College Jaan Da Pehla Din (Punjabi Story) : Navtej Singh

ਕਾਲਿਜ ਜਾਣ ਦਾ ਪਹਿਲਾ ਦਿਨ (ਕਹਾਣੀ) : ਨਵਤੇਜ ਸਿੰਘ

ਜੀਤਾਂ ਅੱਗੇ ਪੜ੍ਹਨਾ ਚਾਂਹਦੀ ਸੀ। ਕਾਲਿਜ ਵਿਚ ਪੈਣਾ ਚਾਂਹਦੀ ਸੀ। ਕਾਲਿਜ ਉਹਦੇ ਪਿੰਡੋਂ ਬਹੁਤ ਦੂਰ ਸੀ। ਘੰਟਾ ਕੁ ਗੱਡੀ ਦਾ ਸਫ਼ਰ—ਅੰਮ੍ਰਿਤਸਰ। ਸਟੇਸ਼ਨ ਵੀ ਉਨ੍ਹਾਂ ਦੇ ਪਿੰਡੋਂ ਵੀਹ ਕੁ ਮਿੰਟਾਂ ਦੀ ਪੈਦਲ ਵਾਟ ਸੀ, ਤੇ ਅਗੋਂ ਅੰਮ੍ਰਿਤਸਰ ਸਟੇਸ਼ਨ ਤੋਂ ਕਾਲਿਜ ਸੱਤ ਕੁ ਮਿੰਟਾਂ ਦੀ ਵਾਟ। ਏਨਾ ਵਕਤ ਕਾਲਿਜ ਜਾਣ ਉਤੇ, ਤੇ ਏਨਾ ਹੀ ਵਾਪਸ ਘਰ ਆਉਣ ਉਤੇ। ਕਈ ਵਾਰ ਗੱਡੀ ਦਾ ਵਕਤ ਮੇਲ ਨਹੀਂ ਸੀ ਖਾਣਾ। ਕਈ ਵਾਰ ਮੀਂਹ-ਕਣੀ, ਝੱਖੜ-ਝਾਂਜਾ ਹੋਣਾ ਸੀ—ਪਰ ਜੀਤਾਂ ਉਚੇਰੀ ਪੜ੍ਹਾਈ ਲਈ ਇਹ ਸਾਰੇ ਜਫ਼ਰ ਜਾਲ ਸਕਦੀ ਸੀ।

ਜੀਤਾਂ ਦੇ ਬਾਪੂ ਜੀ ਪਿਛਲੇ ਵਕਤਾਂ ਦੇ ਬਜ਼ੁਰਗ ਸਨ। ਉਨ੍ਹਾਂ ਦਾ ਹੱਥ ਵੀ ਕੋਈ ਬਹੁਤਾ ਸੌਖਾ ਨਹੀਂ ਸੀ, ਪਰ ਉਨ੍ਹਾਂ ਨੂੰ ਆਪਣੀ ਜੀਤਾਂ ਨਾਲ ਕੁਝ ਅਜਿਹਾ ਪਿਆਰ ਸੀ, ਤੇ ਉਸ ਉਤੇ ਕੁਝ ਅਜਿਹਾ ਵਿਸ਼ਵਾਸ ਸੀ ਕਿ ਉਹ ਉਹਦੀ ਉਚੇਰੀ ਪੜ੍ਹਾਈ ਦੀ ਤਾਂਘ ਪੂਰੀ ਕਰਨੀ ਮੰਨ ਗਏ।

ਜੀਤਾਂ ਦੀ ਸਧਰ ਪੂਰੀ ਹੋ ਗਈ। ਉਹ ਕਾਲਿਜ ਦਾਖ਼ਲ ਹੋ ਗਈ। ਬਾਪੂ ਜੀ ਆਪ ਉਹਦੇ ਨਾਲ ਗਏ ਸਨ। ਉਹਦੇ ਨੰਬਰ ਹਾਇਰ ਸੈਕੰਡਰੀ ਵਿਚੋਂ ਏਨੇ ਚੰਗੇ ਆਏ ਸਨ ਕਿ ਕਾਲਿਜ ਦੀ ਪ੍ਰਿੰਸੀਪਲ ਉਹਨੂੰ ਦਾਖ਼ਲ ਕਰ ਕੇ ਬਹੁਤ ਖ਼ੁਸ਼ ਹੋਈ। ਨਾਲੇ ਜੀਤਾਂ ਕੋਈ ਸੁਹਣੀ ਸੀ! ਸਾਦ ਮੁਰਾਦੇ ਪੇਂਡੂ ਕਪੜੇ ਪਾਈ ਜਦੋਂ ਉਹ ਪ੍ਰਿੰਸੀਪਲ ਦੇ ਕਮਰੇ ਵਿਚ ਵੜੀ ਤਾਂ ਬਿੰਦ ਦੀ ਬਿੰਦ ਪ੍ਰਿੰਸੀਪਲ ਨੂੰ ਇੰਜ ਜਾਪਿਆ ਜਿਵੇਂ ਕਮਰੇ ਵਿਚ ਚਾਨਣ ਦੂਣ ਸਵਾਇਆ ਹੋ ਗਿਆ ਸੀ।

