Dastaar...Jhoola...Muskarahat (Punjabi Story) : Navtej Singh
ਦਸਤਾਰ...ਝੂਲਾ...ਮੁਸਕਰਾਹਟ (ਕਹਾਣੀ) : ਨਵਤੇਜ ਸਿੰਘ
ਬੜਾ ਵੱਡਾ ਮੇਲਾ ਏਸ ਦਿਹਾੜੇ ਹਰ ਸਾਲ ਏਥੇ ਜੁੜਦਾ ਹੈ।
ਮੇਲੇ ਵਿਚ ਖ਼ੁਸ਼ੀ ਭੋਰਾ ਨਹੀਂ ਲੱਭਦੀ, ਦੁਕਾਨਾਂ ਹੀ ਦੁਕਾਨਾਂ, ਭੀੜ ਹੀ ਭੀੜ— ਜਿਵੇਂ ਕਿਤੇ ਮੇਲਾ ਦੁਕਾਨਾਂ ’ਤੇ ਭੀੜ ਹੀ ਹੁੰਦਾ ਹੋਵੇ।
ਏਥੇ ਇਕ ਧਾਰਮਕ ਮਹਾਂਪੁਰਖ ਦਾ ਅਸਥਾਨ ਹੈ। ਓਸ ਮਹਾਂਪੁਰਖ ਦੀ ਦਸਤਾਰ ਉਹਦੇ ਵਾਰਸਾਂ ਕੋਲ ਹੈ। ਏਸ ਮੇਲੇ ਉੱਤੇ ਉਸੇ ਪੂਜ-ਦਸਤਾਰ ਦੇ ਖੁੱਲ੍ਹੇ ਦਰਸ਼ਨ ਕਰਾਏ ਜਾਂਦੇ ਹਨ। ਅਸਲ ਵਿਚ ਇਹ ਏਸ ‘ਦਸਤਾਰ-ਦਰਸ਼ਨ’ ਦਾ ਹੀ ਮੇਲਾ ਹੈ।
ਇਹ ਦਸਤਾਰ ਓਸ ਮਹਾਂਪੁਰਖ ਦੇ ਵਾਰਸਾਂ ਲਈ ਇਕ ਦੁਕਾਨ ਹੈ। ਦੂਰੋਂ ਨੇੜਿਓਂ ਆਏ ਸ਼ਰਧਾਲੂ ਏਸ ਦਸਤਾਰ ਨੂੰ ਬੜੇ ਚੜ੍ਹਾਵੇ ਚੜ੍ਹਾਂਦੇ ਹਨ, ਪਰਸ਼ਾਦ ਕਰਾਂਦੇ ਹਨ। ਪਰਸ਼ਾਦ ਦੀ ਇਕ ਹੱਟੀ ਵੀ ਇਹਨਾਂ ਵਾਰਸਾਂ ਨੇ ਸਾਂਝੀ ਹੀ ਪਾਈ ਹੋਈ ਹੈ।
ਚਿਰ ਹੋਇਆ, ਦਸਤਾਰ ਦੇ ਚੜ੍ਹਾਵੇ ਤੇ ਪਰਸ਼ਾਦ ਦੀ ਵਟਕ ਤੋਂ ਮਹਾਂਪੁਰਖ ਦੇ ਟੱਬਰ ਵਿਚ ਇਕ ਵਾਰ ਝਗੜਾ ਹੋ ਪਿਆ ਸੀ। ਥਾਣੇ, ਕਚਹਿਰੀ ਤੱਕ ਮਾਮਲਾ ਪੁੱਜਣ ਲੱਗਾ ਸੀ ਕਿ ਰਾਜ਼ੀਨਾਮਾ ਹੋ ਗਿਆ। ਕੁਝ ਰਕਮ ਇਕੋ ਵੇਲੇ ਦੇ ਕੇ ਟੱਬਰ ਨੇ ਝਗੜਾ ਛੇੜਨ ਵਾਲੇ ਨੂੰ ਦਸਤਾਰ ਦੀ ਆਮਦਨ ਤੋਂ ਬੇਦਖ਼ਲ ਕਰ ਦਿਤਾ।
ਬੇਦਖ਼ਲ ਤਾਂ ਉਹ ਹੋ ਗਿਆ, ਪਰ ਉਹਨੇ ਵੀ ਆਖ਼ਰ ਕੁਝ ਧੰਦਾ ਕਰਨਾ ਸੀ; ਓਸ ਆਪਣੀ ਵੱਖਰੀ ਦੁਕਾਨ ਕੱਢ ਲਈ—ਝੂਲੇ ਦੀ ਦੁਕਾਨ। ਭਾਵੇਂ ਇਹ ਹਾਲੀ ਨਵੀਂਨਵੀਂ ਸੀ, ਦਸਤਾਰ ਦੀ ਦੁਕਾਨ ਜਿੰਨੀ ਤਾਂ ਨਹੀਂ ਸੀ ਚੱਲੀ, ਪਰ ਫੇਰ ਵੀ ਗੁਜ਼ਾਰਾ ਵਾਹਵਾ ਸੀ। ਜਿੰਨੀ ਰਕਮ ਉਹਨੂੰ ਇਕੋ ਵੇਲੇ ਮਿਲੀ ਸੀ, ਉਹ ਤੇ ਕੁਝ ਆਪਣੇ ਸਹੁਰਿਆਂ ਤੋਂ ਉਧਾਰ ਫੜ ਉਹਨੇ ਰੱਬ ਦਾ ਘਰ ਉਸਾਰ ਲਿਆ, ਤੇ ਇਕ ਝੂਲਾ ਮੁੱਲ ਲੈ ਆਂਦਾ। ਰੱਬ ਦੇ ਘਰ ਵਿਚ ਉਹ ਪੂਜ-ਪੁਸਤਕ ਦਾ ਪਰਕਾਸ਼ ਕਰਦਾ ਤੇ ਪੂਜ-ਪੁਸਤਕ ਦੇ ਐਨ ਪਿੱਛੇ ਇਹ ਝੂਲਾ ਲਟਕਦਾ ਰਹਿੰਦਾ। ਏਸ ਝੂਲੇ ਉੱਤੇ ਉਹ ਆਪ ਬੈਠਦਾ।
ਦੂਰ-ਦੂਰ ਤਕ ਮਸ਼ਹੂਰ ਹੋ ਗਿਆ ਸੀ ਕਿ ਇਹ ਝੂਲਾ ਪ੍ਰਭੂ-ਉਸਤਤ ਨਾਲ ਹੁਲਾਰੇ ਖਾਂਦਾ ਹੈ। ਰੱਬ ਦੇ ਘਰ ਹੋਰ ਕਈ ਥਾਈਂ ਸਨ, ਪੂਜ-ਪੁਸਤਕ ਦਾ ਪਰਕਾਸ਼ ਵੀ ਹੋਰ ਕਈ ਥਾਈਂ ਸੀ, ਪਰ ਪ੍ਰਭੂ-ਉਸਤਤ ਨਾਲ ਸਾਖਿਆਤ ਹਿਲਦਾ ਝੂਲਾ ਸਿਰਫ਼ ਏਥੇ ਹੀ ਸੀ। ਤੇ ਏਸ ਝੂਲੇ ਕਰਕੇ ਵੀ ਹੁਣ ਮੇਲੇ ਦੀ ਰੌਣਕ ਵਿਚ ਕੁਝ ਵਾਧਾ ਹੋ ਗਿਆ ਹੈ।
ਪਿਛਲੇ ਦੋ-ਤਿੰਨ ਵਰ੍ਹਿਆਂ ਤੋਂ ਮੇਲੇ ਦੀ ਭੀੜ ਦਾ ਲਾਹਾ ਖੱਟਣ ਲਈ ਦੇਸ਼ ਦੀ ਸਰਕਾਰ ਵੀ ਏਥੇ ਆਪਣੀ ਦੁਕਾਨ ਲਾਣ ਲੱਗ ਪਈ ਹੈ।
ਏਸ ਦੁਕਾਨ ਵਿਚ ਸਰਕਾਰ ਦੇ ਮੁਖੀਏ ਆ ਕੇ ਤਕਰੀਰਾਂ ਕਰਦੇ ਹਨ; ਤੇ ਜਦੋਂ ਲੋਕੀਂ ਇਹਨਾਂ ਦੀਆਂ ਤਕਰੀਰਾਂ ਸੁਣ ਕੇ ਥੱਕ ਜਾਂਦੇ ਹਨ ਤਾਂ ਫੇਰ ਇਹ ਮੁਖੀਏ ਕਿਰਾਏ ’ਤੇ ਲਿਆਂਦੇ ਗਵੱਈਆਂ ਨੂੰ ਗੌਣ ਦਾ ਹੁਕਮ ਦੇ ਕੇ ਬੈਠ ਜਾਂਦੇ ਹਨ।
ਇਹਨਾਂ ਤਕਰੀਰਾਂ ਤੇ ਗੀਤਾਂ ਨੂੰ ਸੁਣ ਕੇ ਸਾਨੂੰ ਪਤਾ ਲੱਗਦਾ ਹੈ ਕਿ ਆਜ਼ਾਦੀ ਵੀ ਪੂਜ-ਦਸਤਾਰ ਵਾਂਗ ਏਸ ਸਰਕਾਰ ਦੇ ਬਾਨੀਆਂ ਨੂੰ ਕਿਤੋਂ ਲੱਭ ਪਈ ਸੀ। ਏਸ ਆਜ਼ਾਦੀ ਵਰਨ ਲਈ ਸਭਨਾਂ ਲੋਕਾਂ ਨੂੰ ਆਪਣਾ ਲਹੂ ਨਹੀਂ ਸੀ ਦੇਣਾ ਪਿਆ, ਏਸ ਆਜ਼ਾਦੀ-ਦਸਤਾਰ ਨੂੰ ਚੜ੍ਹਾਵੇ ਚੜ੍ਹਨਾ ਲੋਕਾਂ ਦਾ ਸਭ ਤੋਂ ਵੱਡਾ ਫ਼ਰਜ਼ ਹੈ।
ਉੱਪਰਲੀਆਂ ਦੁਕਾਨਾਂ ਤੋਂ ਇਲਾਵਾ, ਏਸ ਮੇਲੇ ਵਿਚ ਸਿਰਫ਼ ਇਕ ਹੀ ਹੋਰ ਖ਼ਾਸ ਦੁਕਾਨ ਹੈ। ਏਸ ਦੁਕਾਨ ਉੱਤੇ ਦਸਤਾਰ ਵਾਲੀ ਦੁਕਾਨ ਵਾਂਗ ਹੀ ਭੀੜ ਰਹਿੰਦੀ ਹੈ।
ਏਸ ਦੁਕਾਨ ਵਾਲਿਆਂ ਕਨਾਤਾਂ ਤੇ ਸ਼ਮਿਆਨਿਆਂ ਨਾਲ ਬੜੀ ਸਾਰੀ ਥਾਂ ਵਲੀ ਹੋਈ ਹੈ। ਅੰਦਰੋਂ ਗਾਣਿਆਂ ਤੇ ਸਾਜ਼ਾਂ ਦੀ ਟੁਣ ਟੁਣ ਬਾਹਰ ਸੁਣਾਈ ਦੇਂਦੀ ਹੈ। ਬਾਹਰਵਾਰ ਇਕ ਮੁੰਡਾ ਜ਼ਨਾਨੇ ਭੇਸ ਵਿਚ ਖੜੋਤਾ ਲੋਕਾਂ ਨੂੰ ਅੰਦਰ ਜਾਣ ਲਈ ਪ੍ਰੇਰ ਰਿਹਾ ਹੈ।
ਮੁੰਡੇ ਦੇ ਵਾਲ ਸਿੱਥੇ ਨਾਲ ਚਮਕਦੇ ਹਨ, ਦੋ ਗੁੱਤਾਂ ਨੂੰ ਉਹ ਕਦੇ ਪਿੱਛੇ ਤੇ ਕਦੇ ਅੱਗੇ ਕਰਦਾ ਹੈ, ਗੱਲ੍ਹਾਂ ਤੇ ਬੁੱਲ੍ਹ ਸੁਰਖ਼ੀ ਨਾਲ ਲਾਲ, ਚਿਹਰਾ ਪਾਊਡਰ ਨਾਲ ਪੋਚਿਆ, ਚਟਕੀਲੀ ਸਾੜ੍ਹੀ, ਨਾਈਲੋਨ ਦਾ ਜੰਪਰ ਜਿਸ ਵਿਚੋਂ ਫੁੱਲਦਾਰ ਨੋਕੀਲੀ ਅੰਗੀ ਝਾਤੀਆਂ ਮਾਰ ਰਹੀ ਹੈ।
ਉਹ ਜ਼ਨਾਨੀ ਨਹੀਂ, ਤੇ ਜ਼ਨਾਨੀ ਹੈ ਵੀ! ਉਹਦੀਆਂ ਛਾਤੀਆਂ ਨਹੀਂ, ਤੇ ਛਾਤੀਆਂ ਹੈਣ ਵੀ! ਏਸੇ ਲਈ ਉਹ ਏਨੀ ਭੀੜ ਦੇ ਸਾਹਮਣੇ ਅਜਿਹੀ ਖੁੱਲ੍ਹ ਲੈ ਸਕਦਾ ਹੈ ਜਿਹੋ ਜਿਹੀ ਕੋਈ ਜ਼ਨਾਨੀ ਦਿਨ-ਦੀਵੀਂ ਕਿਸੇ ਇਕ ਸਾਹਮਣੇ ਵੀ ਨਹੀਂ ਲੈ ਸਕਦੀ।
ਉਹ ਖੁੱਲ੍ਹ ਤੇ ਖੁੱਲ੍ਹ ਲਈ ਜਾਂਦਾ ਹੈ। ਭੀੜ ਵਿਚ ਰੋਗੀ ਹਾਸੇ ਦੀ ਖੀਹ ਖੀਹ ਖਿਲਰਦੀ ਜਾਂਦੀ ਹੈ, ਗੰਦ ਦੇ ਗੰਡੋਏ ਰੀਂਗਦੇ ਜਾਂਦੇ ਹਨ।
ਗੱਭਰੂ ਹੱਸ ਰਹੇ ਹਨ, ਅਧਖੜ ਤੇ ਬਿਰਧ ਹੱਸ ਰਹੇ ਹਨ; ਸਿਪਾਹੀ ਤੇ ਥਾਣੇਦਾਰ ਹੱਸ ਰਹੇ ਹਨ; ਉਹ ਵੀ ਹੱਸ ਰਹੇ ਹਨ ਜਿਹੜੇ ਸ਼ਰਾਬ ਪੀ ਕੇ ਆਏ ਹਨ ਤੇ ਉਹ ਵੀ ਜਿਹੜੇ ਸਰਕਾਰ ਨੇ ਮੇਲੇ ਵਿਚ ਸ਼ਰਾਬ ਤੇ ਗੰਦ ਰੋਕਣ ਲਈ ਭੇਜੇ ਹਨ; ਉਹ ਵੀ ਹੱਸ ਰਹੇ ਹਨ ਜਿਹੜੇ ਦਸਤਾਰ-ਦਰਸ਼ਨ ਕਰ ਆਏ ਹਨ, ਤੇ ਉਹ ਵੀ ਜਿਹੜੇ ਪ੍ਰਭੂ-ਉਸਤਤ ਦੇ ਹੁਲਾਰੇ ਝੂਲੇ ਤੋਂ ਬਲਿਹਾਰ ਹਨ; ਤੇ ਉਹ ਵੀ ਜਿਨ੍ਹਾਂ ਮੇਲੇ ਵਿਚੋਂ ‘ਨਾਰਾਂ ਦੇ ਫ਼ੈਸ਼ਨ’ ਦਾ ਚਿੱਠਾ ਹੱਥੋ-ਹੱਥੀਂ ਖ਼ਰੀਦਿਆ ਹੈ—ਜਿਦ੍ਹੇ ਵਿਚ ਕਵੀਸ਼ਰ ਨੇ ਦੱਸਿਆ ਹੈ ਕਿ ਜੇ ਮੀਂਹ ਦੀ ਅਤਿ ਫ਼ਸਲ-ਮਾਰ ਕਰਦੀ ਹੈ, ਜੇ ਹੜ੍ਹ ਆਉਂਦੇ ਹਨ, ਜੇ ਸਰਕਾਰ ਟੈਕਸ ਲਾਈ ਜਾਂਦੀ ਹੈ, ਜੇ ਪਾਕਿਸਤਾਨ ਬਣ ਗਿਆ ਹੈ ਤਾਂ ਇਹ ਸਭ ਜ਼ਨਾਨੀਆਂ ਦੀਆਂ ਦੋ-ਦੋ ਗੁੱਤਾਂ ਤੇ ਸੁਰਖ਼ੀਆਂ ਪਾਊਡਰਾਂ ਦਾ ਹੀ ਕਾਰਾ ਹੈ।
ਕਨਾਤਾਂ ਦੇ ਬਾਹਰਵਾਰ ਦੋ ਗੁੱਤਾਂ ਭੁੜਕ ਰਹੀਆਂ ਹਨ।
ਕਨਾਤਾਂ ਦੇ ਬਾਹਰਵਾਰ ਸੁਰਖ਼ੀ ਤੇ ਪਾਊਡਰ ਚਮਕ ਰਿਹਾ ਹੈ।
ਭੀੜ ਵਿਚੋਂ ਕੋਈ ਆਖਦਾ ਹੈ, “ਭਲਵਾਨਾ, ਇੰਦਰ-ਸਭਾ ਦੇ ਬਾਹਰ ਖੜੋਤਾ ਹੀ ਭਰਮ ਗਿਆ ਏਂ! ਬਾਹਰ ਤਾਂ ਜ਼ਨਾਨੀ ਦਾ ਸਾਂਗ ਈ ਏ, ਅੰਦਰ ਨੇ ਕੁੜੀਆਂ ਦੀਆਂ ਡਾਰਾਂ!”
“ਤੇ ਉਹ ਮਿਸ ਸੁੰਦਰੀ ਪਠਾਨਕੋਟ ਵਾਲੀ…”
“ਕੋਈ ਗੌਂਦੀ ਏ ਜ਼ਾਲਮ—ਬੁੱਢੜਿਆਂ ਦੇ ਅੰਦਰ ਵੀ ਭਾਂਬੜ ਬਾਲ ਦੇਂਦੀ ਏ!”
ਅੰਦਰ ਜਾਣ ਲਈ ਧੜਾ-ਧੜ ਟਿਕਟਾਂ ਖ਼ਰੀਦੀਆਂ ਜਾ ਰਹੀਆਂ ਹਨ। ਪੰਜ ਆਨੇ…ਦਸ ਆਨੇ।
ਏਸ ਦੁਕਾਨ ਦੀ ਵਟਕ ਵਿਚ ਸਰਕਾਰ ਦੀ ਪੱਤੀ ਵੀ ਹੈ—ਚਾਰ ਆਨਿਆਂ ਪਿੱਛੇ ਇਕ ਆਨਾ।
ਅੰਦਰ ਪੁਲਸ ਦੇ ਸਿਪਾਹੀ ਤੇ ਥਾਣੇਦਾਰ ਸਭ ਤੋਂ ਅੱਗੇ, ਐਨ ਸਟੇਜ ਦੇ ਨਾਲ ਢੁਕ ਕੇ ਬੈਠੇ ਹਨ। ਇਹ ਸਹੂਲਤ ਸਰਕਾਰੀ ਪੱਤੀ ਦੀ ਅਣਲਿਖੀ ਸ਼ਰਤ ਹੈ।
ਇੰਦਰ ਸਭਾ! ਕੁੜੀਆਂ ਦੀਆਂ ਡਾਰਾਂ! ਗੌਂਦੀਆਂ ਨੱਚਦੀਆਂ, ਗਰਮਾ-ਗਰਮ ਮਖ਼ੌਲ ਕਰਦੀਆਂ ਕੁੜੀਆਂ! ਪਰ ਉਹ ਮਿਸ ਸੁੰਦਰੀ ਪਠਾਨਕੋਟ ਵਾਲੀ...
ਮਿਸ ਸੁੰਦਰੀ ਪਠਾਨਕੋਟ ਵਾਲੀ ਜਿਵੇਂ ਏਸ ਦੁਕਾਨ ਦੀ ‘ਦਸਤਾਰ’ ਹੈ। ਉਹ ਏਸ ਜ਼ਿੰਦਾ ਨਾਚ ਤੇ ਗਾਣੇ ਦੇ ਪ੍ਰੋਗਰਾਮ ਦੀ ਇਕ ਉਚੇਚੀ ਸਿਖਰ ਉੱਤੇ ਸਟੇਜ ਉੱਪਰ ਆਉਂਦੀ ਹੈ। ਉਹਨੂੰ ਵੇਖਣਸਾਰ ਹੀ ਭੀੜ ਵਿਚੋਂ ਆਵਾਜ਼ੇ ਆਉਂਦੇ ਹਨ:
“ਹਾਏ, ਤੇਰਾ ਨਖ਼ਰਾ, ਜ਼ਾਲਮੇਂ...
“ਲੋਹੜ ਜੋਬਨੇ ਦਾ...”
ਮਿਸ ਸੁੰਦਰੀ ਪਠਾਨਕੋਟ ਵਾਲੀ ਗਾਉਂਦੀ ਹੈ:
ਹੋ ਗਈ ਆਧੀ ਰਾਤ
ਅਬ ਘਰ ਜਾਨੇ ਦੋ...
ਤੇ ਫੇਰ ਉਹ ਇਕ ਖ਼ਾਸ ਤਰ੍ਹਾਂ ਮੁਸਕਰਾਂਦੀ ਹੈ, ਤੇ ਫੇਰ ਇਕ ਖ਼ਾਸ ਤਰ੍ਹਾਂ ਅੱਖ ਮਾਰਦੀ ਹੈ।
ਸਾਹਮਣੇ ਜਿੰਨੇ ਵੀ ਬੈਠੇ ਹੁੰਦੇ ਹਨ, ਹਰ ਇਕ ਨੂੰ ਜਾਪਦਾ ਹੈ:
…ਉਹਨੇ ਸਿਰਫ਼ ਮੈਨੂੰ ਹੀ ਕਿਹਾ ਏ:
ਹੋ ਗਈ ਆਧੀ ਰਾਤ
ਅਬ ਘਰ ਜਾਨੇ ਦੋ…
…ਉਹ ਸਿਰਫ਼ ਮੇਰੇ ਲਈ ਹੀ ਮੁਸਕਰਾਈ ਏ!
…ਉਹਨੇ ਅੱਖ ਸਿਰਫ਼ ਮੈਨੂੰ ਹੀ ਮਾਰੀ ਏ!
ਕਈ ਬੇਕਾਬੂ ਹੋ ਜਾਂਦੇ, ਤੇ ਚੀਕ ਪੈਂਦੇ ਹਨ, “ਟਪਕਾ—ਰੱਬ ਦੀ ਸਹੁੰ ਟਪਕਾ ਓਏ!”
“ਤੈਨੂੰ ਡੀਕ ਲਾ ਕੇ ਪੀ ਜਾਵਾਂ, ਪਠਾਨਕੋਟ ਦੀਏ ਬੰਦ ਬੋਤਲੇ!”
ਤੇ ਜਿਵੇਂ ਦਾਦ ਮਿਲਣ ਉੱਤੇ ਕਵੀ ਆਪਣੀ ਚੋਣਵੀਂ ਤੁਕ ਦੁਹਰਾਂਦੇ ਹਨ, ਓਵੇਂ ਹੀ ਮਿਸ ਸੁੰਦਰੀ ਪਠਾਨਕੋਟ ਵਾਲੀ ਫੇਰ ਪਹਿਲਾਂ ਵਾਂਗ ਹੀ ਖ਼ਾਸ ਤਰ੍ਹਾਂ ਮੁਸਕਰਾਂਦੀ ਹੈ, ਫੇਰ ਪਹਿਲਾਂ ਵਾਂਗ ਹੀ ਖ਼ਾਸ ਤਰ੍ਹਾਂ ਅੱਖ ਮਾਰਦੀ ਹੈ ਤੇ ਗੌਂਦੀ ਹੈ:
ਹੋ ਗਈ ਆਧੀ ਰਾਤ
ਅਬ ਘਰ ਜਾਨੇ ਦੋ…
ਇਕ ਗੋਗਾ... …ਬੱਲੇ ਬੱਲੇ... …ਸੀਟੀਆਂ ਵੱਜਦੀਆਂ....ਚੁੰਨੀਆਂ ਉੱਡਦੀਆਂ…ਬਕਰੇ ਬੋਲਦੇ…ਚਾਂਘਰਾਂ।
ਜ਼ਿੰਦਾ ਨਾਚ ਤੇ ਗਾਣੇ ਦੀ ਕੰਪਨੀ ਨੂੰ ਦਿੱਤੀ ਚਵਾਨੀ ਤੇ ਸਰਕਾਰ ਨੂੰ ਦਿੱਤੇ ਆਨੇ ਦਾ ਲਿਆ ਸੌਦਾ ਮੁੱਕ ਜਾਂਦਾ ਹੈ।
ਬਾਹਰਵਾਰ ਨਵੇਂ ਸ਼ੋਅ ਦੀਆਂ ਟਿਕਟਾਂ ਲੈਣ ਲਈ ਭੀੜ ਪਹਿਲਾਂ ਨਾਲੋਂ ਵੀ ਵੱਧ ਖੱਚਾ ਖੱਚ ਖੜੋਤੀ ਹੈ। ਅੰਦਰੋਂ ਨਿਕਲਿਆਂ ਵਿਚੋਂ ਕਈ ਮਨਚਲੇ ਫੇਰ ਅਗਲੇ ਸ਼ੋ ਦੀ ਟਿਕਟ ਲੈਣ ਲਈ ਤਿਆਰ ਹੋ ਜਾਂਦੇ ਹਨ। ਉਨ੍ਹਾਂ ਨੂੰ ਉਚੜ-ਪੈੜੇ ਲੱਗੇ ਹੋਏ ਹਨ। ਫੇਰ ਕਦੋਂ ਮਿਸ ਸੁੰਦਰੀ ਪਠਾਨਕੋਟ ਵਾਲੀ ਓਸੇ ਤਰ੍ਹਾਂ ਮੁਸਕਰਾਏਗੀ? ਫੇਰ ਕਦੋਂ ਉਹ ਓਸੇ ਤਰ੍ਹਾਂ ਅੱਖ ਮਾਰੇਗੀ? ਫੇਰ ਕਦੋਂ ਉਹ ਗੰਵੇਂਗੀ:
ਹੋ ਗਈ ਆਧੀ ਰਾਤ
ਅਬ ਘਰ ਜਾਨੇ ਦੋ...
ਇਹ ਲੁਟੇ-ਪੁਟੇ, ਜਿੰਦ ਦੀਆਂ ਮਨੁੱਖੀ ਨਿਆਮਤਾਂ ਤੋਂ ਵਿਰਵੇ ਲੋਕ ਮੇਲੇ ਵਿਚ ਆਉਂਦੇ ਹਨ। ਪਸ਼ੂਆਂ ਵਾਂਗ ਉਨ੍ਹਾਂ ਨੂੰ ਸਾਰੀ ਉਮਰ ਕੰਮ ਕਰਨਾ ਪੈਂਦਾ ਹੈ, ਤੇ ਮੇਲੇ ਲਈ ਮਸਾਂ ਲੱਭੀ ਇਹ ਵਿਹਲ ਉਨ੍ਹਾਂ ਨੂੰ ਹੋਰ ਵੱਧ ਪਸ਼ੂ ਬਣਾ ਦੇਂਦੀ ਹੈ। ਉਹ ਮੇਲੇ ਵਿਚ ਖ਼ੁਸ਼ੀ ਲੱਭਣ ਆਉਂਦੇ ਹਨ, ਪਰ ਮੇਲੇ ਵਿਚ ਦੁਕਾਨਾਂ ਹੀ ਦੁਕਾਨਾਂ, ਭੀੜ ਹੀ ਭੀੜ—ਜਿਵੇਂ ਕਿਤੇ ਮੇਲਾ ਦੁਕਾਨਾਂ ਤੇ ਭੀੜ ਹੀ ਹੁੰਦਾ ਹੋਵੇ।
ਏਸ ਮੇਲੇ ਵਿਚ ਖ਼ੁਸ਼ੀ ਭੋਰਾ ਨਹੀਂ ਲੱਭਦੀ, ਖ਼ੁਸ਼ੀ ਦਾ ਭਰਮ ਉਹ ਜ਼ਰੂਰ ਏਥੋਂ ਨਾਲ ਲੈ ਜਾਂਦੇ ਹਨ।
ਉਹ ਦਸਤਾਰ ਲੋਕਾਂ ਨੂੰ ਸੱਚੀ ਜਾਪਦੀ ਹੈ, ਪ੍ਰਭੂ-ਉਸਤਤ ਦਾ ਹੁਲਾਰਿਆ ਉਹ ਝੂਲਾ ਸੱਚਾ ਜਾਪਦਾ ਹੈ, ਤੇ ਮਿਸ ਸੁੰਦਰੀ ਪਠਾਨਕੋਟ ਵਾਲੀ ਦੀ ਉਹ ਮੁਸਕਰਾਹਟ ਵੀ।
ਪਰ ਉਹ ਦਸਤਾਰ, ਉਹ ਝੂਲਾ, ਉਹ ਮੁਸਕਰਾਹਟ ਤਾਂ ਦੁਕਾਨਾਂ ਹਨ, ਤੇ ਹਰ ਵਿਹਾਰ ਦਾ ਆਪੋ ਆਪਣਾ ਭੇਤ ਹੁੰਦਾ ਹੈ।
ਉਹ ਦਸਤਾਰ ਓਸ ਮਹਾਂਪੁਰਖ ਦੀ ਨਹੀਂ। ਉਸ ਮਹਾਂਪੁਰਖ ਦੇ ਖ਼ਾਨਦਾਨ ਦੇ ਸਾਦਮੁਰਾਦੇ ਲੋਕ ਉਸ ਦੇ ਜੰਮਣ ਤੋਂ ਪਹਿਲਾਂ ਤੇ ਉਹਦੇ ਪੂਰੇ ਹੋ ਜਾਣ ਤੋਂ ਪਿਛੋਂ ਵਾਹੀ ਕਰਦੇ ਹੁੰਦੇ ਸਨ। ਉਸ ਮਹਾਂਪੁਰਖ ਦੇ ਦੇਹਾਂਤ ਤੋਂ ਕੋਈ ਸੌ ਵਰ੍ਹੇ ਪਿੱਛੋਂ ਉਹਦੇ ਟੱਬਰ ਵਿਚ ਇਕ ਬੜਾ ਖਚਰਾ ਤੇ ਕੰਮਚੋਰ ਮੁੰਡਾ ਪੈਦਾ ਹੋਇਆ। ਜਦੋਂ ਉਹ ਵਾਹਵਾ ਗੱਭਰੂ ਹੋ ਗਿਆ ਤਾਂ ਉਹਨੇ ਸੋਚਿਆ, “ਏਡੇ ਮਹਾਂਪੁਰਖ ਦੀ ਅੰਸ਼ ਹੋ ਕੇ ਵੀ ਅਸੀਂ ਹਾਰੀ ਸਾਰੀ ਵਾਂਗ ਢੱਗੇ ਹੀ ਕੁੱਟੀਏ!” ਉਹਨੇ ਦਸਤਾਰ ਦੀ ਕਾਢ ਕੱਢੀ, ਤੇ ਏਸ ਕਾਢ ਸਦਕਾ ਸਦਾ ਲਈ ਆਪਣੇ ਖ਼ਾਨਦਾਨ ਨੂੰ ਵਾਹੀ-ਜੋਤੀ ਦੇ ਟੰਟੇ ਤੋਂ ਮੁਕਤ ਕਰਾ ਲਿਆ।
ਝੂਲੇ ਦਾ ਭੇਤ ਕੋਈ ਏਡਾ ਡੂੰਘਾ ਨਹੀਂ। ਪਤਾ ਨਹੀਂ ਸ਼ਰਧਾਲੂ ਲੋਕ ਉਸ ਵੇਲੇ ਕਿਉਂ ਧਿਆਨ ਨਾਲ ਨਹੀਂ ਵੇਖਦੇ ਜਦੋਂ ਪੂਜ-ਪੁਸਤਕ ਦਾ ਪਰਕਾਸ਼ ਕਰ ਕੇ ਝੂਲੇ ਦਾ ਮਾਲਕ ਝੂਲੇ ਉੱਤੇ ਜਾ ਬੈਠਦਾ ਹੈ। ਝੂਲੇ ਦੇ ਮਾਲਕ ਦਾ ਸਰੀਰ ਬੜਾ ਭਾਰਾ ਹੈ। ਉਹ ਬਹਿਣ ਲੱਗਿਆਂ ਇਕ ਬੇਮਲੂਮਾ ਜਿਹਾ ਝਟਕਾ ਝੂਲੇ ਨੂੰ ਦੇ ਲੈਂਦਾ ਹੈ, ਤੇ ਫੇਰ ਲੈਅ ਨਾਲ ਪ੍ਰਭੂ-ਉਸਤਤ ਕਰਦਿਆਂ ਉਹਦੇ ਭਾਰ ਕਰਕੇ ਇਹ ਝੂਲਾ ਹਿਲਦਾ ਰਹਿੰਦਾ ਹੈ।
ਤੇ ਮਿਸ ਸੁੰਦਰੀ ਪਠਾਨਕੋਟ ਵਾਲੀ ਦੀ ਮੁਸਕਰਾਹਟ ਦਾ ਭੇਤ…
‘ਦਿਨ ਤੇ ਰਾਤ ਵਿਚ ਜ਼ਿੰਦਾ ਨਾਚ ਤੇ ਗਾਣੇ ਦੇ ਚਾਰ ਸ਼ੋਅ ਹੁੰਦੇ ਹਨ, ਤੇ ਹਰ ਸ਼ੋਅ ਵਿਚ ਇੰਜ ਮੁਸਕਰਾਣਾ ਕਿ ਹਰ ਵਾਰ ਮੁਸਕਰਾਹਟ ਜਿਊਂਦੀ ਤੇ ਸੱਜਰੀ ਜਾਪੇ। ਅੱਖ ਤੇ ਭਲਾ ਹਰ ਵਾਰ ਮਾਰੀ ਜਾ ਸਕਦੀ ਹੈ, ਪਰ ਹਰ ਵਾਰ ਅਜਿਹੀ ਜਿਊਂਦੀ ਤੇ ਸਜਰੀ ਮੁਸਕਰਾਹਟ—ਜਿਹੜੀ ਹਰ ਕਿਸੇ ਨੂੰ ਭੁਲੇਖਾ ਪਾ ਸਕੇ ਕਿ ‘ਇਹ ਮੇਰੇ ਲਈ ਹੀ ਏ, ਸਿਰਫ਼ ਮੇਰੇ ਲਈ…’—ਇਹਦੇ ਪਿੱਛੇ ਇਕ ਡੂੰਘਾ ਭੇਤ ਹੈ।
ਮਿਸ ਸੁੰਦਰੀ ਪਠਾਨਕੋਟ ਵਾਲੀ ਵਿਆਹੀ ਨਹੀਂ ਹੋਈ, ਪਰ ਉਹਦਾ ਇਕ ਬਾਲ ਹੈ। ਚਾਰ ਵਰ੍ਹੇ ਹੋਏ, ਓਦੋਂ ਉਹ ਪਠਾਨਕੋਟ ਦੀ ਮਿਸ ਸੁੰਦਰੀ ਨਹੀਂ ਸੀ ਬਣੀ, ਹਾਲੀ ਆਪਣੇ ਪਿੰਡ ਵਿਚ ਮੁਜ਼ਾਰੇ ਮਾਪਿਆਂ ਦੀ ਸੁੰਦਰਾਂ ਹੀ ਸੀ। ਓਦੋਂ ਏਨੇ ਜਣਿਆਂ ਸਾਹਮਣੇ ਅੱਖ ਮਾਰਨੀ ਤਾਂ ਇਕ ਪਾਸੇ, ਉਹ ਪਰਾਏ ਬੰਦਿਆਂ ਸਾਹਮਣੇ ਅੱਖ ਉੱਚੀ ਵੀ ਨਹੀਂ ਸੀ ਕਰ ਸਕਦੀ।
ਚਾਰ ਵਰ੍ਹੇ ਹੋਏ, ਇਕ ਆਥਣ ਨੂੰ ਉਹ ਬਾਹਰ ਪੈਲੀਆਂ ਵਿਚ ਘਾਹ ਪਈ ਖੋਤਦੀ ਸੀ ਕਿ ਉਹਨਾਂ ਦੇ ਪਿੰਡ ਦਾ ਮਾਲਕ ਲੰਘਿਆ। ਉਹ ਉਹਨਾਂ ਦੇ ਪਿੰਡ ਦਾ ਹੀ ਨਹੀਂ, ਆਲੇ-ਦੁਆਲੇ ਦੇ ਕਈ ਪਿੰਡਾਂ ਦਾ ਵੀ ਮਾਲਕ ਸੀ। ਸੁੰਦਰੀ ਨੂੰ ਅੱਧੀ ਰਾਤ ਤੋਂ ਪਿੱਛੋਂ ਵੀ ਉਸ ਮਾਲਕ ਕੋਲ ਰਹਿਣਾ ਪਿਆ।
ਹੋ ਗਈ ਆਧੀ ਰਾਤ
ਅਬ ਘਰ ਜਾਨੇ ਦੋ...
ਓਦੋਂ ਉਹਨੇ ਇਹ ਗੀਤ ਕਦੇ ਨਹੀਂ ਸੀ ਸੁਣਿਆ :
ਤੇ ਮਾਲਕ ਨੇ ਬੜੇ ਦਿਨਾਂ ਪਿੱਛੋਂ ਸੁੰਦਰਾਂ ਨੂੰ ਘਰ ਜਾਣ ਦਿੱਤਾ।
ਘਰ ਸੁੰਦਰਾਂ ਕਿਸ ਮੂੰਹ ਨਾਲ ਜਾ ਸਕਦੀ ਸੀ?...
ਖੇਹ-ਖ਼ਰਾਬ ਹੁੰਦੀ ਉਹ ਇਕ ਦਿਨ ਪਠਾਨਕੋਟ ਪੁੱਜ ਗਈ, ਤੇ ਉਥੇ ਮਿਸ ਸੁੰਦਰੀ ਪਠਾਨਕੋਟ ਵਾਲੀ ਬਣ ਗਈ। ਉਥੇ ਹੀ ਅਣਵਿਆਹੀ ਮਿਸ ਸੁੰਦਰੀ ਦੇ ਇਕ ਬਾਲ ਹੋਇਆ, ਜਿਹੜਾ ਹੁਣ ਸਵਾ ਕੁ ਤਿੰਨ ਵਰ੍ਹਿਆਂ ਦਾ ਸੀ।
ਸ਼ੁਰੂ-ਸ਼ੁਰੂ ਵਿਚ ਜ਼ਿੰਦਾ ਨਾਚ ਗਾਣੇ ਦੀ ਕੰਪਨੀ ਦੇ ਮਾਲਕ ਨੂੰ ਇਹ ਬਾਲ ਬੜੀ ਬਿਪਤਾ ਜਾਪਿਆ ਸੀ। ਥਾਉਂ-ਥਾਈਂ ਨਾਲ ਬਾਲ ਚੁੱਕੀ ਫਿਰਨ ਦੀ ਜ਼ਹਿਮਤ, ਕਦੇ ਉਹ ਰੋ ਪੈਂਦਾ ਸੀ, ਕਦੇ ਉਹ ਬੀਮਾਰ ਹੋ ਜਾਂਦਾ ਸੀ, ਕਦੇ ਮਿਸ ਸੁੰਦਰੀ ਉਹਨੂੰ ਦੁੱਧ ਦੇ ਰਹੀ ਹੁੰਦੀ, ਕਦੇ ਉਹਦੇ ਕੱਪੜੇ ਵਟਾ ਰਹੀ ਹੁੰਦੀ—ਤੇ ਇਸ ਤਰ੍ਹਾਂ ਕਈ ਵਾਰ ਮਿਸ ਸੁੰਦਰੀ ਦੇ ਪ੍ਰੋਗਰਾਮ ਨੂੰ ਕੁਵੇਲ ਹੋ ਜਾਂਦੀ।
ਪਰ ਹੁਣ ਇਹ ਬਾਲ, ਅਣਵਿਆਹੀ ਮਿਸ ਸੁੰਦਰੀ ਪਠਾਨਕੋਟ ਵਾਲੀ ਦਾ ਸਵਾ ਤਿੰਨ ਵਰ੍ਹਿਆਂ ਦਾ ਬਾਲ, ਜ਼ਿੰਦਾ ਨਾਚ ਗਾਣੇ ਦੀ ਕੰਪਨੀ ਦੇ ਬੜੇ ਕੰਮ ਆ ਰਿਹਾ ਹੈ। ਹਰ ਸ਼ੋ ਵਿਚ ਕੰਪਨੀ ਦਾ ਇਕ ਨੌਕਰ ਏਸ ਬਾਲ ਨੂੰ ਕੁਛੜ ਚੁੱਕ ਕੇ ਪਿਛਲੀ ਕਤਾਰ ਵਿਚ ਜਾ ਖੜੋਂਦਾ ਹੈ। ਮਿਸ ਸੁੰਦਰੀ ਪਠਾਨਕੋਟ ਵਾਲੀ ਹਰ ਸ਼ੋਅ ਵਿਚ ਆਪਣੇ ਬਾਲ ਵੱਲ ਵੇਖ ਕੇ ਮੁਸਕਰਾਂਦੀ ਹੈ। ਮਾਂ ਆਪਣੇ ਲਾਲ ਨੂੰ ਵੇਖ ਕੇ ਮੁਸਕਰਾਂਦੀ ਹੈ।
ਤੇ ਏਸੇ ਲਈ ਮਿਸ ਸੁੰਦਰੀ ਪਠਾਨਕੋਟ ਵਾਲੀ ਦੀ ਮੁਸਕਰਾਹਟ ਹਰ ਇਕ ਨੂੰ ਏਨੀ ਸੱਚੀ ਤੇ ਸਜਰੀ ਜਾਪਦੀ ਹੈ, ਏਨੀ ਜਿਊਂਦੀ, ਤੇ ਏਨੀ ‘ਸਿਰਫ਼ ਮੇਰੇ ਲਈ’!
[1959]