Chor (Punjabi Story) : Navtej Singh
ਚੋਰ (ਕਹਾਣੀ) : ਨਵਤੇਜ ਸਿੰਘ
“ਵੀਰਾ ਜੀ–ਉੱਠੋ...ਚੋਰ!”
“ਥੱਲੇ ਮੰਗਲ ਸਿੰਘ ਨੇ ਚੋਰ ਫੜਿਐ!”
ਜੀਤ ਅੱਭੜਵਾਹੇ ਉੱਠ ਪਿਆ, “ਕੀ ਕਿੱਥੇ ਚੋਰ?” ਤੇ ਅੱਧਨੀਂਦੇ ਹੱਥਾਂ ਨਾਲ ਮੰਜੀ ਥੱਲਿਓਂ ਐਨਕ ਲੱਭਣ ਲੱਗਾ।
“ਨੀ ਕੁੜੀਓ, ਬੱਤੀ ਤਾਂ ਬਾਲੋ…ਜਲਦੀ,” ਜੀਤ ਦੇ ਮਾਤਾ ਜੀ ਦੀ ਵਾਜ ਵਿਚ ਬੜੀ ਘਬਰਾਹਟ ਸੀ।
ਵੱਡੇ ਭਰਾ ਜੀ ਨੇ ਕੋਠੇ ਤੋਂ ਥੱਲੇ ਮੰਗਲ ਪਹਿਰੇਦਾਰ ਨੂੰ ਵਾਜ ਮਾਰੀ, “ਮੰਗਲਾ, ਕਾਬੂ ਕੀਤਾ ਹੋਇਆ ਈ ਨਾ?”
“ਆਹੋ,” ਮੰਗਲ ਸਿੰਘ ਨੇ ਚੋਰ ਨੂੰ ਮੋਟੀ ਸਾਰੀ ਗਾਲ੍ਹ ਕੱਢ ਕੇ ਕਿਹਾ।
ਬੱਤੀ ਬਲ ਚੁੱਕੀ ਸੀ। ਭਰਾ ਜੀ ਤੇ ਜੀਤ ਥੱਲੇ ਉੱਤਰਨ ਲੱਗੇ।
“ਕਾਕਾ, ਕੋਈ ਲਾਠੀ ਲੈ ਜਾਓ। ਚੋਰ ਦਾ ਕੁਝ ਵਸਾਹ ਨਹੀਂ ਹੁੰਦਾ!” ਤੇ ਨਿੱਕੇ ਤਾਰੀ ਨੂੰ ਸੰਦੂਕਾਂ ਵਾਲੇ ਕਮਰੇ ਵਿਚੋਂ ਲਾਠੀ ਲੱਭਣ ਲਈ ਭੇਜ ਕੇ ਮਾਤਾ ਜੀ ਨੇ ਗੱਲ ਜਾਰੀ ਰੱਖੀ, “ਪਤਾ ਨਹੀਂ, ਅੱਜ-ਕੱਲ੍ਹ ਚੋਰੀਆਂ ਨੂੰ ਕੀ ਆਖਰ ਆ ਗਈ ਏ। ਤੇਰੀ ਦਿੱਲੀ ਵਾਲੀ ਚਾਚੀ ਦੇ ਘਰ ਦਿਨ ਦੀਵੀਂ ਪਰਸੋਂ ਚੋਰੀ ਹੋ ਗਈ ਸੀ!”
“ਰੋਟੀ ਜੂ ਲੋਕਾਂ ਨੂੰ ਮਿਲਣੀ ਔਖੀ ਹੋ ਗਈ ਏ,” ਜੀਤ ਨੇ ਹੌਲੀ ਜਿਹੀ ਆਪਣਾ ਖ਼ਿਆਲ ਦੱਸਿਆ।
ਵੱਡੇ ਭਰਾ ਜੀ ਦੇ ਡੌਲੇ ਫਰਕ ਰਹੇ ਸਨ। ਉਨ੍ਹਾਂ ਦੇ ਅੰਦਰ ਏਸ ਵੇਲੇ ਸ਼ਿਕਾਰੀ ਜਾਗ ਪਿਆ ਸੀ, ਤੇ ਜੀਤ ਨੂੰ ਹੁਣ ਉਹ ਐਨ ਉਸ ਤਰ੍ਹਾਂ ਦੇ ਲੱਗ ਰਹੇ ਸਨ ਜਿਸ ਤਰ੍ਹਾਂ ਦੇ ਉਹ ਸ਼ਿਕਾਰ ਖੇਡਣ ਜਾਣ ਵੇਲੇ ਲੱਗਦੇ ਹੁੰਦੇ ਸਨ।
ਕੁਰੱਖ਼ਤ ਵਾਜ ਵਿਚ ਉਨ੍ਹਾਂ ਕਿਹਾ, “ਓਏ ਤਾਰੀ ਦੇ ਬੱਚੇ—ਲਾਠੀ ਲਿਆ ਮਰ, ਏਨੀ ਦੇਰ ਲਾ ਕੇ ਢੇਰ ਪੂਰੀਆਂ ਪਾਏਂਗਾ!”
“ਜੀਤ ਵੀਰਾ ਜੀ ਤਾਂ ਚਰਜ ਈ ਗੱਲਾਂ ਕਰਦੇ ਨੇ...ਅਖੇ ਰੋਟੀ ਨਹੀਂ ਮਿਲਦੀ,” ਜੀਤ ਦੀ ਵਿਚਕਾਰਲੀ ਭੈਣ ਨੇ ਕਿਹਾ, “ਭਲਾ ਚੋਰੀ ਵੀ ਕੋਈ ਤਰੀਕਾ ਏ ਰੋਟੀ ਖਾਣ ਦਾ! ਕੰਮ ਕਰਨ—ਸਾਰੀ ਦਿਹਾੜੀ ਵਿਹਲੇ ਰਹਿੰਦੇ ਨੇ ਤੇ ਰਾਤੀਂ ਧਾੜੇ ਮਾਰਦੇ ਨੇ।” ਵਿਚਕਾਰਲੀ ਭੈਣ ਦਾ ਰੰਗ ਬੱਤੀ ਦੀ ਲੋਅ ਵਿਚ ਬੜਾ ਪੀਲਾ ਲੱਗਦਾ ਪਿਆ ਸੀ, ਉਹ ਕਿੰਨੇ ਦਿਨਾਂ ਤੋਂ ਪਤਲਿਆਂ ਹੋਣ ਲਈ ਵਰਤ ਰੱਖ ਰਹੀ ਸੀ।
ਅਖ਼ੀਰ ਤਾਰੀ ਦੋ ਲਾਠੀਆਂ ਲੱਭ ਈ ਲਿਆਇਆ। ਵੱਡੇ ਭਰਾ ਜੀ ਨੇ ਸੁਖ ਦਾ ਸਾਹ ਲਿਆ, ਤੇ ਜੀਤ ਨੂੰ ਨਾਲ ਲੈ ਕੇ ਦਗੜ-ਦਗੜ ਥੱਲੇ ਉਤਰ ਗਏ।
ਲੈਂਪ ਦੇ ਚਾਨਣ ਵਿਚ ਚੋਰ ਵਰਾਂਡੇ ਵਿਚ ਸੁੰਗੜਿਆ ਬੈਠਾ ਦਿਸਿਆ, ਕਮਜ਼ੋਰ, ਸੁੱਕਾ ਟਾਂਡਾ ਜਿਹਾ।
“ਲੋਇ ਲੱਗਦੀ ਏ,” ਤੇ ਉਹਨੇ ਲੈਂਪ ਵੱਲੋਂ ਮੂੰਹ ਮੋੜ ਲਿਆ।
“ਕੌਣ ਏਂ—ਤੂੰ?” ਭਰਾ ਜੀ ਨੇ ਕਦੇ ਲਾਠੀ ਤੇ ਕਦੇ ਚੋਰ ਦੇ ਜਿਸਮ ਨੂੰ ਅੰਗਦਿਆਂ ਕਿਹਾ, ਜਿਵੇਂ ਉਹ ਅੱਟਾ-ਸੱਟਾ ਕਰ ਰਹੇ ਸਨ ਕਿ ਕਿੰਨੀਆਂ ਕੁ ਲਾਠੀਆਂ ਖਾ ਸਕੇਗਾ ਇਹ।
ਜੀਤ ਨੇ ਤੱਕਿਆ ਕਲੋਟੇ ਤੇ ਚੋਬਰ ਮੰਗਲ ਸਿੰਘ ਪਹਿਰੇਦਾਰ ਦੇ ਸਾਹਮਣੇ ਚੋਰ ਗੋਰਾ ਤੇ ਮਲੂਕ ਜਿਹਾ ਦਿਸ ਰਿਹਾ ਸੀ, ਪਰ ਉਹਦੀਆਂ ਅੱਖਾਂ...
“ਓਇ ਕੂੰਦਾ ਨਹੀਂ—ਸਰਦਾਰ ਜੀ ਕੀ ਪਏ ਪੁੱਛਦੇ ਆ?” ਮੰਗਲ ਨੇ ਇਕ ਹੋਰ ਗਾਲ੍ਹ ਕੱਢ ਕੇ ਕਿਹਾ, “ਹੁਣ ਕੀ ਮੰਨੋ ਪੈ ਗਈ ਆ—ਕਿਹਾ ਵਾਹਵਾ ਏਥੇ ਬਰਿੰਡੇ ਕੋਲ ਆ ਕੇ ਮਲਕੜੇ ਹੀ ਬੂਹਾ ਖੋਲ੍ਹਣ ਲੱਗਾ ਸੀ! ਜੇ ਸਰਦਾਰ ਜੀ, ਕਿਤੇ ਮੈਂ ਦੂਜੇ ਮੁਹੱਲੇ ਦੇ ਗੇੜੇ ਤੇ ਹੁੰਦਾ, ਤਾਂ ਅੱਜ ਭਾਣਾ ਵਰਤ ਜਾਣਾ ਸੀ।”
“ਮੈਂ ਤੇ ਬੂਹੇ ਕੋਲ ਨਹੀਂ ਗਿਆ—ਮੈਂ ਤੇ ਬੂਹੇ ਕੋਲ ਨਹੀਂ ਗਿਆ—ਇਥੋਂ ਤੱਕ ਹੀ ਆਈ ਗਿਆ ਸੀ—ਇਹ ਝੂਠ ਆਖਦੈ ਸਰਦਾਰ ਜੀ!”
“ਹੂੰ—ਨਾਲੇ ਚੋਰ ਨਾਲੇ ਚਾਤਰ,” ਭਰਾ ਜੀ ਨੇ ਇਕ ਲਾਠੀ ਵੱਟ ਕੇ ਉਹਦੀ ਪਿੱਠ ’ਤੇ ਮਾਰੀ।
ਕੋਠੇ ਤੋਂ ਬੱਚਿਆਂ ਤੇ ਕੁੜੀਆਂ ਨੇ ਪੁੱਛਿਆ, “ਕੁਝ ਪਤਾ ਲੱਗਾ?”
ਭਰਾ ਜੀ ਨੇ ਉੱਚੀ ਸਾਰੀ ਦੱਸਿਆ, “ਕੋਈ ਪਹਾੜੀਆ ਏ, ਸਹੁਰਾ।” ਤੇ ਫੇਰ, ਉਹਨੂੰ ਪੁੱਛਿਆ, “ਕਿਉਂ ਓਏ, ਕਾਂਗੜੇ ਦਾ ਏਂ?”
ਸਿਸਕਦਿਆਂ, ਆਪਣੀ ਪਿੱਠ ਮਲਦਿਆਂ ਉਹਨੇ ਜਵਾਬ ਦਿੱਤਾ, “ਹਾਂ, ਸਰਦਾਰ ਜੀ, ਤਹਿਸੀਲ ਪਾਲਮਪੁਰ, ਪਿੰਡ ਖੋਪਾ।”
“ਮੈਨੂੰ ਕੀ ਚੱਪੜ-ਚੱਪੜ ਦਸਨਾ ਪਿਆ ਏਂ—ਪਤਾ ਤੇ ਅਗਲੇ ਸਾਈਂ ਆਪੇ ਲਾ ਲੈਣਗੇ!”
ਉੱਤੋਂ ਵਾਜ ਆਈ, “ਮਾਤਾ ਜੀ ਕਹਿੰਦੇ ਨੇ ਇਹਨੂੰ ਠਾਣੇ ਲੈ ਜਾਓ।”
“ਚੱਲ ਠਾਣੇ,” ਭਰਾ ਜੀ ਨੇ ਉਚੇਚੇ ਰੋਅਬ ਨਾਲ ਕਿਹਾ। “ਲਈ ਚੱਲੋ ਠਾਣੇ, ਪਰ ਮੈਂ ਚੋਰ ਨਹੀਂ, ਮੈਂ ਚੋਰ ਨਹੀਂ।”
“ਤੇ ਫੇਰ ਤੂੰ ਇੰਜ ਰਾਤ ਵੇਲੇ ਇਥੇ ਕੀ ਲੈਣ ਆਇਆ ਸੈਂ?”
“ਮੈਂ ਚੋਰ ਨਹੀਂ, ਮੈਂ ਆਪੇ ਨਹੀਂ ਆਇਆ, ਆਪੇ ਨਹੀਂ ਆਇਆ, ਮੈਨੂੰ ਕੋਈ ਚੀਜ਼ ਚੁੱਕ ਕੇ ਲਿਆਈ ਏ...”
“ਹੂੰ ਸਾਲਾ ਮੱਕਰ ਕਿੱਡੇ ਖਲਾਰਦਾ ਹੈ,” ਭਰਾ ਜੀ ਨੇ ਇਕ ਲਾਠੀ ਉਹਨੂੰ ਫੇਰ ਉਸੇ ਥਾਂ ਮਾਰੀ।
“ਸਰਦਾਰ ਜੀ, ਇੱਥੇ ਨਾ ਮਾਰੋ, ਮੈਨੂੰ ਇੱਥੇ ਅੱਗੇ ਵੀ ਕਿਸੇ ਮਾਰਿਆ ਸੀ।
ਇਹ ਵੇਖੋ ਚੱਟੇ!...ਮੈਂ ਆਪੇ ਨਹੀਂ ਆਇਆ, ਮੈਨੂੰ ਕੋਈ ਚੀਜ਼ ਚੁੱਕ ਕੇ ਲਿਆਈ ਏ...ਕੋਈ ਚੀਜ਼ ਚੁੱਕ ਕੇ ਲਿਆਈ ਏ।”
ਜੀਤ ਜਿਹੜਾ ਹਾਲੀ ਤੱਕ ਨਹੀਂ ਸੀ ਬੋਲਿਆ ਤੇ ਬਿੱਟ-ਬਿੱਟ ਉਹਦੀਆਂ ਅੱਖਾਂ ਵੱਲ ਹੀ ਤੱਕ ਰਿਹਾ ਸੀ, ਉਹਨੇ ਵੱਡੇ ਭਰਾ ਨੂੰ ਹੌਲੀ ਜਿਹੀ ਕਿਹਾ, “ਪਤਾ ਤਾਂ ਕਰ ਲਓ— ਐਵੇਂ ਕਿਉਂ ਮਾਰੀ ਜਾਂਦੇ ਓ।” ਤੇ ਫੇਰ ਉਹਨੂੰ, “ਹਾਂ ਕਿਹੋ ਜਿਹੀ ਚੀਜ਼ ਸੀ ਜਿਹੜੀ ਤੈਨੂੰ ਇੱਥੇ ਚੁੱਕ ਲਿਆਈ?”
ਤੇ ਜੀਤ ਨੇ ਤੱਕਿਆ, ਉਹਦੀਆਂ ਅੱਖਾਂ ਜਿਹੜੀਆਂ ਹੁਣ ਤੱਕ ਚੁੱਚੀਆਂ ਹੋਈਆਂ ਸਨ, ਤੇ ਗਿੱਡ ਨਾਲ ਲਿੱਪੀਆਂ ਪਈਆਂ ਸਨ, ਤੇ ਲੈਂਪ ਦੀ ਲੋਅ ਵਿਚ ਚੰਗੀ ਤਰ੍ਹਾਂ ਖੁੱਲ੍ਹਦੀਆਂ ਨਹੀਂ ਸਨ—ਉਹ ਖੁੱਲ੍ਹਦੀਆਂ ਗਈਆਂ ਤੇ ਇੰਝ ਜਾਪਿਆ ਜਿਵੇਂ ਗਿੱਡ ਹਟ ਰਹੀ ਸੀ।
“ਮੈਨੂੰ ਬੱਤੀਆਂ ਦਿਸੀ ਜਾਨੀਆਂ, ਬੱਤੀਆਂ ਈ ਬੱਤੀਆਂ! ਏਸ ਲੰਪੇ ਦੀ ਲੋਇ ਵਾਂਗ ਚੁੱਭਿਆ ਨਾ ਕਰਿਆ ਕਰਦੀਆਂ, ਕੂਲੀਆਂ-ਕੂਲੀਆਂ—ਤੇ ਮੈਂ ਉਨ੍ਹਾਂ ਦੇ ਮਗਰ ਏਂਚੀ-ਏਂਚੀ ਤੁਰੀ ਪਿਆ…” ਤੇ ਉਹਦੀਆਂ ਅੱਖਾਂ ਤ੍ਰਹਿਏ ਸਹਿਮੇ ਲੇਲੇ ਵਰਗੀਆਂ ਹੋ ਗਈਆਂ, ਜਿਵੇਂ ਆਖ ਰਹੀਆਂ ਸਨ—ਹੈ ਇੰਜ ਈ ਏ, ਪਰ ਤੁਸਾਂ ਮੰਨਣਾ ਨਹੀਂ!
“ਚੱਲ, ਓਇ ਤੈਨੂੰ ਫ਼ਲਾਸਫਰ ਨੂੰ ਚੋਰਾਂ ਦਾ ਕੀ ਪਤਾ!” ਭਰਾ ਜੀ ਨੇ ਜੀਤ ਨੂੰ ਝਿੜਕਿਆ, ਤੇ ਉਡੀਕਦਿਆਂ ਦੀ ਇਤਲਾਹ ਲਈ ਜ਼ੋਰ ਦੀ ਹੱਸ ਕੇ ਕਿਹਾ, “ਇਹਨੂੰ ਇੱਥੇ ਬੱਤੀਆਂ ਦਿਸੀਆਂ ਸਨ—ਇਹਦੇ ਪਿਓ ਨੇ ਬਿਜਲੀ ਘਰ ਲਾਇਆ ਹੋਣਾ ਏ ਨਾ!”
