Dann (Punjabi Story) : Navtej Singh
ਡੰਨ (ਕਹਾਣੀ) : ਨਵਤੇਜ ਸਿੰਘ
ਨੂਰਾਂ ਦੀ ਮਾਂ ਨੂੰ ਪਹਿਲਾਂ ਐਡੇ ਜ਼ੋਰ ਦੀ ਕਾਂਬਾ ਛਿੜਿਆ ਹੋਇਆ ਸੀ ਕਿ ਦੋ ਜੁੱਲੀਆਂ ਵੀ ਪਾਲਾ ਨਹੀ ਸਨ ਡੱਕ ਸਕੀਆਂ। ਤੇ ਹੁਣ ਅੰਤਾਂ ਦਾ ਤਾਪ ਚੜ੍ਹ ਗਿਆ, ਤੇ ਉਹਦਾ ਤਾਲੂ ਪਲੇ ਪਲੇ ਸੁੱਕ ਰਿਹਾ ਸੀ।
“ਪਾਣੀ...ਪਾਣੀ।”
ਘੜਾ ਖ਼ਾਲੀ ਪਿਆ ਸੀ, ਤੇ ਕੌਲ ਛੰਨੇ ਵੀ। ਸਭਨਾਂ ਖੂਹਾਂ ਵਿਚ ਪਾਣੀ ਤਾਰੇ ਲੱਗਿਆ ਹੋਇਆ ਸੀ, ਜਿਵੇਂ ਕਿਸੇ ਤਿਹਾਏ ਦੈਂਤ ਨੇ ਡੀਕ ਲਾ ਲਈ ਹੋਵੇ। ਪਿਛਲੇ ਮੀਹਾਂ ਬਾਅਦ ਛੱਪੜ ਵਿਚ ਕੁਝ ਪਾਣੀ ਖੜੋਤਾ ਸੀ, ਉਹ ਤੇ ਜਾਂ ਕਦੇ ਕਦੇ ਖਾਲਾਂ ਦਾ ਪਾਣੀ, ਬਸ ਸਾਰੇ ਲੋਕ ਇਹੀ ਪੀਂਦੇ ਸਨ। ਪਰ ਪਿੰਡ ਦਾ ਹਕੀਮ ਨੂਰਾਂ ਨੂੰ ਵਰਜ ਗਿਆ ਸੀ, “ਛੱਪੜ ਜਾਂ ਖਾਲ ਦਾ ਪਾਣੀ ਤੇਰੀ ਮਾਂ ਲਈ ਜ਼ਹਿਰ ਏ, ਜ਼ਹਿਰ।”
“ਪਾਣੀ…ਪਾਣੀ।”
ਨੂਰਾਂ ਨੇ “ਦੇਨੀ ਆਂ, ਮਾਂ,” ਕਹਿ ਤਾਂ ਦਿੱਤਾ, ਪਰ ਉਹ ਸੋਚਣ ਲੱਗ ਪਈ, ਪਾਣੀ, ਜ਼ਹਿਰ। ਪਾਣੀ, ਸੁਣਿਆ ਸੀ ਪਿੰਡ ਦੇ ਮਾਲਕ ਮਲਿਕ ਸਾਹਬ ਦੀ ਹਵੇਲੀ ਵਿਚ ਇਕ ਅਚਰਜ ਮਸ਼ੀਨ ਲੱਗੀ ਹੋਈ ਸੀ, ਜਿਹੜੀ ਆਪੇ ਪਤਾਲੋਂ ਪਾਣੀ ਕੱਢਦੀ ਹੁੰਦੀ ਸੀ; ਪਰ ਉੱਥੋਂ ਉਹਨੂੰ ਪਾਣੀ ਦੀ ਚੁਲੀ ਵੀ ਕਿਨ੍ਹੇਂ ਦੇਣੀ ਸੀ! ਸਿਰਫ਼ ਪਿੰਡ ਦੇ ਵੱਡੇ ਸ਼ਾਹ ਦਾ ਨੌਕਰ ਹੀ ਉੱਥੋਂ ਪਾਣੀ ਭਰ ਸਕਦਾ ਸੀ, ਤੇ ਬਸ ਹੋਰ ਕੋਈ ਨਾ।
“ਨੀਂ ਰੰਡੀਏ, ਸੁਣਦੀ ਮਰਦੀ ਨਹੀਂ, ਪਾਣੀ...,” ਮਾਂ ਤ੍ਰੇਹ ਨਾਲ ਨਿਢਾਲ ਹੋ ਚੁੱਕੀ ਸੀ।
ਬੂਹੇ ਵਿਚੋਂ ਨੂਰਾਂ ਨੂੰ ਕਿਸੇ ਤੀਵੀਂ ਦਾ ਭੁਲੇਖਾ ਪਿਆ, ਉਹ ਘੜਾ ਚੁੱਕੀ ਜਾ ਰਹੀ ਸੀ...ਜ਼ਹਿਰ।
ਮਾਂ ਆਨੇ ਟੱਡ ਕੇ ਉਹਦੇ ਵੱਲ ਤੱਕ ਰਹੀ ਸੀ, ਬੁੱਲ੍ਹ ਮਿਚੇ ਹੋਏ ਸਨ, ਪਰ ਜੀਭ ਮੂੰਹ ਵਿਚੋਂ ਬਾਹਰ ਨਿੱਕਲ ਨਿੱਕਲ ਪੈਂਦੀ ਸੀ।
ਨੂਰਾਂ ਨੇ ਘੜਾ ਚੁੱਕ ਲਿਆ। ਮਾਂ ਨੂੰ ਝੂਠੀ ਤਸੱਲੀ ਦੇਣ ਲਈ ਉਹ ਘੜਾ ਚੁੱਕ ਕੇ ਤੁਰ ਵੀ ਪਈ। ਪਰ ਬੂਹਿਓਂ ਬਾਹਰ ਮਾਂ ਦੀਆਂ ਨਜ਼ਰਾਂ ਤੋਂ ਉਹਲੇ ਹੋ ਕੇ ਖੜੋ ਗਈ। ਜਾਏ ਕਿੱਥੇ? ਮਾਲਕਾਂ ਦੀ ਹਵੇਲੀਓਂ ਈ ਫੇਰਾ ਪਾ ਆਏ। ਮਿੰਨਤ ਤਰਲਾ ਪਾਏ, ਮੇਰੀ ਮਾਂ ਮਰਦੀ ਪਈ ਏ, ਚੁਲੀ ਕੁ ਪਾਣੀ। ਪੈਰ ਤੁਰ ਪਏ, ਪਰ ਉਹ ਸੋਚ ਰਹੀ ਸੀ ਜੇ ਮਲਕ ਦੇ ਨੌਕਰਾਂ ਨੇ ਅੰਦਰ ਹੀ ਨਾ ਵੜਨ ਦਿੱਤਾ, ਜੇ ਉਹਨਾਂ ਕੁੱਤੇ ਪਵਾ ਦਿਤੇ ਜਿਵੇਂ ਫੁਫੀ ਮਹੰਦਾਂ ਨੂੰ ਪਾਣੀ ਲੈਣ ਗਿਆਂ ਪੁਆਏ ਸਾਨੇ, ਜੇ ਮਲਕ ਨੇ ਆਪ ਦਬਕਾ ਮਾਰਿਆ। ਪਰ ਪੈਰ ਤੁਰੀ ਗਏ।
ਮਲਕ ਦੀ ਹਵੇਲੀ ਦਾ ਲੋਹੇ ਦਾ, ਲੱਕੜ ਦਾ ਵੱਡਾ ਸਾਰਾ ਦਰਵਾਜ਼ਾ ਦਿਸਿਆ। ਛੋਟੇ ਹੁੰਦਿਆਂ ਬਾਤਾਂ ਵਿਚ ਨੂਰਾਂ ਨੇ ਭੂਤਾਂ ਦੇ ਕਿਲਿਆਂ ਦੇ ਫਾਟਕਾਂ ਦਾ ਜ਼ਿਕਰ ਸੁਣਿਆ ਸੀ, ਅਜਿਹੇ ਹੀ ਹੁੰਦੇ ਹੋਣਗੇ ਉਹ। ਦਰਵਾਜ਼ਾ ਖੁੱਲ੍ਹਾ ਸੀ, ਪਰ ਉਹ ਬਰੂਹਾਂ ਉੱਤੇ ਹੀ ਖੜੋ ਗਈ।
ਦਰਵਾਜ਼ਿਓਂ ਅੰਦਰ ਵੱਡਾ ਸਾਰਾ ਵਿਹੜਾ ਗੁੱਟੇ ਦੇ ਫੁਲਾਂ ਨਾਲ ਟਹਿ ਟਹਿ ਕਰ ਰਿਹਾ ਸੀ, ਤੇ ਫੁੱਲਾਂ ਤੋਂ ਪਰ੍ਹੇ ਮਸ਼ੀਨ ਵਿਚੋਂ ਪਾਣੀ ਦੀ ਮੋਟੀ ਧਾਰ ਡਿੱਗ ਰਹੀ ਸੀ। ਇਕ ਨੌਕਰ, ਜਿਦ੍ਹੀ ਉਹਦੇ ਵੱਲ ਪਿੱਠ ਸੀ, ਫੁੱਲਾਂ ਨੂੰ ਪਾਣੀ ਦੇ ਰਿਹਾ ਸੀ। ਨੂਰਾਂ ਠਠੰਬਰੀ ਖੜੀ ਤਕਦੀ ਰਹੀ, ਕਿਆਰਿਆਂ ਵਿਚ ਰੋੜ੍ਹਿਆ ਜਾ ਰਿਹਾ ਸਾਫ਼ ਪਾਣੀ, ਨੌਕਰ ਦੇ ਕੱਪੜਿਆਂ ਵਿੱਚੋਂ ਨੁਚੜ ਰਿਹਾ ਸਾਫ਼ ਪਾਣੀ, ਪੀਲੇ ਪੀਲੇ ਫੁੱਲਾਂ ਤੋਂ ਚੋ ਰਿਹਾ ਸਾਫ਼ ਪਾਣੀ। ‘ਰੰਡੀਏ’… ਮਾਂ ਉਹਦੇ ਸੁਹਾਗ ਦੀਆਂ ਸੁਖਣਾਂ ਸੁਖਦੀ ਹੁੰਦੀ ਸੀ, ਅੱਜ ਮਾਂ ਨੇ ਉਹਨੂੰ ਰੰਡੀ ਆਖਿਆ ਸੀ।
ਇਕ ਖੰਘੂਰੇ ਦੀ ਅਵਾਜ਼ ਅੰਦਰੋਂ ਆਈ। ਨੂਰਾਂ ਨੇ ਅਣਜਾਣੇ ਹੀ ਆਪਣਾ ਘੜਾ ਲੁਕੌਣਾ ਚਾਹਿਆ। ਖੰਘੂਰੇ ਦੀ ਵਾਜ ਫੇਰ ਆਈ, ਪਹਿਲਾਂ ਨਾਲੋਂ ਕੁਝ ਨੇੜਿਓਂ। ਨੂਰਾਂ ਘੜਾ ਪਿੱਠ ਉਹਲੇ ਕਰਨ ਲਗੀ। ਪਿੰਡ ਦਾ ਮਾਲਕ ਮਲਕ ਸਾਹਮਣੇ ਖੜੋਤਾ ਸੀ। ਨੂਰਾਂ ਨੂੰ ਜਾਪਿਆ ਕਿ ਉਹਦੇ ਸਿਰ ਤੋਂ ਲੀੜਾ ਖਿਸਕ ਆਇਆ ਹੈ। ਉਹਨੇ ਲੀੜਾ ਉਤਾਂਹ ਖਿੱਚਣਾ ਚਾਹਿਆ।
ਮਾਲਕ ਹੱਸ ਰਿਹਾ ਸੀ। ਵੱਡੀਆਂ ਵੱਡੀਆਂ ਮੁੱਛਾਂ ਤੇ ਕਰੜ ਬਰੜੀ ਦਾੜ੍ਹੀ ਵਿਚੋਂ ਇਹ ਹਾਸਾ ਨੂਰਾਂ ਨੂੰ ਡਰੌਣਾ ਲੱਗਾ। ਉਹਨੂੰ ਜਾਪਿਆ ਜੀਕਰ ਉਹ ਤ੍ਰੇਲੀਓ ਤ੍ਰੇਲੀ ਹੋ ਗਈ ਸੀ।
ਮਲਕ ਨੇ ਕਿਹਾ, “ਕੌਣ ਹੁੰਨੀ ਏਂ ਤੂੰ?”
“ਜੀ ਨੂਰਾਂ, ਦੀਨ ਮੁਹੰਮਦ ਰਾਈਂ ਦੀ ਧੀ।”
“ਮੁਸਲਮਾਨ ਏਂ, ਮੁਸਲਮਾਨ ਤੇ ਬੁਰਕਾ ਪਾਂਦੇ ਨੇ, ਤੇ ਤੂੰ ਸਿਰ ਤੇ ਲੀੜਾ ਵੀ ਨਹੀਂ ਕੀਤਾ ਹੋਇਆ।” ਮਲਮਲ ਦੀ ਕਮੀਜ਼ ਥੱਲਿਓਂ ਦਿਸਦੇ ਮਲਕ ਦੇ ਢਿੱਡ ਉਤਲੇ ਵਾਲ ਹੱਸਣ ਕਰ ਕੇ ਹਿੱਲ ਰਹੇ ਸਨ, “ਸਿਰ ਤੇ ਲੀੜਾ ਕਰਿਆ ਕਰ।”
ਨੂਰਾਂ ਨੀਵੀਂ ਪਾਈ ਖੜੋਤੀ ਰਹੀ।
“ਤੇ ਆਹ ਘੜਾ ਕਾਹਦੇ ਲਈ?”
“ਜੀ ਮੇਰੀ ਮਾਂ ਨੂੰ ਬੜਾ ਸਖ਼ਤ ਤਾਪ ਚੜ੍ਹਿਆ ਏ। ਹਕੀਮ ਸਾਫ਼ ਪਾਣੀ ਪਿਔਣ ਲਈ ਕਹਿ ਗਿਆ ਏ। ਦੋ ਘੁੱਟ ਪਾਣੀ ਕਿਸੇ ਕੋਲੋਂ ਦੁਆ ਦਿਓ।”
ਨੂਰਾਂ ਆਪ ਹੈਰਾਨ ਸੀ, ਉਹ ਏਨੀ ਲੰਮੀ ਗੱਲ ਕਿਵੇਂ ਕਰ ਗਈ।
“ਆਪੇ ਲੈ ਲੈ ਪਾਣੀ—ਪਾਣੀ ਕਿਹੜਾ ਕਿਸੇ ਦਾ ਮੁੱਲ ਲਿਆ ਹੋਇਐ!” ਮਲਕ ਨੇ ਹੱਸ ਕੇ ਕਿਹਾ।
ਪਰ ਨੂਰਾਂ ਹਾਲੀ ਵੀ ਉਸੇ ਤਰ੍ਹਾਂ ਖੜੋਤੀ ਹੋਈ ਸੀ।
“ਤੈਨੂੰ ਆਹਨਾਂ ਜੂ ਆਂ ਭਰ ਲੈ ਪਾਣੀ ਗਾਂਹ ਹੋ ਕੇ।”
ਨੂਰਾਂ ਮਸ਼ੀਨ ਵਿਚੋਂ ਡਿਗਦੀ ਮੋਟੀ ਧਾਰ ਥੱਲਿਓਂ ਘੜਾ ਭਰ ਲਿਆਈ।
“ਜੇ ਫੇਰ ਕਦੇ ਲੋੜ ਪਏ, ਤਾਂ ਵੀ ਪਾਣੀ ਭਰ ਲਿਜਾਇਆ ਕਰੀਂ। ਕੀ ਨਾਂ ਏ? ਹਾਂ, ਨੂਰਾਂ। ਤੇ ਨਾਲੇ ਸਿਰ ਤੇ ਲੀੜਾ ਰੱਖਿਆ ਕਰ, ਨਿੱਕੀ ਤੇ ਨਹੀਂ ਸਗੋਂ ਮੁਟਿਆਰ ਹੋ ਗਈ ਏਂ!”
ਨੂਰਾਂ ਨੂੰ ਅਚਾਨਕ ਸੱਜੀ ਕਛ ਕੋਲ ਪਾਣੀ ਦੇ ਤੁਪਕੇ ਡਿੱਗਦੇ ਮਹਿਸੂਸ ਹੋਏ। ਉਹਦਾ ਕੁੜਤਾ ਕਦੇ ਦਾ ਸੌੜਾ ਹੋ ਕੇ ਸੱਜੀ ਕਛ ਕੋਲੋਂ ਪਾਟਿਆ ਹੋਇਆ ਸੀ। ਉਹ ਸੱਜੀ ਬਾਂਹ ਥੱਲੇ ਕਰ ਕੇ ਇਕ ਬਾਂਹ ਨਾਲ ਘੜੇ ਨੂੰ ਸਹਾਰਾ ਦੇ ਤੁਰ ਪਈ।
ਨੂਰਾਂ ਨੇ ਪਾਣੀ ਬੜਾ ਘੁਟੋ ਵਟੀ ਵਰਤਿਆ ਸੀ ਪਰ ਮਾਂ ਨੇ ਪੀ ਪੀ ਕੇ ਦੂਜੀ ਸ਼ਾਮ ਤੱਕ ਘੜਾ ਮੁਕਾ ਦਿੱਤਾ। ਲੋਕਾਂ ਦੇ ਡੰਗਰ ਘਰ ਆ ਚੁੱਕੇ ਸਨ। ਥੋੜ੍ਹਾ ਥੋੜ੍ਹਾ ਅੰਨ੍ਹੇਰਾ ਹੋ ਚੁਕਿਆ ਸੀ। ਅੱਬਾ ਵਾਂਢੇ ਗਿਆ ਹੋਇਆ ਸੀ, ਕੱਲੀ ਨੂਰਾਂ ਹੀ ਮਾਂ ਕੋਲ ਬੈਠੀ ਸੀ ਤੇ ਮਾਂ ਪਾਣੀ ਮੰਗੀ ਜਾ ਰਹੀ ਸੀ।
ਨੂਰਾਂ ਘੜਾ ਚੁੱਕ ਕੇ ਮਲਕਾਂ ਦੀ ਹਵੇਲੀ ਵੱਲ ਤੁਰ ਪਈ। ਬਾਹਰਲਾ ਦਰਵਾਜ਼ਾ ਬੰਦ ਸੀ। ਅੰਦਰੋਂ ਕੋਈ ਖੜਾਕ ਨਹੀਂ ਸੀ ਆ ਰਿਹਾ। ਠਕਠਕਾਣ ਦਾ ਹੀਆ ਉਹਨੂੰ ਨਾ ਪਿਆ। ਉਹ ਪਰਤਣ ਹੀ ਲੱਗੀ ਸੀ ਕਿ ਦਰਵਾਜ਼ਾ ਖੁੱਲ੍ਹਿਆ। ਪਿੰਡ ਦਾ ਮਾਲਕ ਮਲਕ ਆਪ ਸੀ।
“ਮੈਂ ਉੱਤੋਂ ਤੈਨੂੰ ਤੱਕ ਕੇ ਦਰਵਾਜ਼ਾ ਖੋਲ੍ਹਣ ਆਇਆ ਵਾਂ। ਪਾਣੀ ਲੈਣ ਆਈਂ ਏਂ? ਲੈ ਲੈ ਨਿਸੰਗ ਹੋ ਕੇ, ਅੰਦਰ ਕੋਈ ਨੌਕਰ ਵੀ ਨਹੀਂ।” ਮਲਕ ਨੇ ਉਹਦੇ ਵੱਲ ਇੰਜ ਵੇਖਿਆ ਜਿਵੇਂ ਉਹਦੇ ਵਿਚੋਂ ਆਰ ਪਾਰ ਤੱਕ ਰਿਹਾ ਹੋਵੇ ਤੇ ਪੋਲਿਆਂ ਜਿਹੇ ਉਹਨੇ ਬਾਹਾਂ ਤੋਂ ਫੜ ਨੂਰਾਂ ਨੂੰ ਦਰਵਾਜ਼ਿਓਂ ਅੰਦਰ ਖਿੱਚ ਲਿਆ।
