Daai : Navtej Singh

ਦਾਈ : ਨਵਤੇਜ ਸਿੰਘ

ਰਾਤ ਵੇਲੇ ਅੰਮ੍ਰਿਤਸਰ ਤੇ ਲਾਹੌਰ ਦੇ ਸ਼ਹਿਰਾਂ ਦਾ ਚਾਨਣ ਉਹਨਾਂ ਦੇ ਪਿੰਡ ਦੇ ਦੋਹੀਂ ਪਾਸੀਂ ਦਿਸਦਾ ਹੁੰਦਾ ਸੀ। ਛੋਟੇ ਹੁੰਦਿਆਂ ਉਹ ਹਨ੍ਹੇਰੀਆਂ ਰਾਤਾਂ ਵਿਚ ਜਾਗ ਖੁਲ੍ਹ ਪੈਣ ਉੱਤੇ ਭਾਵੇਂ ਏਧਰ ਪਾਸਾ ਪਰਤਦੀ, ਭਾਵੇਂ ਓਧਰ – ਉਹਨੂੰ ਇੰਜ ਜਾਪਦਾ ਜਿਵੇਂ ਦੂਰ ਲੱਖਾਂ ਜੁਗਨੂੰਆਂ ਦਾ ਮਿਲਵਾਂ ਚਾਨਣ ਸੀ, ਤੇ ਇਹ ਚਾਨਣ ਉਨੀਂਦੀਆਂ ਅੱਖਾਂ ਨੂੰ ਬੜਾ ਕੂਲਾ ਕੂਲਾ ਲਗਦਾ ਸੀ।

ਅੱਜ ਚਾਨਣੀ ਰਾਤ ਵਿਚ ਵੀ ਦੋਵਾਂ ਪਾਸਿਆਂ ਤੋਂ ਇਹ ਚਾਨਣ ਦਿਸ ਰਿਹਾ ਸੀ। ਪਰ ਪਹਿਲੀਆਂ ਵਾਂਗ ਕੂਲਾ ਨਹੀਂ, – ਇਹ ਤਾਂ ਇੰਜ ਸੀ ਜਿਵੇਂ ਲੱਖਾਂ ਜੁਗਨੂੰਆਂ ਦੇ ਖੰਭ ਸੜ ਰਹੇ ਹੋਣ। ਉਹਦੇ ਕੰਗਰੋੜ ਵਿਚ ਕਾਂਬਾ ਛਿੜ ਗਿਆ, ਜੁਗਨੂੰਆਂ ਦੇ ਖੰਭ …ਨਹੀਂ ਓਥੇ ਇਹਨਾਂ ਦੋਵਾਂ ਸ਼ਹਿਰਾਂ ਵਿਚ ਬੰਦੇ ਸੜ ਰਹੇ ਸਨ, ਤੀਵੀਂਆਂ ਸੜ ਰਹੀਆਂ ਸਨ, ਤੇ ਘਰ!

ਘਰ ਸਾੜਨ ਦੀਆਂ ਗੱਲਾਂ ਅੱਜਕੱਲ੍ਹ ਜਣੇ ਖਣੇ ਦੇ ਮੂੰਹ ਉੱਤੇ ਸਨ – ਜਿਵੇਂ ਪੱਠੇ ਵੱਢਣ ਜਾਂ ਰੂੜੀ ਢੋਣ ਦੀਆਂ ਪਰ ਘਰ ਨਿਰੇ ਇੱਟਾਂ ਤੇ ਸਤੀਰੀਆਂ ਦੇ ਤਾਂ ਨਹੀਂ ਹੁੰਦੇ! ਉਹਨੇ ਸੋਚਿਆ ਉਹਦਾ ਘਰ, ਘਰ ਦੀਆਂ ਨਿੱਘੀਆਂ ਨੁੱਕਰਾਂ, ਆਲੇ ਤੇ ਝਰਨੇ, ਜਿਨ੍ਹਾਂ ਦੁਆਲੇ ਉਹਦੀ ਜਿੰਦ ਦੀ ਤਾਣੀ ਵਲੀ ਹੋਈ ਸੀ। ਇਹਦੇ ਵਿਚ ਹੀ ਉਹਦੇ ਦਾਜ ਦਾ ਰਾਂਗਲਾ ਪਲੰਘ ਸੀ, ਜਿਦ੍ਹੇ ਨਾਲ਼ ਹਾਲੀ ਤਕ ਪਰੂੰ ਦੇ ਸਾਵਣ ਦੀਆਂ ਸੱਧਰਾਂ ਲਿਪਟੀਆਂ ਹੋਈਆਂ ਸਨ। ਇਹਦੇ ਵਿਚ ਹੀ ਉਹ ਚੌਂਕਾ ਸੀ ਜਿਦ੍ਹੇ ਵਿਚ ਬੈਠੀ ਨੂੰ ਉਹਦੇ ਗੱਭਰੂ ਨੇ ਹਾਲੀ ਉਸ ਦਿਨ ਹੀ ਕਿਹਾ ਸੀ, “ਲੋਹੜਿਆਂ ਦਾ ਜਾਦੂ ਏ ਤੇਰੇ ਹੱਥਾਂ ’ਚ।”

ਤੇ ਇਹਦੇ ਧਰੇਕਾਂ ਵਾਲ਼ੇ ਵਿਹੜੇ ਵਿਚ ਹੀ ਉਹਦੇ ਜੰਮਣ ਵਾਲ਼ੇ ਬਾਲ ਨੇ… ਇਹ ਖਿਆਲ ਆਉਂਦਿਆਂ ਹੀ ਉਹਨੂੰ ਜਾਪਿਆ ਕਿ ਕੋਈ ਅਨੋਖੀ ਲੋਅ ਉਹਦੀਆਂ ਗਲ੍ਹਾਂ ਉੱਤੇ ਮਘ ਪਈ ਹੈ। ਜਣੇਪੇ ਦੇ ਦਿਨ ਪੁੱਗਣ ਵਾਲੇ ਸਨ ਤੇ ਉਹਦਾ ਪਤੀ ਕਿੰਨਾ ਸਹਿਕਦਾ ਸੀ ਨਿਆਣੇ ਲਈ ਤੇ….

ਗਲ੍ਹਾਂ ਉੱਤੇ ਮਘੀ ਲੋਅ ਅਚਾਨਕ ਹਿਸ ਗਈ, ਇਕ ਝੁਲਸਵੇਂ ਹਨੇਰੇ ਨੇ ਉਹਨੂੰ ਗਲੇਫ ਲਿਆ – ਓਥੇ ਦੋਵਾਂ ਸ਼ਹਿਰਾਂ ਵਿਚ ਬੱਚੇ ਸੜ ਰਹੇ ਸਨ।

ਪਰ ਇਹ ਬਿੱਜ ਤਾਂ ਸ਼ਹਿਰਾਂ ਨੂੰ ਈ ਹੈ, ਉਹਨਾਂ ਦੇ ਪਿੰਡ ਇਹ ਕਾਹਨੂੰ ਪੈਣ ਲੱਗੀ ਹੈ? ਅਗੇ ਕਿੰਨੇ ਗਦਰ ਸ਼ਹਿਰਾਂ ਵਿਚ ਹੁੰਦੇ ਰਹੇ, ਪਰ ਉਹਨਾਂ ਦੇ ਪਿੰਡ ਕਦੇ ਕੁਝ ਨਹੀਂ ਸੀ ਹੋਇਆ। ਸਾਰੇ ਇਲਾਕੇ ਵਿਚ ਸਾਊ ਵਜਦਾ ਸੀ ਉਹਨਾਂ ਦਾ ਪਿੰਡ। ਕਿੰਨਾ ਚਿਰ ਉਹਦੀ ਮਾਂ ਏਸ ਪਿੰਡ ਦੀ ਇਕੋ ਇਕ ਦਾਈ ਰਹੀ ਸੀ। ਇਸ ਪਿੰਡ ਦਾ ਤਕਰੀਬਨ ਹਰ ਗੱਭਰੂ ਉਹਦੀ ਮਾਂ ਦੇ ਹੱਥਾਂ ਵਿਚ ਜੰਮਿਆ ਹੋਇਆ ਸੀ। ਤੇ ਜਦੋਂ ਪਰਾਰ ਸਾਲ ਉਹਦੀ ਮਾਂ ਮਰੀ, ਉਹਨੇ ਆਪ ਦਾਈ ਦਾ ਕੰਮ ਸੰਭਾਲ ਲਿਆ ਸੀ। ਜਿਹੜੇ ਉਹਦੀ ਮਾਂ ਦੇ ਹੱਥਾਂ ਵਿਚ ਜੰਮੇ ਸਨ, ਉਹਨਾਂ ਦੇ ਬੱਚੇ ਉਹਦੇ ਹੱਥਾਂ ਵਿਚ ਜੰਮ ਰਹੇ ਸਨ। ਉਹਦੇ ਪਿੰਡ ਵਿਚ ਸ਼ਹਿਰ ਵਾਲ਼ੀ ਇਹ ਬਿੱਜ ਕਦੇ ਨਹੀਂ ਪੈਣ ਲਗੀ… ਤੇ ਇੰਜ ਹੀ ਖਿਆਲਾਂ ਦੇ ਘੁਸਮੁਸੇ ਵਿਚ ਉਹਦੀ ਅੱਖ ਲਗ ਗਈ।

ਦੂਜੀ ਦੁਪਹਿਰੇ ਉਹ ਪਿੰਡ ਦੇ ਸੂਏ ਉੱਤੇ ਕੱਪੜੇ ਧੋ ਰਹੀ ਸੀ। ਅਚਾਨਕ ਉਹਨੂੰ ਦੂਰ ਸੂਏ ਵਿਚ ਕੁਝ ਤਰਦਾ ਦਿਸਿਆ ਤੇ ਫੇਰ ਸੜਿਹਾਨ ਆਈ। ਉਹਨੇ ਜਾਤਾ ਕੋਈ ਮਰਿਆ ਕੁੱਤਾ ਹੋਏਗਾ। ਪਰ ਜਦੋਂ ਤਰਦੀ ਸ਼ੈ ਨੇੜ ਆਈ ਤਾਂ ਇਹ ਬੰਦੇ ਦੀ ਲਾਸ਼ ਸੀ, ਕੱਟੀ ਵੱਢੀ ਤੇ ਫੁੱਲੀ ਹੋਈ, ਤੇ ਪਿਛੇ ਅਜਿਹੀਆਂ ਹੋਰ ਕਿੰਨੀਆਂ ਈ ਲਾਸ਼ਾਂ ਰੁੜ੍ਹੀਆਂ ਆ ਰਹੀਆਂ ਸਨ। ਇਕ ਨਿੱਕੇ ਜਿਹੇ ਬਾਲ ਦੀ ਲਾਸ਼ ਵੀ ਉਹਨੂੰ ਦਿਸੀ। ਕੱਪੜੇ ਸੂਏ ਉੱਤੇ ਹੀ ਸੁੱਟ ਡੌਰ ਭੌਰ ਹੋਈ ਉਹ ਘਰ ਮੁੜ ਪਈ।

ਪਿੰਡ ਦੀ ਗਲੀ ਕੋਲ਼ ਪੁੱਜ ਕੇ ਉਹਨੇ ਬੜਾ ਸ਼ੋਰ ਸੁਣਿਆ। ਲੋਕੀਂ ਲਾਸਾਂ ਦਾ ਮਜ੍ਹਬ ਦੱਸ ਰਹੇ ਸਨ। ਇਕ ਬਿੰਦ ਲਈ ਉਹਨੂੰ ਜਾਪਿਆ ਉਹ ਕਿਸੇ ਹੋਰ ਪਿੰਡ ਵਿਚ ਆਣ ਵੜੀ ਸੀ। ਇਹ ਉਹਦਾ ਆਪਣਾ ਪਿੰਡ ਨਹੀਂ ਸੀ, ਜਿਥੇ ਉਹਦੀ ਮਾਂ ਨੇ ਜੰਮਣ-ਪੀੜ ਵਿਚ ਫਾਵੀ ਕਿਸੇ ਤੀਵੀਂ ਕੋਲੋਂ ਕਦੇ ਉਹਦਾ ਮਜ਼੍ਹਬ ਨਹੀਂ ਸੀ ਪੁੱਛਿਆ! ਪਰ ਬੋਹੜ ਉਹੀ ਸੀ; ਉਹ ਬੁੱਢਾ ਸਰਪੰਚ ਵੀ ਉਹਨਾਂ ਦੇ ਹੀ ਪਿੰਡ ਦਾ ਸੀ।

ਇਕ ਜਣਾ ਤਖਤਪੋਸ਼ ’ਤੇ ਚੜ ਕੇ ਉੱਚੀ ਉੱਚੀ ਕਹਿ ਰਿਹਾ ਸੀ, “ਕੀ ਤੁਹਾਡੀਆਂ ਅੱਖਾਂ ਵਿਚੋਂ ਸ਼ਰਮ ਉੱਕੀ ਉੱਡ ਗਈ ਏ? ਉਹਨਾਂ ਦੀਆਂ ਬਾਹਵਾਂ ਸਾਡੇ ਭਰਾਵਾਂ ਨੂੰ ਮਾਰਦਿਆਂ ਹੰਭ ਗਈਆਂ ਜੇ।” ਪਿੰਡ ਦੇ ਸਿਆਣਿਆਂ ਨੇ ਟੋਕਣਾ ਚਾਹਿਆ, ਪਰ ਕਿਸੇ ਨਾ ਸੁਣਿਆ। ਪਹਿਲੀ ਵਾਰ ਸੀ ਕਿ ਪਰ੍ਹੇ ਵਿੱਚ ਉਹਨਾਂ ਦੀ ਗੱਲ ਨਹੀਂ ਸੀ ਸੁਣੀ ਗਈ।

ਤਖਤਪੋਸ਼ ’ਤੇ ਖੜੋਤੇ ਨੇ ਦਾਈ ਵੱਲ ਸੈਨਤ ਕਰ ਕੇ ਕਿਹਾ, “ਹਾਲੀ ਤੱਕ ਤੁਸਾਂ ਇਹਨਾਂ ਲੋਕਾਂ ਨੂੰ ਆਪਣੇ ਪਿੰਡ ਵਿਚ ਰੱਖਿਆ ਹੋਇਆ ਏ!”

ਤੇ ਸਭ ਅੱਖਾਂ ਉਹਦੇ ਵੱਲ ਤੱਕਣ ਲਗ ਪਈਆਂ, ਉਹ ਸਾਰੇ ਜਿਨ੍ਹਾਂ ਨਾਲ਼ ਉਹਨੂੰ ਲਹੂ ਮਾਸ ਦੀ ਸਾਂਝ ਮਹਿਸੂਸ ਹੁੰਦੀ ਸੀ, ਉਹਦੇ ਵੱਲ ਤੱਕਣ ਲਗ ਪਏ – ਆਪਣੇ ਬੱਚਿਆਂ ਦੀ ਦਾਈ ਵੱਲ। ਦਾਈ ਨੇ ਆਪਣੇ ਢਿੱਡ ਦੁਆਲੇ ਬਾਹਵਾਂ ਵਲ ਲਈਆਂ। ਉਹ ਇਹਨੂੰ ਇਸ ਤੱਕਣੀ ਤੋਂ ਬਚਾਣਾ ਚਾਂਹਦੀ ਸੀ, ਜਾਣੂ ਅੱਖਾਂ ਦੀ ਇਹ ਅਣਜਾਣੀ ਤੱਕਣੀ ਜਿਸ ਵਿਚੋਂ ਛਵ੍ਹੀਆਂ ਉਲਰ ਰਹੀਆਂ ਸਨ, ਗੰਡਾਸੇ ਵਰ੍ਹ ਰਹੇ ਸਨ, ਤੱਕਣੀ – ਜਿਹੜੀ ਘਰ ਸਾੜ ਰਹੀ ਸੀ।

ਬੁੱਢੇ ਸਰਪੰਚ ਨੇ ਹੌਲੀ ਜਹੀ ਉਹਦੇ ਕੰਨਾਂ ਵਿਚ ਜਾ ਕੇ ਕਿਹਾ, “ਬੀਬੀ, ਤੂੰ ਘਰ ਤੁਰ ਜਾ। ਏਥੇ ਏਸ ਵੇਲੇ ਤੇਰਾ ਹੋਰ ਖੜੋਨਾ ਠੀਕ ਨਹੀਂ।”

ਸਰਪੰਚ ਦੀਆਂ ਅੱਖਾਂ ਵਿਚੋਂ ਅੱਥਰੂ ਡਿਗ ਕੇ ਉਹਦੀ ਧੌਲ਼ੀ ਦਾੜ੍ਹੀ ਵਿਚ ਰਲ ਗਏ। ਉਹਦੀ ਵਾਜ ਵਿਚ ਵੀ ਅੱਥਰੂ ਰਲੇ ਹੋਏ ਸਨ।

ਦਾਈ ਆਪਣੇ ਘਰ ਵੱਲ ਤੁਰ ਆਈ। ਉਹਨੂੰ ਜਾਪਿਆ ਕਿ ਛਵ੍ਹੀਆਂ ਵੀ ਉਹਦੇ ਨਾਲ ਨਾਲ ਹੀ ਆ ਰਹੀਆਂ ਸਨ, ਛਵ੍ਹੀਆਂ ਤੇ ਗੰਡਾਸੇ ਉਹਦੇ ਅੱਗੇ ਪਿੱਛੇ, ਤੇ ਮਾਸ ਦਾ ਲੋਥੜਾ ਉਹਦੇ ਅੰਦਰ ਤੜਫ ਰਿਹਾ ਸੀ। ਆਪਣੇ ਬੂਹੇ ਕੋਲ ਪੁੱਜ ਕੇ ਉਹ ਡਿੱਗ ਪਈ। ਕੋਈ ਨੱਸ ਕੇ ਉਹਦੇ ਪਤੀ ਨੂੰ ਬੁਲਾ ਲਿਆਇਆ। ਉਹਦੀ ਗੁਆਂਢਣ ਛੱਟੇ ਮਾਰਨ ਲੱਗ ਪਈ।

ਸਾਰੇ ਪਿੰਡ ਵਿਚ ਸ਼ੋਰ ਮੱਚ ਗਿਆ। ਇਕ ਪਾਸਿਓਂ ਅੱਗ ਦੀਆਂ ਲਾਟਾਂ ਜਿਹੀਆਂ ਉਠ ਪਈਆਂ ਸਨ।

ਬੁੱਢੇ ਸਰਪੰਚ ਨੇ ਆ ਕੇ ਏਸ ਪੱਤੀ ਵਾਲਿਆਂ ਨੂੰ ਕਹਿ ਦਿਤਾ, ‘‘ਭਰਾਵੋ, ਅਸੀਂ ਹੁਣ ਤੁਹਾਨੂੰ ਨਹੀਂ ਰੱਖ ਸਕਾਂਗੇ। ਹੇੜਾਂ ਦੀਆਂ ਹੇੜਾਂ ਤੁਹਾਨੂੰ ਮਾਰਨ ਆ ਰਹੀਆਂ ਜੇ। ਸਾਡੇ ਪਿੰਡ ਦੇ ਗੱਭਰੂਆਂ ਸਿਰ ਵੀ ਕੋਈ ਭੂਤ ਸਵਾਰ ਹੋ ਗਿਆ ਏ। ਜਿਵੇਂ ਜਾਣਦੇ ਜੇ ਸਿਰ ਬਚਾ ਕੇ ਏਥੋਂ ਨਿਕਲ ਜਾਓ। ਤੇ ਉਹਦੀਆਂ ਭੁੱਬਾਂ ਨਿਕਲ ਗਈਆਂ।

ਸਭ ਰੋਣ ਲੱਗ ਪਏ; ਇਕ ਰੋਣ ਜਿਦ੍ਹੇ ਅੱਥਰੂ ਪੰਘਰੇ ਸਿੱਕੇ ਵਰਗੇ ਸਨ, ਅੱਥਰੂ-ਜਿਨ੍ਹਾਂ ਨਾਲ ਪੀੜ੍ਹੀਆਂ ਦੀਆਂ ਸਾਂਝਾਂ ਛਾਲੇ ਛਾਲੇ ਹੋ ਰਹੀਆਂ ਸਨ।

ਦਾਈ ਹਾਲੀ ਵੀ ਬੋਹੋਸ ਸੀ। ਉਹਦੀ ਪੱਤੀ ਦੇ ਲੋਕ ਤੁਰਨ ਦੀ ਤਿਆਰੀ ਕਰਨ ਲੱਗ ਪਏ। ਕਈਆਂ ਤੁਰਨ ਵਾਲਿਆਂ ਨੇ ਰਹਿਣ ਵਾਲਿਆਂ ਨੂੰ ਆਪਣੀਆਂ ਚਾਬੀਆਂ ਸੌਂਪੀਆਂ। ਕਿਸੇ ਜਾਣ ਵਾਲੇ ਨੇ ਰਹਿਣ ਵਾਲੇ ਨੂੰ ਆਪਣੇ ਕੁੱਕੜ ਤੇ ਚੂਚੇ ਦਿੱਤੇ। ਕਿਸੇ ਰਹਿਣ ਵਾਲੇ ਨੇ ਜਾਣ ਵਾਲੇ ਨੂੰ ਉਹਦੇ ਰੁਪਏ ਲਿਆ ਦਿੱਤੇ । ਚਿਰਾਂ-ਪੁਰਾਣੇ ਕਿੱਲਿਆਂ ਤੋਂ ਖੁਲ੍ਹਣੋਂ ਮੱਝਾਂ ਇਨਕਾਰੀ ਹੋਈਆਂ। ਤੁਰਨ ਵਾਲੇ ਮਾਲਕਾਂ ਨੇ ਡਾਂਗਾਂ ਮਾਰੀਆਂ । ਇਹ ਡਾਂਗਾਂ ਉਹ ਆਪਣੇ ਇਨਕਾਰੀ ਦਿਲਾਂ ਨੂੰ ਵੀ ਮਾਰ ਰਹੇ ਸਨ। ਤੇ ਕਿੰਨੀਆਂ ਹੀ ਹਿਰਾਸੀਆਂ ਨਜਰਾਂ ਉਹਨਾਂ ਖੂਹਾਂ ਨੂੰ ਤੱਕਣ ਲਗ ਪਈਆਂ, ਜਿਨ੍ਹਾਂ ਦਾ ਪਾਣੀ ਉਹਨਾਂ ਦੀ ਤੇਹ ਫੇਰ ਕਦੇ ਨਹੀਂ ਮਿਟਾਏਗਾ ਤੇ ਉਹਨਾਂ ਖੇਤਾਂ ਨੂੰ ਜਿਨ੍ਹਾਂ ਦੇ ਸਾਗ, ਜਿਨ੍ਹਾਂ ਦੀਆਂ ਛੱਲੀਆਂ, ਜਿਨ੍ਹਾਂ ਦੇ ਗੰਨੇ ਉਹ ਫੇਰ ਕਦੇ ਨਹੀਂ ਤੋੜ ਸਕਣਗੇ, ਤੇ ਉਹਨਾਂ ਕੰਧਾਂ ਨੂੰ, ਉਹਨਾਂ ਗਲੀਆਂ ਨੂੰ, ਉਸ ਤਖਤ- ਪੋਸ਼ ਨੂੰ, ਉਸ ਚੁਪਾਲ ਨੂੰ, ਉਸ ਬੋਹੜ ਨੂੰ, ਉਸ ਚਰਾਂਦ ਨੂੰ, ਉਸ ਧੂੜ ਉਡਾਂਦੀ ਲੀਹ ਨੂੰ, ਉਸ ਛੱਪੜ ਨੂੰ, ਉਸ ਸ਼ਾਹ ਦੀ ਦੁਕਾਨ ਨੂੰ, ਉਸ ਲੁਹਾਰ ਦੇ ਅੱਡੇ ਨੂੰ… ਦਾਈ ਦੇ ਪਤੀ ਦੀਆਂ ਅੱਖਾਂ ਆਪਣੇ ਘਰ ਦੀਆਂ ਕੰਧਾਂ ਚੀਰ ਕੇ ਉਸ ਰਾਂਗਲੇ ਪਲੰਘ ਨਾਲ ਜਾ ਜੁੜੀਆਂ…

ਅਖੀਰ ਪਿੰਡ ਦੀ ਜੂਹ ਮੁੱਕ ਗਈ। ਸਰਪੰਚ ਤੇ ਕੁਝ ਹੋਰ, ਜਿਹੜੇ ਪਿੰਡ ਦੀ ਜੂਹ ਪਾਰ ਕਰਾਣ ਆਏ ਸਨ, ਵਿਦਿਆ ਹੋ ਗਏ। ਕਾਫੀ ਦੇਰ ਕਾਫਲਾ ਤੁਰਦਾ ਰਿਹਾ। ਚੰਨ ਚੜ੍ਹ ਪਿਆ! ਬੇਹੋਸ਼ ਦਾਈ ਨੂੰ ਉਹਦੇ ਪਤੀ ਨੇ ਚੁੱਕਿਆ ਹੋਇਆ ਸੀ। ਕਿਸੇ ਸਿਆਣੇ ਨੇ ਦੱਸਿਆ, “ਹੱਦ ਏਥੋਂ ਨੇੜੇ ਈ ਏ।” ਥਿੜਕੇ ਪੈਰਾਂ ਨੂੰ ਕੁਝ ਹਿੰਮਤ ਹੋਈ।

ਅਚਾਨਕ ਦੂਰ ਪਿਛੋਂ ਠਾਹ ਠਾਹ ਸੁਣਾਈ ਦਿੱਤੀ ਤੇ ਕੁਝ ਨਾਅਰਿਆਂ ਦਾ ਸ਼ੋਰ ਆਇਆ। ਸਾਰਾ ਕਾਫਲਾ ਉਸ ਬੋਟ ਵਾਂਗ ਹੋ ਗਿਆ ਜਿਸ ਨੂੰ ਇੱਲ ਦੇ ਪੰਜੇ ਦਿਸ ਪਏ ਹੋਣ, ਤੇ ਪੰਜੇ ਨੇੜੇ ਆ ਰਹੇ ਹੋਣ, ਨੇੜੇ, ਹੋਰ ਨੇੜੇ। ਭੰਬਿਤਰੇ ਬਾਲ, ਤੀਵੀਂਆਂ ਤੇ ਬੁੱਢੇ ਫਸਲਾਂ ਵਿਚ ਲੁਕ ਗਏ। ਜਵਾਨਾਂ ਨੇ ਆਪਣੇ ਸਮਾਨਾਂ ਵਿਚੋਂ ਛਵ੍ਹੀਆਂ ਟੋਕੇ ਲੱਭਣੇ ਸ਼ੁਰੂ ਕੀਤੇ। ਦਾਈ ਦਾ ਗੱਭਰੂ ਵਾਹੋ ਦਾਈ ਅੱਗੇ ਦੌੜੀ ਗਿਆ।

ਕਿਸੇ ਤਾਹਨਾ ਦਿੱਤਾ, “ਮਰਦ ਏਂ ਜਨਾਨੀ! ਆ ਹੁਣ ਕੱਠਿਆਂ ਮੌਤ ਸਾਹਮਣੇ ਹੋਈਏ।”

“ਇਹਨੂੰ ਕਿਤੇ ਲੁਕੋ ਤਾਂ ਆਵਾਂ” ਆਖ ਉਹ ਚੰਨ ਚਾਨਣੀ ਵਿਚ ਦੌੜਦਾ ਗਿਆ। ਗੋਲੀ ਦੀ ਵਾਜ ਹੁਣ ਹੋਰ ਨੇੜਿਓਂ ਆਈ, ਪਰ ਉਹ ਭੂਤਾਂ ਦੀ ਬਉਲੀ ਕੋਲ ਈ ਜਾ ਕੇ ਠਹਿਰਿਆ। ਏਥੋਂ ਦਿਨ ਵੇਲੇ ਵੀ ਰਾਹੀ ਨਹੀਂ ਸਨ ਲੰਘਦੇ ਹੁੰਦੇ, ਪਰ ਉਹਨੇ ਆਪਣੀ ਬੇਹੋਸ਼ ਵਹੁਟੀ ਤੇ ਅਣਜੰਮੇ ਬਾਲ ਨੂੰ ਭੂਤਾਂ ਕੋਲ ਛੱਡਣਾ ਈ ਚੰਗਾ ਜਾਤਾ।

ਇਕੱਲੀ ਲੇਟੀ ਦਾਈ ਦੇ ਕੰਨਾਂ ਵਿਚ ਠਾਹ ਠਾਹ ਪਈ, ਤੇ ਚਾਂਘਰਾਂ ਤੇ ਚੀਕਾਂ। ਉਹ ਕਿੱਥੇ ਸੀ? ਇਹ ਸਵਾਲ ਚਾਬਕਾਂ ਵਾਂਗ ਉਹਦੀ ਸੁਰਤ ਨੂੰ ਵੱਜਾ। ਭੂਤਾਂ ਦੀ ਬਉਲੀ ਦੀ ਢੱਠੀ ਕੰਧ ਵਿਚੋਂ ਉਹਨੇ ਉੱਧਰ ਤੱਕਿਆ, ਜਿਥੋਂ ਵਾਜਾਂ ਆ ਰਹੀਆਂ ਸਨ। ਉਥੋਂ ਉਹਨੂੰ ਚਾਨਣੀ ਵਿੱਚ ਛਵ੍ਹੀਆਂ ਲਿਸ਼ਕਦੀਆਂ ਦਿਸੀਆਂ, ਇਕੋ ਝਟਕੇ ਨਾਲ਼ ਹੁੰਦੇ ਰੋਣ ਸੁਣੇ, ਤੇ ਲਗਾਤਾਰ ਸਿਸਕਦੀਆਂ ਚੀਕਾਂ। ਫੇਰ ਉਹਨੂੰ ਦੂਰ ਇਕ ਨੰਗੀ ਤੀਵੀਂ ਦਿਸੀ, ਉਹਦੇ ਮਗਰ ਕਿਸੇ ਛਵ੍ਹੀ ਤਾਣੀ ਹੋਈ ਸੀ, ਤੇ ਇਕ ਹੋਰ ਨੰਗੀ ਤੀਵੀਂ, ਤੇ ਇਕ ਹੋਰ, ਤੇ ਸਭਨਾਂ ਮਗਰ ਛਵ੍ਹੀਆਂ…

ਦਾਈ ਫੇਰ ਬੇਹੋਸ਼ ਹੋ ਗਈ, ਤੇ ਬੇਹੋਸ਼ੀ ਵਿਚ ਉਹਨੂੰ ਮਹਿਸੂਸ ਹੋਇਆ ਕਿ ਦੂਰ ਕੋਈ ਬੂਰੀ ਭੇਡ ਪਿੱਛੇ ਨੱਸ ਰਿਹਾ ਸੀ। ਭੇਡ ਕੁਝ ਭਾਰੀ ਸੀ, ਨੱਠ ਨਹੀਂ ਸੀ ਸਕਦੀ – ਪਰ ਉਹ ਇੰਜ ਡਰੀ ਹੋਈ ਸੀ, ਜਿਵੇਂ ਕੋਈ ਮਨੁੱਖ ਹੀ ਡਰ ਸਕਦਾ ਹੈ। ਜਦੋਂ ਭੇਡ ਹਫ ਕੇ ਡਿੱਗ ਪਈ, ਮਗਰ ਨੱਸਦੇ ਆਦਮੀ ਨੇ ਭੇਡ ਦੇ ਢਿੱਡ ਵਿਚ ਛਵ੍ਹੀ ਮਾਰੀ ਤੇ ਨਿੱਕਾ ਜਿਹਾ ਪਠੋਰਾ ਕੱਢ ਲਿਆ।

ਦਾਈ ਨੂੰ ਕੁਝ ਦੇਰ ਬਾਅਦ ਸੁਰਤ ਪਰਤ ਆਈ। ਦੂਰ ਚਾਨਣੀ ਵਿਚ ਕੁਝ ਛਵ੍ਹੀਆਂ ਦਿਸੀਆਂ। ਉਥੇ ਕੁਝ ਤੀਵੀਆਂ ਕੁਰਲਾਈਆਂ ਤੇ ਫੇਰ ਚੁਪ ਹੋ ਗਈ।

ਫੇਰ ਕਾਫੀ ਦੇਰ ਪਿਛੋਂ ਉਹਨੂੰ ਇਕ ਮਰਦਾਵੀਂ ਵਾਜ ਸੁਣਾਈ ਦਿਤੀ, ਉੱਚੀ ਤੇ ਸਾਫ, “ਅਸੀਂ, ਯਾਰਾ, ਕਾਲੀਆਂ ਮੱਝਾਂ ਕੀ ਕਰਨੀਆਂ ਨੇ ਅਸੀਂ ਤੇ ਇਹਨਾਂ ਚਿੱਟੀਆਂ ਮੱਝਾਂ ਦੇ ਹੀ ਚਾਹਕ ਸਾਂ।”

ਓਥੇ ਕੋਲ਼ੋਂ ਹੀ ਕਿਸੇ ਹੁੰਗਾਰਾ ਭਰਦਿਆਂ ਚਿੱਟੀਆਂ ਮੱਝਾਂ ਦੀ ਗੱਲ ਕਰਨ ਵਾਲ਼ੇ ਦਾ ਨਾਂ ਲਿਆ।

“ਹੈਂ – ਉਹ!” ਦਾਈ ਉਹਨੂੰ ਜਾਣਦੀ ਸੀ। ਉਹਨੂੰ ਛਵੀਆਂ ਤੇ ਨੰਗੇ ਜਨਾਨੇ ਪਿੰਡਿਆਂ ਦੀ ਮਿਲਵੀਂ ਲਿਸ਼ਕ ਵਿੱਚ ਉਹ ਦਿਸਣ ਲੱਗ ਪਿਆ, ਉਹੋ ਜਿਹੜਾ ਉਹਦੀ ਮਾਂ ਦੇ ਹੱਥਾਂ ਵਿਚ ਜੰਮਿਆਂ ਸੀ। ਦਾਈ ਨੇ ਏਸ ਵੇਲੇ ਵੀ ਉਹ ਕੱਪੜੇ ਪਾਏ ਹੋਏ ਸਨ, ਜਿਹੜੇ ਉਹਦੀ ਵਹੁਟੀ ਨੇ ਪੁੱਤਰ ਜੰਮਣ ਉੱਤੇ ਉਹਨੂੰ ਦਿੱਤੇ ਸਨ। ਉਹਨੂੰ ਉਹ ਹਯਾ ਯਾਦ ਸੀ, ਜਿਹੜੀ ਆਪਣੀ ਗਰਭਵਤੀ ਵਹੁਟੀ ਦੇ ਢਕੇ ਪਿੰਡੇ ਨੂੰ ਤੱਕ ਕੇ ਉਹਦੀਆਂ ਅੱਖਾਂ ਵਿਚ ਆ ਜਾਂਦੀ ਹੁੰਦੀ ਸੀ।

ਦਾਈ ਦੇ ਸਿਰ ਵਿਚ ਚੱਕਰ ਆਣ ਲੱਗ ਪਏ। ਉਹਦੇ ਸਿਰ ਨੂੰ ਕੋਈ ਪਿੰਜ ਰਿਹਾ ਸੀ ਤੇ ਕਿੰਨੇ ਹੀ ਫੰਭੇ ਚਵ੍ਹੀਂ ਪਾਸੀਂ ਉੱਡ ਰਹੇ ਸਨ। ਉਹਦੇ ਢਿੱਡ ਵਿਚ ਹਿਲਜੁਲ ਹੋਈ। ਉਹਨੂੰ ਦਿਸਿਆ – ਦੂਰ ਉਹਦੇ ਘਰ ਦੇ ਵਿਹੜੇ ਵਿਚ ਸੜਦੇ ਫੰਭਿਆਂ ਦਾ ਇਕ ਵਾ-ਵਰੋਲਾ ਸੀ, ਤੇ ਧਰੇਕ ਸੜ ਰਹੀ ਸੀ, ਤੇ ਰਾਂਗਲਾ ਪਲੰਘ ਸੜ ਰਿਹਾ ਸੀ ।

(1948)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •