਰੂਪ ਦਾ ਮੂੰਹ ਮੇਰਾ ਨਾਮ ਜੋਕਰ ਦੇ ਰਾਜ ਕਪੂਰ ਵਰਗਾ ਹੋ ਗਿਐ।” ਬੁੱਢੇ ਤੋਂ ਥੋੜ੍ਹਾ ਹੋਰ ਅੱਗੇ ਖੜ੍ਹੇ ਇੱਕ ਮਨਚਲੇ ਮੁੰਡੇ ਨੇ ਕਿਹਾ ਸੀ ਤੇ ਉਸ ਦੇ ਕੋਲ ਖੜ੍ਹੇ ਕਈ ਹੋਰ ਦਰਸ਼ਕ ਇਹ ਗੱਲ ਸੁਣ ਕੇ ਹੱਸ ਪਏ ਸਨ।
ਘੰਟੀ ਵੱਜੀ। ਤੀਜਾ ਰਾਊਂਡ ਵੀ ਖ਼ਤਮ ਹੋ ਗਿਆ। ਸਰੂਪ ਬੜੀ ਮੁਸ਼ਕਿਲ ਨਾਲ ਤੁਰ ਰਿਹਾ ਸੀ। ਉਸ ਦੀ ਸੈਕਿੰਡ ਕਰਨ ਵਾਲਾ ਮੁੰਡਾ ਫਟਾਫਟ ਮੰਚ ‘ਤੇ ਆ ਕੇ ਉਸ ਨੂੰ ਸਹਾਰਾ ਦੇ ਕੇ ਗਰੀਨ ਕੌਰਨਰ ਵਿਚ ਡਹੇ ਸਟੂਲ ਤਕ ਲੈ ਗਿਆ ਸੀ। ਉਹ ਸਪੰਜ ਨਾਲ ਉਸ ਦਾ ਮੂੰਹ ਗਿੱਲਾ ਕਰ ਰਿਹਾ ਸੀ ਤੇ ਤੌਲੀਏ ਨਾਲ ਉਸ ਦਾ ਖੂਨ ਸਾਫ਼ ਕਰ ਰਿਹਾ ਸੀ। ਦੂਜੇ ਪਾਸੇ ਰਾਮ ਸਰਨ ਆਰਾਮ ਨਾਲ ਰੱਸਿਆਂ ‘ਤੇ ਬਾਹਾਂ ਧਰੀ ਖੜ੍ਹਾ ਸੀ। ਉਸ ਦਾ ਕੋਚ ਉਸ ਦੀ ਕੰਡ ਥਾਪੜ ਕੇ ਉਸ ਨੂੰ ਸੰਤਰਾ ਛਿੱਲ-ਛਿੱਲ ਕੇ ਦੇ ਰਿਹਾ ਸੀ।
“ਸਰੂਪ ਦਾ ਤੀਜਾ ਰਾਊਂਡ ਕੱਟਣ ਦੀ ਆਸ ‘ਤੇ ਨਹੀਂ ਸੀ...।” ਪਰ੍ਹੇ ਦੂਰ ਬੈਠਾ ਇੱਕ ਮੁੱਕੇਬਾਜ਼ ਦੂਜੇ ਮੁੱਕੇਬਾਜ਼ ਨੂੰ ਕਹਿ ਰਿਹਾ ਸੀ।
ਮੰਚ ‘ਤੇ ਰੈਫਰੀ ਜੱਜਾਂ ਤੋਂ ਪਰਚੀਆਂ ਇਕੱਠੀਆਂ ਕਰ ਰਿਹਾ ਸੀ। ਦਰਸ਼ਕ ਉਤਸੁਕਤਾ ਨਾਲ ਰੈਫਰੀ ਦੀ ਹਰ ਹਰਕਤ ਨੂੰ ਦੇਖ ਰਹੇ ਸਨ। ਪਰਚੀਆਂ ਇਕੱਠੀਆਂ ਕਰ ਕੇ, ਉਸ ਨੇ ਪਰਚੀਆਂ ਪੜ੍ਹੀਆਂ ਤੇ ਦੋਵਾਂ ਮੁੱਕੇਬਾਜ਼ਾਂ ਨੂੰ ਆਪਣੇ ਕੋਲ ਸੱਦਿਆ। ਦੋਵਾਂ ਦੇ ਵਿਚਕਾਰ ਖੜ੍ਹ ਕੇ ਦੋਵਾਂ ਦੇ ਗੁੱਟ ਫੜ ਲਏ। ਇੱਕ ਦਾ ਸੱਜੇ ਹੱਥ ਨਾਲ ਦੂਜੇ ਦਾ ਖੱਬੇ ਹੱਥ ਨਾਲ। ਦਰਸ਼ਕਾਂ ਦੀ ਨਜ਼ਰ ਰੈਫਰੀ ਦੇ ਖੱਬੇ ਹੱਥ ਖੜ੍ਹੇ ਰਾਮ ਸਰਨ ਦੀ ਬਾਂਹ ‘ਤੇ ਟਿਕੀ ਹੋਈ ਸੀ ਪਰ ਰੈਫਰੀ ਨੇ ਬਾਂਹ ਸਰੂਪ ਦੀ ਖੜ੍ਹੀ ਕਰ ਦਿੱਤੀ। ਫੋਟੋਗਰਾਫਰ ਨੇ ਫੋਟੋ ਖਿੱਚ ਲਈ। ਲੋਕ ਹੈਰਾਨ ਸਨ। ਚੀਕਾਂ, ਵਿਸਲਾਂ, ਕੁਰਸੀਆਂ ਦੇ ਹਿੱਲਣ-ਜੁਲਣ ਦਾ ਖੜਾਕ। ਪੰਡਾਲ ਵਿਚ ਬੇਚੈਨੀ ਫੈਲ ਚੁੱਕੀ ਸੀ।