ਦਾਖ਼ਲੇ ਪਿਛੋਂ ਦਫ਼ਤਰ ਵਿਚ ਜਾ ਕੇ ਕਾਫ਼ੀ ਸਾਰੀ ਰਕਮ ਫ਼ੀਸਾਂ ਆਦਿ ਦੀ ਉਨ੍ਹਾਂ ਨੂੰ ਦੇਣੀ ਪਈ, ਫੇਰ ਉਹ ਬਾਪੂ ਜੀ ਨਾਲ ਹੀ ਆਪਣੇ ਕੋਰਸ ਦੀਆਂ ਕਿਤਾਬਾਂ ਹਾਲ ਬਾਜ਼ਾਰ ਵਿਚੋਂ ਜਾ ਕੇ ਮੁੱਲ ਲੈ ਆਈ। ਉਹਨੇ ਤੇ ਬਾਪੂ ਜੀ ਨੇ ਜਿੰਨਾ ਸੋਚਿਆ ਸੀ, ਓਦੂੰ ਕਿਤੇ ਵੱਧ ਖ਼ਰਚ ਫ਼ੀਸਾਂ ਤੇ ਕਿਤਾਬਾਂ ਉਤੇ ਹੋ ਗਿਆ ਸੀ। ਹੋਰ ਜਿਹੜਾ ਮਾੜਾ ਮੋਟਾ ਸੌਦਾ ਉਨ੍ਹਾਂ ਪਿੰਡ ਖੜਨਾ ਸੀ, ਉਸ ਲਈ ਪੈਸੇ ਕੋਈ ਨਾ ਬਚੇ।

ਗੱਡੀ ਵਿਚ ਜੀਤਾਂ ਨੇ ਬਾਪੂ ਜੀ ਨੂੰ ਕਿਹਾ, “ਬਾਪੂ ਜੀ, ਗਹਿਣਿਆਂ ਉਤੇ ਕੁੜੀਆਂ ਦੇ ਮਾਪੇ ਬੜਾ ਖ਼ਰਚ ਕਰਦੇ ਨੇ, ਉਹ ਅਸਾਂ ਕਦੇ ਨਹੀਂ ਕਰਨਾ। ਇਹ ਕਿਤਾਬਾਂ ਤੇ ਪੜ੍ਹਾਈ ਮੈਨੂੰ ਤੁਸਾਂ ਏਨੇ ਵਡਮੁੱਲੇ ਗਹਿਣੇ ਲੈ ਦਿੱਤੇ ਨੇ।” ਤੇ ਜੀਤਾਂ ਨੇ ਆਪਣੇ ਬਾਬਲ ਵਲ ਇੰਝ ਵੇਖਿਆ ਕਿ ਧੀ ਤੇ ਬਾਬਲ ਦੋਵੇਂ ਸਰਸ਼ਾਰ ਹੋ ਗਏ।

ਪਹਿਲੇ ਦਿਨ ਜਦੋਂ ਉਹ ਕਾਲਿਜ ਲਈ ਤੁਰੀ ਤਾਂ ਮਾਂ ਨੇ ਲੂਣ ਜਵਾਇਣ ਵਾਲੀਆਂ ਦੋ ਪਰੌਂਠੀਆਂ ਤੇ ਨਾਲ ਪੰਝੀ ਪੈਸੇ ਉਹਨੂੰ ਦਿੱਤੇ ਤੇ ਕਿਹਾ, “ਪੁੱਤ, ਓਥੋਂ ਨਾਲ ਦਹੀਂ ਲੈ ਲਈਂ।”

ਬਾਪੂ ਜੀ ਆਪ ਉਹਨੂੰ ਗੱਡੀ ਚੜ੍ਹਾਨ ਆਏ।

ਗੱਡੀ ਤੁਰ ਪਈ। ਉਹਨੇ ਆਪਣੀਆਂ ਕਿਤਾਬਾਂ ਫੋਲਣੀਆਂ ਸ਼ੁਰੂ ਕੀਤੀਆਂ। ਉਹਨੂੰ ਲੱਗਾ ਕਿ ਨਵੀਂ ਨਕੋਰ ਕਿਤਾਬ ਦੀ ਵੀ ਇਕ ਆਪਣੀ ਉਚੇਚੀ ਮਹਿਕ ਹੁੰਦੀ ਹੈ।

ਉਹ ਇਸ ਮਹਿਕ ਵਿਚ ਇੰਜ ਗੁਆਚੀ ਰਹੀ ਕਿ ਉਹਨੂੰ ਪਤਾ ਹੀ ਨਾ ਲੱਗਾ ਕਦੋਂ ਅਗਲਾ ਸਟੇਸ਼ਨ ਆ ਗਿਆ। ਉਹਦੇ ਡੱਬੇ ਵਿਚ ਜਿੰਨੀਆਂ ਸਵਾਰੀਆਂ ਬੈਠੀਆਂ ਸਨ, ਉਹ ਸਾਰੀਆਂ ਹੀ ਕਿਰਨਮ-ਕਿਰਨੀ ਏਥੇ ਲਹਿ ਗਈਆਂ। ਅੱਜ ਕੋਈ ਮੇਲਾ ਸੀ ਇਥੇ।

ਉਹ ਡੱਬੇ ਵਿਚ ਇਕੱਲੀ ਹੀ ਰਹਿ ਗਈ, ਪਰ ਉਹਦੇ ਕੋਲ ਉਹਦੀਆਂ ਕਿਤਾਬਾਂ ਸਨ...

ਗੱਡੀ ਤੁਰ ਪਈ। ਚਲਦੀ ਗੱਡੀ ਵਿਚ ਤਿੰਨ ਮੁੰਡੇ ਉਹਦੇ ਡੱਬੇ ਵਿਚ ਚੜ੍ਹ ਆਏ। ਮੁੰਡਿਆਂ ਦੇ ਹੱਥ ਵੀ ਕਿਤਾਬਾਂ ਸਨ।

ਪਹਿਲਾਂ ਇਹ ਤਿੰਨੋ ਮੁੰਡੇ ਉਸ ਤੋਂ ਕੁਝ ਦੁਰੇਡੇ ਬੈਠੇ, ਪਰ ਕੁਝ ਮਿੰਟਾਂ ਬਾਅਦ ਹੀ ਐਨ ਉਹਦੇ ਸਾਹਮਣੇ ਵਾਲੇ ਬੈਂਚ ਉਤੇ ਆ ਗਏ।

“ਇਹ ਘੁੱਗੀ ਨਵੀਂ ਏਂ।”

“ਘੁੱਗੀ ਕੀ—ਇਹ ਤੇ ਸਾਇਰਾ ਬਾਨੋ ਏਂ।”

“ਪੜ੍ਹਾਕੂ ਬੜੀ ਜਾਪਦੀ ਏ। ਵੇਖ ਕਿਵੇਂ ਕਿਤਾਬ ਤੋਂ ਨਜ਼ਰ ਹੀ ਨਹੀਂ ਹਟਾਂਦੀ।”

“ਸੋਹਣਿਓਂ, ਇਕ ਵਾਰ ਸਾਡੇ ਵੱਲ ਵੀ ਵੇਖੋ। ਅਸੀਂ ਕਿਤਾਬ ਨਾਲੋਂ ਕਿਤੇ ਵਧ ਦਿਲਚਸਪ ਹਾਂ।”

ਡੱਬੇ ਵਿਚ ਕਿਤਾਬਾਂ ਵਧ ਗਈਆਂ ਸਨ, ਪਰ ਮਹਿਕ ਅਲੋਪ ਹੋ ਗਈ ਸੀ, ਤੇ ਇਹ ਸੜਿਹਾਨ...

“ਓਇ, ਹਾਲੀ ਸ਼ਰਮ ਕਰਦੀ ਏ। ਆਪੇ ਕੁਝ ਦਿਨਾਂ ਨੂੰ ਪੜ੍ਹ ਜਾਏਗੀ ਸਾਡੇ ਵਾਲੀ ਸਾਇੰਸ।”

“ਹਾਲੀ ਪੇਂਡੂ ਮਾਲ ਏ—ਅੱਲ੍ਹੜ—ਜਦੋਂ ਕਾਲਿਜ ਦੀ ਹਵਾ ਲੱਗੀ, ਤੇ ‘ਫ਼ੈਮਿਨਾ’ ’ਚੋਂ ਪੜ੍ਹ ਕੇ ਬੈੱਲ-ਬਾਟਮ ਪਾਏ—”

“ਫੇਰ ਕਿਆ ਮਾਲ ਬਣੇਗਾ।”

“ਹਾਏ ਓਏ, ਫੇਰ ਤੇ ਤੁਹਫ਼ਾ ਹੋਏਗਾ, ਤੁਹਫ਼ਾ!”

“ਭਾਰੇ ਪੱਟ, ਤੁਰਦੀ ਫੱਟਾ ਫੱਟ।”

“ਓਏ ਤੂੰ ਇਸ ਝਗਲਾ ਜਿਹੀ ਸਲਵਾਰ ਵਿਚੋਂ ਪੱਟਾਂ ਦੀ ਮੈਪ-ਰੀਡਿੰਗ ਕਿਵੇਂ ਕਰ ਲਈ?”

“ਓਏ ਇਸ ਪੱਖੋਂ ਤਾਂ ਮੇਰੀਆਂ ਅੱਖਾਂ ਐਕਸ-ਰੇ ਤੋਂ ਵੀ ਵੱਧ ਨੇ।”

“ਅਸੀਂ ਇਸ ਐਕਸ-ਰੇ, ਇਸ ਨਿਰੋਲ ਸੁਦੇਸ਼ੀ ਰਾਂਜ਼ਨ-ਰੇ ਦੀ ਦਾਦ ਦੇਂਦੇ ਆਂ।”

“ਸੋਹਣਿਓਂ, ਤੁਸੀਂ ਵੀ ਦਾਦ ਦਿਓ।”

“ਸੋਹਣਿਓਂ, ਕਦੇ ਘੁੱਟ ਕੇ ਜੱਫੀ ਨਾ ਪਾਈ, ਕੀ ਤੇਰੀ ਬਾਂਹ ਟੁਟਗੀ!”

ਜੀਤਾਂ ਦਾ ਮੂੰਹ ਲਾਲ-ਬਿੰਬ ਹੋ ਗਿਆ ਸੀ, ਪਸੀਨਾ ਉਹਦੇ ਮੱਥੇ ਉਤੇ ਤੇ ਉਹ ਕੰਬ ਰਹੀ ਸੀ। ਉਹਨੇ ਆਪਣੇ ਉਤੇ ਕਾਬੂ ਪਾਣਾ ਚਾਹਿਆ, ਪਰ ਕਾਂਬਾ ਸੀ ਕਿ ਰੁਕਦਾ ਹੀ ਨਹੀਂ ਸੀ।

“ਸੋਹਣਿਓਂ, ਸ਼ਰਮਾਓ ਨਾ, ਜਾਪਦਾ ਏ ਕਾਲਿਜ ਵਿਚ ਨਵੇਂ ਦਾਖ਼ਲ ਹੋਏ ਹੋ, ਕਾਲਿਜ ਤਾਂ ਭਾਵੇਂ ਵੱਖ ਵੱਖ ਨੇ, ਪਰ ਗੱਡੀ ਦੇ ਹਮਸਫ਼ਰ ਤਾਂ ਰੋਜ਼ ਦੇ ਹਾਂ।”

ਜੀਤਾਂ ਨੇ ਕਿਸੇ ਕਹਾਣੀ ਵਿਚ ਕਦੇ ਪੜ੍ਹਿਆ ਸੀ: ਚਲਦੀ ਗੱਡੀ ਵਿਚੋਂ ਕਿਸੇ ਦਾ ਬਟੂਆ ਬਾਹਰ ਡਿੱਗ ਗਿਆ, ਤੇ ਉਹਨੇ ਜ਼ੰਜੀਰੀ ਖਿੱਚ ਕੇ ਗੱਡੀ ਰੋਕ ਲਈ। ਉਹਨੇ ਉਪਰ ਥੱਲੇ, ਏਧਰ ਓਧਰ ਨਜ਼ਰ ਮਾਰੀ। ਉਹ ਜ਼ੰਜੀਰੀ ਲੱਭ ਰਹੀ ਸੀ।

“ਵਾਹ ਵਾਹ, ਇਹ ਤੇ ਹੋਈ ਨਾ ਅਕਲ ਦੀ ਗੱਲ—ਅਗਲਾ ਸਟੇਸ਼ਨ ਆਣ ਵਾਲਾ ਏ ਤੇ ਹੁਣ ਕਿਤੇ ਨਜ਼ਰ ਸਾਡੇ ਵੱਲ ਕੀਤੀ ਜੇ। ਹੁਣ ਕਿਤੇ ਜਾ ਕੇ ਮਨ ਮਿਹਰ ਪਈ ਜੇ।”

“ਤੇਰੇ ਬੁਲ੍ਹ ਨਾ ਫਰਕਦੇ ਦਿਸਦੇ, ਅੱਖਾਂ ਨਾਲ ਗੱਲਾਂ ਕਰਦੀ।”

ਜੀਤਾਂ ਨੂੰ ਜ਼ੰਜੀਰੀ ਦਿਸ ਪਈ। ਉਹ ਜ਼ੰਜੀਰ ਵੱਲ ਵਧੀ।

ਝਪਟ ਕੇ ਇਕ ਮੁੰਡੇ ਨੇ, ਜਿਹੜਾ ਉਨ੍ਹਾਂ ਵਿਚੋਂ ਬਹੁਤਾ ਬੋਲਦਾ ਸੀ, ਜੀਤਾਂ ਦਾ ਹੱਥ ਫੜ ਲਿਆ।

“ਏਨੇ ਕੱਚੇ ਅਸੀਂ ਵੀ ਨਹੀਂ—ਕਿ ਤੈਨੂੰ ਇਹ ਜ਼ੰਜੀਰ ਖਿੱਚਣ ਦਈਏ।”

ਜੀਤਾਂ ਨੇ ਆਪਣਾ ਆਪ ਉਸ ਤੋਂ ਛੁਡਾਣਾ ਚਾਹਿਆ, ਪਰ ਉਹਦੀ ਵਾਹ ਨਾ ਚਲੀ। ਉਹਨੇ ਹਾਰ ਕੇ ਉਹਦੀ ਬਾਂਹ ਉਤੇ ਚੱਕ ਵੱਢ ਖਾਧਾ।

ਮੁੰਡੇ ਦੀ ਪਕੜ ਢਿੱਲੀ ਪੈ ਗਈ। ਜੀਤਾਂ ਆਪਣਾ ਆਪ ਛੁਡਾ ਕੇ ਬੂਹੇ ਵਲ ਵਧੀ। ਗੱਡੀ ਬੜੀ ਤੇਜ਼ ਚਲ ਰਹੀ ਸੀ।

“ਵਾਹ, ਪਹਿਲੀ ਸੱਟੇ ਹੀ ਮੈਡਲ ਮਿਲ ਗਿਆ ਏ।”

“ਸਾਨੂੰ ਵੀ ਵਿਖਾ।”

“ਕਾਮਸੂਤਰ ਵਿਚ ਪੜ੍ਹਿਆ ਸੀ ਕਿ ਚੱਕ ਵੀ ਪਿਆਰ-ਖੇਡ ਦਾ ਖ਼ਾਸ ਹਿੱਸਾ ਨੇ। ਉਸ ਕਿਤਾਬ ਵਿਚ ਤਾਂ ਚੱਕਾਂ ਦੀਆਂ ਕਿਸਮਾਂ ਵੀ ਲਿਖੀਆਂ ਸਨ—ਗੁੱਝਾ ਚੱਕ, ਸੁਜਾ ਚੱਕ, ਨੁਕਤਾ, ਨੁਕਤਿਆਂ ਦੀ ਲਕੀਰ ਤੇ ਹੋਰ ਕਈ ਸ਼ਾਇਰਾਨਾ ਨਾਂ ਸਨ ਜਿਵੇਂ ਟੁੱਟਵੇਂ ਬਦਲ।”

“ਤੇ ਇਹ ਚੱਕ ਦੀ ਕਿਹੜੀ ਕਿਸਮ ਏ?”

“ਨੁਕਤਾ ਜਾਪਦਾ ਏ, ਨੁਕਤਾ।”

ਉਹੀ ਮੁੰਡਾ ਫੇਰ ਜੀਤਾਂ ਵੱਲ ਵਧਿਆ, “ਤੈਨੂੰ ਦੇਖ ਕੇ ਸਬਰ ਨਾ ਆਵੇ—ਯਾਰਾ ਤੇਰਾ ਘੁੱਟ ਭਰ ਲਾਂ।”

ਜੀਤਾਂ ਨੇ ਬੂਹੇ ਵਿਚੋਂ ਬਾਹਰਵਾਰ ਤਕਿਆ। ਗੱਡੀ ਕੁਝ ਹੌਲੀ ਹੋਣ ਲੱਗੀ ਸੀ। ਕੁਝ ਮਕਾਨ ਬਾਹਰ ਦਿਸ ਰਹੇ ਸਨ। ਇਕ ਕੰਧ ਆਈ। ਗੱਡੀ ਹੌਲੀ ਹੋਣ ਲੱਗੀ।

ਉਸ ਮੁੰਡੇ ਨੇ ਜੀਤਾਂ ਨੂੰ ਫੇਰ ਫੜ ਲਿਆ।

ਹਵਾ ਦੇ ਝੋਕੇ ਨਾਲ ਬੂਹਾ ਖੁੱਲ੍ਹ ਗਿਆ। ਤੁਰਦੀ ਗੱਡੀ ਵਿਚ ਮੁੰਡੇ ਚੜ੍ਹੇ ਸਨ, ਬੂਹਾ ਢੋਹਿਆ ਹੀ ਗਿਆ ਸੀ, ਬੰਦ ਕਿਸੇ ਨਹੀਂ ਸੀ ਕੀਤਾ।

ਜੀਤਾਂ ਸ਼ੀਹਣੀ ਬਣ ਕੇ ਬੂਹੇ ਵਲ ਵਧੀ। ਮੁੰਡੇ ਨੇ ਫੇਰ ਝਪਟਾ ਮਾਰਿਆ। ਇਕ ਵਾਰ ਤਾਂ ਉਹ ਡੱਕੀ ਗਈ, ਪਰ ਫੇਰ ਉਹਨੇ ਆਪਣਾ ਆਪ ਛੁਡਾ ਲਿਆ।

ਗੱਡੀ ਕੁਝ ਹੌਲੀ ਹੋ ਰਹੀ ਸੀ। ਸਟੇਸ਼ਨ ਨੇੜੇ ਸੀ।

ਮੁੰਡੇ ਦੇ ਹੱਥ ਵਿਚ ਜੀਤਾਂ ਦੀ ਚੁੰਨੀ ਫੜੀ ਰਹਿ ਗਈ—ਤੇ ਜੀਤਾਂ ਨੇ ਗੱਡੀ ਵਿਚੋਂ ਬਾਹਰ ਛਾਲ ਮਾਰ ਦਿੱਤੀ।

ਨਾਲ ਦੇ ਡੱਬੇ ਵਿਚੋਂ ਕਿਸੇ ਨੇ ਉਹਨੂੰ ਡਿੱਗਦਿਆਂ ਵੇਖ ਲਿਆ, ਤੇ ਉਹਨੇ ਜ਼ੰਜੀਰੀ ਖਿਚ ਲਈ। ਗੱਡੀ ਕੁਝ ਦੂਰ ਜਾ ਕੇ ਰੁਕ ਗਈ।

ਉਹ ਤਿੰਨ ਮੁੰਡੇ ਦੂਜੇ ਪਾਸੇ ਵਾਲਾ ਬੂਹਾ ਖੋਲ੍ਹ ਕੇ ਭੀੜ ਵਿਚ ਛਪਨ ਹੋ ਗਏ। ਡਿੱਗੀ ਕੁੜੀ ਦੇ ਨੇੜੇ ਪਹਿਲਾਂ ਕੋਈ ਨਾ ਹੋਇਆ। ਪਤਾ ਨਹੀਂ ਜੀਉਂਦੀ ਏ ਕਿ ਮਰੀ। ਪਤਾ ਨਹੀਂ ਕਿਸੇ ਸੁੱਟਿਆ ਏ ਕਿ ਖੁਦਕੁਸ਼ੀ ਕੀਤੀ ਸੂ! ਜਿਹੜਾ ਪਹਿਲੋਂ ਨੇੜੇ ਹੋਇਆ, ਉਹਨੂੰ ਹੀ ਤ੍ਰੀਕਾਂ ਭੁਗਤਣੀਆਂ ਤੇ ਗਵਾਹੀਆਂ ਦੇਣੀਆਂ ਪੈਣਗੀਆਂ!

“ਅੱਜਕਲ ਨ੍ਹੇਰ ਆ ਗਿਆ ਏ, ਕਲਜੁਗ ਏ। ਕੁਆਰੀ ਨੂੰ ਢਿੱਡ ਹੋ ਗਿਆ ਹੋਣਾ ਏਂ, ਤੇ ਪਾਪ ਲੁਕੋਣ ਨੂੰ ਛਾਲ ਮਾਰ ਦਿੱਤੀ ਹੋਣੀ ਏਂ!” ਲੰਮੀ ਚਿੱਟੀ ਦਾੜ੍ਹੀ ਵਾਲੇ ਇਕ ਸਰਦਾਰ ਜੀ ਮੋਟੇ ਸਾਰੇ ਇਕ ਲਾਲੇ ਨਾਲ ਗੱਲ ਕਰ ਰਹੇ ਸਨ।

ਪੁਲਿਸ ਦੇ ਦੋ ਸਿਪਾਹੀ ਫੱਟੜ ਕੁੜੀ ਦੇ ਨੇੜੇ ਹੋ ਗਏ। ਸਾਹ ਚਲ ਰਿਹਾ ਸੀ। ਇਕ ਲੱਤ ਬੜੀ ਸਖ਼ਤ ਜ਼ਖਮੀ ਹੋ ਗਈ ਸੀ, ਮੱਥੇ ਉਤੇ ਵੀ ਸੱਟਾਂ ਸਨ।

ਪੁਲਿਸ ਨੇ ਪੁੱਛ-ਪੜਤਾਲ ਕਰ ਕੇ ਉਹ ਡੱਬਾ ਲੱਭਾ ਜਿਸ ਵਿਚੋਂ ਕੁੜੀ ਨੇ ਛਾਲ ਮਾਰੀ ਸੀ। ਉਸ ਵਿਚ ਬੂਹੇ ਕੋਲ ਹੀ ਇਕ ਚੁੰਨੀ ਸੀ, ਦੂਧੀਆਂ ਕਾਸ਼ਨੀ ਰੰਗ ਦੀ ਰੇਸ਼ਮੀ ਚੁੰਨੀ—ਤੇ ਸੀਟ ਉਤੇ ਕੁਝ ਕਿਤਾਬਾਂ, ਤੇ ਇਕ ਡੱਬੀ ਸੀ, ਉਸ ਵਿਚ ਦੋ ਪਰੌਂਠੀਆਂ ਤੇ ਪੰਝੀ ਪੈਸੇ...

ਫੱਟੜ ਕੁੜੀ ਨੂੰ ਡੱਬੇ ਵਿਚ ਚੁਕ ਕੇ ਪਾ ਲਿਆ ਗਿਆ। ਅਗਲੇ ਸਟੇਸ਼ਨ ਤੋਂ ਪੁਲਿਸ ਵਾਲਿਆਂ ਅੰਮ੍ਰਿਤਸਰ ਸਟੇਸ਼ਨ ਉੱਤੇ ਤਾਰ ਦੇ ਦਿੱਤੀ ਕਿ ਐਂਬੂਲੈਂਸ ਸਟੇਸ਼ਨ ਉਤੇ ਆ ਜਾਏ—ਇਕ ਕੁੜੀ ਸਖ਼ਤ ਫੱਟੜ ਹੋ ਗਈ ਏ, ਫ਼ੌਰਨ ਹਸਪਤਾਲ ਲਿਜਾਣਾ ਹੋਵੇਗਾ।

ਅੰਮ੍ਰਿਤਸਰ ਆਇਆ, ਐਬੂਲੈਂਸ ਕੋਈ ਨਹੀਂ ਸੀ। ਤਾਰ ਪੁੱਜ ਗਈ ਸੀ, ਪਰ ਟੈਲੀਫ਼ੋਨ ਉਤੇ ਹਸਪਤਾਲ ਇਤਲਾਹ ਨਹੀਂ ਸੀ ਹੋ ਸਕੀ—ਤੇ ਉਥੇ ਕੋਈ ਪੈਦਲ ਸੁਨੇਹਾ ਦੇਣ ਗਿਆ ਹੋਇਆ ਸੀ।

ਕੁੜੀ ਨੂੰ ਹੋਸ਼ ਨਹੀਂ ਸੀ ਆ ਰਹੀ। ਉਹਦੀ ਹਾਲਤ ਨਾਜ਼ੁਕ ਸੀ। ਟਾਂਗੇ ਵਿਚਲਾ ਢਾਸਣਾ ਲਾਹ ਕੇ ਉਹਨੂੰ ਸੀਟ ਉਤੇ ਪਾ ਲਿਆ ਗਿਆ ਤੇ ਪੁਲਿਸ ਉਹਨੂੰ ਹਸਪਤਾਲ ਵੱਲ ਲੈ ਗਈ।

ਐਮਰਜੈਂਸੀ ਵਾਰਡ ਵਿਚ ਕੁੜੀ ਦਾਖ਼ਲ ਕਰ ਦਿੱਤੀ ਗਈ। ਡਾਕਟਰਾਂ ਨੇ ਵੇਖਿਆ ਕਿ ਲੱਤ ਨਾਕਾਰਾ ਹੋ ਚੁੱਕੀ ਸੀ। ਡਾਕਟਰ ਤੇ ਨਰਸ ਉਹਦੇ ਵੱਲ ਚੰਗਾ ਧਿਆਨ ਦੇ ਰਹੇ ਸਨ।

ਕੁੜੀ ਦੀ ਚੁੰਨੀ, ਕਿਤਾਬਾਂ, ਤੇ ਪਰੌਂਠੀ ਵਾਲੀ ਡੱਬੀ ਤੋਂ ਕੁਝ ਪਤਾ ਨਹੀਂ ਸੀ ਲੱਗ ਰਿਹਾ। ਇਕ ਕਿਤਾਬ ਦੇ ਪਹਿਲੇ ਸਫ਼ੇ ਉਤੇ ਨਾਂ ਲਿਖਿਆ ਸੀ : ਜਸਜੀਤ ਕੌਰ।

ਸਾਰੀਆਂ ਕਿਤਾਬਾਂ ਕਾਪੀਆਂ ਫੋਲੀਆਂ ਗਈਆਂ, ਤੇ ਇਕ ਰਸੀਦ ਜਿਹੀ ਵਿਚੋਂ ਡਿੱਗੀ। ਕਾਲਿਜ ਦਾ ਨਾਂ ਉਤੇ ਛਪਿਆ ਸੀ, ਫ਼ੀਸ ਦੀ ਰਸੀਦ ਸੀ।

ਕਾਲਿਜ ਵੱਲ ਇਕ ਸਿਪਾਹੀ ਭੇਜਿਆ ਗਿਆ, ਤਾਂ ਜੋ ਉਥੋਂ ਵਾਰਸਾਂ ਦਾ ਪਤਾ ਕੱਢਿਆ ਜਾਏ, ਤੇ ਉਨ੍ਹਾਂ ਨੂੰ ਬੁਲਾਇਆ ਜਾਏ।

ਜੀਤਾਂ ਦੇ ਬਾਬਲ ਤੇ ਅੰਮੜੀ ਨੂੰ ਅੱਜ ਘਰ ਸੁੰਨਾ ਸੁੰਨਾ ਜਾਪ ਰਿਹਾ ਸੀ। ਪੱਜੇ ਪੱਜੇ ਉਹ ਜੀਤਾਂ ਨੂੰ ਚੇਤੇ ਕਰ ਛੱਡਦੇ ਸਨ।

“ਹੁਣ ਉਹ ਅੰਮ੍ਰਿਤਸਰ ਟੇਸ਼ਨ ਉਤੇ ਪੁੱਜ ਗਈ ਹੋਏਗੀ।”

… … …

“ਹੁਣ ਕਾਲਿਜ ਪੁੱਜ ਗਈ ਹੋਏਗੀ।”

“ਅੱਜ ਮੇਰੀ ਧੀ ਨੇ ਸ਼ਹਿਰੋਂ ਦਹੀਂ ਲੈ ਕੇ ਖਾਣਾ ਏਂ—ਪਤਾ ਨਹੀਂ ਸ਼ਹਿਰ ਦਾ ਦਹੀਂ ਉਹਨੂੰ ਸੁਆਦ ਲੱਗੇ ਕਿ ਨਾ। ਦਹੀਂ ਦੀ ਬੜੀ ਚਟੂਰੀ ਏ।”

… … …

“ਹੁਣ ਉਹਦੀ ਪੜ੍ਹਾਈ ਮੁਕ ਗਈ ਹੋਏਗੀ, ਤੇ ਉਹ ਟੇਸ਼ਨ ਵਲ ਤੁਰ ਪਈ ਹੋਏਗੀ।”

… … …

“ਹੁਣ ਉਹਦੀ ਗੱਡੀ ਅੰਮ੍ਰਿਤਸਰੋਂ ਤੁਰ ਪਈ ਹੋਏਗੀ।”

… … …

“ਉਹ ਗੱਡੀ ਆ ਗਈ ਏ ਸਾਡੇ ਟੇਸ਼ਨ 'ਤੇ। ਹੁਣ ਜੀਤਾਂ ਆਉਣ ਹੀ ਵਾਲੀ ਹੋਏਗੀ।”

“ਚਾਹ ਧਰ ਲੈ। ਸੌਂਫ਼ ਤੇ ਲਾਚੀ ਪਾਈਂ ਜ਼ਰੂਰ। ਉਹਨੂੰ ਸੌਂਫ਼ ਤੇ ਲਾਚੀ ਵਾਲੀ ਚਾਹ ਬੜੀ ਚੰਗੀ ਲਗਦੀ ਏ—”

… … …

“ਹੁਣ ਤੇ ਜੀਤਾਂ ਘਰ ਪੁੱਜਣ ਵਾਲੀ ਹੋਏਗੀ।”

ਬਾਬਾ ਤੇ ਅੰਮੜੀ ਦੀਆਂ ਅੱਖਾਂ ਬੂਹੇ ਵੱਲ ਲੱਗੀਆਂ ਹੋਈਆਂ ਸਨ।

… … …

“ਗੱਡੀ ਤਾਂ ਟੇਸ਼ਨੋਂ ਕਿੰਨੀ ਦੇਰ ਦੀ ਚਲੀ ਗਈ ਹੋਈ ਏ।”

“ਚਿੰਤਾ ਨਾ ਕਰ, ਉਹਦੀ ਸੀਤੋ ਸਹੇਲੀ ਏ ਨਾ, ਗਲੀ ਲੰਘਦਿਆਂ ਉਹਨੂੰ ਰਾਹ ਵਿਚ ਰੋਕ ਲਿਆ ਹੋਣਾ ਏਂ। ਬਸ ਆਈ ਕਿ ਆਈ।”

… … …

ਬਾਹਰੋਂ ਕਿਸੇ ਬੂਹਾ ਖੜਕਾਇਆ।

“ਸ੍ਰ: ਜਗਜੀਤ ਸਿੰਘ, ਜਸਜੀਤ ਕੌਰ ਦਾ ਵਾਲਦ, ਇਹੀ ਘਰ ਏ?” ਦੋ ਸਿਪਾਹੀ ਉਨ੍ਹਾਂ ਦੇ ਬੂਹੇ ਉਤੇ ਖੜੋਤੇ ਪੁੱਛ ਰਹੇ ਸਨ।

[1970]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •