Coat Te Manukh (Punjabi Story) : Navtej Singh

ਕੋਟ ਤੇ ਮਨੁੱਖ (ਕਹਾਣੀ) : ਨਵਤੇਜ ਸਿੰਘ

ਘਰ ਰਜ਼ਾਈਆਂ ਸਿਰਫ਼ ਤਿੰਨ ਹੀ ਸਨ, ਉਹ ਵੀ ਪੁਰਾਣੀਆਂ ਜੁੱਲੀਆਂ ਜਹੀਆਂ—ਤੇ ਉਤੋਂ ਕਹਿਰਾਂ ਦਾ ਪਾਲਾ ਪੈ ਰਿਹਾ ਸੀ। ਰੋਜ਼ ਵਿਚਕਾਰਲੇ ਭੈਣ-ਭਰਾ ਇਕ ਰਜ਼ਾਈ ਵਿਚ ਸੌਂਦੇ, ਸਭ ਤੋਂ ਵੱਡੀ ਸੀਤੋ ਤੇ ਸਭ ਤੋਂ ਨਿੱਕੀ ਮੁੰਨੀ ਦੂਜੀ ਵਿਚ, ਤੇ ਤੀਜੀ ਵਿਚ ਉਨ੍ਹਾਂ ਦਾ ਪਿਓ ਮਾਸਟਰ ਈਸ਼ਰ ਦਾਸ। ਉਨ੍ਹਾਂ ਦੀ ਮਾਂ ਭਾਗਵੰਤੀ ਖੇਸ ਜੋੜ-ਜਾੜ ਕੇ, ਦਰੀ ਉਤੇ ਲੈ ਕੇ ਕੁਝ ਠੀਆ ਠੱਪਾ ਕਰ ਲੈਂਦੀ ਸੀ; ਪਰ ਕੁਝ ਦਿਨਾਂ ਤੋਂ ਲਗਾਤਾਰ ਰਾਤੀਂ ਠੰਢ ਲੱਗਣ ਕਰ ਕੇ ਸਾਰਾ-ਸਾਰਾ ਦਿਨ ਉਹਦੇ ਹੱਡ-ਪੈਰ ਟੁਟਦੇ ਰਹਿੰਦੇ ਸਨ, ਤੇ ਹਿਲਣ ਨੂੰ ਜੀਅ ਨਹੀਂ ਸੀ ਕਰਦਾ।

ਛੋਟੇ ਤਿੰਨ ਤਾਂ ਸੌਂ ਚੁੱਕੇ ਸਨ, ਪਰ ਵੱਡੀ ਸੀਤੋ ਜਾਗਦੀ ਪਈ ਸੀ। ਉਹਨੂੰ ਉਹ ਖੰਘ ਛਿੜੀ ਹੋਈ ਸੀ ਕਿ ਉਤਲਾ ਸਾਹ ਉਤੇ ਤੇ ਥੱਲੇ ਦਾ ਥੱਲੇ...ਤੇ ਇਹ ਨਾਮੁਰਾਦ ਖੰਘ ਬੜੇ ਚਿਰ ਤੋਂ, ਏਸ ਮੁਟਿਆਰ ਵਰੇਸ ਵਿਚ ਵੀ, ਉਹਦਾ ਖਹਿੜਾ ਨਹੀਂ ਸੀ ਛੱਡ ਰਹੀ। ਪੂਰੇ ਦੋ ਵਰ੍ਹਿਆਂ ਤੋਂ ਖੰਘ-ਜ਼ੁਕਾਮ ਦਾ ਜੰਮ ਉਹਨੂੰ ਚੰਬੜਿਆ ਹੋਇਆ ਸੀ।

ਇਕ ਵਾਰ ਮਾਸਟਰ ਈਸ਼ਰ ਦਾਸ ਨੇ ਆਪਣੇ ਕਿਸੇ ਸ਼ਗਿਰਦ ਦੇ ਡਾਕਟਰ ਪਿਓ ਕੋਲੋਂ ਬਿਨਾਂ ਫ਼ੀਸ ਸੀਤੋ ਦਾ ਮੁਆਇਨਾ ਕਰਾਇਆ ਸੀ। ਡਾਕਟਰ ਨੇ ਦੱਸਿਆ ਸੀ, “ਇਹਦੇ ਗਲੇ ਦਾ ਉਪਰੇਸ਼ਨ ਬਹੁਤ ਹੀ ਜ਼ਰੂਰੀ ਏ—ਜੇ ਹੋਰ ਕੁਝ ਦੇਰ ਏਸ ਤਰ੍ਹਾਂ ਘੌਲ ਕੀਤੀ ਤਾਂ ਇਹਦੇ ਕੰਨਾਂ ਨੂੰ ਘੱਟ ਸੁਣਾਈ ਦੇਣ ਲੱਗ ਪਏਗਾ ਤੇ ਇਹਦੇ ਦਿਲ ਉਤੇ ਵੀ ਅਸਰ ਪਏਗਾ”। ਤੇ ਡਾਕਟਰ ਨੇ ਰੋਜ਼ ਸੀਤੋ ਨੂੰ ਦੁੱਧ, ਆਂਡੇ, ਪੱਤਿਆਂ ਵਾਲੀਆਂ ਸਬਜ਼ੀਆਂ, ਫਲ ਤੇ ਵਿਟਾਮਿਨ ਦੀਆਂ ਗੋਲੀਆਂ ਖੁਆਣ ਲਈ ਕਿਹਾ ਸੀ।

ਪਰ ਸੀਤੋ ਦੋ ਵਰ੍ਹਿਆਂ ਤੋਂ ਇੰਝ ਹੀ ਖੰਘ ਰਹੀ ਸੀ। ਬਨਫ਼ਸ਼ੇ ਤੋਂ ਵਧ ਉਹ ਉਹਦੇ ਲਈ ਹੋਰ ਕੋਈ ਦਵਾਈ ਲਿਆ ਨਹੀਂ ਸੀ ਸਕਿਆ। ਉਪਰੇਸ਼ਨ, ਰੋਜ਼ ਦੁੱਧ, ਆਂਡੇ, ਫਲ … ਦੋ ਵਰ੍ਹਿਆਂ ਤੋਂ ਹੋਰ ਤੇ ਹੋਰ, ਉਹ ਆਪਣੀ ਸੱਤਰ ਰੁਪਏ ਮਾਹਵਾਰ ਤਨਖ਼ਾਹ ਵਿਚ ਘਰ ਲਈ ਇਕ ਰਜ਼ਾਈ ਵੀ ਮੁੱਲ ਨਹੀਂ ਸੀ ਲੈ ਸਕਿਆ!

“ਸੀਤੋ...ਸੀਤੋ!”

ਸੀਤੋ ਨੇ ਨਾ ਸੁਣਿਆ, ਸ਼ੈਦ ਖੰਘ ਛਿੜੀ ਹੋਣ ਕਰਕੇ।

“...ਡਾਕਟਰ ਨੇ ਕਿਹਾ ਸੀ, ਜੇ ਗਲਿਆਂ ਦਾ ਉਪਰੇਸ਼ਨ ਛੇਤੀ ਨਾ ਹੋਇਆ ਤਾਂ ਇਹਦੇ ਕੰਨਾਂ ਨੂੰ ਵੀ ਕਸਰ ਹੋ ਜਾਏਗੀ”… …

ਸੀਤੋ ਦੀ ਮਾਂ ਚੌਂਕਾ-ਭਾਂਡਾ ਸਾਂਭ ਕੇ ਆ ਗਈ, ਤੇ ਆਪਣੇ ਮੰਜੇ ਉਤੇ ਫਿਸੀਆਂ ਪੁਰਾਣੀਆਂ ਖੇਸੀਆਂ, ਦਰੀਆਂ ਜੋੜਨ ਲੱਗੀ।

“ਸੀਤੋ ਦੀ ਮਾਂ, ਅੱਜ ਤੂੰ ਮੇਰੀ ਰਜ਼ਾਈ ਲੈ ਲੈ, ਤੇ ਮੈਂ ਖੇਸੀਆਂ ਵਿਚ ਸੌਂ ਰਹਿੰਦਾ ਆਂ”

“ਨਾ ਜੀ, ਮੈਂ ਤੇ ਸਾਰਾ ਦਿਨ ਘਰ ਧੁੱਪ ਸੇਕਦੀ ਰਹਿੰਦੀ ਆਂ, ਤੇ ਤੁਸੀਂ ਸਵੇਰ ਸਾਰ ਇਨ੍ਹਾਂ ਤਿੰਨਾਂ ਕੱਪੜਿਆਂ ਨਾਲ ਏਨੀ ਮੰਜ਼ਲ ਕਰ ਕੇ ਦੂਜੇ ਪਿੰਡ ਪੜ੍ਹਾਣ ਜਾਣਾ ਹੁੰਦਾ ਹੈ। ਤੇ ਫੇਰ ਸਕੂਲੋਂ ਵੀ ਗਾਂਹ ਰਾਏ ਸਾਹਿਬ ਦੇ ਬੰਗਲਿਓਂ ਟੀਸ਼ਨ ਪੜ੍ਹਾ ਕੇ ਕਿਤੇ ਸੋਤੇ ਪਏ ਪਰਤਦੇ ਓ। ਜੇ ਰਾਤੀਂ ਵੀ ਰਤਾ ਤੁਹਾਨੂੰ ਰਜਾਈ ਦਾ ਰਮਾਨ ਨਾ ਮਿਲਿਆ, ਤਾਂ ਸਵੇਰੇ ਕਿਵੇਂ ਇਸ ਔਖੇ ਰਿਜ਼ਕ ਦੀ ਚੱਕੀ ਪੀਹੋਗੇ?”