“ਰਾਮ ਸਰਨ ਨਾਲ ਪੁੱਜ ਕੇ ਬੇਇਨਸਾਫ਼ੀ ਹੋਈ ਹੈ।” ਲੋਕ ਕਹਿ ਰਹੇ ਸਨ। ਉਹ ਵੀ ਮੰਚ ‘ਤੇ ਭੜਕਿਆ ਖੜ੍ਹਾ ਸੀ। ਉਸ ਦਾ ਕੋਚ ਮੁੜ-ਮੁੜ ਆਪਣੇ ਨੋਟ ਕੀਤੇ ਪੁਆਇੰਟ ਜੱਜਾਂ ਤੇ ਕਮੇਟੀ ਨੂੰ ਦਿਖਾ ਰਿਹਾ ਸੀ, ਪਰ ਉਸ ਦੀ ਕੋਈ ਨਹੀਂ ਸੀ ਸੁਣ ਰਿਹਾ। ਉਧਰ, ਰਾਮ ਸਰਨ ਦੀ ਟੀਮ ਦੇ ਸਾਥੀ ਵੀ ਮਰਨ-ਮਾਰਨ ਨੂੰ ਤਿਆਰ ਹੋਏ ਖੜ੍ਹੇ ਸੀ। ਕੋਚ ਉਨ੍ਹਾਂ ਨੂੰ ਵੀ ਰੋਕ ਰਿਹਾ ਸੀ। ਫ਼ੌਜੀ ਕੋਚ ਅਨੁਸ਼ਾਸਨ ਦਾ ਜੋ ਪੱਕਾ ਸੀ।
ਲੋਕ ਆਪੋ-ਆਪਣੀਆਂ ਥਾਂਵਾਂ ‘ਤੇ ਖੜ੍ਹੇ ਹੋ ਗਏ ਸੀ। ਪੁਲਿਸ ਦੇ ਕਰਮਚਾਰੀਆਂ ਨੇ ਕਿਤੇ ਆ ਕੇ ਉਨ੍ਹਾਂ ਨੂੰ ਬਿਠਾਇਆ।
ਕੁਝ ਟਿਕ-ਟਿਕਾ ਹੋਣ ‘ਤੇ ਰਹਿੰਦੇ ਮੁਕਾਬਲੇ ਹੋਏ। ਨਾ ਕਿਸੇ ਨੇ ਸੁਆਦ ਨਾਲ ਦੇਖੇ, ਨਾ ਹੀ ਕਿਸੇ ਨੂੰ ਦੇਖਣ ਦਾ ਚਾਅ ਰਿਹਾ ਸੀ। ਸਾਰੇ ਰਾਮ ਸਰਨ ਬਾਰੇ ਸੋਚ ਰਹੇ ਸਨ। ਘੁਸਰ-ਮੁਸਰ ਜਾਰੀ ਸੀ। ਪੁਲਿਸ ਦੇ ਸਿਪਾਹੀ ਸੰਮਾਂ ਵਾਲੀਆਂ ਡਾਂਗਾਂ ਲਈ ਖੜ੍ਹੇ ਸਨ।
ਇਨਾਮ ਵੰਡਣ ਦੀ ਰਸਮ ਸ਼ੁਰੂ ਹੋਈ। ਅਨਾਊਂਸਰ ਨਾਂ ਬੋਲਦਾ। ਮੁੱਕੇਬਾਜ਼ ਆਉਂਦੇ, ਆਪਣੇ ਇਨਾਮ ਲੈ ਕੇ ਚਲੇ ਜਾਂਦੇ। ਰਾਮ ਸਰਨ ਨੂੰ ਦੂਜੇ ਦਰਜੇ ਦਾ ਇਨਾਮ ਲੈਣ ਲਈ ਬੁਲਾਇਆ ਗਿਆ। ਉਹ ਮੰਚ ‘ਤੇ ਜੇਤੂ ਦੀ ਤਰ੍ਹਾਂ ਗਿਆ ਪਰ ਸਪੀਕਰ ਅੱਗੇ ਜਾ ਕੇ ਰੁਕ ਗਿਆ ਤੇ ਕਹਿਣ ਲੱਗਿਆ, “ਮੇਰੇ ਨਾਲ ਬੇਇਨਸਾਫ਼ੀ ਹੋਈ ਹੈ। ਮੈਂ ਸਰੂਪ ਨਾਲ ਫਿਰ ਮੁਕਾਬਲਾ ਲੜਨ ਦਾ ਚੈਂਲਿੰਜ ਕਰਦਾ ਹਾਂ। ਜੇ ਉਹ ਵਾਕਿਆ ਈ ਜੇਤੂ ਹੈ ਤਾਂ ਮੇਰੇ ਨਾਲ ਮੁਕਾਬਲਾ ਫਿਰ ਲੜੇ...ਫੈਸਲਾ ਤਿੰਨ ਰਾਊਂਡ ਦੀ ਥਾਂ ‘ਤੇ ਪੰਜ ਰਾਊਂਡ ‘ਤੇ ਹੋਵੇਗਾ। ਤੇ ਹਰ ਰਾਊਂਡ ਤਿੰਨ ਮਿੰਟ ਦੀ ਥਾਂ ‘ਤੇ ਪੰਜ ਮਿੰਟ ਦਾ...ਹੈ ਮਨਜ਼ੂਰ? ਕਿੱਥੇ ਹੈ ਸਰੂਪ...।”
“ਅਸ਼ਕੇ ਓਏ ਜੁਆਨਾ ਤੇਰੇ ਹੌਸਲੇ ਦੇ...ਸ਼ਹਿਰ ਦੀਆਂ ਬੀਹੀਆਂ ਨੀਵੀਆਂ ਕਰ ਦਿੱਤੀਆਂ ਇਨ੍ਹੇ ਕੋਟ ‘ਤੇ ਬਿਲਾ ਜਾ ਲਾ ਕੇ।” ਬੁੱਢਾ ਕਹਿ ਰਿਹਾ ਸੀ। “ਨਿਕਲ ਹੁਣ ਪਤੰਦਰ ਮੂਹਰੇ...।” ਹੁਣ ਬੁੱਢੇ ਦੀ ਗੱਲ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਸੀ।
ਪੰਡਾਲ ਵਿਚ ਫਿਰ ਸ਼ੋਰ ਮਚ ਗਿਆ ਸੀ। ਪ੍ਰਬੰਧਕ ਮੰਚ ‘ਤੇ ਜਾ ਕੇ ਰਾਮ ਸਰਨ ਨੂੰ ਸਮਝਾਉਣ ਲੱਗ ਪਏ ਸਨ ਪਰ ਉਹ ਉਸੇ ਤਰ੍ਹਾਂ ਡਟਿਆ ਖੜ੍ਹਾ ਸੀ। ਪ੍ਰਬੰਧਕ ਰਾਮ ਸਰਨ ਦੇ ਹੱਥ ਧੱਕੇ ਨਾਲ ਇਨਾਮ ਫੜਾ ਰਹੇ ਸਨ ਪਰ ਉਸ ਨੇ ਇਹ ਕਹਿ ਕੇ ਇਨਾਮ ਠੁਕਰਾ ਦਿੱਤਾ ਕਿ ਜੇ ਇਸ ਸ਼ਹਿਰ ਦੇ ਕਿਸੇ ਹੋਰ ਬੌਕਸਰ ਨੂੰ ਕੋਈ ਪ੍ਰਾਈਜ਼ ਨਹੀਂ ਮਿਲਿਆ ਤਾਂ ਇਹ ਪ੍ਰਾਈਜ਼ ਵੀ ਉਸ ਨੂੰ ਦੇ ਦਿੱਤਾ ਜਾਵੇ। ਫਿਰ ਉਸ ਨੂੰ ਪਰ੍ਹੇ ਖੜ੍ਹਾ ਸਰੂਪ ਦਿਖਾਈ ਦੇ ਗਿਆ ਸੀ।
ਉਹ ਉਵੇਂ ਹੀ ਗੁੱਸੇ ਦਾ ਭਰਿਆ ਪੀਤਾ ਉਸ ‘ਤੇ ਵਰ੍ਹ ਪਿਆ ਸੀ। “ਸਰੂਪ, ਤੂੰ ਮੇਰੀ ਘਰ ਬੁਲਾ ਕੇ ਚੰਗੀ ਬੇਇੱਜ਼ਤੀ ਕਰਵਾਈ ਹੈ। ਇੱਥੇ ਤੇਰੇ ਜੱਜ ਸਨ, ਮੈਨੂੰ ਹਰਾ ਦਿੱਤਾ, ਪਰ ਮਿੱਤਰਾ ਨੈਸ਼ਨਲ ਵਿਚ ਸਰਵਸਿਜ਼ ਰਾਹੀਂ ਆ ਕੇ ਤੈਨੂੰ ਫਿਰ ਦੇਖੂੰਗਾ ਇੱਕ ਵਾਰ...ਤਿਆਰੀ ਕਰ ਲਈਂ।”

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਮੇਲ ਮਡਾਹੜ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