ਨੂਰਾਂ ਕਾਹਲੀ ਕਾਹਲੀ ਪਾਣੀ ਦੀ ਮਸ਼ੀਨ ਵੱਲ ਵਧੀ। ਪਿੱਛੋਂ ਵਾਲੀ ਉਹਨੂੰ ਵੱਡੇ ਦਰਵਾਜ਼ੇ ਦੇ ਬੰਦ ਹੋਣ ਦੀ ਚਿਰਕ ਚਿਰਕ ਸੁਣਾਈ ਦਿੱਤੀ, ਪਰ ਪਿਛਾਂਹ ਤੱਕਣ ਦਾ ਜਿਗਰਾ ਉਸ ਵਿਚ ਨਹੀਂ ਸੀ। ਮਸ਼ੀਨ ਕੋਲ ਪੁੱਜ ਉਹਨੇ ਨਲਕਾ ਖੋਲ੍ਹ ਦਿਤਾ। ਪਾਣੀ ਦੀ ਛੁਲਕ ਛੁਲਕ ਵਿੱਚੋਂ ਉਹਨੂੰ ਆਪਣੇ ਦਿਲ ਦੀ ਧੜਕੂੰ ਧੜਕੂੰ ਸੁਣਾਈ ਦੇ ਰਹੀ ਸੀ। ਉਸ ਨਲਕਾ ਵਧੇਰੇ ਖੋਲ੍ਹ ਦਿੱਤਾ ਤਾਂ ਜੋ ਇਹ ਧੜਕੂੰ ਧੜਕੂੰ ਪਾਣੀ ਦੇ ਸ਼ੋਰ ਵਿਚ ਗੁਆਚ ਜਾਏ।
ਚਾਨਚੱਕ ਧੜਕੂੰ ਧੜਕੂੰ ਤੇ ਛੁਲਕ ਛੁਲਕ ਦੀ ਵਾਜ ਉਹਨੂੰ ਸੁਣਾਈ ਦੇਣੀ ਬੰਦ ਹੋ ਗਈ। ਉਹਦੀ ਸੱਜੀ ਕਛ ਕੋਲ ਫਟੇ ਕੁੜਤੇ ਵਿਚੋਂ ਇਕ ਹੱਥ ਅੰਦਰ ਨੂੰ ਜਾ ਰਿਹਾ ਸੀ। ਕਰੜ ਬਰੜੇ ਵਾਲਾਂ ਨੇ ਉਹਦੀਆਂ ਅੱਖਾਂ ਅੱਗੇ ਅੰਨ੍ਹੇਰਾ ਕਰ ਦਿੱਤਾ।
… …ਕਮਰੇ ਵਿਚ ਅੰਨ੍ਹੇਰਾ ਸੀ—ਸਿਰਫ਼ ਇਕ ਨੁਕਰੇ ਪਏ ਸ਼ੀਸ਼ੇ ਦੀ ਮੈਲੀ ਜਿਹੀ ਭਾਹ ਸੀ, ਅੰਨ੍ਹੇ ਖੂਹ ਦੇ ਥੱਲੇ ਵਾਂਗਰ ਮੈਲੀ ਹਨੇਰੀ ਭਾਹ। ਉਹ ਘੁਲਦੀ ਰਹੀ, ਪਰਛਾਵੇਂ ਤੇ ਵਜੂਦ ਦਾ ਘੋਲ… …
“ਕੱਲ੍ਹ ਰਾਤ ਨੂੰ ਆਈਂ ਫੇਰ। ਮੈਂ ਇਕ ਰੱਸੀ ਆਪਣੇ ਪੈਰ ਨਾਲ ਬੰਨ੍ਹ ਕੇ ਬਾਰੀ ਵਿਚੋਂ ਲਟਕਾ ਛੱਡਾਂਗਾ। ਖਿੱਚ ਕੇ ਜਗਾ ਲਈਂ। ਖੜਾਕ ਨਾ ਹੋਵੇ।”
ਉਹ ਗੁੱਛਾ-ਮੁੱਛਾ ਹੋਈ ਚੁੱਪ ਖੜੋਤੀ ਸੀ। ਉਹਦੀ ਸੱਜੀ ਕਛ ਕੋਲੋਂ ਕੁੜਤਾ ਬਹੁਤ ਫਟ ਚੁਕਿਆ ਸੀ।
“ਹੁਣ ਕੀ ਮੰਨੋ ਪੈ ਗਈ ਆ?”
“ਤੁਸੀਂ ਵੱਡੇ ਆਦਮੀ ਓ! ਬਖ਼ਸ਼ ਦਿਓ ਸਾਨੂੰ ਕਮੀਣਾਂ ਨੂੰ, ਹਾਏ, ਬਖ਼ਸ਼ ਦਿਓ।”
“ਬਖ਼ਸ਼ੋ ਦੀ ਬੱਚੀ—ਹੁਣ ਤੂੰ ਨਿੱਕੀ ਤਾਂ ਨਹੀਂ ਸਗੋਂ ਮੁਟਿਆਰ ਹੋ ਗਈ ਏਂ”,
ਮੁਟਿਆਰ ਦਾ ਲਫ਼ਜ਼ ਮਲਕ ਨੇ ਪਚਾਕੇ ਨਾਲ ਪੀਹ ਕੇ ਬੋਲਿਆ, “ਕੱਲ੍ਹ ਕਿੱਦਾਂ ਨਹੀਂ ਆਏਂਗੀ ਭਲਾ ਤੂੰ! ਮੈਂ ਸਿੱਝ ਲਵਾਂਗਾ, ਤੇਰੇ ਪਿਓ ਦੀ ਪੈਲੀ...”
ਨੂਰਾਂ ਨੇ ਉਹਦੇ ਪੈਰ ਫੜ ਲਏ, “ਹਾਏ, ਉਹਦੀ ਸ਼ਾਮਤ ਨਾ ਲਿਔਣੀ, ਹਾਏ ਸਾਨੂੰ ਬਖ਼ਸ਼ ਦਿਓ…”
ਲੋਹੇ ਤੇ ਲੱਕੜ ਦਾ ਦਰਵਾਜ਼ਾ ਖੁੱਲ੍ਹ ਕੇ ਬੰਦ ਹੋ ਗਿਆ।
ਨੂਰਾਂ ਨੂੰ ਤੁਰਦਿਆ ਲੱਗ ਰਿਹਾ ਸੀ ਕਿ ਉਹਦੀਆਂ ਲੱਤਾਂ ਵਿਚਕਾਰ ਕਿਸੇ ਇਕ ਤਲਵਾਰ ਗੱਡ ਦਿੱਤੀ ਸੀ, ਤੇ ਹਰ ਵਾਰ ਪੈਰ ਪੁੱਟਦਿਆਂ ਉਹਨੂੰ ਅਕਹਿ ਪੀੜ ਹੁੰਦੀ ਸੀ ਤੇ ਉਹਨੂੰ ਜਾਪਿਆ ਉਸ ਦੀਆਂ ਗੱਲ੍ਹਾਂ ਉੱਤੇ ਦੰਦੀਆਂ ਦੇ ਨਿਸ਼ਾਨ ਟਟਹਿਣਿਆਂ ਵਾਂਗ ਚਮਕਦੇ ਦੂਰ-ਦੂਰ ਤੱਕ ਦਿਸ ਰਹੇ ਸਨ।
ਦੀਨਾ, ਮਲਕ ਅੱਗੇ ਗਿੜਗਿੜਾ ਰਿਹਾ ਸੀ, “ਮੈਨੂੰ ਬਖ਼ਸ਼ ਦਿਓ ਹਜ਼ੂਰ।”
ਪਿੰਡ ਦਾ ਮਾਲਕ ਮਲਕ ਤੇ ਕੁਝ ਹੋਰ ਚੌਧਰੀ ਦੀਨੇ ਦੇ ਵਿਹੜੇ ਵਿਚ ਬੈਠੇ ਹੋਏ ਸਨ।
“ਓਦੋਂ ਤੂੰ ਸੁੱਤਾ ਹੋਇਆ ਸੈਂ, ਪਤਾ ਨਾ ਕੀਤੋ ਈ ਇਹ ਕਿੱਥੇ ਖੇਹ ਖਾਂਦੀ ਰਹੀ,” ਇਹ ਕਹਿੰਦਿਆਂ ਮਲਕ ਦੀਆਂ ਮੁੱਛਾਂ ਕੰਬ ਰਹੀਆਂ ਤੇ ਕਰੜ ਬਰੜੀ ਦਾੜ੍ਹੀ ਕਾਲੀ ਹੋ ਗਈ ਜਾਪਦੀ ਸੀ।
“ਤੇਰੀ ਬਦਚਲਨ ਧੀ ਨੇ ਮਲਕ ਸਾਹਿਬ ਦੇ ਪਿੰਡ ਦਾ ਨੱਕ ਵੱਢ ਦਿੱਤਾ ਏ,”
ਇਕ ਚੌਧਰੀ ਨੇ ਕਿਹਾ।
“ਮੈਂ ਇਕ ਦਿਨ ਇਹਦੀ ਧੀ ਨੂੰ ਬੁਰਕਾ ਪਾਈ ਤੱਕਿਆ। ਮੈਂ ਹਰਿਆਨ—ਅਖੇ ਕਿੱਥੇ ਤੇ ਮੇਮਾਂ ਵਾਂਗ ਸਿਰ ਤੋਂ ਵੀ ਲੀੜਾ ਲਾਹੀ ਫਿਰਨਾ ਤੇ ਕਿੱਥੇ ਇਹ ਸਾਊ ਧੀਆਂ ਵਾਲਾ ਵੇਸ। ਮੈਨੂੰ ਤਾਂ ਓਦਨ ਈ ਖੁਟਕ ਗਈ ਸੀ, ਹਜ਼ੂਰ ਦਾਲ ਵਿਚ ਕੁਝ ਕਾਲਾ ਕਾਲਾ ਏ,”
ਦੂਜੇ ਚੌਧਰੀ ਨੇ ਆਪਣੀ ਸਫ਼ਲ ਖੋਜ ਤੇ ਮੁਸਕਰਾਂਦਿਆਂ ਕਿਹਾ।
ਪਸਾਰ ਵਿਚੋਂ ਚੀਕਾਂ ਬਾਹਰ ਸੁਣਾਈ ਦੇਣ ਲਗੀਆਂ। ਭਿਆਨਕ ਚੀਕਾਂ, ਪੀੜ ਨਾਲ ਫਾਵੀਆਂ ਚੀਕਾਂ, ਨੂਰਾਂ ਦੀਆਂ ਚੀਕਾਂ।
…ਨੂਰਾਂ ਨੂੰ ਇਕ ਪਰੀ ਦਿਸ ਰਹੀ ਸੀ। ਜਿਸ ਨੂੰ ਭੂਤਾਂ ਦੇ ਕਿਲ੍ਹੇ ਵਿਚ ਵਾੜ ਕੇ ਪਿੱਛੋਂ ਕਿਸੇ ਦਰਵਾਜ਼ਾ ਬੰਦ ਕਰ ਦਿਤਾ ਸੀ, ਤੇ ਪਰੀ ਦੇ ਸੱਜੇ ਪਾਸੇ ਦੇ ਖੰਭ ਕੋਈ ਝੰਜੋੜ-ਝੰਜੋੜ ਕੇ ਖੋਹ ਰਿਹਾ ਸੀ, ਤੇ ਬੰਦ ਦਰਵਾਜ਼ੇ ਉੱਤੇ ਕੁੰਡੀ ਦੀ ਥਾਂ ਇਕ ਮੋਟਾ ਨਾਗ ਬੈਠਾ ਹੋਇਆ ਸੀ; ਬੇ-ਸ਼ਕਲ, ਲੰਬੇ ਵਾਲਾਂ ਵਾਲੇ ਹੱਥ ਪਰੀ ਵੱਲ ਵਧ ਰਹੇ ਸਨ, ਵਧਦੇ ਜਾ ਰਹੇ ਸਨ...
ਵਿਹੜੇ ਵਿਚ ਬੈਠਾ ਮਲਕ ਬੇਮਲੂਮਾ ਜਿਹਾ ਮੁਸਕਰਾ ਕੇ ਬੋਲਿਆ, “ਹਰਾਮ ਦੇ ਤੁਖ਼ਮ ਦੀ ਤਕਲੀਫ਼ ਵੀ ਵਧ ਈ ਹੁੰਦੀ ਹੋਣੀ ਏ।” ਤੇ ਰਤਾ ਠਹਿਰ ਕੇ ਉਹਨੇ ਫਿਰ ਕਿਹਾ, “ਇਹਦਾ ਤੈਨੂੰ ਡੰਨ ਭਰਨਾ ਪਏਗਾ, ਤਾਂ ਜੋ ਹੋਰਨਾਂ ਪਿਓਆਂ ਦੇ ਕੰਨ ਹੋ ਜਾਣ। ਨਾਲੇ ਹਰਾਮੀ ਬੱਚੇ ਤੇ ਉਹਦੀ ਮਾਂ ਦੀ ਸੰਘੀ ਘੁਟਣੀ ਹੋਏਗੀ। ਅਸੀਂ ਆਪਣੇ ਪਿੰਡ ਅਜਿਹੀ ਬਿਦਤ ਨਹੀਂ ਰਹਿਣ ਦੇਣੀ।”
“ਆਹੋ ਜੀ, ਅਜਿਹਾ ਸਾਡੇ ਪਿੰਡ ਕਦੇ ਨਹੀਂ ਹੋਇਆ।”
“ਸਾਰੇ ਪਿੰਡ ਵਿਚੋਂ ਸਾਊ ਸਾਡਾ ਪਿੰਡ ਏ।”
“ਅਸੀਂ ਨਹੀਂ ਅਜਿਹੀ ਬਦਜ਼ਾਤ ਏਥੇ ਰੱਖਣੀ,” ਦੂਜਿਆਂ ਹਾਮੀ ਭਰੀ। ਦੀਨਾ ਪੈਰਾਂ ਨਾਲ ਭੋਂ ਖੁਰਚ ਰਿਹਾ ਸੀ।
ਨੂਰਾਂ ਦੀ ਇਕ ਚੀਕ ਪਹਿਲੀਆਂ ਨਾਲੋਂ ਉੱਚੀ ਹੋਈ।
...ਨੂਰਾਂ ਦੇ ਢਿੱਡ ਉੱਤੇ ਇਕ ਸ਼ਤੀਰ ਡਿੱਗਿਆ ਹੋਇਆ ਸੀ। ਦਿਲ ਦੀ ਧੜਕੂੰ ਧੜਕੂੰ ਸ਼ਤੀਰ ਨਾਲ ਟਕਰਾ ਰਹੀ ਸੀ। ਸ਼ਤੀਰ ਭਾਰਾ, ਹੋਰ ਭਾਰਾ ਹੁੰਦਾ ਜਾ ਰਿਹਾ ਸੀ। ਦਿਲ ਦੀ ਧੜਕੂੰ ਧੜਕੂੰ ਨਹੀਂ ਸੀ ਇਹ, ਨਿੱਕੀ ਜਿਹੀ ਜਿੰਦ ਸ਼ਤੀਰ ਨਾਲ ਟੱਕਰਾਂ ਮਾਰ ਰਹੀ ਸੀ; ਜਿੰਦ, ਉਹਦੇ ਲਹੂ ਮਾਸ ਦਾ ਲੋਥੜਾ, ਬਾਹਰ ਆਉਣ ਲਈ ਫ਼ਲੱਪ ਫ਼ਲੱਪ ਕਰ ਰਿਹਾ ਸੀ, ਬਾਹਰ, ਚਾਨਣ ਵਿਚ...
ਬਾਹਰ ਵਿਹੜੇ ਵਿਚ ਦੀਨੇ ਨੇ ਪਹਿਲੇ ਸੂਏ ਦੀ ਮੱਝ ਖੋਲ੍ਹ ਕੇ ਮਲਕ ਦੇ ਹਵਾਲੇ ਕਰ ਦਿਤੀ, ਤੇ ਮੱਥੇ ਟੇਕ ਟੇਕ ਕੇ ਵਾਸਤੇ ਪਾਣ ਲੱਗਾ, “ਮੇਰੀ ਏਨੀ ਈ ਪੁੱਜਤ ਏ, ਸਰਕਾਰ। ਏਦੂੰ ਵੱਧ ਮੈਂ ਡੰਨ ਨਹੀਂ ਭਰ ਸਕਦਾ। ਇਹੀ ਕਬੂਲ ਕਰ ਲਵੋ, ਸਰਕਾਰ। ਮੈਂ ਹਰਾਮੀ ਬੱਚੇ ਦੀ ਸੰਘੀ ਘੁੱਟ ਦਿਆਂਗਾ। ਪਰ ਕੁੜੀ ਨੂੰ ਮਾਰਨ ਦਾ ਹੁਕਮ ਨਾ ਦਿਓ। ਰੁੜ੍ਹ ਖੁਲ੍ਹ ਕੇ ਆਪਣੇ ਗੁਨਾਹਾਂ ਦੀ ਸਜ਼ਾ ਭੁਗਤ ਲੈਣ ਦਿਓ ਸੂ, ਬਖ਼ਸ਼ ਦਿਓ,” ਦੀਨੇ ਨੇ ਮਲਕ ਦੇ ਪੈਰ ਫੜ ਲਏ, “ਤੁਸੀਂ ਈ ਸਾਡੇ ਰੱਬ ਜੇ। ਕਿਤੇ ਗ਼ੁੱਸਾ ਖਾ ਕੇ ਸਾਨੂੰ ਪਿੰਡੋਂ ਨਾ ਕੱਢ ਦੇਣਾ, ਤੁਹਾਡੇ ਬਗ਼ੈਰ ਸਾਡੀ ਕਿਤੇ ਕੋਈ ਢੋਈ ਨਹੀਂ ਜੇ।”
ਪਸਾਰ ਅੰਦਰੋਂ ਇਕ ਅਣ-ਮਨੁੱਖੀ ਚੀਕ ਫੇਰ ਸੁਣਾਈ ਦਿਤੀ, ਜਿਵੇਂ ਕਾਲੀ ਬੋਲੀ ਰਾਤ ਵਿਚ ਕਿਸੇ ਖਡੱਲ ਕੋਲ ਕੋਈ ਮਰ ਰਹੀ ਕੁੱਤੀ ਕੁਰਲਾਂਦੀ ਹੋਵੇ। ...ਨੂਰਾਂ ਰਾਤ ਦੇ ਹਨੇਰੇ ਵਿਚ ਖੂਹ ਟੋਲ ਰਹੀ ਸੀ, ਉਹ ਨਿਊਂ ਕੇ ਖੂਹ ਵਿਚ ਕੁਝ ਸੁੱਟਣ ਲੱਗੀ ਸੀ, ਪਰ ਪਾਣੀ ਤਾਰੇ ਲਗਾ ਹੋਇਆ ਸੀ; ਉਹਨੂੰ ਖੂਹ ਵਿਚ ਇਕ ਸ਼ੀਸ਼ਾ ਦਿਸਿਆ, ਅੰਨ੍ਹੇ ਖੂਹ ਦੇ ਥੱਲੇ ਵਾਂਗ ਮੈਲੀ ਭਾਹ ਮਾਰਦਾ ਸ਼ੀਸ਼ਾ, ਜਿਹੜਾ ਸਭ ਕੁਝ ਜਾਣਦਾ ਸੀ...
ਦੀਨੇ ਦੇ ਘਰੋਂ ਨਿਕਲ ਉਹਦੀ ਪਹਿਲੇ ਸੂਏ ਦੀ ਇਕੋ ਇਕ ਮੱਝ ਉੱਚੀ ਸਾਰੀ ਅੜਿੰਗੀ।
ਮਲਕ ਨੇ ਕਿਹਾ, “ਕਿਉਂ ਤੇਰੇ ਵੀ ਕੋਈ ਹਰਾਮ ਦਾ ਤੁਖ਼ਮ ਏਂ? ਬੜਾ ਔਖਾ ਚੀਕਨੀ ਏਂ।”
ਗਲੀ ਵਿਚ ਚੌਧਰੀਆਂ ਦਾ ਹਾਸਾ ਛਣਕ ਪਿਆ।
[1947]