“ਵੇ ਮੁੰਡਿਓ, ਪਰ੍ਹਾਂ ਠਾਣੇ ਲਿਜਾਓ ਸੂ। ਦਫ਼ਾ ਕਰੋ—ਐਵੇਂ ਕੀ ਨੁਣ ਨੁਣ ਲਾਈ ਜੇ,” ਉੱਤੋਂ ਮਾਤਾ ਜੀ ਨੇ ਕਿਹਾ।
“ਜਿੱਥੇ ਮਰਜ਼ੀ ਲਈ ਜਾਓ—ਪਰ ਬੱਤੀਆਂ ਮਗਰੇ ਮੈਂ ਏਂਚੀ-ਏਂਚੀ ਤੁਰੀ ਪਿਆ। ਇਹ ਜਦੋਂ ਵੀ ਅੱਖੀਆਂ ਨੂੰ ਨਜ਼ਰ ਆਇਆ ਕਰਿਆ ਕਰਦੀਆਂ ਮੈਂ ਤੁਰੀ ਪਿਆ ਕਰਦਾਂ, ਤੇ ਨਾਲੇ ਕੰਨਾਂ ਕੀ ਬੜੀਆਂ ਸੋਹਣੀਆਂ ਵਾਜਾਂ ਸੁਣਾਈ ਦਿਆਂ ਕਰਦੀਆਂ—ਇਨ੍ਹਾਂ ਦੇ ਹੱਥ ਨਹੀਂ, ਬਾਹਵਾਂ ਨਹੀਂ, ਪਰ ਇਹ ਮੈਨੂੰ ਚੁੱਕੀ ਲਿਆਂਦੀਆਂ ਨੇ, ਚੁੱਕੀ ਲਿਆਂਦੀਆਂ— ਤੇ ਰੁਕੀ ਨਹੀਂ ਹੁੰਦਾ...”
“ਤੇ ਸਹੁਰੀ ਦਿਆ, ਜਦੋਂ ਮੈਂ ਵਾਹਰ ਪਾਈ ਸੀ ਤਾਂ ਕਿਉਂ ਰੁਕ ਗਿਆ ਸੈਂ?” ਮੰਗਲ ਸਿੰਘ ਗੱਜਿਆ।
“ਓਦੋਂ ਬੱਤੀਆਂ ਇਕ ਦਮ ਗੁਆਚ ਗਈਆਂ ਸਨ...”
“ਚੱਲ, ਸੂਰ, ਠਾਣੇ,” ਭਰਾ ਜੀ ਦੀ ਸਮਝ ਜਵਾਬ ਦੇ ਗਈ, ਕਿਹਾ ਚੋਰ ਸੀ ਇਹ! “ਚੱਲ ਠਾਣੇ।”
ਜੀਤ ਨੇ ਕੋਠੇ ਉੱਤੇ ਬੈਠੇ ਪਿਤਾ ਜੀ ਅੱਗੇ ਤਰਲਾ ਕੀਤਾ, “ਪਿਤਾ ਜੀ, ਇਹ ਚੋਰ ਨਹੀਂ। ਮੈਨੂੰ ਪੱਕਾ ਯਕੀਨ ਏ। ਇਹਨੂੰ ਠਾਣੇ ਨਾ ਭੇਜੋ।”
“ਤੂੰ ਸਿਆਣਾ ਏਂ, ਮੈਨੂੰ ਵੀ ਜਾਪਦਾ ਏ ਕਿ ਇਹ ਚੋਰ ਨਹੀਂ—ਇਹਨੂੰ ਠਾਣੇ ਨਾ ਲਿਜਾਓ, ਤੇ ਹੁਣ ਖ਼ਤਮ ਕਰੋ ਇਸ ਮਾਮਲੇ ਨੂੰ!”
ਪਿਤਾ ਜੀ ਦੀ ਹਾਮੀ ਨੇ ਜੀਤ ਨੂੰ ਜ਼ੋਰ ਦੇ ਦਿੱਤਾ। ਉਹਨੇ ਕਿਹਾ, “ਆਓ, ਭਰਾ ਜੀ, ਇਹਨੂੰ ਓਥੇ ਮਕਬਰੇ ਵਿਚ ਛੱਡ ਆਈਏ।”
ਉਨ੍ਹਾਂ ਦੇ ਘਰ ਦੇ ਸਾਹਮਣੇ ਈ ਇਕ ਪੁਰਾਣੇ ਬਾਦਸ਼ਾਹਾਂ ਦਾ ਮਕਬਰਾ ਸੀ, ਬੜਾ ਉੱਚਾ ਸਾਰਾ।
ਜੀਤ ਨੇ ਲੈਂਪ ਫੜ ਲਿਆ। ਹਾਰ ਕੇ ਭਰਾ ਜੀ ਤੇ ਮੰਗਲ ਵੀ ਨਾਲ ਹੋ ਪਏ। ਚੋਰ ਤੁਰ ਪਿਆ, ਜਿਵੇਂ ਸੁਪਨੇ ਵਿਚ। ਇਕ ਥਾਂ ਉਹ ਠਿਠਕ ਕੇ ਖੜੋ ਗਿਆ, “ਇੱਥੇ ਬੱਤੀਆਂ ਸਨ, ਇੱਥੇ। ਤੁਸੀਂ ਲੰਪੇ ਨੀ ਲੋਇ ਹਟਾਓ।” ਤੇ ਉਹਦੇ ਕੰਨਾਂ ਨੇ ਕੁਝ ਸੁਣਨਾ ਚਾਹਿਆ, ਉਹਦੀਆਂ ਅੱਖਾਂ ਨੇ ਕੁਝ ਤੱਕਣਾ ਚਾਹਿਆ…ਪਰ ਕੁਝ ਨਾ ਦਿਸਿਆ, ਤੇ ਅਕਹਿ ਪੀੜ ਨਾਲ ਉਹਨੇ ਅੱਖਾਂ ਮੀਟ ਲਈਆਂ, ਜ਼ੋਰ ਦੀ, ਇਕ ਝਟਕੇ ਨਾਲ ਤੇ ਜਿਵੇਂ ਓਥੇ, ਉਹਦੇ ਮੱਥੇ ਥੱਲੇ ਅੱਖਾਂ ਨਾ ਰਹੀਆਂ ਹੋਣ, ਗਿੱਡ ਈ ਗਿੱਡ, ਦਰਦ ਦਾ ਇਕ ਲੇਪ ਜਿਹਾ…
ਜੀਤ ਨੇ ਪੁੱਛਿਆ, “ਤੇਰਾ ਨਾਂ ਕੀ ਏ?”
ਉਹ ਮਕਬਰੇ ਦੇ ਮੈਦਾਨ ਵਿਚ ਪੁੱਜ ਚੁੱਕੇ ਸਨ।
“ਲਾਹੋਰੂ।”
“ਤੇਰੀ ਵਹੁਟੀ ਹੈ?”
“ਹਾਂ, ਮੇਰੀ ਵਹੁਟੀ ਏ। ਉਹਦਾ ਨਾਂ ਏ, ਗੁਲਾਬੀ, ਤੇ ਮੇਰੇ ਬੱਚੇ ਨੇ—ਤੇ ਮੇਰੇ ਵੱਛੇ ਨੇ, ਤੇ ਮੇਰੇ ਲੇਲੇ…”
ਜੀਤ ਨੂੰ ਜਾਪਿਆ ਜਿਵੇਂ ਲਾਹੋਰੂ ਦੀਆਂ ਅੱਖਾਂ ਨੂੰ ਕੋਈ ਸੁਖਾਵੀਂ ਕੂਲੀ ਲੋਅ ਦਿਸ ਪਈ ਸੀ, ਜਿਵੇਂ ਕੋਈ ਸੁਹਣੀ ਮੁਲਾਇਮ ਸੋਅ ਸੁਣ ਪਈ ਸੀ।...ਪਰ ਜਿਵੇਂ ਇਕ ਦਮ ਲੋਅ ਬੁਝ ਗਈ ਹੋਵੇ, ਜਿਵੇਂ ਇਕ ਦਮ ਸੋਅ ਖਿੰਡ ਗਈ ਹੋਵੇ, ਜਿਵੇਂ ਇਕ ਦਮ ਲਾਹੋਰੂ ਦਾ ਦਿਲ ਬੰਦ ਹੋ ਗਿਆ ਹੋਵੇ; ਉਹਨੇ ਮੰਗਲ ਸਿੰਘ ਨੂੰ ਤੱਕਦਿਆਂ ਚੀਕ ਕੇ ਕਿਹਾ, “ਇੰਜ ਦੰਦੀਆਂ ਨਾ ਅੱਡ, ਇੰਜ ਦੰਦੀਆਂ ਨਾ ਅੱਡ।” ਮੰਗਲ ਸਿੰਘ ਦੇ ਉੱਚੇ ਚਿੱਟੇ ਦੰਦ ਉਹਦੇ ਕਾਲੇ ਮੂੰਹ ਵਿਚ ਸਦਾ ਹੀ ਅੱਡੇ ਰਹਿੰਦੇ ਸਨ। ਤੇ ਲਾਹੋਰੂ ਦੀ ਚੀਕ ਪੁਰਾਣੇ ਬਾਦਸ਼ਾਹਾਂ ਦੇ ਮਕਬਰੇ ਵਿਚ ਫੇਰ ਗੂੰਜ ਪਈ…ਇਕ ਮੋਰ ਕੂਕਿਆ, ਇਕ ਗਿੱਦੜ ਹੁਆਂਕਿਆ…
ਲਾਹੋਰੂ ਬਿੱਟ-ਬਿੱਟ ਤੱਕਦਾ ਮੰਗਲ ਦੇ ਦੰਦਾਂ ਤੇ ਅਟਕ ਗਿਆ ਸੀ, “ਬਹੱਤਰ ਨੰਬਰ ਪਲਟਣ ਦੇ ਕਪਤਾਨ ਨੇ ਇੰਜ ਹੀ ਓਦਨ ਦੰਦ ਅੱਡੇ ਸਨ ਜਿੱਦਨ ਮੇਰੇ ਕੋਲੋਂ ਡਬਲ ਰੋਟੀ ਸੜ ਗਈ ਸੀ। ਕਪਤਾਨ ਸਾਹਿਬ ਦੇ ਪਰਾਹੁਣੇ ਆਏ ਸਨ—ਤੇ ਫੇਰ ਫ਼ੌਜੀ ਬੂਟਾਂ ਨਾਲ, ਹਾਕੀ ਨਾਲ, ਬੈਂਤ ਨਾਲ…ਉਨ੍ਹਾਂ ਮੈਨੂੰ ਕਸਾਈਆਂ ਵਾਂਗ ਮਾਰਿਆ। ਦੇਖੋ ਸਰਦਾਰ ਜੀ, ਮੈਨੂੰ ਇਥੇ ਕੰਡੀ ਤੇ ਨਾ ਮਾਰੋ, ਇਥੇ ਮੈਨੂੰ ਅੱਗੇ ਵੀ ਕਿਸੇ ਮਾਰਿਆ ਸੀ। ਦੇਖੋ ਚੱਟੇ, ਦਰਦ ਹੋਇਆ ਕਰਿਆ ਕਰਦਾ ਜਦ ਇਹ ਜਾਗਿਆ ਕਰਿਆ ਕਰਦਾ...।” ਇਹ ਕਹਿ ਉਹ ਚੁੱਪ ਕਰ ਗਿਆ।
ਅਖ਼ੀਰ ਜੀਤ ਨੇ ਉਹਨੂੰ ਮਕਬਰੇ ਦੇ ਇਕ ਲੁੱਗੇ ਵਰਾਂਡੇ ਵਿਚ ਬਿਠਾ ਦਿੱਤਾ। ਨੇੜੇ ਦੇ ਹਵਾਈ ਅੱਡੇ ਉੱਤੇ ਉਤਰਨ-ਚੜ੍ਹਨ ਵਾਲੇ ਜਹਾਜ਼ਾਂ ਨੂੰ ਖ਼ਬਰਦਾਰ ਕਰਨ ਲਈ ਮਕਬਰੇ ਉੱਤੇ ਲਾਲ ਬੱਤੀ ਬਲ ਰਹੀ ਸੀ। ਲਾਹੋਰੂ ਨੂੰ ਕਦੇ ਜਗਦੀ ਕਦੇ ਬੁਝਦੀ ਇਹ ਬੱਤੀ ਦਿਸੀ।
ਭਰਾ ਜੀ ਨੇ ਲਾਠੀ ਨੂੰ ਸੱਧਰ ਨਾਲ ਤੱਕਿਆ। “ਕੋਈ ਸਾਲਾ ਅਸਲੀ ਚੋਰ ਹੁੰਦਾ, ਕੁਝ ਲਾਠੀਆਂ ਈ ਮਾਰਦੇ।” ਤੇ ਉਹ ਤੇ ਮੰਗਲ ਵਾਪਸ ਮੁੜ ਪਏ।
ਪਰ ਜੀਤ ਹਾਲੀ ਵੀ ਲਾਹੋਰੂ ਨੂੰ ਤੱਕ ਰਿਹਾ ਸੀ। ਜੀਤ ਨੇ ਭਾਵੇਂ ਕਦੇ ਲਾਠੀ ਨਹੀਂ ਸੀ ਮਾਰੀ, ਭਾਵੇਂ ਉਹਨੇ ਕਦੇ ਸ਼ਿਕਾਰ ਨਹੀਂ ਸੀ ਖੇਡਿਆ, ਪਰ ਅੱਜ ਉਹਦੇ ਵਿਚ ਸੈਆਂ ਅਣਉਲਰੀਆਂ ਲਾਠੀਆਂ ਦਾ ਰੋਹ ਸੀ, ਸੈਆਂ ਸ਼ਿਕਾਰਾਂ ਦੀ ਦੁਸ਼ਮਣੀ ਜਾਗ ਪਈ ਸੀ...ਇਕ ਡਬਲ ਰੋਟੀ…ਇਕ ਡਬਲ ਰੋਟੀ ਦੇ ਸੜ ਗਏ ਟੁਕੜੇ ਲਈ ਇਕ ਮਨੁੱਖ...
ਲਾਹੋਰੂ ਮਕਬਰੇ ਉਤਲੀ ਲਾਲ ਬੱਤੀ ਨੂੰ ਲਗਾਤਾਰ ਤੱਕੀ ਜਾ ਰਿਹਾ ਸੀ। ਜਿਉਂ-ਜਿਉਂ ਉਹ ਬੱਤੀ ਨੂੰ ਤੱਕਦਾ ਗਿਆ, ਉਹਦੇ ਅੰਗ ਕੁਝ ਨਿੱਸਲ ਹੁੰਦੇ ਗਏ। ਸੂਹੇ ਚਾਨਣ ਦੀ ਛੁਹ ਉਹਨੂੰ ਬੜੀ ਸੁਖਾਵੀਂ ਲੱਗੀ, ਇਕ ਨਰੋਆ ਸੱਜਰਾਪਨ ਜਿਹਾ ਮਹਿਸੂਸ ਹੋਇਆ— ਤੇ ਉਹਨੂੰ ਜਾਪਿਆ ਲਾਲ ਬੱਤੀ ਨਹੀਂ ਸੀ ਇਹ…ਗੁਲਾਬੀ ਦਾ ਲਾਲ ਸਾਲੂ ਸੀ, ਤੇ ਉਹਦੀ ਗੁਲਾਬੀ ਹੱਸ ਰਹੀ ਸੀ, ਰਾਤ-ਰਾਣੀ ਦੀ ਮਹਿਕ ਖਿੱਲਰ ਰਹੀ ਸੀ, ਬੱਚੇ ਖੇਡ ਰਹੇ ਸਨ, ਵੱਛੇ ਲਾਡ ਕਰ ਰਹੇ ਸਨ, ਲੇਲੇ ਮਮਿਆ ਰਹੇ ਸਨ। ਉਹਦੇ ਪਿੰਡ ਕੋਲ ਦਾ ਪਹਾੜੀ ਨਾਲਾ ਵਹਿ ਰਿਹਾ ਸੀ, ਸੂਹਾ ਚਾਨਣ ਚੁਫੇਰ, ਤੇ ਇਕ ਮਿੱਠੀ ਲਗਾਤਾਰ ਸ਼ੂਕ ਜਿਹੀ, ਜਿਵੇਂ ਕਿੰਨੀਆਂ ਈ ਗਊਆਂ ਦੀਆਂ ਧਾਰਾਂ ਅਨੇਕਾਂ ਵਲਟੋਹੀਆਂ ਵਿਚ ਪੈ ਰਹੀਆਂ ਹੋਣ—ਇਕ ਦੂਧੀਆ ਛਹਿਬਰ, ਇਕ ਦੂਧੀਆ ਸਾਂ, ਸਾਂ...
ਗੁਲਾਬੀ ਨਹੀਂ, ਲਾਲ ਬੱਤੀ ਨਹੀਂ। ਹੀਟਰ ਲਾਲ, ਤੇ ਡਬਲ ਰੋਟੀ ਲਾਲ, ਤੇ ਫੇਰ ਟੋਸਟ ਲਾਲ, ਤੇ ਕਪਤਾਨ ਸਾਹਿਬ ਦੀਆਂ ਅੱਖਾਂ ਲਾਲ, ਲਾਲ, ਲਾਲ...
ਸੜ ਖਿੰਘਰ ਹੋਏ ਟੋਸਟ ਵਾਂਗ ਇਕ ਮਨੁੱਖ ਪੁਰਾਣੇ ਬਾਦਸ਼ਾਹ ਦੇ ਮਕਬਰੇ ਦੀ ਕਾਲਖ ਵਿਚ ਲੇਟਿਆ ਹੋਇਆ ਸੀ।
[1948]