ਭਾਗਵੰਤੀ ਅੱਜ ਸਾਰਾ ਦਿਨ ਠੰਢ ਵਿਚ ਬੱਚਿਆਂ ਦੇ ਕੱਪੜੇ ਤੇ ਜਿਹੜੇ ਵੀ ਮਾੜੇ-ਮੋਟੇ ਬਿਸਤਰੇ ਘਰ ਹੈ ਸਨ, ਉਹ ਧੋਂਦੀ ਰਹੀ ਸੀ, ਤੇ ਹੁਣ ਉਹਦੇ ਪਾਸੇ ਪੀੜ ਕਰ ਰਹੇ ਸਨ; ਪਰ ਫੇਰ ਵੀ ਉਹ ਵਾਰੋ-ਵਾਰ ਆਪਣੇ ਹਰ ਬੱਚੇ ਉਤੇ ਸਾਂਝੀਆਂ ਰਜ਼ਾਈਆਂ ਠੀਕ-ਠਾਕ ਕਰਨ ਲੱਗ ਪਈ।

ਤਿੰਨਾਂ ਕੱਪੜਿਆਂ ਨਾਲ…ਤੇ ਮਾਸਟਰ ਈਸ਼ਰ ਦਾਸ ਨੂੰ ਆਪਣੀ ਰਜਾਈ ਦੇ ਵਿਚ ਵੀ ਕਾਂਬਾ ਛਿੜ ਗਿਆ। ਉਹ ਸਵੇਰੇ-ਸਵੇਰੇ ਤਿੰਨ ਕੋਹ ਚੱਲ ਕੇ ਆਪਣੀ ਨੌਕਰੀ ਉਤੇ ਪੁਜਦਾ ਸੀ। ਉਹਦੇ ਕੋਲ ਕਿੰਨੇ ਹੀ ਵਰ੍ਹਿਆਂ ਤੋਂ ਕੋਟ ਨਹੀਂ ਸੀ, ਸਵੈਟਰ ਵੀ ਕੋਈ ਨਹੀਂ ਸੀ। ਸਕੂਲੇ ਪੁੱਜ ਕੇ ਪਹਿਲੀ ਘੰਟੀ ਵਿਚ ਤਾਂ ਉਹ ਹਾਜ਼ਰੀ ਲਾਣ ਲਈ ਕਲਮ ਵੀ ਆਪਣੀਆਂ ਉਂਗਲਾਂ ਵਿਚ ਨਹੀਂ ਸੀ ਫੜ ਸਕਦਾ। ਅੱਗੇ ਸ਼ਾਮੀਂ ਤਾਂ ਉਹ ਸਵੱਖਤੇ ਪਰਤਣ ਕਰਕੇ ਪਾਲੇ ਤੋਂ ਬਚ ਜਾਂਦਾ ਸੀ, ਪਰ ਹੁਣ ਉਹਨੇ ਸੌ ਸਿਫ਼ਾਰਸ਼ਾਂ ਪੁਆ ਕੇ ਰਾਏ ਸਾਹਿਬ ਦੇ ਪੁੱਤਰ ਦੀ ਟਿਊਸ਼ਨ ਲੈ ਲਈ ਸੀ। ਸਕੂਲੋਂ ਛੁੱਟੀ ਮਗਰੋਂ ਕੋਹ ਵਾਟ ਉਤੇ ਰਾਏ ਸਾਹਿਬ ਦੇ ਬੰਗਲੇ ਵਿਚ ਉਹ ਰਾਏਜ਼ਾਦੇ ਨੂੰ ਪੜ੍ਹਾਨ ਜਾਂਦਾ ਸੀ। ਤੇ ਰਾਏਜ਼ਾਦਾ ਕਿਹੜਾ ਜਾਂਦਿਆਂ ਅੱਗੋਂ ਪੜ੍ਹਨ ਲਈ ਤਿਆਰ ਬੈਠਾ ਹੁੰਦਾ ਸੀ! ਕਦੇ ਉਹ ਮਟਕ ਮਟਕ ਚਾਹ ਪੀ ਰਿਹਾ ਹੁੰਦਾ, ਕਦੇ ਉਹਦੇ ਲਈ ਕੋਈ ਉਚੇਚਾ ਪਕਵਾਨ ਬਣਦਾ ਹੁੰਦਾ ਤੇ ਇਹ ਖਾ ਕੇ ਕਿਤੇ ਉਹ ਮਾਸਟਰ ਕੋਲ ਆਂਦਾ। ਸੋ ਭਾਵੇਂ ਰਾਏਜ਼ਾਦੇ ਨੂੰ ਇਕ ਘੰਟਾ ਹੀ ਪੜ੍ਹਾਨਾ ਹੁੰਦਾ ਸੀ, ਪਰ ਪੂਰੇ ਦੋ ਘੰਟੇ ਉਹਨੂੰ ਰਾਏ ਸਾਹਿਬ ਦੇ ਬੰਗਲੇ ਰਹਿਣਾ ਪੈਂਦਾ ਸੀ। ਇਸ ਦੋ ਕੋਹ ਦੇ ਵਲੇ, ਦੋ ਘੰਟਿਆਂ ਦੀ ਮਗ਼ਜ਼-ਮਾਰੀ ਤੇ ਤ੍ਰਕਾਲੀਂ ਪਰਤਦਿਆਂ ਫੇਰ ਸਵੇਰ ਵਾਂਗ ਦੰਦੋੜਿਕੇ ਲੁਆਣ ਦਾ ਮੁੱਲ ਉਹਨੂੰ ਪੰਦਰਾਂ ਰੁਪਏ ਮਹੀਨਾ ਮਿਲਦਾ ਸੀ—ਤੇ ਕੁਲ ਤਿੰਨ ਮਹੀਨੇ ਟਿਊਸ਼ਨ ਇਹ ਰਹਿਣੀ ਸੀ। ਪੰਦਰਾਂ ਤੀਏ ਪੰਜਤਾਲੀ। ਇਕ ਰਜ਼ਾਈ ਆਖਰ ਬਣ ਜਾਏਗੀ। ਸੀਤੋ ਦੀ ਮਾਂ ਲਈ, ਤੇ ਸੀਤੋ ਦੇ ਉਪਰੇਸ਼ਨ ਦੀ ਫ਼ੀਸ ਵੀ ਸ਼ੈਦ ਸਰ ਜਾਏ। ਮਾਰਚ ਤੱਕ, ਡਾਕਟਰ ਨੇ ਦੱਸਿਆ ਸੀ, ਉਪਰੇਸ਼ਨ ਹੋ ਸਕਦੇ ਨੇ। …ਤੇ ਸੀਤੋ ਲਈ ਪਾਈਆ ਦੁੱਧ!

ਭਾਗਵੰਤੀ ਨੇ ਆਪਣੇ ਮੰਜੇ ਉਤੇ ਲੇਟਦਿਆਂ ਕਿਹਾ, “ਹੁਣ ਜਦੋਂ ਟੀਸ਼ਨ ਦੇ ਪੈਸੇ ਆਣ ਤਾਂ ਉੱਨ ਮੈਨੂੰ ਲਿਆ ਦੇਣੀ। ਮੈਂ ਤੁਹਾਨੂੰ ਇਕ ਸਵੈਟਰ ਹੀ ਉਣ ਦਿਆਂ। ਏਨੀ ਠੰਢ ਤਿੰਨਾਂ ਕੱਪੜਿਆਂ ਨਾਲ ਝਾਗਦੇ ਹੋ। ਰੱਬ ਨਾ ਕਰੇ, ਜੇ ਕਿਤੇ ਕੋਈ ਹਰਜ ਮਰਜ ਹੋ ਗਈ!” ਭਾਗਵੰਤੀ ਆਪਣੇ ਕੱਕਰ ਵਰਗੇ ਬਿਸਤਰੇ ਵਿਚ ਗੁੱਛਾ-ਮੁੱਛਾ ਹੋਈ ਕੰਬ ਰਹੀ ਸੀ ਤੇ ਕਾਂਬਾ ਉਹਦੀ ਵਾਜ ਵਿਚ ਵੀ ਸੀ।

“ਮੈਨੂੰ ਸਵੈਟਰ ਦੀ ਲੋੜ ਨਹੀਂ, ਮੈਂ ਇੱਕ ਕੋਟ ਅੱਜ ਲੈ ਆਂਦਾ ਏ”

“ਕਿੱਥੇ ਜੇ ਕੋਟ? ਮੈਨੂੰ ਤਾਂ ਤੁਸਾਂ ਵਿਖਾਇਆ ਹੀ ਨਹੀਂ! ਤੇ ਲੈ ਕਿਵੇਂ ਲਿਆ ਜੇ?—ਹਾਲੀ ਨਾ ਤਨਖ਼ਾਹ ਜੁੜੀ ਏ, ਤੇ ਨਾ ਟੀਸ਼ਨ ਦੇ ਪੈਸੇ...”

ਸੀਤੋ ਨੂੰ ਖੰਘ ਫੇਰ ਆਫ਼ਤਾਂ ਦੀ ਛਿੜ ਪਈ ਸੀ। ਭਾਗਵੰਤੀ ਉਹਦੀ ਮੰਜੀ ਉਤੇ ਉਹਦੀ ਛਾਤੀ ਮਲਣ ਚਲੀ ਗਈ।

ਮਾਸਟਰ ਈਸ਼ਰ ਦਾਸ ਨੇ ਕੋਟ ਆਪਣੇ ਘਰ ਦੇ ਕਿਸੇ ਜੀਅ ਨੂੰ ਨਹੀਂ ਸੀ ਵਿਖਾਇਆ। ਜੇ ਉਹ ਘਰ ਕੋਟ ਪਾ ਕੇ ਆ ਜਾਂਦਾ ਤਾਂ ਭਾਗਵੰਤੀ ਤੇ ਸੀਤੋ ਦੇ ਸਿਵਾ ਉਹਨੂੰ ਹੋਰ ਕਿਸੇ ਨੇ ਸ਼ੈਦ ਪਛਾਣਨਾ ਹੀ ਨਹੀਂ ਸੀ। ਤਿੰਨਾਂ ਛੋਟਿਆਂ ਨੂੰ ਜਦੋਂ ਦੀ ਸੰਭਾਲ ਆਈ ਸੀ, ਓਦੋਂ ਤੋਂ ਹੀ ਕਦੇ ਉਹਦੇ ਕੋਲ ਕੋਟ ਨਹੀਂ ਸੀ ਹੋਇਆ। ਆਪਣੇ ਵਿਆਹ ਉਤੇ ਉਹਨੇ ਇਕ ਗਰਮ ਕੋਟ ਸਵਾਇਆ ਸੀ ਜਿਹੜਾ ਕਿੰਨੇ ਹੀ ਵਰ੍ਹੇ ਚਲਦਾ ਰਿਹਾ ਸੀ। ਪਰ ਜਦੋਂ ਦਾ ਦੇਸ਼ ਆਜ਼ਾਦ ਹੋਇਆ ਸੀ ਤੇ ਉਹ ਪਾਕਿਸਤਾਨੋਂ ਏਧਰ ਆਏ ਸਨ, ਉਹ ਗਰਮ ਕੋਟ ਪਾਕਿਸਤਾਨ ਵਿਚ ਹੀ ਰਹਿ ਗਿਆ ਸੀ, ਤੇ ਉਸ ਤੋਂ ਮਗਰੋਂ ਨਵਾਂ ਕੋਟ ਨਹੀਂ ਸੀ ਬਣ ਸਕਿਆ। ਤੇ ਅੱਜ ਉਹ ਇਕ ਕੋਟ ਲੈ ਆਇਆ ਸੀ, ਪਰ ਇਹ ਕੋਟ ਉਹਨੇ ਆਪਣੀ ਵਹੁਟੀ ਨੂੰ ਨਹੀਂ ਸੀ ਵਿਖਾਇਆ।

…ਜਿਹੜਾ ਕੋਟ ਪਾਕਿਸਤਾਨ ਰਹਿ ਗਿਆ ਸੀ, ਉਹਦੇ ਵਿਆਹ ਦਾ ਕੋਟ, ਉਹਦੇ ਖੱਬੇ ਪਾਸੇ ਕਾਲਰ ਕੋਲ ਸ਼ੁਕੀਨ ਸ਼ਹਿਰੀ ਦਰਜੀ ਨੇ ਫੁੱਲ ਟੁੰਗਣ ਲਈ ਥਾਂ ਬਣਾਈ ਹੋਈ ਸੀ। ਵਿਆਹ ਤੋਂ ਕੁਝ ਚਿਰ ਪਿਛੋਂ ਹੀ ਉਹਦੀ ਵਹੁਟੀ ਨੇ ਇਹਦੇ ਵਿਚ ਇਕ ਫੁੱਲ ਟੁੰਗ ਕੇ ਉਹਨੂੰ ਪੁੱਛਿਆ ਸੀ, ‘ਇਸ ਫੁੱਲ ਦਾ ਨਾਂ ਪਤਾ ਜੇ?’ ਉਹਨੇ ਜਾਣਦਿਆਂ ਹੋਇਆਂ ਵੀ ਅੱਗੋਂ ਨਾਂਹ ਵਿਚ ਸਿਰ ਹਿਲਾ ਦਿੱਤਾ ਸੀ। ਤੇ ਮੁਟਿਆਰ ਭਾਗਵੰਤੀ ਨੇ ਇਕ ਲਟਕ ਨਾਲ ਕਿਹਾ ਸੀ “ਇਸ਼ਕਪੇਚਾ...” ਤੇ ਕਹੀ ਲਾਲੀ ਸੀ ਉਹ ਜਿਦ੍ਹੀ ਲਹਿਰ ਓਦੋਂ ਉਹਦੀਆਂ ਗੱਲ੍ਹਾਂ ਉਤੇ ਫਿਰ ਗਈ। …ਇਸ਼ਕਪੇਚਾ, ਇਸ਼ਕਪੇਚਾ...

ਤੇ ਕੋਟ ਅੱਜ ਮਾਸਟਰ ਈਸ਼ਰ ਦਾਸ ਨੇ ਭਾਗਵੰਤੀ ਨੂੰ ਨਹੀਂ ਸੀ ਵਿਖਾਇਆ। ਕੱਲ੍ਹ ਤੋਂ ਉਹ ਸਕੂਲੋਂ ਮੁੜਦਿਆਂ ਸਾਰੀ ਵਾਟ ਇਹ ਕੋਟ ਪਾ ਕੇ ਆਉਂਦਾ ਸੀ; ਪਰ ਘਰ ਵੱਲ ਮੁੜਦੀ ਗਲੀ ਤੋਂ ਪਹਿਲਾਂ ਹੀ ਇਹਨੂੰ ਲਾਹ ਕੇ ਪੁਰਾਣੀ ਅਖ਼ਬਾਰ ਵਿਚ ਵਲ੍ਹੇਟ ਲੈਂਦਾ ਤੇ ਘਰ ਵੜਦਿਆਂ ਹੀ ਅੱਖ ਬਚਾ ਕੇ ਲੁਕਾ ਛੱਡਦਾ ਸੀ, ਕਿਉਂਕਿ ਇਹ ਕੋਟ ਉਹਨੇ ਸਵਾਇਆ ਨਹੀਂ ਸੀ, ਮੰਗ ਕੇ ਲਿਆ ਸੀ।

ਜਦੋਂ ਉਹ ਛੋਟੇ ਹੁੰਦਿਆਂ ਸਕੂਲ ਵਿਚ ਪੜ੍ਹਦਾ ਹੁੰਦਾ ਸੀ, ਉਦੋਂ ਉਹਦੇ ਪਿਓ ਨੇ ਉਹਨੂੰ ਕਹਾਣੀ ਸੁਣਾਈ ਸੀ, “ਇਕ ਮੁੰਡੇ ਨੇ ਪੁਰਾਣੀਆਂ ਕਿਤਾਬਾਂ ਕਿਸੇ ਕੋਲੋਂ ਮੰਗ ਕੇ ਪੜ੍ਹਾਈ ਸ਼ੁਰੂ ਕੀਤੀ, ਤੇ ਉਹਨੂੰ ਤਪਦਿਕ ਹੋ ਗਈ। ਪੁਰਾਣੀਆਂ ਕਿਤਾਬਾਂ ਵਿਚ ਪੁਰਾਣੇ ਬੀਮਾਰ ਮਾਲਕ ਦੇ ਤਪਦਿਕ ਦੇ ਜਿਰਮ ਪਏ ਹੋਏ ਸਨ।” ਛੋਟੇ ਹੁੰਦਿਆਂ ਈਸ਼ਰ ਦਾਸ ਨੇ ਜਦੋਂ ਇਕ ਵਾਰ ਆਪਣੇ ਗਵਾਂਢੋਂ ਮੰਗ ਕੇ ਕੁਝ ਮਠਿਆਈ ਖਾਧੀ ਸੀ ਤਾਂ ਉਹਦੇ ਪਿਓ ਨੇ ਪਹਿਲਾਂ ਉਹਨੂੰ ਦੋ ਚਪੇੜਾਂ ਮਾਰੀਆਂ ਸਨ, ਤੇ ਫੇਰ ਮਠਿਆਈ ਦਾ ਥਾਲ ਮੰਗਾ ਕੇ ਉਹਦੇ ਸਾਹਮਣੇ ਰੱਖ ਕੇ ਕਿਹਾ ਸੀ, “ਖਾ ਲੈ ਜੋ ਵੀ ਰੂਹ ਕਰਦਾ ਈ! ਪਰ ਖ਼ਬਰਦਾਰ ਜੇ ਕਿਸੇ ਕੋਲੋਂ ਮੰਗ ਕੇ ਕਦੇ ਕੁਝ ਲਿਆ!”…

ਤੇ ਇਹ ਗਰਮ ਕੋਟ ਉਹਨੇ ਮੰਗ ਕੇ ਲਿਆ ਸੀ।

ਸੀਤੋ ਦੀ ਖੰਘ ਕੁਝ ਮੱਠੀ ਹੋਈ। ਭਾਗਵੰਤੀ ਈਸ਼ਰ ਦਾਸ ਦੇ ਮੰਜੇ ਉਤੇ ਆਣ ਬੈਠੀ, “ਦੱਸੋ ਵੀ ਕਿਹੜੇ ਰੰਗ ਦਾ ਜੇ ਕੋਟ? ਹੁਧਾਰ ਫੜਿਆ ਜੇ ਕਿਤੋਂ?”

“ਨਹੀਂ—ਮੈਂ ਤਾਂ ਐਵੇਂ ਤੈਨੂੰ ਝਕਾਂਦਾ ਸਾਂ ਪਿਆ”, ਇਕ ਅਕਹਿ ਪੀੜ ਨਾਲ ਈਸ਼ਰ ਦਾਸ ਨੇ ਕਿਹਾ, “ਸਾਡੇ ਨਸੀਬਾਂ ਵਿਚ ਕਿਥੇ ਗਰਮ ਕੋਟ!”

“ਰਖ ਸਾਈਂ ਦੀ, ਐਵੇਂ ਨਾ ਕੋਸਿਆ ਕਰੋ ਆਪਣੇ ਨਸੀਬਾਂ ਨੂੰ,” ਭਾਗਵੰਤੀ ਨੇ ਬੜੀ ਤਕੜਾਈ ਨਾਲ ਕਹਿਣਾ ਚਾਹਿਆ, ਪਰ ਪਤਾ ਨਹੀਂ ਕਿਉਂ ਉਹਦਾ ਰੋਣ ਨਿਕਲ ਗਿਆ।

ਭਾਗਵੰਤੀ ਬੜੇ ਤਕੜੇ ਜਿਗਰੇ ਵਾਲੀ ਤੀਵੀਂ ਸੀ। ਉਹ ਹਾਈਂ-ਮਾਈਂ ਕਦੇ ਨਹੀਂ ਸੀ ਰੋਂਦੀ; ਪਰ ਏਸ ਵੇਲੇ ਪਤਾ ਨਹੀਂ ਕਿਉਂ ਓਸ ਤੋਂ ਰੋਣ ਨਾ ਹੀ ਠਲ੍ਹਿਆ ਗਿਆ, ਤੇ ਉਹਨੇ ਆਪਣਾ ਸਿਰ ਪਤੀ ਦੀ ਹਿਕ ਉਤੇ ਰੱਖ ਦਿੱਤਾ। ਦੋਵਾਂ ਦੀਆਂ ਹਿਕਾਂ ਵਿਚਕਾਰ ਏਨੇ ਵਰ੍ਹਿਆਂ ਦੀ ਤੱਪੜ ਹੋਈ ਰਜ਼ਾਈ ਸੀ, ਤੇ ਭਾਗਵੰਤੀ ਦੇ ਗਰਮ-ਗਰਮ ਗਲੇਡੂ ਪਹਿਲਾਂ ਰਜ਼ਾਈ ਵਿਚ ਜੀਰੇ ਜਾਂਦੇ ਰਹੇ, ਤੇ ਫੇਰ ਮਾਸਟਰ ਦੇ ਹੱਥਾਂ ਵਿਚ, ਤੇ ਉਹ ਰੋਂਦੀ ਰਹੀ।

ਮਾਸਟਰ ਈਸ਼ਰ ਦਾਸ ਨੇ ਬੜੀ ਨਰਮਾਈ ਨਾਲ ਆਪਣੇ ਬੱਚਿਆਂ ਦੀ ਮਾਂ ਨੂੰ ਆਪਣੀ ਰਜ਼ਾਈ ਵਿਚ ਕਰ ਲਿਆ। ਨੀਂਦਰ ਵਾਂਗ ਰੋਣ ਆਪਮੁਹਾਰੇ ਭਾਗਵੰਤੀ ਨੂੰ ਆਉਂਦਾ ਗਿਆ। ਤੇ ਏਨੇ ਚਿਰਾਂ ਤੋਂ ਉਹਦੇ ਹੱਡਾਂ ਵਿਚ ਜੰਮੇ ਕੱਕਰ ਨੂੰ ਜਿਵੇਂ ਇਹ ਰੋਣ ਕੁਝ ਪੰਘਰਾ ਰਿਹਾ ਸੀ, ਹੱਡ-ਭੰਨ ਕੰਮ ਨਾਲ ਪੀੜ-ਪੀੜ ਉਹਦੇ ਅੰਗਾਂ ਨੂੰ ਜਿਵੇਂ ਇਹ ਰੋਣ ਕੋਈ ਸੁਖਾਵੀਂ ਜਿਹੀ ਟਕੋਰ ਕਰੀ ਜਾ ਰਿਹਾ ਸੀ,...ਤੇ ਉਹ ਕਿੰਨੀਆਂ ਰਜ਼ਾਈਆਂ ਵਿਚ ਵਲ੍ਹੇਟੀ ਅਲਸਾਈ ਪਈ ਸੀ—ਤੇ ਰਜ਼ਾਈਆਂ ਵਿਚ ਰੂੰ ਨਹੀਂ, ਧੁਪਾਂ ਬੰਦ ਸਨ...

ਸਵੇਰੇ ਸਵੇਰੇ ਸਕੂਲ ਜਾਣ ਲਈ ਜਦੋਂ ਮਾਸਟਰ ਈਸ਼ਰ ਦਾਸ ਘਰੋਂ ਬਾਹਰ ਨਿਕਲਿਆ ਤਾਂ ਪੁਰਾਣੀ ਅਖ਼ਬਾਰ ਵਿਚ ਵਲ੍ਹੇਟਿਆ ਕੋਟ ਉਹਨੇ ਕੱਛ ਥੱਲੇ ਲੁਕਾਇਆ ਹੋਇਆ ਸੀ। ਬੜੀ ਠੰਢ ਸੀ, ਤਾਂ ਵੀ ਉਹਨੇ ਕੋਟ ਆਪਣੀ ਗਲੀ ਪਾਰ ਕਰ ਕੇ ਹੀ ਪਾਇਆ। ਭਾਵੇਂ ਮੰਗਿਆ ਕੋਟ ਸੀ, ਪਰ ਫੇਰ ਵੀ ਵਾਹਵਾ ਨਿੱਘਾ ਸੀ।

ਰਾਏ ਸਾਹਬਣੀ ਨੇ ਕੋਟ ਦੇਂਦਿਆਂ ਕਿਹਾ ਸੀ, “ਇਹ ਰਾਏ ਸਾਹਿਬ ਨੇ ਵਲੈਤ ਵਿਚ ਸਵਾਇਆ ਸੀ।”

ਰਾਏ ਸਾਹਿਬ ਨੇ ਕਿਹਾ ਸੀ, “ਅਣਪੜ੍ਹਾਂ ਨੂੰ ਸਾਰੇ ਮੁਲਕ ਹੀ ਵਲੈਤ ਨੇ! ਇਹ ਆਸਟਰੀਆ ਵਿਚ ਮੈਂ ਸਵਾਇਆ ਸੀ। ਮਾਸਟਰ ਜੀ, ਸਾਈਕਾਲੋਜੀ ਦੀ ਸਾਇੰਸ ਸੁਣੀ ਜੇ ਨਾ—ਆਸਟਰੀਆ ਵਿਚ ਸਾਈਕਾਲੋਜੀ ਦੇ ਵੱਡੇ-ਵੱਡੇ ਗੁਰੂ ਰਹਿੰਦੇ ਨੇ” ਤੇ ਇਹ ਆਖ ਕੇ ਰਾਏ ਸਾਹਿਬ ਸਾਈਕਾਲੋਜੀ ਦੀ ਇੱਕ ਮੋਟੀ ਜਿਹੀ ਕਿਤਾਬ ਚੁੱਕੀ ਆਪਣੇ ਕਮਰੇ ਵੱਲ ਚਲੇ ਗਏ ਸਨ।

ਰਾਏ ਸਾਹਬਣੀ ਇਕ ਦੇਵੀ ਸੀ; ਜੇ ਹੋਰ ਕੋਈ ਦੇਂਦਾ ਤਾਂ ਮਾਸਟਰ ਨੂੰ ਕੋਟ ਲੈਣ ਦਾ ਉੱਕਾ ਹੀਆ ਨਾ ਪੈਂਦਾ।

ਪਰਸੋਂ ਸ਼ਾਮੀਂ ਝੱਖੜ-ਝਾਂਜਾ ਜਿਹਾ ਸੀ; ਤੇ ਉਹ ਠੰਢ ਸੀ ਕਿ ਰਹੇ ਰੱਬ ਦਾ ਨਾਂ, ਮਾਸਟਰ ਦਾ ਜੀਅ ਵੀ ਰਾਜ਼ੀ ਨਹੀਂ ਸੀ। ਰਾਏਜ਼ਾਦੇ ਨੂੰ ਪੜ੍ਹਾ ਚੁੱਕਣ ਪਿਛੋਂ ਬੜੀ ਦੇਰ ਮਘਦੀ ਅੰਗੀਠੀ ਕੋਲੋਂ ਉਠਣ ਨੂੰ ਉਹਦਾ ਚਿਤ ਹੀ ਨਾ ਕੀਤਾ। ਅਖੀਰ ਜਦੋਂ ਉਹ ਉੱਠਿਆ ਤਾਂ ਬਰਾਂਡੇ ਵਿਚ ਹੀ ਉਹਨੂੰ ਉਤੋੜਿਤੀ ਕਿੰਨੀਆਂ ਨਿੱਛਾਂ ਛਿੜ ਗਈਆਂ, ਤੇ ਫੇਰ ਘੇਰਨੀ ਜਿਹੀ ਆਈ।

ਸਬੱਬ ਨਾਲ ਨੇੜਿਓਂ ਰਾਏ ਸਾਹਬਣੀ ਲੰਘੀ। ਉਹਨੇ ਪੁੱਛਿਆ, “ਕੀ ਜੇ, ਮਾਸਟਰ ਜੀ?”

“ਨਹੀਂ, ਕੁਝ ਨਹੀਂ। ਐਵੇਂ ਠੰਢ ਜਿਹੀ ਲਗ ਗਈ ਏ,” ਸੁਰਤ ਸੰਭਾਲ ਕੇ ਮਾਸਟਰ ਨੇ ਕਿਹਾ।

“ਤੇ ਤੁਸੀਂ ਜਾਣਾ ਵੀ ਤੇ ਚਾਰ ਕੋਹ ਏ ਪੂਰਾ, ਏਸ ਕੱਕਰ ਵਿਚ। ਕੋਈ ਕੋਟ-ਸ਼ੋਟ ਪਾ ਕੇ ਆਇਆ ਕਰੋ।”

ਮਾਸਟਰ ਨੇ ਪਹਿਲਾਂ ਰਾਏ ਸਾਹਬਣੀ ਵੱਲ ਤਕਿਆ ਤੇ ਫੇਰ ਨੀਵੀਂ ਪਾ ਲਈ, ਤੇ ਪਤਾ ਨਹੀਂ ਉਹਦੇ ਕੋਲੋਂ ਕਿਵੇਂ ਬੇਵੱਸਿਆਂ ਨਿਕਲ ਗਿਆ, “ਕੋਟ ਤੇ ਮਾਤਾ ਜੀ, ਮੇਰੇ ਕੋਲ ਹੈ ਨਹੀਂ—ਤੇ ਸਵੈਟਰ ਵੀ ਕੋਈ ਨਹੀਂ।”

ਮਾਸਟਰ ਦੀਆਂ ਅੱਖਾਂ ਵਿਚ ਤੱਕ ਕੇ ਰਾਏ ਸਾਹਬਣੀ ਕੰਬ ਗਈ ਸੀ।

ਅੱਗੇ ਕਦੇ ਮਾਸਟਰ ਨੇ ਰਾਏ ਸਾਹਬਣੀ ਨੂੰ ‘ਮਾਤਾ ਜੀ’ ਨਹੀਂ ਸੀ ਕਿਹਾ, ਭਾਵੇਂ ਉਹ ਕਈ ਵਾਰ ਸੋਚਦਾ ਹੁੰਦਾ ਸੀ ਕਿ ਰਾਏ ਸਾਹਬਣੀ ਦੀ ਸੂਰਤ ਤੇ ਸੀਰਤ ਦੋਵੇਂ ਉਹਦੀ ਆਪਣੀ ਮਰ ਚੁੱਕੀ ਮਾਂ ਨਾਲ ਕਿੰਨੀਆਂ ਰਲਦੀਆਂ ਹਨ।

ਉਹ ਉਹਨੂੰ ਇਕ ਮਾਂ ਵਾਂਗ ਅੰਦਰ ਅੰਗੀਠੀ ਕੋਲ ਲੈ ਗਈ ਸੀ, ਤੇ ਫੇਰ ਆਪ ਉਹਦੇ ਲਈ ਚਾਹ ਭਿਜਾਵਣ ਰਸੋਈ ਵਲ ਚਲੀ ਗਈ ਸੀ। ਕੁਝ ਚਿਰ ਇਕੱਲਿਆਂ ਉਹ ਅੰਗੀਠੀ ਸੇਕਦਾ ਰਿਹਾ ਸੀ। ਫੇਰ ਇਕ ਨੌਕਰ ਉਹਨੂੰ ਗਰਮ-ਗਰਮ ਚਾਹ ਤੇ ਨਾਲ ਕੁਝ ਖਾਣ ਨੂੰ ਦੇ ਗਿਆ ਸੀ। ਮਾਸਟਰ ਨੇ ਬੜੀ ਨਾਂਹ ਨੁਕਰ ਕੀਤੀ, ਪਰ ਨੌਕਰ ਨੇ ਕਿਹਾ ਸੀ, “ਬੀਬੀ ਜੀ ਦਾ ਹੁਕਮ ਏ।” ਤੇ ਚਾਹ ਦਾ ਗਲਾਸ ਅਣਮੰਨਿਆ ਜਿਹਾ ਉਹਨੇ ਫੜ ਲਿਆ ਸੀ। ਚਾਹ ਉਤੇ ਮਲਾਈ ਦੀ ਇਕ ਮੋਟੀ ਤਹਿ ਸੀ।

ਹਾਲੀ ਚਾਹ ਦਾ ਗਲਾਸ ਮੁਕਿਆ ਹੀ ਸੀ ਕਿ ਰਾਏ ਸਾਹਬਣੀ ਇਕ ਗਰਮ ਕੋਟ ਲੈ ਕੇ ਆ ਗਈ, “ਮਾਸਟਰ ਜੀ, ਇਹ ਲੈ ਲਓ ਤੁਸੀਂ”

“ਨਹੀਂ, ਮਾਤਾ ਜੀ...”

“ਮਾਤਾ ਜੀ ਦਾ ਹੁਕਮ ਹੀ ਸਮਝ ਲਓ...”

ਤੇ ਜਿਸ ਤਰ੍ਹਾਂ ਡਰਿਲ ਕਰਦਿਆਂ ਖੱਬੇ ਜਾਂ ਸੱਜੇ ਭੌਣ ਦਾ ਹੁਕਮ ਸੁਣ ਕੇ, ਬਿਨਾਂ ਸੋਚੇ ਭੌਂ ਜਾਈਦਾ ਹੈ, ਓਸੇ ਤਰ੍ਹਾਂ ਮਾਸਟਰ ਨੇ ਕੋਟ ਲੈ ਲਿਆ ਸੀ। ਉਹ ਕੁਝ ਵੀ ਨਹੀਂ ਸੀ ਕਹਿ ਸਕਿਆ, ਧੰਨਵਾਦ ਦਾ ਇਕ ਲਫ਼ਜ਼ ਵੀ ਨਹੀਂ।

ਏਸ ਵੇਲੇ ਉਤੋਂ ਰਾਏ ਸਾਹਿਬ ਆ ਗਏ ਸਨ, ਤੇ ਆਸਟਰੀਆ ਵਿਚੋਂ ਕੋਟ ਸਵਾਣ ਦਾ ਤੇ ਸਾਈਕਾਲੋਜੀ ਦਾ ਜ਼ਿਕਰ ਹੋਇਆ ਸੀ।...

ਤੇ ਪਰਸੋਂ ਤੋਂ ਇਹੀ ਕੋਟ ਪਾ ਕੇ ਉਹ ਘਰ ਜਾ ਰਿਹਾ ਸੀ। ਕੱਲ੍ਹ ਤੋਂ ਇਹੀ ਕੋਟ ਪਾ ਕੇ ਘਰੋਂ ਆ ਰਿਹਾ ਸੀ। ਪਰ ਘਰ ਵੜਨ ਤੋਂ ਪਹਿਲਾਂ ਹੀ ਉਹ ਏਸ ਕੋਟ ਨੂੰ ਪੁਰਾਣੀ ਅਖ਼ਬਾਰ ਵਿਚ ਵਲ੍ਹੇਟ ਕੇ ਲੁਕਾ ਲੈਂਦਾ ਸੀ, ਤੇ ਸਵੇਰੇ ਘਰੋਂ ਬਾਹਰ ਹੋ ਕੇ ਪਾਂਦਾ ਸੀ। ਸਕੂਲ ਵਿਚਲੇ ਹੋਰ ਮਾਸਟਰਾਂ ਨੂੰ, ਜਿਨ੍ਹਾਂ ਵਿਚੋਂ ਬਹੁਤੇ ਉਹਦੇ ਵਾਂਗ ਹੀ ਕੋਟ ਬਿਨਾਂ ਸਨ, ਉਹਨੇ ਝੂਠੋ-ਝੂਠ ਇਸ ਕੋਟ ਬਾਰੇ ਕੁਝ ਦੱਸ ਛੱਡਿਆ ਸੀ। ਪਰ ਭਾਗਵੰਤੀ ਨੂੰ ਕੀ ਦੱਸੇ? ਰੋਜ਼ ਉਹ ਸੋਚਦਾ ਇੰਝ ਸਮਝਾਏ… ਨਹੀਂ ਇੰਝ ਸਮਝਾਏ...ਪਰ ਅਖੀਰ ਘਰ ਦੀਆਂ ਬਰੂਹਾਂ ਤੋਂ ਬਾਹਰ ਹੀ ਉਹ ਕੋਟ ਨੂੰ ਪੁਰਾਣੀ ਅਖਬਾਰ ਵਿਚ ਵਲ੍ਹੇਟ ਲੈਂਦਾ ਤੇ ਘਰ ਜਾ ਕੇ ਚੋਰੀ ਦੇ ਮਾਲ ਵਾਂਗ ਲੁਕਾ ਛੱਡਦਾ ਸੀ।

ਕੱਲ੍ਹ ਉਹਨੇ ਇਹ ਕੋਟ ਰਾਏ ਸਾਹਬਣੀ ਨੂੰ ਮੋੜ ਦੇਣ ਦਾ ਫ਼ੈਸਲਾ ਕਰ ਲਿਆ ਸੀ। ਪਰ ਜਦੋਂ ਉਹਨੇ ਸ਼ਾਮ ਨੂੰ ਪੜ੍ਹਾ ਲੈਣ ਪਿਛੋਂ ਰਾਏਜ਼ਾਦੇ ਨੂੰ ਰਾਏ ਸਾਹਬਣੀ ਬਾਰੇ ਪੁੱਛਿਆ ਤਾਂ ਰਾਏਜ਼ਾਦੇ ਨੇ ਦੱਸਿਆ ਸੀ, ‘ਮਾਤਾ ਜੀ, ਮਾਮਾ ਜੀ ਕੋਲ ਅੰਮ੍ਰਿਤਸਰ ਇਕ ਹਫ਼ਤੇ ਲਈ ਗਏ ਹੋਏ ਨੇ’। ਉਹ ਇਹ ਕੋਟ ਮਾਤਾ ਜੀ ਨੂੰ ਹੀ ਮੋੜ ਸਕਦਾ ਸੀ— ‘ਮਾਤਾ ਜੀ ਦਾ ਹੁਕਮ ਹੀ ਸਮਝ ਲਓ...’, ਹੋਰ ਕਿਸੇ ਨੂੰ ਤਾਂ ਦੇ ਨਹੀਂ ਸੀ ਸਕਦਾ। ਤੇ ਹੁਣ ਉਹ ਉਨ੍ਹਾਂ ਦੇ ਅੰਮ੍ਰਿਤਸਰੋਂ ਵਾਪਸ ਆਉਣ ਦੀ ਉਡੀਕ ਕਰ ਰਿਹਾ ਸੀ। ਹਫ਼ਤਾ ਰਹਿੰਦਾ ਸੀ, ਏਨੇ ਦਿਨਾਂ ਮਗਰੋਂ ਉਹ ਕਿਤੇ ਕੋਟ ਮੋੜਨੋਂ ਨਾਂਹ ਕਰ ਦੇਣ? ਤੇ ਉਹ ਸੀਤੋ ਦੀ ਮਾਂ ਨੂੰ ਕਿਵੇਂ ਸਮਝਾਏਗਾ! ਤੇ ਇਕ ਹਫ਼ਤਾ ਦੋਵੇਂ ਵੇਲੇ ਪੁਰਾਣੀ ਅਖ਼ਬਾਰ ਵਿਚ ਲੁਕਾ ਕੇ...

ਏਸ ਕੋਟ ਨੇ ਇਕ ਜਾਲ ਜਿਹਾ ਮਾਸਟਰ ਈਸ਼ਰ ਦਾਸ ਦੇ ਦੁਆਲੇ ਤਣ ਲਿਆ ਸੀ। ਉਹਨੇ ਏਸ ਜਾਲ ਵਿਚੋਂ ਆਪਣੇ ਆਪ ਨੂੰ ਝੰਜੋੜ ਕੇ ਹੋਰ ਕਿਸੇ ਪਾਸੇ ਧਿਆਨ ਲਾਣ ਦਾ ਜਤਨ ਕੀਤਾ। ਪੰਦਰਾਂ ਦਿਨ ਰਾਏਜ਼ਾਦੇ ਦੀ ਟਿਊਸ਼ਨ ਲੱਗਿਆਂ ਹੋ ਗਏ ਸਨ, ਤੇ ਢਾਈ ਮਹੀਨੇ ਟਿਊਸ਼ਨ ਹੋਰ ਰਹਿਣੀ ਸੀ। ਪੰਦਰਾਂ ਰੁਪਏ ਮਹੀਨਾ। ਪੰਦਰਾਂ ਤੀਏ ਪੰਜਤਾਲੀ। ਪੂਰੇ ਪੰਜਤਾਲੀ ਰੁਪਏ ਮਾਰਚ ਨੂੰ ਇਮਤਿਹਾਨਾਂ ਦੇ ਨੇੜੇ ਉਹਨੂੰ ਮਿਲ ਜਾਣਗੇ। ਐਤਕੀ ਸੀਤੋ ਦਾ ਉਪਰੇਸ਼ਨ ਜ਼ਰੂਰ ਕਰਾਣਾ ਏਂ, ਤੇ ਸੀਤੋ ਦੀ ਮਾਂ ਲਈ ਰਜ਼ਾਈ ਵੀ ਜ਼ਰੂਰ ਬਣਵਾ ਲੈਣੀ ਏਂ— ਰੂੰ ਤਾਂ ਭਾਗਵੰਤੀ ਨੇ ਕਿਰਸਾਂ ਕਰ ਕੇ ਜੋੜ ਹੀ ਲਿਆ ਹੋਇਆ ਏ।

ਸਕੂਲੇ ਪੁੱਜ ਕੇ ਮੁੰਡਿਆਂ ਨੂੰ ਪੜ੍ਹਾਂਦਿਆਂ ਸਾਰਾ ਦਿਨ ਉਹਨੂੰ ਕੋਟ ਦਾ ਕੋਈ ਚੇਤਾ ਨਾ ਆਇਆ। ਪਰ ਅੱਜ ਜਦੋਂ ਵੀ ਜਮਾਤ ਵਿਚ ਕਿਸੇ ਮੁੰਡੇ ਨੂੰ ਖੰਘ ਛਿੜਦੀ ਤਾਂ ਸੀਤੋ ਉਹਦੀਆਂ ਅੱਖਾਂ ਸਾਹਮਣੇ ਆ ਖੜੋਂਦੀ...‘ਸੀਤੋ, ਤੂੰ ਹੁਣ ਰਤੀ ਵੀ ਝੋਰਾ ਨਾ ਲਾ। ਪੁੱਤ, ਐਤਕੀਂ ਇਮਤਿਹਾਨਾਂ ਦੇ ਮਗਰੋਂ ਤੇਰਾ ਉਪਰੇਸ਼ਨ ਜ਼ਰੂਰ ਕਰਾ ਦਿਆਂਗਾ’...ਉਹ ਮਨ ਹੀ ਮਨ ਵਿਚ ਆਪਣੀਆਂ ਅੱਖਾਂ ਸਾਹਮਣੇ ਫਿਰਦੀ ਸੀਤੋ ਨੂੰ ਕਹਿੰਦਾ।

“ਪੰਦਰਾਂ ਤੀਏ ਪੰਜਤਾਲੀ, ਪੰਦਰਾਂ ਚੌਕੇ ਸੱਠ,” ਹੇਕ ਲਾ ਕੇ ਮੁੰਡੇ ਪਹਾੜੇ ਯਾਦ ਕਰ ਰਹੇ ਸਨ। “ਪੰਦਰਾਂ ਤੀਏ ਪੰਜਤਾਲੀ...” ਤੇ ਮਾਸਟਰ ਈਸ਼ਰ ਦਾਸ ਸੋਚਦਾ ਰਿਹਾ ਜਨਵਰੀ ਪੰਦਰਾਂ ਰੁਪਏ, ਫ਼ਰਵਰੀ ਤੀਹ ਰੁਪਏ, ਮਾਰਚ—ਪੰਜਤਾਲੀ। ਰਜ਼ਾਈ ਜ਼ਰੂਰ, ਉਪਰੇਸ਼ਨ ਜ਼ਰੂਰ...

ਸ਼ਾਮੀਂ ਟਿਊਸ਼ਨ ਪੜ੍ਹਾਂਦਿਆਂ ਰਾਏਜ਼ਾਦੇ ਵਿਚ ਉਹਨੂੰ ਕੁਝ ਤਬਦੀਲੀ ਜਾਪੀ। ਬਹੁਤਾ ਸਾਊ ਤਾਂ ਉਹ ਅੱਗੇ ਵੀ ਨਹੀਂ ਸੀ—ਪਰ ਅੱਜ ਉਹਦੀਆਂ ਅੱਖਾਂ ਵਿਚ ਅਮੋੜ ਜਿਹਾ ਖਰੂਦ ਛਿੜਿਆ ਹੋਇਆ ਸੀ। ਈਸ਼ਰ ਦਾਸ ਨੇ ਸੋਚਿਆ, ਮਾਂ ਘਰ ਨਹੀਂ, ਮਛਰ ਗਿਆ ਏ।

ਮਾਸਟਰ ਨੇ ਚੁੱਪ ਕਰ ਕੇ ਉਹਦੀ ਸਵਾਲਾਂ ਦੀ ਕਾਪੀ ਤਕਣੀ ਸ਼ੁਰੂ ਕੀਤੀ। ਪਰ ਰਾਏਜ਼ਾਦਾ ਨਿਚੱਲਿਆਂ ਨਾ ਬੈਠਾ, ਤੇ ਮਾਸਟਰ ਦੇ ਕੋਟ ਨੂੰ ਹੱਥ ਲਾਂਦਾ ਰਿਹਾ। ਫੇਰ ਅਚਨਚੇਤ ਹੀ ਉਹਨੇ ਪੁੱਛਿਆ, “ਮਾਸਟਰ ਜੀ, ਅੱਜ ਡੈਡੀ ਨੇ ਮੈਨੂੰ ਇਕ ਮੈਗਜ਼ੀਨ ਦਿੱਤੀ ਸੀ, ਓਸ ਵਿਚ ਇਕ ਬੜਾ ਸੁਹਣਾ ਜੋਕ ਸੀ—ਤੁਹਾਨੂੰ ਸੁਣਾਵਾਂ?”

ਮਾਸਟਰ ਨੇ ਕਾਪੀ ਤੋਂ ਅੱਖਾਂ ਚੁੱਕੇ ਬਿਨਾਂ ਹੀ ਕਿਹਾ, “ਸੁਣਾ।”

“ਇਕ ਮਾਸਟਰ ਨੇ ਜਮਾਤ ਵਿਚ ਇਕ ਮੁੰਡੇ ਨੂੰ ਗ਼ਲਤ ਸਵਾਲ ਕੱਢਣ ਉਤੇ ਕਿਹਾ, ‘ਕੰਨ ਫੜ ਲੈ’। ਮੁੰਡੇ ਨੇ ਝਟਪਟ ਮਾਸਟਰ ਦੇ ਦੋਵੇਂ ਕੰਨ ਫੜ ਲਏ,” ਤੇ ਰਾਏਜ਼ਾਦਾ ਖ਼ੂਬ ਉੱਚੀ-ਉੱਚੀ ਹੱਸਣ ਲੱਗ ਪਿਆ।

ਫੇਰ ਰਾਏਜ਼ਾਦੇ ਨੇ ਮਾਸਟਰ ਨੂੰ ਕਿਹਾ, “ਇਕ ਸਵਾਲ ਤੁਹਾਨੂੰ ਪੁੱਛਾਂ?—ਪਰ ਹਿਸਾਬ ਦਾ ਨਹੀਂ ਜੇ। ਦੱਸੋਗੇ?” ਤੇ ਰਾਏਜ਼ਾਦੇ ਨੇ ਐਤਕੀਂ ਮਾਸਟਰ ਵੱਲੋਂ ‘ਹਾਂ’ ਉਡੀਕ ਬਿਨਾਂ ਹੀ ਸਵਾਲ ਪੁੱਛ ਲਿਆ, “ਭਲਾ ਮਾਸਟਰ ਤੇ ਨੌਕਰ ਵਿਚ ਕੀ ਫ਼ਰਕ ਹੁੰਦਾ ਹੈ?”

ਰਾਏਜ਼ਾਦੇ ਨੇ ਸਵਾਲ ਪਾਇਆ ਹੀ ਸੀ ਕਿ ਇਕ ਨੌਕਰ ਮਾਸਟਰ ਈਸ਼ਰ ਦਾਸ ਨੂੰ ਬੁਲਾਣ ਆ ਗਿਆ, “ਮਾਸਟਰ ਜੀ, ਰਾਏ ਸਾਹਿਬ ਨੇ ਤੁਹਾਨੂੰ ਅੰਦਰ ਬੁਲਾ ਭੇਜਿਆ ਏ”

ਮਾਸਟਰ ਨੌਕਰ ਦੇ ਪਿੱਛੇ-ਪਿੱਛੇ ਹੋ ਤੁਰਿਆ। ਰਾਏ ਸਾਹਿਬ ਇਕ ਗੋਲ ਕਮਰੇ ਵਿਚ ਆਪਣੇ ਦੋਸਤਾਂ ਯਾਰਾਂ ਨਾਲ ਬੈਠੇ ਤਾਸ਼ ਖੇਡ ਰਹੇ ਸਨ। ਏਸ ਕਮਰੇ ਦੀ ਦੁਰਾਡੀ ਨੁਕਰੇ ਨੌਕਰ ਮਾਸਟਰ ਜੀ ਨੂੰ ਖੜ੍ਹਾ ਕਰ ਗਿਆ।

ਬੜਾ ਸ਼ਾਨਦਾਰ ਕਮਰਾ ਸੀ। ਇਕ ਵਾਰ ਛੋਟੇ ਹੁੰਦਿਆਂ ਮਾਸਟਰ ਈਸ਼ਰ ਦਾਸ ਲਾਹੌਰ ਦਾ ਅਜਾਇਬ ਘਰ ਤਕਣ ਗਿਆ ਸੀ। ਅਜਾਇਬ ਘਰ ਵਾਂਗ ਹੀ ਸਜਿਆ ਹੋਇਆ ਸੀ ਇਹ ਕਮਰਾ। ਦੋ ਅੰਗੀਠੀਆਂ ਬਲ ਰਹੀਆਂ ਸਨ, ਤੇ ਹੁਨਾਲੇ ਵਰਗਾ ਨਿੱਘ ਸੀ।

ਨੌਕਰ ਨੇ ਜਾ ਕੇ ਰਾਏ ਸਾਹਿਬ ਨੂੰ ਇਤਲਾਹ ਦਿੱਤੀ। ਉਨ੍ਹਾਂ ਕੁਝ ਚਿਰ ਉਡੀਕਣ ਲਈ ਇਸ਼ਾਰਾ ਕੀਤਾ। ਹਥਲੀ ਚਾਲ ਬੜੀ ਔਖੀ ਜਾਪਦੀ ਸੀ—ਤੇ ਉਹ ਸੋਚ ਰਹੇ ਸਨ।

ਮਾਸਟਰ ਈਸ਼ਰ ਦਾਸ ਜਿਥੇ ਖੜੋਤਾ ਹੋਇਆ ਸੀ, ਉਹਦੇ ਖੱਬੇ ਪਾਸੇ ਇਕ ਬੜੀ ਵੱਡੀ ਸ਼ੀਸ਼ਿਆਂ ਵਾਲੀ ਅਲਮਾਰੀ ਸੀ, ਤੇ ਏਸ ਅਲਮਾਰੀ ਵਿਚ ਏਨੀਆਂ ਕਿਤਾਬਾਂ ਸਨ ਜਿੰਨੀਆਂ ਉਨ੍ਹਾਂ ਦੇ ਸਕੂਲ ਦੀ ਸਾਰੀ ਲਾਇਬ੍ਰੇਰੀ ਵਿਚ ਵੀ ਨਹੀਂ ਸਨ। ਅਲਮਾਰੀ ਦੇ ਇਕ ਪਾਸੇ ਅੰਗ੍ਰੇਜ਼ੀ ਵਿਚ ਛਪਿਆ ਹੋਇਆ ਲੇਬਲ ਲਗਿਆ ਹੋਇਆ ਸੀ, ‘ਸਾਈਕਾਲੋਜੀ’।

ਕਿਤਾਬਾਂ ਵਲੋਂ ਹਟ ਕੇ ਮਾਸਟਰ ਈਸ਼ਰ ਦਾਸ, ਰਾਏ ਸਾਹਿਬ ਵਾਲੇ ਪਾਸੇ ਹੁੰਦੀਆਂ ਗੱਲਾਂ ਸੁਣਨ ਲੱਗ ਪਿਆ।

“ਰਾਏ ਸਾਹਿਬ, ਅਜ ਕਲ ਬੜੀ ਠੰਢ ਪੈ ਰਹੀ ਏ। ਦੋ ਦੋ ਸਵੈਟਰ, ਕੋਟ ਤੇ ਓਵਰਕੋਟ—ਫੇਰ ਵੀ ਤੀਰ ਵਾਂਗ ਵਿੰਨ੍ਹਦੀ ਏ।”

“ਲਓ ਭੋਲੇ ਪਾਤਸ਼ਾਹੋ, ਤੁਸੀਂ ਵੀ ਤਾਂ ਖੂਹ ਦੇ ਡੱਡੂ ਹੀ ਓ। ਇਹ ਵੀ ਕੋਈ ਠੰਢ ਏ! ਨਾ ਕੁਝ ਪੀਣ ਦਾ ਸੁਆਦ, ਨਾ ਕੁਝ ਪਾਣ ਦਾ। ਠੰਢ ਤਾਂ ਆਸਟਰੀਆ ਵਿਚ ਹੁੰਦੀ ਸੀ। ਜਨਵਰੀ, ਉਨੀ ਸੌ ਤੀਹ ਦਾ ਜ਼ਿਕਰ ਏ ਜਦੋਂ ਮੈਂ ਵੀਆਨਾ ਵਿਚ...”

ਮਾਸਟਰ ਈਸ਼ਰ ਦਾਸ ਜਿਸ ਕਲੀਨ ਉਤੇ ਖੜੋਤਾ ਸੀ, ਉਸ ਵਿਚ ਉਹਦੇ ਪੈਰ ਧਸਦੇ ਜਾਂਦੇ ਸਨ—ਤੇ ਕਿੰਨਾ ਹੀ ਵੱਡਾ ਸੀ ਇਹ ਕਲੀਨ! ਤਿੰਨ ਰਜ਼ਾਈਆਂ ਜਿਡਾ, ਨਹੀਂ, ਤਿੰਨਾਂ ਤੋਂ ਵੀ ਵੱਡਾ, ਚਾਰ ਰਜ਼ਾਈਆਂ ਜਿਡਾ…ਚਾਰ ਰਜ਼ਾਈਆਂ…ਚੌਥੀ ਸੀਤੋ ਦੀ ਮਾਂ ਲਈ...

ਰਾਏ ਸਾਹਿਬ ਮਾਸਟਰ ਕੋਲ ਆ ਗਏ। ਮਾਸਟਰ ਈਸ਼ਰ ਦਾਸ ਨੇ ਹੱਥ ਜੋੜ ਲਏ।

“ਇਥੇ ਬੈਠ ਜਾਓ, ਮਾਸਟਰ ਜੀ,” ਰਾਏ ਸਾਹਿਬ ਨੇ ਆਪ ਬੈਠ ਕੇ ਨਾਲ ਦੀ ਕੁਰਸੀ ਵਲ ਇਸ਼ਾਰਾ ਕਰਦਿਆਂ ਕਿਹਾ, “ਜੋ ਗੱਲ ਮੈਂ ਤੁਹਾਨੂੰ ਅੱਜ ਕਹਿਣੀ ਏਂ, ਉਹ ਕੁਝ ਔਖੀ ਏ, ਪਰ ਖ਼ੈਰ, ਜੋ ਹੋਣਾ ਚਾਹੀਦਾ ਏ, ਉਹ ਕਹਿਣਾ ਈ ਪਏਗਾ। ਤੁਸੀਂ ਬੈਠਦੇ ਕਿਉਂ ਨਹੀਂ?”

ਮਾਸਟਰ ਈਸ਼ਰ ਦਾਸ ਬੈਠ ਗਿਆ। ਜਿਸ ਕੁਰਸੀ ਉਤੇ ਉਹ ਬੈਠਾ ਸੀ ਉਹਦੀ ਗੱਦੀ ਉਹਨੂੰ ਆਪਣੇ ਘਰ ਦੀਆਂ ਸਭਨਾਂ ਰਜ਼ਾਈਆਂ ਨਾਲੋਂ ਮੋਟੀ ਤੇ ਕਿਤੇ ਨਰਮ ਜਾਪੀ।

“ਉਹ ਸੁਹਣੀ ਅਲਮਾਰੀ ਵਿਚ ਜਿੰਨੀਆਂ ਕਿਤਾਬਾਂ ਤੁਸੀਂ ਤਕ ਰਹੇ ਹੋ, ਇਹ ਸਭ ਸਾਈਕਾਲੋਜੀ ਦੀਆਂ ਕਿਤਾਬਾਂ ਨੇ। ਇਹ ਮੈਂ ਦਿਖਾਵੇ ਲਈ ਨਹੀਂ ਰੱਖੀਆਂ ਹੋਈਆਂ— ਮੈਂ ਸਭ ਪੜ੍ਹੀਆਂ ਹੋਈਆਂ ਨੇ, ਤੇ ਇਕ ਤਰ੍ਹਾਂ ਨਾਲ ਇਨ੍ਹਾਂ ਦਾ ਅਰਕ ਕੱਢ ਰੱਖਿਆ ਏ, ਅਰਕ। ਤੇ ਇਹ ਅਰਕ ਮੈਂ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਵਰਤਦਾ ਹਾਂ।” ਰਾਏ ਸਾਹਿਬ ਏਥੇ ਕੁਝ ਰੁਕੇ, ਉਨ੍ਹਾਂ ਮਾਸਟਰ ਵਲ ਤਕਿਆ, ਤੇ ਫੇਰ ਆਪਣੀ ਗੱਲ ਜਾਰੀ ਰੱਖੀ, “ਸਾਈਕਾਲੋਜੀ ਦੀ ਸਾਇੰਸ ਦੀ ਸਟੱਡੀ ਦੱਸਦੀ ਏ ਕਿ ਜਦੋਂ ਤਕ ਸ਼ਾਗਿਰਦ ਦੇ ਮਨ ਵਿਚ ਮਾਸਟਰ ਦੀ ਡੂੰਘੀ ਇੱਜ਼ਤ ਨਾ ਹੋਵੇ, ਓਦੋਂ ਤੱਕ ਉਹ ਕੁਝ ਨਹੀਂ ਸਿੱਖ ਸਕਦਾ। ਹਾਂ, ਹੁਣ ਪਰਸੋਂ ਤੋਂ, ਜਦੋਂ ਤੋਂ ਤੁਸਾਂ ਉਹ ਕੋਟ ਲਿਆ ਏ…”

ਮਾਸਟਰ ਈਸ਼ਰ ਦਾਸ ਨੂੰ ਲੱਗਾ ਜਿਵੇਂ ਉਹਦੇ ਥੱਲੇ ਗੱਦੀ ਵਿਚੋਂ ਕੋਈ ਕਿਲ ਉਹਨੂੰ ਚੁਭ ਗਿਆ ਸੀ।

“…ਜਦੋਂ ਤੋਂ ਤੁਸਾਂ ਉਹ ਕੋਟ ਲਿਆ ਏ, ਕਾਕੇ ਦਾ ਤੁਹਾਡੇ ਨਾਲੋਂ ਇੱਜ਼ਤ ਦਾ ਰਿਸ਼ਤਾ ਟੁੱਟ ਗਿਆ ਏ। ਆਮ ਮੂਰਖ ਮਾਪਿਆਂ ਨੂੰ ਤਾਂ ਏਡੀ ਬਰੀਕ ਤਬਦੀਲੀ ਦਾ ਪਤਾ ਹੀ ਨਹੀਂ ਲੱਗਦਾ, ਪਰ ਮੈਂ ਹਾਂ ਸਾਈਕਾਲੋਜੀ ਦਾ ਮਾਹਿਰ, ਮੇਰੇ ਤੋਂ ਭਲਾ ਕੀ ਗੁਝਾ ਰਹਿ ਸਕਦਾ ਏ। ਹੁਣ ਕਾਕਾ ਤੁਹਾਡੇ ਕੋਲੋਂ ਕੁਝ ਨਹੀਂ ਸਿੱਖ ਸਕੇਗਾ। ਉਹ ਅੱਜ ਮੇਰੇ ਕੋਲੋਂ ਪੁੱਛ ਰਿਹਾ ਸੀ, ‘ਸਾਡੇ ਭੰਗੀ ਤੇ ਮਾਸਟਰ ਵਿਚ ਕੀ ਫ਼ਰਕ ਏ? ਲਾਲੂ ਭੰਗੀ ਨੇ ਵੀ ਤੁਹਾਡਾ ਕੋਟ ਮੰਗ ਕੇ ਪਾਇਆ ਏ, ਤੇ ਮਾਸਟਰ ਜੀ ਨੇ ਵੀ’।”

ਇਕ ਕਿੱਲ ਨਹੀਂ, ਗੱਦੀ ਵਿਚੋਂ ਅਣਗਿਣਤ ਕਿੱਲ ਉਭਰ ਆਏ ਲਗਦੇ ਸਨ...

ਮਾਸਟਰ ਈਸ਼ਰ ਦਾਸ ਨੇ ਹੱਥ ਜੋੜ ਕੇ ਕਿਹਾ, “ਰਾਏ ਸਾਹਿਬ, ਉਹ ਤਾਂ ਮਾਤਾ ਜੀ ਨੇ—ਰਾਏ ਸਾਹਬਣੀ ਜੀ ਨੇ ਹੁਕਮ ਕਰ ਕੇ ਮੈਨੂੰ ਪੁਆ ਦਿੱਤਾ ਸੀ ਤੇ ਅਗਲੇ ਦਿਨ ਹੀ ਉਹ ਸ਼ਹਿਰ ਚਲੇ ਗਏ,” ਤੇ ਮਾਸਟਰ ਈਸ਼ਰ ਦਾਸ ਕੋਟ ਲਾਹਣ ਲੱਗ ਪਿਆ, “ਮੈਂ ਤਾਂ ਉਡੀਕਦਾ ਸਾਂ ਕਿ ਉਹ ਆ ਜਾਣ, ਤੇ ਉਨ੍ਹਾਂ ਦਾ ਧੰਨਵਾਦ ਕਰ ਕੇ ਉਨ੍ਹਾਂ ਨੂੰ ਇਹ ਮੋੜ ਦਿਆਂ।” ਤੇ ਮਾਸਟਰ ਨੇ ਕੋਟ ਲਾਹ ਕੇ ਤਹਿ ਕਰਨਾ ਸ਼ੁਰੂ ਕਰ ਦਿੱਤਾ।

“ਨਹੀਂ, ਨਹੀਂ, ਮਾਸਟਰ ਜੀ, ਕੋਟ ਮੋੜਨ ਦੀ ਉੱਕਾ ਕੋਈ ਲੋੜ ਨਹੀਂ। ਤੁਸੀਂ ਕੋਟ ਪਾ ਲਓ,” ਰਾਏ ਸਾਹਿਬ ਨੇ ਮਾਸਟਰ ਦੀਆਂ ਅੱਖਾਂ ਵਿਚ ਅੱਖਾਂ ਗੱਡ ਕੇ ਫੇਰ ਕਿਹਾ, “ਤੁਸੀਂ ਕੋਟ ਪਾ ਲਓ,”—ਤੇ ਜਿਸ ਤਰ੍ਹਾਂ ਡਰਿਲ ਕਰਦਿਆਂ ਹੁਕਮ ਸੁਣ ਕੇ ਬਿਨਾਂ ਸੋਚੇ ਖੱਬੇ ਜਾਂ ਸੱਜੇ ਭੌਂ ਜਾਈਦਾ ਹੈ, ਮਾਸਟਰ ਨੇ ਕੋਟ ਪਾ ਲਿਆ।

“ਆਪਣੇ ਕਿਸੇ ਬੱਚੇ ਲਈ ਵੀ ਲੋੜ ਹੋਵੇ ਤਾਂ ਕਾਕੇ ਦਾ ਕੋਈ ਪੁਰਾਣਾ ਕੋਟ ਲੈ ਜਾਣਾ। ਕੋਟ ਦੀ ਕੋਈ ਗੱਲ ਨਹੀਂ। ਹਾਂ—ਇਹ ਲਓ ਪੰਦਰਾਂ ਦਿਨਾਂ ਦੇ ਸਾਢੇ ਸੱਤ ਰੁਪਏ। ਕੱਲ੍ਹ ਤੋਂ ਪੜ੍ਹਾਣ ਲਈ ਆਉਣ ਦੀ ਕੋਈ ਲੋੜ ਨਹੀਂ। ਮੈਨੂੰ ਉਮੀਦ ਏ ਤੁਸੀਂ ਸਭ ਕੁਝ ਸਮਝ ਗਏ ਹੋਵੋਗੇ ਤੇ ਗੱਲ ਦੀ ਤਹਿ ਤਕ ਪੁਜ ਜਾਓਗੇ। ਤੁਹਾਡਾ ਕੋਈ ਕਸੂਰ ਨਹੀਂ, ਤੁਸਾਂ ਬੜੀ ਮਿਹਨਤ ਕੀਤੀ ਏ; ਸਿਰਫ਼ ਸਾਈਕਾਲੋਜੀ...”

[1950]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •